ਮੋਰਚਾ ਗੁਰੂ ਕਾ ਬਾਗ
ਪਿਆਰਾ ਸਿੰਘ ਪਦਮ
ਗੁਰੂ ਕੇ ਬਾਗ ਦੇ ਗੁਰਦੁਆਰੇ ਦਾ ਮਹੰਤ ਸੁੰਦਰ ਦਾਸ ਸੀ, ਜਿਸ ਨਾਲ ਇਕ ਸਾਲ ਪਹਿਲਾਂ ਕਮੇਟੀ ਦਾ ਸਮਝੌਤਾ ਹੋ ਗਿਆ ਸੀ ਤੇ ਮਹੰਤ ਨੇ ਅੰਮ੍ਰਿਤਪਾਨ ਕਰਕੇ ਕਮੇਟੀ ਅਧੀਨ ਸੇਵਾ ਕਰਨਾ ਪ੍ਰਵਾਨ ਕਰ ਲਿਆ ਸੀ। ਸਿੰਘਾਂ ਉੱਤੇ ਸਰਕਾਰੀ ਸਖ਼ਤੀ ਦਾ ਦੌਰ ਵੇਖ ਕੇ ਮਹੰਤ ਵੀ ਆਪਣੀ ਤੋਰ ਬਦਲ ਬੈਠਾ। ਉਸ ਨੇ ਸਮਝਿਆ ਕਿ ਹੁਣ ਮੁੜ ਜਾਇਦਾਦ ਆਪਣੇ ਕਬਜ਼ੇ ਕੀਤੀ ਜਾ ਸਕੇਗੀ। ਪਹਿਲਾਂ ਵਾਂਗ 8 ਅਗਸਤ ਨੂੰ ਪੰਜ ਸਿੰਘ ਗੁਰੂ ਕੇ ਬਾਗ ਦੀ ਜ਼ਮੀਨ ਵਿੱਚੋਂ, ਜੋ ਸਮਝੌਤੇ ਅਨੁਸਾਰ ਕਮੇਟੀ ਦੇ ਪ੍ਰਬੰਧ ਹੇਠ ਆ ਚੁੱਕੀ ਸੀ, ਲੱਕੜਾਂ ਲੈਣ ਗਏ, ਕਿਸੇ ਨੇ ਕੁਛ ਨਾ ਆਖਿਆ ਤੇ ਨਾ ਹੀ ਮਹੰਤ ਨੇ ਰਿਪੋਰਟ ਕੀਤੀ। ਹਾਂ, ਇਸ ਗੱਲ ਦੀ ਇਤਲਾਹ ਬੇਦੀ ਬ੍ਰਿਜ ਲਾਲ ਨੇ ਪੁਲਿਸ ਨੂੰ ਪਹੁੰਚਾਈ, ਜਿਸ ’ਤੇ 9 ਅਗਸਤ ਨੂੰ ਪੁਲਿਸ ਇਨ੍ਹਾਂ ਪੰਜਾਂ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ ਤੇ 10 ਅਗਸਤ ਨੂੰ ਛੇ ਛੇ ਮਹੀਨੇ ਦੀ ਸਜ਼ਾ ਸੁਣਾ ਦਿੱਤੀ। ਸਰਕਾਰ ਨੇ ਅਜਿਹਾ ਕਿਉਂ ਕੀਤਾ ਜਦੋਂ ਕਿ ਕਮੇਟੀ ਦੇ ਆਦਮੀ ਗੁਰਦੁਆਰੇ ਦੀ ਮਲਕੀਅਤ ਵਿੱਚੋਂ ਹੀ ਗੁਰੂ ਕੇ ਲੰਗਰ ਲਈ ਲੱਕੜਾਂ ਲਿਆਉਂਦੇ ਸਨ, ਇਸ ਦਾ ਸਰਕਾਰ ਨੂੰ ਵੀ ਕੋਈ ਗਿਆਨ ਨਹੀਂ ਸੀ, ਪਰ ਸਰਕਾਰ ਤਾਂ ਜਾਣ ਬੁੱਝ ਕੇ ਲੱਤ ਅੜਾ ਰਹੀ ਸੀ ਤਾਂ ਕਿ ਅਕਾਲੀਆਂ ਨੂੰ ਕਿਵੇਂ ਨਾ ਕਿਵੇਂ ਜੇਲ੍ਹੀਂ ਭੇਜਿਆ ਜਾ ਸਕੇ। ਜੇ ਇਹ ਬੇਕਾਨੂੰਨੀ ਕਰ ਰਹੇ ਸਨ ਤਾਂ ਮਹੰਤ ਸੁੰਦਰ ਦਾਸ ਦੀ ਰਿਪੋਰਟ ’ਤੇ ਹੀ ਪੁਲਿਸ ਨੂੰ ਉੱਥੇ ਪਹੁੰਚਣ ਦੀ ਲੋੜ ਸੀ, ਪਰ ਅਸਲੀਅਤ ਇਹ ਹੈ ਕਿ ਗੋਰੀ ਸਰਕਾਰ ਦਾ ਆਪਣਾ ਹੀ ਸੀਨਾ ਕਾਲ਼ਾ ਸੀ ਤੇ ਉਹ ਕਿਸੇ ਨਾ ਕਿਸੇ ਬਹਾਨੇ ਨਾਮਿਲਵਰਤਨੀਏ ਸਿੱਖਾਂ ਨੂੰ ਦਬਕਾਉਣ ਧਮਕਾਉਣ ਦੀਆਂ ਵਿਉਂਤਾਂ ਬਣਾ ਰਹੀ ਸੀ। ਅਗਲੀਆਂ ਘਟਨਾਵਾਂ ਇਸ ਗੱਲ ਨੂੰ ਹੋਰ ਸਾਫ਼ ਕਰਦੀਆਂ ਹਨ।
10 ਤੋਂ 22 ਅਗਸਤ ਤੱਕ ਪੁਲਿਸ ਚੁੱਪ ਕਰਕੇ ਬੈਠੀ ਰਹੀ ਪਰ ਗ੍ਰਿਫ਼ਤਾਰੀ ਕੋਈ ਨਾ ਹੋਈ। ਅਖੀਰ ਉਤਲੇ ਹੁਕਮ ਅਨੁਸਾਰ 22 ਤਰੀਕ ਤੋਂ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋਇਆ। ਮਿ: ਡੰਟ, ਡਿਪਟੀ ਕਮਿਸ਼ਨਰ ਅੰਮ੍ਰਿਤਸਰ 25 ਅਗਸਤ ਨੂੰ ਸ਼ਿਮਲੇ ਤੋਂ ਖ਼ਾਸ ਹਦਾਇਤਾਂ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ ਤੇ ਅੱਗੋਂ ਤੋਂ ਮਾਰ-ਕੁਟਾਈ ਦਾ ਕੰਮ ਵੀ ਸ਼ੁਰੂ ਹੋ ਗਿਆ। 26 ਅਗਸਤ 1922 ਨੂੰ ਸ਼੍ਰੋਮਣੀ ਕਮੇਟੀ ਦੇ ਮੀਟਿੰਗ ਕਰ ਰਹੇ ਅੰਤਰਿੰਗ ਮੈਂਬਰ ਸ. ਮਹਿਤਾਬ ਸਿੰਘ (ਪ੍ਰਧਾਨ), ਭਗਤ ਜਸਵੰਤ ਸਿੰਘ (ਜਨਰਲ ਸਕੱਤਰ), ਪ੍ਰੋ. ਸਾਹਿਬ ਸਿੰਘ (ਮੀਤ ਸਕੱਤਰ), ਸ. ਸਰਮੁਖ ਸਿੰਘ ਝਬਾਲ (ਪ੍ਰਧਾਨ ਅਕਾਲੀ ਦਲ), ਮਾਸਟਰ ਤਾਰਾ ਸਿੰਘ, ਬਾਬਾ ਕੇਹਰ ਸਿੰਘ ਪੱਟੀ, ਸ. ਰਵੇਲ ਸਿੰਘ ਵੀ ਫੜ ਲਏ ਗਏ। ਸਰਕਾਰ ਨੇ ਗੁਰੂ ਕੇ ਬਾਗ ਹੋਰ ਪੁਲਿਸ ਵਧਾ ਦਿੱਤੀ ਤੇ ਪਾੱਲਸੀ ਇਹ ਧਾਰਨ ਕੀਤੀ ਕਿ ਜੋ ਵੀ ਸਿੰਘ, ਲੱਕੜਾਂ ਲੈਣ ਜਾਂ ਵੈਸੇ ਆਏ, ਉਸ ਦੀ ਖ਼ੂਬ ਡਾਂਗਾਂ ਨਾਲ ਮਾਰ ਕੁਟਾਈ ਕੀਤੀ ਜਾਵੇ। ਸਿੰਘਾਂ ਨੇ ਅਕਾਲ ਤਖ਼ਤ ਸਾਮ੍ਹਣੇ ਭਰੇ ਦੀਵਾਨ ਵਿੱਚ ਐਲਾਨ ਕੀਤਾ ਕਿ ‘ਗੁਰੂ ਕਾ ਬਾਗ’ ਸਿੱਖ ਕੌਮ ਦੀ ਮਲਕੀਅਤ ਹੈ, ਜੇ ਸਰਕਾਰ ਨੇ ਆਪਣਾ ਦਖ਼ਲ ਨਾ ਛੱਡਿਆ ਤਾਂ ਇਸੇ ਤਰ੍ਹਾਂ ਸ਼ਾਂਤਮਈ ਸੱਤਿਆਗ੍ਰਹਿ ਦਾ ਅੰਦੋਲਨ ਜਾਰੀ ਰਹੇਗਾ।
ਇਸ ਸਮੇਂ ਸਿਵਲ ਨਾਫੁਰਮਾਨੀ ਦੀ ਲਹਿਰ ਸਰਕਾਰ ਨੇ ਦਬਾਅ ਛੱਡੀ ਸੀ, ਇਸ ਲਈ ਉਸ ਨੂੰ ਅਭਿਮਾਨ ਸੀ ਕਿ ਇਹ ਖਾਲਸਈ ਜੋਸ਼ ਵੀ ਮਾਰ-ਕੁਟਾਈ ਨਾਲ ਠੰਢਾ ਪਾ ਦਿੱਤਾ ਜਾਵੇਗਾ ਪਰ ਉਸ ਦਾ ਇਹ ਅਨੁਮਾਨ ਗ਼ਲਤ ਨਿਕਲਿਆ। 30 ਅਗਸਤ ਨੂੰ 60 ਕੁ ਸਿੱਖਾਂ ਦਾ ਜੱਥਾ ਗੁਰੂ ਕੇ ਬਾਗ ਵੱਲ ਰਵਾਨਾ ਹੋਇਆ, ਰਾਹ ਵਿੱਚ ਰਾਤ ਪੈ ਜਾਣ ’ਤੇ ਸਿੰਘ ਉੱਥੇ ਹੀ ਸੌਂ ਗਏ ਪਰੰਤੂ ਪੁਲਿਸ ਨੇ ਸੁੱਤੇ ਪਏ ਜੱਥੇ ਉੱਤੇ ਵੀ ਮਾਰ ਕੁਟਾਈ ਕੀਤੀ। 31 ਅਗਸਤ ਤੋਂ ਹਰ ਰੋਜ਼ ਸੌ ਸੌ ਸਿੰਘਾਂ ਦਾ ਜੱਥਾ ਅਕਾਲ ਤਖ਼ਤ ਤੋਂ ਅਰਦਾਸਾ ਸੋਧ ਕੇ ਜਾਣ ਲੱਗਾ। ਰਸਤੇ ਵਿੱਚ ਹੀ ਜੱਥੇ ਉੱਤੇ ਸਖ਼ਤ ਮਾਰ ਕੁਟਾਈ ਹੁੰਦੀ ਤੇ ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਕੁੱਟ-ਕੁੱਟ ਬੇਹੋਸ਼ ਕਰ ਕੇ ਸੁੱਟ ਦਿੱਤਾ ਜਾਂਦਾ। ਬਾਅਦ ਵਿੱਚ ਕਮੇਟੀ ਵੱਲੋਂ ਮੋਟਰਾਂ ਜਾਂਦੀਆਂ ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਆ ਕੇ ਉਨ੍ਹਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ। ਇਸ ਸਮੇਂ ਤਿੰਨ ਹਸਪਤਾਲ ਕੰਮ ਕਰ ਰਹੇ ਸਨ, ਜਿਨ੍ਹਾਂ ਦਾ ਰੋਜ਼ਾਨਾ ਤਿੰਨ ਹਜ਼ਾਰ ਰੁਪਿਆ ਖ਼ਰਚ ਪੈਂਦਾ ਸੀ ਪਰ ਬਾਵਜੂਦ ਇੰਨੀ ਸਖ਼ਤੀ ਦੇ ਕਿਸੇ ਸਿੰਘ ਨੇ ਸ਼ਾਂਤਮਈ ਦੀ ਪ੍ਰਤਿੱਗਿਆ ਨਾ ਤੋੜੀ। 