ਮਾਤਾ ਗੁਜਰੀ ਅਤੇ ਸਹਿਬਜਾਦੇ

0
393

ਮਾਤਾ ਗੁਜਰੀ ਅਤੇ ਸਹਿਬਜਾਦੇ

ਮਾਤਾ ਗੁਜਰੀ ਸਮਝਾਉਂਦੀ ਬੱਚਿਆਂ ਨੂੰ,

ਜਾ ਕੇ ਵਿੱਚ ਕਚਿਹਰੀ ਡੋਲਿਓ ਨਾ।

ਪਿਉ ਦਾਦਿਆਂ ਖੱਟਿਆ ਜੋ ਧਰਮ ਖ਼ਾਤਰ,

ਤੁਸੀਂ ਕਿਸੇ ਗੱਲੋਂ ਵੀ ਰੋਲ਼ਿਓ ਨਾ।

ਉਹਨਾਂ ਡਰ ਤੇ ਲਾਲਚ ਦੇਣੇ ਦੋਵੇਂ,

ਤੁਸੀਂ ਕਮਜ਼ੋਰ ਸ਼ਬਦ ਕੋਈ ਬੋਲਿਓ ਨਾ। 

ਛੋਟੀ ਉਮਰਾਂ ਤੇ ਆਸਾਂ ਵੱਡੀਆਂ ਨੇ,

ਕਿਸੇ ਕੀਮਤ ਤੇ ਆਸਾਂ ਮਧੋਲਿਓ ਨਾ।

ਅੱਗੋਂ ਬੱਚਿਆਂ ਨੇ ਦਾਦੀ ਨੂੰ ਜਵਾਬ ਦਿੱਤਾ,

ਤੁਸੀਂ ਕੱਢ ਦਿਓ ਮਨ ’ਚੋਂ ਭਰਮ ਦਾਦੀ ਜੀ !

ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ਜੀ,

ਅੱਗੇ ਰੱਖਣਾ ਅਸਾਂ ਪਹਿਲਾਂ ਧਰਮ ਦਾਦੀ ਜੀ !

ਅਸੀਂ ਤਸੀਹਿਆਂ ਤੋਂ ਨਹੀਂ ਡਰਨ ਵਾਲੇ,

ਜੋ ਮਰਜ਼ੀ ਉਹ ਪਏ ਕਰਨ ਦਾਦੀ ਜੀ !

ਲੱਖਾਂ ਲਾਲਚਾਂ ਡਰਾਵਿਆਂ ਨੂੰ ਠੁਕਰਾਅ ਅਸੀਂ

ਕਰ ਲਵਾਂਗੇ ਕਬੂਲ ਮਰਨ ਦਾਦੀ ਜੀ !

ਮੇਜਰ ਸਿੰਘ (ਬੁਢਲਾਡਾ) ੯੪੧੭੬-੪੨੩੨੭, ੯੪੧੭੬-੪੨੩੨੭