ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੰਖੇਪ ਜੀਵਨ ਵੇਰਵਾ

0
13846

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੰਖੇਪ ਜੀਵਨ ਵੇਰਵਾ

(ਸੰਮਤ 1652-1701, ਸੰਨ 1595-1644)

ਗਿਆਨੀ ਅਵਤਾਰ ਸਿੰਘ

ਜਨਮ: ਹਾੜ ਵਦੀ 7 (21 ਹਾੜ); ਸੰਮਤ 1652, (19 ਜੂਨ 1595) ਗੁਰੂ ਕੀ ਵਡਾਲੀ (ਅੰਮ੍ਰਿਤਸਰ)।

ਮਾਤਾ ਪਿਤਾ: ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ।

ਗੁਰਿਆਈ: ਜੇਠ ਵਦੀ 14/ 28 ਜੇਠ ਸੰਮਤ 1663 (25 ਮਈ 1606) ।

ਸੰਤਾਨ: ਆਪ ਜੀ ਦੇ ਗ੍ਰਹਿ 5 ਸਪੁੱਤਰ (ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਸੂਰਜ ਮੱਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ) ਅਤੇ ਇੱਕ ਸਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ।

ਧਾਰਮਿਕ ਅਸਥਾਨਾਂ ਦੀ ਉਸਾਰੀ: ਕਿਲ੍ਹਾ ਲੋਹਗੜ੍ਹ, ਅਕਾਲ ਤਖ਼ਤ ਸਾਹਿਬ, ਡੇਰਾ ਸਾਹਿਬ (ਲਹੌਰ), ਕੀਰਤਪੁਰ, ਮਹਿਰਾਜ (ਫਿਰੋਜਪੁਰ), ਕੌਲਸਰ, ਬਿਬੇਕਸਰ, ਗੁਰੂਸਰ ਆਦਿ।

ਸਮਾਜਿਕ ਯੁੱਧ: (1) ਅੰਮ੍ਰਿਤਸਰ (2) ਸ੍ਰੀ ਹਰਿਗੋਬਿੰਦਪੁਰ (3) ਗੁਰੂਸਰ (ਮਹਿਰਾਜ) (4) ਕਰਤਾਰਪੁਰ (ਜਲੰਧਰ)

ਜੋਤੀ ਜੋਤ ਸਮਾਏ: ਚੇਤ ਸੁਦੀ 5 (6 ਚੇਤ), ਸੰਮਤ 1701 (3 ਮਾਰਚ 1644) ਕੀਰਤਪੁਰ (ਜ਼ਿਲ੍ਹਾ ਹੁਸ਼ਿਆਰਪੁਰ)।

ਬਾਲ ਵਿਵਸਥਾ: ਪ੍ਰਿਥੀਏ ਦੀਆਂ ਕੁਟਿਲ ਚਾਲਾਂ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਾਲ ਅਵਸਥਾ ਕਾਫ਼ੀ ਕਸ਼ਟਾਂ ’ਚ ਗੁਜਰੀ। ਆਪ ਜੀ ਦਾ ਤਾਇਆ (ਪ੍ਰਿਥੀਚੰਦ) ਤੇ ਉਨ੍ਹਾਂ ਦੀ ਪਤਨੀ ਬੀਬੀ ਕਰਮੋ ਆਪ ਜੀ ਦੇ ਜਨਮ ਤੋਂ ਹੀ ਦੁੱਖੀ ਸਨ ਕਿਉਂਕਿ ਉਹ ਗੁਰੂ ਘਰ ਦੀ ਗੁਰਗੱਦੀ ਦਾ ਅਸਲ ਵਾਰਸ ਆਪਣੇ ਪੁੱਤਰ (ਮਿਹਰਬਾਨ) ਨੂੰ ਮੰਨੀ ਬੈਠੇ ਸੀ। ਉਹ ਲਾਲਚ ਤੇ ਈਰਖਾ ’ਚ ਅੰਨ੍ਹੇ ਤੇ ਪਾਗਲ ਹੋ ਕੇ ਬਾਲਕ ਹਰਿਗੋਬਿੰਦ ਸਾਹਿਬ ਨੂੰ ਮਾਰਨ-ਮਰਵਾਉਣ ਦੇ ਜਤਨ ਕਰਦੇ ਰਹੇ। ਪਹਿਲਾਂ ਉਨ੍ਹਾਂ ਨੇ ਦਾਈ-ਖਿਡਾਵੀ ਨੂੰ ਲਾਲਚ ਦੇ ਕੇ ਉਸ ਦੀਆਂ ਦੁਧੀਆਂ ਉੱਪਰ ਜ਼ਹਿਰ ਲਵਾ ਕੇ ਭੇਜਿਆ। ਉਸ ਨੇ ਆਪ ਜੀ ਨੂੰ ਦੁੱਧ ਚੁੰਗਾਉਣਾ ਚਾਹਿਆ, ਪਰ ਆਪ ਨੇ ਨਾ ਚੁੰਗਿਆ। ਦਾਈ ਆਪ ਹੀ ਜ਼ਹਿਰ ਦੇ ਅਸਰ ਨਾਲ ਮਰ ਗਈ। ਫੇਰ ਇਕ ਸਪੇਰੇ ਜੋਗੀ ਪਾਸੋਂ ਬਾਲਕ ਵਾਲੇ ਕਮਰੇ ’ਚ ਜ਼ਹਿਰੀਲਾ ਸੱਪ ਛੁਡਾ ਦਿੱਤਾ, ਜਿਸ ਨੂੰ ਸੇਵਾਦਾਰਾਂ ਨੇ ਵੇਖ ਕੇ ਮਾਰ ਦਿੱਤਾ। ਤੀਸਰੀ ਵਾਰ ਹਰਿਗੋਬਿੰਦ ਸਾਹਿਬ ਜੀ ਦੇ ਖਿਡਾਵੇ ਬ੍ਰਾਹਮਣ ਨੂੰ ਲਾਲਚ ਦੇ ਕੇ ਕਿਹਾ ਕਿ ਬੱਚੇ ਨੂੰ ਦਹੀਂ ’ਚ ਜ਼ਹਿਰ ਪਾ ਕੇ ਦੇ ਦੇਵੇ ਪਰ ਜਦ ਉਹ ਦਹੀਂ ਪਿਆਉਣ ਲੱਗਾ ਤਾਂ ਬਾਲਕ ਰੋਣ ਲੱਗ ਪਿਆ। ਬਾਲਕ ਦਹੀਂ ਨੂੰ ਮੂੰਹ ਨਾ ਲਾਵੇ ਤਾਂ ਗੁਰੂ ਅਰਜਨ ਦੇਵ ਜੀ ਨੇ ਆਪ ਦਹੀਂ ਇਕ ਕੁੱਤੇ ਨੂੰ ਪਾ ਦਿੱਤੀ, ਜੋ ਥੋੜ੍ਹੇ ਦੇਰ ਬਾਅਦ ਹੀ ਮਰ ਗਿਆ। ਬ੍ਰਾਹਮਣ ਨੇ ਡਰ ਕੇ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਪ੍ਰਿਥੀਏ ਦੀ ਸਾਰੇ ਸ਼ਹਿਰ ’ਚ ਬਦਨਾਮੀ ਹੋਈ। ਦੂਜੇ ਦਿਨ ਬ੍ਰਾਹਮਣ ਵੀ ਸੂਲ (ਦਰਦ) ਨਾਲ ਮਰ ਗਿਆ: ‘‘ਲੇਪੁ ਨ ਲਾਗੋ, ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ, ਹੋਇ ਕੈ ਸੂਲ ॥’’ (ਮ: ੫/੧੧੩੭) ਗੁਰੂ ਅਰਜਨ ਦੇਵ ਜੀ ਨੇ ਸਾਹਿਬਜ਼ਾਦੇ ਦੀ ਰੱਖਿਆ ਬਾਰੇ ਵਾਹਿਗੁਰੂ ਦਾ ਧੰਨਵਾਦ ਕੀਤਾ।

ਆਪ ਜੀ ਨੂੰ ਬੜੀ ਭਿਆਨਕ ਚੇਚਕ ਬਿਮਾਰੀ ਨਿਕਲੀ ਪਰ ਕਰਤਾਰ ਨੇ ਮਿਹਰ ਕੀਤੀ ਆਪ ਰਾਜੀ ਹੋ ਗਏ। ਗੁਰੂ ਅਰਜਨ ਸਾਹਿਬ ਜੀ ਨੇ ਕਰਤਾਰ ਦੇ ਧੰਨਵਾਦ ਲਈ ਸ਼ਬਦ ਉਚਾਰਨ ਕੀਤਾ: ‘‘ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥’’ (ਮ: ੫/੨੦੦)

ਵਿਦਿਆ ਤੇ ਸ਼ਸਤਰ ਅਭਿਆਸ: ਜ਼ਮੀਨੀ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਵਿਦਿਆ ਤੇ ਯੁੱਧ ਕਲਾ ’ਚ ਨਿਪੁੰਨ ਬਣਾਉਣ ਲਈ ਆਪ ਜੀ ਨੂੰ ਬਾਬਾ ਬੁੱਢਾ ਜੀ ਦੇ ਸਪੁਰਦ ਕਰ ਦਿੱਤਾ ਗਿਆ। ਜਿਸ ਦਾ ਨਤੀਜਾ ਉਨ੍ਹਾਂ ਦੀਆਂ ਜੀਵਨ ਘਟਨਾਵਾਂ ਰਾਹੀਂ ਸਾਡੇ ਸਾਮ੍ਹਣੇ ਹੈ।