2 ਸਤੰਬਰ ਨੂੰ ਪੰਡਿਤ ਮਦਨ ਮੋਹਨ ਮਾਲਵੀ ਜੀ ਨੇ ਵੀ ਸਿੱਖਾਂ ਦੇ ਇਸ ਅਦੁੱਤੀ ਸੱਤਿਆਗ੍ਰਹਿ ਨੂੰ ਅੱਖੀਂ ਦੇਖ ਕੇ ਪ੍ਰਸੰਸਾ ਅਤੇ ਹਮਦਰਦੀ ਕੀਤੀ। 3 ਸਤੰਬਰ ਨੂੰ ਮੁਸਲਮਾਨਾਂ ਖ਼ੈਰ ਦੀਨ ਦੀ ਮਸਜਿਦ ਵਿੱਚ ਸੱਤਿਆਗ੍ਰਹੀ ਸਿੱਖਾਂ ਨਾਲ ਹਮਦਰਦੀ ਕਰਦਿਆਂ ਰੱਬ ਅੱਗੇ ਦੁਆ ਕੀਤੀ ਗਈ। 9 ਸਤੰਬਰ ਨੂੰ ਪੁਲਿਸ ਨੇ ਰਾਹ ਦੀ ਚੌਂਕੀ ਉੱਠਾ ਲਈ ਤੇ ਰਸਤੇ ਵਿੱਚ ਕੀਤੀ ਜਾਂਦੀ ਮਾਰ-ਕੁਟਾਈ ਬੰਦ ਕਰ ਦਿੱਤੀ ਤੇ ਜੱਥਾ ਸਿੱਧਾ ਗੁਰੂ ਕੇ ਬਾਗ ਵਿੱਚ ਪਹੁੰਚਿਆ। ਮਿਸਟਰ ਬੀ. ਟੀ. (ਡਿਪਟੀ ਸੁਪਰਡੰਟ ਪੁਲਿਸ) ਨੇ ਖ਼ੂਬ ਕੁਟਾਈ ਕਰਵਾਈ ਪਰ ਸਿੰਘਾਂ ਦੀ ਕੁਰਬਾਨੀ ਤੇ ਧਾਰਮਕ ਉਤਸ਼ਾਹ ਵੀ ਲਾਸਾਨੀ ਸੀ। ਉਹ ਡਾਂਗਾਂ ਦੀਆਂ ਮਾਰਾਂ ਖਾਂਦੇ ‘ਵਾਹਿਗੁਰੂ ਵਾਹਿਗੁਰੂ’ ਆਖਦੇ ਤੇ ਕਈ ਵੇਰ ਇਹ ਵੀ ਕਹਿੰਦੇ ‘ਹੋਰ ਗੱਫੇ ਬਖ਼ਸ਼ੋ।’ ਸਿੱਖਾਂ ਦੀ ਅਜਿਹੀ ਸਪਿਰਟ ਦੇਖ ਦੇਖ ਹਰ ਗ਼ੈਰ ਸਿੱਖ ਨੇ ਵੀ ਸਿੰਘਾਂ ਦੀ ਪ੍ਰਸੰਸਾ ਕੀਤੀ।
‘ਮੁਸਲਮ ਆਊਟ ਲੁਕ’ 7 ਸਤੰਬਰ 1922 ਦੇ ਪਰਚੇ ਵਿੱਚ ਲਿੱਖਦਾ ਹੈ, ਜਿਤਨੀ ਦੇਰ ਮਾਰ ਪੈਂਦੀ ਰਹੀ, ਨਗਾਰਾ ਵੱਜਦਾ ਰਿਹਾ, ਅਕਾਲੀ ਜ਼ਮੀਨ ’ਤੇ ਬੈਠ ਗਏ, ਉਨ੍ਹਾਂ ਦੀ ਪਿੱਠ, ਟੰਗਾਂ, ਗਿੱਟਿਆਂ ਤੇ ਕਈ ਹੋਰ ਹਿੱਸਿਆਂ ਤੇ ਡਾਂਗਾਂ ਮਾਰੀਆਂ ਗਈਆਂ। ਇਹ ਮਾਰ ਬਹੁਤ ਜ਼ਿਆਦਾ ਜ਼ਾਲਮਾਨਾ ਤੇ ਬੇਰਹਿਮੀ-ਭਰੀ ਸੀ, ਇਸ ਨੂੰ ਵੇਖਿਆ ਨਹੀਂ ਸੀ ਜਾ ਸਕਦਾ। ਇਸੇ ਤਰ੍ਹਾਂ ਡਾ. ਖਾਨ ਚੰਦ ਦੇਵਾ ਅਕਾਲੀਆਂ ਦੀ ਮਾਨਸਕ ਦ੍ਰਿੜ੍ਹਤਾ ਦੀ ਪ੍ਰਸੰਸਾ ਕਰਦੇ ਕਹਿੰਦੇ ਹਨ, ‘ਇਹ ਅਕਾਲੀ ਲਹੂ ਹੱਡੀਆਂ ਦੇ ਨਹੀਂ ਸੀ ਬਣੇ ਹੋਏ, ਨਾ ਹੀ ਇਨ੍ਹਾਂ ਵਿੱਚ ਆਮ ਮਨੁੱਖਾਂ ਵਾਲੀ ਰੂਹ ਸੀ। ਇਨ੍ਹਾਂ ਦੀ ਸਰੀਰ ਤੇ ਰੂਹਾਨੀ ਸ਼ਕਤੀ ਸੱਚ ਮੁੱਚ ਅੰਦਾਜ਼ੇ ਤੋਂ ਬਾਹਰ ਸੀ।’ ਇਸੇ ਤਰ੍ਹਾਂ ਖਿਲਾਫਤ ਕਮੇਟੀ ਦੇ ਮੁਖੀ ਮਿਰਜ਼ਾ ਯਾਕੂਬ ਬੇਗ ਜਿਨ੍ਹਾਂ ਕਾਫ਼ੀ ਅਰਸਾ ਜ਼ਖ਼ਮੀਆਂ ਦੀ ਡਾਕਟਰੀ ਸੇਵਾ ਕੀਤੀ, ਲਿਖਦੇ ਹਨ, ‘ਸਿੱਖ ਪੰਜਾਬ ਦੀਆਂ ਸਾਰੀਆਂ ਕੌਮਾਂ ਨਾਲੋਂ ਸਖ਼ਤ ਜਾਨ ਹਨ। ਜੇ ਇਤਨਾ ਕੁਟਾਪਾ ਕਿਸੇ ਹੋਰ ਕੌਮ ’ਤੇ ਪਿਆ ਹੁੰਦਾ ਤਾਂ ਉਹ ਬਹੁਤ ਦੁੱਖ ਮੰਨਦੀ। ਮੈਂ ਕਿਸੇ ਆਦਮੀ ਨੂੰ ਮਾਰ ਪੈਣ ਤੇ ‘ਹਾਇ ਹਾਇ’ ਕਰਦਿਆਂ ਨਹੀਂ ਦੇਖਿਆ ਤੇ ਨਾ ਹੀ ਕਿਸੇ ਨੇ ਕੁਟਾਈ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰਤੱਖ ਤੱਕਿਆ ਕਿ ਪੁਲਿਸ ਅੰਦਰ ਜ਼ੁਲਮ ਅਤੇ ਅਕਾਲੀਆਂ ਵਿੱਚ ਰੱਬ ਵੱਸਦਾ ਸੀ।
12 ਸਤੰਬਰ ਨੂੰ ਪਾਦਰੀ ਸੀ. ਐਫ. ਐਂਡ੍ਰਿਊਜ਼ ਨੇ ਆਪ ਆ ਕੇ ਮਾਰ-ਕੁਟਾਈ ਹੁੰਦੀ ਤੱਕੀ ਤੇ ਇਸ ਬਾਰੇ ਗਵਰਨਰ ਪੰਜਾਬ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਸੈਂਕੜੇ ਈਸਾ ਮਸੀਹ ਰੋਜ਼ਾਨਾ ਤਸੀਹਿਆਂ ਦਾ ਸ਼ਿਕਾਰ ਹੋ ਰਹੇ ਹਨ, ਜੋ ਸੰਸਾਰ ਨੂੰ ਸ਼ਾਂਤਮਈ ਤੇ ਸਾਹਸ ਦਾ ਨਵਾਂ ਸਬਕ ਸਿਖਾ ਰਹੇ ਹਨ। 