ਮਾਤ ਗਰਭ ਮਹਿ, ਆਪਨ ਸਿਮਰਨੁ ਦੇ
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ-98112-92808
ਇਸ ਗੁਰਮੱਤ ਪਾਠ ਦੀ ਲੋੜ ਕਿਉਂ ?– (ਨੁੱਕਤਾ-੧) ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਲਫ਼ਜ਼ ‘ਮਾਤ ਗਰਭ’ ਕੇਵਲ ਇਕ ਜਾਂ ਦੋ ਵਾਰ ਨਹੀਂ, ਬਲਕਿ ਬਹੁਤ ਵਾਰ ਆਇਆ ਹੈ ਪਰ ਇਸ ਸੰਬੰਧੀ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਗੁਰਬਾਣੀ ’ਚ ਜਿੰਨੀ ਵਾਰ ਵੀ ਲਫ਼ਜ਼ ‘ਮਾਤ ਗਰਭ’ ਆਇਆ ਹੈ ਉਹਕੇਵਲ ਤੇ ਕੇਵਲ ‘ਮਾਤਾ ਦੇ ਗਰਭ’ ਵਾਸਤੇ ਹੀ ਆਇਆ ਹੈ, ਇਹ ਲਫ਼ਜ਼ ਹੋਰ ਕਿਸੇ ਵੀ ਅਰਥ ’ਚ ਨਹੀਂ ਆਇਆ।
ਦਰਅਸਲ ਸਾਨੂੰ ਇੱਥੇ ਇਹ ਵਿਸ਼ਾ ਇਸ ਲਈ ਹੱਥ ’ਚ ਲੈਣਾ ਪਿਆ ਕਿਉਂਕਿ ਸੰਪੂਰਨ ਗੁਰਬਾਣੀ ’ਚ ਲਫ਼ਜ਼ ‘ਮਾਤ ਗਰਭ’, ਕਿੱਧਰੇ ਤੇ ਇਕ ਵਾਰ ਵੀ ‘ਮਾਇਆ ਦੇ ਗਰਭ’ ਜਾਂ ‘ਮਾਇਆ ਰੂਪੀ ਗਰਭ’ ਜਾਂ ‘ਮਾਇਆ ਰੂਪੀ ਗਰਭ ਦੇ ਸਮੁੰਦਰ ਵਿੱਚ ਜਿੱਥੇ ਹੰਸ ਹੇਤ ਕੋਪ ਆਦਿ ਵਿਕਾਰਾਂ ਦੀਆਂ ਲਹਿਰਾਂ ਠਾਠਾਂ ਮਾਰ ਰਹੀਆਂ ਹਨ’ ਆਦਿ ਦੇ ਅਰਥਾਂ ’ਚ ਨਹੀਂ ਆਇਆ; ਜੈਸਾ ਕਿ ਅੱਜ ਇਸ ਬਾਰੇ ਅਜਿਹਾ ਸੁਨਣ-ਪੜ੍ਹਨ ’ਚ ਆਉਣਾ ਸ਼ੁਰੂ ਹੋ ਗਿਆ ਹੈ। ਫਿਰ ਗੁਰਬਾਣੀ ’ਚ ਲਫ਼ਜ਼ ਗਰਭ, ਬੇਅੰਤ ਵਾਰ ਆਇਆ ਪਰ ਵੱਖਰੇ-ਵੱਖਰੇ ਤੇ ਭਿੰਨ ਭਿੰਨ ਪ੍ਰਕਰਣਾਂ ’ਚ, ਜਿਨਾਂ ਨੂੰ ਲੋੜ ਅਨੁਸਾਰ ਸਮੇਂ-ਸਮੇਂ ਨਾਲ ਲਿਆ ਜਾਂਦਾ ਰਿਹਾ ਹੈ ਅਤੇ ਅੱਗੋਂ ਵੀ ਲਿਆ ਜਾ ਸਕਦਾ ਹੈ।
ਇਸ ਲਈ ਸੰਬੰਧਤ ਸੱਜਣਾਂ ਦੇ ਚਰਨਾਂ ’ਚ ਅਤੀ ਸਤਿਕਾਰ ਸਹਿਤ ਬੇਨਤੀ ਹੈ ਕਿ ਗੁਰਬਾਣੀ ਵਿੱਚਲੇ ਲਫ਼ਜ਼ ‘ਮਾਤ ਗਰਭ’ ਨੂੰ ‘ਮਾਤਾ ਦੇ ਗਰਭ’ ਦੇ ਮੂਲ ਅਰਥਬਦਲੇ, ਜਾਣੇ-ਅਣਜਾਣੇ, ਇਸ ਦੇ ਅਰਥ ‘ਮਾਇਆ ਦੇ ਗਰਭ’ ਜਾਂ ‘ਮਾਇਆ ਰੂਪੀ ਗਰਭ’ ਆਦਿ ਲੈਣੇ, ਗੁਰਬਾਣੀ ਦੀ ਬੇਅਦਬੀ ਵੀ ਹੈ ਤੇ ਇਹ ਗੁਰਬਾਣੀ ਸਿਧਾਂਤ ਦੇ ਵਿਰੁਧ ਵੀ ਹੈ।
(ਨੁੱਕਤਾ-2) ਗੁਰਬਾਣੀ ਨੂੰ ਆਧਾਰ ਬਣਾ ਕੇ ਅਜਿਹਾ ਪ੍ਰਚਾਰ ਵੀ ਸਾਹਮਣੇ ਆ ਰਿਹਾ ਹੈ ਕਿ ‘ਮਾਤਾ ਦੇ ਗਰਭ ਵਿੱਚ ਜਦੋਂ ਬੱਚਾ ਉਲਟਾ ਲਟਕਿਆ ਹੁੰਦਾ ਹੈ ਤਾਂ ਉਹ ਰੱਬ ਅੱਗੇ ਅਰਦਾਸਾਂ ਕਰਦਾ ਹੈ, ਹੇ ਪ੍ਰਭੂ ! ਮੈਨੂੰ ਇਸ ਕੁੰਭੀ ਨਰਕ ’ਚੋਂ ਬਾਹਰ ਕੱਢ।’ ਜਦ ਕਿ ਇਸ ਦੀ ਪ੍ਰੋੜ੍ਹਤਾ ’ਚ ਗੁਰਬਾਣੀ ’ਚੋਂ ਇਕ ਵੀ ਸ਼ਬਦ ਜਾਂਪ੍ਰਮਾਣ ਨਹੀਂ ਮਿਲਦਾ, ਫ਼ਰਕ ਹੈ ਤਾਂ ਕੁਝ ਸੰਬੰਧਤ ਸ਼ਬਦਾਂ ਤੇ ਫ਼ੁਰਮਾਨਾਂ ਨੂੰ, ਪ੍ਰਕਰਣਾਂ ਅਨੁਸਾਰ ਉਨ੍ਹਾਂ ਦੇ ਮੂਲ ਅਰਥਾਂ ’ਚ ਨਾ ਸਮਝਣ ਦਾ।
(ਨੁੱਕਤਾ –3) ਇਹ ਕਹਿਣਾ ਕਿ ‘ਮਾਤਾ ਦੇ ਗਰਭ ਵਿੱਚ ਬੱਚਾ ਸੁਆਸ ਸੁਆਸ ਰੱਬ ਦਾ ਸਿਮਰਨ ਕਰਦਾ ਰਹਿੰਦਾ ਹੈ।’ ਜਦ ਕਿ ਉੱਥੇ ਇਹ ਵਿਸ਼ਾ ਕਿਸੇ ਹੋਰ ਪੱਖ ਤੋਂ ਹੈ। ਤਾਂ ਤੇ ਲੋੜ ਹੈ, ਇਸ ਪੱਖੋਂ ਵੀ ਗੁਰਬਾਣੀ ਨੂੰ ਉਸ ਦੇ ਠੀਕ ਪਰੀਪੇਖ ’ਚ ਘੋਖਣ ਤੇ ਸਮਝਣ ਦੀ ਲੋੜ ਹੈ।