ਗੁਰਿਆਈ: ਜਹਾਂਗੀਰ ਬਾਦਸ਼ਾਹ ਨੇ ਆਪਣੀ ਮਜ੍ਹਬੀ ਈਰਖਾ ਦੇ ਸਾੜੇ ਕਾਰਨ ਗੁਰੂ ਅਰਜਨ ਦੇਵ ਜੀ ਵਿਰੁਧ ਮਿਲੀਆਂ ਝੂਠੀਆਂ ਤੇ ਮਨ-ਘੜਤ ਖ਼ਬਰਾਂ ਦੇ ਆਧਾਰ ’ਤੇ ਆਪ ਜੀ ਨੂੰ ਗ੍ਰਿਫਤਾਰ ਕਰਕੇ ਲਹੌਰ ਲਿਆਂਦੇ ਜਾਨ ਦਾ ਹੁਕਮ ਦਿੱਤਾ। ਲਹੌਰ ਨੂੰ ਤੁਰਨ ਤੋਂ ਪਹਿਲਾਂ ਗੁਰੂ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਆਪਣੇ ਸਾਹਿਬਜ਼ਾਦੇ ਬਾਲਕ ਹਰਿਗੋਬਿੰਦ ਸਾਹਿਬ ਜੀ ਦੇ ਸਪੁਰਦ ਕਰ ਦਿੱਤੀ ਕਿਉਂਕਿ ਆਪ ਜੀ ਅਗਲੇ ਹਾਲਾਤਾਂ ਬਾਰੇ ਪੂਰਨ ਜਾਣਕਾਰੀ ਸੀ। ਗੁਰੂ ਜੀ ਨੇ ਜਾਣ ਤੋਂ ਪਹਿਲਾਂ ਆਪਣੇ ਸਿੱਖਾ ਨੂੰ ਹੁਕਮ ਦਿੱਤਾ ਕਿ ਬਦਲਦੇ ਹਾਲਾਤਾਂ ਅਨੁਸਾਰ ਨਿਡਰ ਹੋ ਕੇ ਰਹਿਣਾ, ਪ੍ਰਭੂ ਉੱਤੇ ਭਰੋਸਾ ਰੱਖਣਾ, ਏਕਤਾ ਦਾ ਸਬੂਤ ਦੇਂਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੁਕਮਾ ਅਨੁਸਾਰ ਤਨ ਮਨ ਕੁਰਬਾਨ ਕਰਨ ਲਈ ਤਿਆਰ ਰਹਿਣਾ। ਉਸ ਸਮੇਂ ਆਪ ਜੀ ਦੀ ਉਮਰ ਕੇਵਲ 11 ਕੁ ਸਾਲ ਦੀ ਸੀ।

ਬਾਬਾ ਬੁੱਢਾ ਜੀ ਦੀ ਰਾਹੀਂ ਗੁਰਿਆਈ ਰਸਮ ਦੌਰਾਨ ਪੁਰਾਤਨ ਚੱਲੀ ਆ ਰਹੀ ਸੇਲੀ ਟੋਪੀ ਪਹਿਨਣ ਦੀ ਰੀਤ ਹਟਾ ਕੇ ਸੀਸ ਉੱਤੇ ਕਲਗੀ ਸਜਾਈ ਗਈ ਤੇ ਦੋ ਤਲਵਾਰਾਂ ਪਹਿਨੀਆਂ ਗਈਆਂ ਇਕ ਮੀਰੀ ਦੀ ਤੇ ਦੂਜੀ ਪੀਰੀ ਦੀ। ਗੁਰਗਦੀ ’ਤੇ ਵਿਰਾਜਮਾਨ ਹੋਣ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਨੇ ਮਸੰਦਾਂ ਰਾਹੀਂ ਥਾਂ-ਥਾਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਅਗਾਂਹ ਲਈ ਚੰਗੇ ਸ਼ਸਤਰ ਵੀ ਜ਼ਰੂਰ ਲੈ ਕੇ ਆਉਣੇ ਤੇ ਆਪ ਵੀ ਘੋੜ-ਸਵਾਰੀ ਤੇ ਸ਼ਸ਼ਤਰ ਚਲਾਉਣਾ ਸਿਖੋ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਸਿੱਖ ਕੌਮ ਦੇ ਹਿਰਦਿਆਂ ’ਚ ਵੀਰ ਰਸ ਪਹਿਲਾਂ ਹੀ ਜਾਗ ਉੱਠਿਆ ਸੀ। ਇਕ ਨਵੀਂ ਜਾਨ ਤੇ ਚੜਦੀਆਂ ਕਲਾਂ ਵਾਲੀ ਬਿਰਤੀ ਪੈਦਾ ਹੋ ਗਈ। ਸੰਤਾਂ, ਭਗਤਾਂ, ਪਰਉਪਕਾਰੀਆਂ, ਨਾਮ ਰਸੀਆਂ ਵਾਲੀ ਇਸ ਕੌਮ ਨੇ ਹੁਣ ਧਰਮੀ ਜੋਧਿਆਂ ਵਾਲਾ ਰੂਪ ਵੀ ਧਾਰਨ ਕਰ ਲਿਆ।

ਸਿੱਖ ਸੁਰੱਖਿਆ ਲਈ ਕਿਲਾਬੰਦੀ : ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਦੀ ਸੁਰੱਖਿਆ ਲਈ ਉੱਥੇ ਇਕ ਕਿਲ੍ਹਾ ਬਣਵਾਇਆ, ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ। ਇਸ ਤੋਂ ਬਾਅਦ ਸੰਮਤ 1666 (ਸੰਨ 1609) ’ਚ ਦੇਸ਼-ਪਿਆਰ, ਸੂਰਬੀਰਤਾ ਤੇ ਕੌਮੀ ਸਿਧਾਂਤ ਦੇ ਪ੍ਰਚਾਰ, ਵਿਕਾਸ ਲਈ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰ ਦਿੱਤੀ। ਸਵੇਰੇ ਵੇਲੇ ਸੰਗਤਾਂ ਦਰਬਾਰ ਸਾਹਿਬ ’ਚ ਜੁੜਦੀਆਂ, ਜਿੱਥੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਤੇ ਢਾਡੀ ਗੁਰਬਾਣੀ ’ਚ ਦਰਜ ਵਾਰਾਂ ਨੂੰ ਗਾਉਂਦੇ। ਗੁਰੂ ਹਰਿਗੋਬਿੰਦ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਦੇਂਦੇ, ਧਾਰਮਿਕ ਵੀਚਾਰਾਂ ਕਰਦੇ। ਦੁਪਹਿਰ ਮਗਰੋਂ ਸੰਗਤਾਂ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕੱਤਰ ਹੁੰਦੀਆਂ, ਜਿੱਥੇ ਸਰੀਰਕ ਕਸਰਤਾਂ ਰਾਹੀਂ ਸਰੀਰਕ ਬਲ ਪੈਦਾ ਕੀਤਾ ਜਾਂਦਾ ਤੇ ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ। ਗੁਰੂ ਜੀ ਬਾਹਰੋਂ ਆਈ ਸੰਗਤ ਨੂੰ ਮਿਲਦੇ, ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਤੇ ਉਨ੍ਹਾਂ ਦਾ ਨਿਪਟਾਰਾ ਕਰਦੇ। ਸਿੱਖਾਂ ਨੂੰ ਪ੍ਰੇਰਨਾ ਕੀਤੀ ਜਾਂਦੀ ਕਿ ਤੁਸੀਂ ਆਪੋ ਵਿਚਲੇ ਝਗੜਿਆ ਨੂੰ ਸਰਕਾਰੇ ਦਰਬਾਰੇ ਲੈ ਜਾਣ ਦੀ ਬਜਾਏ ਆਪਸ ’ਚ ਬੈਠ ਕੇ ਹੀ ਨਿਪਟਾ ਲਿਆ ਕਰੋ। ਗੁਰੂ ਜੀ ਨੇ ਆਪਣੇ ਨਾਲ 52 ਬਲਵਾਨ ਯੋਧੇ ਤਿਆਰ ਕੀਤੇ ਤੇ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।

ਗੁਰੂ ਸਾਹਿਬ ਬਨਾਮ ਜਹਾਂਗੀਰ: ਚੰਦੂ ਵਰਗੇ ਗੁਰੂ ਘਰ ਦੇ ਪੁਰਾਣੇ ਦੋਖੀ ਤੇ ਇਰਖਾਲੂਆਂ ਨੇ ਗੁਰੂ ਜੀ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਤਿਆਰੀਆਂ ਬਾਰੇ ਵਧਾ-ਚੜ੍ਹਾ ਕੇ ਜਹਾਂਗੀਰ ਬਾਦਸ਼ਾਹ ਕੋਲ ਖ਼ਬਰਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਕਿ ਇਹ ਸਭ ਕੁਝ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਹੋ ਰਿਹਾ ਹੈ। ਇਹ ਸੁਣ ਕੇ ਕੰਨਾਂ ਦੇ ਕੱਚੇ ਜਹਾਂਗੀਰ ਨੇ ਸੰਮਤ 1669 (ਸੰਨ 1612) ’ਚ ਵਜ਼ੀਰ ਖਾਂ ਅਤੇ ਗੁੰਚਾ ਬੇਗ ਨੂੰ ਅੰਮ੍ਰਿਤਸਰ ਭੇਜਿਆ ਤਾਂ ਜੋ ਉਹ ਗੁਰੂ ਜੀ ਨੂੰ ਦਿੱਲੀ ਲੈ ਆਉਣ। ਵਜ਼ੀਰ ਖਾ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਤੇ ਗੁਰੂ ਸਿੱਖਿਆ ਤੋਂ ਪ੍ਰਭਾਵਤ ਸੀ। ਉਨ੍ਹਾਂ ਬਾਦਸ਼ਾਹ ਪਾਸ ਵੀ ਗੁਰੂ ਜੀ ਦੀ ਉਪਮਾ ਕੀਤੀ ਸੀ। ਅੰਮ੍ਰਿਤਸਰ ਪਹੁੰਚ ਕੇ ਉਸ ਨੇ ਗੁਰੂ ਸਾਹਿਬ ਜੀ ਨੂੰ ਭਰੋਸਾ ਦਿੱਤਾ ਕਿ ਬਾਦਸ਼ਾਹ ਦੀ ਨਿਯਤ ਮਾੜੀ ਨਹੀਂ ਹੈ। ਗੁਰੂ ਜੀ ਨੇ ਮਾਤਾ ਜੀ ਤੇ ਮੁੱਖੀ ਸਿੱਖਾਂ ਨਾਲ ਸਲਾਹ ਕੀਤੀ ਅਤੇ ਦਿੱਲੀ ਜਾਣ ਦਾ ਫ਼ੈਸਲਾ ਕਰ ਲਿਆ। ਆਪ ਜੀ 300 ਸੂਰਮਿਆਂ ਸਮੇਤ 2 ਮਾਘ ਸੰਮਤ 1669 (ਸੰਨ 1612) ਨੂੰ ਦਿੱਲੀ ਵੱਲ ਤੁਰ ਪਏ।

