ਆਓ ਪਛਾਣੀਏ ! ਪੰਜਾਬੀ ਬੋਲੀ ਤੇ ਸਭਿਆਚਾਰ ਦੇ ਦੁਸ਼ਮਣਾਂ ਨੂੰ

0
253

ਆਓ ਪਛਾਣੀਏ ! ਪੰਜਾਬੀ ਬੋਲੀ ਤੇ ਸਭਿਆਚਾਰ ਦੇ ਦੁਸ਼ਮਣਾਂ ਨੂੰ 

ਅਮਨਪ੍ਰੀਤ ਸਿੰਘ, ਗੁਰਸਿੱਖ ਫ਼ੈਮਲੀ ਕਲੱਬ (ਰਜਿ.) (ਲੁਧਿਆਣਾ) 094172-39495

ਸਮਾਜ ਵਿੱਚ ਜਿੱਥੇ ਅਨੇਕਾਂ ਸਮਾਜਕ ਤੇ ਧਾਰਮਕ ਸੰਸਥਾਵਾਂ ਔਰਤਾਂ ਦੇ ਸਤਿਕਾਰ/ਹੱਕਾਂ ਪ੍ਰਤੀ ਜਾਗਰੂਕ…, ਪੰਜਾਬੀ ਮਾਂ ਬੋਲੀ ਦਾ  ਬਣਦਾ ਮਾਣ…., ਨਸ਼ਿਆਂ ਦੇ ਤਿਆਗ…., ਵਾਤਾਵਰਣ ਤੇ ਕੁਦਰਤੀ ਸਾਧਨਾਂ ਦੀ ਸੰਭਾਲ ਕਰਨ…. ਵਿਚ ਆਪਣਾ ਬਣਦਾ ਯੋਗਦਾਨ ਬਾਖ਼ੂਬੀ ਨਿਭਾ ਰਹੀਆਂ ਹਨ ਉੱਥੇ ਕੁਝ ਕੁ ਨੂੰ ਛੱਡ ਕੇ ਬਹੁਤਾਤ ਅਖੌਤੀ ਪੰਜਾਬੀ ਗਾਇਕ ਅਤੇ ਲੇਖਕ ਆਪਣੀ ਅੱਤ ਦਰਜੇ ਦੀ ਘਟੀਆ ਕਿਸਮ ਦੀ ਸ਼ਬਦਾਵਲੀ  ਰਾਹੀਂ ਸਮਾਜਕ ਆਬੋ-ਹਵਾ ਨੂੰ ਗੰਧਲਾ ਕਰਨ ਅਤੇ ਨੌਜਵਾਨ ਪੀੜ੍ਹੀ ਲਈ ਗ਼ੈਰ ਕਾਨੂੰਨੀ ਮਹੌਲ ਬਣਾਉਣ ਵਿੱਚ ਕੋਈ ਕਸਰ ਬਾਕੀ ਵੀ ਨਹੀਂ ਛੱਡ ਰਹੇ ।

ਸਰਕਾਰਾਂ ਵੱਲੋਂ ਗੈਂਗਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਤਾਂ ਅਨੇਕਾਂ ਸਖ਼ਤ ਕਾਨੂੰਨ ਬਣਾਏ ਜਾ ਰਹੇ ਹਨ ਪਰ ਅਸੱਭਿਅਕ ਭਾਸ਼ਾ ਦੀ ਵਰਤੌਂ ਕਰ ਕੇ ਹਲਕੀ ਕਿਸਮ ਦੇ ਇਹਨਾਂ ਗੀਤਕਾਰਾਂ ਲਈ ਕੋਈ ਵੀ ਸਜ਼ਾ ਜਾਂ ਧਾਰਾ ਮੁਕਰਰ ਨਹੀਂ ਕੀਤੀ ਗਈ ਜਿਸ ਦੀ ਖੁੱਲ੍ਹ ਮਾਣਦਿਆਂ ਇਹ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਕੇ ਨਿਤ ਨਵੇਂ ਗੀਤਾਂ ਰਾਹੀਂ ਬੁਲੇਟ, ਬੰਦੂਕਾਂ-ਰਫਲਾਂ, ਟੋਟੇ-ਪੁਰਜੇ, ਸ਼ਰਾਬ-ਅਫੀਮ-ਭੁੱਕੀ-ਪੈਗ ਅਤੇ ਹੋਰ ਕੁਚੱਜੇ ਬੋਲਾਂ ਰਾਹੀਂ ਬਲਾਤਕਾਰ, ਲੜ੍ਹਾਈ-ਝਘੜੇ, ਨੰਗੇਜਵਾਦ, ਗੋਲੀ-ਬਾਰੀ, ਚੋਰੀਆਂ-ਡਕੈਤੀਆਂ, ਨਸ਼ੇੜੀਆਂ ਨੂੰ ਜਨਮ ਦੇ ਰਹੇ ਹਨ ।

ਅਖਾਣ ਹੈ ‘ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ’ .. ਖ਼ੈਰ ਜਿੰਨਾ ਯਤਨ ਸਮਾਜ ਸੇਵੀ ਸੰਸਥਾਵਾਂ ਜਾਂ ਸਰਕਾਰਾਂ ਸਮਾਂ ਤੇ ਧਨ ਦੀ ਵਰਤੋਂ ਕਰ ਕੇ ਮਾਹੌਲ ਨੂੰ ਸਵੱਛ ਕਰਨ ਲਈ ਲਗਾ ਰਹੀਆਂ ਹਨ…ਉਸ ਤੋਂ ਕਿਤੇ ਵੱਧ ਨਿਤ ਨਵੇਂ ਪੈਦਾ ਹੋ ਰਹੇ ਏਹ ਗਾਇਕ/ਲੇਖਕ ਆਪਣੇ ਬੇਹੁਦਾ ਗੰਦੇ ਗੀਤਾਂ ਰਾਹੀਂ ਸਮਾਜ ਨੂੰ ਗੰਧਲਾ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ …

ਦੂਜੇ ਪੱਖ ਤੋਂ ਜੇਕਰ ਧਿਆਨ ਦਿੱਤਾ ਜਾਏ ਕਿ ਗੀਤਾਂ ਵਿੱਚ ਵਰਤੀ ਜਾਂਦੀ ਸ਼ਬਦਾਵਲੀ ਨੂੰ ਅਸੀਂ ਬਾਰ ਬਾਰ ਸੁਣਦੇ ਜਾਂ ਬੋਲ ਕੇ ਮੌਜਾਂ ਮਾਣਦੇ ਹਾਂ ਜੇਕਰ ਇਸ ਦਾ ਢੁਕਾਅ ਦੂਜੀਆਂ ਕੁੜੀਆਂ/ਕਾਕਿਆਂ ਨਾਲ ਕਰਨ ਦੀ ਬਜਾਏ ਆਪਣੀਆਂ ਧੀਆਂ/ਭੈਣਾਂ ਜਾਂ ਕਾਕਿਆਂ ਨਾਲ ਕਰ ਕੇ ਦੇਖਿਆ ਜਾਵੇ ਤਾਂ ਕੋਈ ਵੀ ਇਸ ਤਰ੍ਹਾਂ ਦੇ ਵਿਗੜੇ-ਤਿਗੜੇ ਧੀਆਂ/ਪੁੱਤ ਆਪਣੇ ਪਰਿਵਾਰ ਦਾ ਹਿੱਸਾ ਬਣਾ ਕੇ ਸਮਾਜ ਵਿੱਚ ਸਿਰ ਉੱਚਾ ਕਰ ਕੇ ਨਹੀਂ ਤੁਰ ਸਕੇਗਾ ।

ਸੋ, ਹੱਥ ਬੰਨ੍ਹ ਕੇ ਇਹਨਾਂ ਗਾਇਕਾਂ/ਲੇਖਕਾਂ ਪ੍ਰਤੀ ਵੀ ਬੇਨਤੀ ਹੈ ਕਿ ਜੇਕਰ ਉਹ ਨਰੋਆ ਸਮਾਜ ਸਿਰਜਣ ਵਿੱਚ ਆਪਣਾ ਬਣਦਾ ਯੋਗਦਾਨ ਨਹੀਂ ਪਾ ਸਕਦੇ ਤਾਂ ਰੱਬ ਦਾ ਵਾਸਤਾ ਏ ਕਿ ਕੁਝ ਚੰਦ ਛਿਲੜਾਂ ਅਤੇ ਫੋਕੀ ਵਾਹ-ਵਾਹ ਦੇ ਲਾਲਚ ਵੱਸ ਇਹੋ ਜਿਹੀ ਨੀਵੀਂ ਪੱਧਰ ਦੀ ਗਾਇਕੀ ਨਾਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਲ ਭਵਿੱਖ ’ਚ ਰੋੜ੍ਹਾ ਨਾ ਬਣਦੇ ਹੋਏ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਨ ।

ਪ੍ਰਸਾਸ਼ਨ ਤੇ ਸਰਕਾਰਾਂ ਨੂੰ ਵੀ ਇਹ ਸਲਾਹ ਹੈ ਕਿ ਜੇਕਰ ਗ਼ੈਰ ਕਾਨੂੰਨੀ ਹਰਕਤਾਂ ’ਚ ਵਾਧਾ ਕਰਨ ਤੇ ਇਸ ਦੀ ਹੌਂਸਲਾ ਅਫਜ਼ਾਈ ਕਰਨ ਦੇ ਦੋਸ਼ ਵਜੋਂ 2-4 ਸਿੰਗਰ ਜੇਲ੍ਹ ’ਚ ਡੱਕੇ ਹੋਣ ਤਾਂ ਨਿਸ਼ਚਿਤ ਤੌਰ ’ਤੇ ਆਪਣੇ ਗੀਤਾਂ ’ਚ ਵੱਡੇ ਜਿਗਰੇ ਤੇ ਜੱਟ ਦੇ ਮੁਕਾਬਲੇ ਵਾਲੇ ਏਹ ਅਖੌਤੀ ਸੂਰਮੇ ਘਰੋਂ ਬਾਹਰ ਆਉਣ ਤੋਂ ਪਹਿਲਾਂ 10 ਵਾਰ ਸੋਚਣਗੇ ।

ਅੰਤ ’ਚ ਸਾਡਾ ਸਰੋਤਿਆਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਆਪਣੇ ਸੰਗੀਤਕ ਸੁਆਦ ਨੂੰ ਉੱਚਾ ਚੱੁਕਦਿਆਂ ਚੰਗੀ ਗਾਇਕੀ ਤੇ ਗਾਇਕਾਂ ਨੂੰ ਮਾਣ ਸਤਿਕਾਰ ਦੇਈਏ ਤਾਂ ਜੋ ਹੋਰ ਗੀਤਕਾਰ ਵੀ ਸਾਫ਼-ਸੁਥਰੀ ਤੇ ਸੱਭਿਅਕ ਗਾਇਕੀ ਦੇ ਘੇਰੇ ’ਚ ਰਹਿ ਕੇ ਪੰਜਾਬੀ ਬੋਲੀ ਦਾ ਮਾਣ ਸਨਮਾਣ ਵਧਾਉਣ ’ਚ ਮਾਣ ਮਹਿਸੂਸ ਕਰਨ ।

-ਚਲਦਾ-