ਕਰਤੂਤਿ ਪਸੂ ਕੀ; ਮਾਨਸ ਜਾਤਿ ॥
ਗਿਆਨੀ ਅਵਤਾਰ ਸਿੰਘ
ਵਿਚਾਰ ਅਧੀਨ ਵਿਸ਼ਾ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’; ਪੰਜਵੇਂ ਨਾਨਕ (ਗੁਰੂ ਅਰਜਨ ਸਾਹਿਬ) ਜੀ ਦੁਆਰਾ ਸੁਖਮਨੀ ਬਾਣੀ ਦੀਆਂ ਕੁਲ 24 ਅਸ਼ਟਪਦੀਆਂ ’ਚੋਂ ਚੌਥੀ ਅਸ਼ਟਪਦੀ ਦੇ ਪੰਜਵੇਂ ਬੰਦ ਦੀ ਪਹਿਲੀ ਤੁਕ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 267 ’ਤੇ ਸੁਭਾਇਮਾਨ ਹੈ। ਇਸ ਦੇ ਅੱਖਰੀਂ ਅਰਥ ਹਨ: ‘ਮਨੁੱਖਾ ਜਾਤੀ ਪਸ਼ੂ ਸਮਾਨ ਹੈ’। ਜ਼ਰੂਰੀ ਹੈ ਕਿ ਭਗਤੀ ਭਾਵਨਾ ਵਾਲ਼ਾ ਹਰ ਵਿਅਕਤੀ ਇਸ ਤੁਕ ਦਾ ਇਹ ਮਤਲਬ ਬਣਾ ਲਏਗਾ ਕਿ ਭਗਤੀ ਵਿਹੂਣਾ ਮਨੁੱਖਾ ਜੀਵਨ ਪਸ਼ੂ ਵਰਗਾ ਹੁੰਦਾ ਹੈ, ਪਰ ਪ੍ਰਸੰਗ (ਤੇ ਸਿਧਾਂਤ) ਦੀ ਲੜੀ ਨੂੰ ਨਾ ਸਮਝਣ ਕਾਰਨ ਇਹ ਧਾਰਨਾ ਗੁਰਮਤਿ ਸਿਧਾਂਤ ਦੇ ਵਿਪਰੀਤ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਪਸ਼ੂ (ਮੱਝ/ਗਾਂ ਆਦਿ) ਨੂੰ ਕੌੜੀ ਖਲ਼ (ਸਰੋਂ ਬੀਜ ਦੇ ਤੇਲ ਕੱਢਣ ਉਪਰੰਤ ਬਚਿਆ ਫ਼ੋਗ/ਵਸਤੂ) ਦੇਣ ਦੇ ਬਾਵਜੂਦ ਵੀ ਉਹ ਸਾਨੂੰ ਮਿੱਠਾ ਦੁੱਧ (ਅੰਮ੍ਰਿਤ) ਦਿੰਦਾ ਹੈ, ਇਸ ਲਈ ਪਸ਼ੂ ਸਲਾਹੁਣਯੋਗ ਹੈ: ‘‘ਪਸੂ ਮਿਲਹਿ ਚੰਗਿਆਈਆ; ਖੜੁ ਖਾਵਹਿ, ਅੰਮ੍ਰਿਤੁ ਦੇਹਿ ॥’’ (ਮ: ੧/੪੮੯) ਤਾਂ ਫਿਰ ਕਿਵੇਂ ਮੰਨ ਲਈਏ ਕਿ ਮੂਰਖ ਬੰਦਾ; ਪਸ਼ੂ ਵਰਗਾ ਹੁੰਦਾ ਹੈ ?