ਆਪ ਜੀ ਅੰਮ੍ਰਿਤਸਰ ਤੋਂ ਤਰਨਤਾਰਨ, ਗੋਬਿੰਦਵਾਲ, ਦੁਆਬੇ ਅਤੇ ਮਾਲਵੇ ਵਿਚਦੀ ਹੁੰਦੇ ਹੋਏ ਦਿੱਲੀ ਪੁੱਜੇ। ਵਜ਼ੀਰ ਖਾਨ ਤੇ ਗੁੰਚਾ ਬੇਗ ਨੇ ਬਾਦਸ਼ਾਹ ਨੂੰ ਪੂਰੀ ਖ਼ਬਰ ਗੁਰੂ ਜੀ ਦੇ ਹੱਕ ’ਚ ਦਿੱਤੀ। ਗ੍ਰਿਫਤਾਰੀ ਬਾਰੇ ਸੁਣ ਕੇ ਦਿੱਲੀ ਦੇ ਸਿੱਖ ਆਪ ਜੀ ਦੇ ਦਰਸ਼ਨਾਂ ਲਈ ਆਏ। ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਪਰ ਆਪ ਜੀ ਨੇ ਸਾਰਿਆ ਨੂੰ ਧੀਰਜ ਦਿੱਤਾ। ਕੁਝ ਚਿਰ ਠਹਿਰਨ ਉਪਰੰਤ ਆਪ ਜੀ ਬਾਦਸ਼ਾਹ ਨੂੰ ਮਿਲਣ ਲਈ ਚਲੇ ਗਏ। ਉਸ ਨੇ ਵਿਖਾਵੇ ਮਾਤ੍ਰ ਆਦਰ ਨਾਲ ਗੁਰੂ ਜੀ ਦਾ ਸੁਆਗਤ ਕੀਤਾ ਤੇ ਧਰਮ ਬਾਰੇ ਕੁਝ ਸ਼ੰਕੇ ਦੂਰ ਕੀਤੇ। ਗੁਰੂ ਜੀ ਦੇ ਉੱਤਰ ਸੁਣ ਕੇ ਉਹ ਬੜਾ ਖੁਸ਼ ਹੋਇਆ। ਇਕ ਦਿਨ ਬਾਦਸ਼ਾਹ ਗੁਰੂ ਜੀ ਨੂੰ ਸ਼ਿਕਾਰ ਖੇਡਣ ਲਈ ਨਾਲ ਲੈ ਗਿਆ। ਜੰਗਲ ਵਿੱਚੋਂ ਇੱਕ ਸ਼ੇਰ ਨੇ ਬਾਦਸ਼ਾਹ ਉੱਪਰ ਹਮਲਾ ਕਰ ਦਿੱਤਾ। ਬਾਦਸ਼ਾਹ ਭੈ-ਭੀਤ ਹੋ ਗਿਆ ਤੇ ਗੁਰੂ ਜੀ ਤੋਂ ਮਦਦ ਮੰਗੀ। ਗੁਰੂ ਜੀ ਨੇ ਤਲਵਾਰ ਨਾਲ ਸ਼ੇਰ ਨੂੰ ਢਹਿ ਢੇਰੀ ਕਰ ਦਿੱਤਾ ਤੇ ਬਾਦਸ਼ਾਹ ਨੇ ਗੁਰੂ ਜੀ ਧੰਨਵਾਦ ਕੀਤਾ।

ਇੱਕ ਦਿਨ ਬਾਦਸ਼ਾਹ ਤੇ ਗੁਰੂ ਜੀ ਆਗਰੇ ਗਏ। ਬਾਦਸ਼ਾਹ ਅੰਦਰੋਂ ਡਰਿਆ ਹੋਇਆ ਗੁਰੂ ਜੀ ਨੂੰ ਬਾਹਰੋਂ ਆਪਣਾ ਮਿੱਤਰ ਬਣਾਉਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਸ਼ਾਇਦ ਗੁਰੂ ਜੀ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣ ਆਏ ਹਨ। ਉਸ ਨੇ ਡਰ ਅਧੀਨ ਗੁਰੂ ਜੀ ਨੂੰ ਬਾਰ੍ਹਾਂ ਸਾਲ ਕੈਦ ਦਾ ਹੁਕਮ ਸੁਣਾ ਦਿੱਤਾ। ਪੰਜ ਸਿੱਖ ਆਪ ਜੀ ਨਾਲ ਸਨ। ਆਪ ਨੂੰ ਗਵਾਲੀਅਰ ਦੇ ਕਿੱਲ੍ਹੇ ਵਿੱਚ ਕੈਦੀ ਬਣਾ ਕੇ ਰੱਖਿਆ ਗਿਆ, ਜਿੱਥੇ ਪਹਿਲਾਂ ਹੀ 52 ਰਾਜੇ ਕੈਦ ਸਨ। ਗੁਰੂ ਜੀ ਦੀ ਕੈਦ ਦੀ ਖ਼ਬਰ ਸੁਣ ਕੇ ਸਿੱਖਾਂ ਵਿਚ ਬੇਚੈਨੀ ਵਧ ਗਈ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਖ਼ਬਰ ਲੈਣ ਲਈ ਭੇਜਿਆ। ਗੁਰੂ ਜੀ ਨੇ ਉਨ੍ਹਾਂ ਨੂੰ ਧੀਰਜ ਦਿੱਤਾ ਤੇ ਕਿਹਾ ਅਸੀਂ ਬੜੇ ਅਨੰਦ ’ਚ ਹਾਂ ਤੇ ਜੇਲ ’ਚ ਕੈਦੀਆਂ ਨੂੰ ਸਾਡੀ ਜ਼ਰੂਰਤ ਹੈ, ਅਸੀਂ ਛੇਤੀ ਹੀ ਬਾਹਰ ਆ ਜਾਵਾਂਗੇ, ਕਰਤਾਰ ਨੂੰ ਚੇਤੇ ਰੱਖੋ।

