ਮਾਈ ! ਮੋਰੋ ਪ੍ਰੀਤਮੁ ਰਾਮੁ ਬਤਾਵਹੁ; ਰੀ ਮਾਈ ! ॥

0
722

ਮਾਈ  ! ਮੋਰੋ ਪ੍ਰੀਤਮੁ ਰਾਮੁ ਬਤਾਵਹੁ; ਰੀ ਮਾਈ  ! ॥

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ ਤੇ ਐਡਮਨਿਸਟੇਸ਼ਨ)

ਮਾਈ  ! ਮੋਰੋ ਪ੍ਰੀਤਮੁ ਰਾਮੁ ਬਤਾਵਹੁ; ਰੀ ਮਾਈ  ! ॥

ਹਉ, ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ; ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥

ਹਮਰਾ ਮਨੁ ਬੈਰਾਗ ਬਿਰਕਤੁ ਭਇਓ; ਹਰਿ ਦਰਸਨ ਮੀਤ ਕੈ ਤਾਈ ॥

ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ; ਤੈਸੇ ਮੋਹਿ ਹਰਿ ਬਿਨੁ, ਰਹਨੁ ਨ ਜਾਈ ॥੧॥

ਰਾਖੁ ਸਰਣਿ ਜਗਦੀਸੁਰ ਪਿਆਰੇ  ! ਮੋਹਿ ਸਰਧਾ ਪੂਰਿ ਹਰਿ ਗੁਸਾਈ  ! ॥

ਜਨ ਨਾਨਕ ਕੈ ਮਨਿ ਅਨਦੁ ਹੋਤ ਹੈ; ਹਰਿ ਦਰਸਨੁ ਨਿਮਖ ਦਿਖਾਈ ॥੨॥ (ਮ: ੪/੩੭੦)

ਇਹ ਬਿਰਹਾ ਤੇ ਬੈਰਾਗ ਸੰਯੁਕਤ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੩੭੦ ’ਤੇ ਆਸਾ ਰਾਗ ਅੰਦਰ ‘ਆਸਾਵਰੀ ਮਹਲਾ ੪’ ਸਿਰਲੇਖ ਅਧੀਨ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ।

ਗੁਰੂ ਰਾਮਦਾਸ ਜੀ ਆਪਣੇ ਇੱਕ ਹੋਰ ਸ਼ਬਦ ਦੀ ‘ਰਹਾਉ’ ਵਾਲੀ ਪੰਗਤੀ ’ਚ, ਜੋ ਵਿਰਹਾ ਤੇ ਰੱਬੀ ਵਿਛੋੜੇ ਨਾਲ ਸੰਬੰਧਿਤ ਹੈ, ਰਾਹੀਂ ਸਮਝਾਉਂਦੇ ਹਨ ਕਿ ‘‘ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ ਹਮਰੀ ਬੇਦਨ ਹਰਿ ਪ੍ਰਭੁ ਜਾਨੈ; ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥’’ (ਮ: ੪/੮੬੨) ਹਥਲੇ ਵਿਸ਼ੇ ਵਾਲੀ ਭਾਵਨਾ ਨੂੰ ਹੀ ਕਲਮ ਬੰਦ ਕਰਦੇ ਹੋਇ ਪ੍ਰਭੂ ਵਿਛੋੜੇ ਦੀ ਪੀੜਾ ਤੇ ਮਿਲਾਪ ਦੀ ਤਾਂਘ ਨੂੰ ਵਰਣਨ ਕਰਦੇ ਹਨ।

ਜਿਸ ਨੂੰ ਰੋਜ਼ ਯਾਦ ਕਰੀਏ; ਇਹ ਯਾਦ (ਸਿਮਰਨ), ਪਿਆਰ ਦਾ ਰੂਪ ਧਾਰ ਕੇ ਬਿਰਹੇ ਦੀ ਪੀੜਾ ਨੂੰ ਜਨਮ ਦਿੰਦੀ ਹੈ। ਬਿਰਹੀ ਹਿਰਦਾ ਆਪਣੇ ਪਤੀ ਦੇ ਮਿਲਾਪ ਦੀ ਉਡੀਕ ਵਿਚ ਤੜਪਦਾ ਹੈ, ‘‘ਦਰਸਨ ਪਿਆਸੀ ਦਿਨਸੁ ਰਾਤਿ, ਚਿਤਵਉ ਅਨਦਿਨੁ ਨੀਤ ॥’’ (ਮ: ੫/੭੦੩) ਨੂੰ ਮਿਲਣ ਦੀ ਲੋਚਾ ਹਰ ਦਮ ਅੰਦਰ ਬਣੀ ਰਹਿੰਦੀ ਹੈ; ਜਿਵੇਂ

‘‘ਮੋਹਿ ਲਾਗਤੀ ਤਾਲਾਬੇਲੀ ॥ ਬਛਰੇ ਬਿਨੁ; ਗਾਇ ਅਕੇਲੀ ॥੧॥ ਪਾਨੀਆ ਬਿਨੁ; ਮੀਨੁ ਤਲਫੈ ॥

ਐਸੇ ਰਾਮ ਨਾਮਾ ਬਿਨੁ; ਬਾਪੁਰੋ ਨਾਮਾ ॥੧॥ ਰਹਾਉ ॥’’ (ਭਗਤ ਨਾਮਦੇਵ/੮੭੪)

ਸਚ ਮੁਚ ‘ਰਾਮ ਨਾਮ ਬਿਨੁ’ ਜਗਿਆਸੂ ‘ਬਾਪਰੋ’ ਭਾਵ ਵਿਚਾਰਾ ਹੀ ਹੈ। ਰਾਮ ਨਾਮ ਦੀ ਪ੍ਰਾਪਤੀ ਦੇ ਰਾਹ ਵਿੱਚ ਛਲ ਰੂਪ ਮਾਇਆ ਖੜ੍ਹੀ ਹੈ। ਜਦੋਂ ਜੀਵ ਮਾਇਆ ਦੇ ਵਿੱਚ ਜਾ ਫਸਦਾ ਹੈ ਤਾਂ ਇਸ ਦੀ ਸਮਝ ’ਤੇ ਪਰਦਾ ਪੈ ਜਾਂਦਾ ਹੈ, ਜਿਸ ਕਰ ਕੇ ਇਹ ਪ੍ਰਭੂ ਨੂੰ ਭੁੱਲ ਜਾਂਦਾ ਹੈ। ਮਾਇਆ ਨੇ ਆਪਣਾ ਅਜਿਹਾ ਜਾਲ ਪਸਾਰਿਆ ਹੈ ਕਿ ਇਸ ਵਿੱਚ ਫਸਿਆ ਜੀਵ-ਪੰਛੀ, ਇਸ ਤੋਂ ਬਾਹਰ ਹੀ ਨਹੀਂ ਨਿਕਲ ਸਕਦਾ । ਗੁਰਦੇਵ ਫੁਰਮਾਂਦੇ ਹਨ :

‘‘ਮਾਇਆ ਜਾਲੁ ਪਸਾਰਿਆ; ਭੀਤਰਿ ਚੋਗ ਬਣਾਇ ॥

ਤ੍ਰਿਸਨਾ ਪੰਖੀ ਫਾਸਿਆ; ਨਿਕਸੁ ਨ ਪਾਏ ਮਾਇ  ! ॥ (ਮ: ੫/੫੦)

ਮਾਇਆ ਜਾਲ ਵਿੱਚ ਫਸਿਆ ਜੀਵ ਆਪਣੇ ਪ੍ਰੀਤਮ ਦਾ ਰਾਹ ਤੱਕਦਾ ਹੈ ਤੇ ਰਾਹ ਤੱਕਦਿਆਂ-ਤੱਕਦਿਆਂ ਅੱਖਾਂ ਸਜਲ ਹੋ ਜਾਂਦੀਆਂ ਹਨ, ‘‘ਪੰਥੁ ਨਿਹਾਰੈ ਕਾਮਨੀ; ਲੋਚਨ ਭਰੀ ਲੇ ਉਸਾਸਾ॥ ਉਰ ਨ ਭੀਜੈ, ਪਗੁ ਨਾ ਖਿਸੈ; ਹਰਿ ਦਰਸਨ ਕੀ ਆਸਾ ॥ (ਭਗਤ ਕਬੀਰ/੩੩੮), ਮੰਦਰਿ ਚਰਿ ਕੈ ਪੰਥੁ ਨਿਹਾਰਉ; ਨੈਨ ਨੀਰਿ ਭਰਿ ਆਇਓ ॥’’ (ਮ: ੫/੬੨੪), ਆਦਿ।

ਮਿਲਣ ਦੀ ਤਾਂਘ ਜਦ ਅੱਖਾਂ ਰਾਹੀਂ ਪਾਣੀ ਬਣ ਕੇ ਬਰਸ ਪੈਂਦੀ ਹੈ ਤਾਂ ਬਿਰਹੀ ਗੀਤਾਂ ਦਾ ਜਨਮ ਹੁੰਦਾ ਹੈ। ਇਹ ਬਿਰਹੀ ਗੀਤ ਅਧਿਆਤਮਕ ਦੁਨੀਆ ਦਾ ਸਭ ਤੋਂ ਵੱਡਾ ਸਰਮਾਇਆ ਹੈ।

ਇਹ ਪ੍ਰੇਮ ਦਾ ਪੰਥ ਹੈ। ਇਸ ਮਾਰਗ ’ਤੇ ਚੱਲਣ ਵਾਲੇ ਨੂੰ ‘‘ਏ ਦੁਇ ਨੈਨਾ ਮਤਿ ਛੁਹਉ; ਪਿਰ ਦੇਖਨ ਕੀ ਆਸ ॥’’ (ਬਾਬਾ ਫਰੀਦ/੧੩੮੨) ਲਗੀ ਰਹਿੰਦੀ ਹੈ। ਉਹ ਪ੍ਰਭੂ ਮਿਲਾਪ ਲਈ ਰੱਬੀ ਸੰਤਾਂ, ਪ੍ਰਭੂ ਪਿਆਰਿਆਂ ਦੀ ਲੋੜੀਂਦੀ ਸਹਾਇਤਾ ਲਈ ਜੋਦੜੀਆਂ ਕਰਦਾ ਹੈ, ਤਰਲਾ ਲੈਂਦਾ ਹੈ, ਉਹ ਦਰਸ਼ਨ ਦਾ ਮੁੱਲ ਤਾਰਨ ਲਈ ਮਨੁ, ਤਨੁ ਤੇ ਧਨੁ ਸਭ ਕੁਝ ਵਾਰਨ ਲਈ ਤਿਆਰ ਹੋ ਜਾਂਦਾ ਹੈ। ਅਜਿਹੇ ਸੰਕੇਤ ਗੁਰਬਾਣੀ ਵਿੱਚੋਂ ਮਿਲਦੇ ਹਨ, ‘‘ਹਉ ਮਨੁ ਅਰਪੀ, ਸਭੁ ਤਨੁ ਅਰਪੀ; ਅਰਪੀ ਸਭਿ ਦੇਸਾ ॥ ਹਉ ਸਿਰੁ ਅਰਪੀ, ਤਿਸੁ ਮੀਤ ਪਿਆਰੇ; ਜੋ ਪ੍ਰਭ ਦੇਇ ਸਦੇਸਾ ॥ (ਮ: ੫/੨੪੭), ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ; ਹਉ ਤਿਸੁ ਪਹਿ ਆਪੁ ਵੇਚਾਈ॥’’ (ਮ: ੪/੭੫੭) ਜਾਂ ‘‘ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ; ਹਉ ਤਿਸੁ ਵਿਟਹੁ, ਬਲਿ ਬਲਿ ਘੁਮਿ ਗਈਆ ॥’’ (ਮ: ੪/੮੩੬), ਆਦਿ।

ਅਜਿਹੇ ਜਗਿਆਸੂ ਜਾਂ ਜੀਵ ਇਸਤ੍ਰੀ ਦੇ ਅੰਦਰ ਇਹ ਲੋਚਾ ਹੁੰਦੀ ਹੈ ਕਿ ਗੁਰੂ ਜੀ ਦੇ ਚਰਨਾਂ ਦੀ ਧੂੜੀ ਮੇਰੇ ਮੱਥੇ ’ਤੇ ਕਦੋਂ ਲਗੇਗੀ ਕਦੋਂ ਦਇਆ ਸਰੂਪ ਸਤਿਗੁਰੂ ਜੀ ਦਾ ਦਰਸ਼ਨ ਨੇਤ੍ਰਾਂ ਨਾਲ ਵੇਖਾਂਗੀ ? ਪਿਆਰੇ ਦੇ ਅੰਮ੍ਰਿਤ ਬਚਨ, ਕੰਨਾਂ ਨਾਲ ਕਦੋਂ ਸੁਣਾਂਗੀ ਅਤੇ ਕਦੋਂ ਆਪਣੀ ਰਸਨਾ ਨਾਲ ਗੁਰੂ ਜੀ ਅੱਗੇ ਬੇਨਤੀ ਕਰਾਂਗੀ ? ਗੁਰੂ ਚਰਨਾਂ ’ਤੇ ਡੰਡਉਤ ਬੰਦਨਾ ਕਦੋਂ ਕਰਾਂਗੀ ਅਤੇ ਪ੍ਰਕਰਮਾਂ ਦੀ ਰੇਖਾ ’ਤੇ ਕਦੋਂ ਤੁਰਾਂਗੀ ? ਜੋ ਪ੍ਰਾਣ ਪਤੀ ਜੀ ਦੀ ਪ੍ਰੇਮਾ ਭਗਤੀ ਹੈ, ਉਹ ਮੈਨੂੰ ਕਦੋਂ ਪ੍ਰਤੱਖ ਹੋਵੇਗੀ, ਜਿਸ ਕਰ ਕੇ ਗਿਆਨ ਧਿਆਨ ਨੂੰ ਪ੍ਰਾਪਤ ਕਰ ਕੇ ਜੀਵਨ ਪਦ ਨੂੰ ਜਾਣ ਸਕਾਂਗੀ। ਭਾਈ ਗੁਰਦਾਸ ਜੀ ਦਾ ਕਥਨ ਹੈ :

ਕਬ ਲਾਗੈ ਮਸਤਕਿ ਚਰਨਨ ਰਜ  ? ਦਰਸੁ ਦਇਆ ਦ੍ਰਿਗਨ ਕਬ ਦੇਖਉ  ?।

ਅੰਮ੍ਰਿਤ ਬਚਨ ਸੁਨਉ ਕਬ ਸ੍ਰਵਨਨ  ? ਕਬ ਰਸਨਾ ਬੇਨਤੀ ਬਿਸੇਖਉ।

ਕਬ ਕਰ ਕਰਉ ਡੰਡਉਤ ਬੰਦਨਾ  ? ਪਗਨ ਪਰਿਕ੍ਰਮਾਦਿ ਪੁਨ ਰੇਖਉ।

ਪ੍ਰੇਮ ਭਗਤ ਪ੍ਰਤਛਿ ਪ੍ਰਾਨਪਤਿ; ਗਿਆਨ ਧਿਆਨ ਜੀਵਨ ਪਦ ਲੇਖਉ ॥੪੦੧॥ (ਭਾਈ ਗੁਰਦਾਸ ਜੀ/ਕਬਿੱਤ)

ਬਸ, ਇਹ ਸਾਚੀ ਲਿਵ ਜਾਂ ਜੁੜੀ ਹੋਈ ਬਿਰਤੀ ਦੀ ਬਰਕਤ ਹੈ ਅਜਿਹੀ ਰੱਬੀ ਨਾਲ ਜੁੜੀ ਸੁਰਤਿ ਮੁੜ ਟੁਟ ਕੇ ਹੋਰ ਪਾਸੇ ਨਹੀਂ ਜਾਂਦੀ ਗੁਰਵਾਕ ਹਨ : ‘‘ਹਰਿ ਆਪੇ ਲਏ ਮਿਲਾਇ; ਕਿਉ ਵੇਛੋੜਾ ਥੀਵਈ  ? ਬਲਿ ਰਾਮ ਜੀਉ ॥ ਜਿਸ ਨੋ ਤੇਰੀ ਟੇਕ; ਸੋ ਸਦਾ ਸਦ ਜੀਵਈ, ਬਲਿ ਰਾਮ ਜੀਉ ॥’’ (ਮ: ੫/੭੭੮)