(ਨੁੱਕਤਾ-4) ਅਜਿਹੇ ਸੱਜਣਾਂ ਰਾਹੀਂ, ਫਿਰ ਆਪ ਹੀ ਇਹ ਵੀ ਕਹਿਣਾ-‘ਇੱਕ ਗੱਲ ਧਿਆਨ ਵਿੱਚ ਇਹ ਵੀ ਆਉਂਦੀ ਤੇ ਠੀਕ ਵੀ ਹੈ ਕਿ ਰੱਬੀ ਨਿਯਮ ਅਨੁਸਾਰ ਬੱਚਾ ਮਾਤਾ ਦੇ ਗਰਭ ਵਿੱਚ ਉਲਟਾ ਹੁੰਦਾ ਹੈ, (ਫਿਰ ਉਨ੍ਹਾਂ ਅਨੁਸਾਰ, ਉਹ ਇਸ ਤੋਂ ਅੱਗੇ ਆਪ ਲਿਖਦੇ ਹਨ) ‘ਪਰ ਉਹ ਅਰਦਾਸ ਕਰਦਾ ਜਾਂ ਨਾਮ ਸਿਮਰਦਾ ਹੈ, ਇਹ ਗੱਲ ਸਮਝ ਤੋਂ ਬਾਹਰ ਜਾਪਦੀ ਹੈ, ਕਿਉਂਕਿ ਗਰਭ ਵਿੱਚ ਬੱਚੇ ਨੂੰ ਇਨ੍ਹਾਂ ਗੱਲਾਂ ਬਾਰੇ ਕੀ ਪਤਾ ਜਾਂ ਕਿਸੇ ਨੇ ਬੱਚੇ ਦੀ ਕਦੇ ਸਿਮਰਨ ਕਰਦੇ ਦੀ ਆਵਾਜ਼ ਸੁਣੀ ਹੈ ?’
ਇਸ ਸੰਬੰਧੀ ਵੀ ਅਤੀ ਸਤਿਕਾਰ ਸਹਿਤ ਬੇਨਤੀ ਹੈ-ਇਕ ਤਾਂ ਗੁਰਬਾਣੀ ਅਨੁਸਾਰ ਇਹ ਵਿਸ਼ਾ ਹੀ ਜਨਮ ਲੈਣ ਵਾਲੇ ਬੱਚੇ ਵਾਲੇ ਪਾਸਿਓਂ ਨਹੀਂ, ਅਕਾਲ ਪੁਰਖ ਵਾਲੇ ਪਾਸਿਓਂ ਹੈ ਜਦ ਕਿ ਅੱਗੇ ਚੱਲ ਕੇ ਇਸ ਦੀ ਵਿਆਖਿਆ ਵੀ ਅਸੀਂ ਨਿਰੋਲ ਗੁਰਬਾਣੀ ’ਚੋਂ ਹੀ ਕਰਾਂਗੇ।
ਦੂਜਾ, ਇਹ ਵਿਸ਼ਾ ਮੂਲ ਰੂਪ ’ਚ ਬੱਚੇ ਦੀ ਲਿਵ ਤੇ ਸੁਰਤ ਨਾਲ ਸੰਬੰਧਤ ਹੈ, ਅੱਖਰਾਂ ਦੇ ਰੂਪ ’ਚ ਉਸ ਦੇ ਮੂੰਹ ਰਾਹੀਂ ਕਿਸੇ ਲਫ਼ਜ਼ ਦੇ ਉਚਾਰਣ ਜਾਂ ਸਿਮਰਨ ਨਾਲ ਸੰਬੰਧਤ ਹੈ ਹੀ ਨਹੀਂ, ਜਿਹੜਾ ਕਿ ਇਸ ਬਾਰੇ ਕਿਸੇ ਕੋਲੋਂ ਇਸ ਨੂੰ ਸੁਨਣ ਬਾਰੇ ਪੁਛਿਆ ਜਾਵੇ ਕਿ ‘ਬੱਚੇ ਦੀ ਸਿਮਰਨ ਕਰਦੇ ਦੀ ਕਦੇ ਕਿਸੇ ਨੇ ਆਵਾਜ਼ ਸੁਣੀ ਹੈ ?’
ਤਾਂ ਤੇ ਜਦੋਂ ਗੁਰਬਾਣੀ ਅਰਥ-ਬੋਧ ਨੂੰ ਨਿਰੋਲ ਸਤਿਗੁਰਾਂ ਦੀ ਭਯ-ਭਾਵਨੀ ਅਤੇ ਪੂਰਨ ਸਤਿਕਾਰ ’ਚ ਰਹਿ ਕੇ ਇਨ੍ਹਾਂ ਪੱਖਾਂ ਤੋਂ ਘੋਖਾਂਗੇ ਤਾਂ ਆਪਣੇ ਆਪ ਇਹ ਵੀਸਪਸ਼ਟ ਹੋ ਜਾਵੇਗਾ ਕਿ ਮੂਲ ਰੂਪ ’ਚ ਇਹ ਵਿਸ਼ੇ ਹੀ ਕੁਝ ਹੋਰ ਹਨ ਤੇ ਸਾਨੂੰ ਗ਼ਲਤ ਫ਼ਹਿਮੀਆਂ ਵੀ ਹੋਈਆਂ ਹਨ।
ਮਨੁੱਖ ਹੋਣ ਦੇ ਨਾਤੇ- ਬਾਵਜੂਦ ਇਸ ਦੇ, ਗੁਰਬਾਣੀ ’ਚ ਅਜਿਹੇ ਪ੍ਰਮਾਣ ਬਹੁਤ ਹਨ ਜਦੋਂ ਮਨੁੱਖ ਨੂੰ ਅਹਿਸਾਸ ਕਰਵਾਇਆ ਹੈ ਕਿ ਐ ਮਨੁੱਖ! ਮਨੁੱਖ ਹੋਣ ਦੇ ਨਾਤੇ ਤੂੰ ਉਸ ਸਮੇਂ ਦੀ ਪਛਾਣ ਕਰ ਤੇ ਚੇਤੇ ਕਰ, ਜਦੋ ਤੂੰ ਦਸ ਮਹੀਨੇ ਮਾਤਾ ਦੇ ਗਰਭ ’ਚ ਉਲਟਾ ਲਟਕਿਆ ਰਿਹਾ ਕਿਉਂਕਿ ਗੁਰਬਾਣੀ ਸਮੂਚੇ ਮਨੁੱਖ ਮਾਤ੍ਰ ਲਈ ਹੈ ਤੇ ਉਸ ਨੂੰ ਮਨੁੱਖਾ ਜਨਮ ਦੇ ਇਕੋ ਇਕ ਵਿਸ਼ੇਸ਼ ਮਕਸਦ ਵੱਲ ਪ੍ਰੇਰਣ ਤੇ ਉਸ ਦੀ ਸੁਰਤ ਨੂੰ ਪ੍ਰਭੂ ਨਾਲ ਜੋੜਣ ਲਈ, ਉਸ ਨੂੰ ਅਜਿਹਾ ਅਹਿਸਾਸ, ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥’’ (ਪੰ: ੧੨) ਜਾਂ ‘‘ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ॥’’ (ਪੰ: ੧੭੬) ਆਦਿ ਕੇਵਲ ਮਨੁੱਖਾ ਜਨਮ ਸਮੇਂ ਹੀ ਕਰਵਾਇਆ ਜਾ ਸਕਦਾ ਹੈ, ਕਿਸੇ ਇਕ ਵੀ ਹੋਰ ਜੂਨ ਸਮੇਂ ਨਹੀਂ।
ਫਿਰ ਭਾਵੇਂ ਪ੍ਰਭੂ ਦੀ ਇਹੀ ਖੇਡ ਹੋਰ ਅਰਬਾਂ-ਖਰਬਾਂ ਜੂਨੀਆਂ ਦੇ ਸਰੀਰਾਂ ’ਚ ਵੀ ਵਰਤ ਰਹੀ ਹੋਵੇ ਪਰ ਉਹ ਜੂਨਾਂ ਕੇਵਲ ਕਰਮ-ਭੋਗੀ ਤੇ ਪਿਛਲੇ ਬਿਰਥਾ ਹੋ ਚੁੱਕੇ ਮਨੁੱਖਾ ਜਨਮ ਦੌਰਾਨ ਕੀਤੇ ਕਰਮਾਂ ਵਜੋਂ ਸਜ਼ਾਵਾਂ ਤੇ ਕੋਠਰੀਆਂ ਮਾਤ੍ਰ ਹੀ ਹੁੰਦੀਆਂ ਹਨ। ਇਸ ਲਈ ਉਨ੍ਹਾਂ ਜੂਨਾਂ ਸਮੇਂ ਨਾ ਜੀਵ ਨੂੰ ਅਜਿਹੀ ਸੋਝੀ ਹੁੰਦੀ ਹੈ ਤੇ ਨਾ ਉਸ ਨੂੰ ਅਜਿਹਾ ਅਹਿਸਾਸ ਹੀ ਕਰਵਾਇਆ ਜਾ ਸਕਦਾ ਹੈ।
ਇਹ ਤਾਂ ‘‘ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ ॥ ਫਿਰਿ ਮੁਕਤਿ ਪਾਏ ਲਾਗਿ ਚਰਣੀ, ਸਤਿਗੁਰੂ ਸਬਦੁ ਸੁਣਾਏ ॥ ਕਹੈ ਨਾਨਕੁ ਵੀਚਾਰਿ ਦੇਖਹੁ, ਵਿਣੁ ਸਤਿਗੁਰ ਮੁਕਤਿ ਨ ਪਾਏ ॥ ੨੨ ॥’’ (ਪੰ: ੯੨੦) ਭਾਵ ਅਜਿਹਾ ਅਹਿਸਾਸ ਕਰਵਾਉਣ ਵਾਲਾ ਤੇ ‘ਜੀਵਨ-ਮੁਕਤ’, ਵਡਭਾਗੀ, ਸੁਭਾਗਾ ਤੇ ‘ਸਫ਼ਲ ਜਨਮ’ ਨੂੰ ਪ੍ਰਾਪਤ ਕਰਨ ਵਾਲਾ ਵਿਸ਼ਾ ਕੇਵਲ ਤੇ ਕੇਵਲ ਮਨੁੱਖਾ ਜਨਮ ਨਾਲ ਹੀ ਸੰਬੰਧਤ ਹੈ ਅਤੇ ਇਹ ਮਨੁੱਖਾ ਜੂਨ ਦੀ ਵਿਸ਼ੇਸ਼ਤਾ ਵੀ ਹੈ। ਦਰਅਸਲ ਇਸੇ ਲਈ ਗੁਰਦੇਵ ਨੇ, ਮਨੁੱਖ ਨੂੰ ਗੁਰਬਾਣੀ ’ਚ ਉਸ ‘ਉਲਟੇ ਲਟਕਣ’ ਬਾਰੇ ਬਹੁਤ ਵਾਰ ਚੇਤਾਇਆ ਵੀ ਹੈ।
‘‘ਗਰਭ ਅਗਨਿ ਮਹਿ ਜਿਨਹਿ ਉਬਾਰਿਆ॥’’ – ਵਿਸ਼ੇ ਅਨੁਸਾਰ ਦੇਖਣ ਦਾ ਯਤਨ ਕਰਾਂਗੇ ਕਿ ਆਖ਼ਿਰ, ‘ਮਾਤਾ ਦੇ ਗਰਭ’ ’ਚ ਮਨੁੱਖਾ ਸਰੀਰ ਦਾ ਅਰੰਭ ਹੁੰਦਾ ਕਿਵੇਂ ਹੈ ? ਫਿਰ ਇਹ ਵੀ ਕਿ ਅਸੀਂ ਇੱਥੇ ਕੇਵਲ ਮਨੁੱਖਾ ਸਰੀਰ ਦਾ ਵਿਸ਼ਾ ਹੀ ਕਿਉਂ ਲੈ ਰਹੇ ਹਾਂ ? ਉਹ ਇਸ ਲਈ ਕਿਉਂਕਿ ਇਸ ਸਮੇਂ ਪ੍ਰਕਰਣ ਵੀ ਮੂਲ ਰੂਪ ’ਚ ਮਨੁੱਖਾ ਸਰੀਰ ਦਾ ਹੀ ਚੱਲ ਰਿਹਾ ਹੈ। ਮਨੁੱਖ ਹੋਣ ਦੇ ਨਾਤੇ ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ ਮਾਤਾ-ਪਿਤਾ ਦੇ ਆਪਸੀ ਸੰਜੋਗ ਤੋਂ ਬਾਅਦ, ਮਾਤਾ ਦੇ ਕੇਵਲ ਨੌ ਮਹੀਨੇ ਦੇ ਬਹਾਵ, ਪ੍ਰਸਵ, ਰਕਤ ਤੇ ਜਿਸ ਨੂੰ ਇਸਤ੍ਰੀ ਸਰੀਰ ਦਾ ‘ਮਾਸਕ ਧਰਮ’, ਸਿਰਨਾਵਣੀ ਆਦਿ ਕਿਹਾ ਜਾਂਦਾ ਹੈ, ਮੂਲ ਰੂਪ ’ਚ ਅਕਾਲ ਪੁਰਖ ਨੇ ਉਸ ਤਰਲ ਪਦਾਰਥ ਨੂੰ ਰੋਕ ਕੇ ਅਤੇ ਉਸੇ ਤੋਂ ਹੀ ਸਾਡੇ ਇਸ ਸਰੀਰ ਨੂੰ ਘੜਿਆ ਤੇ ਤਿਆਰ ਕੀਤਾ ਹੁੰਦਾ ਹੈ।
ਇਸ ਤਰ੍ਹਾਂ ਜਿਸ ਉੱਚੇ ਤਾਪਮਾਨ ਤੇ ਸੈਂਟੀ ਗ੍ਰੇਡ ’ਚ ਅਤੇ ਉਸ ਉਬਲਦੇ ਹੋਏ ਤਰਲ ਪਦਾਰਥ ’ਤੋਂ ਪ੍ਰਭੂ ਨੇ ਸਾਡਾ ਇਹ ਸਰੀਰ ਤਿਆਰ ਕੀਤਾ ਹੋਇਆ ਹੁੰਦਾ ਹੈ; ਉਸ ਤਾਪਮਾਨ ਲਈ ਪਾਤਸ਼ਾਹ ਨੇ ਗੁਰਬਾਣੀ ’ਚ ‘ਅਗਨ ਕੁੰਡ’, ‘ਮਹਾ ਅਗਨਿ ਨ ਬਿਨਾਸਨੰ’, ‘ਅਗਨਿ ਉਦਰ ਮਝਾਰਿ’ ਤੇ ‘ਗਰਭ-ਅਗਨ’ ਆਦਿ ਸ਼ਬਦਾਵਲੀ ਵਰਤ ਕੇ ਸਾਨੂੰ ਬਾਰ ਬਾਰ ਚੇਤਾਇਆ ਵੀ ਹੈ। ਜਿਵੇਂ:-