ਕਿਲ੍ਹੇ ਦਾ ਦਰੋਗਾ, ਹਰੀ ਦਾਸ ਗੁਰੂ ਘਰ ਦਾ ਪ੍ਰੇਮੀ ਸੀ। ਚੰਦੂ ਨੇ ਹਰੀ ਦਾਸ ਨੂੰ ਕਈ ਲਾਲਚ ਦੇ ਕੇ ਕਿਹਾ ਕਿ ਗੁਰੂ ਜੀ ਨੂੰ ਜ਼ਹਿਰ ਦੇ ਕੇ ਮਾਰ ਦਿਓ, ਦਰੋਗੇ ਨੇ ਇਹ ਖ਼ਬਰ ਗੁਰੂ ਜੀ ਨੂੰ ਸੁਣਾ ਦਿੱਤੀ। ਕੁਝ ਚਿਰ ਮਗਰੋਂ ਚੰਦੂ ਨੇ ਸੁੰਦਰ ਤੇ ਜ਼ਹਿਰੀਲੇ ਬਸਤਰ ਹਰੀ ਦਾਸ (ਦਰੋਗੇ) ਨੂੰ ਭੇਜੇ ਤਾਂ ਜੋ ਗੁਰੂ ਜੀ ਨੂੰ ਪਹਿਨਾਏ ਜਾਣ, ਹਰੀ ਦਾਸ ਸਾਰੀਆਂ ਖ਼ਬਰਾਂ ਗੁਰੂ ਜੀ ਤੱਕ ਪਹੁੰਚਾਉਂਦਾ ਰਿਹਾ। ਗੁਰੂ ਜੀ ਦੀ ਇਸ ਕੈਦ ਵਿਰੁਧ ਸਿੱਖਾਂ ਸਮੇਤ ਜਨਤਾ ’ਚ ਗੁੱਸਾ ਵਧਦਾ ਗਿਆ ਤੇ ਉਹ ਆਪਣੀ ਆਵਾਜ਼ ਬੁਲੰਦ ਕਰਨ ਲੱਗੇ, ਕਈ ਮੁਸਲਮਾਨਾਂ ਨੇ ਵੀ ਆਵਾਜ਼ ਉਠਾਈ। ਨਤੀਜਾ ਇਹ ਹੋਇਆ ਕਿ ਬਾਦਸ਼ਾਹ ਨੇ ਦੋ ਕੁ ਸਾਲ ਦੀ ਕੈਦ ਮਗਰੋਂ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਹੁਕਮ ਲੈ ਕੇ ਵਜ਼ੀਰ ਖਾਨ ਗਵਾਲੀਅਰ ਦੇ ਕਿਲ੍ਹੇ ’ਚ ਪਹੁੰਚਿਆ ਪਰ ਗੁਰੂ ਜੀ ਨੇ ਵਜ਼ੀਰ ਖਾਨ ਨੂੰ ਕਹਿ ਦਿੱਤਾ ਕਿ ਅਸੀਂ ਇਕੱਲੇ ਬਾਹਰ ਨਹੀਂ ਜਾਵਾਂਗੇ ਬਲਕਿ 52 ਰਾਜਿਆਂ ਨੂੰ ਨਾਲ ਲੈ ਕੇ ਜਾਵਾਂਗੇ। ਵਜ਼ੀਰ ਖਾਨ ਨੇ ਇਹ ਗੱਲ ਦਿੱਲੀ ਆ ਕੇ ਬਾਦਸ਼ਾਹ ਨੂੰ ਸੁਣਾ ਦਿੱਤੀ। ਬਾਦਸ਼ਾਹ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦਾ ਹੱਥ ਜਾਂ ਪੱਲਾ ਫੜ ਕੇ ਬਾਹਰ ਆ ਸਕਣ ਉਹ ਤਮਾਮ ਛੱਡ ਦਿੱਤੇ ਜਾਣ। ਉਸ ਸਮੇਂ ਗੁਰੂ ਜੀ 52 ਕਲੀਆਂ ਵਾਲਾ ਜਾਮਾ ਪਹਿਨਦੇ ਸਨ, ਜਿਨ੍ਹਾਂ ਲੜੀਆਂ ਨੂੰ ਫੜ ਕੇ 52 ਰਾਜੇ ਵੀ ਜੇਲ ’ਚੋਂ ਰਿਹਾ ਹੋ ਗਏ। ਉਸ ਦਿਨ ਤੋਂ ਆਪ ਜੀ ਦਾ ਨਾਂ ‘ਬੰਦੀ ਛੋੜ’ ਪੈ ਗਿਆ। ਉਸ ਕਿਲ੍ਹੇ ’ਚ ਇਕ ਤਾਲ ਦੇ ਕੰਢੇ ਲੋਹੇ ਦੀ ਫੱਟੀ ਉੱਪਰ ਅੱਜ ਵੀ ‘ਬੰਦੀ ਛੋੜ ਦਾਤਾ’ ਸ਼ਬਦ ਲਿਖੇ ਹੋਏ ਹਨ।

ਗੁਰੂ ਜੀ ਗਵਾਲੀਅਰ ਦੇ ਕਿਲੇ ਤੋਂ ਦਿੱਲੀ ਪੁੱਜੇ ਅਤੇ ਮਜਨੂੰ ਦੇ ਟਿਲੇ ’ਤੇ ਜਾ ਕੇ ਠਹਿਰੇ। ਬਾਦਸ਼ਾਹ ਆਪ ਜੀ ਦੇ ਦਰਸ਼ਨਾਂ ਲਈ ਆਇਆ। ਵਜ਼ੀਰ ਖਾਂ ਦੇ ਸਾਰੀ ਗੱਲ ਦੱਸਣ ’ਤੇ ਬਾਦਸ਼ਾਹ ਜਹਾਂਗੀਰ ਨੂੰ ਨਿਸ਼ਚਾ ਹੋ ਗਿਆ ਕਿ ਗੁਰੂ ਅਰਜਨ ਦੇਵ ਜੀ ਬਾਰੇ ਉਸ ਨੂੰ ਗਲਤ ਖ਼ਬਰ ਦਿੱਤੀ ਗਈ ਸੀ। ਬਾਦਸ਼ਾਹ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਕਸ਼ਟ, ਤਸੀਹੇ ਦੇ ਕੇ ਸ਼ਹੀਦ ਕਰਨ ਦਾ ਸਾਰਾ ਦੋਸ਼ ਚੰਦੂ ਦੇ ਸਿਰ ਲਾਇਆ ਤੇ ਉਸ ਨੂੰ ਗੁਰੂ ਜੀ ਦੇ ਹਵਾਲੇ ਕਰ ਕੇ ਕਿਹਾ: ਤੁਸੀਂ ਇਸ ਤੋਂ ਬਦਲਾ ਲੈਣ ਲਈ ਜਿਵੇਂ ਚਾਹੋ ਇਸ ਨਾਲ ਸਲੂਕ ਕਰੋ। ਚੰਦੂ ਨੂੰ ਮੁਸ਼ਕਾਂ ਦੇ ਕੇ ਦਿੱਲੀ ਤੋਂ ਲਹੌਰ ਲਿਆ ਕੇ ਬਾਜ਼ਾਰਾਂ ’ਚ ਫਿਰਾਇਆ ਗਿਆ। ਚਾਰੋਂ ਤਰਫ਼ ਉਸ ਪ੍ਰਤੀ ਨਫ਼ਰਤ ਪੈਦਾ ਹੋ ਗਈ। ਗੁਰਦਿੱਤਾ ਭੜਭੂੰਜਾ, ਜਿਸ ਨੇ ਚੰਦੂ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਉੱਤੇ ਤੱਤੀ ਰੇਤ ਪਾਈ ਸੀ, ਉਸ ਨੇ ਇਸ ਪਾਪੀ ਨੂੰ ਉਹੀ ਰੇਤ ਪਾਉਣ ਵਾਲੇ ਕੜਛੇ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ।

ਕੁਝ ਚਿਰ ਮਗਰੋਂ ਕਸ਼ਮੀਰ ਜਾਂਦਾ ਹੋਇਆ ਜਹਾਂਗੀਰ ਬਾਦਸ਼ਾਹ ਅੰਮ੍ਰਿਤਸਰ ਆਇਆ। ਉਸ ਨੇ ਗੁਰੂ ਜੀ ਨੂੰ ਕਿਹਾ : ‘ਜੇ ਆਗਿਆ ਹੋਵੇ ਤਾਂ ਅਕਾਲ ਤਖਤ ਦੀ ਇਮਾਰਤ ਸ਼ਾਹੀ ਖਰਚ ’ਤੇ ਮੁਕੰਮਲ ਕਰਵਾ ਦਿੱਤੀ ਜਾਵੇ।’ ਗੁਰੂ ਜੀ ਨੇ ਜਵਾਬ ’ਚ ਕਿਹਾ ਕਿ ਇਹ ਧਰਮ ਤੇ ਨਿਆਂ ਦਾ ਤਖ਼ਤ ਹੈ, ਇਸ ਦੀ ਇਮਾਰਤ ਸਿੱਖਾਂ ਦੀ ਮਿਹਨਤ ਤੇ ਧਰਮ-ਕਿਰਤ ਨਾਲ ਬਣਨੀ ਚਾਹੀਦੀ ਹੈ। ਇਸ ਤੋਂ ਮਗਰੋਂ ਜਹਾਂਗੀਰ ਦੇ ਸਮੇਂ ਗੁਰੂ ਜੀ ਪੂਰਨ ਅਮਨ ਤੇ ਸ਼ਾਂਤੀ ’ਚ ਰਹੇ ਅਤੇ ਪੂਰਾ-ਪੂਰਾ ਧਿਆਨ ਸਿੱਖੀ ਦੇ ਪ੍ਰਚਾਰ ਵੱਲ ਲਾਇਆ ਗਿਆ।

ਪਰਿਵਾਰਿਕ ਰਿਸ਼ਤੇ: ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਿਆਹ ਡੱਲਾ ਨਿਵਾਸੀ ਸ੍ਰੀ ਨਰਾਇਣ ਦਾਸ ਦੀ ਸਪੁੱਤਰੀ ਮਾਤਾ ਦਮੋਦਰੀ ਜੀ ਨਾਲ ਸੰਮਤ 1661 (ਸੰਨ 1604) ਵਿੱਚ ਹੋਇਆ, ਜਿਨ੍ਹਾਂ ਦੀ ਕੁੱਖੋਂ ਹੇਠ ਲਿਖੀ ਸੰਤਾਨ ਨੇ ਜਨਮ ਲਿਆ :

(1). ਬਾਬਾ ਗੁਰਦਿੱਤਾ ਜੀ: ਇਹ ਗੁਰੂ ਸਾਹਿਬ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ। ਇਨ੍ਹਾਂ ਦਾ ਜਨਮ ਕੱਤਕ ਸੁਦੀ 15, ਸੰਮਤ 1670 (ਸੰਨ 1613) ਨੂੰ ਇਨ੍ਹਾਂ ਦੇ ਮਾਸੀ ਜੀ ਦੇ ਪਿੰਡ ਡਰੋਲੀ, ਜ਼ਿਲ੍ਹਾ ਫਿਰੋਜਪੁਰ ’ਚ ਹੋਇਆ। ਬਾਬਾ ਗੁਰਦਿੱਤਾ ਜੀ ਧਾਰਮਿਕ ਅਤੇ ਸ਼ਸਤਰ ਵਿਦਿਆ ’ਚ ਬੜੇ ਨਿਪੁੰਨ ਸਨ। ਗੁਰੂ ਸਾਹਿਬ ਜੀ ਦੇ ਨਾਲ ਜੁੱਧਾਂ ’ਚ ਆਪ ਨੂੰ ਵੀਰਤਾ ਵਿਖਾਉਣ ਦਾ ਮੌਕਾ ਮਿਲਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਗਿਆ ਅਨੁਸਾਰ ਬਾਬਾ ਗੁਰਦਿੱਤਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਸੇਵਾ ਲਈ ਸਪੁਰਦ ਕੀਤਾ ਗਿਆ। ਆਪ ਜੀ ਦਾ ਵਿਆਹ 21 ਵੈਸਾਖ ਸੰਮਤ 1681 ਵਿੱਚ ਸ੍ਰੀ ਨਿਹਾਲ ਕੌਰ (ਅਨੰਤੀ) ਜੀ ਨਾਲ ਹੋਇਆ। ਇਨ੍ਹਾਂ ਦੀ ਕੁੱਖ ਤੋਂ ਦੋ ਸਪੁੱਤਰ ਬਾਬਾ ਧੀਰਮੱਲ ਤੇ (ਗੁਰੂ) ਹਰਿਰਾਇ ਸਾਹਿਬ ਜੀ ਨੇ ਜਨਮ ਲਿਆ। ਬਾਬਾ ਜੀ ਦਾ ਦੇਹਾਂਤ ਚੇਤ ਸੁਦੀ 10 ਸੰਮਤ 1695 (ਸੰਨ 1638) ’ਚ ਕੀਰਤਪੁਰ ਵਿੱਚ ਹੋਇਆ।