ਗੁਰਬਾਣੀ ਵਿੱਚ ਜਦ ਮਨੁੱਖ ਜਾਤੀ ਦੀ ਤੁਲਨਾ ਅਨ੍ਯ ਜਾਤੀ (ਪਸ਼ੂ/ਪੰਛੀ) ਨਾਲ਼ ਕੀਤੀ ਜਾਂਦੀ ਹੈ ਤਾਂ ਮਨੁੱਖ ਦਾ ਰੁਤਬਾ (ਕਿਰਦਾਰ) ਨੀਵਾਂ ਰਹਿ ਜਾਂਦਾ ਹੈ, ਨਾ ਕਿ ਉਸ ਦੇ ਬਰਾਬਰ; ਜਿਵੇਂ ਕਿ
(1). ਕਬੀਰ ਜੀ ਦਾ ਵਚਨ ਹੈ ਕਿ ਰੱਬ ਤੋਂ ਬੇਮੁੱਖ ਬੰਦੇ ਨਾਲ਼ੋਂ ਸੂਰ ਚੰਗਾ ਹੈ, ਜੋ ਪਿੰਡ ਦੀ ਗੰਦਗੀ (ਮਲ) ਖਾ ਕੇ ਸਫ਼ਾਈ ਕਰਦਾ ਹੈ: ‘‘ਕਬੀਰ ! ਸਾਕਤ ਤੇ ਸੂਕਰ ਭਲਾ; ਰਾਖੈ ਆਛਾ ਗਾਉ ॥’’ (ਭਗਤ ਕਬੀਰ/੧੩੭੨)
(2). ਭਗਤ ਰਵਿਦਾਸ ਜੀ ਦਾ ਵਚਨ ਹੈ ਕਿ ਅਨ੍ਯ ਜੂਨੀ ਜੀਵ: ਹਿਰਨ (ਨਾਦ, ਕੰਨ ਰਸ), ਮੀਨ (ਮੱਛੀ, ਜੀਭ ਰਸ), ਭ੍ਰਿੰਗ (ਭੌਰਾ, ਨੱਕ ਭਾਵ ਸੁਗੰਧ ਰਸ), ਪਤੰਗ (ਅੱਖ, ਦ੍ਰਿਸ਼ਟੀ ਰਸ) ਤੇ ਹਾਥੀ (ਕਾਮ, ਸਪਰਸ ਰਸ) ਭਾਵ ਇੱਕ-ਇੱਕ ਰੋਗ ਕਾਰਨ ਆਪਣੇ ਜੀਵਨ ਦਾ ਆਨੰਦ ਗਵਾ ਲੈਂਦੇ ਹਨ, ਪਰ ਮਨੁੱਖ ’ਚ ਤਾਂ ਕਾਬੂ ਨਾ ਹੋਣ ਵਾਲ਼ੇ ਇਹ ਪੰਜੇ ਰੋਗ ਹਨ ਉਸ ਦੀ ਬੇੜੀ ਕਿਵੇਂ ਪਾਰ ਹੋਵੇ ਜਾਂ ਅਜਿਹੇ ਜੀਵਨ ਤੋਂ ਕੀ ਆਸ ਰੱਖੀਏ ? ‘‘ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ; ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ? ॥ (ਭਗਤ ਰਵਿਦਾਸ/੪੮੬)
(3). ਤਤਕਾਲੀ ਹਾਲਾਤਾਂ ਦੇ ਹਵਾਲੇ ਨਾਲ਼ ਕਬੀਰ ਜੀ ਤਾਂ ਇੱਥੋਂ ਤੱਕ ਬਿਆਨ ਕਰਦੇ ਹਨ ਕਿ ਮਰਨ ਉਪਰੰਤ ਵੀ ਪਸ਼ੂ ਦੇ ਸਰੀਰ ਕੰਮ ਆਉਂਦੇ ਹਨ, ਪਰ ਬੰਦੇ ਦਾ ਨਹੀਂ ‘‘ਨਰੂ ਮਰੈ, ਨਰੁ ਕਾਮਿ ਨ ਆਵੈ ॥ ਪਸੂ ਮਰੈ; ਦਸ ਕਾਜ ਸਵਾਰੈ ॥’’ (ਭਗਤ ਕਬੀਰ/੮੭੦), ਆਦਿ ਗੁਰ ਉਪਦੇਸ਼ਾਂ ਦੇ ਬਾਵਜੂਦ ਕੇਵਲ ‘‘ਪਸੂ ਮਾਣਸ ਚੰਮਿ ਪਲੇਟੇ; ਅੰਦਰਹੁ ਕਾਲਿਆ ॥’’ (ਮ: ੧/੧੨੮੪) ਭਾਵ ਪਸ਼ੂ ਵਰਗੇ ਮਨੁੱਖ ਬਾਹਰੋਂ ਚੰਮ ਨਾਲ਼ ਵਲ੍ਹੇਟੇ ਹਨ ਪਰ ਅੰਦਰੋਂ ਕਾਲੇ ਹਨ; ਕੇਵਲ ਸ਼ਬਦਾਰਥ ਹਨ, ਨਾ ਕਿ ਭਾਵਾਰਥ, ਜਿਨ੍ਹਾਂ ਦੇ ਸਾਰ ਨੂੰ ਸਮਝਣ ਲਈ ਗੁਰਬਾਣੀ ਸਿਧਾਂਤ ਨੂੰ ਥੋੜ੍ਹਾ ਗਹੁ ਨਾਲ਼ ਵਿਚਾਰਨਾ ਪਏਗਾ, ਨਹੀਂ ਤਾਂ ਅਨਰਥ ਹੋ ਜਾਏਗਾ। ਜੈਸੇ ਕਿ ਕੁਝ ਅਜੋਕੇ ਸਿੱਖ ਪ੍ਰਚਾਰਕ ਕਰ ਵੀ ਰਹੇ ਹਨ।
ਗੁਰਬਾਣੀ ’ਚ ਮਨੁੱਖ ਜਾਤੀ ਨੂੰ ਤਿੰਨ ਭਾਗਾਂ ’ਚ ਵੰਡਿਆ ਗਿਆ ਹੈ। ਮਨੁੱਖ ਜਾਤੀ ਦੀ ਅਰੰਭਕ ਮਾਨਸਿਕ ਦਸ਼ਾ ਨੂੰ ਇਸਤ੍ਰੀ (ਮਾਤਾ) ਘੜਦੀ (ਤਰਾਸ਼ਦੀ) ਹੈ, ਇਸ ਲਈ ਗੁਰਬਾਣੀ ਵੀ ਤਿੰਨ ਤਰ੍ਹਾਂ ਦੀ ਮਾਤਾ ਅਗਵਾਈ ਦੇ ਪ੍ਰਥਾਇ ਵਚਨ ਕਰਦੀ ਹੈ; ਜਿਵੇਂ ਕਿ
(ੳ). ਉਹ ਮਨੁੱਖ; ਜੋ ਕਿਸੇ ਰੱਬੀ ਅਦ੍ਰਿਸ਼ ਸ਼ਖ਼ਸੀਅਤ ਉੱਤੇ ਵਿਸ਼ਵਾਸ ਨਹੀਂ ਰੱਖਦੇ, ਉਸ ਦੇ ਡਰ-ਅਦਬ ’ਚ ਨਹੀਂ ਰਹਿੰਦੇ, ਜਿਸ ਕਾਰਨ ਰਾਖਸ਼ ਬਿਰਤੀ ਬਣ ਜਾਂਦੀ ਹੈ, ਬਾਰੇ ਗੁਰੂ ਵਚਨ ਹਨ: ‘‘ਪੁਤੁ ਜਿਨੂਰਾ, ਧੀਅ ਜਿੰਨੂਰੀ; ਜੋਰੂ ਜਿੰਨਾ ਦਾ ਸਿਕਦਾਰੁ ॥’’ (ਮ: ੧/੫੫੬) ਭਾਵ ਜਦ ਪੁੱਤਰ ਤੇ ਧੀ ਦੈਂਤ (ਦਾਨਵ) ਬਣ ਜਾਣ ਤਾਂ ਸਮਝੋ ਕਿ ਉਨ੍ਹਾਂ ਦੀ ਅਗਵਾਈ ਕਰਨ ਵਾਲ਼ੀ ਮਾਤਾ ਹੀ ਰਾਖਸ਼ ਸੀ।
(ਅ). ਉਹ ਮਨੁੱਖ; ਜੋ ਕਿਸੇ ਦੀ ਥੋੜ੍ਹੀ ਬਹੁਤ ਪ੍ਰੇਰਨਾ ਸਦਕਾ ਧਰਮ ਪ੍ਰਤੀ ਜਜ਼ਬਾਤੀ ਤਾਂ ਬਣ ਗਏ, ਪਰ ਯੋਗ ਅਗਵਾਈ ਨਾ ਮਿਲਣ ਕਾਰਨ ਟੀਚਾ ਪ੍ਰਾਪਤ ਕਰਨ ’ਚ ਅਸਫਲ ਰਹਿ ਗਏ, ਜਿਨ੍ਹਾਂ ਨੂੰ ਗੁਰਬਾਣੀ ਕਰਮਕਾਂਡੀ ਬਿਆਨ ਕਰਦੀ ਹੈ: ‘‘ਕਬੀਰ ! ਮਾਇ ਮੂੰਡਉ ਤਿਹ ਗੁਰੂ ਕੀ; ਜਾ ਤੇ ਭਰਮੁ ਨ ਜਾਇ ॥’’ (ਭਗਤ ਕਬੀਰ/੧੩੬੯) ਭਾਵ ਜਿਸ ਗੁਰੂ ਦੀ ਚਰਨੀਂ ਲੱਗਿਆਂ ਵੀ ਦੁਬਿਧਾ (ਅਦ੍ਰਿਸ਼ ਸ਼ਕਤੀ ’ਤੇ ਬਣੇ ਜਜ਼ਬਾਤੀ ਵਿਸ਼ਵਾਸ ਨੂੰ ਯਕੀਨ ’ਚ ਨਾ ਬਦਲ ਸਕਣਾ) ਬਣੀ ਰਹੇ, ਉਸ (ਗੁਰੂ) ਦੀ ਮਾਂ ਦਾ ਮੈਂ ਸਿਰ ਮੁੰਨ ਦਿਆਂ ਜਾਂ ਉਸ ਦਾ ਸਿਰ ਮੁੰਨਣਯੋਗ ਹੈ ਭਾਵ ਉਹ ਵਿਧਵਾ ਰਹਿੰਦੀ, ਉਸ ਦੀ ਕੁੱਖੋਂ ਜਨਮ ਲੈਣ ਵਾਲ਼ਾ ਕੋਈ ਅਖੌਤੀ ਗੁਰੂ, ਕਿਸੇ ਦੀਆਂ ਜਜ਼ਬਾਤੀ ਭਾਵਨਾਵਾਂ ਦਾ ਦੁਰਪ੍ਰਯੋਗ ਤਾਂ ਨਾ ਕਰਦਾ। ਹਿੰਦੂ ਭਾਈਚਾਰੇ ’ਚ ਸਿਰ ਮੁੰਨਣ ਤੋਂ ਭਾਵ ਪਤੀ ਦੀ ਮੌਤ ਅਤੇ ਵਿਧਵਾ ਹੋਣ ਦਾ ਪ੍ਰਤੀਕ ਹੈ।
(ੲ). ਉਹ ਮਨੁੱਖ; ਜੋ ਮਾਤਾ ਦੀ ਪ੍ਰੇਰਨਾ ਸਦਕਾ ਧਰਮ ਪ੍ਰਤੀ ਜਜ਼ਬਾਤੀ ਹੋ ਕੇ ਮੰਜ਼ਲ ਤੱਕ ਪਹੁੰਚ ਗਏ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਆਪਣੀ ਮਾਤਾ ਪ੍ਰਤੀ ਭਾਵਨਾ ਵਿਅਕਤ ਕਰਦੇ ਹਨ: ‘‘ਪੂਤਾ ! ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ, ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥’’ (ਮ: ੫/੪੯੬), ਅਜਿਹੀ ਇਸਤ੍ਰੀ (ਮਾਤਾ) ਲਈ ਗੁਰਬਾਣੀ ਉਪਦੇਸ਼ ਹੈ: ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩)
ਉਕਤ ਕੀਤੀ ਗਈ ‘ੳ, ਅ, ੲ’ ਦੇ ਤਹਿਤ ਵਿਚਾਰ ਵੰਡ; ਵਿਸ਼ੇਸ਼ ਧਿਆਨ ਮੰਗਦੀ ਹੈ। ‘ੳ’ ਸੰਦੇਸ਼ ਵਾਲ਼ਾ (ਨਾਸਤਿਕ) ਜੀਵਨ ਕਿਸੇ ਲਕਸ਼ ਦੀ ਪ੍ਰਾਪਤੀ ਤੋਂ ਬਿਨਾਂ ਪਸ਼ੂ ਵਾਙ ਕੇਵਲ ਮਨੁੱਖਾ ਜੂਨ ਭੋਗਦਾ ਹੈ, ਜਿਸ ਦਾ ਉਸ ਨੂੰ ਕੋਈ ਅਹਿਸਾਸ ਜਾਂ ਗ਼ਮ ਵੀ ਨਹੀਂ ਹੁੰਦਾ ਭਾਵ ਉਹ ਨਾਸਤਿਕਤਾ ’ਚ ਖ਼ੁਸ਼ ਹੈ।
