ਕਉਲ ਫੁੱਲ ’ਚੋਂ ਲਾਭ ਉਠਾਉਂਦੀ ਭੌਰ ਬਿਰਤੀ

0
474

ਕਉਲ ਫੁੱਲ ’ਚੋਂ ਲਾਭ ਉਠਾਉਂਦੀ ਭੌਰ ਬਿਰਤੀ

ਅਵਤਾਰ ਸਿੰਘ ਮਿਸ਼ਨਰੀ (5104325827)

ਸ਼ਬਦ ਕਉਲ, ਕਮਲ ਅਤੇ ਕਵਲ ਤਿੰਨਾ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹੈ। ਕਉਲ ਫੁੱਲ ਦੀ ਵੇਲ ਜਾਂ ਬੂਟੀ ਆਮ ਤੌਰ ’ਤੇ ਖੜ੍ਹੇ ਪਾਣੀ ਦੇ ਛੱਪੜ, ਸਰੋਵਰ ਜਾਂ ਟੋਭੇ ’ਚ ਹੁੰਦੀ ਹੈ। ਇਸ ਦਾ ਸੂਰਜ ਨਾਲ ਸਨੇਹ ਹੈ। ਜਦ ਵੀ ਵੇਲ ਦੀ ਡੋਡੀ ’ਚੋਂ ਇਹ ਫੁੱਲ ਨਿਕਲਦਾ ਹੈ ਉਹ ਸੂਰਜ ਵੱਲ ਮੂੰਹ ਕਰਦਾ ਹੈ; ਜਿਵੇਂ ਜਿਵੇਂ ਸੂਰਜ ਘੁੰਮਦਾ ਦੂਜੇ ਪਾਸੇ ਜਾਂਦਾ ਹੈ; ਓਵੇਂ ਓਵੇਂ ਕਉਲ ਫੁੱਲ ਵੀ ਆਪਣੀ ਦਸ਼ਾ ਬਦਲਦਾ ਰਹਿੰਦਾ ਹੈ; ਜਿਵੇਂ ਸੂਰਜ ਚੜ੍ਹਦਾ, ਪ੍ਰਕਾਸ਼ ਦੀਆਂ ਕਿਰਨਾਂ ਵਿਖੇਰਦਾ ਹੈ, ਓਵੇਂ ਓਵੇਂ ਕਉਲ ਫੁੱਲ ਵੀ ਖਿੜਦਾ ਤੇ ਆਪਣੀਆਂ ਪੰਖੀਆਂ ਦੀਆਂ ਕਿਰਨਾਂ ਫੈਲਾਉਂਦਾ ਹੈ। ਜਦ ਗੂੜੀ ਸ਼ਾਮ ਨੂੰ ਸੂਰਜ ਅਸਤ ਹੋ ਜਾਂਦਾ ਹੈ ਓਦੋਂ ਕਉਲ ਭਾਵ ਕਮਲ ਫੁੱਲ ਵੀ ਆਪਣੇ ਪੰਖ ਸਮੇਟ ਲੈਂਦਾ ਹੈ, ਇਸ ਲਈ ਸੂਰਜ ਹੀ ਇਸ ਦਾ ਸੁਆਮੀ, ਜੀਵਨ ਅਤੇ ਰਾਹ ਦਸੇਰਾ ਭਾਵ ਸਭ ਕੁਝ ਹੈ। ਸੋ, ਸੂਰਜ ਦੀ ਨੇੜਤਾ, ਮਿਲਾਪ ਤੇ ਦਰਸ਼ਨ ਕਉਲ ਦਾ ਜੀਵਨ ਹੈ ਅਤੇ ਸੂਰਜ ਤੋਂ ਦੂਰੀ ਜਾਂ ਵਿਛੋੜਾ ਹੀ ਕਉਲ ਫੁੱਲ ਦੀ ਮੌਤ ਹੈ। ਗੁਰਬਾਣੀ ’ਚ ਕਮਲ ਫੁੱਲ ਦੀ ਮਿਸਾਲ ਨਾਲ ਬੰਦੇ ਦੇ ਹਿਰਦੇ ਨੂੰ ਸੂਰਜਾਂ ਦੇ ਸੂਰਜ (ਮਹਾਂ ਸੂਰਜ) ਗੁਰ-ਪ੍ਰਮੇਸ਼ਰ ਤੇ ਉਸ ਦੇ ਪ੍ਰਕਾਸ਼ ਗਿਆਨ ਨਾਲ ਜੋੜਿਆ ਹੈ। ਗੁਰ-ਪ੍ਰਮੇਸ਼ਰ ਵੀ ਗਿਆਨ ਦੀਆਂ ਕਿਰਨਾਂ ਵਿਖੇਰਦਾ ਹੈ; ਜਿਵੇਂ ਕਿ ‘‘ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ; ਪਰਗਾਸੁ ਭਇਆ ਕਉਲੁ ਖਿਲਿਆ ॥’’ (ਮ: ੫, ਪੰਨਾ ੨੪੯)

