ਮੂਸਾ ਪੈਗ਼ੰਬਰ

0
524

ਮੂਸਾ ਪੈਗ਼ੰਬਰ

ਗਿਆਨੀ ਸੰਤ ਸਿੰਘ ਮਸਕੀਨ ਜੀ

ਇੱਕ ਸਮੇਂ ਮੂਸੇ ਨੇ ਖ਼ੁਦਾ ਨੂੰ ਜਾ ਕੇ ਕਿਹਾ, ‘ਸਾਰਿਆਂ ਜੀਵਾਂ ਨੂੰ ਖ਼ੁਰਾਕ ਦੇਣ ਦਾ ਜੋ ਸਿਲਸਿਲਾ ਹੈ, ਇਹ ਤੁਸੀਂ ਮੈਨੂੰ ਸੌਂਪ ਦਿਓ, ਮੈਂ ਹੀ ਸਾਰਿਆਂ ਨੂੰ ਰੋਜ਼ੀ ਦਿਆ ਕਰਾਂਗਾ। ਖ਼ੁਦਾ ਨੇ ਕਿਹਾ ਹੇ ਮੂਸੇ !  ਤੂੰ ਰੋਜ਼ੀ ਨਹੀਂ ਦੇ ਸਕੇਂਗਾ ਇਹ ਮੇਰਾ ਹੀ ਕੰਮ ਹੈ ਜੋ ਸਾਰਿਆਂ ਨੂੰ ਹਰ ਜਗ੍ਹਾ ’ਤੇ ਰਿਜ਼ਕ ਪਹੁੰਚਾਂਵਦਾ ਹਾਂ, ‘‘ਸਭਨਾ ਦਾਤਾ ਏਕੁ ਤੂ; ਮਾਣਸ ਦਾਤਿ ਨ ਹੋਇ ॥’’ (ਸੋਰਠਿ/ਮ: ੧/ਪੰਨਾ ੫੯੫)

ਮੂਸੇ ਨੇ ਕਿਹਾ ਨਹੀਂ ਜੀ, ਮੈਂ ਜ਼ਰੂਰ ਸਾਰਿਆਂ ਨੂੰ ਦਿਆਂਗਾ, ਇੱਕ ਵੇਰਾਂ ਤੁਸੀਂ ਦੇਖ ਲਓ। ਖ਼ੁਦਾ ਨੇ ਕਿਹਾ ਚੰਗਾ ਅੱਜ ਤੂੰ ਸਾਰਿਆਂ ਨੂੰ ਰੋਜ਼ੀ ਦੇਹ।  ਮੂਸੇ ਨੇ ਹੋਰ ਤਾਂ ਸਾਰਿਆਂ ਨੂੰ ਰੋਜ਼ੀ ਦੇ ਦਿੱਤੀ ਪਰ ਇੱਕ ਗੁਨਾਹੀ ਪੁਰਸ਼ ਨੂੰ ਨਾ ਦਿੱਤੀ, ਜੋ ਮਰੀ ਹੋਈ ਇਸਤ੍ਰੀ ਨੂੰ ਕਬਰ ਵਿੱਚੋਂ ਕੱਢ ਕੇ ਉਸ ਨਾਲ ਬਿਭਚਾਰ ਕਰ ਰਿਹਾ ਸੀ। ਜਦ ਮੂਸਾ ਸਾਰਿਆਂ ਨੂੰ ਰੋਜ਼ੀ ਦੇ ਕੇ ਖ਼ੁਦਾ ਪਾਸ ਗਿਆ ਤਾਂ ਖ਼ੁਦਾ ਨੇ ਪੁੱਛਿਆ ਕਿ ਦੇ ਆਇਆ ਰੋਜ਼ੀ ਸਾਰਿਆਂ ਨੂੰ ?  ਅੱਗੋਂ ਮੂਸੇ ਨੇ ਕਿਹਾ ਹਾਂ ਜੀ  !  ਸਾਰਿਆਂ ਨੂੰ ਦੇ ਆਇਆ ਹਾਂ। ਖ਼ੁਦਾ ਨੇ ਅੰਤਰ ਧਿਆਨ ਹੋ ਕੇ ਦੇਖਿਆ ਤਾਂ ਪਤਾ ਲੱਗਾ ਕਿ ਇੱਕ ਗੁਨਾਹੀ ਪੁਰਸ਼ ਨੂੰ ਰੋਜ਼ੀ ਨਹੀਂ ਮਿਲੀ ਤਦ ਉਸੀ ਵੇਲੇ ਮੂਸੇ ਨੂੰ ਕਿਹਾ ਕਿ ਫਲਾਣੇ ਪੁਰਸ਼ ਨੂੰ ਤੂੰ ਰੋਜ਼ੀ ਨਹੀਂ ਦੇ ਕੇ ਆਇਆ।