‘‘ਸਲੋਕੁ ॥ ਨਿਰਗੁਨੀਆਰ ਇਆਨਿਆ, ਸੋ ਪ੍ਰਭੁ ਸਦਾ ਸਮਾਲਿ ॥ ਜਿਨਿ ਕੀਆ ਤਿਸੁ ਚੀਤਿ ਰਖੁ, ਨਾਨਕ ! ਨਿਬਹੀ ਨਾਲਿ ॥ ੧ ॥ ਅਸਟਪਦੀ ॥ ਰਮਈਆਕੇ ਗੁਨ, ਚੇਤਿ ਪਰਾਨੀ ! ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥ ਜਿਨਿ ਤੂੰ ਸਾਜਿ, ਸਵਾਰਿ ਸੀਗਾਰਿਆ ॥ ਗਰਭ ਅਗਨਿ ਮਹਿਸ ਜਿਨਹਿ ਉਬਾਰਿਆ॥’’ (ਪੰ:੨੬੬) ਜਾਂ ‘‘ਰਕਤੁ ਬਿੰਦੁ ਕਰਿ ਨਿੰਮਿਆ, ਅਗਨਿ ਉਦਰ ਮਝਾਰਿ ॥ ਉਰਧ ਮੁਖੁ ਕੁਚੀਲ ਬਿਕਲੁ, ਨਰਕਿ ਘੋਰਿ ਗੁਬਾਰਿ॥’’ ਆਦਿ (ਪੰ: ੭੦੬) ‘‘ਰਕਤੁ ਬਿੰਦੁ ਕਾ ਇਹੁ ਤਨੋ, ਅਗਨੀ ਪਾਸਿ ਪਿਰਾਣੁ॥’’ (ਪੰ:੬੩) ਹੋਰ ‘‘ਬਿੰਦੁ ਤੇ ਜਿਨਿ ਪਿੰਡੁ ਕੀਆ, ਅਗਨਿ ਕੁੰਡ ਰਹਾਇਆ॥’’ (ਪੰ:੪੮੧)
ਬੇਸ਼ੱਕ ਵਿਸ਼ੇ ਨੂੰ ਅੱਗੇ ਚੱਲ ਕੇ ਵੀ ਘੋਖਾਂਗੇ, ਕੇਵਲ ਚਲਦੇ ਪ੍ਰਕਰਣ ਦੀ ਲੋੜ ਅਨੁਸਾਰ ਤਾਂ ਵੀ ਉਪ੍ਰੋਕਤ ਫ਼ੁਰਮਾਣਾਂ ਵਿੱਚਲੀ ਸ਼ਬਦਾਵਲੀ ‘‘ਗਰਭ ਅਗਨਿ ਮਹਿਜਿਨਹਿ ਉਬਾਰਿਆ॥, ਅਗਨਿ ਕੁੰਡ ਰਹਾਇਆ॥, ਅਗਨੀ ਪਾਸਿ ਪਿਰਾਣੁ॥, ਅਗਨਿ ਉਦਰ ਮਝਾਰਿ॥’’ ਵਿਸ਼ੇਸ਼ ਧਿਆਨ ਮੰਗਦੀ ਹੈ। ਇੱਥੇ ਮਾਤਾ ਦੇ ਗਰਭ ’ਚ ਬੱਚਾ ਨਾ ਆਪ ਸਿਮਰਨ ਕਰ ਰਿਹਾ ਹੈ ਤੇ ਨਾ ਆਪ ਆਪਣੀ ਸੁਰਤ ਤੇ ਲਿਵ ਨੂੰ ਪ੍ਰਭੂ ਨਾਲ ਜੋੜੀ ਬੈਠਾ ਹੈ। ਬਲਕਿ ਸਮੇਂ ਦੀ ਲੋੜ ਅਨੁਸਾਰ ਉਸ ਸਮੇਂ ਪ੍ਰਭੂ ਆਪ ਬਹੁੜੀ ਕਰਕੇ ਤਿਆਰ ਹੋ ਰਹੇ ਤੇ ਘੜੇ ਜਾ ਰਹੇ ਸਾਡੇ ਸਰੀਰ ਦੀ ਸੰਭਾਲ ਵੀ ਆਪ ਕਰਦਾ ਹੈ।
ਗੁਰਬਾਣੀ ’ਚ ਵਰਤੀ ਗਈ ‘ਗਰਭ ਅਗਨਿ’,‘ਅਗਨਿ ਕੁੰਡ’ ‘ਅਗਨੀ ਪਾਸਿ ਪਿਰਾਣੁ’,‘ਅਗਨਿ ਉਦਰ’ ਆਦਿ ਸ਼ਬਦਾਵਲੀ ਪ੍ਰਤੀ- ‘ਮਾਤਾ ਦੇ ਗਰਭ’ ’ਚ ਜਦੋਂ ਬੱਚੇ ਦਾ ਸਰੀਰ ਤਿਆਰ ਹੁੰਦਾ ਹੈ, ਤਾਂ ਉਸ ਸਮੇਂ ਪ੍ਰਭੂ ਵੱਲੋਂ ਆਪ ਮਾਤਾ ਦੇ ਗਰਭ ’ਚ ਰੋਕਿਆ ਜਾ ਰਿਹਾ ਮਾਸਕ ਧਰਮ ਵਾਲਾ ਤਰਲ ਪਦਾਰਥ, ਬੜੇ ਉੱਚੇ ਸੈਂਟੀ-ਗ੍ਰੇਡ ਅਥਵਾ ਵੱਡੇ ਤਾਪਮਾਨ ’ਚ ਉਬਲ ਰਿਹਾ ਹੁੰਦਾ ਹੈ। ਦਰਅਸਲ ਉਸ ਸਮੇਂ, ਪ੍ਰਭੂ ਦੀ ਕਰਣੀ, ਉੱਥੇ ਓਦੋਂ ਸਾਡਾ ਇਹ ਸਰੀਰ ਹੀ ਤਿਆਰ ਹੋ ਰਿਹਾ ਹੁੰਦਾ ਹੈ।
ਫਿਰ ਅਜੋਕੇ ਡਾਕਟਰੀ ਵਿਗਿਆਨ ਅਨੁਸਾਰ ਵੀ, ਉਸ ਸਮੇਂ ਉਸ ਉਬਲਦੇ ਹੋਏ ਤਰਲ ਪਦਾਰਥ (ਮਾਸਕ ਧਰਮ) ’ਚ, ਜੇਕਰ ਨੰਗੀ ਉਂਗਲ ਪਾ ਦਿੱਤੀ ਜਾਵੇ ਤਾਂ ਸਾਡੀ ਉਹ ਉਂਗਲ ਵੀ ਸੜ ਕੇ ਰਾਖ ਹੋ ਜਾਵੇਗੀ। ਇਹ ਤਾਂ ਕਰਤੇ ਪ੍ਰਭੂ ਦੀ ਕਮਾਲ ਹੁੰਦੀ ਹੈ ਕਿ:-
ਓਦੋਂ ਇਕ ਪਾਸੇ ਪ੍ਰਭੂ ਨੇ ਜਨਮ ਦੇਣ ਵਾਲੀ ਮਾਤਾ ਨੂੰ ਥੈਲੀ ਬਖ਼ਸ਼ੀ ਹੁੰਦੀ ਹੈ, ਜਿਸ ਕਾਰਨ ਮਾਤਾ ਨੂੰ ਇਸ ਉਬਲਦੇ ਹੋਏ ਤਰਲ ਪਦਾਰਥ (ਮਾਸਕ ਧਰਮ) ਦਾ ਰਤੀ ਭਰ ਵੀ ਸੇਕ ਨਹੀਂ ਪਹੁੰਚਦਾ।
