ਖਰਚੁ ਬੰਨੁ ਚੰਗਿਆਈਆ, ਮਤੁ ਮਨ ਜਾਣਹਿ ਕਲੁ॥
ਡਾ: ਸਰਬਜੀਤ ਸਿੰਘ ਜੀ ‘ਵਾਸ਼ੀ ਮੁੰਬਈ’
ਸਤਿਗੁਰੂ ਜੀ ਦਾ ਪਾਵਨ ਸੰਦੇਸ਼ ਹੈ ਕਿ ਅਸੀਂ ਚੰਗੇ ਗੁਣਾਂ ਨੂੰ ਜੀਵਨ ਸਫ਼ਰ ਦਾ ਖ਼ਰਚ ਬਣਾਈਏ। ਅਸੀਂ ਕਿਸ ਤਰ੍ਹਾਂ ਜੀਵਨ ਦੀ ਜਾਚ ਸਿੱਖਣੀ ਹੈ ਤੇ ਕਿਸ ਤਰ੍ਹਾਂ ਚੰਗਾ ਆਚਰਨ ਬਣਾਉਣਾ ਹੈ। ਆਓ, ਇਸ ਸਬੰਧੀ ਕੁਝ ਕੁ ਯੁਗਤੀਆਂ ਸਾਂਝੀਆਂ ਕਰੀਏ।
ਅਕਾਲ ਪੁਰਖੁ ਨੂੰ ਹਮੇਸ਼ਾਂ ਯਾਦ ਰੱਖਣ ਨਾਲ ਤੇ ਹਿਰਦੇ ਵਿਚ ਵਸਾਣ ਨਾਲ ਪਾਪ ਕੱਟੇ ਜਾ ਸਕਦੇ ਹਨ ‘‘ਹਰਿ ਹਰਿ ਨਾਮੁ ਬੋਲਹੁ, ਦਿਨੁ ਰਾਤੀ; ਸਭਿ ਕਿਲਬਿਖ ਕਾਟੈ ਇਕ ਪਲਕਾ ॥’’ (੬੫੦-੬੫੧)
ਅਕਾਲ ਪੁਰਖੁ ਨਾਲ ਦਿਲੋਂ ਪਿਆਰ ਕਰਨਾ ਹੈ ਤੇ ਉਸ ਦੇ ਸੱਚੇ ਆਸ਼ਕ ਬਣਨਾ ਹੈ, ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ ਆਸ਼ਕ ਆਖੇ ਜਾਂਦੇ ਹਨ। ਇਸ ਲਈ ਆਪਣੀ ਸੋਚ ਠੀਕ ਕਰਨੀ ਹੈ ਤਾਂ ਜੋ ਪ੍ਰਵਾਨ ਹੋ ਸਕੀਏ ‘‘ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ ॥ ਜਿਨ੍ ਮਨਿ ਹੋਰੁ ਮੁਖਿ ਹੋਰੁ, ਸਿ ਕਾਂਢੇ ਕਚਿਆ ॥’’ (੪੮੮)
ਆਪਣੇ ਮਨ ਅੰਦਰ ਗੁਰੂ ਦਾ ਨਿਵਾਸ ਰੱਖਣਾ ਹੈ, ਬਚਨ ਅੰਦਰ ਵੀ ਗੁਰੂ ਦੀ ਮਿੱਠੀ ਬਾਣੀ ਬੋਲਣੀ ਹੈ, ਕਰਮ ਵੀ ਗੁਰੂ ਦੇ ਦੱਸੇ ਹੋਏ ਮਾਰਗ ਅਨੁਸਾਰ ਕਰਨੇ ਹਨ ‘‘ਮਨ ਬਚ ਕ੍ਰਮ ਗੋਵਿੰਦ ਅਧਾਰੁ ॥ ਤਾ ਤੇ ਛੁਟਿਓ, ਬਿਖੁ ਸੰਸਾਰੁ ॥’’ (ਮ: ੫/੧੯੭)
