ਕਹਾਣੀ
ਜੀਵੇ ਪੰਜਾਬੀ
ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ (ਅੰਮ੍ਰਿਤਸਰ)-98150-24920
ਸ਼ਹਿਰ ਦੀਆਂ ਛੋਟੀਆਂ ਤੰਗ ਗਲੀਆਂ ਮੁਹੱਲਿਆਂ ਵਿੱਚੋਂ ਨਿਕਲ ਕੇ ਸ਼ਹਿਰ ਦੇ ਬਾਹਰਵਰ ਕੱਟੀਆਂ ਜਾ ਰਹੀਆਂ ਨਵੀਆਂ ਕਲੋਨੀਆਂ ਵਿੱਚ ਸ਼ਹਿਰ ਦੇ ਕਹੇ ਜਾਂਦੇ ਉੱਚ ਵਰਗ ਦੇ ਪੜ੍ਹੇ ਲਿਖੇ ਲੋਕਾਂ ਨੇ ਆਪੋ-ਆਪਣੀਆਂ ਥਾਂਵਾਂ ਲੈ ਕੇ ਮਨਮਰਜ਼ੀ ਦੀਆਂ ਕੋਠੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿਦੇਸ਼ਾਂ ਵਿੱਚ ਪੜ੍ਹਨ ਭੇਜੇ ਬੱਚਿਆਂ ਦੀਆਂ ਸਲਾਹਾਂ ਨਾਲ ਵਿਦੇਸ਼ੀ ਰੰਗ-ਢੰਗ ਦੀਆਂ ਕੋਠੀਆਂ ਉਸਰ ਰਹੀਆਂ ਸਨ। ਇੱਕ ਵਧੀਆ ਅਤੇ ਸਾਫ਼-ਸੁਥਰਾ ਮਹੌਲ ਬਣ ਗਿਆ। ਸਾਫ਼-ਸੁਥਰੀ ਪਾਰਕ, ਸੁਪਰ ਮਾਰਕਿਟ, ਕਾਰਾਂ ਗੱਡੀਆਂ ਖੜ੍ਹੀਆਂ ਕਰਨ ਲਈ ਖੁੱਲ੍ਹੀ-ਡੁੱਲੀ ਥਾਂ, ਹਰ ਘਰ ਦੇ ਮੂਹਰੇ ਹਰਿਆਲੀ ਲਈ ਰੁੱਖ-ਬੂਟੇ ਵਗੈਰਾ ਲੱਗੇ ਹੋਏ। ਕਲੋਨੀ ਦੇ ਅੰਦਰ ਹੀ ਸ਼ਹਿਰ ਦੇ ਮਹਿੰਗੇ ਸਕੂਲਾਂ ਦੀਆਂ ਬੱਸਾਂ ਬੱਚਿਆਂ ਨੂੰ ਲੈਣ ਅਤੇ ਛੱਡਣ ਆਉਂਦੀਆਂ, ਪਰ ਪਿਛਲੇ ਕੁੱਝ ਦਿਨਾਂ ਤੋਂ ਕਲੋਨੀ ਵਿੱਚ ਨਵੀਂ ਨਕੋਰ ਕੋਠੀ ਬਣਵਾ ਕੇ ਰਹਿਣ ਆਏ ਨਵੇਂ ਪਰਿਵਾਰ ਤੋਂ ਸਾਰੀ ਕਲੋਨੀ ਕੁੱਝ ਦੁਖੀ ਸੀ। ਹਰ ਕੋਈ ਉਨ੍ਹਾਂ ਵੱਲ ਬੜੀ ਕੈਰੀ ਜਿਹੀ ਅੱਖ ਨਾਲ ਤੱਕਦਾ ਸੀ; ਜਿਵੇਂ ਸਾਰੇ ਉਨ੍ਹਾਂ ਤੋਂ ਗੁੱਸੇ/ਨਾਰਾਜ਼ ਹੋਣ। ਆਖ਼ਿਰ ਕਲੋਨੀ ਵਿੱਚੋਂ ਹੀ ਇੱਕ ਸਿਆਣੇ ਬਜ਼ੁਰਗ ਨੇ ਆਉਂਦੇ ਐਤਵਾਰ ਸਾਰਿਆਂ ਦੀ ਇਕੱਤਰਤਾ ਸੱਦ ਲਈ ਤਾਂ ਕਿ ਮਸਲਾ ਵਿਚਾਰਿਆ ਅਤੇ ਸੁਲਝਾਇਆ ਜਾ ਸਕੇ। ਆਖ਼ਿਰ ਰਿਸ਼ਤੇਦਾਰਾਂ ਤੋਂ ਵੀ ਪਹਿਲਾਂ ਸੁੱਖ ਦੁੱਖ ਵੇਲੇ ਸਭ ਤੋਂ ਪਹਿਲਾਂ ਤਾਂ ਆਂਢ-ਗੁਆਂਢ ਨੇ ਹੀ ਕੰਮ ਆਉਣਾ ਹੁੰਦਾ ਹੈ।