ਦੂਜੇ ਪਾਸੇ-ਓਦੋਂ ਜਦੋਂ ਉੱਥੇ ਸਾਡਾ ਇਹ ਸਰੀਰ ਤਿਆਰ ਹੋ ਰਿਹਾ ਹੁੰਦਾ ਹੈ, ਤਾਂ ‘‘ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹਿ ਤੁਮ ਰਾਖਨਹਾਰੇ॥’’ (ਪੰ: ੬੧੩) ਪ੍ਰਭੂ ਆਪ ਬਹੁੜੀ ਕਰਕੇ ਸਾਡੀ ਸੁਰਤ ਤੇ ਲਿਵ ਨੂੰ, ‘‘ਆਪਨ ਸਿਮਰਨੁ ਦੇ ਤਹਿ ਤੁਮ ਰਾਖਨਹਾਰੇ॥’’ ਆਪਣੇ ਨਾਲ ਇਕ ਮਿੱਕ ਕਰੀ ਰੱਖਦਾ ਹੈ। ਇਹੀ ਕਾਰਨ ਹੁੰਦਾ ਹੈ ਕਿ ਉਸ ਵੱਡੇ ਤਾਪਮਾਨ ਤੇ ਉਬਲਦੇ ਮਾਸਕ ਧਰਮ ਵਾਲੇ ਤਰਲ ਪਦਾਰਥ ਦਾ ਬੱਚੇ ਨੂੰ ਵੀ ਸੇਕ ਨਹੀਂ ਲਗਦਾ। ਫ਼ੁਰਮਾਨ ਹਨ:-‘‘ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥, ਰਕਤ ਕਿਰਮ ਮਹਿ ਨਹੀ ਸੰਘਾਰਿਆ ॥, ਅਪਨਾ ਸਿਮਰਨੁ ਦੇ ਪ੍ਰਤਿਪਾਲਿਆ॥, ਓਹੁ ਸਗਲ ਘਟਾ ਕਾ ਮਾਲਕਾ॥’’ (ਪੰ:੧੦੮੪) ਹੋਰ
‘‘ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ ॥ ਮਨਹੁ ਕਿਉ ਵਿਸਾਰੀਐ? ਏਵਡੁ ਦਾਤਾ, ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥ ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ ॥ ਆਪਣੀ ਲਿਵ ਆਪੇ ਲਾਏ, ਗੁਰਮੁਖਿ ਸਦਾ ਸਮਾਲੀਐ ॥ ਕਹੈ ਨਾਨਕੁ ਏਵਡੁ ਦਾਤਾ, ਸੋ ਕਿਉ ਮਨਹੁਵਿਸਾਰੀਐ ॥ ੨੮ ॥’’ (ਪੰ: ੯੨੦) ਜਾਂ
ਨਹੀਂ ਤਾਂ ‘‘ਮਿਰਤਕ ਪਿੰਡਿ ਪਦ ਮਦ ਨਾ, ਅਹਿਨਿਸਿ ਏਕੁ, ਅਗਿਆਨੁ ਸੁ ਨਾਗਾ ॥ ਤੇ ਦਿਨ ਸੰਮਲੁ ਕਸਟ ਮਹਾ ਦੁਖ॥’’ (ਬੇਣੀ ਜੀ-੯੩) ਕਹਿ ਕੇ ਵੀ ਸਪਸ਼ਟ ਕੀਤਾ ਹੋਇਆ ਹੈ।
ਤਾਂ ਤੇ ਜੀਵ ਰਾਹੀਂ ਓਦੋਂ ਕਿਹੜਾ ਸਿਮਰਨ ਹੁੰਦਾ ਹੈ? ਉਹ ਸਿਮਰਨ ਹੁੰਦਾ ਹੈ ‘‘ਆਪਨ ਸਿਮਰਨੁ ਦੇ., ਅਪਨਾ ਸਿਮਰਨੁ ਦੇ ਪ੍ਰਤਿਪਾਲਿਆ, ਆਪਣੀ ਲਿਵ ਆਪੇਲਾਏ, ਗੁਰਮੁਖਿ ਸਦਾ ਸਮਾਲੀਐ॥, ਗਰਭ ਅਗਨਿ ਮਹਿ ਜਿਨਹਿ ਉਬਾਰਿਆ॥, ਰਕਤ ਕਿਰਮ ਮਹਿ ਨਹੀ ਸੰਘਾਰਿਆ॥, ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ॥’’ ਭਾਵ ਸਾਡੀ ਲਿਵ ਤੇ ਸੁਰਤ ਨੂੰ ‘ਜੋਤੀ ਜੋਤਿ ਮਿਲਾਵਣਹਾਰੁ’ (ਪੰ: ੬੭) ਪ੍ਰਭੂ ਆਪਣੇ ਨਾਲ ਜੋੜਣ ਕੇ ਇੱਕ-ਮਿੱਕ ਕਰਨ ਵਾਲੀ ਬਹੁੜੀ ਤੇ ਬਖ਼ਸ਼ਿਸ਼ ਵੀ ਆਪ ਹੀ ਕਰ ਰਿਹਾ ਹੁੰਦਾ ਹੈ।
ਇਹ ਵੀ ਦੇਖਣਾ ਹੈ ਕਿ ਬੱਚੇ ਲਈ ਸਮੇਂ ਦੀ ਵੱਡੀ ਤੇ ਇਕੋ-ਇੱਕ ਲੋੜ ’ਚ- ਉਸ ਸਮੇਂ ਪ੍ਰਭੂ ਰਾਹੀ ਆਪ ਸਹਾਇਤਾ ਕਰਣੀ, ਸਾਡੇ ਤਿਆਰ ਹੋ ਰਹੇ ਸਰੀਰ ਦਾ ਉਹ ਅਜਿਹਾ ਅੱਤ ਕਠਿਨ ਤੱਪ ਹੁੰਦਾ ਹੈ, ਜਿਹੜਾ ਤੱਪ ਸੰਸਾਰ ’ਚ ਵਿਚਰ ਰਿਹਾ ਕੋਈ ਵੱਡੇ ਤੋਂ ਤਪੀਸ਼ਵਰ ਅਖਵਾਉਣ ਵਾਲਾ ਵੀ ਨਹੀਂ ਕਰ ਸਕਦਾ ਜਦਕਿ ਸਮੇਂ ਦੀ ਅਬਦਲਵੀਂ ਲੋੜ, ‘ਆਪ ਸਹਾਈ ਹੋਆ’ ਹੋ ਕੇ ਉਹ ਤੱਪ ਪ੍ਰਭੂ ਕਰਵਾਉਂਦਾ ਵੀ ਆਪ ਹੈ, ਨਾ ਕਿ ਕੇਵਲ ਘੜਿਆ ਜਾ ਰਿਹਾ ਉਹ ਬੱਚਾ, ਆਪ ਕਰਦਾ ਹੈ।
ਜਦਕਿ ‘ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨੀ ਪਾਸਿ ਪਿਰਾਣੁ’,‘ਅਗਨਿ ਉਦਰ’ ‘ਅਗਨਿ ਮਹਿ’ ਆਦਿ ਸੰਪੂਰਨ ਸ਼ਬਦਾਵਲੀ ’ਚ ਜੀਵ ਆਪਣੀ ਰਾਖੀ ਆਪ ਕਰਣੀ, ਆਪਣੀ ਲਿਵ ਤੇ ਸੁਰਤ ਨੂੰ ਪ੍ਰਭੂ ਨਾਲ ਜੋੜਣਾ ਜਾਂ ਅਜੋਕੇ ਪ੍ਰਭੂ-ਸਿਮਰਨ ਲਈ ਪ੍ਰਚਲਿਤ ਕੀਤੇ ਜਾ ਚੁੱਕੇ ਅਰਥਾਂ ’ਚ ਬੱਚੇ ਰਾਹੀਂ ਆਪ ਪ੍ਰਭੂ ਦਾ ਸਿਮਰਨ ਕਰਨਾ ਜਾਂ ਅਜਿਹਾ ਕੁਝ ਵੀ, ਜੀਵ ਦੇ ਆਪਣੇ ਵੱਸ ’ਚ ਨਹੀਂ ਹੁੰਦਾ ਤੇ ਨਾ ਓਦੋਂ ਬੱਚਾ ਆਪ ਕਰ ਹੀ ਸਕਦਾ ਹੈ।
ਉਸ ‘ਬਿਖਮ ਥਾਨ’ ’ਚ ਪ੍ਰਭੂ ਬਖ਼ਸ਼ਿਸ਼ ਕਰਕੇ ਜੀਵ ਦੀ ਬਹੁੜੀ ਆਪ ਕਰਦਾ ਹੈ। ਜਦਕਿ ਵਿਸ਼ੇ ਨਾਲ ਸੰਬੰਧਤ ਹੋਰ ਵੀ ਬਹੁਤੇਰੇ ਗੁਰ-ਫ਼ੁਰਮਾਨ ਹਨ ਤਾਂ ਵੀ ਲੋੜ ਹੈ ਕਿ ਇਸ ਸੰਬੰਧ ’ਚ ਘਟੋ ਘਟ ‘ਆਪਨ ਸਿਮਰਨੁ ਦੇ., ਅਪਨਾ ਸਿਮਰਨੁ ਦੇ ਪ੍ਰਤਿਪਾਲਿਆ, ਆਪਣੀ ਲਿਵ ਆਪੇ ਲਾਏ, ਗੁਰਮੁਖਿ ਸਦਾ ਸਮਾਲੀਐ, ਗਰਭ ਅਗਨਿ ਮਹਿ ਜਿਨਹਿ ਉਬਾਰਿਆ, ਰਕਤ ਕਿਰਮ ਮਹਿ ਨਹੀ ਸੰਘਾਰਿਆ, ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ॥’’ ਆਦਿ ਪੰਕਤੀਆਂਵਿਸ਼ੇਸ਼ ਧਿਆਨ ਦੇ ਕੇ ਪੜ੍ਹਣ ਦੀ ਲੋੜ ਹੈ।
‘‘ਜੋਤੀ ਜੋਤਿ ਮਿਲਾਵਣਹਾਰੁ’’-ਇਹ ਗੱਲ ਤਾਂ ਵੀ ਵੱਖਰੀ ਹੈ ਕਿ ਉਸ ਸਮੇਂ ਬੱਚੇ ਦੀ ਲਿਵ ਤੇ ਸੁਰਤ ਤੇ ਉਸ ਦੀ ਜੋਤ ਨੂੰ, ਪ੍ਰਭੂ ਨੇ ਆਪਣੀ ਜੋਤ ਨਾਲ ਮਿਲਾ ਕੇ ਇਕ ਕੀਤਾ ਹੁੰਦਾ ਹੈ। ਇਸੇ ਲਈ ‘‘ਜੋਤੀ ਜੋਤਿ ਮਿਲਾਵਣਹਾਰੁ’’ (ਪੰ:੬੭), ਪ੍ਰਭੂ ਬੱਚੇ ਦੀ ਉਸ ਸਮੇਂ ਦੀ ਅਵਸਥਾ ਨੂੰ, ਬੱਚੇ ਦੀ ਸੁਰਤ, ਲਿਵ ਤੇ ਬੱਚੇ ਰਾਹੀਂ ਕੀਤਾ ਜਾ ਰਿਹਾ ਸੁਆਸ ਸੁਆਸ ਦਾ ਸਿਮਰਨ ਕਹਿ ਕੇ ਵੀ, ਗੁਰਬਾਣੀ ’ਚ ਵਿਸ਼ੇ ਨੂੰ ਉਸ ਤਰ੍ਹਾਂ ਕਹਿ ਕੇ ਵੀ ਪ੍ਰਗਟ ਕੀਤਾ ਹੋਇਆ ਹੈ। ਜਿਵੇਂ:-
‘‘ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ’’ (ਪੰ:੭੦੬)
‘‘ਰੇ ਨਰ ! ਗਰਭ ਕੁੰਡਲ ਜਬ ਆਛਤ, ਉਰਧ ਧਿਆਨ ਲਿਵ ਲਾਗਾ ॥ ਮਿਰਤਕ ਪਿੰਡਿ, ਪਦ ਮਦ ਨਾ ਅਹਿਨਿਸਿ ਏਕੁ, ਅਗਿਆਨੁ ਸੁ ਨਾਗਾ ॥ ਤੇ ਦਿਨ ਸੰਮਲੁ ਕਸਟ ਮਹਾ ਦੁਖ, ਅਬ ਚਿਤੁ ਅਧਿਕ ਪਸਾਰਿਆ ॥ ਗਰਭ ਛੋਡਿ, ਮ੍ਰਿਤ ਮੰਡਲ ਆਇਆ, ਤਉ ਨਰਹਰਿ ਮਨਹੁ ਬਿਸਾਰਿਆ॥’’ (ਬੇਣੀ ਜੀ-੯੩) ਆਦਿ।
ਇਸ ਲਈ ਸਮਝਣ ਦਾ ਵਿਸ਼ਾ ਇਹ ਵੀ ਹੈ ਕਿ ਬੱਚੇ ਰਾਹੀਂ ਉਹ ਸਿਮਰਨ ਉਸ ਸਮੇਂ ਕਿਸੇ ਲਫ਼ਜ਼ ਦਾ ਰਟਣ ਨਹੀਂ ਹੁੰਦਾ, ਜਿਹੜਾ ਸਿਮਰਨ ਕਿ ਬਹੁਤਾ ਕਰਕੇ ਅੱਜ ਅਸਾਂ ਆਪ ਆਪਣੇ ਵੱਲੋਂ ਹੀ ਘੜ ਲਿਆ ਹੈ। ਉਸ ਸਮੇਂ ਇਹ ਵਿਸ਼ਾ ਹੀ ਲਿਵ ਤੇ ਸੁਰਤ ਦਾ ਹੁੰਦਾ ਹੈ ਜਿਹੜਾ ਕਿ ਬਹੁੜੀ ਕਰਕੇ ‘‘ਅਪਨਾ ਸਿਮਰਨੁ ਦੇਪ੍ਰਤਿਪਾਲਿਆ, ਆਪਣੀ ਲਿਵ ਆਪੇ ਲਾਏ॥’’ ਅਨੁਸਾਰ ਪ੍ਰਭੂ, ਸਾਡੀ ਲਿਵ ਨੂੰ ਆਪ ਆਪਣੇ ’ਚ ਅਭੇਦ ਕਰਕੇ, ‘ਅਹਿਨਿਸਿ ਏਕ’ ਆਪ ਕਰਵਾ ਰਿਹਾ ਹੁੰਦਾ ਹੈ।