ਉਹ ਸਰੀਰ ਪਵਿੱਤਰ ਹੈ, ਜਿੱਥੇ ਗੰਦਗੀ ਨਹੀਂ ਹੈ। ਮਨੁੱਖ ਅੱਖਾਂ, ਮੁੱਖ, ਜ਼ੁਬਾਨ, ਕੰਨ, ਰਾਹੀਂ ਗੰਦਗੀ ਲਿਜਾਂਦਾ ਹੈ ਜਿਸ ਕਰਕੇ ਇਹ ਸਰੀਰ ਗੰਦਗੀ ਨਾਲ ਭਰ ਜਾਂਦਾ ਹੈ। ਜਿੱਥੇ ਗੰਦਗੀ ਹੈ ਰੋਗ ਵੀ ਉੱਥੇ ਹੀ ਹੁੰਦਾ ਹੈ। ਗੰਦਗੀ ਵਿਚ ਗੰਦੇ ਕੀੜੇ ਹੀ ਰਹਿੰਦੇ ਹਨ। (ਗੰਦਗੀ ! ਪਾਪ ! ਅਪਰਾਧ ! ਸਜ਼ਾ) ਇਸ ਲਈ ਰੋਜ਼ਾਨਾ ਗੁਰਬਾਣੀ ਨਾਲ ਇਹ ਪਾਪ ਸਾਫ ਕਰਨੇ ਹਨ ‘‘ਸੋ ਤਨੁ ਨਿਰਮਲੁ, ਜਿਤੁ ਉਪਜੈ ਨ ਪਾਪੁ ॥ ਰਾਮ ਰੰਗਿ ਨਿਰਮਲ ਪਰਤਾਪੁ ॥’’ (੧੯੮)
ਗੁਰੂ ਦੀ ਸ਼ਰਨ ਵਿਚ ਆ ਕੇ ਗੁਰਬਾਣੀ ਰਾਹੀਂ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਨਾਲ ਸਾਰੇ ਮਨੁੱਖ ਪਵਿੱਤਰ ਹੋ ਸਕਦੇ ਹਨ ‘‘ਸਗਲ ਪਵਿਤ ਗੁਨ ਗਾਇ ਗੁਪਾਲ ॥ ਪਾਪ ਮਿਟਹਿ ਸਾਧੂ ਸਰਨਿ ਦਇਆਲ ॥’’ (੨੦੨)
ਇਸ ਗਲ ਤੋਂ ਸੁਚੇਤ ਰਹਿਣਾ ਹੈ ਕਿ ਪਾਪ ਕਮਾਉਣ ਵਾਲੇ ਦਾ ਕੋਈ ਵੀ ਸਾਥ ਨਹੀਂ ਦਿੰਦਾ ਹੈ। ਅੰਤ ਵਿਚ ਪਛਤਾਵਾ ਹੀ ਹੁੰਦਾ ਹੈ ‘‘ਪਾਪ ਕਮਾਵਦਿਆ, ਤੇਰਾ ਕੋਇ ਨ ਬੇਲੀ ਰਾਮ ॥ ਕੋਏ ਨ ਬੇਲੀ ਹੋਇ ਤੇਰਾ, ਸਦਾ ਪਛੋਤਾਵਹੇ ॥’’ (੫੪੬)