ਪ੍ਰਮਾਤਮਾ ਆਪ ਹੀ ਕਉਲ ਹੈ ਅਤੇ ਆਪ ਹੀ ਕਵੀਆ।  ਕਵੀਆ, ਜਿਸ ਨੂੰ ਕੰਮੀ, ਨੀਲੋਫ਼ਰ, ਭੰਭੂਲ, ਕੁਮੁਦ ਵੀ ਆਖਦੇ ਹਨ, ਇਹ ਨੀਲੇ ਰੰਗ ਦਾ ਕਮਲ ਹੈ, ਜੋ ਚੰਦ ਦੀ ਰੌਸ਼ਨ ’ਚ ਖਿੜਦਾ ਹੈ, ‘‘ਕਉਲੁ ਤੂ ਹੈ, ਕਵੀਆ ਤੂ ਹੈ; ਆਪੇ ਵੇਖਿ ਵਿਗਸੁ ॥’ (ਮ: ੧, ਪੰਨਾ ੨੩) ਕਮਲ; ਸਫ਼ੈਦ ਰੰਗ ਦਾ ਫੁੱਲ ਹੈ ਜੋ ਉਗਦਾ ਚਿੱਕੜ ’ਚ ਤੇ ਤੈਰਦਾ ਪਾਣੀ ’ਤੇ ਹੈ। ਡੱਡੂ ਵੀ ਪਾਣੀ ’ਚ ਰਹਿੰਦਾ ਹੈ ਪਰ ਉਸ ਨੂੰ ਕਉਲ ਫੁੱਲ ਦੀ ਸਾਰ ਨਹੀਂ। ਉਹ ਇਸ ਦੀ ਖੁਸ਼ਬੂ ਲੈਣ ਦੀ ਥਾਂ ਇਸ ਦੀਆਂ ਜੜ੍ਹਾਂ ’ਚੋਂ ਜਾਲਾ ਹੀ ਖਾਂਦਾ ਹੈ ਭਾਵ ਉਸ ਨੂੰ ਕਮਲ ਫੁੱਲ ਦੀ ਸਾਰ ਨਹੀਂ -‘‘ਐਬ ਤਨਿ ਚਿਕੜੋ, ਇਹੁ ਮਨੁ ਮੀਡਕੋ; ਕਮਲ ਕੀ ਸਾਰ ਨਹੀ ਮੂਲਿ ਪਾਈ ॥’’ (ਮ: ੧, ਪੰਨਾ ੨੪); ਜਿਵੇਂ ਸੂਰਜ ਦੇ ਪ੍ਰਕਾਸ਼ ਨਾਲ ਕਉਲ ਫੁੱਲ ਖਿੜਦਾ ਹੈ; ਇਵੇਂ ਹੀ ਪ੍ਰਭੂ ਪ੍ਰਕਾਸ਼ਮਈ ਪ੍ਰੇਮ ਨਾਲ ਹਿਰਦਾ ਕੌਲ ਫੁੱਲ ਵੀ ਵਿਗਸਦਾ (ਖਿੜਦਾ) ਹੈ- ‘‘ਪ੍ਰਭ ਕੈ ਸਿਮਰਨਿ; ਕਮਲ ਬਿਗਾਸਨੁ ॥’’ (ਮ: ੫, ਪੰਨਾ ੨੬੩)