ਸੋ, ਸਦੀਵ ਸੁੱਖ ਅਕਾਲ ਪੁਰਖ ਨਾਲ ਜੁੜਨ ਵਿੱਚ ਹੈ ਪਰ ਹੁਣ ‘‘ਪ੍ਰਿਅ ਕੀ ਪ੍ਰੀਤਿ ਪਿਆਰੀ ॥’’ (ਮ: ੫/੧੧੨੦) ਲਈ ਕੀ ਯਤਨ ਕੀਤੇ ਜਾਣ  ? ਗੁਰੂ ਜੀ ਨੇ ਇਸ ਦਾ ਉੱਤਰ ਇਉਂ ਦਿੱਤਾ ਹੈ, ‘‘ਕਉਨੁ ਸੁ ਜਤਨੁ, ਉਪਾਉ ਕਿਨੇਹਾ  ? ਸੇਵਾ ਕਉਨ ਬੀਚਾਰੀ  ? ॥ ਮਾਨੁ ਅਭਿਮਾਨੁ ਮੋਹੁ ਤਜਿ, ਨਾਨਕ  ! ਸੰਤਹ ਸੰਗਿ ਉਧਾਰੀ ॥’’ (ਮ: ੫/੧੧੨੦)

ਇਸੇ ਬੈਰਾਗ ਤੇ ਵਿਛੇੜੇ ਦੀ ਤੜਪ ਵਿੱਚ ਗੁਰੂ ਰਾਮਦਾਸ ਜੀ ਹਥਲੇ ਸ਼ਬਦ ਦੀ ‘ਰਹਾਉ’ ਵਾਲੀ ਪੰਗਤੀ ਰਾਹੀਂ ਫ਼ੁਰਮਾਨ ਕਰਦੇ ਹਨ, ‘‘ਮਾਈ  ! ਮੋਰੋ ਪ੍ਰੀਤਮੁ ਰਾਮੁ ਬਤਾਵਹੁ; ਰੀ ਮਾਈ  ! ॥ ਹਉ, ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ; ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥’’ ਭਾਵ ਹੇ ਮਾਂ  ! ਮੈਨੂੰ ਦੱਸ, ਪਿਆਰਾ ਰਾਮ ਕਿੱਥੇ ਹੈ ਉਸ ਨੂੰ ਵੇਖ ਕੇ ਮੇਰਾ ਮਨ ਇਉਂ ਪ੍ਰਸੰਨ ਹੁੰਦਾ ਹੈ, ਜਿਵੇਂ ਊਠ ਦਾ ਬੱਚਾ ਵੇਲਾਂ ਵੇਖ ਕੇ ਖ਼ੁਸ਼ ਹੁੰਦਾ ਹੈ। ਮੈਂ ਉਸ ਹਰੀ ਦੇ ਦਰਸ਼ਨ ਤੋਂ ਬਿਨਾਂ ਇਕ ਖਿਨ ਜਾਂ ਇਕ ਪਲ ਭੀ ਨਹੀਂ ਰਹਿ ਸਕਦਾ॥ ਰਹਾਉ॥੧॥

ਸ਼ਬਦ ਦੇ ਪਹਿਲੇ ਬੰਦ ਵਿੱਚ ਫ਼ੁਰਮਾਨ ਕਰਦੇ ਹਨ : ‘‘ਹਮਰਾ ਮਨੁ ਬੈਰਾਗ ਬਿਰਕਤੁ ਭਇਓ; ਹਰਿ ਦਰਸਨ ਮੀਤ ਕੈ ਤਾਈ ॥ ਜੈਸੇ ਅਲਿ ਕਮਲਾ ਬਿਨੁ, ਰਹਿ ਨ ਸਕੈ; ਤੈਸੇ ਮੋਹਿ ਹਰਿ ਬਿਨੁ, ਰਹਨੁ ਨ ਜਾਈ ॥੧॥’’ ਭਾਵ ਗੁਰੂ ਜੀ ਦੇ ਕਹਿਣ ਤੋਂ ਮੁਰਾਦ ਹੈ ਕਿ ਹੇ ਮਾਂ  ! ਪ੍ਰਭੂ ਦੇ ਦਰਸ਼ਨ ਦੀ ਖਾਤਰ ਮੇਰਾ ਮਨ ਉਤਾਵਲਾ ਹੋ ਰਿਹਾ ਹੈ, ਮੇਰਾ ਮਨ ਦੁਨੀਆ ਵੱਲੋਂ ਉਪਰਾਮ ਹੋਇਆ ਪਿਆ ਹੈ, ਜਿਵੇਂ ਭੌਰਾ, ਕੌਲ ਫੁੱਲ ਤੋਂ ਬਿਨਾਂ ਨਹੀਂ ਰਹਿ ਸਕਦਾ, ਤਿਵੇਂ ਮੈਥੋਂ ਭੀ ਪ੍ਰਮਾਤਮਾ ਦੇ ਦਰਸ਼ਨਾ ਤੋਂ ਬਿਨਾਂ ਰਿਹਾ ਨਹੀਂ ਜਾ ਸਕਦਾ।

