ਜੀਵਨ ਯਾਤਰਾ ਅਤੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਕਿਸ਼ਤ ਨੰ: 2 )

0
1100

ਜੀਵਨ ਯਾਤਰਾ ਅਤੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ

 ਕਿਸ਼ਤ ਨੰ: 2 

ਸਾਕਾ ਚਮਕੌਰ

ਕਿਰਪਾਲ ਸਿੰਘ (ਬਠਿੰਡਾ)-73409-79813

7 ਪੋਹ ਦੀ ਸ਼ਾਮ ਨੂੰ 40 ਕੁ ਸਿੰਘਾਂ ਨਾਲ ਗੁਰੂ ਜੀ ਚਮਕੌਰ ਸਾਹਿਬ ਪਹੁੰਚ ਗਏ ਜਿੱਥੇ ਯੁੱਧ ਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਕੱਚੀ ਗੜ੍ਹੀ ਵਿੱਚ ਮੋਰਚੇ ਸੰਭਾਲ ਲਏ। 8 ਪੋਹ ਨੂੰ ਚਮਕੌਰ ਸਾਹਿਬ ਵਿਖੇ ਘਮਸਾਨ ਦਾ ਭਿਅੰਕਰ ਯੁੱਧ ਹੋਇਆ ਜਿਸ ਵਿੱਚ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ (ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਸਮੇਤ 40 ਸਿੰਘ; ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ ਇਹ ਦੁਨੀਆਂ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਬਣ ਗਈ। ਇਸ ਦਿਨ ਤਿੰਨ ਪਿਆਰਿਆਂ ਤੋਂ ਇਲਾਵਾ ਦੋ ਸਾਹਿਬਜ਼ਾਦੇ, 30 ਤੋਂ ਵੱਧ ਸਿੰਘ ਸ਼ਹੀਦ ਹੋ ਗਏ। ਅਗਲੀ ਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਤੇ ਪੰਜ ਪਿਆਰਿਆਂ ਵੱਲੋਂ ਦਿੱਤੇ ਹੁਕਮ ਨੂੰ ਸਵੀਕਾਰ ਕਰਦਿਆਂ 8-9 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸੰਘ ਜੀ ਨੇ ਪੰਜ ਪਿਆਰਿਆਂ ਵਿੱਚੋਂ ਬਚੇ ਬਾਕੀ ਦੋ ਪਿਆਰੇ- ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਛੱਡ ਦਿੱਤੀ ਅਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਪਹੁੰਚੇ। ਭਾਈ ਸੰਗਤ ਸਿੰਘ ਜੀ ਜਿਸ ਨੂੰ ਗੁਰੂ ਸਾਹਿਬ ਜੀ ਨੇ ਗੜ੍ਹੀ ਛੱਡਣ ਤੋਂ ਪਹਿਲਾਂ ਆਪਣੀ ਕਲਗੀ ਅਤੇ ਬਸਤਰ ਪਹਿਨਾਏ ਸਨ; ਸਮੇਤ ਬਾਕੀ ਦੇ ਸਾਰੇ ਦੇ ਸਾਰੇ ਹੀ ਸਿੰਘ 9 ਪੋਹ ਨੂੰ ਸ਼ਹੀਦ ਹੋ ਗਏ। 

ਸਾਕਾ ਸਰਹਿੰਦ

ਸਰਸਾ ਨਦੀ ਦੇ ਕੰਢੇ ਹੋਈ ਗਹਿਗੱਚ ਲੜਾਈ ਅਤੇ ਸਰਸਾ ਨਦੀ ਪਾਰ ਕਰਨ ਦੌਰਾਨ ਵਹੀਰ ਤੋਂ ਵੱਖ ਹੋਏ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਮੋਰਿੰਡੇ ਕੋਲ ਪਿੰਡ ਖੇੜੀ ਆਪਣੇ ਘਰ ਲੈ ਗਿਆ ਸੀ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ 10 ਪੋਹ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਪਹਿਲੀ ਰਾਤ ਉਨ੍ਹਾਂ ਨੂੰ ਕਿਲ੍ਹੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਆਦਿ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ ? ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜੀਰ ਖ਼ਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ’ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਮਾਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖ਼ਾਨ, ਜਿਸ ਦਾ ਭਰਾ ਸੈਨਾਪਤੀ ਖ਼ਿਸਰ ਖ਼ਾਨ (ਖ਼੍ਵਾਜਾ ਮਰਦੂਦ) ਕੁਝ ਦਿਨ ਪਹਿਲਾਂ ਹੀ ਸਿੰਘਾਂ ਹੱਥੋਂ ਮਾਰਿਆ ਗਿਆ ਸੀ; ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖ਼ਾਨ ਨੇ ਅੱਗੋਂ ਜਵਾਬ ਦਿੱਤਾ ਕਿ ਮੇਰਾ ਭਰਾ ਜੰਗ ਵਿੱਚ ਸ਼ਹੀਦ ਹੋਇਆ ਸੀ; ਮੈਂ ਇਹਨਾਂ ਸ਼ੀਰਖੋਰਾਂ (ਦੁੱਧ ਪੀਣ ਵਾਲ਼ਿਆਂ) ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਯੋਗੀ; ਸ਼ੇਰ ਖ਼ਾਨ ਦੇ ਇਨ੍ਹਾਂ ਵਚਨਾਂ ਨੂੰ ਆਪਣੀ ਕਵਿਤਾ ਰਾਹੀਂ ਇਉਂ ਪ੍ਰਗਟ ਕਰਦਾ ਹੈ: ‘ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ। ਮਹਿਫੂਜ ਰਖੇ ਹਮ ਕੋ ਖੁਦਾ ਐਸੇ ਪਾਪ ਸੇ।’

ਕਾਜ਼ੀ ਅਤੇ ਸ਼ੇਰ ਖ਼ਾਂ ਦੇ ਜਵਾਬ ਸੁਣ ਕੇ ਸੂਬਾ ਸਰਹੰਦ ਵਜੀਰ ਖ਼ਾਨ ਦੇ ਮਨ ਵਿੱਚ ਕੁਝ ਨਰਮੀ ਆਉਣ ਲੱਗੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸਨ ਕੀਤੇ, ਜਿਨ੍ਹਾਂ ਦੇ ਉੱਤਰ ਤੋਂ ਬੱਚਿਆਂ ਨੂੰ ਬਾਗ਼ੀ ਸਿੱਧ ਕੀਤਾ ਜਾ ਸਕੇ। ਉਸ ਨੇ ਵਜੀਰ ਖ਼ਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ ਕਿਉਂਕਿ ਸੱਪਾਂ ਦੇ ਬੱਚੇ ਆਖ਼ਰ ਸੱਪ ਹੀ ਹੁੰਦੇ ਹਨ ਇਸੇ ਤਰ੍ਹਾਂ ਇਹ ਬੱਚੇ ਵੱਡੇ ਹੋ ਕੇ ਗੁਰੂ ਗੋਬਿੰਦ ਸਿੰਘ ਵਾਂਗ ਹਕੂਮਤ ਲਈ ਖ਼ਤਰਾ ਬਣ ਸਕਦੇ ਹਨ। ਵਜੀਰ ਖ਼ਾਨ ਨੇ ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਸੁਣਾ ਦਿੱਤਾ। ਵਜੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਇੱਕ ਦਿਨ ਹੋਰ ਸੋਚਣ ਲਈ ਸਮਾਂ ਦਿੰਦਿਆਂ ਅਗਲੇ ਦਿਨ ਕਚਹਿਰੀ ਵਿੱਚ ਪੇਸ਼ ਕਰਨ ਲਈ ਕਿਹਾ। ਸਾਹਿਬਜ਼ਾਦੇ ਰਾਤ ਨੂੰ ਦਾਦੀ ਮਾਂ ਮਾਤਾ ਗੁੱਜਰ ਕੌਰ ਨੂੰ ਕਚਹਿਰੀ ਵਿੱਚ ਹੋਈਆਂ ਗੱਲਾਂ ਦੱਸਦੇ ਤੇ ਦਾਦੀ ਮਾਂ ਉਨ੍ਹਾਂ ਨੂੰ ਦਾਦਾ ਗੁਰੂ ਤੇਗ ਬਹਾਦਰ ਤੇ ਦਾਦੇ ਦੇ ਦਾਦੇ ਗੁਰੂ ਅਰਜੁਨ ਸਾਹਿਬ ਜੀ ਦੀਆਂ ਸ਼ਹੀਦੀਆਂ ਦਾ ਇਤਿਹਾਸ ਸੁਣਾ ਕੇ ਉਨ੍ਹਾਂ ਦਾ ਮਨੋਬਲ ਉੱਚਾ ਕਰਦੀ ਰਹੀ।