13 ਸਤੰਬਰ ਨੂੰ ਗਵਰਨਰ ਸਰ ਐਡਵਰਡ ਮੈਕਲੇਗਨ ਵੀ ਗੁਰੂ ਕੇ ਬਾਗ ਪਹੁੰਚਿਆ। ਉਸ ਦੇ ਹੁਕਮ ਨਾਲ ਅੱਗੇ ਤੋਂ ਮਾਰ ਕੁਟਾਈ ਬੰਦ ਹੋ ਗਈ ਤੇ ਗ੍ਰਿਫ਼ਤਾਰੀਆਂ ਹੋਣ ਲੱਗੀਆਂ। ਹੁਣ ਤੱਕ 1300 ਦੇ ਲਗਭਗ ਗ੍ਰਿਫ਼ਤਾਰੀ ਹੋ ਚੁੱਕੀ ਸਨ। ਪਹਿਲੇ 20-20 ਸਿੰਘਾਂ ਦਾ ਜੱਥਾ ਜਾਂਦਾ ਰਿਹਾ ਅਤੇ 10 ਅਕਤੂਬਰ ਤੋਂ ਸੌ ਸੌ ਦਾ ਜੱਥਾ ਰੋਜ਼ਾਨਾ ਜਾਣ ਲੱਗਾ। 25 ਅਕਤੂਬਰ ਨੂੰ ਰਸਾਲਦਾਰ ਅਨੂਪ ਸਿੰਘ ਜੀ ਜਥੇਦਾਰੀ ਹੇਠ ਸੌ ਫੌਜੀ ਸਿੱਖ ਪੈਨਸ਼ਨਰਾਂ ਦਾ ਜੱਥਾ ਗਿਆ। ਦੂਰ ਦੂਰ ਤੋਂ ਹਿੰਦੂ ਮੁਸਲਮਾਨ ਸਿੰਘਾਂ ਦੇ ਇਸ ਮੋਰਚੇ ਨੂੰ ਵੇਖਣ ਲਈ ਆਉਂਦੇ ਤੇ ਸਰਕਾਰ ਨੂੰ ਫਿਟਕਾਰਾਂ ਪਾਉਂਦੇ ਜਾਂਦੇ ਸਨ। ਸੱਯਦ ਬੁੱਧੂ ਸ਼ਾਹ ਦੀ ਸੰਤਾਨ ਨੇ ਵੀ ਇਸ ਸੱਤਿਆਗ੍ਰਹਿ ਲਈ ਆਪਣਾ ਆਪ ਪੇਸ਼ ਕੀਤਾ। ਗ੍ਰਿਫ਼ਤਾਰ ਹੋਣ ਵਾਲੇ ਸਿੰਘਾਂ ਨੂੰ ਸਰਕਾਰ ਭੁੱਖਣ-ਭਾਣੇ ਲਿਜਾ ਕੇ ਦੂਰ ਦੂਰ ਦੇ ਜੇਲ੍ਹ ਖਾਨਿਆਂ ਵਿੱਚ ਸੁੱਟਦੀ ਜਾ ਰਹੀ ਸੀ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਸਰਕਾਰੀ ਜ਼ੁਲਮ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ। ਕੋਈ ਖ਼ਾਲੀ ਥਾਂ ਨਹੀਂ ਸੀ ਰਿਹਾ।
ਸਾਕੇ ਵਿੱਚ ਸਾਕਾ
30 ਅਕਤੂਬਰ 1922 ਨੂੰ ਗੁਰੂ ਕੇ ਬਾਗ ਦੇ ਮੋਰਚੇ ਦੇ ਸਿੰਘ ਕੈਦੀਆਂ ਦੀ ਗੱਡੀ ਅਟਕ ਜੇਲ੍ਹ ਵੱਲ ਲਿਜਾਈ ਜਾ ਰਹੀ ਸੀ। ਪੰਜਾ ਸਾਹਿਬ ਦੇ ਸਿੰਘਾਂ ਨੇ ਇਨ੍ਹਾਂ ਕੈਦੀ ਭਰਾਵਾਂ ਨੂੰ ਦੁੱਧ, ਪਾਣੀ ਛਕਾਉਣ ਦਾ ਵਿਚਾਰ ਬਣਾਇਆ। ਸਟੇਸ਼ਨ ਮਾਸਟਰ ਗੱਡੀ ਖੜ੍ਹੀ ਕਰਨਾ ਨਾ ਮੰਨਿਆ। ਕਈ ਸਿੰਘ ਗੱਡੀ ਮੂਹਰੇ ਬੈਠ ਗਏ, ਉਨ੍ਹਾਂ ਕਿਹਾ, ‘ਸਾਡਾ ਭਾਵੇਂ ਸਰੀਰ ਲੱਥ ਜਾਵੇ, ਅਸੀਂ ਆਪਣੇ ਭੁੱਖੇ ਭਰਾਵਾਂ ਦੀ ਜ਼ਰੂਰ ਟਹਿਲ ਕਰਨੀ ਹੈ।’ ਇੰਜਨ ਚੱਲਦਾ ਲੰਘ ਗਿਆ ਤੇ ਗੱਡੀ ਖੜ੍ਹੀ ਹੋ ਗਈ। ਭਾਈ ਪਰਤਾਪ ਸਿੰਘ ਖਜ਼ਾਨਚੀ ਗੁਰਦੁਆਰਾ ਪੰਜਾ ਸਾਹਿਬ ਤੇ ਭਾਈ ਕਰਮ ਸਿੰਘ ਜੋ ਯਾਤਰਾ ਲਈ ਆਏ ਸਨ, ਦੋਵੇਂ ਸਿੰਘ ਥਾਂ ’ਤੇ ਸ਼ਹੀਦ ਹੋ ਗਏ ਤੇ 6 ਸਿੰਘ ਬਹੁਤ ਜ਼ਖ਼ਮੀ ਹੋ ਗਏ।
ਇਉਂ ਹਰ ਥਾਂ ਸਿੰਘਾਂ ਦੇ ਮਨ ਵਿੱਚ ਕੁਰਬਾਨੀਆਂ ਦਾ ਚਾਅ ਠਾਠਾਂ ਮਾਰ ਰਿਹਾ ਸੀ। ਇਧਰ ਬੀ. ਟੀ. ਦੀਆਂ ਡਾਂਗਾਂ ਝੱਲੀਆਂ ਜਾ ਰਹੀਆਂ ਸਨ ਅਤੇ ਉਧਰ ਇੰਜਨ ਦਾ ਮੁਕਾਬਲਾ ਹੋ ਰਿਹਾ ਸੀ। ਸਿੱਖਾਂ ਨੂੰ ਜਾਨ ਨਾਲੋਂ ਧਰਮ ਦੀ ਕੀਮਤ ਸਾਫ਼ ਵੱਧ ਨਜ਼ਰ ਆਉਂਦੀ ਸੀ।
ਗੁਰੂ ਕੇ ਬਾਗ ਦਾ ਸੱਤਿਆਗ੍ਰਹਿ, ਮਾਰ ਕੁਟਾਈ ਤੇ ਗ੍ਰਿਫ਼ਤਾਰੀਆਂ ਦਾ ਸਿਲਸਿਲਾ 17 ਨਵੰਬਰ ਨੂੰ ਖ਼ਤਮ ਹੋਇਆ ਜਦੋਂ ਹਾਰੀ ਹੋਈ ਸਰਕਾਰ ਨੇ ਸਰ ਗੰਗਾ ਰਾਮ ਨੂੰ ਆਖਿਆ ਕਿ ਉਹ ਗੁਰੂ ਕੇ ਬਾਗ ਦੀ ਜ਼ਮੀਨ ਠੇਕੇ ’ਤੇ ਲੈ ਲਵੇ। ਇਹ ਤਾਂ ਇੱਕ ਬਹਾਨਾ ਸੀ। ਗੰਗਾ ਰਾਮ ਨੇ ਜ਼ਮੀਨ ਠੇਕੇ ’ਤੇ ਲਿਖਾ ਲਈ ਤੇ ਪੁਲਿਸ ਨੂੰ ਕਿਹਾ, ‘ਜਾਓ, ਮੈਨੂੰ ਤੁਹਾਡੀ ਲੋੜ ਨਹੀਂ।’ ਇਉਂ ਗੁਰੂ ਕੇ ਬਾਗ ਦਾ ਮੋਰਚਾ ਖ਼ਤਮ ਹੋਇਆ। ਕੁੱਲ 5605 ਸਿੰਘ ਕੈਦ ਹੋਏ, ਜਿਸ ਵਿੱਚ 30 ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ।