ਮੇਰਾ ਬੈਦੁ ਗੁਰੂ ਗੋਵਿੰਦਾ ॥

0
4

ਮੇਰਾ ਬੈਦੁ ਗੁਰੂ ਗੋਵਿੰਦਾ

ਗਿਆਨੀ ਰਣਜੋਧ ਸਿੰਘ (ਫਗਵਾੜਾ)

ਸਰੀਰਕ ਰੋਗਾਂ ਦਾ ਇਲਾਜ ਹਸਪਤਾਲਾਂ ’ਚ ਕੀਤਾ ਜਾਂਦਾ ਹੈ ਤੇ ਵਿਕਾਰਾਂ ਅਤੇ ਮਾਨਸਿਕ ਰੋਗਾਂ ਦਾ ਵੈਦ ਗੁਰੂ ਹੈ, ਜੋ ਨਾਮ ਦੀ ਦਵਾਈ ਦੇ ਕੇ ਮਾਨਸਿਕ ਰੋਗਾਂ ਦਾ ਫੰਦਾ ਕੱਟ ਦਿੰਦਾ ਹੈ।  ਭਗਤ ਰਵਿਦਾਸ ਜੀ ਮਹਾਰਾਜ ਦੇ ਪਾਵਨ ਬਚਨ ਹਨ ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ   ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ’’ (ਭਗਤ ਰਵਿਦਾਸ/੪੮੬) ਭਾਵ ਹਿਰਨ, ਮੱਛੀ, ਭੌਰਾ, ਭੰਬਟ ਅਤੇ ਹਾਥੀ; ਇਨ੍ਹਾ ਅੰਦਰ ਇਕ ਇਕ ਵਿਕਾਰ ਦਾ ਰੋਗ ਹੈ। ਉਸ ਇੱਕ ਰੋਗ ਕਰਕੇ ਇਹ ਫਸ ਜਾਂਦੇ ਹਨ ਅਤੇ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ। ਇਨ੍ਹਾਂ ਦੀ ਮੌਤ ਦਾ ਕਾਰਨ ਇੱਕੋ ਇੱਕ ਵਿਕਾਰ ਹੈ, ਰੋਗ ਹੈ। ਹਿਰਨ ਨੂੰ ਕੰਨ ਰਸ ਦਾ ਰੋਗ ਹੈ। ਸ਼ਿਕਾਰੀ ਨੂੰ ਹਿਰਨ ਦੀ ਇਸ ਕਮਜ਼ੋਰੀ ਦਾ ਪਤਾ ਹੈ। ਉਹ ਜੰਗਲ ’ਚ ਜਾਂਦਾ ਹੈ ਤੇ ਘੰਡੇਹੇੜੇ ਦੀ ਆਵਾਜ਼ ਕਰਦਾ ਹੈ। ਘੜੇ ਉੱਪਰ ਚਮੜਾ ਮੜ੍ਹਿਆ ਹੁੰਦਾ ਹੈ। ਉਸ ਨੂੰ ਘੰਡਾਹੇੜਾ ਕਹਿੰਦੇ ਹਨ। ਹਿਰਨ ਨੂੰ ਇਸ ਘੜੇ ਦੀ ਆਵਾਜ਼ ਸੁਣਨ ਦਾ ਬਹੁਤ ਚਸਕਾ ਹੁੰਦਾ ਹੈ। ਜਦੋਂ ਸ਼ਿਕਾਰੀ ਘੰਡੇਹੇੜੇ ਨੂੰ ਵਜਾਉਂਦਾ ਹੈ ਤਾਂ ਹਿਰਨ ਆਵਾਜ਼ ਸੁਣਨ ਲਈ ਆ ਜਾਂਦਾ ਹੈ, ਮਸਤ ਹੋ ਜਾਂਦਾ ਹੈ। ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦਾ ਹੈ ਤੇ ਮੌਤ ਦੇ ਮੂੰਹ ’ਚ ਚਲਾ ਜਾਂਦਾ ਹੈ, ‘‘ਨਾਦ ਰੋਗਿ ਖਪਿ ਗਏ ਕੁਰੰਗਾ ’’ (ਮਹਲਾ /੧੧੪੦)

ਮੱਛੀ ਨੂੰ ਜੀਭ ਦਾ ਬਹੁਤ ਚਸਕਾ ਹੈ। ਉਹ ਹਰ ਚੀਜ਼ ਨੂੰ ਮੂੰਹ ਮਾਰਦੀ ਹੈ। ਸਵਾਦਾਂ ਨੂੰ ਚੱਖਣ ਦਾ ਰੋਗ ਹੈ। ਮਛੇਰੇ ਨੂੰ ਮੱਛੀ ਦੀ ਇਸ ਕਮਜ਼ੋਰੀ ਦਾ ਪਤਾ ਹੈ। ਉਹ ਤਿੱਖੀ ਕੁੰਡੀ ਦੇ ਅੱਗੇ ਮਾਸ ਲਾ ਕੇ ਕੁੰਡੀ ਨੂੰ ਪਾਣੀ ’ਚ, ਦਰਿਆ ’ਚ ਸੁੱਟਦਾ ਹੈ। ਮੱਛੀ ਮਾਸ ਨੂੰ ਖਾਣ ਪੈਂਦੀ ਹੈ। ਉਸ ਦੇ ਮੂੰਹ ’ਚ ਤਿੱਖੀ ਕੁੰਡੀ ਫਸ ਜਾਂਦੀ ਹੈ। ਮਛੇਰਾ ਮੱਛੀ ਨੂੰ ਖਿੱਚ ਲੈਂਦਾ ਹੈ। ਮੱਛੀ ਤੜਫ ਤੜਫ ਕੇ ਮਰ ਜਾਂਦੀ ਹੈ। ਇਸ ਇੱਕ ਰੋਗ ਕਾਰਨ ਮੱਛੀ ਜਾਨ ਗੁਆ ਬੈਠਦੀ ਹੈ, ‘‘ਜਿਹਵਾ ਰੋਗਿ ਮੀਨੁ ਗ੍ਰਸਿਆਨੋ ’’ (ਮਹਲਾ /੧੧੪੦)

ਭੰਵਰੇ ਨੂੰ ਸੁੰਘਣ ਦਾ ਰੋਗ ਹੈ। ਇਹ ਫੁੱਲ ’ਤੇ ਬੈਠ ਜਾਂਦਾ ਹੈ। ਜਦੋਂ ਕਮਲ ਦੇ ਫੁੱਲ ’ਤੇ ਬੈਠਦਾ ਹੈ, ਉਸ ਕਮਲ ਦੇ ਫੁੱਲ ਦੇ ਰਸ ਅਤੇ ਖੁਸ਼ਬੂ ’ਤੇ ਇੰਨਾ ਮਸਤ ਹੁੰਦਾ ਹੈ ਕਿ ਉੱਡਣਾ ਹੀ ਭੁੱਲ ਜਾਂਦਾ ਹੈ। ਸ਼ਾਮ ਨੂੰ ਫੁੱਲ ਬੰਦ ਹੋ ਜਾਂਦਾ ਹੈ। ਭੰਵਰਾ ਫੁੱਲ ਵਿੱਚ ਹੀ ਘੁੱਟ ਕੇ ਮਰ ਜਾਂਦਾ ਹੈ। ਇੱਕ ਸੁੰਘਣ ਦੇ ਰੋਗ ਕਾਰਨ ਜਾਣ ਦੇ ਬੈਠਦਾ ਹੈ, ‘‘ਬਾਸਨ ਰੋਗਿ ਭਵਰੁ ਬਿਨਸਾਨੋ ’’ (ਮਹਲਾ /੧੧੪੦)

ਪਤੰਗੇ ਨੂੰ ਅੱਖਾਂ ਦਾ ਰੋਗ ਹੁੰਦਾ ਹੈ। ਦ੍ਰਿਸ਼ਟ ਦਾ ਰੋਗ ਹੈ। ਦੇਖਣ ਦਾ ਬਹੁਤ ਚਸਕਾ ਹੈ। ਹਰ ਚਮਕਦੀ ਚੀਜ਼ ਵੱਲ ਆਕਰਸ਼ਿਤ ਹੁੰਦਾ ਹੈ। ਜਦੋਂ ਅੱਗ ਦੀ ਲਾਟ ਦੇਖਦਾ ਹੈ। ਉਸ ਵੱਲ ਖਿੱਚਿਆ ਚਲਾ ਜਾਂਦਾ ਹੈ। ਅੱਗ ਵਿੱਚ ਸੜ ਕੇ ਮਰ ਜਾਂਦਾ ਹੈ। ਇਕ ਦ੍ਰਿਸ਼ਟ ਰੋਗ ਨੇ ਇਸ ਦੀ ਜਾਨ ਲੈ ਲਈ, ‘‘ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ’’ (ਮਹਲਾ /੧੧੪੦)

ਹਾਥੀ ਅੰਦਰ ਕਾਮ ਰੋਗ ਬਹੁਤ ਜ਼ਿਆਦਾ ਹੁੰਦਾ ਹੈ। ਮਹਾਵਤ ਨੂੰ ਹਾਥੀ ਦੀ ਇਸ ਕਮਜ਼ੋਰੀ ਦਾ ਪਤਾ ਹੈ। ਉਹ ਹਾਥੀ ਨੂੰ ਫੜਨ ਲਈ ਜੰਗਲ ’ਚ ਜਾਂਦੇ ਹਨ। ਇੱਕ ਡੂੰਘਾ ਟੋਆ ਪੁੱਟਦੇ ਹਨ। ਉੱਪਰ ਦਿਖਾਵੇ ਲਈ ਕਾਨਿਆਂ ਦੀ ਛੱਤ ਪਾਉਂਦੇ ਹਨ। ਫਿਰ ਇੱਕ ਹਥਨੀ ਦਾ ਬੁੱਤ ਬਣਾ ਕੇ ਉਸ ਉੱਪਰ ਹਥਨੀ ਦਾ ਪਿਸ਼ਾਬ ਛਿੜਕ ਦਿੰਦੇ ਹਨ। ਹਾਥੀ ਕਾਮ ਵਸ ਹੋ ਕੇ ਉਸ ਵੱਲ ਆਉਂਦਾ ਹੈ ਤੇ ਟੋਏ ’ਚ ਡਿੱਗ ਜਾਂਦਾ ਹੈ। ਕਬੀਰ ਸਾਹਿਬ ਇਸ ਦਾ ਜ਼ਿਕਰ ਕਰਦੇ ਹਨ ‘‘ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ! ਚਲਤੁ ਰਚਿਓ ਜਗਦੀਸ   ਕਾਮ ਸੁਆਇ ਗਜ ਬਸਿ ਪਰੇ; ਮਨ ਬਉਰਾ ਰੇ ! ਅੰਕਸੁ ਸਹਿਓ ਸੀਸ ’’ (ਭਗਤ ਕਬੀਰ/੩੩੫) ਮਹਾਵਤ ਕਈ ਮਹੀਨੇ ਹਾਥੀ ਨੂੰ ਟੋਏ ਵਿੱਚ ਹੀ ਭੁੱਖਾ ਪਿਆਸਾ ਰੱਖਦਾ ਹੈ। ਹਾਥੀ ਜਦੋਂ ਕਮਜ਼ੋਰ ਹੋ ਜਾਂਦਾ ਹੈ, ਫਿਰ ਆਪਣੇ ਵੱਸ ’ਚ ਕਰ ਲੈਂਦਾ ਹੈ। ਹਾਥੀ ਸਾਰੀ ਉਮਰ ਲੋਹੇ ਦੇ ਸੂਏ (ਅੰਕਸ) ਦੀ ਮਾਰ ਖਾਂਦਾ ਹੈ, ‘‘ਕਾਮ ਰੋਗਿ ਮੈਗਲੁ ਬਸਿ ਲੀਨਾ ’’ (ਮਹਲਾ /੧੧੪੦) ਭਗਤ ਰਵਿਦਾਸ ਜੀ ਆਖਦੇ ਹਨ ਤੁਸੀਂ ਪ੍ਰਤੱਖ ਦੇਖੋ ਕਿ ਇਨ੍ਹਾ ਜਾਨਵਰਾਂ ਵਿੱਚ ਸਿਰਫ ਇੱਕ ਇੱਕ ਰੋਗ ਹੀ ਹੈ। ਉਸ ਇਸ ਕਾਰਨ ਹੀ ਦੁੱਖ ਸਹਾਰਦੇ ਹਨ ਅਤੇ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ। ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ, ‘‘ਹਉਮੈ ਰੋਗੁ ਮਾਨੁਖ ਕਉ ਦੀਨਾ   ਕਾਮ ਰੋਗਿ (ਨਾਲ਼), ਮੈਗਲੁ ਬਸਿ ਲੀਨਾ   ਦ੍ਰਿਸਟਿ ਰੋਗਿ, ਪਚਿ ਮੁਏ ਪਤੰਗਾ   ਨਾਦ ਰੋਗਿ, ਖਪਿ ਗਏ ਕੁਰੰਗਾ   ਜੋ ਜੋ ਦੀਸੈ; ਸੋ ਸੋ ਰੋਗੀ   ਰੋਗ ਰਹਿਤ; ਮੇਰਾ ਸਤਿਗੁਰੁ ਜੋਗੀ ਰਹਾਉ   ਜਿਹਵਾ ਰੋਗਿ, ਮੀਨੁ ਗ੍ਰਸਿਆਨੋ   ਬਾਸਨ ਰੋਗਿ, ਭਵਰੁ ਬਿਨਸਾਨੋ   ਹੇਤ ਰੋਗ ਕਾ ਸਗਲ ਸੰਸਾਰਾ   ਤ੍ਰਿਬਿਧਿ ਰੋਗ ਮਹਿ; ਬਧੇ ਬਿਕਾਰਾ ’’ (ਮਹਲਾ /੧੧੪੧) ਇਸ ਤਰ੍ਹਾਂ ਇੱਕ ਇੱਕ ਰੋਗ ਕਾਰਨ ਦੁੱਖ ਅਤੇ ਮੌਤ ਹੋਈ। ਭਗਤ ਰਵਿਦਾਸ ਜੀ ਆਖਦੇ ਹਨ ਕਿ ‘‘ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ’’ (ਭਗਤ ਰਵਿਦਾਸ/੪੮੬) ਭਾਵ ਮਨੁੱਖ ਦੇ ਅੰਦਰ ਤਾਂ ਵਿਕਾਰਾਂ ਦੇ ਪੰਜ ਰੋਗ ਹਨ ‘ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ’। ਉਹ ਜਾਨਵਰ ਤਾਂ ਇੱਕ ਇੱਕ ਰੋਗ ਕਰਕੇ ਦੁੱਖ ਸਹਾਰਦੇ ਹਨ। ਦੁਖਦਾਈ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ, ਪਰ ਮਨੁੱਖ ਅੰਦਰ ਤਾਂ ਇਹ ਭੈੜੇ ਪੰਜ ਰੋਗ ਹਨ। ਕਿਵੇਂ ਬਚ ਸਕਦਾ ਹੈ ? ਨਹੀਂ ਬਚ ਸਕਦਾ। ਇਸੇ ਕਰਕੇ ਇਨ੍ਹਾ ਪੰਜ ਰੋਗਾਂ ਕਾਰਨ ਸਾਰੀ ਉਮਰ ਮਨੁੱਖ ਦੁੱਖ ਭੋਗਦਾ ਹੈ। ਪੰਜ ਰੋਗ ਅੰਦਰ ਹੀ ਹਨ। ਗੁਰਬਾਣੀ ਦਾ ਵਾਕ ਹੈ, ‘‘ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ; ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ   ਅੰਮ੍ਰਿਤੁ ਲੂਟਹਿ, ਮਨਮੁਖ ਨਹੀ ਬੂਝਹਿ; ਕੋਇ ਸੁਣੈ ਪੂਕਾਰਾ   ਅੰਧਾ ਜਗਤੁ, ਅੰਧੁ ਵਰਤਾਰਾ; ਬਾਝੁ ਗੁਰੂ ਗੁਬਾਰਾ ’’ (ਮਹਲਾ /੬੦੦) ਜੀਵਨ ਵਿੱਚ ਇਹ ਪੰਜ ਅਸਾਧ ਰੋਗ ਹਨ, ਜੋ ਸਾਡੇ ਅੰਮ੍ਰਿਤ ਵਰਗੇ ਸਦਾਚਾਰੀ ਗੁਣ, ਰੱਬੀ ਗੁਣਾਂ ਨੂੰ ਹਰ ਵੇਲੇ ਖ਼ਤਮ ਕਰਦੇ ਹਨ। ਮਨ ਦੇ ਪਿੱਛੇ ਲੱਗਣ ਵਾਲਿਆਂ ਨੂੰ ਇਸ ਦਾ ਪਤਾ ਹੀ ਨਹੀਂ ਲੱਗਦਾ ਕਿ ਇਹ ਪੰਜੇ ਹੀ ਸੁਖ ਦੇਣ ਵਾਲੇ ਸਤ ਸੰਤੋਖ ਦਇਆ ਧਰਮ ਧੀਰਜ ਨੂੰ ਲੁੱਟਦੇ ਹਨ, ਖਤਮ ਕਰਦੇ ਹਨ। ਫਿਰ ਜਦੋਂ ਇਹ ਅੰਮ੍ਰਿਤ ਰੂਪੀ ਸਦਾਚਾਰੀ ਗੁਣ, ਰੱਬੀ ਗੁਣ ਲੁੱਟੇ ਜਾਣਗੇ, ਫਿਰ ਮਨੁੱਖ ਦੀ ਕੋਈ ਵੀ ਪੁਕਾਰ ਨਹੀਂ ਸੁਣਦਾ। ਕੋਈ ਸਹਾਇਤਾ ਨਹੀਂ ਕਰਦਾ। ਗੁਰੂ ਤੋਂ ਬਗੈਰ ਮਨੁੱਖ ਇਨ੍ਹਾ ਵਿਕਾਰ ਰੋਗਾਂ ’ਚ ਫਸ ਕੇ ਅੰਨ੍ਹਿਆਂ ਵਾਲੇ ਕੰਮ ਕਰਦਾ ਹੈ। ਜਾਨਵਰਾਂ ਵਾਲੇ ਨਹੀਂ, ਬਲਕਿ ਜਾਨਵਰਾਂ ਤੋਂ ਵੀ ਗਿਰੇ ਹੋਏ ਕੰਮ ਕਰਦਾ ਹੈ, ‘‘ਅਵਰਿ ਪੰਚ, ਹਮ ਏਕ ਜਨਾ; ਕਿਉ ਰਾਖਉ ਘਰ ਬਾਰੁ ਮਨਾ ਮਾਰਹਿ ਲੂਟਹਿ ਨੀਤ ਨੀਤ; ਕਿਸੁ ਆਗੈ ਕਰੀ ਪੁਕਾਰ ਜਨਾ ’’ (ਮਹਲਾ /੧੫੫) ਇਹ ਵਿਕਾਰ ਪੰਜ ਹਨ ਤੇ ਜਿੰਦ ਇਨ੍ਹਾ ਦੇ ਸਾਹਮਣੇ ਇਕੱਲੀ ਹੈ। ਇਨ੍ਹਾ ਤੋਂ ਆਪਣੇ ਜੀਵਨ-ਘਰ ਨੂੰ ਕਿਵੇਂ ਬਚਾ ਸਕਦੀ ਹੈ। ਇਥੇ ਇਕ ਗੱਲ ਸਮਝ ਲੈਣੀ ਕਿ ਮਨੁੱਖ ਨੂੰ ਜੇਕਰ ਰੋਗ ਬਾਹਰ ਹੋਣ। ਸਰੀਰਕ ਰੋਗ ਹੋਣ ਤਾਂ ਇਸ ਦਾ ਇਲਾਜ ਵੀ ਬਾਹਰ ਹੁੰਦਾ ਹੈ। ਬਾਹਰੀ ਸਰੀਰਕ ਰੋਗਾਂ ਦਾ ਇਲਾਜ ਕਰਨ ਲਈ ਵੈਦ, ਹਕੀਮ ਤੇ ਡਾਕਟਰ ਹਨ। ਉਹ ਅਲੱਗ ਅਲੱਗ ਦਵਾਈਆਂ ਨਾਲ ਸਰੀਰ ਦਾ ਇਲਾਜ ਕਰਦੇ ਹਨ। ਹਾਲਤ ਅਜੀਬ ਸਾਡੇ ਦੇਸ਼ ’ਚ ਬਣੀ ਹੋਈ ਹੈ। ਅੱਜ ਡਾਕਟਰ ਘੱਟ ਹਨ ਤੇ ਡਾਕਟਰ ਦੇ ਨਾਮ ’ਤੇ ਡਾਕੂ ਜ਼ਿਆਦਾ ਹਨ। ਰੋਗ ਕੋਈ ਹੋਰ ਹੁੰਦਾ ਹੈ ਤੇ ਦਵਾਈ ਕੋਈ ਹੋਰ ਦੇ ਦਿੱਤੀ ਜਾਂਦੀ ਹੈ। ਡਾਕਟਰ ਬਿਲ ਵਧਾਉਣ ਤੇ ਬਿੱਲ ਬਣਾਉਣ ਦੇ ਚੱਕਰ ’ਚ ਮਰੀਜ਼ ਦੇ ਰੋਗ ਨੂੰ ਵਧਾਈ ਜਾਂਦੇ ਹਨ। ਰੋਗ ਕੁਝ ਹੋਰ ਹੁੰਦਾ ਹੈ ਤੇ ਦਵਾਈ ਉਸ ਤੋਂ ਉਲਟ ਦਿੱਤੀ ਜਾਂਦੀ ਹੈ।