(2). ਬੀਬੀ ਵੀਰੋ ਜੀ: ਇਨ੍ਹਾਂ ਦਾ ਜਨਮ ਸੰਮਤ 1672 (ਸੰਨ 1615) ’ਚ ਅੰਮ੍ਰਿਤਸਰ ਵਿਖੇ ਹੋਇਆ। ਜਦ ਬੀਬੀ ਜੁਆਨ ਹੋਈ ਤਾਂ ਮਾਤਾ ਗੰਗਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਬੀਬੀ ਵੀਰੋ ਲਈ ਨੇਕ ਵਰ ਦੀ ਭਾਲ ਕਰਨੀ ਚਾਹੀਦੀ ਹੈ। ਗੁਰੂ ਜੀ ਨੇ ਕਿਹਾ : ‘ਮਾਤਾ ਜੀ, ਕਰਤਾਰ ਸਭ ਕੰਮ ਸਵਾਰੇਗਾ।’ ਕੁਝ ਦਿਨਾਂ ਮਗਰੋਂ ਮੈਲੇ ਜਿਹੇ ਕੱਪੜੇ ਪਾਈ ਤੇ ਆਪਣੇ ਜਵਾਨ ਪੁੱਤ ਨੂੰ ਨਾਲ ਲਾਈ ਬੈਠਾ ਇਕ ਬੰਦਾ ਗੁਰੂ ਜੀ ਦੀ ਨਜ਼ਰ ਪਿਆ। ਉਸ ਬੰਦੇ ਦਾ ਨਾਂ ‘ਧਰਮਾ’ ਤੇ ਮੁੰਡੇ ਦਾ ਨਾਂ ‘ਸਾਧੂ’ ਸੀ। ਗੁਰੂ ਜੀ ਨੇ ਬੀਬੀ ਵੀਰੋ ਦੀ ਮੰਗਣੀ ‘ਸਾਧੂ’ ਨਾਲ ਕਰ ਦਿੱਤੀ। ਬੀਬੀ ਜੀ ਦਾ ਵਿਆਹ 26 ਜੇਠ ਸੰਮਤ 1686 (ਸੰਨ 1629) ’ਚ ਹੋਇਆ।

(3). ਬਾਬਾ ਸੂਰਜ ਮੱਲ: ਬਾਬਾ ਜੀ ਦਾ ਜਨਮ ਸੰਮਤ 1674 (ਸੰਨ 1617) ’ਚ ਅੰਮ੍ਰਿਤਸਰ ਵਿਖੇ ਹੋਇਆ ਤੇ ਬਾਬਾ ਜੀ ਦੀ ਸ਼ਾਦੀ ਕਰਤਾਰਪੁਰ ਨਿਵਾਸੀ ਪ੍ਰੇਮਾਚੰਦ ਦੀ ਸਪੁੱਤਰੀ ਬੀਬੀ ਖੇਮਕੁਇਰ ਨਾਲ ਹੋਈ, ਜਿਸ ਦੇ ਉਦਰ ਤੋਂ ਸੰਮਤ 1690 (ਸੰਨ 1633) ’ਚ ਬਾਬਾ ਦੀਪਚੰਦ ਜੀ ਨੇ ਜਨਮ ਲਿਆ।

(4). ਅਣੀ ਰਾਇ ਜੀ: ਬਾਬਾ ਜੀ ਦਾ ਜਨਮ 26 ਮਾਘ ਸੰਮਤ 1675 (ਸੰਨ 1618) ’ਚ ਅੰਮ੍ਰਿਤਸਰ ਵਿਖੇ ਹੋਇਆ। ਇਹ ਸਦਾ ਨਾਮ ਬਾਣੀ ਦੇ ਅਭਿਆਸ ਵਿੱਚ ਲੱਗੇ ਰਹਿੰਦੇ ਸਨ, ਆਪ ਜੀ ਨੇ ਵਿਆਹ ਨਹੀਂ ਕਰਾਇਆ ਸੀ। ਬਾਬਾ ਜੀ ਦਾ ਦੇਹਾਂਤ ਕੀਰਤਪੁਰ ਵਿਖੇ ਹੋਇਆ।

(5). ਬਾਬਾ ਅਟੱਲ ਰਾਇ: ਬਾਬਾ ਜੀ ਦਾ ਜਨਮ ਸੰਮਤ 1676 (ਸੰਨ 1619) ’ਚ ਅੰਮ੍ਰਿਤਸਰ ਵਿਖੇ ਹੋਇਆ ਅਤੇ ਕੇਵਲ 9 ਸਾਲ ਦੀ ਉਮਰ ’ਚ ਹੀ ਆਪ ਸੰਮਤ 1685 (ਸੰਨ 1628) ਨੂੰ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ, ਜਿੱਥੇ 9 ਮੰਜ਼ਲਾਂ ਗੁਰਦੁਆਰਾ ਬਾਬਾ ਅਟੱਲ ਰਾਇ ਸੁਸ਼ੋਭਿਤ ਹੈ।

(6). ਗੁਰੂ ਤੇਗ ਬਹਾਦਰ ਸਾਹਿਬ: (ਗੁਰੂ) ਤੇਗ ਬਹਾਦਰ ਜੀ ਦਾ ਜਨਮ 4 ਵੈਸਾਖ ਸੰਮਤ 1678 (1 ਅਪ੍ਰੈਲ 1621) ਨੂੰ ਕਰਤਾਰਪੁਰ ਵਿਖੇ ਹੋਇਆ। ਆਪ ਜੀ ਵਿਆਹ 15 ਅੱਸੂ ਸੰਮਤ 1689 (ਸੰਨ 1632) ’ਚ ਤਿਆਗ ਤੇ ਵਿਵੇਕਤਾ ਦੀ ਮੂਰਤ ਜਗਤ ਮਾਤਾ, ਮਾਤਾ ਗੂਜਰੀ ਜੀ ਨਾਲ ਕਰਤਾਰਪੁਰ ਵਿਖੇ ਹੋਇਆ, ਜਿਨ੍ਹਾਂ ਦੀ ਕੁੱਖੋਂ ਦਸਮੇਸ਼ ਪਿਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਆਪ ਜੀ ਗੁਰੂ ਨਾਨਕ ਘਰ ਦੀ ਗੁਰਗੱਦੀ ’ਤੇ 20 ਮਾਰਚ 1665 ਨੂੰ ਵਿਰਾਜਮਾਨ ਹੋਏ ਤੇ ਹਿੰਦੂ ਰਿਸ਼ੀ ਮੁਨੀਆਂ ਦੀ ਅਣਖ਼ ਲਈ 11 ਨਵੰਬਰ 1675 ਨੂੰ ਦਿੱਲੀ ਵਿਖੇ ਆਪਣੀ ਸ਼ਹਾਦਤ ਦੇ ਦਿੱਤੀ।

ਗੁਰਮਤ ਦਾ ਪ੍ਰਚਾਰ: ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਸੰਮਤ 1671 (ਸੰਨ 1614) ’ਚ ਵਾਪਸ ਆਏ। ਇਸ ਤੋਂ ਮਗਰੋਂ ਜਹਾਂਗੀਰ ਬਾਦਸ਼ਾਹ ਆਪ ਜੀ ਨਾਲ ਦੋਸਤਾਨਾ ਰਿਸ਼ਤਾ ਚਾਹੁੰਦਾ ਸੀ ਤੇ ਉਸ ਨੇ ਆਪ ਜੀ ਦੇ ਕੰਮ ’ਚ ਕੋਈ ਦਖ਼ਲ ਦੇਣਾ ਉਚਿਤ ਨਹੀਂ ਸਮਝਿਆ, ਜਿਸ ਕਾਰਨ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਢੁੱਕਵਾਂ ਸਮਾਂ ਮਿਲ ਗਿਆ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਆਪ ਦੂਸਰੇ ਗੁਰੂ ਹਨ, ਜੋ ਪੰਜਾਬ ਤੋਂ ਬਾਹਰ ਦੌਰੇ ਕਰਨ ਲਈ ਗਏ ।