‘ਗੰਢੇਦਿਆਂ ਛਿਅ ਮਾਹ’- ਇਹੀ ਨਹੀਂ ਬਲਕਿ ਇਹ ਵੀ ਦੇਖ ਚੁੱਕੇ ਹਾਂ ਕਿ ਗੁਰਬਾਣੀ ’ਚ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਅਰੰਭ ’ਚ ਕਾਫ਼ੀ ਸਮੇਂ ਤੱਕ ਬੱਚੇ ਦਾ ਸਰੀਰ ਵੀ ਕੇਵਲ ‘ਮਿਰਤਕ ਪਿੰਡਿ’ (ਮਿੱਟੀ ਦਾ ਗੋਲਾ) ਹੀ ਹੁੰਦਾ ਹੈ ਭਾਵ ਅਜੇ ਇਹ ਸਰੀਰ ਤਾਂ ਬਣਿਆ ਹੀ ਨਹੀਂ ਹੁੰਦਾ। ਬਲਕਿ ਅਜੋਕੇ ਡਾਕਟਰੀਵਿਗਿਆਨ ਅਨੁਸਾਰ ਵੀ ਉਸ ਬੱਚੇ ਦੀ ਸੁਆਸ ਕਿਰਿਆ ਦਾ ਅਰੰਭ ਵੀ ਓਦੋਂ ਇਕ ਦੰਮ ਨਹੀਂ, ਬਲਕਿ ਕੁਝ ਸਮੇਂ ਬਾਅਦ ਹੀ ਹੁੰਦਾ ਹੈ।
ਪ੍ਰਭੂ ਵੱਲੋਂ ਮਾਤਾ ਦੇ ਗਰਭ ’ਚ ‘ਪਾਇਤਾ ਉਦਰੈ ਮਾਹਿ’ ਸਾਡੇ ਸਰੀਰ ਲਈ ਪੈਂਤੜਾ ਰੱਖਦੇ ਸਾਰ, ਇਹ ਸਭ ਕੁਝ ਅਰੰਭ ਨਹੀਂ ਹੋ ਜਾਂਦਾ। ਸੁਆਲ ਪੈਦਾ ਹੁੰਦਾ ਹੈ ਕਿ ਉਸ ਸਮੇ ਮਾਤਾ ਦੇ ਗਰਭ ਅੰਦਰ, ਪ੍ਰਭੂ ਰਾਹੀਂ ਰੱਖੇ ਹੋਏ ਉਸ ਪੈਂਤੜੇ (ਪਾਇਤਾ) ਦੇ ਕਿਹੜੇ ਮੂੰਹ ਨਾਲ ਤੇ ਕਿਨ੍ਹਾਂ ਅੱਖਰਾਂ ਰਾਹੀਂ ਸਿਮਰਨ ਦੀ ਅਸੀਂ ਗੱਲ ਕਰ ਰਹੇ ਹਾਂ। ਕੀ ਇਸ ਤਰ੍ਹਾਂ ਅਸੀਂ ਆਪਣੇ ਆਪ ਨਾਲ ਤੇ ਦੂਜਿਆਂ ਨੂੰ ਵੀ ਇਸ ਪੱਖੋਂ ਭੰਮਲ ਭੂਸੇ ’ਚ ਪਾਉਣ ਦਾ ਕਾਰਨ ਤਾਂ ਨਹੀਂ ਬਣ ਰਹੇ?
ਜਦਕਿ ਸਾਡੇ ਕੋਲ ਤਾਂ ਜੁਗੋ-ਜੁਗ ਅਟੱਲ ਗੁਰਬਾਣੀ ਦੇ ਸਦੀਵੀ ਸੱਚ ਵਾਲਾ ਬਹੁਮੁੱਲਾ ਖਜ਼ਾਨਾ ਹੈ। ਅਸਾਂ ਜੋ ਕੁਝ ਲੈਣਾ ਹੈ ਗੁਰਬਾਣੀ-ਗੁਰੂ ਦੇ ਚਰਨਾਂ ’ਚੋਂ ਹੀ ਲੈਣਾ ਹੈ, ਸਾਨੂੰ ਇਧਰ ਓਧਰ ਭਟਕਣ ਦੀ ਉੱਕਾ ਹੀ ਲੋੜ ਨਹੀਂ। ਗੁਰਬਾਣੀ ’ਚ ਫ਼ਰੀਦ ਸਾਹਿਬ ਸਦੀਆਂ ਪਹਿਲਾਂ ਇਸ ਵਿਸ਼ੇ ਨੂੰ ਸਪਸ਼ਟ ਕਰ ਚੁੱਕੇ ਹਨ ਕਿ ਮਾਤਾ ਦੇ ਪ੍ਰਸਵ, ਮਾਸਕ ਧਰਮ, ਸਿਰਨਾਵਣੀ, ਰਕਤ ਤੇ ਉਸ ਤਰਲ ਪਦਾਰਥ ਤੋਂ ਗਰਭ ’ਚ ਸਾਡੇ ਸਰੀਰ ਨੂੰ ਤਿਆਰ ਹੋਣ ’ਚ ਛੇ ਮਹੀਨੇ ਲਗਦੇ ਹਨ, ਜਿਵੇਂ:-
‘‘ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥ ਗੰਢੇਦਿਆਂ ਛਿਅ ਮਾਹ, ਤੁੜੰਦਿਆ ਹਿਕੁ ਖਿਨੋ॥’’ (ਪੰ:੪੮੮) ਗੁਰਬਾਣੀ ਅਨੁਸਾਰ ਇਹ ਵੀ ਕਿ ਬੱਚਾ ਦਸਵੇਂ ਮਹੀਨੇ ਜਨਮ ਲੈਂਦਾ ਤੇ ਸੰਸਾਰ ’ਚ ਆਉਂਦਾ ਹੈ। ਜਦਕਿ ਇਹ ਵੀ ਸਪਸ਼ਟ ਹੈ ਕਿ ਮਾਤਾ ਦੇ ਗਰਭ ’ਚ ‘‘ਮਾਤ ਪਿਤਾ ਸੰਜੋਗਿ ਉਪਾਏ, ਰਕਤੁ ਬਿੰਦੁ ਮਿਲਿ ਪਿੰਡੁ ਕਰੇ॥’’ (ਪੰ:੧੦੧੩) ਅਥਵਾ ‘‘ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥ ਮੂਰਤਿ ਸੂਰਤਿ ਕਰਿ ਆਪਾਰਾ ॥ ਜੋਤਿ ਦਾਤਿ ਜੇਤੀ ਸਭ ਤੇਰੀ, ਤੂ ਕਰਤਾ ਸਭ ਠਾਈ ਹੇ॥’’ (ਪੰ: ੧੦੨੨) ਜਾਂ ‘‘ਬਿੰਦੁ ਰਕਤੁ ਮਿਲਿ ਪਿੰਡੁ ਸਰੀਆ॥’’ (ਪੰ:੧੦੨੬) ਅਤੇ ‘‘ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥’’ (ਪੰ:੬੫੯) ਭਾਵ ਰਕਤ-ਬੂੰਦ ਦੇ ਉਸ ਗਾਰੇ ਤੋਂ ਅਰੰਭ ਹੋ ਕੇ ਮਾਤਾ ਦੇ ਗਰਭ ’ਚ ਬੱਚਾ ਭਾਵੇਂ ਛੇ ਮਹੀਨਿਆਂ ’ਚ ਤਿਆਰ ਹੋ ਜਾਂਦਾ ਹੈ ਤਾਂ ਵੀ:-‘‘ਦਸੀ ਮਾਸੀ ਮਾਨਸੁ ਕੀਆ॥’’ (ਪੰ:੭੭) ਅਤੇ ‘‘ਬਿੰਦੁ ਤੇ ਜਿਨਿ ਪਿੰਡੁ ਕੀਆ, ਅਗਨਿ ਕੁੰਡ ਰਹਾਇਆ ॥ ਦਸ ਮਾਸ ਮਾਤਾ ਉਦਰਿ ਰਾਖਿਆ॥’’ (ਪੰ:੪੮੧) ਹੋਰ