ਐਤਵਾਰ ਦੀ ਸ਼ਾਮ ਸੰਬੰਧਿਤ ਪਰਿਵਾਰ ਜੋ ਇਸ ਗੱਲ ਤੋਂ ਹੈਰਾਨ ਸੀ ਕਿ ਲੋਕ ਉਨ੍ਹਾਂ ਤੋਂ ਔਖੇ ਕਿਉਂ ਹਨ, ਉਹ ਵੀ ਪੁੱਜ ਚੁੱਕਾ ਸੀ ਅਤੇ ਕਲੋਨੀ ਦੇ ਅਗਾਂਹਵਧੂ ਮੰਨੇ ਜਾਂਦੇ ਲੋਕ ਵੀ ਕੁਰਸੀਆਂ ’ਤੇ ਸਜ ਚੁੱਕੇ ਸਨ। ਸਭ ਤੋਂ ਪਹਿਲਾ ਸ਼ਿਕਾਇਤ ਕਰਤਾ ਉੱਠਿਆ ਅਤੇ ਬਾਕੀਆਂ ਦੀ ਨੁਮਾਇੰਦਗੀ ਕਰਦਾ ਹੋਇਆ ਬੜੀ ਹਲੀਮੀ ਨਾਲ ਸ਼ਬਦਾਂ ਦਾ ਸੰਘਣਾ ਜਾਲ ਬੁਣਦਿਆਂ ਕਹਿਣ ਲੱਗਾ ਕਿ ਇਸ ਕਲੋਨੀ ਵਿੱਚ ਹਰ ਘਰ ਦਾ ਹਰ ਮੈਂਬਰ ਪੜ੍ਹਿਆ ਲਿਖਿਆ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਸਮੇਂ ਦਾ ਹਾਣੀ ਬਣਾਉਣ ਲਈ ਚੰਗੇ ਅਤੇ ਮਹਿੰਗੇ ਸਕੂਲ ਵਿੱਚ ਪੜ੍ਹਾ ਰਿਹਾ ਹੈ ਤਾਂ ਕਿ ਬੱਚੇ ਵੀ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਬਣਨ। ਕਲੋਨੀ ਵਿੱਚ ਆਏ ਇਸ ਨਵੇਂ ਪਰਿਵਾਰ ਤੋਂ ਸਾਨੂੰ ਕੋਈ ਬਹੁਤਾ ਇਤਰਾਜ਼ ਨਹੀਂ ਹੈ ਕਿਉਂਕਿ ਇਹ ਵੀ ਸਾਡੇ ਵਾਂਗ ਪੜ੍ਹੇ-ਲਿਖੇ ਹਨ। ਭਾਜੀ ਹੁਣੀ ਆਪਣੀ ਆਰਕੀਟੈਕਚਰ ਹਨ ਅਤੇ ਭਰਜਾਈ ਜੀ ਵੀ ਪੀ.ਐੱਚ.ਡੀ ਹੋਲਡਰ ਹਨ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਸਾਡੀ ਕਲੋਨੀ ਵਿੱਚ ਹਨ, ਪਰ ਹੈਰਾਨਗੀ ਹੈ ਕਿ ਐਨਾ ਪੜ੍ਹ ਲਿਖ ਕੇ ਵੀ ਇਨ੍ਹਾਂ ਨੇ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਪਾਏ ਹੋਏ ਹਨ। ਉੱਥੋਂ ਦੇ ਬੱਚਿਆਂ ਦੀਆਂ ਆਦਤਾਂ ਸਿੱਖ ਕੇ ਆ ਰਹੇ ਇਨ੍ਹਾਂ ਦੇ ਬੱਚੇ ਪੂਰੇ ਮੁਹੱਲੇ ਦੇ ਬੱਚਿਆਂ ਦੀਆਂ ਆਦਤਾਂ ਵੀ ਵਿਗਾੜ ਸਕਦੇ ਹਨ। ਇਸੇ ਗੱਲ ਦਾ ਸਾਰੀ ਕਲੋਨੀ ਨੂੰ ਇਤਰਾਜ਼ ਹੈ ਕਿ ਅਸੀਂ ਸਾਰੇ ਮਿਹਨਤਾਂ ਕਰਕੇ ਬੜੀ ਮੁਸ਼ਕਲ ਨਾਲ ਮਹਿੰਗੇ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਭੇਜਦੇ ਹਾਂ। ਜੇ ਇਹ ਪਰਿਵਾਰ ਕਲੋਨੀ ਵਿੱਚ ਰਹੇਗਾ ਤਾਂ ਸਾਡੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ ? ਐਨਾ ਕਹਿੰਦੇ ਹੋਏ ਉਹ ਧੰਨਵਾਦ ਕਰ ਕੇ ਬੈਠ ਗਿਆ।
ਬਜ਼ੁਰਗ ਸਾਰਾ ਮਸਲਾ ਸਮਝ ਚੁੱਕਿਆ ਸੀ ਅਤੇ ਸੰਬੰਧਿਤ ਪਰਿਵਾਰ ਦੇ ਮੁਖੀ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਤਾਂ ਉਸ ਨੇ ਬੜੀ ਪਿਆਰ ਭਰੀ ਬੋਲੀ ਅਤੇ ਮਿੱਠੇ ਲਹਿਜੇ ਵਿੱਚ ਆਪਣੀ ਗੱਲ ਕਰਨੀ ਸ਼ੁਰੂ ਕੀਤੀ ਕਿ ਜਿਵੇਂ ਮੇਰੇ ਤੋਂ ਪਹਿਲਾਂ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮੈਂ ਇੱਕ ਆਰਕੀਟੈਕਚਰ ਹਾਂ ਇਸ ਲਈ ਇਹ ਦੱਸਦਾ ਜਾਵਾਂ ਕਿ ਮੇਰੀ ਵੀ ਬਾਰਵੀਂ ਜਮਾਤ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਦੀ ਹੀ ਹੈ ਅਤੇ ਮੇਰੀ ਘਰਵਾਲੀ ਜੋ ਪੀ.ਐੱਚ.ਡੀ ਹੋਲਡਰ ਹੈ, ਦੀ ਪੜ੍ਹਾਈ ਵੀ ਸਰਕਾਰੀ ਸਕੂਲ ਦੀ ਹੈ ਅਤੇ ਮੈਰਿਟ ਵਿੱਚ ਆਉਣ ਕਰਕੇ ਮਿਲੇ ਵਜੀਫਿਆਂ ਦੇ ਸਿਰ ’ਤੇ ਹੀ ਉਹ ਪੀ.ਐੱਚ.ਡੀ ਕਰ ਸਕੀ ਹੈ। ਸਾਨੂੰ ਇਹ ਮਾਣ ਬਿਨ੍ਹਾਂ ਸ਼ੱਕ, ਵਿੱਦਿਆ ਨੇ ਦਿਵਾਇਆ ਹੈ। ਵਿੱਦਿਆ ਤਾਂ ਵਿੱਦਿਆ ਹੀ ਹੈ ਉਹ ਸਰਕਾਰੀ ਸਕੂਲ ਦੀ ਹੋਵੇ ਜਾਂ ਨਿੱਜੀ ਸਕੂਲਾਂ ਦੀ। ਸਿਰਫ ਉਸ ਵਿੱਦਿਆ ਨੂੰ ਪ੍ਰਾਪਤ ਕਰਨ ਦਾ ਕੋਈ ਫਾਇਦਾ ਨਹੀਂ ਜਿਸ ਨੂੰ ਪ੍ਰਾਪਤ ਕਰ ਕੇ ਅਸੀਂ ਆਪਣੀ ਮਾਂ ਬੋਲੀ ਭੁੱਲ ਜਾਈਏ, ਆਪਣੀ ਵਿਰਾਸਤ, ਆਪਣਾ ਵਿਰਸਾ, ਆਪਣਾ ਸੱਭਿਆਚਾਰ, ਆਪਣਾ ਇਤਿਹਾਸ ਭੁੱਲ ਜਾਈਏ। ਭਾਜੀ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਸਾਡੀ ਕਲੋਨੀ ਦੇ ਬੱਚੇ ਵਿਗੜ ਜਾਣਗੇ, ਜੇ ਬੱਚੇ ਵਿਗੜ ਜਾਣਗੇ ਤਾਂ ਜਿਹੜੀ ਮਹਿੰਗੀ ਅਤੇ ਚਮਕਦੀਆਂ ਇਮਾਰਤਾਂ ਵਿੱਚੋਂ ਉਹ ਵਿੱਦਿਆ ਸਿੱਖ ਕੇ ਆ ਰਹੇ ਹਨ, ਕੀ ਉਹ ਐਨੀਂ ਹੌਲੀ/ਹਲਕੀ ਹੈ ਜੋ ਚੰਗੇ ਬੁਰੇ ਦੀ ਪਹਿਚਾਣ ਕਰਨ ਤੋਂ ਅਸਮਰੱਥ ਹੈ। ਅਸੀਂ ਤਾਂ ਇਹ ਸੋਚ ਕੇ ਇਸ ਕਲੋਨੀ ਵਿੱਚ ਕੋਠੀ ਪਾਈ ਸੀ ਕਿ ਇੱਥੇ ਕਾਫੀ ਪੜ੍ਹੇ ਲਿਖੇ ਹੋਣਗੇ ਪਰ ਅਫਸੋਸ ਹੋਇਆ। ਇਸ ਨਾਲੋਂ ਤਾਂ ਅਸੀਂ ਸ਼ਹਿਰ ਦੀਆਂ ਤੰਗ ਗਲੀਆਂ ਬਾਜ਼ਾਰਾਂ ਵਿੱਚ ਹੀ ਚੰਗੇ ਸੀ, ਜਿੱਥੇ ਬੱਚੇ ਇਕੱਠੇ ਖੇਡਦੇ ਸੀ, ਇੱਕ ਦੂਜੇ ਨਾਲ ਖਾਣ-ਪੀਣ ਤੋਂ ਇਲਾਵਾ ਆਪਣੇ ਖਿਡੌਣੇ ਤੱਕ ਸਾਂਝੇ ਕਰ ਲੈਂਦੇ ਸੀ। ਨਾ ਰੰਗ ਦੇਖਦੇ ਸੀ, ਨਾ ਜਾਤ-ਪਾਤ ਦੇਖਦੇ ਸੀ, ਨਾ ਅਮੀਰੀ ਦੇਖਦੇ ਸੀ, ਨਾ ਗਰੀਬੀ ਦੇਖਦੇ ਸੀ। ਬੱਸ ਆਪਣੇ ਬਚਪਨ ਨੂੰ ਜਿਉਂਦੇ ਸੀ, ਕੁਦਰਤ ਦੇ ਰੰਗਾਂ ਨੂੰ ਮਾਣਦੇ ਸੀ।
ਸਿਆਣੇ ਬਜ਼ੁਰਗ ਨੇ ਵਿੱਚੋਂ ਹੀ ਟੋਕਦਿਆਂ ਕਿਹਾ ਸਰਦਾਰ ਸਾਹਿਬ ! ਬੈਠ ਜਾਓ ! ਸਾਰੀ ਕਲੋਨੀ ਵਾਲਿਆਂ ਦੀਆਂ ਝੁਕੀਆਂ ਹੋਈਆਂ ਗਰਦਨਾਂ ਅਤੇ ਨੀਵੀਆਂ ਹੋਈਆਂ ਅੱਖਾਂ, ਹੁਣ ਤੁਹਾਡੇ ਨਾਲ ਹੀ ਉੱਪਰ ਉੱਠਣਾ ਚਾਹੁੰਦੀਆਂ ਹਨ। ਬੱਸ ਫਿਰ ਕੀ ਸੀ ਹੁਣ ਤੱਕ ਸਭ ਸਾਂਝੇ ਤੌਰ ’ਤੇ ਰਹਿੰਦੇ ਹਨ। ਕਲੋਨੀ ਦਾ ਨਾਂ ਦੱਸਦੀ ਤਖਤੀ ਵੀ ਪੰਜਾਬੀ ਵਿੱਚ ਹੈ ਅਤੇ ਘਰਾਂ ਦੇ ਬਾਹਰ ਲੱਗੀਆਂ ਤਖਤੀਆਂ ਉੱਤੇ ਵੀ ਪੰਜਾਬੀ ਉਕਰੀ ਹੋਈ ਹੈ। ਗੁਰਦੁਆਰਾ ਸਾਹਿਬ ਦੇ ਭਾਈ ਕੋਲੋਂ ਵੀ ਹਰ ਹਫਤੇ ਕਲੋਨੀ ਦੇ ਬੱਚਿਆਂ ਲਈ ਪੰਜਾਬੀ ਦੀ ਕਲਾਸ ਲਗਾਉਣ ਦਾ ਵਾਅਦਾ ਕਰ ਲਿਆ ਹੈ।