ਵਿਅੰਗ : ਇੱਕ ਮਰੀਜ਼ ਕਿਸਮ ਦਾ ਆਦਮੀ ਡਾਕਟਰ ਕੋਲ ਗਿਆ ਤੇ ਡਾਕਟਰ ਨੂੰ ਦੱਸਦਾ ਹੈ ਕਿ ਮੇਰੇ ਸਿਰ ’ਚ ਦਰਦ ਹੈ। ਥੋੜ੍ਹਾ ਥੋੜ੍ਹਾ ਗਲਾ ਵੀ ਦਰਦ ਕਰਦਾ ਹੈ। ਸਾਹ ਵੀ ਠੀਕ ਨਹੀਂ ਆਉਂਦਾ। ਡਾਕਟਰ ਨੇ ਨਬਜ਼ ਦੇਖੀ ਫਿਰ ਦਵਾਈ ਦਿੱਤੀ ਤੇ ਕਿਹਾ ਪੰਜ ਦਿਨ ਬਾਅਦ ਫਿਰ ਆ ਕੇ ਦੱਸਣਾ। ਪੰਜ ਦਿਨ ਬਾਅਦ ਉਹੀ ਆਦਮੀ, ਉਸੇ ਡਾਕਟਰ ਕੋਲ ਗਿਆ ਤੇ ਕਹਿਣ ਲੱਗਾ ਕਿ ਡਾਕਟਰ ਸਾਹਿਬ ! ਬਿਲਕੁਲ ਉਸੇ ਤਰ੍ਹਾਂ ਹੀ ਹੈ, ਕੋਈ ਫ਼ਰਕ ਨਹੀਂ ਪਿਆ। ਡਾਕਟਰ ਨੇ ਫਿਰ ਪਹਿਲਾਂ ਵਾਂਗ ਦਵਾਈ ਦਿੱਤੀ, ਪਰ ਮਰੀਜ਼ ਨੂੰ ਫਿਰ ਭੀ ਕੋਈ ਫਰਕ ਨਾ ਪਿਆ। ਉਹ ਫਿਰ ਕਿਸੇ ਹੋਰ ਡਾਕਟਰ ਕੋਲ ਗਿਆ ਤੇ ਦੱਸਿਆ ਕਿ ਡਾਕਟਰ ਸਾਹਿਬ ! ਥੋੜ੍ਹਾ ਥੋੜ੍ਹਾ ਸਿਰ ਦਰਦ ਕਰਦਾ ਹੈ। ਅੱਖਾਂ ਭਾਰੀਆਂ ਭਾਰੀਆਂ ਰਹਿੰਦੀਆਂ ਹਨ। ਸਾਹ ਠੀਕ ਤਰ੍ਹਾਂ ਨਹੀਂ ਆਉਂਦਾ। ਉਸ ਡਾਕਟਰ ਨੇ ਵੀ ਨਬਜ਼ ਦੇਖੀ, ਗਲਾ ਦੇਖਿਆ ਤੇ ਦਵਾਈ ਦੇ ਦਿੱਤੀ, ਫੀਸ ਲੈ ਲਈ, ਪਰ ਮਰੀਜ਼ ਠੀਕ ਨਾ ਹੋਇਆ। ਫਿਰ ਉਹ ਮਰੀਜ਼ ਤੀਸਰੇ ਡਾਕਟਰ ਕੋਲ ਗਿਆ, ਚੌਥੇ ਡਾਕਟਰ ਕੋਲ ਗਿਆ, ਰੋਗ ਨਹੀਂ ਹਟਿਆ, ਫਿਰ ਕਿਸੇ ਨੇ ਸਿਆਣੇ ਡਾਕਟਰ ਬਾਰੇ ਦੱਸਿਆ। ਇਹ ਮਰੀਜ਼ ਉਸ ਡਾਕਟਰ ਕੋਲ ਚਲਾ ਗਿਆ। ਫਿਰ ਦੱਸਿਆ ਕਿ ਡਾਕਟਰ ਸਾਹਿਬ  ! ਸਿਰ ’ਚ ਥੋੜ੍ਹਾ ਥੋੜ੍ਹਾ ਦਰਦ ਰਹਿੰਦਾ ਹੈ। ਸਾਹ ਵੀ ਥੋੜ੍ਹਾ ਔਖਾ ਆਉਂਦਾ ਹੈ। ਅੱਖਾਂ ਭਾਰੀਆਂ ਭਾਰੀਆਂ ਰਹਿੰਦੀਆਂ ਹਨ। ਇਸ ਡਾਕਟਰ ਨੇ ਚੰਗੀ ਤਰ੍ਹਾਂ ਮੁਆਇਨਾ ਕੀਤਾ। ਚੰਗੀ ਤਰ੍ਹਾਂ ਦੇਖਿਆ, ਪਰ ਸਭ ਕੁਝ ਠੀਕ ਸੀ। ਨਬਜ਼ ਠੀਕ ਚੱਲ ਰਹੀ ਸੀ। ਵੀ.ਪੀ. ਭੀ ਠੀਕ ਸੀ। ਸੂਗਰ ਠੀਕ ਸੀ, ਫਿਰ ਅਚਾਨਕ ਕਿਹਾ ਕਿ ਆਹ ਜੋ ਗੱਲ ’ਚ ਇੰਨੀ ਟਾਈਟ ਕਰਕੇ, ਇਨੀ ਕਸ ਕੇ ਟਾਈ ਬੰਨ੍ਹੀ ਹੈ ਨਾ, ਇਸ ਕਰਕੇ ਹੀ ਸਭ ਕੁਝ ਹੋ ਰਿਹਾ ਹੈ। ਇਸ ਨੂੰ ਜਾਂ ਤਾਂ ਛੱਡ ਦੇਹ ਜਾਂ ਇਸ ਨੂੰ ਥੋੜ੍ਹੀ ਢਿੱਲੀ ਕਰਕੇ ਬੰਨ੍ਹ, ਫਿਰ ਸਭ ਠੀਕ ਹੋ ਜਾਵੇਗਾ। ਸੋ ਇਸ ਤਰ੍ਹਾਂ ਦੁੱਖ ਕੋਈ ਹੋਰ ਹੁੰਦਾ ਹੈ ਤੇ ਦਵਾਈ ਕੋਈ ਹੋਰ ਦਿੱਤੀ ਜਾ ਰਹੀ ਹੁੰਦੀ ਹੈ, ਇਸ ਕਰਕੇ ਰੋਗ ਵਧਦਾ ਹੈ। ਸ੍ਰੀ ਗੁਰੂ ਅੰਗਦ ਸਾਹਿਬ ਨੇ ਇਸ ਸਬੰਧੀ ਇੱਕ ਵਿਚਾਰ ਬਹੁਤ ਕੀਮਤੀ ਕਹੀ ਹੈ। ਫ਼ੁਰਮਾਨ ਕਰਦੇ ਹਨ, ‘‘ਨਾਨਕ  ! ਪਰਖੇ ਆਪ ਕਉ; ਤਾ ਪਾਰਖੁ ਜਾਣੁ   ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ’’ (ਮਹਲਾ /੧੪੮) ਇੱਥੇ ਦੋ ਗੱਲਾਂ ਕਹੀਆਂ ਹਨ। ਪਹਿਲੀ ਗੱਲ ਦੂਸਰਿਆਂ ਦੀ ਪੜਚੋਲ ਕਰਨ ਤੋਂ ਪਹਿਲਾਂ ਆਪਣੇ ਆਪ ਦੀ ਪੜਚੋਲ ਕਰਨੀ ਚਾਹੀਦੀ ਹੈ। ਜਦੋਂ ਇਨਸਾਨ ਆਪਣੇ ਆਪ ਦੀ ਪੜਚੋਲ ਕਰਦਾ ਹੈ ਤਾਂ ਉਹ ਅਸਲ ਪਾਰਖੂ ਹੁੰਦਾ ਹੈ। ਜੋ ਸਿਰਫ ਤੇ ਸਿਰਫ ਦੂਸਰਿਆਂ ਦੀ ਹੀ ਪੜਚੋਲ ਕਰਦਾ ਹੈ। ਉਹ ਕਦੇ ਵੀ ਪਾਰਖੂ ਨਹੀਂ ਹੋ ਸਕਦਾ। ਦੂਸਰੀ ਗੱਲ ਜਿਹੜਾ ਵੈਦ ਜਾਂ ਡਾਕਟਰ; ਰੋਗ ਅਤੇ ਉਸ ਰੋਗ ਦੀ ਸਹੀ ਦਵਾਈ ਦੇਵੇ, ਸਮਝ ਲਵੋ ਉਹ ਸਿਆਣਾ ਡਾਕਟਰ ਹੈ, ਪਰ ਜਿਹੜਾ ਵੈਦ ਰੋਗ ਨੂੰ ਸਮਝੇ ਹੀ ਨਾ, ਐਵੇਂ ਦਵਾਈ ਦੇਈ ਜਾਏ ਜਾਂ ਰੋਗ ਹੋਰ ਹੋਵੇ ਤੇ ਦਵਾਈ ਹੋਰ ਦੇਈ ਜਾਵੇ, ਉਹ ਚੰਗਾ ਵੈਦ ਨਹੀਂ ਹੁੰਦਾ। ਅਣਜਾਣ ਹੁੰਦਾ ਹੈ। ਗੁਰੂ ਇਤਿਹਾਸ ਵਿੱਚ ਇੱਕ ਘਟਨਾ ਆਉਂਦੀ ਹੈ :

ਵੈਦ ਹਰਿਦਾਸ: ਜਨਮ ਸਾਖੀ ਦਾ ਕਰਤਾ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਜਦ 10-12 ਸਾਲ ਦੀ ਉਮਰ ਵਿੱਚ ਹਨ ਤਾਂ ਪਿਤਾ ਜੀ ਨਾਲ ਕੰਮ ਕਾਰ ਕਰਾਉਂਦੇ ਹਨ, ਪਰ ਗੁਰੂ ਸਾਹਿਬ ਜੀ ਦੀ ਸੁਰਤਿ; ਪਰਮੇਸ਼ਰ ’ਚ ਜੁੜੀ ਰਹਿੰਦੀ ਹੈ। ਸੁਰਤਿ ਜਗਤ ਦੇ ਸੁਧਾਰ ਵੱਲ ਰਹਿੰਦੀ ਹੈ। ਜਿਸ ਕਰਕੇ ਘੱਟ ਬੋਲਦੇ। ਜਦ ਬੋਲਦੇ ਹਨ ਤਾਂ ਬਹੁਤ ਕੀਮਤੀ ਬੋਲ ਬੋਲਦੇ ਹਨ। ਘੱਟ ਖਾਂਦੇ ਹਨ। ਲੋਕਾਂ ਨਾਲ ਮੇਲ ਜੋੜ ਵੀ ਘੱਟ ਰੱਖਦੇ ਹਨ। ਆਂਢ ਗੁਆਂਢ ਨੇ ਮਾਤਾ ਤ੍ਰਿਪਤਾ ਦੇਵੀ ਜੀ ਤੇ ਪਿਤਾ ਮਹਿਤਾ ਕਾਲੂ (ਕਲਿਆਣ ਦਾਸ) ਜੀ ਨੂੰ ਕਿਹਾ ਕਿ ਨਾਨਕ ਘੱਟ ਬੋਲਦੇ ਹਨ। ਉਦਾਸ ਜਿਹੇ ਰਹਿੰਦੇ ਹਨ। ਲੱਗਦਾ ਹੈ ਕਿ ਇਨ੍ਹਾ ਨੂੰ ਕੋਈ ਰੋਗ ਲੱਗਾ ਹੈ। ਮਾਤਾ ਪਿਤਾ ਜੀ ਨੂੰ ਵੀ ਚਿੰਤਾ ਲੱਗ ਗਈ। ਇਕ ਦਿਨ ਮਾਤਾ ਤ੍ਰਿਪਤਾ ਜੀ ਦੇ ਕਹਿਣ ’ਤੇ ਮਹਿਤਾ (ਕਲਿਆਣ ਦਾਸ) ਜੀ; ਵੈਦ ਹਰਿਦਾਸ ਨੂੰ ਬੁਲਾ ਲਿਆਏ। ਜਦੋਂ ਵੈਦ ਹਰਿਦਾਸ ਜੀ ਘਰ ਆਏ ਤਾਂ ਗੁਰੂ ਨਾਨਕ ਸਾਹਿਬ ਮੰਜੇ ’ਤੇ ਲੇਟੇ ਸਨ। ਕੋਈ ਅਗੰਮੀ ਸੌਦੇ ’ਚ ਮਗਨ ਸਨ। ਵੈਦ ਹਰਿਦਾਸ; ਮੰਜੇ ’ਤੇ ਬੈਠ ਗਏ। ਚੰਗੀ ਤਰ੍ਹਾਂ ਚਿਹਰਾ ਦੇਖਿਆ ਫਿਰ ਬਾਂਹ ਪਕੜ ਕੇ ਨਬਜ਼ ਨੂੰ ਪਰਖਣ ਲੱਗ ਪਏ। ਗੁਰੂ ਨਾਨਕ ਸਾਹਿਬ ਨੇ ਵੈਦ ਹਰਿਦਾਸ ਜੀ ਨੂੰ ਪੁੱਛਿਆ ਵੈਦ ਜੀ ! ਤੁਸੀਂ ਕੀ ਕਰ ਰਹੇ ਹੋ ? ਵੈਦ ਕਹਿੰਦਾ ਕਾਕਾ  ! ਮੈਂ ਤੇਰਾ ਰੋਗ ਦੇਖਣ ਦੀ ਕੋਸ਼ਸ਼ ਕਰਦਾ ਹਾਂ। ਇਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਆਪ ਬਾਣੀ ’ਚ ਕੀਤਾ ਹੈ, ‘‘ਵੈਦੁ ਬੁਲਾਇਆ ਵੈਦਗੀ; ਪਕੜਿ ਢੰਢੋਲੇ ਬਾਂਹ   ਭੋਲਾ ਵੈਦੁ ਜਾਣਈ; ਕਰਕ ਕਲੇਜੇ ਮਾਹਿ ’’ (ਮਹਲਾ /੧੨੭੯) ਭਾਵ ਵੈਦ ਨੂੰ ਪਿਤਾ ਨੇ ਗੁਰੂ ਨਾਨਕ ਸਾਹਿਬ ਦੀ ਦਵਾ ਦਾਰੂ ਲਈ ਆਪਣੇ ਘਰ ਬੁਲਾਇਆ। ਵੈਦ ਹਰਿਦਾਸ ਆ ਕੇ ਗੁਰੂ ਜੀ ਦੀ ਬਾਂਹ ਫੜ ਕੇ ਨਬਜ਼ ਦੇਖਦਾ ਹੈ, ਪਰ ਇਹ ਭੋਲ਼ਾ ਵੈਦ ਨਹੀਂ ਜਾਣਦਾ ਕਿ ਰੋਗ ਸਰੀਰ ਵਿੱਚ ਨਹੀਂ। ਰੋਗ ਨਬਜ਼ ਵਿੱਚ ਨਹੀਂ ਹੈ। ਪੀੜ (ਬੇਦਨਾ) ਤਾਂ ਹਿਰਦੇ ’ਚ ਪਰਮੇਸ਼ਰ ਨਾਲ ਸਾਂਝ ਪਾਉਣ ਦੀ ਹੈ। ਗੁਰੂ ਸਾਹਿਬ ਜੀ ਦਾ ਟੀਚਾ ਤਾਂ ਸਮਾਜ ਦੇ ਰੋਗਾਂ ਨੂੰ ਦੂਰ ਕਰਨ ਦਾ ਸੀ। ਉਹ ਤਾਂ ਅੰਦਰੋਂ ਅਰਦਾਸ ਕਰਦੇ ਹਨ, ‘‘ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ   ਜਿਤੁ ਦੁਆਰੈ ਉਬਰੈ; ਤਿਤੈ ਲੈਹੁ ਉਬਾਰਿ ’’ (ਮਹਲਾ /੮੫੩) ਭਾਵ ਹੇ ਅਕਾਲ ਪੁਰਖ ਜੀ ! ਇਸ ਸੰਸਾਰ ਨੂੰ ਵਿਕਾਰਾਂ ਦੇ ਰੋਗਾਂ ’ਚ ਸੜਦੇ ਹੋਏ ਨੂੰ ਬਚਾ ਲਵੋ। ਕਿਰਪਾ ਕਰਕੇ ਵਿਕਾਰਾਂ ਦੇ ਰੋਗਾਂ ਵਿੱਚੋਂ ਕੱਢ ਲਵੋ। ਜਿਸ ਵੀ ਤਰੀਕੇ ਨਾਲ ਸੰਸਾਰ ਬਚਦਾ ਹੈ, ਉਸੇ ਤਰੀਕੇ ਨਾਲ ਵਿਕਾਰਾਂ ਦੇ ਰੋਗ ਤੋਂ ਬਚਾ ਲਵੋ। ਗੁਰੂ ਨਾਨਕ ਸਾਹਿਬ ਦੇ ਅੰਦਰ ਤਾਂ ਪਰਮਾਤਮਾ ਦਾ ਬਿਰਹਾ ਹੈ, ਪਰ ਅਣਜਾਣ ਵੈਦ ਹਰਿਦਾਸ ਇਸ ਗੱਲ ਨੂੰ ਨਹੀਂ ਸੀ ਸਮਝਦਾ। ਦੋ ਤਿੰਨ ਦਿਨ ਇਹ ਵੈਦ ਲਗਾਤਾਰ ਆਉਂਦਾ ਰਿਹਾ। ਇੱਕ ਦਿਨ ਜਦੋਂ ਵੈਦ ਹਰਿਦਾਸ; ਗੁਰੂ ਸਾਹਿਬ ਕੋਲ ਆਇਆ ਤਾਂ ਗੁਰੂ ਸਾਹਿਬ ਉਸ ਵਕਤ ਮੰਜੇ ’ਤੇ ਬੈਠੇ ਸਨ। ਵੈਦ ਹਰਿਦਾਸ ਨੂੰ ਜੋ ਕਿਹਾ ਉਨ੍ਹਾਂ ਬਚਨਾਂ ਨੂੰ ਗੁਰੂ ਅੰਗਦ ਸਾਹਿਬ ਨੇ ਇਉਂ ਬਿਆਨ ਕੀਤਾ ਹੈ, ‘‘ਵੈਦਾ ਵੈਦੁ ਸੁਵੈਦੁ ਤੂ; ਪਹਿਲਾਂ ਰੋਗੁ ਪਛਾਣੁ   ਐਸਾ ਦਾਰੂ ਲੋੜਿ ਲਹੁ; ਜਿਤੁ ਵੰਞੈ ਰੋਗਾ ਘਾਣਿ   ਜਿਤੁ ਦਾਰੂ ਰੋਗ ਉਠਿਅਹਿ; ਤਨਿ ਸੁਖੁ ਵਸੈ ਆਇ   ਰੋਗੁ ਗਵਾਇਹਿ ਆਪਣਾ; ਨਾਨਕ ਵੈਦੁ ਸਦਾਇ ’’ (ਮਹਲਾ /੧੨੭੯) ਭਾਵ ਵੈਦ ਹਰਿਦਾਸ ਜੀ ! ਤੁਸੀਂ ਸ੍ਰੇਸ਼ਟ ਹਕੀਮ ਤਾਂ ਹੋ ਸਕਦੇ ਹੋ, ਜੇਕਰ ਤੁਸੀਂ ਪਹਿਲਾਂ ਰੋਗ ਸਹੀ ਲੱਭੋ। ਰੋਗ ਤੁਹਾਡੇ ਸਮਝ ਨਹੀਂ ਆਇਆ। ਤਿੰਨ ਦਿਨ ਤੋਂ ਦਵਾਈ ਦੇਈ ਜਾਂਦੇ ਹੋ। ਉਹ ਦਵਾਈ ਬਣਾਓ, ਜਿਸ ਦਵਾਈ ਨਾਲ ਰੋਗਾਂ ਦੀਆਂ ਘਾਣੀਆਂ (ਢੇਰ); ਸਾਰੇ ਹੀ ਦੂਰ ਹੋ ਜਾਣ। ਉਹ ਦਵਾਈ ਬਣਾਵੋ, ਜਿਸ ਦਵਾਈ ਨਾਲ ਸਾਰੇ ਹੀ ਰੋਗ ਸਰੀਰ ਵਿੱਚੋਂ ਉੱਠ ਜਾਣ, ਦੂਰ ਹੋ ਜਾਣ ਅਤੇ ਸਰੀਰ ਵਿੱਚ ਸੁੱਖ ਆ ਵਸਣ। ਮਨ ਟਿਕ ਜਾਵੇ, ਪਰ ਹਾਂ ਇਹ ਜ਼ਰੂਰ ਯਾਦ ਰੱਖਣਾ ਕਿ ਪਹਿਲਾਂ ਆਪਣਾ ਰੋਗ ਦੂਰ ਕਰਨਾ ਚਾਹੀਦਾ ਹੈ ਤਾਂ ਤੁਸੀਂ ਸਹੀ ਤਰੀਕਾ, ਸਹੀ ਹਕੀਮ ਹੋਵੋਗੇ। ਵੈਦ ਨੇ ਗੁਰੂ ਸਾਹਿਬ ਤੋਂ ਜਦੋਂ ਇਹ ਗੱਲਾਂ ਸੁਣੀਆਂ ਤਾਂ ਹੈਰਾਨ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨੀਂ ਪੈ ਗਿਆ। ਸੀ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਬਚਨ ਕਹੇ ਸਨ, ‘‘ਦੁਖੁ ਵੇਛੋੜਾ; ਇਕੁ ਦੁਖੁ ਭੂਖ   ਇਕੁ ਦੁਖੁ ਸਕਤਵਾਰ ਜਮਦੂਤ   ਇਕੁ ਦੁਖੁ; ਰੋਗੁ ਲਗੈ ਤਨਿ ਧਾਇ   ਵੈਦ ਭੋਲੇ ਦਾਰੂ ਲਾਇ   ਵੈਦ ਭੋਲੇ ਦਾਰੂ ਲਾਇ   ਦਰਦੁ ਹੋਵੈ ਦੁਖੁ ਰਹੈ ਸਰੀਰ   ਐਸਾ ਦਾਰੂ; ਲਗੈ ਬੀਰ ਰਹਾਉ   ਖਸਮੁ ਵਿਸਾਰਿ; ਕੀਏ ਰਸ ਭੋਗ   ਤਾਂ ਤਨਿ (’); ਉਠਿ ਖਲੋਏ ਰੋਗ   ਮਨ ਅੰਧੇ ਕਉ ਮਿਲੈ ਸਜਾਇ   ਵੈਦ ਭੋਲੇ ਦਾਰੂ ਲਾਇ ’’ (ਮਹਲਾ /੧੨੫੬)

 ਅਧਿਆਤਮਕ ਵਾਦੀ ਲਈ ਸਭ ਤੋਂ ਵੱਡਾ ਰੋਗ ਹੈ ‘ਪਰਮਾਤਮਾ ਤੋਂ ਵਿਛੋੜੇ ਦਾ ਦੁੱਖ’। ਪਰਮਾਤਮਾ ਦੀ ਯਾਦ ਤੋਂ ਬਗੈਰ ਸਮਾਂ ਬੀਤ ਜਾਣਾ ਦੂਸਰਾ ਦੁੱਖ ਹੁੰਦਾ ਹੈ। ਨਾਮ ਬਾਣੀ ਦੀ ਭੁੱਖ ਨਾਲ਼ ਵਿਛੋੜੇ ਦਾ ਦੁੱਖ ਦੂਰ ਹੁੰਦਾ ਹੈ, ‘‘ਉਤੁ ਭੂਖੈ; ਖਾਇ ਚਲੀਅਹਿ ਦੂਖ ’’ (ਮਹਲਾ /) ਅਧਿਆਤਮਕ ਵਾਦੀ ਲਈ ਇਹ ਆਤਮਿਕ ਮੌਤ ਦਾ ਦੁੱਖ ਹੁੰਦਾ ਹੈ, ਜੋ ਬੜਾ ਸ਼ਕਤਵਾਰ ਡਾਢਾ ਦੁੱਖ ਹੈ। ਇੱਕ ਦੁੱਖ ਰੋਗ ਲਾਜ ਦਾ ਹੁੰਦਾ ਹੈ ਕਿ ਲੋਕ ਕੀ ਕਹਿਣਗੇ। ਭਗਤ ਕਬੀਰ ਸਾਹਿਬ ਤਾਂ ਇਸ ਰੋਗ ਤੋਂ ਬੇਪਰਵਾਹ ਹਨ ਤੇ ਕਹਿੰਦੇ ਹਨ, ‘‘ਕਹਿ ਕਬੀਰ ਅਬ ਜਾਨਿਆ   ਜਬ ਜਾਨਿਆ; ਤਉ ਮਨੁ ਮਾਨਿਆ   ਮਨ ਮਾਨੇ; ਲੋਗੁ ਪਤੀਜੈ   ਪਤੀਜੈ; ਤਉ ਕਿਆ ਕੀਜੈ  ?’’ (ਭਗਤ ਕਬੀਰ/੬੫੬) ਭਾਵ ਮੇਰੀ ਜਾਣ ਪਹਿਚਾਣ ਤਾਂ ਇਕ ਪਰਮੇਸ਼ਰ ਨਾਲ ਬਣ ਗਈ ਹੈ। ਜਦੋਂ ਜਾਣ ਪਹਿਚਾਣ ਪਰਮੇਸ਼ਰ ਨਾਲ ਹੋਈ ਤਾਂ ਮੇਰਾ ਮਨ ਪਰਮਾਤਮਾ ਨਾਲ ਹੀ ਪਰਚ ਗਿਆ, ਪਰ ਲੋਕਾਂ ਦੀ ਤਸੱਲੀ ਨਹੀਂ ਹੁੰਦੀ। ਤਸੱਲੀ ਨਹੀਂ ਹੋਈ ਤਾਂ ਰੱਬ ਨਾਲ ਜੁੜਨ ਵਾਲੇ ਨੂੰ ਕੋਈ ਪਰਵਾਹ ਭੀ ਨਹੀਂ ਹੁੰਦੀ।

ਭੋਲੇ ਵੈਦ ਨੂੰ ਸਾਡੇ ਰੋਗ, ਦੁੱਖ ਦਾ ਤਾਂ ਪਤਾ ਹੀ ਨਹੀਂ ਲੱਗਦਾ। ਅੱਜ ਵੀ ਇਹੀ ਹੋ ਰਿਹਾ ਹੈ। ਪਿੰਡਾਂ ਵਿੱਚ ਆਰ.ਐਮ.ਪੀ. ਡਾਕਟਰ ਹੁੰਦੇ ਹਨ ਜਾਂ ਦੇਖਾ ਦੇਖੀ ਥੋੜ੍ਹੀ ਦੂਸਰੇ ਡਾਕਟਰਾਂ ਨਾਲ ਪ੍ਰੈਕਟਸ ਕਰਕੇ ਡਾਕਟਰ ਬਣੇ ਹੁੰਦੇ ਹਨ, ਫਿਰ ਲੋਕਾਂ ਦਾ ਬੁਰਾ ਹਾਲ ਕਰਦੇ ਹਨ। ਭਾਈ ਗੁਰਦਾਸ ਜੀ ਨੇ ਭੀ ਇੱਕ ਅਜਿਹੇ ਹੀ ਵੈਦ ਦਾ ਜ਼ਿਕਰ ਕੀਤਾ ਹੈ।

ਦੇਖਾ ਦੇਖੀ ਵੈਦ ਬਣ ਗਿਆ : ਪੰਜਾਬ ਦੇ ਇੱਕ ਪਿੰਡ ’ਚ ਮਾਹਨਾ ਹਕੀਮ ਸੀ। ਇਹ ਬੰਦਿਆਂ ਦਾ ਤਾਂ ਇਲਾਜ ਕਰਦਾ ਹੀ ਸੀ, ਨਾਲ ਨਾਲ ਪਸ਼ੂਆਂ, ਜਾਨਵਰਾਂ ਦਾ ਵੀ ਇਲਾਜ ਕਰਦਾ ਸੀ। ਮਾਹਨਾ ਹਕੀਮ ਨੇ ਆਪਣੇ ਨਾਲ ਸ਼ਾਮਾਂ ਕੰਪਾਊਡਰ ਵੀ ਰੱਖਿਆ ਸੀ। ਸ਼ਾਮਾਂ ਦਾ ਸੁਭਾਅ ਸੀ ਕਿ ਜਦੋਂ ਵੀ ਮਾਹਨਾ ਹਕੀਮ ਕਿਸੇ ਮਰੀਜ਼ ਨੂੰ ਚੈੱਕ ਕਰਦਾ, ਦਵਾਈ ਦਿੰਦਾ ਤਾਂ ਸ਼ਾਮਾਂ ਬੜੇ ਗਹੁ ਨਾਲ ਸਭ ਦੇਖਦਾ ਰਹਿੰਦਾ ਸੀ। ਫਿਰ ਆਪਣੇ ਦਿਮਾਗ ’ਚ ਬੈਠਾ ਲੈਂਦਾ ਤੇ ਅੰਦਰੋਂ ਅੰਦਰ ਬੜਾ ਖੁਸ਼ ਹੁੰਦਾ ਸੀ ਕਿ ਮੈਂ ਵੀ ਹੌਲੀ ਹੌਲੀ ਵੈਦ ਬਣਦਾ ਜਾ ਰਿਹਾ ਹਾਂ। ਆਪਣੀ ਪਤਨੀ ਨੂੰ ਰੋਅਬ ਦਿਖਾਇਆ ਕਰੇ ਕਿ ਤੂੰ ਨਹੀਂ ਜਾਣਦੀ ਕਿ ਮੈਂ ਹੌਲੀ ਹੌਲੀ ਵੈਦ ਬਣ ਰਿਹਾ ਹਾਂ। ਮੇਰੀ ਕਦਰ ਕਰਿਆ ਕਰ। ਤੂੰ ਦੇਖਦੀ ਜਾ ਇੱਕ ਦਿਨ ਇਹ ਸ਼ਾਮਾਂ ਵੀ ਪੂਰਾ ਵੈਦ ਬਣ ਕੇ ਹੀ ਰਹੇਗਾ। ਭਾਈ ਗੁਰਦਾਸ ਜੀ ਆਖਦੇ ਹਨ ਕਿ ਇਕ ਦਿਨ ਮੌਲਾ ਜੱਟ ਦੌੜਾ ਦੌੜਾ ਮਾਹਨਾ ਹਕੀਮ ਦੀ ਡਿਸਪੈਂਸਰੀ ’ਚ ਆਇਆ। ਵਿਚਾਰੇ ਦਾ ਸਾਹ ਚੜਿਆ ਹੋਇਆ ਸੀ। ਕਹਿਣ ਲੱਗਾ ਵੈਦ ਜੀ ! ਛੇਤੀ ਕਰੋ ਖਰਬੂਜਿਆਂ ਦੇ ਖੇਤ ਵਿੱਚ ਮੇਰੀ ਉੱਠਣੀ ਘਾਹ ਚਰ ਰਹੀ ਸੀ। ਅਚਾਨਕ ਉਸ ਦੇ ਗਲ ਵਿੱਚ ਇੱਕ ਕੱਚਾ ਖਰਬੂਜਾ ਫਸ ਗਿਆ। ਉਹ ਬੇਹਾਲ ਹੋਈ ਲੱਤਾਂ (ਖੁਰੀਆਂ) ਮਾਰ ਰਹੀ ਹੈ। ਛੇਤੀ ਚਲੋ।

ਮਾਹਨਾ ਹਕੀਮ ਨੇ ਛੇਤੀ ਛੇਤੀ ਸੰਦੂਕੜੀ ਸ਼ਾਮਾਂ ਨੂੰ ਫੜਾਈ ਤੇ ਮੌਲਾ ਜੱਟ ਦੇ ਖੇਤ ’ਚ ਪਹੁੰਚ ਗਿਆ। ਮਾਹਨਾ ਹਕੀਮ ਨੇ ਦੋ ਪੱਥਰ ਲਏ। ਇੱਕ ਪੱਥਰ ਉਠਣੀ ਦੇ ਗਲ ਦੇ ਇੱਕ ਪਾਸੇ ਰੱਖਿਆ ਤੇ ਦੂਸਰਾ ਪੱਥਰ ਗਲ ਦੇ ਦੂਸਰੇ ਪਾਸੇ ਜ਼ੋਰ ਨਾਲ ਮਾਰਿਆ, ਜਿਸ ਨਾਲ਼ ਕੱਚਾ ਖਰਬੂਜਾ ਫਿਸ ਗਿਆ ਤੇ ਉਠਣੀ ਠੀਕ ਹੋ ਗਈ। ਸ਼ਾਮਾਂ ਬੜੇ ਧਿਆਨ ਨਾਲ ਦੇਖ ਰਿਹਾ ਸੀ ਤੇ ਇਹ ਨੁਸਖਾ ਦਿਮਾਗ ਵਿੱਚ ਬਿਠਾ ਲਿਆ। ਹੁਣ ਉਹ ਤਾਂ ਬਹੁਤ ਆਫਰਿਆ ਆਫਰਿਆ ਫਿਰਦਾ ਸੀ। ਮਨ ਹੀ ਮਨ ਸੋਚ ਰਿਹਾ ਸੀ ਕਿ ਹੁਣ ਤਾਂ ਮੈਂ ਪੂਰਾ ਵੈਦ ਬਣ ਹੀ ਗਿਆ ਹਾਂ। ਮੈਂ ਹੁਣ ਇਹ ਕੰਪਾਊਡਰੀ ਨਹੀਂ ਕਰਨੀ। ਹੁਣ ਆਪਣੀ ਹੀ ਕਲੀਨਿਕ ਖੋਲ੍ਹ ਲੈਣੀ ਹੈ। ਘਰ ਆਇਆ, ਅੰਦਰ ਵੈਦਗੀ ਦਾ ਪੂਰਾ ਗੁਬਾਰ ਚੜ੍ਹਿਆ ਸੀ। ਪਤਨੀ ਨੂੰ ਕਹਿਣ ਲੱਗਾ ਕਿ ਤੈਨੂੰ ਪਤਾ ਹੈ। ਮੈਂ ਹੁਣ ਪੂਰਾ ਵੈਦ ਬਣ ਗਿਆ ਹਾਂ। ਮੇਰੀ ਵੈਦਗੀ ਵਿੱਚ ਹੁਣ ਕੋਈ ਕਮੀ ਨਹੀਂ ਹੈ। ਸਾਰੇ ਪਿੰਡ ਵਿੱਚ ਮੈਨੂੰ ਸ਼ਾਮਾ ਵੈਦ, ਸ਼ਾਮਾ ਹਕੀਮ ਕਹਿੰਦੇ ਹਨ। ਕਲੀਨਿਕ ’ਤੇ ਸਾਰਾ ਕੰਮ ਮੈਂ ਹੀ ਸੰਭਾਲਦਾ ਹਾਂ। ਮਾਹਨਾ ਤਾਂ ਬਸ ਕੁਰਸੀ ’ਤੇ ਹੀ ਬੈਠਾ ਰਹਿੰਦਾ ਹੈ। ਹੁਣ ਮੈਂ ਆਪਣੀ ਕਲੀਨਿਕ ਖੋਲ੍ਹ ਲੈਣੀ ਹੈ। ਮੈਂ ਦੂਸਰੇ ਪਾਸੇ ਜਦੋਂ ਆਪਣੀ ਦੁਕਾਨ ਖੋਲ੍ਹੀ ਤਾਂ ਫਿਰ ਕੰਮ ’ਚ ਰੁੱਝ ਜਾਣਾ ਹੈ, ਕਿਧਰੇ ਆ ਜਾ ਨਹੀਂ ਹੋਣਾ। ਚੱਲ ਪਹਿਲਾਂ ਪਹਿਲਾਂ ਤੈਨੂੰ ਤੇਰੇ ਪੇਕੇ ਮਿਲਾ ਲਿਆਵਾਂ। ਇਹ ਆਪਣੀ ਪਤਨੀ ਨਾਲ ਸਹੁਰੇ ਘਰ ਚਲਾ ਗਿਆ। ਅੰਦਰ ਵੈਦਗੀ ਦੀ ਪੂਰੀ ਪੂਰੀ ਖੁਮਾਰੀ ਚੜ੍ਹੀ ਹੋਈ ਸੀ। ਜਦੋਂ ਵੀ ਕੋਈ ਬਿਮਾਰ ਬਾਰੇ ਕਹਿੰਦਾ, ਝੱਟ ਕੋਈ ਨਾ ਕੋਈ ਨੁਸਖਾ ਦੱਸ ਦਿੰਦਾ ਸੀ। ਸ਼ਾਮ ਦਾ ਵਕਤ ਸੀ ਗੁਆਂਢ ਵਿੱਚ ਰੌਲਾ ਪੈ ਗਿਆ। ਰੌਲਾ ਸੁਣ ਕੇ ਸ਼ਾਮਾਂ ਵੀ ਪਹੁੰਚ ਗਿਆ। ਪਤਾ ਲੱਗਾ ਕਿ ਇਕ ਅੱਧਖੜ ਉਮਰ ਦੀ ਔਰਤ ਮੱਕੀ ਦੇ ਭੁੱਜੇ ਦਾਣੇ ਚੱਬ ਰਹੀ ਸੀ। ਅਚਾਨਕ ਇੱਕ ਦਾਣਾ ਸੰਘ ਵਿੱਚ ਫਸ ਗਿਆ ਸੀ। ਉਹ ਬੁੱਢੀ ਬਹੁਤ ਵਿਆਕੁਲ ਸੀ। ਸਾਹ ਔਖਾ ਆਉਂਦਾ ਸੀ। ਸਾਰੇ ਘਰ ਵਿੱਚ ਹਫੜਾ ਦਫੜੀ ਪਈ ਸੀ। ਜਦੋਂ ਸ਼ਾਮੇ ਨੂੰ ਪਤਾ ਲੱਗਾ ਉਹ ਕਹਿਣ ਲੱਗਾ ਕਿ ਪਿੱਛੇ ਹਟ ਜਾਓ। ਹੁਣ ਘਬਰਾਓ ਨਾ। ਹੁਣੇ ਮਾਈ ਠੀਕ ਹੋ ਜਾਏਗੀ। ਦੋ ਇੱਟਾਂ ਲਿਆਓ। ਛੇਤੀ ਦੋ ਇੱਟਾਂ ਲੈ ਲਈਆਂ। ਸ਼ਾਮਾ ਨੇ ਇੱਕ ਇੱਟ ਧੋਣ ’ਤੇ ਰੱਖੀ ਤੇ ਦੂਸਰੀ ਇੱਟ ਜ਼ੋਰ ਨਾਲ ਦੂਜੇ ਪਾਸੇ ਗਲ ’ਤੇ ਮਾਰੀ, ਜਿਸ ਨਾਲ਼ ਉਹ ਬੁੱਢੀ ਮਰ ਗਈ। ਸਾਰੇ ਪਿੰਡ ਵਿੱਚ ਦੁਹਾਈ ਪੈ ਗਈ। ਘਰ ਦੇ ਮੈਂਬਰ ਉੱਚੀ ਉੱਚੀ ਰੋਣ ਲੱਗ ਪਏ। ਇਕੱਠੇ ਹੋ ਕੇ ਪਤਵੰਤੇ ਸੱਜਣ ਵੀ ਆ ਗਏ। ਸ਼ਾਮਾ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਸ਼ਾਮੇ ਨੂੰ ਪੁਲਿਸ ਥਾਣੇ ਲੈ ਗਈ। ਥਾਣੇ ਵਿੱਚ ਸ਼ਾਮੇ ਦੀ ਚੰਗੀ ਛਿੱਤਰ ਪਰੇਡ ਕੀਤੀ ਗਈ। ਭਾਈ ਗੁਰਦਾਸ ਜੀ ਇਹ ਸਾਰੀ ਕਥਾ ਲਿਖਦੇ ਹਨ, ‘‘ਵੈਦਿ ਚੰਗੇਰੀ ਉਠਣੀ; ਲੈ ਸਿਲ ਵਟਾ ਕਚਰਾ ਭੰਨਾ ਸੇਵਕਿ ਸਿਖੀ ਵੈਦਗੀ; ਮਾਰੀ ਬੁਢੀ ਰੋਵਨਿ ਰੰਨਾ ਪਕੜਿ ਚਲਾਇਆ ਰਾਵਲੈ; ਪਉਦੀ ਉਘੜਿ ਗਏ ਸੁ ਕੰਨਾ ਪੁਛੈ ਆਖਿ ਵਖਾਣਿਉਨੁ; ਉਘੜਿ ਗਇਆ ਪਾਜੁ ਪਰਛੰਨਾ ਪਾਰਖੂਆ ਚੁਣਿ ਕਢਿਆ; ਜਿਉ ਕਚਕੜਾ ਰਲੈ ਰਤੰਨਾ ਮੂਰਖੁ ਅਕਲੀ ਬਾਹਰਾ; ਵਾਂਸਹੁ ਮੂਲਿ ਹੋਵੀ ਗੰਨਾ ਮਾਣਸ ਦੇਹੀ; ਪਸੂ ਉਪੰਨਾ ੧੬’’ (ਭਾਈ ਗੁਰਦਾਸ ਜੀ/ਵਾਰ ੩੨ ਪਉੜੀ ੧੬) ਛਿੱਤਰ ਪਰੇਡ ਤੋਂ ਬਾਅਦ ਪੁੱਛ ਪੜਤਾਲ ਕੀਤੀ ਕਿ ਤੂੰ ਇਸ ਤਰ੍ਹਾਂ ਮਾਈ ਨੂੰ ਇੱਟ ਮਾਰ ਕੇ ਕਿਉਂ ਮਾਰਿਆ ਹੈ ? ਸ਼ਾਮੇ ਨੇ ਸਾਰੀ ਕਹਾਣੀ ਉਠਣੀ ਵਾਲੀ ਸੁਣਾਈ ਤੇ ਕਹਿਣ ਲੱਗਾ ਮੈਂ ਮਾਈ ਨੂੰ ਮਾਰਿਆ ਨਹੀਂ ਸੀ। ਇਹ ਤਾਂ ਉਸ ਦੀ ਐਸੀ ਹੀ ਲਿਖੀ ਸੀ। ਇਸ ਤਰ੍ਹਾਂ ਸਾਰੇ ਪਿੰਡ ਵਿੱਚ ਉਸ ਦੀ ਸਿੱਖੀ ਹੋਈ ਵੈਦਗੀ ਦਾ ਭੇਦ ਖੁੱਲ੍ਹ ਗਿਆ। ਸ਼ਾਮੇ ਨੂੰ ਕੈਦ ਅਤੇ ਜਰਮਾਨਾ ਹੋਇਆ। ਭਾਈ ਗੁਰਦਾਸ ਜੀ ਨੇ ਇਹ ਕਥਾ ਦੇਖਾ ਦੇਖੀ ਬਣੇ ਵੈਦ ਦੀ ਲਿਖੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਨੀਮ ਹਕੀਮ ਖਤਰਾ ਜਾਨ ਕਹਾਵਤ ਜੀਵਨ ’ਚ ਸੁਣੀ ਜਾਂਦੀ ਹੈ।

ਜਦੋਂ ਇਸ ਤਰ੍ਹਾਂ ਵੈਦਾਂ ਦੀ ਗੱਲ ਚੱਲਦੀ ਹੈ ਤਾਂ ਮੈਨੂੰ ਆਪਣੇ ਪਿੰਡ ਦੇ ਵੈਦ ਦੀ ਗੱਲ ਚੇਤੇ ਆ ਜਾਂਦੀ ਹੈ। ਜਿਸ ਆਰ. ਐਮ. ਪੀ. ਡਾਕਟਰ ਦੀ ਗੱਲ ਚੇਤੇ ਆਈ, ਉਹ ਪਹਿਲਾਂ ਮੇਰੇ ਨਾਲ ਹੀ ਪੜ੍ਹਦਾ ਸੀ। ਪੜ੍ਹਨ ’ਚ ਐਸਾ-ਵੈਸਾ ਹੀ ਸੀ, ਪਰ ਸਬਜੈਕਟ ਨੌਨ ਮੈਡੀਕਲ ਰੱਖ ਲਿਆ। ਅਸੀਂ ਦੂਸਰੀ ਸੀ ਸੈਕਸ਼ਨ ’ਚ ਜਾ ਕੇ ਜੈਕਟ ਆਰਟਸ ਸਬਜੈਕਟ ਲਿਆ। ਉਹ ਡਾਕਟਰ ਤਾਂ ਨਾ ਬਣਿਆ ਆਰ.ਐਮ.ਪੀ. ਬਣ ਗਿਆ। ਫਗਵਾੜੇ ਕਲੀਨਿਕ ਖੋਲ੍ਹ ਲਿਆ। ਹਲੇ ਦੋ ਚਾਰ ਮਹੀਨੇ ਹੀ ਹੋਏ ਸਨ, ਇੱਕ ਮਰੀਜ਼ ਆ ਗਿਆ, ਜਿਸ ਦੇ ਪੈਰ ’ਚ ਡੂੰਘਾ ਕੱਚ ਲੱਗਿਆ ਹੋਇਆ ਸੀ। ਖੂਨ ਬਹਿ ਰਿਹਾ ਸੀ। ਆਰ.ਐਮ.ਪੀ. ਨੇ ਜਲਦੀ ਬੈਂਚ ’ਤੇ ਲਿਟਾਇਆ। ਸਰਦੀਆਂ ਦੇ ਦਿਨ ਸਨ। ਕੱਚ ਕੱਢਣ ਲੱਗ ਪਿਆ ਤੇ ਪਸੀਨੋ ਪਸੀਨਾ ਹੋ ਗਿਆ ਸੀ। ਕੱਚ ਕੱਢਦਾ ਕੱਢਦਾ ਆਪ ਬੇਹੋਸ਼ ਹੋ ਗਿਆ। ਕਲੀਨਿਕ ’ਚ ਬੈਠੇ ਲੋਕਾਂ ਨੇ ਛੇਤੀ ਦੇਣੇ ਦੋ ਰਿਕਸ਼ੇ ਮੰਗਵਾਏ। ਇੱਕ ’ਤੇ ਆਰ. ਐਮ. ਪੀ. ਡਾਕਟਰ ਨੂੰ ਤੇ ਦੂਸਰੇ ਰਿਕਸ਼ੇ ’ਤੇ ਮਰੀਜ਼ ਨੂੰ ਕਿਸੇ ਦੂਸਰੇ ਡਾਕਟਰ ਕੋਲ ਪਹੁੰਚਾਇਆ। ਪਿੰਡ ਵਿੱਚ ਇਹ ਖਬਰ ਕਿਸੇ ਸ਼ਰਾਰਤੀ ਨੇ ਉਸ ਆਰ. ਐਮ. ਪੀ. ਡਾਕਟਰ ਦੇ ਘਰ ਦੇ ਦਰਵਾਜੇ ਮੂਹਰੇ ਕੰਧ ’ਤੇ ਲਿਖ ਦਿੱਤਾ ਕਿ ਡਾਕਟਰ ਬੇਹੋਸ਼। ਬਸ ਫਿਰ ਕੀ ਸੀ ਸਾਰੇ ਮਜ਼ਾਕ ਵਿੱਚ ਕਿਹਾ ਕਰਨ, ਸਲਾਮ ਕਰਕੇ ਡਾਕਟਰ ਬੇਹੋਸ਼ ਸਾਹਿਬ ਜੀ ! ਉਹ ਵਿਚਾਰਾ ਫਗਵਾੜਾ ਛੱਡ ਕੇ ਹੋਰ ਸ਼ਹਰ ਦੇ ਕਿਸੇ ਹਸਪਤਾਲ ਵਿੱਚ ਅਸੀਸਟੈਂਟ ਲੱਗ ਗਿਆ। ਇਸ ਸੰਸਾਰ ਵਿੱਚ ਐਸਾ ਆਮ ਵਰਤਾਰਾ ਹੈ। ਧਰਮ ਦੀ ਦੁਨੀਆ ਵਿੱਚ ਵੀ ਇਹੀ ਵਰਤਾਰਾ ਚੱਲ ਰਿਹਾ ਹੈ। ਜੀਵਨ ਦੀਆਂ ਸਮੱਸਿਆਵਾਂ ਕੁਝ ਹੋਰ ਹੁੰਦੀਆਂ ਹਨ, ਪਰ ਧਾਰਮਿਕ ਸਥਾਨਾਂ ’ਤੇ ਆਪੂ ਬਣੇ ਸਾਧ, ਸੰਤ, ਬ੍ਰਹਮ ਗਿਆਨੀ ਇਲਾਜ ਕੋਈ ਹੋਰ ਹੀ ਦੱਸ ਰਹੇ ਹੁੰਦੇ ਹਨ, ਇਸ ਕਰਕੇ ਭਗਤ ਕਬੀਰ ਸਾਹਿਬ ਨੂੰ ਕਹਿਣਾ ਪਿਆ, ‘‘ਪਡੀਆ ! ਕਵਨ ਕੁਮਤਿ ਤੁਮ ਲਾਗੇ   ਬੂਡਹੁਗੇ ਪਰਵਾਰ ਸਕਲ ਸਿਉ; ਰਾਮੁ ਜਪਹੁ ਅਭਾਗੇ ਰਹਾਉ ਬੇਦ ਪੁਰਾਨ ਪੜੇ ਕਾ ਕਿਆ ਗੁਨੁ ? ਖਰ ਚੰਦਨ ਜਸ ਭਾਰਾ   ਰਾਮ ਨਾਮ ਕੀ ਗਤਿ ਨਹੀ ਜਾਨੀ; ਕੈਸੇ ਉਤਰਸਿ ਪਾਰਾ  ?  ਜੀਅ ਬਧਹੁ, ਸੁ ਧਰਮੁ ਕਰਿ ਥਾਪਹੁ; ਅਧਰਮੁ ਕਹਹੁ ਕਤ ਭਾਈ  !  ਆਪਸ ਕਉ ਮੁਨਿਵਰ ਕਰਿ ਥਾਪਹੁ; ਕਾ ਕਉ ਕਹਹੁ ਕਸਾਈ ?   ਮਨ ਕੇ ਅੰਧੇ ! ਆਪਿ ਬੂਝਹੁ; ਕਾਹਿ ਬੁਝਾਵਹੁ ਭਾਈ   ਮਾਇਆ ਕਾਰਨ ਬਿਦਿਆ ਬੇਚਹੁ; ਜਨਮੁ ਅਬਿਰਥਾ ਜਾਈ   ਨਾਰਦ ਬਚਨ ਬਿਆਸੁ ਕਹਤ ਹੈ; ਸੁਕ ਕਉ ਪੂਛਹੁ ਜਾਈ   ਕਹਿ ਕਬੀਰ ਰਾਮੈ ਰਮਿ ਛੂਟਹੁ; ਨਾਹਿ ਬੂਡੇ ਭਾਈ ’’ (ਭਗਤ ਕਬੀਰ/੧੧੦੨) ਇਹ ਕਿਰਪਾਨ, ਦਸਤਾਰ, ਕਛਹਿਰਾ, ਅੰਮ੍ਰਿਤ ਧਾਰੀ ਭੀ ਪੰਡੀਆ ਹੋ ਸਕਦੇ ਹਨ, ਜੋ ਭੀ ਸਮਾਜ ਨੂੰ ਸੱਚ ਤੋਂ ਹਟਾ ਕੇ ਕੁਰਾਹੇ, ਕਰਮਕਾਂਡ, ਵਹਿਮਾਂ ਭਰਮਾਂ, ਕੂੜ ਕਪਟ ਵਿੱਚ ਪਾਉਂਦੇ ਹਨ, ਉਹ ਪਡੀਆ (ਪੰਡਿਤ) ਹਨ। ਕਬੀਰ ਸਾਹਿਬ ਇਨ੍ਹਾ ਪੰਡੀਆਂ ਨੂੰ ਆਖਦੇ ਹਨ ਕਿ ਤੁਸੀਂ ਕਿਸ ਮਾੜੀ ਮਤ ਪਿੱਛੇ ਲੱਗੇ ਹੋ। ਆਪ ਤਾਂ ਤੁਸੀਂ ਕੁਰਾਹੇ ਪੈ ਕੇ ਡੁੱਬੇ ਹੀ ਹੋ। ਆਪਣੇ ਸਾਥੀਆਂ, ਚੇਲਿਆਂ ਨੂੰ ਵੀ ਡੋਬੋਗੇ। ਤੁਸੀਂ ਬੇਸ਼ੱਕ ਧਾਰਮਿਕ ਗ੍ਰੰਥ ਪੜ੍ਹੇ ਹਨ, ਕੋਈ ਫਾਇਦਾ ਨਹੀਂ। ਜਿਸ ਤਰ੍ਹਾਂ ਖੋਤੇ ’ਤੇ ਚੰਦਨ ਲੱਦ ਦੇਵੋ, ਉਸ ਨੂੰ ਚੰਦਨ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਇਹੀ ਹਾਲ ਪੰਡੀਆ ਦਾ ਹੈ। ਸੱਚ ਨੂੰ ਜਾਣਦੇ ਨਹੀਂ, ਫਿਰ ਰੋਗਾਂ ਤੋਂ ਛੁਟਕਾਰਾ ਕਿਵੇਂ ਪਾਵੋਗੇ ? ਦੁੱਖਾਂ ਤੋਂ ਛੁਟਕਾਰਾ ਕਿਵੇਂ ਪਾਵੋਗੇ ? ਲੋਕਾਂ ਨਾਲ ਛਲ ਫਰੇਬ ਕਰਦੇ ਹੋ। ਉਨ੍ਹਾਂ ਨੂੰ ਠੱਗਦੇ ਹੋ। ਧਰਮਾਂ ਦੇ ਨਾਮ ’ਤੇ ਲੁੱਟਦੇ ਹੋ। ਜੇਕਰ ਇਹ ਧਰਮ ਹੈ ਤਾਂ ਫਿਰ ਅਧਰਮ ਕੀ ਹੋਵੇਗਾ ? ਜੇਕਰ ਆਪਣੇ ਆਪ ਨੂੰ ਪਰਮਾਤਮਾ ਕਹਿੰਦੇ ਹੋ ਤਾਂ ਫਿਰ ਕਸਾਈ ਕੌਣ ਹੋਣਗੇ ? ਤੁਸੀਂ ਆਪ ਮਨ ਕਰਕੇ ਅੰਨ੍ਹੇ ਹੋ। ਆਪ ਨੂੰ ਕੁਝ ਪਤਾ ਨਹੀਂ, ਦੂਸਰਿਆ ਨੂੰ ਕੀ ਸਮਝਾਵੋਗੇ ? ਮਾਇਆ ਦੀ ਖਾਤਰ ਤੁਸੀਂ ਧਾਰਮਿਕ ਗ੍ਰੰਥਾਂ ਦੇ ਉਪਦੇਸ਼ਾਂ ਨੂੰ ਵੇਚਦੇ ਹੋ। ਤੁਹਾਡਾ ਜਨਮ ਵਿਅਰਥ ਹੈ, ਇਸ ਕਰਕੇ ਐਸੇ ਬਚਨ ਇਨ੍ਹਾਂ ਪੰਡੀਆਂ ਨੂੰ ਕਹੇ ਹਨ, ‘‘ਧ੍ਰਿਗੁ ਤਿਨਾ ਕਾ ਜੀਵਿਆ; ਜਿ ਲਿਖਿ ਲਿਖਿ ਵੇਚਹਿ ਨਾਉ   ਖੇਤੀ ਜਿਨ ਕੀ ਉਜੜੈ; ਖਲਵਾੜੇ ਕਿਆ ਥਾਉ ’’ (ਮਹਲਾ /੧੨੪੫) ਭਾਵ ਉਨ੍ਹਾਂ ਪੰਡੀਆਂ ਨੂੰ ਲੱਖ ਲਾਹਨਤਾਂ ਹਨ, ਜੋ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਨੂੰ ਲਿਖ ਲਿਖ ਕੇ ਵੇਚ ਰਹੇ ਹਨ। ਇਹ ਸੰਕਟ ਮੋਚਨ ਹੈ। ਇਹ ਦੁੱਖ ਭੰਜਨੀ ਹੈ। ਕਿਤਾਬਾਂ ਵਿੱਚ ਗੁਰਬਾਣੀ ਦੇ ਸ਼ਬਦ ਲਿਖੇ ਹਨ। ਨਾਲ ਨਾਲ ਲਿਖਿਆ ਹੈ ਆਹ ਸ਼ਬਦ ਰੋਜ਼ਾਨਾ ਇੰਨੇ ਦਿਨ ਪੜ੍ਹੋ ਫਿਰ ਤੁਹਾਡਾ ਆਹ ਕੰਮ ਸਿਰੇ ਚੜ੍ਹ ਜਾਵੇਗਾ। ਜੇਕਰ ਤੁਹਾਡੇ ਸੰਤਾਨ ਨਹੀਂ, ਫਿਰ ਇਹ ਸ਼ਬਦ 40 ਦਿਨ ਪੜ੍ਹੋ। ਇਹ ਸਭ ਧੋਖਾ ਹੈ। ਸੰਤਾਨ ਨਾ ਹੋਣ ਦਾ ਕਾਰਨ ਪਤੀ, ਪਤਨੀ ਦੋਵਾਂ ਵਿੱਚੋਂ ਕੋਈ ਮੈਡੀਕਲ ਅਨਫਿਟ ਹੋਵੇਗਾ। ਉਸ ਦਾ ਇਲਾਜ ਕਰਾਉਣਾ ਚਾਹੀਦਾ ਹੈ, ਪਰ ਮਰਜ਼ ਕੋਈ ਹੋਰ ਹੈ। ਦਵਾਈ ਕੋਈ ਹੋਰ ਹੀ ਦਿੱਤੀ ਜਾ ਰਹੀ ਹੈ, ਇਸ ਕਰਕੇ ਦੁੱਖ ਰੋਗ ਵਧ ਰਿਹਾ ਹੈ। ਭਗਤ ਭੀਖਣ ਜੀ ਨੇ ਬੜੇ ਕੀਮਤੀ ਬਚਨ ਕਹੇ ਹਨ, ‘‘ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ; ਇਹੁ ਅਉਖਧੁ ਜਗਿ ਸਾਰਾ   ਗੁਰ ਪਰਸਾਦਿ ਕਹੈ ਜਨੁ ਭੀਖਨੁ; ਪਾਵਉ ਮੋਖ ਦੁਆਰਾ ’’ (ਭਗਤ ਭੀਖਨ/੬੫੯) ਭਾਵ ਨਾਮ ਬਾਣੀ, ਅੰਮ੍ਰਿਤ ਬਾਣੀ; ਮਾਨਸਿਕ ਰੋਗਾਂ ਤੇ ਦੁੱਖਾਂ ਦਾ ਦਾਰੂ ਹੈ। ਭਗਤ ਭੀਖਣ ਜੀ ਆਖਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਮੈਂ ਮਾਨਸਿਕ ਦੁੱਖਾਂ ਤੇ ਰੋਗਾਂ ਤੋਂ ਮੁਕਤੀ ਪਾ ਲਈ ਹੈ। ਇੱਕ ਬਾਤ ਸਮਝ ਲੈਣੀ ਕਿ ਸਰੀਰਕ ਰੋਗਾਂ ਦੀ ਦਵਾਈ ਸੰਸਾਰਕ ਡਾਕਟਰ ਤੇ ਵੈਦ ਦਿੰਦਾ ਹੈ। ਮਾਨਸਿਕ ਰੋਗਾਂ ਦੀ ਦਵਾਈ ਨਾਮ ਬਾਣੀ ਹੈ, ਜੋ ਗੁਰੂ ਵੈਦ ਦਿੰਦਾ ਹੈ, ‘‘ਜਨਮ ਜਨਮ ਕੇ ਦੂਖ ਨਿਵਾਰੈ; ਸੂਕਾ ਮਨੁ ਸਾਧਾਰੈ   ਦਰਸਨੁ ਭੇਟਤ ਹੋਤ ਨਿਹਾਲਾ; ਹਰਿ ਕਾ ਨਾਮੁ ਬੀਚਾਰੈ   ਮੇਰਾ ਬੈਦੁ ਗੁਰੂ ਗੋਵਿੰਦਾ   ਹਰਿ ਹਰਿ ਨਾਮੁ ਅਉਖਧੁ ਮੁਖਿ (’) ਦੇਵੈ; ਕਾਟੈ ਜਮ ਕੀ ਫੰਧਾ ਰਹਾਉ ’’ (ਮਹਲਾ /੬੧੮) ਭਾਵ ਜੋ ਵੀ ਜਗਿਆਸੂ; ਵੈਦ ਗੁਰੂ ਦੀ ਸ਼ਰਨ ਪੈਂਦਾ ਹੈ। ਉਸ ਨੂੰ ਗੁਰੂ ਵੈਦ ਨਾਮ ਬਾਣੀ ਦੀ ਦਵਾਈ ਦੇ ਕੇ ਜੀਵਨ ਦੇ ਮਾਨਸਿਕ ਰੋਗ ਤੇ ਦੁੱਖ ਦੂਰ ਕਰ ਦਿੰਦਾ ਹੈ। ਮਨ ਜੋ ਸੂਕਾ ਤੇ ਆਤਮ ਸੁਖ ਤੋਂ ਵਿਹੂਣਾ ਸੀ, ਉਸ ਮਨ ਨੂੰ ਨਾਮ ਬਾਣੀ ਦਾ ਆਸਰਾ ਮਿਲ ਜਾਂਦਾ ਹੈ। ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਵਸਾਉਂਦਿਆਂ ਜਗਿਆਸੂ ਨਿਹਾਲ ਤੇ ਅਨੰਦਿਤ ਹੋ ਜਾਂਦਾ ਹੈ। ਨਾਮ ਬਾਣੀ ਨੂੰ ਆਪਣੀ ਸੋਚ ਮੰਡਲ ਵਿੱਚ, ਸੁਰਤਿ ਵਿੱਚ ਟਿਕਾ ਲੈਂਦਾ ਹੈ। ਸਾਹਿਬ ਫ਼ੁਰਮਾਉਂਦੇ ਹਨ ਕਿ ਮੇਰਾ ਤਾਂ ਵੈਦ ਸ਼ਬਦ ਗੁਰੂ ਹੈ, ਜੋ ਨਾਮ ਬਾਣੀ ਦੀ ਦਵਾਈ ਦਿੰਦਾ ਹੈ। ਜਿਸ ਨਾਲ ਮਾਨਸਿਕ ਰੋਗ, ਦੁੱਖ ਤੇ ਮੌਤ ਦਾ ਡਰ ਖ਼ਤਮ ਹੋ ਜਾਂਦਾ ਹੈ। ਮਾਨਸਿਕ ਰੋਗਾਂ ਤੇ ਦੁੱਖਾਂ ਦੀ ਦਵਾਈ ਨਾਮ ਬਾਣੀ ਨੂੰ ਗੁਰੂ ਦੇਣ ਵਾਲਾ ਹੈ, ‘‘ਸਰਬ ਰੋਗ ਕਾ ਅਉਖਦੁ ਨਾਮੁ   ਕਲਿਆਣ ਰੂਪ ਮੰਗਲ ਗੁਣ ਗਾਮ ’’ (ਸੁਖਮਨੀ/ਮਹਲਾ /੨੭੪) ਭਾਵ ਨਾਮ ਬਾਣੀ ਸਾਰੇ ਮਾਨਸਿਕ ਰੋਗਾਂ, ਦੁੱਖਾਂ ਦੀ ਦਵਾਈ ਹੈ। ਨਾਮ ਬਾਣੀ ਨੂੰ ਗਾਉਣਾ ਅਤੇ ਜੀਵਨ ਵਿੱਚ ਵਸਾਉਣਾ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਇਸ ਨਾਲ ਅੰਦਰਲੇ ਸੁੱਖ (ਕਲਿਆਣਕਾਰੀ ਸੁੱਖ) ਮਿਲਦੇ ਹਨ।