ਅਖੀਰਲੇ (ਭਾਵ ਦੂਜੇ) ਬੰਦ ਅੰਦਰ ਸਤਿਗੁਰੂ ਜੀ ਪ੍ਰਭੂ ਪਿਆਰੇ ਅੱਗੇ ‘‘ਜਨ ਨਾਨਕ ਕੀ ਸਰਧਾ ਪੂਰਹੁ, ਠਾਕੁਰ  ! ਭਗਤ ਤੇਰੇ ਨਮਸਕਾਰੇ ॥’’ (ਮ: ੫/੬੮੧) ਫ਼ੁਰਮਾਨ ਵਾਂਗ ਨਿਮ੍ਰਤਾ ਸਹਿਤ ਜੋਦੜੀ-ਅਰਦਾਸ ਕਰਦੇ ਹਨ, ਕਿ ‘‘ਰਾਖੁ ਸਰਣਿ ਜਗਦੀਸੁਰ ਪਿਆਰੇ  ! ਮੋਹਿ ਸਰਧਾ ਪੂਰਿ ਹਰਿ ਗੁਸਾਈ  ! ॥ ਜਨ ਨਾਨਕ ਕੈ ਮਨਿ ਅਨਦੁ ਹੋਤ ਹੈ; ਹਰਿ ਦਰਸਨੁ ਨਿਮਖ ਦਿਖਾਈ ॥੨॥’’ ਭਾਵ ਹੇ ਜਗਤ ਦੇ ਮਾਲਕ  ! ਹੇ ਪਿਆਰੇ  ! ਹੇ ਹਰੀ  ! ਹੇ ਧਰਤੀ ਦੇ ਖਸਮ  ! ਮੈਨੂੰ ਆਪਣੀ ਸ਼ਰਨ ਵਿੱਚ ਰੱਖ, ਮੇਰੀ ਇਹ ਤਾਂਘ ਪੂਰੀ ਕਰ। ਜਦੋਂ ਤੇਰਾ ਦਰਸ਼ਨ ਹੁੰਦਾ ਹੈ ਤਦੋਂ ਤੇਰੇ ਦਾਸ ਨਾਨਕ ਦੇ ਮਨ ਵਿੱਚ ਚਾਉ ਪੈਦਾ ਹੋ ਜਾਂਦਾ ਹੈ। ਹੇ ਹਰੀ  ! ਮੈਨੂੰ ਨਾਨਕ ਨੂੰ ਅੱਖ ਝਮਕਣ ਜਿਤਨੇ ਸਮੇਂ ਵਾਸਤੇ ਹੀ ਆਪਣਾ ਦੀਦਾਰ ਬਖ਼ਸ਼ਿਸ਼ ਕਰੋ; ਤਾਂ ਤੇ ਹਰ ਮਨੁੱਖ ਮਾਤ੍ਰ ਨੂੰ ਇਸ ਮਨੁੱਖਾ ਦੇਰੀ ਦੀ ਸਫਲਤਾ ਲਈ, ਗੁਰੂ-ਮਾਂ ਅਗੇ ਇਹ ਤਰਲਾ ਲੈਂਦੇ ਹੀ ਰਹਿਣਾ ਚਾਹੀਦਾ ਹੈ:

ਮਾਈ  ! ਮੋਰੋ ਪ੍ਰੀਤਮੁ ਰਾਮੁ ਬਤਾਵਹੁ; ਰੀ ਮਾਈ  ! ॥

ਹਉ, ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ;

ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