ਅੰਮ੍ਰਿਤਸਰੋਂ ਚੱਲ ਕੇ ਪਹਿਲਾਂ ਆਪ ਲਹੌਰ ਪੁੱਜੇ। ਅਗਲੇ ਦਿਨ ਬਾਉਲੀ ਸਾਹਿਬ ਤੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਸਥਾਨ ’ਤੇ ਧਰਮਸਾਲ ਬਣਵਾਇਆ। ਭਾਈ ਲੰਗਾਹ ਜੀ ਨੂੰ ਇੱਥੇ ਗੁਰਮਤ ਦੇ ਪ੍ਰਚਾਰ ਲਈ ਨਿਯੁਕਤ ਕੀਤਾ ਗਿਆ। ਲਹੌਰ ਤੋਂ ਬਾਅਦ ਗੁਜਰਾਂਵਾਲਾ, ਵਜ਼ੀਰਾਬਾਦ, ਭਿੰਬਰ ਆਦਿਕ ਥਾਵਾਂ ਤੋਂ ਹੁੰਦੇ ਹੋਏ ਕਸ਼ਮੀਰ ਪੁੱਜੇ, ਜਿੱਥੇ ਹਕੂਮਤ ਦੇ ਡਰ ਕਾਰਨ ਬਹੁਤ ਸਾਰੇ ਹਿੰਦੂ, ਮੁਸਲਮਾਨ ਬਣ ਚੁੱਕੇ ਸਨ ਜਾਂ ਬਣਨ ਲਈ ਸੋਚ ਰਹੇ ਸਨ। ਗੁਰੂ ਜੀ ਦੇ ਪ੍ਰਚਾਰ ਨੇ ਇਸ ਲਹਿਰ ਨੂੰ ਕੇਵਲ ਠੱਲ ਹੀ ਨਹੀਂ ਪਾਈ ਸਗੋਂ ਹਜ਼ਾਰਾਂ ਮੁਸਲਮਾਨਾਂ ਨੂੰ ਵੀ ਗੁਰੂ ਘਰ ’ਚ ਦਾਖ਼ਲੇ ਲਈ ਸ਼ਰਨ ਦਿੱਤੀ, ਸਿੱਖ ਬਣ ਗਏ। ਇੱਥੇ ਗੁਰਮਤ ਦੇ ਪ੍ਰਚਾਰ ਲਈ ਭਾਈ ਗੜ੍ਹੀਏ ਜੀ ਨੂੰ ਨਿਯੁਕਤ ਕੀਤਾ ਗਿਆ।

ਇੱਕ ਦਿਨ ਗੁਰੂ ਜੀ ਸ਼੍ਰੀ ਨਗਰ (ਕਸ਼ਮੀਰ) ਵਿਖੇ ਸ਼ਸਤਰ ਪਹਿਨ ਕੇ ਘੋੜੇ ਉੱਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਲਈ ਗਏ ਤੇ ਰਸਤੇ ’ਚ ਸ਼ਿਵਾ ਜੀ ਮਰਹੱਟੇ ਦੇ ਧਾਰਮਿਕ ਗੁਰੂ ਸ੍ਰੀ ਸਮਰਥ ਰਾਮਦਾਸ ਜੀ ਨੂੰ ਮਿਲੇ। ਸ੍ਰੀ ਸਮਰਥ ਰਾਮਦਾਸ ਜੀ ਨੇ ਕਿਹਾ: ‘ਅਸਾਂ ਸੁਣਿਆ ਸੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਦੀ ’ਤੇ ਬਿਰਾਜਮਾਨ ਹੋ, ਪਰ ਗੁਰੂ ਨਾਨਕ ਦੇਵ ਜੀ ਤਾਂ ਤਿਆਗੀ ਸਾਧੂ ਸਨ, ਤੁਸੀਂ ਸ਼ਸਤਰ ਪਹਿਨਦੇ ਹੋ, ਫੌਜ ਤੇ ਘੋੜੇ ਵੀ ਰੱਖੇ ਹੋਏ ਹਨ ਤੇ ‘ਸੱਚੇ ਪਾਤਸ਼ਾਹ’ ਅਖਵਾਉਂਦੇ ਹੋ, ਅਜਿਹਾ ਕਿਉਂ ?’ ਗੁਰੂ ਜੀ ਨੇ ਉੱਤਰ ਦਿੱਤਾ: ‘ਬਾਤਨ ਫ਼ਕੀਰੀ, ਜ਼ਾਹਰ ਅਮੀਰੀ, ਸ਼ਸਤਰ ਗਰੀਬ ਦੀ ਰੱਖਿਆ, ਜਰਵਾਣੇ ਕੀ ਭੱਖਿਆ। ਬਾਬਾ ਨਾਨਕ ਨੇ ਸੰਸਾਰ ਨਹੀਂ ਤਿਆਗਿਆ ਸੀ, ਮਾਇਆ ਤਿਆਗੀ ਸੀ।’ ਇਹ ਉੱਤਰ ਮਹਾਤਮਾ ਰਾਮਦਾਸ ਦੇ ਦਿਲ ਲੱਗ ਗਿਆ ਤੇ ਉਨ੍ਹਾਂ ਗੁਰੂ ਜੀ ਨੂੰ ਨਮਸਕਾਰ ਕੀਤੀ।

ਕੁਝ ਸਮਾਂ ਕਸ਼ਮੀਰ ’ਚ ਰਹਿਣ ਉਪਰੰਤ ਗੁਰੂ ਜੀ ਵਾਪਸ ਬਾਰਾਮੂਲਾ ਹੁੰਦੇ ਹੋਏ ਪੰਜਾਬ ’ਚ ਆ ਗਏ। ਇੱਥੋਂ ਗੁਜਰਾਤ ਪਹੁੰਚ ਕੇ ਆਪ ਜੀ ਨੇ ਉੱਥੇ ਵੀਚਾਰ ਗੋਸਟੀਆਂ ਕੀਤੀਆਂ ਤੇ ਡਰੀ ਹੋਈ ਜਨਤਾ ਨੂੰ ਹੌਂਸਲਾ ਬਖ਼ਸ਼ਿਆ। ਸੈਂਕੜੇ ਹਿੰਦੂ ਤੇ ਮੁਸਲਮਾਨ ਸਿੱਖ ਬਣ ਗਏ। ਇੱਥੇ ਆਪ ਨੂੰ ਪ੍ਰਸਿਧ ਫ਼ਕੀਰ ਸ਼ਾਹ ਦੌਲਾ ਮਿਲਿਆ, ਉਸ ਨੇ ਗੁਰੂ ਜੀ ਦੇ ਮੀਰੀ ਤੇ ਪੀਰੀ ਵਾਲਾ ਠਾਠ-ਬਾਠ ਵੇਖ ਕੇ ਉਨ੍ਹਾਂ ਸਾਹਮਣੇ 4 ਸਵਾਲ ਕੀਤੇ :

(1). ਹਿੰਦੂ ਕੀ ਤੇ ਫ਼ਕੀਰੀ ਕੀ ? (2). ਔਰਤ ਕੀ ਤੇ ਪੀਰੀ ਕੀ ? (3). ਪੁੱਤਰ ਕੀ ਤੇ ਵੈਰਾਗ ਕੀ ? (4). ਦੌਲਤ ਕੀ ਤੇ ਤਿਆਗ ਕੀ ?

ਉਸ ਦਾ ਮਤਲਬ ਗੁਰੂ ਜੀ ਨੂੰ ਇਹ ਜਤਾਉਣਾ ਸੀ ਕਿ: ‘ਆਪ ਨੂੰ ਫ਼ਕੀਰੀ, ਪੀਰੀ, ਵੈਰਾਗ ਅਤੇ ਤਿਆਗ ਦਾ ਮਾਲਕ ਕਿਹਾ ਜਾਂਦਾ ਹੈ, ਜੋ ਕਿ ਦਰੁਸਤ ਨਹੀਂ ਕਿਉਂਕਿ ਫ਼ਕੀਰ ਤਾਂ ਮੁਸਲਮਾਨ ਹੀ ਹੋ ਸਕਦੇ ਹਨ, ਤੁਸੀਂ ਹਿੰਦੂ ਹੋ, ਇਸ ਕਰਕੇ ਤੁਸੀਂ ਫ਼ਕੀਰ ਨਹੀਂ ਹੋ ਸਕਦੇ। ਵਿਆਹੇ ਹੋਏ ਹੋਣ ਕਰਕੇ ਤੁਸੀਂ ਪੀਰੀ ਦੇ ਹੱਕਦਾਰ ਨਹੀਂ, ਤੁਹਾਡਾ ਬਾਲ-ਬੱਚਾ ਤੇ ਪਰਵਾਰ ਹੈ, ਇਸ ਕਰਕੇ ਤੁਸੀਂ ਵੈਰਾਗੀ ਨਹੀਂ ਕਹੇ ਜਾ ਸਕਦੇ। ਤੁਸੀਂ ਧੰਨ ਦੌਲਤ ਵਾਲੇ ਹੋ, ਫਿਰ ਤੁਸੀਂ ਤਿਆਗੀ ਕਿਵੇਂ ਅਖਵਾ ਸਕਦੇ ਹੋ ? ਗੁਰੂ ਜੀ ਨੇ ਇਨ੍ਹਾਂ ਚਾਰੇ ਸਵਾਲਾਂ ਦੇ ਜਵਾਬ ਇਉਂ ਦਿੱਤੇ :

(1). ਔਰਤ ਇਮਾਨ। (2) ਪੁੱਤਰ ਨਿਸ਼ਾਨ। (3) ਦੌਲਤ ਗੁਜ਼ਰਾਨ। (4). ਫ਼ਕੀਰ ਨਾ ਹਿੰਦੂ ਨਾ ਮੁਸਲਮਾਨ।