ਸਰੀਰਕ ਰੋਗਾਂ ਲਈ ਤਾਂ ਗੁਰੂ ਸਾਹਿਬ ਨੇ ਦਵਾਖਾਨੇ ਖੋਲ੍ਹੇ ਸਨ। ਤਰਨ ਤਾਰਨ ਸਾਹਿਬ ’ਚ ਗੁਰੂ ਅਰਜਨ ਪਾਤਿਸ਼ਾਹ ਨੇ ਕੋਹੜੀਆਂ ਦੇ ਰੋਗ ਨਿਵਾਰਨ ਲਈ ਵੱਡਾ ਦਵਾਖਾਨਾ ਖੋਲ੍ਹਿਆ ਸੀ। ਗੋਇੰਦਵਾਲ ਸਾਹਿਬ ਵਿਖੇ ਭਾਈ ਪ੍ਰੇਮਾ ਕੋਹੜੀ ਦਾ ਇਲਾਜ ਜੜੀ ਬੂਟੀਆਂ ਨਾਲ ਕੀਤਾ ਸੀ। ਬਾਲ ਹਰਗੋਬਿੰਦ ਸਾਹਿਬ ਜੀ ਨੂੰ ਚੇਚਕ ਹੋ ਗਈ ਸੀ ਤਾਂ ਲਾਹੌਰ ਵਿੱਚ ਗੁਰੂ ਸਾਹਿਬ ਨੇ ਚੇਚਕ ਨਿਵਾਰਨ ਦਵਾਈ ਨਾਲ ਇਲਾਜ ਕੀਤਾ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਜਦੋਂ ਦਿੱਲੀ ਚੇਚਕ ਹੋ ਗਈ ਸੀ ਤਾਂ ਉਨ੍ਹਾਂ ਦਾ ਇਲਾਜ ਵੀ ਦਵਾਈਆਂ ਨਾਲ ਕੀਤਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ’ਤੇ ਧੋਖੇ ਨਾਲ ਦੋ ਪਠਾਣਾਂ (ਗੁੱਲ ਖ਼ਾਨ ਅਤੇ ਜਮਸ਼ੇਦ ਖ਼ਾਨ) ਨੇ ਖੰਜ਼ਰ ਨਾਲ ਵਾਰ ਕੀਤਾ ਸੀ ਤਾਂ ਡੂੰਘੇ ਜਖ਼ਮ ਹੋ ਗਏ ਸਨ ਤਾਂ ਉਸ ਵੇਲੇ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੇ ਸ਼ਾਹੀ ਹਕੀਮਾਂ ਨੂੰ ਜਖ਼ਮਾਂ ਦਾ ਇਲਾਜ ਕਰਨ ਲਈ ਭੇਜਿਆ ਸੀ। ਸੋ ਸਰੀਰਕ ਰੋਗਾਂ ਦੀ ਦਵਾਈ ਸੰਸਾਰਕ ਹੈ, ਜੋ ਡਾਕਟਰ, ਵੈਦ ਤੇ ਹਕੀਮ ਦਿੰਦਾ ਹੈ, ਪਰ ਮਾਨਸਿਕ ਰੋਗਾਂ, ਦੁੱਖਾਂ ਦੀ ਦਵਾਈ ਨਾਮ ਬਾਣੀ ਹੈ, ਜੋ ਵੈਦ ਗੁਰੂ ਦਿੰਦਾ ਹੈ, ‘‘ਅਉਖਧੁ ਹਰਿ ਕਾ ਨਾਮੁ ਹੈ; ਜਿਤੁ ਰੋਗੁ ਵਿਆਪੈ   ਸਾਧਸੰਗਿ ਮਨਿ ਤਨਿ ਹਿਤੈ; ਫਿਰਿ ਦੂਖੁ ਜਾਪੈ ’’ (ਮਹਲਾ /੮੧੪) ਨਾਮ ਬਾਣੀ ਵਿਕਾਰਾਂ ਦੇ ਰੋਗ ਦੂਰ ਕਰਨ ਦੀ ਦਵਾਈ ਹੈ। ਇਸ ਨਾਮ ਅੰਮ੍ਰਿਤ, ਨਾਮ ਬਾਣੀ ਨਾਲ ਕਦੇ ਵੀ ਵਿਕਾਰਾਂ ਦੇ ਰੋਗ ਨਹੀਂ ਜ਼ੋਰ ਪਾਉਂਦੇ। ਜਦੋਂ ਜਗਿਆਸੂ ਨੂੰ ਸਤਸੰਗਤ ਵਿੱਚ ਆ ਕੇ ਮਨ ਅਤੇ ਤਨ ਵਿੱਚ ਇਹ ਨਾਮ ਬਾਣੀ ਪਿਆਰੀ ਲੱਗਦੀ ਹੈ, ਫਿਰ ਦੁੱਖ ਨਹੀਂ ਪ੍ਰਤੀਤ ਹੁੰਦੇ। ਫ਼ੁਰਮਾਨ ਹੈ, ‘‘ਬਿਸਰਿ ਗਈ ਸਭ ਤਾਤਿ ਪਰਾਈ   ਜਬ ਤੇ ਸਾਧਸੰਗਤਿ ਮੋਹਿ ਪਾਈ ਰਹਾਉ   ਨਾ ਕੋ ਬੈਰੀ ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ   ਜੋ ਪ੍ਰਭ ਕੀਨੋ ਸੋ ਭਲ ਮਾਨਿਓ; ਏਹ ਸੁਮਤਿ ਸਾਧੂ ਤੇ ਪਾਈ   ਸਭ ਮਹਿ ਰਵਿ ਰਹਿਆ ਪ੍ਰਭੁ ਏਕੈ; ਪੇਖਿ ਪੇਖਿ ਨਾਨਕ ਬਿਗਸਾਈ ’’ (ਮਹਲਾ /੧੨੯੯) ਈਰਖਾ, ਦਵੈਤ, ਨਫ਼ਰਤ ਦੀ ਦਵਾਈ ਨਾਮ ਬਾਣੀ ਹੈ। ਸਤਸੰਗਤ ਵਿੱਚ ਇਸ ਬਾਣੀ ਦੀ ਵਿਚਾਰ ਸੁਣਨ ਨਾਲ ਅਤੇ ਜੀਵਨ ਵਿੱਚ ਵਸਾਉਣ ਨਾਲ ਪਰਾਈ ਤਾਤ (ਈਰਖਾ) ਮਿਟਦੀ ਹੈ। ਇਸ ਨਾਮ ਬਾਣੀ ਦੀ ਦਵਾਈ ਨਾਲ ਕੋਈ ਵੈਰੀ ਬਿਗਾਨਾ ਨਹੀਂ ਲੱਗਦਾ। ਸਾਰੇ ਆਪਣੇ ਜਾਪਦੇ ਹਨ। ਇਹ ਅਕਲ ਗੁਰੂ ਤੋਂ ਨਾਮ ਬਾਣੀ ਦੀ ਦਵਾਈ ਨਾਲ ਆਉਂਦੀ ਹੈ, ਫਿਰ ਦੁਹਰਾ ਦੇਵਾਂ ਕਿ ਮਾਨਸਿਕ ਰੋਗਾਂ ਦੀ ਦਵਾਈ ਨਾਮ ਬਾਣੀ ਹੈ, ਜੋ ਵੈਦ ਗੁਰੂ ਦਿੰਦਾ ਹੈ। ਜਿਸ ਤਰ੍ਹਾਂ ਆਰੰਭ ਵਿੱਚ ਵਿਚਾਰ ਕੀਤੀ ਸੀ ਕਿ ਭਗਤ ਰਵਿਦਾਸ ਜੀ ਆਖਦੇ ਸਨ ਕਿ ਪੰਜ ਰੋਗ ਜੋ ਵਿਕਾਰ ਹਨ, ਇਹ ਪੰਜੇ ਹੀ ਮਨੁੱਖ ਵਿੱਚ ਆ ਜਾਣ ਤਾਂ ਫਿਰ ਆਤਮਿਕ ਜੀਵਨ ਦੀ ਕੋਈ ਆਸ ਨਹੀਂ ਰਹਿੰਦੀ, ਪਰ ਹਾਂ ਜੇਕਰ ਵੈਦ ਗੁਰੂ ਕੋਲੋਂ ਕੋਈ ਵੀ ਜਗਿਆਸੂ ਨਾਮ ਬਾਣੀ ਦੀ ਦਵਾਈ ਜੀਵਨ ਵਿੱਚ ਲੈ ਲਵੇ ਤਾਂ ਇਨ੍ਹਾ ਪੰਜ ਅਸਾਧ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਇਸ ਸੰਸਾਰ ਵਿੱਚ ਜੋ ਜੋ ਵੀ ਨਜ਼ਰ ਆਉਂਦਾ ਹੈ, ਉਸ ਦੇ ਜੀਵਨ ਵਿੱਚ ਕੋਈ ਨਾ ਕੋਈ ਮਾਨਸਿਕ ਵਿਕਾਰ ਦਾ ਰੋਗ ਜ਼ਰੂਰ ਹੈ। ਇਕ ਗੁਰੂ ਹੀ ਹੈ, ਜੋ ਰੋਗ ਰਹਿਤ ਹੈ। ਜੋ ਆਪ ਰੋਗ ਰਹਿਤ ਗੁਰੂ ਵੈਦ ਹੈ, ਉਹੀ ਦੂਸਰਿਆਂ ਨੂੰ ਰੋਗ ਰਹਿਤ ਕਰ ਸਕਦਾ ਹੈ। ਜੋ ਆਪ ਲੋਭ, ਲਾਲਚ, ਕਾਮ, ਕ੍ਰੋਧ ਜਾਂ ਹੰਕਾਰ ਦਾ ਰੋਗੀ ਹੈ, ਉਹ ਕਿਸੇ ਨੂੰ ਅਰੋਗ ਨਹੀਂ ਕਰ ਸਕਦਾ। ਇਸ ਲਈ ਕਿਹਾ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ   ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧) ਭਾਵ ਪਹਿਲਾਂ ਆਪ ਗੁਰੂ ਦਾ ਉਪਦੇਸ਼ ਮੰਨੇ, ਫਿਰ ਦੂਸਰੇ ਨੂੰ ਉਪਦੇਸ਼ ਕਰੇ ਵਰਨਾ ਕਬੀਰ ਸਾਹਿਬ ਆਖਦੇ ਹਨ, ‘‘ਕਬੀਰ ! ਅਵਰਹ ਕਉ ਉਪਦੇਸਤੇ; ਮੁਖ ਮੈ ਪਰਿ ਹੈ ਰੇਤੁ   ਰਾਸਿ ਬਿਰਾਨੀ ਰਾਖਤੇ; ਖਾਯਾ ਘਰ ਕਾ ਖੇਤੁ ੯੮’’ (ਭਗਤ ਕਬੀਰ/੧੩੬੯) ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਜੋ ਰੋਗ ਰਹਿਤ ਵੈਦ ਗੁਰੂ ਹੈ। ਇਸ ਵੈਦ ਗੁਰੂ ਤੋਂ ਹੀ ਨਾਮ ਬਾਣੀ ਦੀ ਔਸ਼ਧੀ ਮਿਲਦੀ ਹੈ। ਇੱਥੋਂ ਹੀ ਹਰ ਮਾਨਸਿਕ ਰੋਗ, ਹਰ ਮਾਨਸਿਕ ਦੁੱਖ ਦੀ ਦਵਾਈ ਉਪਦੇਸ਼ ਦੇ ਰੂਪ ’ਚ ਮਿਲਦੀ ਹੈ। ਭਾਈ ਗੁਰਦਾਸ ਜੀ ਇੱਕ ਕਬਿੱਤ ’ਚ ਕੁਝ ਉਦਾਰਨਾ ਦੇ ਕੇ ਸਮਝਾਉਂਦੇ ਹਨ ‘‘ਜੈਸੇ ਤਉ ਅਨੇਕ ਰੋਗੀ ਆਵਤ ਹੈਂ ਬੈਦ ਗ੍ਰਿਹਿ; ਜੈਸੋ ਜੈਸੋ ਰੋਗ ਤੈਸੋ ਅਉਖਧੁ ਖੁਵਾਵਈ.. ੬੭੪’’ (ਭਾਈ ਗੁਰਦਾਸ ਜੀ/ਕਬਿੱਤ ੬੭੪) ਭਾਵ ਡਾਕਟਰ ਵੈਦ ਇੱਕ ਹੁੰਦਾ ਹੈ। ਉਸ ਦੀ ਕਲੀਨਿਕ ’ਤੇ ਅਨੇਕਾਂ ਹੀ ਰੋਗੀ ਵੱਖਰਾ ਵੱਖਰਾ ਰੋਗ ਲੈ ਕੇ ਆਉਂਦੇ ਹਨ। ਡਾਕਟਰ ਰੋਗੀਆਂ ਤੋਂ ਫੀਸ ਲੈਂਦਾ ਹੈ। ਉਨ੍ਹਾਂ ਨੂੰ ਚੈੱਕ ਕਰਦਾ ਹੈ, ਫਿਰ ਜਿਸ ਤਰ੍ਹਾਂ ਦਾ ਰੋਗ ਹੁੰਦਾ, ਉਸ ਤਰ੍ਹਾਂ ਦੀ ਦਵਾਈ ਕੰਪਾਊਡਰ ਰਾਹੀਂ ਦਿੰਦਾ ਹੈ। ਰੋਗੀ ਨੂੰ ਪਰਹੇਜ਼ ਵੀ ਦੱਸਦਾ ਹੈ। ਜਿਸ ਤਰ੍ਹਾਂ ਬੀ.ਪੀ. ਵਧਿਆ ਹੋਵੇ ਤਾਂ ਡਾਕਟਰ ਨਮਕ ਘੱਟ ਖਾਣ ਤੇ ਤਲੀਆਂ ਚੀਜ਼ਾਂ ਨਾ ਖਾਣ ਦਾ ਪਰਹੇਜ਼ ਦੱਸਦਾ ਹੈ। ਸੈਰ ਕਰਨ ਲਈ ਵੀ ਆਖਦਾ ਹੈ। ਸ਼ੂਗਰ ਹੋਵੇ ਤਾਂ ਮਿੱਠਾ ਘੱਟ ਖਾਣ ਦਾ, ਫਿਕੀ ਚਾਹ ਪੀਣ ਦਾ, ਸ਼ੂਗਰ ਵਾਲੀਆਂ ਚੀਜ਼ਾਂ ਨਾ ਖਾਣ ਦਾ ਪਰਹੇਜ਼ ਦੱਸਦਾ ਹੈ। ਜਦੋਂ ਮਰੀਜ਼ ਯਕੀਨ ਕਰਕੇ ਦਵਾਈ ਖਾਂਦਾ ਹੈ। ਪਰਹੇਜ਼ ਰੱਖਦਾ ਹੈ, ਤਾਂ ਰੋਗ ਹਟ ਜਾਂਦਾ ਹੈ। ਰੋਗੀ ਤੰਦਰੁਸਤ ਹੋ ਕੇ ਖੁਸ਼ ਹੁੰਦਾ ਹੈ। ਦੂਸਰਿਆਂ ਕੋਲ਼ ਵੀ ਡਾਕਟਰ ਦੀ ਸਿਫ਼ਤ ਕਰਦਾ ਹੈ, ਇਸੇ ਤਰ੍ਹਾਂ ਹੀ ਮਾਨਸਿਕ ਰੋਗੀ ਮਰੀਜ਼; ਸਤਿਸੰਗ ਦੀ ਕਲੀਨਿਕ ’ਤੇ ਆਉਂਦੇ ਹਨ। ਵੈਦ ਗੁਰੂ ਦੇ ਉਪਦੇਸ਼ ਦੀ ਦਵਾਈ ਕੰਪਾਊਡਰ (ਪ੍ਰਚਾਰਕ, ਕਥਾਵਾਚਕ) ਦਿੰਦੇ ਹਨ, ਜਿਸ ਜਿਸ ਤਰ੍ਹਾਂ ਦਾ ਰੋਗ ਹੁੰਦਾ ਹੈ, ਉਸ ਦੀ ਦਵਾਈ ਕਥਾ ਵਿੱਚ, ਗੁਰਬਾਣੀ ਰਾਹੀਂ ਦਿੱਤੀ ਜਾਂਦੀ ਹੈ। ਨਾਲ ਪਰਹੇਜ਼ ਰੂਪੀ ਰਹਿਤ ਵੀ ਦੱਸੀ ਜਾਂਦੀ ਹੈ। ਦੇਖੋ ਵੈਦ ਗੁਰੂ ਕਿਸ ਕਿਸ ਤਰ੍ਹਾਂ ਦੀ ਦਵਾਈ ਦਿੰਦਾ ਹੈ। ਫ਼ੁਰਮਾਨ ਹੈ, ‘‘ਉਸਤਤਿ ਮਨ ਮਹਿ ਕਰਿ ਨਿਰੰਕਾਰ   ਕਰਿ ਮਨ ਮੇਰੇ ! ਸਤਿ ਬਿਉਹਾਰ   ਨਿਰਮਲ ਰਸਨਾ; ਅੰਮ੍ਰਿਤੁ ਪੀਉ   ਸਦਾ ਸੁਹੇਲਾ ਕਰਿ ਲੇਹਿ ਜੀਉ   ਨੈਨਹੁ ਪੇਖੁ; ਠਾਕੁਰ ਕਾ ਰੰਗੁ   ਸਾਧਸੰਗਿ ਬਿਨਸੈ; ਸਭ ਸੰਗੁ   ਚਰਨ ਚਲਉ; ਮਾਰਗਿ ਗੋਬਿੰਦ   ਮਿਟਹਿ ਪਾਪ; ਜਪੀਐ ਹਰਿ ਬਿੰਦ   ਕਰ (ਹੱਥਾਂ ਨਾਲ਼) ਹਰਿ ਕਰਮ; ਸ੍ਰਵਨਿ ਹਰਿ ਕਥਾ   ਹਰਿ ਦਰਗਹ ਨਾਨਕ ਊਜਲ ਮਥਾ ’’ (ਸੁਖਮਨੀ/ਮਹਲਾ /੨੮੧) ਅਗਰ ਮਰੀਜ਼ ਨੂੰ ਝੂਠ, ਬੇਈਮਾਨੀ, ਹੇਰਾ ਫੇਰੀ ਦਾ ਰੋਗ ਹੈ ਤਾਂ ਵੈਦ ਗੁਰੂ ਪਰਮੇਸ਼ਰ ਦੀ ਸਿਫ਼ਤ ਸਲਾਹ ਕਰਨ ਦੀ, ਸੱਚ ਬੋਲਣ ਦੀ ਦਵਾਈ ਦਿੰਦਾ ਹੈ। ਬੇਈਮਾਨੀ, ਹੇਰਾਫੇਰੀ, ਝੂਠ ਤੋਂ ਪਰਹੇਜ਼ ਵੀ ਵੈਦ ਗੁਰੂ ਦੱਸਦਾ ਹੈ। ਵੈਦ ਗੁਰੂ ਆਖਦਾ ਹੈ ਕਿ ਜੀਭ ਨਾਲ ਨਾਮ ਅੰਮ੍ਰਿਤ ਪੀਓ, ਫਿਰ ਸਦਾ ਮਾਨਸਿਕ ਦੁੱਖਾਂ ਤੋਂ ਛੁਟਕਾਰਾ ਪਾ ਕੇ ਆਤਮ ਸੁਖ ਵਿਚ ਰਹੋਗੇ। ਅਗਰ ਪਰ ਤਨ, ਪਰ ਧਨ ਦਾ ਰੋਗ ਹੈ ਤਾਂ ਵੈਦ ਗੁਰੂ ਪਰਮੇਸ਼ਰ ਦੇ ਕੌਤਕ ਕੁਦਰਤ ਵਿੱਚੋਂ ਦੇਖਣ ਦੀ ਦਵਾਈ ਦਿੰਦਾ ਹੈ। ਇਸ ਤਰ੍ਹਾਂ ਪਰ ਤਨ ਅਤੇ ਪਰ ਧਨ ਦਾ ਰੋਗ, ਜੋ ਅੱਖਾਂ ਨੂੰ ਲੱਗਾ ਹੈ, ਉਹ ਹਟ ਜਾਵੇਗਾ। ਆਪਣੀ ਪਤਨੀ ਨਾਲ ਸੱਚਾ ਜੀਵਨ ਜਿਊਣ ਦੀ ਹਦਾਇਤ ਕਰਦਾ ਹੈ, ਪਰ ਇਸਤਰੀ ਦਾ ਪਰਹੇਜ਼ ਦੱਸਦਾ ਹੈ। ਅਗਰ ਸ਼ਰਾਬ, ਸ਼ਬਾਬ, ਕਬਾਬ, ਜੂਆ ਖੇਡਣ, ਚੋਰੀ ਕਰਨ ਦਾ ਰੋਗ ਹੈ ਤਾਂ ਵੈਦ ਗੁਰੂ ਸਤਸੰਗ ਕਰਨ ਦੀ ਦਵਾਈ ਦੱਸਦਾ ਹੈ। ਧਰਮ ਦੇ ਮਾਰਗ ’ਤੇ ਚੱਲਣ ਦੀ ਦਵਾਈ ਦਿੰਦਾ ਹੈ। ਨਸ਼ਿਆਂ ਤੋਂ, ਚੋਰੀ ਠੱਗੀ ਤੋਂ, ਚੋਰੀ ਜਾਰੀ ਤੋਂ ਵੈਦ ਗੁਰੂ ਪਰਹੇਜ਼ ਵੀ ਦੱਸਦਾ ਹੈ। ਘਰ ਵਿੱਚ ਕਲਹ ਕਲੇਸ਼ ਦਾ, ਫ਼ਸਾਦ ਦਾ, ਨਿੰਦਾ ਚੁਗਲੀ ਦਾ ਰੋਗ ਹੋਵੇ ਤਾਂ ਵੈਦ ਗੁਰੂ ਸਮਾਜ ਦੀ ਸੇਵਾ ਕਰਨ ਦੀ ਦਵਾਈ ਦੀ ਦਵਾ ਦਿੰਦਾ ਹੈ ਤੇ ਰੋਜ਼ਾਨਾ ਹੀ ਪਰਮੇਸ਼ਰ ਦੀ ਸਿਫ਼ਤ ਸਲਾਹ ਗੁਰਬਾਣੀ ਰਾਹੀਂ ਕਰਨ ਦੀ ਦਵਾਈ ਦਿੰਦਾ ਹੈ। ਇਸ ਤਰ੍ਹਾਂ ਕਲਹ ਕਲੇਸ਼, ਫ਼ਸਾਦ ਦਾ ਰੋਗ ਮਿਟ ਜਾਂਦਾ ਹੈ। ਜਿਸ ਤਰ੍ਹਾਂ ਦਾ ਮਾਨਸਿਕ ਰੋਗ ਹੈ, ਵਿਕਾਰਾਂ ਦਾ ਰੋਗ ਹੈ, ਵੈਦ ਗੁਰੂ ਉਸ ਤਰ੍ਹਾਂ ਦੇ ਉਪਦੇਸ਼ ਦੀ ਦਵਾਈ ਦਿੰਦਾ ਹੈ। ਭਾਈ ਗੁਰਦਾਸ ਜੀ ਦੂਸਰੀ ਵਿਚਾਰ ਆਖਦੇ ਹਨ, ‘‘ਜੈਸੇ ਰਾਜ ਦ੍ਵਾਰ ਲੋਗ ਆਵਤ ਸੇਵਾ ਨਮਿਤ; ਜੋਈ ਜਾਹੀਂ ਜੋਗ, ਤੈਸੀ ਟਹਿਲ ਬਤਾਵਈ.. ੬੭੪’’ (ਭਾਈ ਗੁਰਦਾਸ ਜੀ/ਕਬਿੱਤ ੬੭੪) ਪੁਰਾਣੇ ਸਮੇਂ ਵਿੱਚ ਬਾਦਿਸ਼ਾਹਤ ਰਾਜੇ ਹੁੰਦੇ ਸਨ। ਅੱਜ ਵੀ ਬਹੁਤ ਸਾਰੇ ਇਸਲਾਮਕ ਦੇਸ਼ਾਂ ਵਿੱਚ ਜੱਦੀ ਰਾਜ ਹੈ। ਬਾਦਿਸ਼ਾਹ ਦੇ ਦਰਬਾਰ ਵਿੱਚ ਅਨੇਕ ਹੀ ਸੇਵਾਦਾਰ ਨੌਕਰੀ, ਚਾਕਰੀ ਲਈ ਆਉਂਦੇ ਹਨ। ਬਾਦਿਸ਼ਾਹ ਨੇ ਵੱਖ ਵੱਖ ਮਹਿਕਮਿਆ ਦੇ ਮੁਖੀ ਰੱਖੇ ਹੁੰਦੇ ਹਨ।  ਉਹ ਮੁਖੀ, ਜਿਸ ਜਿਸ ਤਰ੍ਹਾਂ ਦੀ ਯੋਗਤਾ ਵਾਲੇ ਲੋਕ ਆਉਂਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀ, ਅਹੁਦਾ ਦਿੱਤਾ ਜਾਂਦਾ ਹੈ। ਕਿਸੇ ਨੂੰ ਡਿਫੈਂਸ ਮਨਿਸਟਰੀ, ਹੋਮ ਮਨਿਸਟਰੀ, ਕਿਸੇ ਨੂੰ ਐਜੂਕੇਸ਼ਨ ਡਿਪਾਰਟਮੈਂਟ, ਕਿਸੇ ਨੂੰ ਰੇਲ ਮਨਿਸਟਰ, ਕਿਸੇ ਨੂੰ ਐਗਰੀਕਲਚਰ ਮਨਿਸਟਰ, ਕਿਸੇ ਨੂੰ ਸਪੋਰਟ ਮਨਿਸਟਰ, ਕਿਸੇ ਨੂੰ ਪ੍ਰੈਜੀਡੈਂਟ, ਕਿਸੇ ਨੂੰ ਵਾਇਸ ਪ੍ਰੈਜੀਡੈਂਟ, ਕਿਸੇ ਨੂੰ ਚੀਫ ਮਨਿਸਟਰ, ਜਿਸ ਜਿਸ ਤਰ੍ਹਾਂ ਦੀ ਯੋਗਤਾ, ਉਸ ਤਰ੍ਹਾਂ ਦਾ ਅਹੁਦਾ ਦਿੱਤਾ ਜਾਂਦਾ ਹੈ। ਧਰਮ ਦੀ ਦੁਨੀਆ ਵਿੱਚ ਵੀ ਇਸੇ ਤਰ੍ਹਾਂ ਦਾ ਵਰਤਾਰਾ ਚੱਲਦਾ ਹੈ। ਵੈਦ-ਗੁਰੂ ਵੀ ਜਗਿਆਸੂ ਜਨਾਂ ਦਾ ਜੀਵਨ ਅਤੇ ਭਾਵਨਾ ਨੂੰ ਦੇਖ ਕੇ ਉਨ੍ਹਾਂ ਨੂੰ ਆਤਮਕ ਜੀਵਨ ਦਾ ਦਰਜਾ ਦਿੰਦਾ ਹੈ। ਇਤਿਹਾਸ ਵਿੱਚ ਇਸੇ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਯੋਗਤਾ ਦੇ ਆਧਾਰ ’ਤੇ ਭਾਈ ਲਹਿਣਾ ਜੀ ਨੂੰ ਬਚਨ ਕਹੇ ਸਨ ਕਿ ‘ਤੂੰ ਲੈਣਾ ਅਸਾਂ ਦੇਣਾ’। ਆਪਣਾ ਅੰਗ ਬਣਾ ਕੇ ਗੁਰੂ ਅੰਗਦ ਸਾਹਿਬ ਦਾ ਮਾਣ ਬਖਸ਼ਿਆ ਸੀ। ਬਿਧੀ ਚੰਦ ਨੂੰ ‘ਗੁਰੂ ਕਾ ਸੀਨਾ’ ਹੋਣ ਦਾ ਮਾਨ ਬਖਸ਼ਿਆ। ਭਾਈ ਬਹਿਲੋ ਨੂੰ ਸਭ ਤੋਂ ਪਹਿਲੋਂ ਹੋਣ ਦਾ ਮਾਣ ਬਖਸ਼ਿਆ। ਭਾਈ ਬੰਨੋ ਜੀ ਨੂੰ ਪੁਰੋਹਿਤ ਦਾ ਮਾਨ ਬਖਸ਼ਿਆ। ਭਾਈ ਮੰਝ ਜੀ ਨੂੰ ‘ਗੁਰੂ ਕਾ ਬੋਹਿਥਾ’ ਦਾ ਮਾਨ ਬਖਸ਼ਿਆ। ਪੀਰ ਬੁੱਧੂ ਸ਼ਾਹ ਨੂੰ ‘ਤੁਮ ਹੋ ਸਾਚ ਪੀਰ ਕੋ ਆਹਾ’ ਦਾ ਮਾਨ ਬਖਸ਼ਿਆ। ਗੁਰੂ ਅਰਜਨ ਸਾਹਿਬ ਨੂੰ ਛੋਟੀ ਉਮਰ ’ਚ ਗੁਰੂ ਅਮਰਦਾਸ ਜੀ ਨੇ ‘ਦੋਹਤਾ ਬਾਣੀ ਦਾ ਬੋਹਿਥਾ’ ਦਾ ਮਾਣ ਬਖਸ਼ਿਆ। ਭਾਈ ਜੈਤਾ ਜੀ (ਜੀਵਨ ਸਿੰਘ) ਭਾਈ ਉਦੈ ਜੀ (ਉਦੈ ਸਿੰਘ) ‘ਰੰਘਰੇਟੇ ਗੁਰੂ ਕੇ ਬੇਟੇ’ ਕਾ ਮਾਣ ਬਖਸ਼ਿਆ। ਫਿਰ ਜਦੋਂ ਖਿਦਰਾਣੇ ਦੀ ਢਾਬ (ਮੁਕਸਰ ਦੀ ਜੰਗ) ਵਿੱਚ ਮਹਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੁਗਲਾਂ ਤੇ ਪਹਾੜੀਆਂ ਨਾਲ ਜੂਝਦੇ ਹੋਏ ਸ਼ਹੀਦੀਆਂ ਪਾਈਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ 40 ਮੁਕਤਿਆਂ ਨੂੰ ਕਿਹਾ ‘ਆਹ ਮੇਰਾ 10 ਹਜ਼ਾਰੀ, ਆਹ 20 ਹਜ਼ਾਰੀ, ਆਹ 30 ਹਜ਼ਾਰੀ, ਆਹ 40 ਹਜ਼ਾਰੀ ਸਿੰਘ ਹੈ, ਦਾ ਮਾਣ ਬਖਸ਼ਿਆ। ਜੈਸੀ ਯੋਗਤਾ, ਵੈਸਾ ਆਤਮਿਕ ਜੀਵਨ ਦਾ ਮਾਣ ਵੈਦ-ਗੁਰੂ ਬਖਸ਼ਦਾ ਹੈ। ਭਾਈ ਗੁਰਦਾਸ ਜੀ ਤੀਸਰੀ ਵਿਚਾਰ ਆਖਦੇ ਹਨ, ‘‘ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੈਂ; ਜੋਈ ਜੋਈ ਜਾਚੈ, ਦੇ ਦੇ ਦੁਖਨ ਮਿਟਾਵਈ.. ੬੭੪’’ (ਭਾਈ ਗੁਰਦਾਸ ਜੀ/ਕਬਿੱਤ ੬੭੪) ਭਾਵ ਜਿਸ ਤਰ੍ਹਾਂ ਕਿਸੇ ਥਾਂ ’ਤੇ ਕੋਈ ਦਾਨੀ ਪੁਰਸ਼ ਹੁੰਦਾ ਹੈ, ਉਹ ਲੋੜਵੰਦਾਂ ਨੂੰ ਦਾਨ ਦਿੰਦਾ ਹੈ। ਉਸ ਕੋਲ ਕਈ ਲੋੜਵੰਦ ਮੰਗਤੇ, ਆਪਣੀ ਜ਼ਰੂਰਤ ਪੂਰੀ ਕਰਨ ਲਈ ਆਉਂਦੇ ਹਨ। ਉਹ ਦਾਨੀ ਪੁਰਸ ਲੋੜਵੰਦਾਂ ਦੀ ਲੋੜ ਪੂਰੀ ਕਰਕੇ ਉਨ੍ਹਾਂ ਦੇ ਦੁੱਖ, ਦਰਿਦਰ, ਚਿੰਤਾ, ਫਿਕਰ, ਭਟਕਣਾ ਤੇ ਭੁੱਖ ਦੂਰ ਕਰ ਦਿੰਦਾ ਹੈ। ਉਹ ਲੋੜਵੰਦ ਸੰਤੁਸ਼ਟ ਹੋ ਜਾਂਦੇ ਹਨ। ਧਰਮ ਦੀ ਦੁਨੀਆ ਵਿੱਚ ਦਾਤਾ ਇੱਕ ਗੁਰ ਪਰਮੇਸ਼ਰ ਹੀ ਹੈ, ਬਾਕੀ ਅਸੀਂ ਤੁਸੀਂ ਸਭ ਗੁਰੂ ਪਰਮੇਸ਼ਰ ਦੇ ਦਰ ’ਤੇ ਮੰਗਤੇ ਹਾਂ। ਸਾਡੀਆਂ ਲੋੜਾਂ ਵੱਖਰੀਆਂ ਵੱਖਰੀਆਂ ਹਨ। ਗੁਰ ਪਰਮੇਸ਼ਰ ਦਾਤਾ ਹੈ। ਅਸੀਂ ਉਸ ਦੇ ਦਰ ’ਤੇ ਭਿਖਾਰੀ ਹਾਂ, ‘‘ਹਮ ਭੀਖਕ ਭੇਖਾਰੀ ਤੇਰੇ; ਤੂ ਨਿਜ ਪਤਿ ਹੈ ਦਾਤਾ !   