ਸਰੋਵਰ; ਇੱਕ ਪ੍ਰਮਾਤਮਾ ਹੈ ਅਤੇ ਗੁਰਮੁਖ ਰੂਪੀ ਉਸ ਸਰੋਵਰ ’ਚ ਸੋਹਣੇ ਫੁੱਲ ਹਨ- ‘‘ਏਕੋ ਸਰਵਰੁ; ਕਮਲ ਅਨੂਪ ॥’’ (ਮ: ੧, ਪੰਨਾ ੩੫੨), ਸਰੀਰ ਵੀ ਇੱਕ ਸਰੋਵਰ ਹੈ ਤੇ ਉਸ ਵਿੱਚ ਹਿਰਦਾ ਜਾਂ ਦਿਲ ਸੋਹਣਾ ਕਮਲ ਹੈ-‘‘ਸਰੀਰ ਸਰੋਵਰ ਭੀਤਰੇ; ਆਛੈ (ਭਾਵ ਹੈ) ਕਮਲ ਅਨੂਪ ॥’’ (ਭਗਤ ਕਬੀਰ, ਪੰਨਾ ੮੫੭), ਜੇ ਕਮਲ ਉਲਟਾ (ਮੂਧਾ) ਹੋ ਜਾਵੇ ਤਾਂ ਉਹ ਸੂਰਜ ਦੀ ਪ੍ਰਕਾਸ਼ਮਈ ਗਰਮੀ ਭਾਵ ਤਾਕਤ ਨੂੰ ਨਹੀਂ ਲੈ ਸਕਦਾ ਜਦਕਿ ਮਨੁੱਖ ਦੇ ਉਲਟੇ ਹੋਏ ਹਿਰਦੇ (ਭਾਵ ਵਿਪਰੀਤ ਗਿਆਨ) ’ਚ ਗੁਰੂ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਉਹ ਸਿੱਧਾ ਜ਼ਰੂਰ ਹੋ ਜਾਂਦਾ ਹੈ ਭਾਵ ਉਸ ਨੂੰ ਨਿਰੰਜਨ ਪ੍ਰਮਾਤਮਾ ਸਰਬ ਨਿਵਾਸੀ ਦਿੱਸਦਾ ਹੈ, ਮਹਿਸੂਸ ਹੋਣ ਲੱਗ ਜਾਂਦਾ ਹੈ- ‘‘ਊਂਧ ਕਵਲੁ ਜਿਸੁ ਹੋਇ ਪ੍ਰਗਾਸਾ; ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥’’ (ਮ: ੫, ਪੰਨਾ ੧੦੮), ਜੇ ਹਉਮੈ ਅਤੇ ਦੁਰਮਤਿ (ਖੋਟੀਮਤਿ) ਮਨਮਤਿ, ਗੁਰੂ ਨੂੰ ਛੱਡ ਕੇ ਅਖੌਤੀ ਸਾਧਾਂ ਸੰਤਾਂ ਦੀ ਤੇ ਅਖੌਤੀ ਬ੍ਰਹਮ ਗਿਆਨੀ ਸੰਪ੍ਰਦਾਈਆਂ ਦੀ ਮਤਿ (ਸਿੱਖਿਆ) ਨਾਲ ਮਨ, ਹਿਰਦਾ, ਦਿਲ ਮੁਰਝਾ ਜਾਵੇ ਜਾਂ ਮੂਧਾ (ਉਲਟਾ), ਗੁਰੂ ਤੋਂ ਬੇਮੁਖ ਹੋ ਜਾਵੇ ਭਾਵ ਉਲਟੇ ਰਸਤੇ ਪੈ ਜਾਵੇ ਤਾਂ ਗੁਰੂ ਦੇ ਸ਼ਬਦ ਗਿਆਨ ਨਾਲ ਸਿੱਧਾ ਹੋ ਕੇ ਪ੍ਰਕਾਸ਼ਤ ਹੋ ਜਾਂਦਾ ਹੈ – ‘‘ਗੁਰ ਕੈ ਸਬਦਿ ਕਮਲੁ ਪਰਗਾਸਿਆ; ਹਉਮੈ ਦੁਰਮਤਿ ਖੋਈ ॥’’ (ਮ: ੩, ਪੰਨਾ ੧੩੩੪), ਪਰ ਜਿਵੇਂ ਕਿ ਕਉਲ/ਕਵਲ ਫੁੱਲ ’ਚ ਮਕਰੰਦ (ਖੁਸ਼ਬੋ) ਹੁੰਦੀ ਹੈ, ਜਿਸ ਦਾ ਭੌਰੇ ਦੂਰੋਂ ਆ ਕੇ ਅਨੰਦ ਮਾਣ ਜਾਂਦੇ ਹਨ ਭਾਵੇਂ ਕਿ ਨੇੜੇ ਬੈਠਾ ਡੱਡੂ; ਖੁਸ਼ਬੂ ਲੈਣ ਦੀ ਬਜਾਇ ਉਸ ਦੀਆਂ ਜੜ੍ਹਾਂ ’ਚੋਂ ਹੀ ਜਾਲਾ ਖਾਈ ਜਾਂਦਾ ਹੈ; ਇਉਂ ਹੀ ਗੁਰੂ ਗਿਆਨ ਦੀ ਖੁਸ਼ਬੂ; ਗੁਰਮੁਖ ਭੌਰੇ ਦੂਰੋਂ ਆ ਕੇ ਮਾਣਦੇ ਤੇ ਅਨੰਦਿਤ ਹੋ ਜਾਂਦੇ ਹਨ ਪਰ ਡੱਡੂ ਬਿਰਤੀ ਸਾਧ; ਗੁਰੂ ਗਿਆਨ ਦੇ ਸਰੋਵਰ ਗੁਰਦੁਆਰੇ ਆ ਕੇ ਵੀ ਗੁਰਮਤਿ ਰੌਸ਼ਨੀ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਸੁਰਤ ਦਾ ਦਾਇਰਾ ਗੁਰਮੁਖਾਂ ਦੀ ਨਿੰਦਿਆ, ਅਖੌਤੀ ਸਾਧਾਂ ਸੰਤਾਂ ਦੀ ਉਸਤਤ ਕਰਨ ਲਈ ਘੜੀਆਂ ਮਨਘੜਤ ਕਥਾ ਕਹਾਣੀਆਂ ’ਚ ਫਸਿਆ ਹੋਣ ਕਾਰਨ ਕਰਮਕਾਂਡ, ਵਹਿਮ ਭਰਮ ਦੇ ਜਾਲ ’ਚੋਂ ਬਾਹਰ ਨਹੀਂ ਨਿਕਲ ਸਕਦਾ।