‘‘ਦਸੀ ਮਾਸੀ ਹੁਕਮਿ, ਬਾਲਕ ਜਨਮੁ ਲੀਆ॥’’ (ਪੰ:੩੯੬) ਆਦਿ।
ਇਸ ਤਰ੍ਹਾਂ ਮਾਤਾ ਰਾਹੀਂ ਗਰਭ ਧਾਰਨ ਕਰਣ ਤੋਂ ਦਸਵੇਂ ਮਹੀਨੇ, ਬੱਚਾ ਸੰਸਾਰ ’ਚ ਆਉਂਦਾ ਹੈ ਭਾਵ ਜਨਮ ਲੈਂਦਾ ਹੈ। ਜਦਕਿ ਇਹ ਵੀ ਉਤਨਾ ਹੀ ਸੱਚ ਹੈ ਕਿ ਕੁਝ ਬੱਚੇ ਛੇ-ਮਾਹੇ, ਸਤ-ਮਾਹੇ ਤੇ ਅਠ-ਮਾਹੇ ਵੀ ਪੈਦਾ ਹੁੰਦੇ ਹਨ। ਇਸ ਤੋਂ ਸਾਨੂੰ ਦੋ ਸਬੂਤ ਹੋਰ ਵੀ ਮਿਲਦੇ ਹਨ।
ਪਹਿਲਾ- ‘‘ਗੰਢੇਦਿਆਂ ਛਿਅ ਮਾਹ’’ ਮਾਤਾ ਦੇ ਗਰਭ ’ਚ ਬੱਚਾ ਬਾਹਰ ਆਉਣ ਯੋਗ ਛੇ ਮਹੀਨੇ ’ਚ ਹੋ ਜਾਂਦਾ ਹੈ। ਫਿਰ ਇਹ ਕਿ ਜਿਹੜਾ ਸਾਡੇ ਲਈ ਇੱਥੇਇਲਾਹੀ ਬਖ਼ਸ਼ਿਸ਼ ਦਾ ਇਕ ਹੋਰ ਵੱਡਾ ਸਬੂਤ ਹੈ ਕਿ ਛੇ ਮਹਨਿਆਂ ’ਚ ਸਾਡੇ ਸਰੀਰ ਦੇ ਤਿਆਰ ਹੋ ਜਾਣ ਬਾਅਦ ਵੀ ਸਾਨੂੰ ਜਨਮ ਤੋਂ ਪਹਿਲਾਂ, ਪ੍ਰਭੂ ਵਲੋਂ ਤਿੰਨ ਮਹੀਨੇ ਲਈ ਨਰਸਰੀ ਵੀ ਮਾਤਾ ਦੇ ਗਰਭ ’ਚ ਹੀ ਪ੍ਰਾਪਤ ਹੋਈ ਹੁੰਦੀ ਹੈ।
ਇਹ ਵੀ ਦੇਖ ਚੁੱਕੇ ਹਾਂ ਕਿ ਮਾਤਾ ਦੇ ਗਰਭ ਵਿੱਚਲੀ ਬੱਚੇ ਦੀ ਅਰੰਭਕ ਅਵਸਥਾ ਨੂੰ ਭਗਤ ਬੇਣੀ ਜੀ ਕਿਸ ਤਰ੍ਹਾਂ ਸਪਸ਼ਟ ਕਰਦੇ ਤੇ ਫ਼ੁਰਮਾਉਂਦੇ ਹਨ, ‘‘ਮਿਰਤਕ ਪਿੰਡਿ ਪਦ ਮਦ ਨਾ..॥’’ (ਪੰ:੯੩) ਐ ਭਾਈ ਮਾਤਾ ਦੇ ਗਰਭ ’ਚ ਤੇ ਆਪਣੇ ਅਰੰਭਕ ਸਮੇਂ ’ਚ ਤੂੰ ਕੇਵਲ ‘ਮਾਸ ਦਾ ਮੁਰਦਾ ਟੁਕੜਾ ਤੇ ਗੋਲਾ ਹੀ ਸੈਂ।’ ਫਿਰਪਹਿਰਿਆਂ ਦੇ ਸਿਰਲੇਖ ਹੇਠ ਪੰਚਮ ਪਾਤਸ਼ਾਹ ਫ਼ੁਰਮਾਉਂਦੇ ਹਨ:-‘‘ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਧਰਿ ਪਾਇਤਾ ਉਦਰੈ ਮਾਹਿ ॥ ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ! ਕਰਿ ਮੁਹਲਤਿ ਕਰਮ ਕਮਾਹਿ॥’’ (ਪੰ:੭੭) ਅਰਥ :ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ ! (ਮਨੁੱਖਾ ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਪਰਮਾਤਮਾ, ਮਾਂ ਦੇ ਪੇਟ ਵਿਚ (ਜੀਵ ਦਾ) ਕੇਵਲ ਪੈਂਤੜਾ ਹੀ ਰੱਖਦਾ ਹੈ। ਹੇ ਵਣਜਾਰੇ ਮਿਤ੍ਰ ! (ਫਿਰ) ਦਸਾਂ ਮਹੀਨਿਆਂ ਵਿਚ ਪ੍ਰਭੂ ਉਸੇ ਪੈਂਤੜੇ ਨੁੰ ਮਨੁੱਖ (ਦਾ ਸਾਬਤ ਬੁੱਤ) ਬਣਾ ਦੇਂਦਾ ਹੈ। (ਜੀਵਾਂ ਨੂੰ ਜਿੰਦਗੀ ਦਾ) ਮੁਕੱਰਰ ਸਮਾ ਦੇਂਦਾ ਹੈ (ਜਿਸ ਵਿਚ ਜੀਵ ਚੰਗੇ ਤੇ ਮੰਦੇ) ਕਰਮ ਕਮਾਂਦੇ ਹਨ । (ਅਰਥ-ਧੰਨਵਾਦਿ ਸਹਿਤ ਪ੍ਰੋ: ਸਾਹਿਬ ਸਿੰਘ ਜੀ ਡੀ:ਲਿਟ:)