ਕਬਿੱਤ ਨੰਬਰ 9 (ਭਾਈ ਗੁਰਦਾਸ ਜੀ)
ਸ. ਪ੍ਰੀਤਮ ਸਿੰਘ (ਕਰਨਾਲ)-94164-05173
ਦਰਸਨ ਦੇਖਤ ਹੀ ਸੁਧਿ ਕੀ ਨ ਸੁਧਿ ਰਹੀ, ਬੁਧਿ ਕੀ ਨ ਬੁਧਿ ਰਹੀ ਮਤਿ ਮੈਂ ਨ ਮਤਿ ਹੈ।
ਸੁਰਤਿ ਮੈਂ ਨ ਸੁਰਤਿ ਔ ਧਯਾਨ ਮੈਂ ਨ ਧਯਾਨ ਰਹਯੋ, ਗਯਾਨ ਮੈਂ ਨ ਗਯਾਨ ਰਹਯੋ ਗਤਿ ਮੈਂ ਨ ਗਤਿ ਹੈ।
ਧੀਰਜ ਕੋ ਧੀਰਜ ਗਰਬ ਕੋ ਗਰਬ ਗਯੋ, ਰਤਿ ਮੈ ਨ ਰਤਿ ਰਹੀ ਪਤਿ ਰਤਿ ਪਤਿ ਹੈ।
ਅਦਭੁਤ ਪਰਮਭੁਤ ਬਿਸਮੈ ਬਿਸਮ, ਅਸਚਰਜੈ ਅਸਚਰਜ ਅਤਿ ਅਤਿ ਹੈ ॥ ੯॥
ਸ਼ਬਦ ਅਰਥ: ਸੁਧਿ-ਹੋਸ਼।, ਗਰਬ-ਹਉਮੈ।, ਗਤਿ-ਰੀਤੀ।
ਅਰਥ: ਸਤਿਗੁਰੂ ਦੇ ਦਰਸ਼ਨ ਇਤਨੇ ਵਿਸਮਾਦੀ ਹਨ ਕਿ ਦੀਦਾਰ ਕਰਦਿਆਂ ਹੀ ਹੋਸ਼ ਟਿਕਾਣੇ ਨਹੀਂ ਰਹਿੰਦੀ। ਅਕਲ ਸਾਥ ਛਡ ਦੇਂਦੀ ਹੈ। ਸਭ ਰੀਤਾਂ, ਮਰਯਾਦਾਵਾਂ ਭੁਲ ਜਾਂਦੀਆਂ ਹਨ। ਗਿਆਨੀਆਂ ਦੀ ਸੁਰਤਿ ਟਿਕਾਣੇ ਨਹੀਂ ਰਹਿੰਦੀ। ਧਿਆਨ ਧਰਨ ਵਾਲਿਆਂ ਦੀ ਇਕਾਗਰਤਾ ਭੰਗ ਹੋ ਜਾਂਦੀ ਹੈ। ਸਾਰਾ ਗਿਆਨ ਧਰਿਆ ਰਹਿ ਜਾਂਦਾ ਹੈ। ਮਰਿਆਦਾ ਦਾ ਅਭਾਵ ਹੋ ਜਾਂਦਾ ਹੈ। ਸਬਰ ਵੀ ਆਪੇ ਤੋਂ ਬਾਹਰ ਹੋ ਜਾਂਦਾ ਹੈ। ਲੇਸ ਮਾਤਰ ਵੀ ਅਹੰਕਾਰ ਨਹੀਂ ਰਹਿ ਜਾਂਦਾ। ਦੁਨੀਆਵੀ ਇੱਜ਼ਤ ਮਾਣ ਸਭ ਝੂਠੇ ਲਗਣ ਲਗ ਜਾਂਦੇ ਹਨ। ਗੁਰੂ ਦਾ ਦਰਸ਼ਨ ਹੈਰਾਨ ਕਰ ਦੇਣ ਵਾਲਾ ਹੈ। ਵਿਸਮਾਦ ਅਵਸਥਾ ਵਿੱਚ ਲੈ ਆਉਣ ਵਾਲਾ ਹੈ, ਜਿਸ ਦਾ ਕੋਈ ਹੱਦ ਬੰਨਾ ਨਹੀਂ ਹੈ।
ਭਾਈ ਗੁਰਦਾਸ ਜੀ, ਜੋ ਇਸ ਕਬਿੱਤ ਰਾਹੀਂ ਬਿਆਨ ਕਰ ਰਹੇ ਹਨ, ਉਸ ਵਿਚ ਕੁਝ ਵੀ ਅਤਿਕਥਨੀ ਨਹੀਂ ਹੈ। ਦਰਸ਼ਨ ਤੋਂ ਭਾਵ ਸਿਰਫ ਅੱਖਾਂ ਨਾਲ ਦੇਖਣ ਦਾ ਹੀ ਨਹੀਂ ਹੈ। ਦਰਸ਼ਨ ਦਾ ਅਰਥ ਗੁਰੂ ਦਾ ਉਪਦੇਸ਼, ਗੁਰੂ ਦੀ ਵਿਚਾਰ ਧਾਰਾ ਨੂੰ ਆਪਣੇ ਹਿਰਦੇ ਵਿਚ ਧਾਰ ਲੈਣਾ ਤੇ ਜੀਵਨ ਨੂੰ ਗੁਰ ਉਪਦੇਸ਼ ਅਨੁਸਾਰ ਬਤੀਤ ਕਰਨਾ ਹੁੰਦਾ ਹੈ। ‘ਦਰਸ਼ਨ’ ਦਾ ਅਖਰੀ ਅਰਥ ਵਿਚਾਰ ਧਾਰਾ ਵੀ ਹੈ। ਗੁਰਬਾਣੀ ਵਿਚ ਖਟ ਦਰਸ਼ਨ ਦੀ ਗੱਲ ਵੀ ਕੀਤੀ ਗਈ ਹੈ। ਸਨਾਤਨੀ ਮਤ ਅਨੁਸਾਰ ਛੇ ਸ਼ਾਸਤਰ ਮੰਨੇ ਗਏ ਹਨ। ਛਿਆਂ ਸ਼ਾਸਤਰਾਂ ਦੀ ਵਿਚਾਰ ਧਾਰਾ ਅਲੱਗ ਅਲੱਗ ਹੈ। ਪਰ ਗੁਰਬਾਣੀ ਦੀ ਵਿਚਾਰ ਧਾਰਾ ਸਭ ਤੋਂ ਨਿਵੇਕਲੀ ਹੈ। ਇਹ ਪੂਰੀ ਮਨੁੱਖਤਾ ਲਈ ਸਾਂਝੀ ਹੈ। ਗੁਰਬਾਣੀ ਭਾਵ ਗੁਰੂ ਦਾ ਦਰਸ਼ਨ ਜੋ ਮਨੁੱਖ ਕਰ ਲੈਂਦਾ ਹੈ, ਉਹ ਹੋਰ ਕਿਸੇ ਦਰਸ਼ਨ ਦਾ ਅਭਿਲਾਖੀ ਨਹੀਂ ਰਹਿ ਜਾਂਦਾ। ਸਿੱਖ ਇਤਿਹਾਸ ਵਿਚੋਂ ਕੁਝ ਕੁ ਮਿਸਾਲਾਂ ਮਿਲ ਜਾਂਦੀਆਂ ਹਨ। ਜਦੋਂ ਕੌਡੇ ਰਾਖਸ਼ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਰਾਖਸ਼ਸੀ ਬਿਰਤੀ ਭੁਲ ਗਿਆ। ਸਜਣ ਠੱਗ ਠੱਗੀ ਛੱਡ ਬੈਠਾ। ਭੂਮੀਆ ਚੋਰ ਸਾਧ ਬਣ ਗਿਆ। ਕੀ ਕੀ ਬਿਆਨ ਕੀਤਾ ਜਾਵੇ। ਗਵਾਹੀਆਂ ਨਾਲ ਇਤਿਹਾਸ ਭਰਿਆ ਪਿਆ ਹੈ। ਗੁਰੂ ਦੇ ਦਰਸ਼ਨ ਹਨ ਹੀ ਇਤਨੇ ਪਵਿੱਤਰ ਤੇ ਵਿਸਮਾਦੀ ਕਿ ਬਿਆਨ ਕਰਨ ਦੀ ਸਮਰੱਥਾ ਤੋਂ ਪਰੇ ਹਨ।
ਅੱਜ ਦੇ ਯੁਗ ਵਿਚ ਅਸੀਂ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਦੇ ਹਾਂ। ਮੱਥੇ ਵੀ ਟੇਕਦੇ ਹਾਂ ਪਰ ਹੈਰਾਨੀ ਦੀ ਗੱਲ ਹੈ ਕਿ ਨਾ ਸਾਡੀ ਬੁੱਧੀ ਬਦਲਦੀ ਹੈ, ਨਾ ਹੀ ਸਾਡਾ ਅਹੰਕਾਰ ਖ਼ਤਮ ਹੁੰਦਾ ਹੈ ਅਤੇ ਨਾ ਹੀ ਵਿਕਾਰ ਸਾਡਾ ਪਿੱਛਾ ਛੱਡਦੇ ਹਨ। ਦਸਾਂ ਗੁਰੂਆਂ ਦੀ ਆਤਮਕ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਢੰਗ ਵੀ ਬਾਣੀ ਵਿਚ ਦਸਿਆ ਹੈ । ‘‘ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ, ਜਿਚਰੁ ਸਬਦਿ ਨ ਕਰੇ ਵੀਚਾਰੁ॥’’