ਹੋਹੁ ਦੈਆਲ, ਨਾਮੁ ਦੇਹੁ ਮੰਗਤ ਜਨ ਕੰਉ; ਸਦਾ ਰਹਉ ਰੰਗਿ ਰਾਤਾ ’’ (ਮਹਲਾ /੬੬੬) ਉਹ ਨਿਜਪਤ ਆਪਣੇ ਆਪ ਦਾ ਵੀ ਮਾਲਕ ਹੈ ਭਾਵ ਸੁਤੰਤਰ ਮਾਲਕ ਹੈ। ਉਸ ਦਾਤੇ ਦੇ ਦਰ ’ਤੇ ਅਸੀਂ ਭਿਖਾਰੀ ਹਾਂ। ਉਹ ਦਿਆਲੂ, ਕਿਰਪਾਲੂ ਹੋ ਕੇ ਨਾਮ ਦੀਆਂ, ਉਪਦੇਸ਼ ਦੀਆਂ, ਰੱਬੀ ਗੁਣਾਂ ਦੀਆਂ ਦਾਤਾਂ ਬਖ਼ਸ਼ਦਾ ਹੈ। ਜਗਿਆਸੂ ਨਾਮ ਦੀ ਦਾਤ ਲੈ ਕੇ ਬੇਪਰਵਾਹ, ਆਨੰਦ ਵਿੱਚ ਰਹਿੰਦੇ ਹਨ। ਇਹ ਵੀ ਬਚਨ ਕਹੇ ਹਨ, ‘‘ਤੂ ਪ੍ਰਭ ਦਾਤਾ ! ਦਾਨਿ ਮਤਿ ਪੂਰਾ; ਹਮ ਥਾਰੇ ਭੇਖਾਰੀ ਜੀਉ   ਮੈ ਕਿਆ ਮਾਗਉ, ਕਿਛੁ ਥਿਰੁ ਰਹਾਈ; ਹਰਿ ਦੀਜੈ ਨਾਮੁ ਪਿਆਰੀ ਜੀਉ ’’ (ਮਹਲਾ /੫੯੭) ਭਾਵ ਕਦੇ ਵੀ ਦਾਤਾਂ ਦੇਣ ਤੋਂ ਖੁੰਝਦਾ ਨਹੀਂ ਹੈ ਮਾਲਕ। ਉਹ ਗੁਰ ਪਰਮੇਸ਼ਰ ਸਾਰੇ ਜਗਤ ਦਾ ਦਾਤਾ ਹੈ। ਅਸੀਂ ਉਸ ਦੇ ਦਰ ’ਤੇ ਜਗਿਆਸੂ ਰੂਪ ਭਿਖਾਰੀ ਹਾਂ। ਮੈਂ ਤੇਰੇ ਦਰ ਤੋਂ ਕੀ ਮੰਗਾਂ ! ਕੋਈ ਚੀਜ਼ ਸਦਾ ਥਿਰ ਤਾਂ ਹੈ ਨਹੀਂ। ਹਾਂ ਇੱਕ ਨਾਮ ਬਾਣੀ ਹੈ, ਜੋ ਸਦਾ ਅਟੱਲ ਹੈ। ਮੈਨੂੰ ਨਾਮ ਦੀ ਦਾਤ ਬਖ਼ਸ਼ ਤਾਂ ਕਿ ਮੈਂ ਤੇਰੇ ਪਿਆਰ ਵਿੱਚ ਰਹਾਂ, ‘‘ਕਰਤਾ  ! ਤੂ ਮੇਰਾ ਜਜਮਾਨੁ   ਇਕ ਦਖਿਣਾ ਹਉ ਤੈ ਪਹਿ ਮਾਗਉ; ਦੇਹਿ ਆਪਣਾ ਨਾਮੁ ਰਹਾਉ ’’ (ਮਹਲਾ /੧੩੨੯) ਭਾਵ ਹੇ ਕਰਤਾ ਪੁਰਖ ਜੀਉ ! ਤੂੰ ਮੇਰੇ ਵਾਸਤੇ ਜਜਮਾਨ (ਦਾਨ ਦੇਣ ਵਾਲਾ) ਹੈਂ। ਮੈਂ ਸਿਰਫ਼ ਤੇਰੇ ਦਰ ਤੋਂ ਇੱਕ ਦੱਖਣਾ (ਦਾਤ) ਮੰਗਦਾ ਹਾਂ। ਮੈਨੂੰ ਨਾਮ ਬਾਣੀ ਦੀ ਦਾਤ ਦੇ ਦੇਵੋ ਤਾਂ ਕਿ ਮੈਂ ਸਬਰ, ਸੰਤੋਖ ਵਿੱਚ ਰਹਿ ਸਕਾਂ। ਅਰਦਾਸ ਵਿੱਚ ਵੀ ਅਸੀਂ ਸਭ ਦਾਤਾਂ ਤੋਂ ਸ੍ਰੇਸ਼ਟ ਦਾਤ ਇਹੀ ਮੰਗਦੇ ਹਾਂ ਕਿ ‘ਦਾਨਾ ਸਿਰਿ ਦਾਨ ਨਾਮ ਦਾਨ’ (ਅਰਦਾਸ)। ਗੁਰ ਪਰਮੇਸ਼ਰ ਦਾਤਾ ਹੈ। ਨਾਮ ਦਾਤ ਦੇ ਕੇ ਸਾਰੇ ਹੀ ਮਾਨਸਿਕ ਦੁੱਖ ਖ਼ਤਮ ਕਰ ਦਿੰਦਾ ਹੈ। ਭਾਈ ਗੁਰਦਾਸ ਜੀ ਅਖੀਰ ਵਿੱਚ ਕਥਨ ਕਰਦੇ ਹਨ, ‘‘ਤੈਸੇ ਗੁਰ ਸਰਨ ਆਵਤ ਹੈਂ ਅਨੇਕ ਸਿਖ; ਜੈਸੋ ਜੈਸੋ ਭਾਉ ਤੈਸੀ ਕਾਮਨਾ ਪੁਜਾਵਈ ੬੭੪’’ (ਭਾਈ ਗੁਰਦਾਸ ਜੀ/ਕਬਿੱਤ ੬੭੪) ਭਾਈ ਗੁਰਦਾਸ ਜੀ ਦੀ ਵਿਚਾਰ ਨੂੰ ਦੁਹਰਾਅ ਦੇਵਾਂ ਤਾਂ ਕਿ ਵਿਚਾਰ ਮਨ ਵਿੱਚ ਪੱਕੀ ਹੋ ਜਾਵੇ। ਵੈਦ ਇੱਕ ਹੈ। ਰੋਗੀ ਅਨੇਕ ਹਨ। ਵੈਦ ਸਾਰਿਆਂ ਦੇ ਰੋਗ ਨੂੰ ਜਾਣ ਕੇ ਦਵਾਈ ਦਿੰਦਾ ਹੈ। ਰੋਗ ਮਿਟ ਜਾਂਦੇ ਹਨ। ਦੂਸਰੀ ਬਾਤ ਰਾਜ ਦਰਬਾਰ ਵਿੱਚ ਲੋਕ ਨੌਕਰੀ ਲਈ ਆਉਂਦੇ ਹਨ, ਜੋ ਜਿਸ ਤਰ੍ਹਾਂ ਦੀ ਯੋਗਤਾ ਹੁੰਦੀ ਹੈ, ਉਸ ਨੂੰ ਉਸੇ ਤਰ੍ਹਾਂ ਦਾ ਅਹੁਦਾ ਦੇ ਦਿੱਤਾ ਜਾਂਦਾ ਹੈ। ਤੀਸਰੀ ਬਾਤ ਹੈ ਕਿ ਦਾਨੀ ਪੁਰਸ਼ਾਂ ਕੋਲ ਗਰਜਵੰਦ ਲੋਕ ਆਉਂਦੇ ਹਨ। ਦਾਨੀ ਪੁਰਸ਼ ਉਨ੍ਹਾਂ ਗਰਜਮੰਦਾਂ ਦੀ ਗਰਜ਼ ਪੂਰੀ ਕਰਦਾ ਹੈ। ਉਹ ਖੁਸ਼ੀ ਖੁਸ਼ੀ ਜਾਂਦੇ ਹਨ। ਇਹ ਤਿੰਨ ਗੱਲਾਂ ਕਹਿ ਕੇ ਭਾਈ ਸਾਹਿਬ ਅੰਤ ’ਚ ਆਖਦੇ ਹਨ ਕਿ ਇਸੇ ਤਰ੍ਹਾਂ ਅਨੇਕ ਜਗਿਆਸੂ ਜਨ; ਗੁਰੂ ਸਾਹਿਬ ਜੀ ਦੀ ਚਰਨ-ਸਰਨ; ਆਪਣੀ ਆਪਣੀ ਭਾਵਨਾ ਨੂੰ ਲੈ ਕੇ ਆਉਂਦੇ ਹਨ, ਜਿਸ ਜਿਸ ਤਰ੍ਹਾਂ ਦੀ ਭਉ ਭਾਵਣੀ, ਯੋਗਤਾ, ਜਗਿਆਸੂ ਹੁੰਦੀ ਹੈ, ਗੁਰੂ ਸਾਹਿਬ ਉਸ ਦੀ ਭਾਵਨਾ, ਯੋਗਤਾ ਨੂੰ ਦੇਖ ਕੇ ਉਸ ਦੀ ਕਾਮਨਾ ਗੁਰਮਤਿ ਅਨੁਸਾਰ ਪੂਰੀ ਕਰਦਾ ਹੈ। ਸ਼ਰਧਾ ਤੇ ਵਿਸ਼ਵਾਸ ਗੁਰੂ ’ਤੇ ਹੋਣਾ ਚਾਹੀਦਾ ਹੈ, ‘‘ਸਤਸੰਗਤਿ ਮਹਿ ਨਾਮੁ ਨਿਰਮੋਲਕੁ; ਵਡੈ ਭਾਗਿ ਪਾਇਆ ਜਾਈ   ਭਰਮਿ ਭੂਲਹੁ, ਸਤਿਗੁਰੁ ਸੇਵਹੁ; ਮਨੁ ਰਾਖਹੁ ਇਕ ਠਾਈ   ਬਿਨੁ ਨਾਵੈ ਸਭ ਭੂਲੀ ਫਿਰਦੀ; ਬਿਰਥਾ ਜਨਮੁ ਗਵਾਈ ’’ (ਮਹਲਾ /੯੧੦) ਨਾਮ ਬਾਣੀ ਦੀ ਦਾਤ, ਰੱਬੀ ਗੁਣਾਂ ਦੀ ਦਾਤ, ਕਿਸੇ ਦੁਕਾਨ, ਸਟੋਰ ਤੋਂ ਕਿਸੇ ਕੀਮਤ ਨਾਲ ਨਹੀਂ ਮਿਲਦੀ ਸਗੋਂ ਵੱਡੇ ਭਾਗਾਂ ਨਾਲ, ਗੁਰੂ ਕਿਰਪਾ ਨਾਲ ਨਾਮ-ਦਾਤ ਮਿਲਦੀ ਹੈ। ਸੰਗਤ ਵਿੱਚ ਇਹ ਨਾਮ-ਦਾਤ ਮਿਲਦੀ ਹੈ, ਇਸ ਕਰਕੇ ਭਟਕਣਾ ’ਚ ਪੈ ਕੇ ਕਦੇ ਕੁਰਾਹੇ ਨਾ ਪਵੋ। ਗੁਰੂ ਦੀ ਚਰਨ-ਸਰਨ ਪਏ ਰਹੋ। ਮਨ ਨੂੰ ਕੇਵਲ ਇੱਕ ਗੁਰੂ ਦੇ ਵਿਸ਼ਵਾਸ ’ਚ ਰੱਖੋ। ਗੁਰੂ ਤੋਂ ਬਿਨਾਂ ਤੇ ਨਾਮ ਦੀ ਦਾਤ ਤੋਂ ਬਗੈਰ; ਸਭ ਕੁਰਾਹੇ ਪਏ ਹੋਏ ਹਨ ਅਤੇ ਇਸ ਤਰ੍ਹਾਂ ਆਪਣਾ ਮਨੁੱਖਾ ਜਨਮ ਵਿਅਰਥ ਹੀ ਗੁਆ ਰਹੇ ਹਨ। ਗੁਰੂ ਵੈਦ ਹੀ ਐਸਾ ਮਹਾਨ ਹੈ, ਜੋ ਨਾਮ ਬਾਣੀ ਦੀ ਦਾਤ ਦੇ ਕੇ ਮਾਨਸਿਕ ਰੋਗਾਂ ਨੂੰ ਹਟਾ ਕੇ ਤੰਦਰੁਸਤੀ ਬਖ਼ਸ਼ਦਾ ਹੈ। ਬਚਨ ਹਨ, ‘‘ਸਤਿਗੁਰ ਗੁਣੀ ਨਿਧਾਨ ਹੈ; ਗੁਣ ਕਰਿ ਬਖਸੈ ਅਵਗੁਣਿਆਰੇ ਸਤਿਗੁਰ ਪੂਰਾ ਵੈਦੁ ਹੈ; ਪੰਜੇ ਰੋਗ ਅਸਾਧ ਨਿਵਾਰੇ’’ (ਭਾਈ ਗੁਰਦਾਸ ਜੀ/ਵਾਰ ੨੬ ਪਉੜੀ ੧੯) ਭਾਵ ਗੁਰੂ ਗੁਣਾਂ ਦੇ ਅਥਾਹ ਸਮੁੰਦਰ ਹਨ। ਔਗੁਣਆਰਿਆਂ ਨੂੰ ਬਖਸ਼ ਕੇ ਗੁਣਾਂ ਦੀ ਦਾਤ ਦਿੰਦੇ ਹਨ। ਗੁਰੂ ਮਾਨਸਿਕ ਰੋਗਾਂ ਦਾ ਵੈਦ ਹੈ, ਜੋ ਪੰਜੇ ਅਤੇ ਅਨੇਕਾਂ ਵਿਕਾਰਾਂ ਦੇ ਰੋਗਾਂ ਤੋਂ ਨਾਮ ਬਾਣੀ ਦੀ ਦਵਾਈ ਨਾਲ ਛੁਟਕਾਰਾ ਦਿੰਦੇ ਹਨ। ਸਤਿਗੁਰ ਪਾਤਿਸ਼ਾਹ ਕਿਰਪਾ ਕਰਨ ਤਾਂ ਕਿ ਅਸੀਂ ਵੈਦ ਗੁਰੂ ਤੋਂ ਨਾਮ ਬਾਣੀ ਦੀ ਦਵਾਈ ਲੈ ਕੇ ਮਾਨਸਿਕ ਰੋਗਾਂ ਤੇ ਦੁੱਖਾਂ ਤੋਂ ਛੁਟਕਾਰਾ ਪਾ ਸਕੀਏ ਤੇ ਸਾਡੇ ਸਭ ਲਈ ‘‘ਇਹ ਲੋਕ ਸੁਖੀਏ; ਪਰਲੋਕ ਸੁਹੇਲੇ   ਨਾਨਕ  ! ਹਰਿ ਪ੍ਰਭਿ (ਨੇ) ਆਪਹਿ ਮੇਲੇ ’’ (ਸੁਖਮਨੀ/ਮਹਲਾ /੨੯੩) ਰੂਪ ਦਾਤਾਂ, ਬਰਕਤਾਂ ਮਿਲਦੀਆਂ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ।

LEAVE A REPLY

Please enter your comment!
Please enter your name here