ਗੁਰੂ ਜੀ ਦਾ ਜਵਾਬ ਸੀ ਕਿ ਇਨਸਾਨ ਲਈ ਔਰਤ ਉਸ ਦੇ ਆਚਰਨ ਨੂੰ ਸੰਭਾਲਦੀ ਹੈ, ਪੁੱਤਰ ਉਸ ਦੀ ਯਾਦਗਾਰ ਕਾਇਮ ਰੱਖਦੇ ਹਨ, ਧਨ-ਦੌਲਤ ਉਸ ਦੇ ਗੁਜ਼ਾਰੇ ਵਾਸਤੇ ਜ਼ਰੂਰੀ ਹੈ ਤੇ ਫ਼ਕੀਰ ਤਾਂ ਰੱਬ ਦਾ ਪਿਆਰਾ ਹੈ, ਨਾ ਕਿ ਸਮਾਜਿਕ ਫ਼ਿਰਕਾ ਆਧਾਰਿਤ ਹਿੰਦੂ ਜਾਂ ਮੁਸਲਮਾਨ। ਗੁਰੂ ਜੀ ਤੋਂ ਇਹ ਜਵਾਬ ਸੁਣ ਕੇ ਵੰਸ਼ ਵਿਹੂਣੇ ਫ਼ਕੀਰ ਸ਼ਾਹ ਦੌਲਾ ਜੀ ਦੀਆਂ ਅੱਖਾਂ ਖੁੱਲ ਗਈਆਂ।

ਗੁਰੂ ਜੀ ਅਗਾਂਹ ਵਜ਼ੀਰਾਵਾਦ, ਭਾਈ ਕੇ ਮੱਟੂ, ਹਾਫਜਾਬਾਦ, ਸ਼ਰਕਪੁਰ ਆਦਿ ਹੁੰਦੇ ਹੋਏ ਨਨਕਾਣਾ ਸਾਹਿਬ ਪਹੁੰਚ ਗਏ, ਜਿੱਥੇ ਆਪ ਜੀ ਧਾਰਮਿਕ ਅਸਥਾਨਾਂ ’ਤੇ ਵੀਚਾਰ ਗੋਸਟੀਆਂ ਕਰਦਿਆਂ ਅੰਮ੍ਰਿਤਸਰ ਆ ਗਏ।

ਪੀਲੀਭੀਤ (ਉੱਤਰ ਪ੍ਰਦੇਸ਼) ਦੇ ਪਾਸ ਜੋਗੀਆਂ ਦਾ ਵੱਡਾ ਅਸਥਾਨ ਗੋਰਖਮਤਾ ਸੀ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਿਧ ਜੋਗੀਆਂ ਨਾਲ ਗੋਸ਼ਟ ਕੀਤੀ ਸੀ, ਇਸ ਕਰਕੇ ਉਸ ਥਾਂ ਦਾ ਨਾਂ ਹੀ ਨਾਨਕ ਮਤਾ ਪੈ ਗਿਆ ਹੈ। ਜੋਗੀ ਦੁਬਾਰਾ ਆਪਣਾ ਪ੍ਰਭਾਵ ਬਣਾਉਣਾ ਚਾਹੁੰਦੇ ਸਨ, ਜਿਸ ਕਾਰਨ ਸਿੱਖ ਕੁਝ ਪ੍ਰੇਸ਼ਾਨ ਸਨ। ਉੱਥੇ ਧਰਮਸਾਲਾ ਦੀ ਸੇਵਾ ਭਾਈ ਅਲਮਸਤ ਜੀ ਨਿਭਾਉਂਦਾ ਸੀ। ਉਨ੍ਹਾਂ ਗੁਰੂ ਜੀ ਨੂੰ ਖ਼ਬਰ ਭੇਜੀ ਕਿ ਜੋਗੀਆਂ ਨੇ ਗੁਰੂ ਸਥਾਨ ਦੀ ਨਿਰਾਦਰੀ ਕੀਤੀ ਹੈ, ਇਹ ਖ਼ਬਰ ਸੁਣ ਕੇ ਗੁਰੂ ਜੀ ਸੂਰਬੀਰ ਸਿੱਖਾਂ ਸਮੇਤ ਨਾਨਕ ਮਤੇ ਪਹੁੰਚ ਗਏ। ਜੋਗੀ ਡਰਦੇ ਮਾਰੇ ਪਹਿਲਾਂ ਹੀ ਭੱਜ ਗਏ। ਗੁਰੂ ਜੀ ਨੇ ਗੁਰਦੁਆਰਾ ਬਣਾਇਆ ਅਤੇ ਸਿੱਖੀ ਦਾ ਕੇਂਦਰ ਦੁਬਾਰਾ ਸਥਾਪਿਤ ਕੀਤਾ ਤੇ ਇੱਥੋਂ ਦਾ ਰਾਜਾ ਰਾਜ ਬਹਾਦਰ ਗੁਰੂ ਜੀ ਨੂੰ ਮਿਲਣ ਲਈ ਆਇਆ।

ਕੁਝ ਸਮਾਂ ਉੱਥੇ ਠਹਿਰਨ ਉਪਰੰਤ ਗੁਰੂ ਜੀ ਨਾਲਾਗੜ੍ਹ, ਦੂਨ ਤੇ ਪਹਾੜੀ ਇਲਾਕਿਆਂ ਦਾ ਦੌਰਾ ਕਰਦੇ ਹੋਏ ਪੰਜਾਬ ਦੇ ਮਾਲਵਾ ਇਲਾਕਿਆਂ ’ਚ ਹੁੰਦੇ ਹੋਏ ਪਿੰਡ ਡਰੋਲੀ, ਜ਼ਿਲ੍ਹਾ ਫਿਰੋਜਪੁਰ ਪਧਾਰੇ। ਇਸ ਪੂਰੇ ਸਫਰ ’ਚ ਅਨੇਕਾਂ ਮੁਸਲਮਾਨ ਤੇ ਹਿੰਦੂ ਸਿੱਖ ਸਜ ਗਏ।

ਧਾਰਮਿਕ ਅਸਥਾਨਾਂ ਦੀ ਉਸਾਰੀ: ਗੁਰੂ ਜੀ ਜਗ੍ਹਾ ਜਗ੍ਹਾ ਗੁਰਮਤ ਦੇ ਪ੍ਰਚਾਰ ਰਾਹੀਂ ਅਨੇਕਾਂ ਬੰਦਿਆਂ ਨੂੰ ਗੁਰਮਤ ਨਾਲ ਜੋੜਨ ਉਪਰੰਤ ਜਗ੍ਹਾ ਜਗ੍ਹਾ ਹੀ ਧਾਰਮਿਕ ਸਥਾਨ ਵੀ ਸਥਾਪਿਤ ਕਰਦੇ ਰਹੇ ਤਾਂ ਜੋ ਆਤਮਿਕ ਉਨਤੀ ਦੇ ਨਾਲ-ਨਾਲ ਵਪਾਰਿਕ ਕੇਂਦਰ ਖੜ੍ਹੇ ਕਰਕੇ ਆਰਥਿਕ ਹਾਲਤਾਂ ’ਚ ਵੀ ਸੁਧਾਰ ਕੀਤਾ ਜਾਵੇ; ਜਿਵੇਂ:

(1). ਲੋਹਗੜ੍ਹ ਕਿਲ੍ਹਾ, ਜੋ ਅੰਮ੍ਰਿਤਸਰ ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਸੀ।

(2). ਅਕਾਲ ਤਖ਼ਤ ਸਾਹਿਬ (ਅਮ੍ਰਿਤਸਰ)।

(3). ਡੇਹਰਾ ਸਹਿਬ (ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ ਮੁੱਖ ਰੱਖ ਕੇ ਲਹੌਰ ਸ਼ਹਿਰ ’ਚ ਬਣਾਇਆ ਗਿਆ)।

(4). ਕੀਰਤਪੁਰ, ਤਹਿ. ਅਨੰਦਪੁਰ ਸਾਹਿਬ, ਜ਼ਿਲ੍ਹਾ ਹੁਸ਼ਿਆਰਪੁਰ ’ਚ ਪਹਾੜੀ ਇਲਾਕੇ ਤੇ ਸਤਲੁਜ ਨਹਿਰ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਸ਼ਹਿਰ, ਜੋ ਸੰਮਤ 1683 ’ਚ ਵਸਾਇਆ ਗਿਆ।

(5) ਮਹਿਰਾਜ (ਮਰਾਝ, ਫਿਰੋਜਪੁਰ) ਇਸ ਵੱਡੇ ਨਗਰ ਨੂੰ ਸੰਮਤ 1684 (ਸੰਨ 1627) ’ਚ ਸਿੱਖ ਮੋਹਨ ਜੀ ਦੇ ਪਿਆਰ ਨੂੰ ਵੇਖ ਕੇ ਤਿਆਰ ਕਰਵਾਇਆ ਗਿਆ।

(6). ਕੌਲਸਰ (ਅੰਮ੍ਰਿਤਸਰ) ਸੰਮਤ 1684 ’ਚ ਬਣਾਇਆ ਗਿਆ। ਇਹ ਸਥਾਨ ਇੱਕ ਹਿੰਦੂ ਲੜਕੀ ਬੀਬੀ ਕੌਲਾ (ਕਮਲਾ) ਦੇ ਨਾਂ ਨਾਲ ਸੰਬੰਧਿਤ ਹੈ ਜੋ ਲਹੌਰ ਨਿਵਾਸੀ ਕਾਜੀ ਰੁਸਤਮਖ਼ਾਂ ਮੁਜੰਗ ਨੇ ਮੁੱਲ ਖ਼ਰੀਦ ਕੇ ਆਪਣੀ ਗੋਲੀ ਪਾਲੀ ਸੀ ਤੇ ਇਸਲਾਮ ਵਿੱਦਿਆ ਰਾਹੀਂ ਉਸ ਨੂੰ ਵਿਦਵਾਨ ਬਣਾਇਆ ਸੀ ਪਰ ਬੀਬੀ ਦਾ ਝੁਕਾਉ ਸਿੱਖੀ ਵੱਲ ਸੀ ਇਸ ਲਈ ਉਨ੍ਹਾਂ ਗੁਰੂ ਸ਼ਰਨ ਲੈ ਕੇ ਸਿੱਖੀ ਧਾਰਨ ਕੀਤੀ ਤੇ 1686 ’ਚ ਕਰਤਾਰਪੁਰ ਵਿਖੇ ਦਿਹਾਂਤ ਹੋ ਗਿਆ।