(੫੯੪) ਇਨ੍ਹਾਂ ਦੋ ਤੁਕਾਂ ਵਿਚ ਕਿਤਨੀ ਵਡੀ ਗੱਲ ਕਹਿ ਦਿੱਤੀ ਹੈ। ਸ਼ਬਦ ਤੋਂ ਭਾਵ ਹੁਕਮ ਵੀ ਲਿਆ ਜਾਂਦਾ ਹੈ। ਗੁਰੂ ਦੇ ਹੁਕਮ ਨੂੰ ਸੁਣਨਾ, ਮੰਨਣਾ, ਹੁਕਮ ਨਾਲ ਇਕ ਸੁਰ ਹੋਣਾ ਫ਼ਿਰ ਹੁਕਮ ਦੀ ਤਾਮੀਲ ਕਰਨੀ, ਜੀਵਨ ਵਿਚ ਢਾਲਣਾ, ਇਹ ਹੈ ਸ਼ਬਦ ਦੀ ਵੀਚਾਰ।
ਜਪੁ ਜੀ ਸਾਹਿਬ ਵਿਚ ਚਾਰ ਪਉੜੀਆਂ ਸੁਣਨ ਦੀਆਂ ਹਨ ਤੇ ਚਾਰ ਹੀ ਪਉੜੀਆਂ ਮੰਨਣ ਦੀਆਂ ਹਨ। ਅਰਥਾਤ ਗੁਰੂ ਦਾ ਉਪਦੇਸ਼ ਸੁਣਨਾ ਹੈ ਤੇ ਮੰਨਣ ਵੀ ਕਰਨਾ ਹੈ। ‘‘ਸੁਣਿਆ, ਮੰਨਿਆ, ਮਨਿ ਕੀਤਾ ਭਾਉ। ਅੰਤਰਗਤਿ ਤੀਰਥਿ ਮਲਿ ਨਾਉ॥’’ (ਜਪੁ ਜੀ ਸਾਹਿਬ) ਜਦੋਂ ਗੁਰੂ ਦੀ ਵਿਚਾਰਧਾਰਾ ਅਨੁਸਾਰ ਮਨੁੱਖ, ਆਪਣਾ ਜੀਵਨ ਬਣਾ ਲੈਂਦਾ ਹੈ ਤਾਂ ਉਸ ਦਾ ਜੀਵਨ ਗੁਰੂ ਦੇ ਆਸ਼ੇ ਅਨੁਸਾਰ ਹੋ ਜਾਂਦਾ ਹੈ। ਪਿਛਲਾ ਜੀਵਨ ਖ਼ਤਮ ਹੋ ਜਾਂਦਾ ਹੈ। ਨਵਾਂ ਜੀਵਨ ਸ਼ੁਰੂ ਹੋ ਜਾਂਦਾ ਹੈ। ਬੜੀਆਂ ਉੱਚੀਆਂ ਪਦਵੀਆਂ ਦੀਪ੍ਰਾਪਤੀ ਹੋ ਜਾਂਦੀ ਹੈ। ਸ਼ਬਦ ਦੀ ਵੀਚਾਰ ਕੀਤੀ ਭਾਈ ਲਹਿਣਾ ਜੀ ਨੇ, ਗੁਰੂ ਦੇ ਮੁਖ ਤੋਂ ਨਿਕਲੇ ਹਰੇਕ ਬਚਨ ਨਾਲ ਇਕ ਸੁਰ ਹੋਏ ਤੇ ਪਾਲਨਾ ਕੀਤੀ। ਫਿਰ ਉਸ ਵਿਸਮਾਦੀ ਅਵਸਥਾ ਤੇ ਅਪੜ ਗਏ ਜਿੱਥੇ ਗੁਰੂ ਨਾਨਕ ਜੀ ਖੜ੍ਹੇ ਸਨ। ਇਹ ਹਨ ਅਸਲੀ ਦਰਸ਼ਨ ਗੁਰੂ ਦੇ, ਜੋ ਜੀਵਨ ਪਲਟ ਦੇਂਦੇ ਹਨ, ਸੁਰਤਿ, ਮਤਿ, ਮਨ ਅਤੇ ਬੁਧੀ ਨੂੰ ਘੜ ਦੇਂਦੇ ਹਨ। ਉੱਥੇ ਉਹ ਘਾੜਤ ਘੜੀ ਜਾਂਦੀ ਹੈ, ਜਿਸ ਦੀ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ। ‘‘ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥’’ (ਜਪੁ)