ਤੀਸਰੇ ਦਿਨ ਭਾਵ 13 ਪੋਹ ਨੂੰ ਬੱਚਿਆਂ ਨੂੰ ਕਚਹਿਰੀ ਵਿੱਚ ਫਿਰ ਪੇਸ਼ ਕੀਤਾ ਗਿਆ। ਉਹਨਾਂ ਉੱਤੇ ਦੀਨ ਕਬੂਲਣ ਲਈ ਫਿਰ ਦਬਾਅ ਬਣਾਇਆ ਗਿਆ ਪਰ ਸਾਹਿਬਜ਼ਾਦਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਦੇ ਸਿਰ ’ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਆ ਪਿਆ ਸੀ ਉਹ ਇਸ ਨੂੰ ਹੇਠਾਂ ਨਹੀਂ ਡੇਗਣਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪਾਉਣ ਦਾ ਪ੍ਰਣ ਕਰ ਲਿਆ। ਭਾਈ ਦੁੱਨਾ ਸਿੰਘ ਹੰਡੂਰੀਆ ਜੋ ਚਮਕੌਰ ਤੱਕ ਗੁਰੂ ਜੀ ਦੇ ਨਾਲ ਸੀ, ਇਸ ਤਰ੍ਹਾਂ ਲਿਖਦਾ ਹੈ: ‘ਜੋਰਾਵਰ ਸਿੰਘ ਐਸੇ ਭਨੈ। ਕਿਉਂ ਭਾਈ ! ਅਬ ਕਿਉਂਕਰ ਬਨੈ  ? । ਫਤੇ ਸਿੰਘ ਤਬ ਕਹਯੋ ਬਖਾਨ। ‘ਦਸ ਪਾਤਸ਼ਾਹੀ’ ਹੋਵਹਿ ਹਾਨ।’

ਪਹਿਲਾਂ ਦੋਵੇਂ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਚਿਣਿਆ ਗਿਆ। ਜਦ ਕੰਧ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਮੋਢਿਆਂ ਤੱਕ ਪਹੁੰਚੀ ਤਾਂ ਅਚਾਨਕ ਕੰਧ ਡਿੱਗ ਪਈ। ਹੁਣ ਬੱਚਿਆਂ ਨੂੰ ਜਿਬ੍ਹਾ ਕਰਨ (ਗਲ ਵੱਢਣ) ਦਾ ਹੁਕਮ ਸੁਣਾਇਆ ਗਿਆ। ਦੋ ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਵਿੱਚ ਖ਼ੰਜਰ ਖੋਭੇ ਅਤੇ ਫਿਰ ਤਲਵਾਰ ਨਾਲ ਸੀਸ ਧੜ ਤੋਂ ਅਲੱਗ ਕਰ ਦਿੱਤੇ ਗਏ। 

ਨਾ-ਬਾਲਗ਼ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਤਰੀਕੇ ਦੀ ਇਜਾਜ਼ਤ ਕੋਈ ਵੀ ਧਰਮ ਨਹੀਂ ਦੇਂਦਾ ਬਲਕਿ ਇਸ ਨੂੰ ਅਧਰਮੀ ਫ਼ਤਵਾ ਕਹਿਣਾ ਜ਼ਿਆਦਾ ਦਰੁਸਤ ਹੋਵੇਗਾ ਕਿਉਂਕਿ ਬੱਚਿਆਂ ਉੱਤੇ ਮਾਨਸਿਕ ਦਬਾਅ ਬਣਾਇਆ ਗਿਆ, ਮੌਤ ਦਾ ਡਰ ਵਿਖਾਇਆ ਗਿਆ ਤੇ ਆਖ਼ਰ ਤੜਫਾ ਤੜਫਾ ਕੇ ਮਾਰਿਆ ਗਿਆ। ਇਹ ਸਾਰਾ ਤਸੱਦਦ ਉਨ੍ਹਾਂ ਨੇ ਕਿਵੇਂ ਬਰਦਾਸਤ ਕੀਤਾ; ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਦੂਸਰੇ ਪਾਸੇ ਬੱਚਿਆਂ ਨੇ ਜਬਰ ਨੂੰ ਮੂੰਹ ਤੋੜ ਜਵਾਬ ਦੇ ਕੇ ਦਸਾਂ ਪਾਤਸ਼ਾਹੀਆਂ ਦੀ ਸ਼ਾਨ ਨੂੰ ਕਾਇਮ ਰੱਖਿਆ ਅਤੇ ਖਾਲਸਾ ਪੰਥ ਨੂੰ ਫਤਹਿ ਦਿਵਾਈ, ਜੋ ਸਦੀਵੀ ਮਿਸਾਲ ਬਣ ਗਈ।

ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਕਤਲ ਕੀਤਾ ਗਿਆ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਬੁਝ ਜਾਵੇਗਾ, ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖਾਲਸੇ ਦੇ ਦਿਲਾਂ ਵਿੱਚ ਪ੍ਰਵੇਸ ਕਰ ਗਈ ਸੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣਨ ਉਪਰੰਤ ਕਈ ਦਿਨਾਂ ਤੋਂ ਭੁੱਖ ਅਤੇ ਕੜਾਕੇ ਦੀ ਠੰਡ ਨਾ ਸਹਾਰਦੇ ਹੋਏ ਮਾਤਾ ਗੁੱਜਰ ਕੌਰ ਜੀ ਵੀ ਪ੍ਰਾਨ ਤਿਆਗ ਗਏ।