ਪਾਪੀ ਦੀ ਪਹਿਚਾਨ ਕਰਨੀ ਸਿੱਖਣੀ ਹੈ। ਜਿਸ ਤਰ੍ਹਾਂ ਮੱਖੀ ਚੰਦਨ ਉੱਪਰ ਨਹੀਂ ਬੈਠਦੀ ਹੈ, ਠੀਕ ਉਸੇ ਤਰ੍ਹਾਂ ਪਾਪੀ ਨੂੰ ਪ੍ਰਭੂ ਭਗਤੀ ਭਾਵ ਗੁਰਬਾਣੀ ਅਨੁਸਾਰ ਚਲਣਾ ਚੰਗਾ ਨਹੀਂ ਲਗਦਾ ਹੈ ‘‘ਕਬੀਰ ਪਾਪੀ ਭਗਤਿ ਨ ਭਾਵਈ, ਹਰਿ ਪੂਜਾ ਨ ਸੁਹਾਇ ॥ ਮਾਖੀ ਚੰਦਨੁ ਪਰਹਰੈ, ਜਹ ਬਿਗੰਧ ਤਹ ਜਾਇ ॥’’ (੧੩੬੮)
ਬੱਚਾ ਕਾਗਦ ਉੱਪਰ ਲੀਕਾਂ ਮਾਰ ਕੇ ਖਰਾਬ ਕਰ ਦਿੰਦਾ ਹੈ। ਠੀਕ ਉਸੇ ਤਰ੍ਹਾਂ ਇਕ ਪਾਪੀ ਇਹ ਅਨਮੋਲਕ ਮਨੁੱਖਾ ਜੀਵਨ ਬਰਬਾਦ ਕਰ ਲੈਂਦਾ ਹੈ। ਆਪਣੇ ਮਨ ਨੂੰ ਸਮਝਾਉਣਾ ਹੈ ਕਿ ਇਹ ਵੇਲਾ ਪ੍ਰਭੂ ਨੂੰ ਚੇਤੇ ਰੱਖਣ ਦਾ ਹੈ। ਸਮਾਂ ਬੀਤ ਜਾਣ ਤੋਂ ਬਾਅਦ ਅਫ਼ਸੋਸ ਕਰਨ ਨਾਲ ਕੋਈ ਲਾਭ ਨਹੀਂ ਹੋਣਾ। ਵਿਕਾਰਾਂ ਵਿਚ ਫਸੀ ਹੋਈ ਕਮਜ਼ੋਰ ਜਿੰਦ ਧਨ ਪਦਾਰਥ ਦਾ ਲੋਭ ਕਰਦੀ ਹੈ, ਪਰ ਇਸ ਨੂੰ ਇਹ ਗਿਆਨ ਨਹੀਂ ਕਿ ਕੁਝ ਦਿਨਾਂ ਵਿਚ ਇਹ ਸਭ ਕੁਝ ਛੱਡ ਕੇ ਇੱਥੋਂ ਤੁਰ ਜਾਣਾ ਹੈ। ਜਿਸ ਤਰ੍ਹਾਂ ਇਕ ਵਿਦਵਾਨ ਲੇਖ ਲਿਖ ਕੇ, ਕਾਗਜ਼ ਨੂੰ ਅਮਰ ਕਰ ਦਿੰਦਾ ਹੈ। ਠੀਕ ਉਸੇ ਤਰ੍ਹਾਂ ਆਪਣੇ ਮਨ ਉੱਪਰ ਗੁਰੂ ਦੀ ਮਤ ਲਿਖ ਕੇ ਮਨੁੱਖਾ ਜੀਵਨ ਸਫਲ ਕਰਨਾ ਹੈ ‘‘ਰਾਮੁ ਸਿਮਰੁ ਪਛੁਤਾਹਿਗਾ ਮਨ ॥ ਪਾਪੀ ਜੀਅਰਾ ਲੋਭੁ ਕਰਤੁ ਹੈ, ਆਜੁ ਕਾਲਿ ਉਠਿ ਜਾਹਿਗਾ ॥’’ (੧੧੦੬)
ਆਉ, ਗੁਰਬਾਣੀ ਦੇ ਅਮੋਲਕ ਬਚਨਾਂ ਰਾਹੀਂ ਆਪਣੇ ਜੀਵਨ ਨੂੰ ਸਫਲਾ ਬਣਾਈਏ।