ਸੋ, ਸਾਨੂੰ ਕਉਲ ਫੁੱਲ ਦੀ ਦਿੱਤੀ ਗੁਰਬਾਣੀ ’ਚ ਮਿਸਾਲ ਤੋਂ ਇਹ ਸਿਖਿਆ ਲੈਣੀ ਚਾਹੀਦੀ ਹੈ ਕਿ ਜਿਵੇਂ ਕਉਲ ਆਪਣੇ ਸੁਆਮੀ ਸੂਰਜ ਵੱਲ ਖਿੱਚਿਆ ਹੋਣ ਕਾਰਨ ਜੀਵਤ ਹੈ, ਖੁਸ਼ਬੂ ਦੇ ਸਕਦਾ ਹੈ, ਉਸੇ ਤਰ੍ਹਾਂ ਅਸੀਂ ਗੁਰੂ ਗਿਆਨ (ਸੂਰਜ ਪ੍ਰਕਾਸ਼) ਨਾਲ ਜੁੜ ਕੇ ਨਿਰਲੇਪ ਅਤੇ ਵਿਗਾਸੇ (ਖਿੜੇ) ਰਹਿਣਾ ਹੈ ਤਾਂ ਜੋ ਕਮਲ ਵਾਙ ਹੋਰਾਂ ਨੂੰ ਪ੍ਰਭਾਵਤ ਕਰਨ ਲਈ ਗੁਰੂ ਦੀ ਵਿਲੱਖਣਤਾ ਵਜੋਂ ਮਿਸਾਲ ਬਣ ਸਕੀਏ।