ਗੁਰੂ ਗੋਬਿੰਦ ਸਿੰਘ ਜੀ ਦਾ ਮਾਛੀਵਾੜੇ ਤੋਂ ਮੁਕਤਸਰ ਦਾ ਸਫ਼ਰ ਅਤੇ ਮੁਕਤਸਰ ਦੀ ਜੰਗ 

ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਤੋਂ ਬਾਅਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਮਾਛੀਵਾੜੇ ਠਹਿਰੇ; ਜਿੱਥੋਂ ਉਨ੍ਹਾਂ ਦੇ ਮੁਸਲਮਾਨ ਸ਼ਰਧਾਲੂਆਂ (ਭਾਈ ਨਬੀ ਖ਼ਾਨ, ਗ਼ਨੀ ਖ਼ਾਨ) ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਪਿੰਡ ਹ੍ਹੇਰਾਂ (ਹੇਹਰਾਂ) ਤੱਕ ਪਹੁੰਚਾਇਆ ਸੀ। ਉੱਥੋਂ ਚੱਲ ਕੇ ਪਿੰਡ ਦੀਨੇ ਪਹੁੰਚੇ। ਦੀਨੇ ਪਹੁੰਚ ਕੇ ਹੀ ਗੁਰੂ ਸਾਹਿਬ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤ ਗੁੱਜਰ ਕੌਰ ਜੀ ਦੀ ਸ਼ਹੀਦੀ ਦੀ ਖ਼ਬਰ ਮਿਲੀ ਤੇ ੳਨ੍ਹਾਂ ਨੇ ਔਰੰਗਜ਼ੇਬ ਨੂੰ ਫ਼ਾਰਸੀ ਵਿੱਚ ਜਿੱਤ ਦੀ ਚਿੱਠੀ ਲਿਖੀ; ਜਿਸ ਨੂੰ ਜ਼ਫਰਨਾਮਾ ਕਿਹਾ ਜਾਂਦਾ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜੇਬ ਨੂੰ ਲਿਖਿਆ ਕਿ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ, ਮੇਰਾ ਪੰਜਵਾਂ ਪੁੱਤਰ ਖਾਲਸਾ ਤਾਂ ਅਜੇ ਜਿਊਂਦਾ ਹੈ ਜੋ ਤੇਰੇ ਲਈ ਫੰਨ੍ਹੀਅਰ ਨਾਗ ਹੈ।

ਮਾਛੀਵਾੜੇ ਤੋਂ ਮੁਕਤਸਰ ਪਹੁੰਚਣ ਤੱਕ ਕਿਤਨਾ ਸਮਾਂ ਲੱਗਿਆ ਅਤੇ ਮੁਕਤਸਰ ਦੀ ਜੰਗ ਕਦੋਂ ਹੋਈ ਇਸ ਬਾਰੇ ਇਤਿਹਾਸਕਾਰਾਂ ਦੀਆਂ ਮੁੱਖ ਤੌਰ ’ਤੇ ਦੋ ਰਾਵਾਂ ਪ੍ਰਚਲਿਤ ਹਨ। ਕਈ ਲਿਖਾਰੀਆਂ ਨੇ ਇਸ ਜੰਗ ਦਾ ਸਮਾਂ 21 ਵੈਸਾਖ ਬਿਕ੍ਰਮੀ ਸੰਮਤ 1763 ਦਾ ਲਿਖਿਆ ਹੈ। ਬਹੁਤ ਸਾਰੇ ਵਿਦਵਾਨ ਇਸ ਤਰੀਖ ਨਾਲ ਸਹਿਮਤ ਹਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਮੁਕਤਸਰ ਦੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਦਿਹਾੜਾ 1 ਮਾਘ (ਮਾਘੀ) ਦੇ ਨਾਲ ਨਾਲ 21 ਵੈਸਾਖ ਨੂੰ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ। ਇਸ ਬਾਰੇ ਪ੍ਰਮੁੱਖ ਦਲੀਲ ਇਹੋ ਹੀ ਦਿੱਤੀ ਜਾਂਦੀ ਰਹੀ ਹੈ ਕਿ ਖਿਦਰਾਣੇ ਦੀ ਉਹ ਢਾਬ ਜੋ ਪਾਣੀ ਨਾਲ ਭਰੀ ਸੀ ਉੱਪਰ ਗੁਰੂ ਜੀ ਕਾਬਜ਼ ਸਨ ਅਤੇ ਸਰਹੰਦ ਦੀ ਫੌਜ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਾਰਨ ਸਰਹੰਦ ਦੀ ਫੌਜ ਨੂੰ ਉਥੋਂ ਪਿੱਛੇ ਜਾਣਾ ਪਿਆ। ਸੋ ਐਸਾ ਸਮਾਂ ਜਦੋਂ ਪਾਣੀ ਦੀ ਕਿੱਲਤ ਕਾਰਨ ਹੀ ਪਿੱਛੇ ਹਟਣਾ ਪਵੇ ਉਹ ਕਦਾਚਿਤ ਵੀ ਕੜਾਕੇ ਦੀ ਠੰਡ ਵਾਲਾ ਪੋਹ-ਮਾਘ ਦਾ ਨਹੀਂ ਹੋ ਸਕਦਾ ਬਲਕਿ ਗਰਮੀ ਦਾ ਮੌਸਮ ਵੈਸਾਖ-ਜੇਠ ਹੀ ਹੋਵੇਗਾ। ਇਸ ਲਈ 21 ਵੈਸਾਖ ਦੀ ਤਾਰੀਖ ਵਧੇਰੇ ਦਰੁਸਤ ਜਾਪਦੀ ਹੈ, ਪਰ ਗੁਰੂ ਸਾਹਿਬ ਜੀ ਦੇ ਮਾਛੀਵਾੜੇ ਤੋਂ ਮੁਕਤਸਰ, ਮੁਕਤਸਰ ਤੋਂ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਪਹੁੰਚਣਾ, ਠਹਿਰਣਾ ਅਤੇ ਨਾਂਦੇੜ ਨੂੰ ਰਵਾਨਗੀ ਦੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਮੁਕਤਸਰ ਦੀ ਜੰਗ 30 ਪੋਹ ਅਤੇ ਸ਼ਹੀਦ ਹੋਏ ਸਿੰਘਾਂ ਦੇ ਸਸਕਾਰ ਦੀ ਮਿਤੀ 1 ਮਾਘ ਹੀ ਸਹੀ ਜਾਪਦੀ ਹੈ। 

ਮੁਕਤਸਰ ਦੀ ਜੰਗ ਦੇ ਸਮੇਂ ਬਾਰੇ ਡਾ. ਗੰਡਾ ਸਿੰਘ ਜੀ ਗੁਰ ਸੋਭਾ ਦੀ ਭੂਮਿਕਾ ਵਿਚ ਪੰਨਾ 57 ’ਤੇ ਸਾਰੇ ਪੁਰਾਤਨ ਸ੍ਰੋਤਾਂ ਦੇ ਆਧਾਰ ’ਤੇ ਲਿਖਦੇ ਹਨ ਕਿ ‘ਇਹ ਜੰਗ 30 ਪੋਹ ਸੰਮਤ 1762 (29 ਦਸੰਬਰ 1705 ਈ:) ਮਾਘ ਵਦੀ 10 ਲੋਹੜੀ ਦੇ ਦਿਨ ਹੋਈ। ਅਗਲੇ ਦਿਨ ਮਾਘੀ (ਮਾਘ ਦੀ ਸੰਗਰਾਂਦ) ਸੀ ਜਿਸ ਦਿਨ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ।’ ਦੇਸਾ ਸਿੰਘ ਭੱਟ ਵਹੀ ਤਲੌਂਢਾ, ਕੋਇਰ ਸਿੰਘ ਦੇ ਗੁਰਬਿਲਾਸ ਪਾ: 10, ਸੁੱਖਾ ਸਿੰਘ ਦੇ ਗੁਰਬਿਲਾਸ ਪਾ: 10, ਸਰੂਪ ਸਿੰਘ ਗੁਰੂ ਕੀਆਂ ਸਾਖੀਆਂ, ਬੀਰ ਸਿੰਘ ਬਲ ਦੇ ਸਿੰਘ ਸਾਗਰ ਅਤੇ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼) ਵਿਚ ਮਾਘ ਦੀ ਸੰਗਰਾਂਦ ਦਿੱਤਾ ਹੋਇਆ ਹੈ ਜੋ ਕਿ ਸਸਕਾਰ ਦਾ ਦਿਨ ਹੈ। ਸੁੱਖਾ ਸਿੰਘ ਕ੍ਰਿਤ ਗੁਰ ਬਿਲਾਸ, ਭਾਈ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬ੍ਹੋ ਦਮਦਮਾ ਸਾਹਿਬ ਵਿਖੇ 9 ਮਹੀਨੇ 9 ਦਿਨ ਠਹਿਰੇ ਸਨ ਅਤੇ ਇੱਥੋਂ ਕੱਤਕ ਸੁਦੀ 5 (29 ਕੱਤਕ ਸੰਮਤ 1763 ਬਿ:) 30 ਅਕਤੂਬਰ 1706 ਈ: ਨੂੰ ਦੱਖਣ ਵੱਲ ਕੂਚ ਕੀਤਾ। ਪਿਛੇ ਨੂੰ ਗਿਣਤੀ ਕੀਤਿਆਂ ਇਸ ਅਨੁਸਾਰ ਮੁਕਤਸਰ ਦਾ ਜੁੱਧ ਲੋਹੜੀ-ਮਾਘੀ ਸੰਮਤ 1762 ਠੀਕ ਬੈਠਦਾ ਜਾਪਦਾ ਹੈ, ਤਦ 29-30 ਦਸੰਬਰ ਸੰਨ 1705 ਈ: ਸੀ। ਅੱਜ ਕੱਲ੍ਹ ਮਾਘੀ 13 ਜਨਵਰੀ ਨੂੰ ਆਉਂਦੀ ਹੈ। ਗੁਰੂ ਸਾਹਿਬ ਦਮਦਮਾ ਸਾਹਿਬ 20-21 ਜਨਵਰੀ 1706 ਈ. ਨੂੰ ਪੁੱਜੇ ਹੋਣਗੇ। 31 ਦਸੰਬਰ ਤੋਂ 20-21 ਜਨਵਰੀ ਤਕ 21-22 ਦਿਨ ਮੁਕਤਸਰੋਂ ਦਮਦਮੇ ਸਾਹਿਬ ਤੱਕ ਸਫ਼ਰ ਵਿਚ ਲੱਗ ਗਏ ਜਾਪਦੇ ਹਨ। ਮੁਕਤਸਰੋਂ ਦਮਦਮਾ ਸਾਹਿਬ ਸਿਧਾ ਪੰਧ 48 ਕੁ ਮੀਲ ਹੈ ਪਰ ਛੋਟੇ ਛੋਟੇ ਪੜਾਉ ਕਰਦੇ ਅਤੇ ਰਾਹ ਵਿੱਚ ਲੋੜ ਅਨੁਸਾਰ ਠਹਿਰਦੇ ਜਾਣ ਨਾਲ ਇੰਨੇ ਕੁ ਦਿਨ ਤਾਂ ਲੱਗਣੇ ਸੁਭਾਵਕ ਹਨ।

ਵੈਸਾਖ ਵਿਚ ਇਹ ਜੰਗ ਹੋਈ, ਇਹ ਗੱਲ ਕਿਵੇਂ ਪ੍ਰਚਲਿਤ ਹੋਈ  ? ਇਸ ਬਾਰੇ ਵੀ ਡਾ. ਗੰਡਾ ਸਿੰਘ ਜੀ ਪੰਨਾ 57-58 ’ਤੇ ਲਿਖਦੇ ਹਨ ਕਿ ‘ਗਿ: ਗਿਆਨ ਸਿੰਘ ਨੇ ਪਹਿਲਾਂ ਆਪਣੀ ਕ੍ਰਿਤ ਤਵਾਰੀਖ ਗੁਰੂ ਖਾਲਸਾ ਅਤੇ ਪੰਥ ਪ੍ਰਕਾਸ਼ ਵਿਚ ਮੁਕਤਸਰ ਦੇ ਜੁੱਧ ਦੀ ਤਾਰੀਖ ਵੈਸਾਖ ਦਿੱਤੀ ਸੀ ਪਰ ਸੰਮਤ ਕਿਧਰੇ 1761 ਅਤੇ ਕਿਧਰੇ 1762 ਦਿੱਤਾ ਹੋਇਆ ਸੀ, ਪਰ ਤਵਾਰੀਖ ਗੁਰੂ ਖਾਲਸਾ ਦੇ ਸੋਧੇ ਹੋਏ ਉਰਦੂ ਐਡੀਸ਼ਨ ਵਿਚ ਜੋ ਸੰਨ 1923 ਈ: ਵਿਚ ਪ੍ਰਕਾਸ਼ਤ ਹੋਇਆ ਸੀ, ਇਸ ਵਿਚ ਤਾਰੀਖ ਨੂੰ ਠੀਕ ਕਰ ਦਿੱਤਾ ਗਿਆ ਅਤੇ ਲਿਖਿਆ ਗਿਆ ਕਿ ਇਹ ਜੁੱਧ ਏਕਮ ਮਾਘ 1762 ਨੂੰ ਹੋਇਆ ਸੀ।’ 

ਇਸ ਦੇ ਨਾਲ ਹੀ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਤੋਂ ਬਾਅਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਮਾਛੀਵਾੜੇ ਠਹਿਰੇ ਸਨ ਜਿੱਥੋਂ ਭਾਈ ਨਬੀ ਖ਼ਾਨ, ਗ਼ਨੀ ਖਾਨ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਅੱਗੇ ਪਹੁੰਚਾਇਆ ਸੀ। ਕਾਰਨ ਸਪਸ਼ਟ ਹੈ ਕਿ ਸਰਹੰਦੀ ਫੌਜਾਂ ਗੁਰੂ ਜੀ ਦੀ ਪੂਰੀ ਸੂਹ ਲਾਉਣ ਅਤੇ ਉਨ੍ਹਾਂ ਨੂੰ ਜੀਵਤ ਪਕੜਨ ਜਾਂ ਉਨ੍ਹਾਂ ਦੀ ਹੋਂਦ ਨੂੰ ਮਿਟਾਉਣ ਦਾ ਪੂਰਾ ਯਤਨ ਕਰ ਰਹੀਆਂ ਸਨ। ਇਹੀ ਫੌਜਾਂ ਸੂਹ ਪਤਾ ਲਾਉਂਦੀਆਂ ਖਿਦਰਾਣੇ ਦੀ ਢਾਬ ’ਤੇ ਜਾ ਪਹੁੰਚੀਆਂ ਜਿੱਥੇ ਭਾਰੀ ਜੰਗ ਹੋਈ। ਜਦੋਂ ਸੂਬਾ ਸਰਹੰਦ ਦੀਆਂ ਫੌਜਾਂ ਬਹੁਤ ਹੀ ਤੇਜ਼ੀ ਨਾਲ ਗੁਰੂ ਸਾਹਿਬ ਜੀ ਦਾ ਪਿੱਛਾ ਕਰ ਰਹੀਆਂ ਸਨ ਤਾਂ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ ਕਿ 9 ਪੋਹ ਤੋਂ 23 ਵੈਸਾਖ ਤੱਕ ਸਾਢੇ ਚਾਰ ਮਹੀਨੇ ਦਾ ਸਮਾਂ ਗੁਰੂ ਜੀ ਉਸ ਦੇ ਇਲਾਕੇ ਵਿਚ ਠਹਿਰੇ ਹੋਣ। ਮੋਟੇ ਤੌਰ ’ਤੇ ਅਸੀਂ ਨਿੱਕੇ ਪੜਾਵਾਂ ਨੂੰ ਛੱਡਦਿਆਂ ਅਨੰਦਪੁਰ ਛੱਡਣ ਤੋਂ ਮੁਕਤਸਰ ਪਹੁੰਚਣ ਤੱਕ ਦੇ ਸਮੇਂ ਨੂੰ ਇਵੇਂ ਵਧੇਰੇ ਸਮਝ ਸਕਦੇ ਹਾਂ: 

6 ਪੋਹ ਸੰਮਤ 1762 ਬਿਕ੍ਰਮੀ ਅਨੰਦਪੁਰ ਸਾਹਿਬ। 

7 ਪੋਹ ਸਿਰਸਾ ਨਦੀ ਦਾ ਕੰਢਾ (ਰੋਪੜ)। 

8 ਪੋਹ ਚਮਕੌਰ ਸਾਹਿਬ। 

9-12 ਪੋਹ ਮਾਛੀਵਾੜਾ। 

14 ਪੋਹ ਅਜਨੇਰ (ਰਾਮਪੁਰ)। 

15 ਪੋਹ ਰਾਮਪੁਰ ਤੋਂ ਰਵਾਨਗੀ- ਕਨੇਚ (ਆਲਮਗੀਰ)।

16 ਪੋਹ ਚਨਾਲੋਂ, ਮੋਹੀ। 

17 ਪੋਹ ਹੇਹਰਾਂ ਤੋਂ ਚੱਲ ਕੇ ਰਾਏਕੋਟ ਪਹੁੰਚੇ। 

18 ਪੋਹ ਰਾਏਕੋਟ ਠਹਿਰੇ। 

19 ਪੋਹ ਲੰਮੇ ਜੱਟ ਪੁਰੇ। 

20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ। 

21 ਪੋਹ ਦੀਨੇ (22 ਪੋਹ ਨੂੰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੀਨੇ ਤੋਂ ਜ਼ਫਰਨਾਮਾ ਲੇ ਕੇ ਔਰੰਗਜ਼ੇਬ ਨੂੰ ਮਿਲਣ ਗਏ)।

26 ਪੋਹ ਭਗਤਾ ਠਹਿਰੇ। 

27 ਪੋਹ ਬਰਗਾੜੀ, ਬਹਿਬਲ, ਸਰਾਵਾਂ। 

28 ਪੋਹ ਕੋਟਕਪੂਰਾ, ਢਿਲਵਾਂ ਠਹਿਰੇ ਰਾਤ। 

29 ਪੋਹ ਜੈਤੋ, ਰਾਮੇਆਣਾ ਠਹਿਰੇ। 

30 ਪੋਹ ਰੂਪਾਣਾ ਤੇ ਖਿਦਰਾਣੇ ਦੀ ਢਾਬ ’ਤੇ ਜੰਗ।

1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ।

  ਦੂਜੇ ਪਾਸੇ, ਸਰਸਾ ਨਦੀ ਦੇ ਕੰਢੇ ’ਤੇ ਹੋਈ ਜੰਗ ਦੌਰਾਨ ਨਦੀ ਪਾਰ ਕਰਦੇ ਸਮੇਂ ਗੁਰੂ ਜੀ ਤੋਂ ਵਿੱਛੜਨ ਵਾਲੇ ਸਿੰਘ ਆਪਣੇ ਘਰੀਂ ਪਹੁੰਚੇ ਤਾਂ ਮਾਈ ਭਾਗੋ ਜੀ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਫਿਟਕਾਰਾਂ ਪਾਈਆਂ ਅਤੇ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ। ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖ਼ਬਰਾਂ ਸੁਣ ਕੇ ਉਨ੍ਹਾਂ ਸਿੰਘਾਂ ਦੀ ਜ਼ਮੀਰ ਨੇ ਵੀ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਉਨ੍ਹਾਂ ਨੂੰ ਸਤਾਉਣ ਲੱਗਾ। ਇਹ ਸਿੰਘ ਮੁੜ ਤੋਂ ਗੁਰੂ ਜੀ ਲਈ ਲੜ-ਮਰਨ ਵਾਸਤੇ ਚੱਲ ਪਏ। ਮਾਈ ਭਾਗੋ ਮਰਦਾਵੇਂ ਵੇਸ ਵਿਚ ਇਨ੍ਹਾਂ ਦੇ ਨਾਲ ਸੀ। ਰਸਤੇ ਵਿੱਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਛੱਡਣ, ਚਮਕੌਰ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ, ਸਿੰਘਾਂ ਦਾ ਖ਼ੂਨ ਹੋਰ ਵੀ ਖ਼ੌਲ ਪਿਆ ਅਤੇ ਉਹ ਪੁੱਛਦੇ-ਪੁਛਾਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ ਮਗਰ ਤੁਰ ਪਏ।