(7). ਬਿਬੇਕਸਰ (ਅੰਮ੍ਰਿਤਸਰ) ਇਹ ਸਥਾਨ ਵਿਵੇਕੀ ਬਿਹੰਗਮਾਂ ਲਈ ਸੰਮਤ 1685 ’ਚ ਤਿਆਰ ਕਰਵਾਇਆ ਗਿਆ।

(8). ਗੁਰੂਸਰ (ਫਿਰੋਜਪੁਰ) ਇਹ ਸਥਾਨ ਗੁਰੂ ਸਾਹਿਬ ਜੀ ਵੱਲੋਂ ਲੜੇ ਗਏ ਤੀਸਰੇ ਯੁੱਧ ਦੀ ਯਾਦਗਾਰ ਹੈ, ਆਦਿ।

ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਲੜੇ ਤੇ ਜਿੱਤੇ ਗਏ ਯੁੱਧ: (1). ਅੰਮ੍ਰਿਤਸਰ, ਪਿਪਲੀ ਸਾਹਿਬ ਦੀ ਜੰਗ। (2). ਸ੍ਰੀ ਹਰਿਗੋਬਿੰਦਪੁਰ (ਬਟਾਲਾ, ਗੁਰਦਾਸਪੁਰ) ਦੀ ਜੰਗ। (3). ਗੁਰੂਸਰ, ਮਹਿਰਾਜ (ਫਿਰੋਜਪੁਰ) ਦੀ ਜੰਗ। (4). ਕਰਤਾਰਪੁਰ ਦੀ ਜੰਗ।

ਜੋਤੀ ਜੋਤ: ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣਾ ਦੁਨਿਆਵੀ ਸਫਰ 21 ਹਾੜ ਸੰਮਤ 1652 (14 ਜੂਨ 1595) ਤੋਂ ਆਰੰਭ ਕਰਕੇ ਕੁੱਲ ਉਮਰ 48 ਸਾਲ, 8 ਮਹੀਨੇ ਤੇ 15 ਦਿਨ ਭੋਗਨ ਉਪਰੰਤ 7 ਚੇਤ ਸੰਮਤ 1701 (3 ਮਾਰਚ 1644) ਨੂੰ ਆਪਣਾ ਦੁਨਿਆਵੀ ਸਫਰ ਸਮਾਪਤ ਹੁੰਦਾ ਵੇਖ ਗੁਰੂ ਪਰੰਪਰਾ ਅਨੁਸਾਰ ਆਪਣਾ ਉਤਰਾਧਿਕਾਰੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ (ਗੁਰੂ) ਹਰਿਰਾਇ ਸਾਹਿਬ ਜੀ ਨੂੰ ਚੁਣਿਆ, ਜੋ ਕਿ ਗੁਰੂ ਜੀ ਦੇ ਅੰਗ-ਸੰਗ ਰਹਿ ਕੇ ਆਪਣੀ ਯੋਗਤਾ ਦਾ ਸਬੂਤ ਕਈ ਵਾਰ ਦੇ ਚੁੱਕੇ ਸਨ ਅਤੇ ਆਪ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ, ਜਿੱਥੇ ਗੁਰਦੁਆਰਾ ‘ਪਾਤਾਲ ਪੁਰ’ ਸੁਸ਼ੋਭਿਤ ਹੈ।

ਗੁਰੂ ਸਾਹਿਬ ਜੀ ਦੇ ਇਨ੍ਹਾਂ ਲਗਭਗ 49 ਸਾਲਾਂ ’ਚ ਕੀਤੇ ਗਏ ਦੁਨਿਆਵੀ ਤੇ ਨਿਰਾਕਾਰੀ ਸਮੂਹਿਕ ਕਾਰਜਾਂ ਨੂੰ ਕਿਸੇ ਲਿਖਤ ’ਚ ਸੰਪੂਰਨ ਕਰਨਾ ਅਸੰਭਵ ਹੁੰਦਾ ਹੈ ਪਰ ਉਕਤ ਬਿਆਨ ਕੀਤੇ ਗਏ ਕੁਝ ਕੁ ਕਾਰਜ ਗੁਰੂ ਸਾਹਿਬ ਜੀ ਨੇ ਮਾਤ੍ਰ 37 ਸਾਲ 10 ਮਹੀਨੇ ਤੇ 7 ਦਿਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਦੇ ਵਾਰਸ ਬਣ ਕੇ ਕੀਤੇ ਹਨ ਜੋ ਕਿ ਇੱਕ ਅਣਥੱਕ ਤੇ ਪੂਰਨ ਘਾਲਨਾ ਕਹੀ ਜਾ ਸਕਦੀ ਹੈ। ਗੁਰੂ ਅਰਜਨ ਸਾਹਿਬ ਜੀ ਵੱਲੋਂ ਕੀਤੀ ਗਈ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਛੇਵੇਂ ਨਾਨਕ ਲਈ ਨਿਯੁਕਤੀ ਇੱਕ ਅਚੂਕ ਤੇ ਅਭੁੱਲ ਮਿਸਾਲ ਸੀ। ਭਾਈ ਗੁਰਦਾਸ ਜੀ ਇਸ ਮਹਾਨ ਯੋਧੇ ਗੁਰੂ ਲਈ ਆਪਣੀ ਭਾਵਨਾ ਵਿਅਕਤ ਕਰਦੇ ਆਖਦੇ ਹਨ ਕਿ ‘ਸਤ, ਸੰਤੋਖ, ਦਇਆ, ਧਰਮ ਤੇ ਧੀਰਜ’ ਰੂਪ ਗੁਣ ਜਿਸ ਤਰ੍ਹਾਂ ਪਹਿਲੇ ਪੰਜ ਗੁਰੂ ਸਾਹਿਬਾਨਾਂ ਨੇ ਮਾਣੇ ਉਸ ਤਰ੍ਹਾਂ ਹੀ ਛੱਠਮ ਪੀਰ ਭੋਗ ਰਿਹਾ ਹੈ: ‘‘ਪੰਜਿ ਪਿਆਲੇ, ਪੰਜ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿਕੈ; ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆ, ਰੂਪੁ ਦਿਖਾਵਣਿ ਵਾਰੋ ਵਾਰੀ। ਦਲਭੰਜਨ ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ। ਪੁਛਨਿ ਸਿਖ ਅਰਦਾਸਿ ਕਰਿ, ਛਿਅ ਮਹਲਾਂ ਤਕਿ ਦਰਸੁ ਨਿਹਾਰੀ। ਅਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣਹੁ ਸੰਸਾਰੀ। ਕਲਿਜੁਗਿ ਪੀੜੀ ਸੋਢੀਆਂ, ਨਿਹਚਲ ਨੀਵ ਉਸਾਰਿ ਖਲਾਰੀ। ਜੁਗਿ ਜੁਗਿ ਸਤਿਗੁਰ, ਧਰੇ ਅਵਤਾਰੀ ॥੪੮॥ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੮)

ਗੁਰੂ ਘਰ ਦੀ ਇਹ ਖ਼ਾਸੀਅਤ ਰਹੀ ਹੈ ਕਿ ਗੁਰੂ ਸਾਹਿਬਾਨਾਂ ਦੀ ਦੁਨਿਆਵੀ ਉਮਰ ਭਾਵੇਂ 8 ਸਾਲ ਹੋਵੇ ਜਾਂ 80 ਸਾਲ ਆਪਣੇ ਉਤਰਾਧਿਕਾਰੀ ਦੀ ਚੋਣ ਆਪਣੇ ਦੁਨਿਆਵੀ ਸਫਰ ਦੀ ਸਮਾਪਤੀ ਤੋਂ ਤਰੰਤ ਪਹਿਲਾਂ ਕਰਦੇ ਰਹੇ ਹਨ, ਜਿਵੇਂ ਕਿ ਗੁਰੂ ਸਾਹਿਬਾਨਾਂ ਨੂੰ ਭਵਿੱਖ ਕਾਲ ਦੀ ਹਰ ਘਟਨਾ ਬਾਰੇ ਪਹਿਲਾਂ ਹੀ ਜਾਣਕਾਰੀ ਹੋਵੇ ਜਦਕਿ ਅਜੋਕੇ ਅਖੌਤੀ ਗੁਰੂਆਂ ’ਚ ਅਜਿਹੀ ਯੋਗਤਾ ਦੀ ਹਮੇਸ਼ਾਂ ਅਣਹੋਂਦ ਹੀ ਰਹੀ ਹੈ ਕਿਉਂਕਿ ਇਨ੍ਹਾਂ ਦੇ ਉਤਰਾਧਿਕਾਰੀ ਦੀ ਚੋਣ ਉਨ੍ਹਾਂ ਦੇ ਮਰਨ ਉਪਰੰਤ ਕਈ ਲੜਾਈਆਂ ਨਾਲ ਨਸੀਬ ਹੁੰਦੀ ਹੈ, ਫਿਰ ਵੀ ਭੁੱਲੜ ਸਿੱਖ ਆਪਣੇ ਸਮਰੱਥ ਗੁਰੂ ਨੂੰ ਛੱਡ ਕੇ ਇਨ੍ਹਾਂ ਪਖੰਡੀਆਂ ਦੇ ਪਿੱਛੇ ਭਟਕਦੇ ਆਮ ਵੇਖੇ ਜਾ ਸਕਦੇ ਹਨ।