ਮੂਸੇ ਨੇ ਕਿਹਾ ਹੇ ਖ਼ੁਦਾਵੰਦ ! ਐਸੇ ਆਦਮੀ ਨੂੰ ਤਾਂ ਭੁੱਖਿਆਂ ਹੀ ਮਰਨਾ ਚਾਹੀਦਾ ਹੈ।  ਉਸ ਕੁਕਰਮੀ ਨੂੰ ਰੋਜ਼ੀ ਦੇ ਕੇ ਕੀ ਕਰਨਾ ਹੈ ?  ਖ਼ੁਦਾ ਨੇ ਕਿਹਾ ਹੇ ਮੂਸੇ  ! ਜੇਕਰ ਮੈਂ ਜੀਵਾਂ ਦੇ ਔਗੁਣਾਂ ਨੂੰ ਤੱਕ ਕੇ ਰੋਜ਼ੀ ਦੇਣ ਜਾਂ ਨਾ ਦੇਣ ਦਾ ਖ਼ਿਆਲ ਕਰਾਂ ਤਾਂ ਸਾਰੇ ਹੀ ਭੁੱਖੇ ਮਰ ਜਾਣ। ਰੋਜ਼ੀ ਦੇਣ ਲੱਗਿਆਂ ਕਿਸੇ ਦੇ ਔਗੁਣ ਵੱਲ ਨਹੀਂ ਤੱਕਣਾ ਚਾਹੀਦਾ। ਦਸਮੇਸ਼ ਪਿਤਾ ਜੀ ਦਾ ਕਥਨ ਹੈ, ‘‘ਰੋਜ ਹੀ ਰਾਜ ਬਿਲੋਕਤ ਰਾਜਿਕ; ਰੋਖਿ ਰੂਹਾਨ ਕੀ ਰੋਜੀ ਨ ਟਾਰੈ ॥੨॥੨੪੪॥’’ (ਅਕਾਲ ਉਸਤਤਿ) ਉਹ ਅਕਾਲ ਪੁਰਖ ਮਹਾਰਾਜ ਰਹਿਮਤ ਦਾ ਸਾਗਰ ਤੇ ਦੀਨ ਦਿਆਲੂ ਹੈ ਉਹ ਕਿਸੇ ਦੇ ਔਗੁਣਾ ਨੂੰ ਵੇਖ ਕੇ ਰਿਜ਼ਕ ਨਾ ਦੇਵੇ, ਐਸਾ ਨਹੀਂ ਹੋ ਸਕਦਾ। ਉਸ ਲਈ ਸਭ ਇੱਕ ਸਮਾਨ ਹਨ। ਉਹ ਸਭ ’ਤੇ ਰਹਿਮਤਾਂ ਦੀ ਬਾਰਸ਼ ਕਰਦਾ ਹੈ।  ਉਹ ਸਭ ਨੂੰ ਰਿਜ਼ਕ ਦਿੰਦਾ ਹੈ।