ਓਧਰ ਗੁਰੂ ਜੀ ਚਮਕੌਰ, ਮਾਛੀਵਾੜਾ, ਕਨੇਚ, ਆਲਮਗੀਰ, ਹੇਹਰ, ਲੰਮੇ, ਰਾਇਕੋਟ, ਦੀਨਾ ਆਦਿ ਹੁੰਦੇ ਹੋਏ ਕੋਟਕਪੂਰਾ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹੰਦ ਭਾਰੀ ਲਾਓ-ਲਸ਼ਕਰ ਨਾਲ ਆਪ ਜੀ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਮਾਝੇ ਦੇ ਸਿੰਘਾਂ ਦਾ ਜੱਥਾ ਜਦੋਂ ਕਲਗੀਧਰ ਪਾਤਸ਼ਾਹ ਦੀ ਭਾਲ਼ ਕਰਦਾ ਹੋਇਆ ਖਿਦਰਾਣੇ ਦੀ ਢਾਬ ਪਾਸ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖ਼ਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ, ਜਿਸ ’ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ਼ ਲਏ। ਸਿੰਘਾਂ ਦੀ ਯੁੱਧ ਨੀਤੀ ਪੂਰੀ ਤਰ੍ਹਾਂ ਸਫਲ ਰਹੀ ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਮੁਗ਼ਲ ਫੌਜ ਵੀ ਸਾਰੀ ਉਸੇ ਪਾਸੇ ਝੁਕ ਗਈ। ਉਧਰ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਹੇਠ ਸਿੰਘਾਂ ਨੇ ਇਕ ਦਮ ਦੁਸ਼ਮਣ ਫੌਜ਼ਾਂ ’ਤੇ ਹੱਲਾ ਬੋਲ ਦਿੱਤਾ। ਸੈਂਕੜੇ ਮੁਗ਼ਲ ਸੈਨਿਕ ਮਾਰੇ ਗਏ। ਦਸਮ ਪਿਤਾ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣਾਂ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਟ ਚੜ੍ਹਦੇ ਗਏ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ। ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿੱਚ ਆ ਕੇ ਵੇਖਿਆ ਕਿ ਢਾਬ ਦੇ ਕੰਢੇ ਜ਼ਖਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜ਼ਖਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਨੂੰ ਵੇਖਿਆ ਤੇ ਦੀਨ ਦੁਨੀ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਨਿਵਾਇਆ। ਮਾਤਾ ਭਾਗੋ ਨੇ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਪਾਤਸ਼ਾਹ ਨੇ ਜੰਗ ’ਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸੱਤ ਹਜ਼ਾਰੀ, ਦਸ ਹਜ਼ਾਰੀ ਆਦਿ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ ਕਮਲਾਂ ਨਾਲ ਪਲੋਸਿਆ। ਏਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੀ ਨਜ਼ਰੀਂ ਪਿਆ। ਪਾਤਸ਼ਾਹ ਨੇ ਉਸ ਦੇ ਸੀਸ ਨੂੰ ਜਦੋਂ ਗੋਦ ਵਿਚ ਲਿਆ ਅਤੇ ਉਸ ਦਾ ਮੂੰਹ ਪੂੰਝਿਆ ਤਾਂ ਉਸ ਦੀਆਂ ਕੁਝ ਅੱਖਾਂ ਖੁੱਲ੍ਹੀਆਂ। ਜਿਸ ਗੁਰੂ ਜੀ ਦਾ ਧਿਆਨ ਉਸ ਨੇ ਆਪਣੇ ਹਿਰਦੇ ਧਾਰਿਆ ਸੀ, ਉਨ੍ਹਾਂ ਦੀ ਗੋਦ ’ਚ ਆਪਣੇ ਆਪ ਨੂੰ ਪਿਆ ਵੇਖ ਕੇ ਅਨੰਦਿਤ ਹੋ ਗਿਆ। ਕਲਗੀਧਰ ਪਾਤਸ਼ਾਹ ਗੋਦੀ ’ਚ ਲਏ ਭਾਈ ਮਹਾਂ ਸਿੰਘ ਦਾ ਅੰਤਮ ਸਮਾਂ ਨੇੜੇ ਆਉਂਦਾ ਵੇਖ ਉਸ ਦੇ ਜੀਵਨ ਦੀ ਕੋਈ ਇੱਛਾ ਬਾਰੇ ਜਦ ਪੁੱਛਿਆ, ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ‘ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾਂ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਸਮੇਂ ਦੇ ਗੇੜ ਅਤੇ ਬਿਖੜੇ ਹਾਲਤਾਂ ਕਾਰਨ ਅਸੀਂ ਆਪ ਜੀ ਤੋਂ ਵਿੱਛੜ ਗਏ ਸਾਂ ਉਸ ਨੂੰ ਨਾ ਚਿਤਾਰਦੇ ਹੋਏ ਸਾਨੂੰ ਬਖ਼ਸ਼ ਕੇ ਟੁੱਟੀ ਗੰਢ ਲਉ।’ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਦੀ ਭਾਵਨਾ ਅਨੁਸਾਰ ਬਖ਼ਸ਼ਸ਼ ਕੀਤੀ ਅਤੇ ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸਵਾਸ ਤਿਆਗ ਦਿੱਤੇ। ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਕੇ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖ਼ਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ਮੁਕਤੀ ਦਾ ਸਰ (ਸਰੋਵਰ) ਹੋਣ ਦਾ ਵਰਦਾਨ ਦੇ ਦਿੱਤਾ। ਅੱਜ ਇਹ ਸਥਾਨ ਸੰਸਾਰ ਭਰ ’ਚ ‘ਮੁਕਤਸਰ’ ਦੇ ਨਾਮ ਨਾਲ ਪ੍ਰਸਿੱਧ ਹੈ। ਮੁਕਤਸਰ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ੍ਹ ਕਰਾਉਂਦਾ ਹੈ। 

ਦਮਦਮਾ ਸਾਹਿਬ ਤਲਵੰਡੀ ਸਾਬੋ

ਮੁਕਤਸਰੋਂ ਦਮਦਮਾ ਸਾਹਿਬ ਸਿਧਾ ਪੰਧ 48 ਕੁ ਮੀਲ ਹੈ ਪਰ ਛੋਟੇ ਛੋਟੇ ਪੜਾਉ ਕਰਦੇ ਅਤੇ ਰਾਹ ਵਿੱਚ ਲੋੜ ਅਨੁਸਾਰ ਠਹਿਰਦੇ ਜਾਣ ਨਾਲ ਗੁਰੂ ਸਾਹਿਬ ਦਮਦਮਾ ਸਾਹਿਬ 20-21 ਜਨਵਰੀ 1706 ਈ: ਦੇ ਨੇੜੇ ਤੇੜੇ ਪੁੱਜੇ। 31 ਦਸੰਬਰ ਤੋਂ 20-21 ਜਨਵਰੀ ਤਕ 21-22 ਦਿਨ ਮੁਕਤਸਰੋਂ ਦਮਦਮੇ ਸਾਹਿਬ ਤੱਕ ਸਫਰ ਵਿਚ ਲੱਗ ਗਏ। ਮੌਜੂਦਾ ਬਠਿੰਡੇ ਦਾ ਇਲਾਕਾ ਤਲਵੰਡੀ ਸਾਬ੍ਹੋ, ਮੁਲਤਾਨ ਦੇ ਪਰਗਣੇ ਅਧੀਨ ਸੀ ਜਿਸ ਕਾਰਨ ਸਰਹੰਦ ਦਾ ਨਵਾਬ ਇਸ ਇਲਾਕੇ ਵਿਚ ਸਿੱਧਾ ਦਖ਼ਲ ਨਹੀਂ ਦੇ ਸਕਦਾ ਸੀ। ਚੌਧਰੀ ਡੱਲੇ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਅਤੇ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜੋ ਘਟਨਾਵਾਂ ਗੁਰੂ ਜੀ ਨਾਲ ਵਾਪਰੀਆਂ ਉਨ੍ਹਾਂ ਦਾ ਸਾਰਾ ਵਿਸਥਾਰ ਸੁਣਿਆ। ਰੋਹ ਵਿੱਚ ਆਏ ਚੌਧਰੀ ਡੱਲੇ ਨੇ ਕਿਹਾ ਗੁਰੂ ਜੀ ਜੇ ਤੁਸੀਂ ਉਸ ਸਮੇਂ ਮੈਨੂੰ ਯਾਦ ਕਰ ਲੈਂਦੇ ਤਾਂ ਮੇਰੇ ਬਹਾਦਰ ਜਵਾਨਾਂ ਨੇ ਮੁਗਲਾਂ ਦੇ ਐਸੇ ਦੰਦ ਖੱਟੇ ਕਰਨੇ ਸਨ ਕਿ ਨਾ ਅਨੰਦਪੁਰ ਛੱਡਣਾ ਪੈਂਦਾ ਤੇ ਨਾ ਹੀ ਸਾਹਿਬਜ਼ਾਦੇ ਸ਼ਹੀਦ ਹੁੰਦੇ। ਗੁਰੂ ਜੀ ਨੇ ਵੇਖਿਆ ਕਿ ਡੱਲੇ ਦੇ ਮਨ ਵਿੱਚ ਕੁਝ ਹਉਮੈ ਉਪਜਣ ਲੱਗੀ ਹੈ। ਕੁਝ ਦਿਨਾਂ ਬਾਅਦ ਇੱਕ ਸਿੰਘ ਨਵੀਂ ਬੰਦੂਕ ਲੈ ਕੇ ਹਾਜ਼ਰ ਹੋਇਆ ਤੇ ਉਸ ਨੇ ਬੰਦੂਕ ਦੇ ਕਈ ਗੁਣ ਦੱਸੇ। ਗੁਰੂ ਸਾਹਿਬ ਜੀ ਨੇ ਚੌਧਰੀ ਡੱਲੇ ਨੂੰ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਆਪਣਾ ਇੱਕ ਜੁਆਨ ਲਿਆਉਣ ਲਈ ਕਿਹਾ ਤਾਂ ਡੱਲੇ ਸਮੇਤ ਉਸ ਦਾ ਕੋਈ ਵੀ ਸਾਥੀ ਅਣਆਈ ਮੌਤ ਕਬੂਲਣ ਲਈ ਤਿਆਰ ਨਾ ਹੋਇਆ। ਇਸ ਪਿੱਛੋਂ ਆਪਣੇ ਸਿੱਖਾਂ ਨੂੰ ਅਵਾਜ਼ ਦਿੱਤੀ ਤਾਂ ਦੋ ਪਿਉ-ਪੁੱਤਰ ਜਿਨ੍ਹਾਂ ਦਾ ਨਾਮ ਭਾਈ ਵੀਰ ਸਿੰਘ, ਭਾਈ ਧੀਰ ਸਿੰਘ ਸੀ; ਦੌੜ ਕੇ ਇੱਕ ਦੂਸਰੇ ਤੋਂ ਅੱਗੇ ਹੋ ਕੇ ਖੜ੍ਹਨ ਲਈ ਤਿਆਰ ਹੋਏ। ਇੱਕ ਕਹੇ ਮੈਂ ਪਹਿਲਾਂ ਅਵਾਜ਼ ਸੁਣੀ ਹੈ ਇਸ ਲਈ ਨਿਸ਼ਾਨਾ ਮੇਰੇ ’ਤੇ ਪਰਖਿਆ ਜਾਵੇ ਦੂਸਰਾ ਕਹੇ ਮੈਂ ਪਹਿਲਾਂ ਪਹੁੰਚਿਆ ਹਾਂ ਇਸ ਲਈ ਨਿਸ਼ਾਨਾ ਮੇਰੇ ’ਤੇ ਪਹਿਲਾਂ ਪਰਖਿਆ ਜਾਵੇ। ਸਿੱਖਾਂ ਦਾ ਸਿਦਕ ਵੇਖ ਕੇ ਡੱਲਾ ਬਹੁਤ ਹੀ ਹੈਰਾਨ ਹੋਇਆ ਤੇ ਉਸ ਦਾ ਹੰਕਾਰ ਟੁੱਟ ਗਿਆ; ਇਸ ਲਈ ਗੁਰੂ ਜੀ ਦੇ ਚਰਨੀਂ ਪੈ ਕੇ ਬੇਨਤੀ ਕੀਤੀ ਕਿ ‘ਗੁਰੂ ਜੀ ਤੁਸੀਂ ਧੰਨ ਹੋ ਤੇ ਧੰਨ ਹਨ ਤੁਹਾਡੇ ਸਿੰਘ। ਮੇਰੇ ’ਤੇ ਵੀ ਕ੍ਰਿਪਾ ਕਰੋ ਤੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਉ ਤਾਂ ਕਿ ਮੇਰੀ ਸਾਂਝ ਵੀ ਆਪ ਜੀ ਨਾਲ ਇਨ੍ਹਾਂ ਵਾਂਗ ਪੱਕੀ ਬਣ ਜਾਵੇ।’

ਡੱਲੇ ਨੇ ਪਰਿਵਾਰ ਸਮੇਤ ਅੰਮ੍ਰਿਤ ਛਕਿਆ ਤੇ ਚੌਧਰੀ ਡੱਲੇ ਤੋਂ ਭਾਈ ਡੱਲ ਸਿੰਘ ਬਣ ਗਿਆ। ਭਾਈ ਡੱਲ ਸਿੰਘ ਨੂੰ ਵਜ਼ੀਰ ਖ਼ਾਂ ਨੇ ਇਹ ਸੁਨੇਹਾ ਵੀ ਭੇਜਿਆ ਸੀ ਕਿ ਉਹ ਗੁਰੂ ਜੀ ਨੂੰ ਆਪਣੇ ਕੋਲ ਨਾ ਰੱਖੇ ਅਤੇ ਮੇਰੇ ਹਵਾਲੇ ਕਰ ਦੇਵੇ। ਭਾਈ ਡੱਲੇ ਨੇ ਵਜ਼ੀਰ ਖ਼ਾਂ ਦੀ ਇਸ ਬਦਨੀਤੀ ਭਰੀ ਸਲਾਹ ਦਾ ਬੁਰਾ ਹੀ ਨਹੀਂ ਮਨਾਇਆ ਸੀ ਸਗੋਂ ਮੋੜਵਾਂ ਤੇ ਠੋਕਵਾਂ ਉੱਤਰ ਵੀ ਦਿੱਤਾ ਸੀ। ਇਹ ਅੰਮ੍ਰਿਤ ਦੀ ਹੀ ਸ਼ਕਤੀ ਸੀ ਜਿਸ ਨੇ ਭਾਈ ਡੱਲ ਸਿੰਘ ਵਿੱਚ ਐਸੀ ਜੁਰਅਤ ਭਰੀ।

ਬਹੁਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਾਰੀ ਭਾਈ ਮਨੀ ਸਿੰਘ ਜੀ ਰਾਹੀਂ ਸੰਪੂਰਨ ਗ੍ਰੰਥ ਸਾਹਿਬ ਜ਼ਬਾਨੀ ਉਚਾਰ ਕੇ ਲਿਖਵਾਇਆ ਕਿਉਂਕਿ ਧੀਰਮੱਲੀਆਂ ਨੇ ਅਸਲੀ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਰਤਾਰਪੁਰੀ ਬੀੜ ਨਾਲੋਂ ਸਿਰਫ਼ ਇੱਕ ਅੱਖਰ ‘‘ਕਹੁ ਕਬੀਰ  ! ਜਨ ਭਏ ਖਲਾਸੇ; ਪ੍ਰੇਮ ਭਗਤਿ ਜਿਹ ਜਾਨੀ ॥’’ ਨੂੰ ਬਦਲ ਕੇ ‘‘ਕਹੁ ਕਬੀਰ  ! ਜਨ ਭਏ ਖਾਲਸੇ; ਪ੍ਰੇਮ ਭਗਤਿ ਜਿਹ ਜਾਨੀ ॥’’ ਕੀਤਾ ਗਿਆ ਅਤੇ ਬਾਕੀ ਤਮਾਮ ਅੱਖਰ ਕਰਤਾਰਪੁਰੀ ਬੀੜ ਨਾਲ ਮੇਲ਼ ਖਾਂਦੇ ਹਨ। ਇਨ੍ਹਾਂ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਵਾ ਕੇ ਬੀੜ ਨੂੰ ਸੰਪੂਰਨਤਾ ਬਖ਼ਸ਼ੀ, ਪਰ ਕੁਝ ਵਿਦਵਾਨ ਇਹ ਗੱਲ ਮੰਨਣ ਲਈ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵੇਲੇ ਤੱਕ ਕਰਤਾਰਪੁਰੀ ਬੀੜ ਦੇ ਕਈ ਉਤਾਰੇ ਹੋ ਚੁੱਕੇ ਸਨ ਜਿਨ੍ਹਾਂ ਵਿੱਚੋਂ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਵੀ ਮੌਜੂਦ ਸੀ ਅਤੇ ਉਨ੍ਹਾਂ ਦਮਦਮਾ ਸਾਹਿਬ ਜੋ ਅਨੰਦਪੁਰ ਸਾਹਿਬ ਵਿੱਚ ਸਥਿਤ ਹੈ; ਵਿਖੇ ਖੁਦ ਆਪਣੀ ਮੌਜੂਦਗੀ ਵਿੱਚ ਹੀ ਆਪਣੀ ਬਾਣੀ ਦਰਜ ਕਰਵਾ ਦਿੱਤੀ ਸੀ। ਇਨ੍ਹਾਂ ਵਿਦਵਾਨਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬ੍ਹੋ ਵਾਲੇ ਸਥਾਨ ’ਤੇ ਕੇਵਲ ਉਸ ਬੀੜ ਦੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਰਾਹੀਂ 4 ਉਤਾਰੇ ਕਰਵਾਏ ਸਨ ਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਰਵਣ ਕਰਵਾਈ ਜਾਂਦੀ ਸੀ। 

ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ, ਜੋ ਅਨੰਦਪੁਰ ਸਾਹਿਬ ਤੋਂ ਪਰਿਵਾਰ ਨਾਲੋਂ ਵਿੱਛੜ ਕੇ ਦਿੱਲੀ ਵਿਖੇ ਰਹਿ ਰਹੀਆਂ ਸਨ, ਗੁਰੂ ਸਾਹਿਬ ਜੀ ਦੇ ਬੁਲਾਵੇ ’ਤੇ ਪਹਿਲੀ ਵਾਰ ਦਮਦਮਾ ਸਾਹਿਬ ਤਲਵੰਡੀ ਵਿਖੇ 1706 ਈ: ਦੀ ਵੈਸਾਖੀ ਨੂੰ ਪਹੁੰਚੀਆਂ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਉਨ੍ਹਾਂ ਨੂੰ ਚਾਰੇ ਸਾਹਿਬਜ਼ਾਦੇ ਨਜ਼ਰ ਨਾ ਆਏ ਤਾਂ ਪੁੱਛਣ ’ਤੇ ਗੁਰੂ ਸਾਹਿਬ ਜੀ ਨੇ ਭਰੇ ਦੀਵਾਨ ਵਿੱਚ ਬੈਠੇ ਸਿੰਘਾਂ ਵੱਲ ਇਸ਼ਾਰਾ ਕਰਕੇ ਕਿਹਾ ‘‘ਇਨ ਪੁਤਰਨ ਕੇ ਸੀਸ ਪਹਿ, ਵਾਰ ਦੀਏ ਸੁਤ ਚਾਰ॥ ਚਾਰ ਮੂਏ ਤੋ ਕਿਆ ਭਇਆ ? ਜੀਵਤ ਕਈ ਹਜਾਰ॥’’ ਗੁਰੂ ਸਾਹਿਬ ਜੀ ਦੇ ਇਸ ਕਥਨ ਤੋਂ ਪਤਾ ਲਗਦਾ ਹੈ ਕਿ ਉਹ ਆਪਣੇ ਸਹਿਬਜ਼ਾਦਿਆਂ ਤੇ ਸਿੱਖਾਂ ਵਿੱਚ ਕੋਈ ਅੰਤਰ ਨਹੀਂ ਸਮਝਦੇ ਸਨ।

ਦੱਖਣ ਵੱਲ ਕੂਚ ਕਰਨਾ ਅਤੇ ਬਾਬਾ ਬੰਦਾ ਸਿੰਘ ਨਾਲ ਮੇਲ਼

ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬ੍ਹੋ ਦਮਦਮਾ ਸਾਹਿਬ 9 ਮਹੀਨੇ 9 ਦਿਨ ਠਹਿਰੇ ਸਨ ਅਤੇ ਇੱਥੋਂ ਕਤਕ ਸੁਦੀ 5 (29 ਕਤਕ ਸੰਮਤ 1763 ਬਿ:) 30 ਅਕਤੂਬਰ 1706 ਈ: ਦੱਖਣ ਵੱਲ ਚੱਲ ਪਏ। 21 ਫਰਬਰੀ 1707 ਨੂੰ ਔਰੰਗਜ਼ੇਬ ਮਰ ਗਿਆ। ਬਹਾਦਰ ਸ਼ਾਹ ਨੇ ਤਖ਼ਤ ’ਤੇ ਬੈਠਣ ਲਈ ਮੱਦਦ ਮੰਗੀ। ਗੁਰੂ ਜੀ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਦੀ ਕਮਾਨ ਹੇਠ ਇੱਕ ਜੱਥਾ ਭੇਜਿਆ। ਗੁਰੂ ਜੀ ਦੀ ਮੱਦਦ ਨਾਲ ਬਹਾਦਰ ਸ਼ਾਹ ਦੀ ਜਿੱਤ ਹੋਈ ਤੇ ਉਹ ਤਖ਼ਤ ’ਤੇ ਬੈਠ ਗਿਆ। ਗੁਰੂ ਜੀ ਉਸ ਵੇਲੇ ਆਗਰੇ ਵਿੱਚ ਸਨ। ਬਹਾਦਰ ਸ਼ਾਹ ਨੇ ਬੜੇ ਸਤਿਕਾਰ ਨਾਲ ਕੀਮਤੀ ਭੇਟਾਵਾਂ ਗੁਰੂ ਜੀ ਨੂੰ ਪੇਸ਼ ਕੀਤੀਆਂ ਤੇ ਅਗਸਤ 1707 ਤੋਂ ਅਗਸਤ 1708 ਤੱਕ ਗੁਰੂ ਜੀ ਨਾਲ ਰਹੇ। ਬਾਦਸ਼ਾਹ ਬਹਾਦਰ ਸ਼ਾਹ 24 ਅਗਸਤ 1708 ਨੂੰ ਦਰਿਆ ਬਾਣ ਗੰਗਾ ਪਾਰ ਕਰ ਕੇ ਅੱਗੇ ਨਿਕਲ ਗਿਆ ਅਤੇ ਗੁਰੂ ਸਾਹਿਬ, ਨੰਦੇੜ ਵਿੱਚ ਰੁਕ ਗਏ। ਗੁਰੂ ਸਾਹਿਬ ਨੇ ਫ਼ੈਸਲਾ ਕੀਤਾ ਕਿ ਬਾਦਸ਼ਾਹ ਤੋਂ ਆਸ ਛੱਡ ਕੇ ਆਪ ਇਨਸਾਫ਼ ਕਾਇਮ ਕੀਤਾ ਜਾਵੇ। ਨੰਦੇੜ ਵਿਖੇ ਗੁਰੂ ਜੀ ਦਾ ਮੇਲ਼ 3 ਸਤੰਬਰ, 1708 ਦੇ ਦਿਨ ਮਾਧੋ ਦਾਸ ਬੈਰਾਗੀ (ਮਗਰੋਂ ਬਾਬਾ ਬੰਦਾ ਸਿੰਘ ਬਹਾਦਰ) ਨਾਲ ਹੋਇਆ। ਪੰਜਾਬ ਦੀ ਹਾਲਤ ਬਾਰੇ ਅਤੇ ਮੁਗ਼ਲ ਹਾਕਮਾਂ ਦੀਆਂ ਕਰਤੂਤਾਂ ਸੁਣ ਕੇ ਬੰਦਾ ਸਿੰਘ ਨੇ ਗੁਰੂ ਜੀ ਤੋਂ ਪੰਜਾਬ ਜਾ ਕੇ ਦੁਸ਼ਟਾਂ ਨੂੰ ਸੋਧਣ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਜੀ ਨੇ ਪੰਜ ਤੀਰ, ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ ਬਖ਼ਸ਼ ਕੇ 5 ਮੁਖੀਏ ਸਿੰਘਾਂ (ਬਾਬਾ ਬਿਨੋਦ ਸਿੰਘ, ਕਾਨ੍ਹ ਸਿੰਘ, ਬਾਜ ਸਿੰਘ, ਰਾਮ ਸਿੰਘ ਤੇ ਬਿਜੈ ਸਿੰਘ) ਦੀ ਅਗਵਾਈ ਹੇਠ 25 ਸਿੰਘਾਂ ਦੇ ਜੱਥੇ ਨਾਲ ਅਸ਼ੀਰਵਾਦ ਦੇ ਕੇ ਪੰਜਾਬ ਵੱਲ ਤੋਰ ਦਿੱਤਾ।

ਚਲਦਾ