‘ਅ’ ਵਿਸ਼ੇ ਨਾਲ਼ ਸੰਬੰਧਿਤ ਜੀਵਨ (ਕਰਮਕਾਂਡੀ) ਧਰਮ ਪ੍ਰਤੀ ਜਜ਼ਬਾਤੀ ਹੈ, ਪਰ ਯੋਗ ਸਮਝ ਦੀ ਅਣਹੋਂਦ ਕਾਰਨ ਹਰ ਧਾਰਮਿਕ ਕਾਰਜ ਨੂੰ ਕਰਮਕਾਂਡ (ਮਾਤਰ ਵਿਖਾਵੇ ਲਈ, ਜਿਸ ਦਾ ਆਤਮਾ ਨੂੰ ਕੋਈ ਲਾਭ ਨਾ ਹੋਵੇ) ਬਣਾ ਲੈਂਦਾ ਹੈ, ਇਸ ਲਈ ਗੁਰੂ ਜੀ ਇਸ ਦੀ ਤੁਲਨਾ ‘ੳ’ ਨਾਸਤਿਕ ਜੀਵਨ ਜਾਂ ਮੰਜ਼ਲ ਵਿਹੂਣੇ ਪਸ਼ੂ ਜੂਨੀ ਦੀ ਮਿਸਾਲ ਦੇ ਕੇ ਸਮਝਾਉਂਦੇ ਹਨ: ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥ ਲੋਕ ਪਚਾਰਾ (ਵਿਖਾਵਾ, ਪਾਖੰਡ) ਕਰੈ ਦਿਨੁ ਰਾਤਿ ॥ ਬਾਹਰਿ ਭੇਖ; ਅੰਤਰਿ ਮਲੁ ਮਾਇਆ ॥ ਛਪਸਿ ਨਾਹਿ; ਕਛੁ ਕਰੈ ਛਪਾਇਆ ॥ ਬਾਹਰਿ; ਗਿਆਨ, ਧਿਆਨ, ਇਸਨਾਨ ॥ ਅੰਤਰਿ ਬਿਆਪੈ; ਲੋਭੁ ਸੁਆਨੁ ॥’’ ਧਿਆਨ ਰਹੇ ਕਿ ਨਾਸਤਿਕ ਜੀਵਨ ਅਜਿਹੇ ਕਰਮਕਾਂਡ ਨਹੀਂ ਕਰਦੇ। ਇਸ ਲਈ ਇਹ ਮਿਸਾਲ ਉਕਤ ‘ੳ’ ਸੰਦੇਸ਼ ਵਾਲ਼ੇ ਜੀਵਨ ਲਈ ਮੰਨਣੀ ਵਿਸ਼ੇ ਦੇ ਪ੍ਰਸੰਗ ਅਨੁਕੂਲ ਨਹੀਂ ਹੋਵੇਗੀ।
ਸੁਖਮਨੀ ਬਾਣੀ ਦੀ ਇਸ ਚੌਥੀ ਅਸ਼ਟਪਦੀ ’ਚ ਵਿਸ਼ੇ ਦਾ ਅਰੰਭਕ ਪ੍ਰਸੰਗ ਤਮਾਮ ਮਨੁੱਖਾ ਜੂਨੀ ਨਾਲ਼ ਸੰਬੰਧਿਤ ਹੈ ਅਤੇ ਸੰਬੰਧਿਤ ਤੁਕ (ਭਾਵ ਤੀਜੇ, ਚੌਥੇ, ਪੰਜਵੇਂ ਬੰਦ) ਤੱਕ ਕੇਵਲ ਕਰਮਕਾਂਡੀ ਜੀਵਨਸ਼ੈਲੀ ਦਾ ਵਖਿਆਨ ਹੈ, ਜਿਸ ਦਾ ਮਤਲਬ ਹੈ ਕਿ ਧਰਮ ਪ੍ਰਤੀ ਜਜ਼ਬਾਤੀ ਹੋਇਆ ਕਰਮਕਾਂਡੀ ਜੀਵਨ ਵੀ ਅਸ਼ਟਪਦੀ ਦੇ ਪਹਿਲੇ, ਦੂਜੇ ਬੰਦ ਦੇ ਪ੍ਰਸੰਗ ਵਾਙ ਹੀ ਟੀਚਾ ਰਹਿਤ ਮਨੁੱਖਾ ਜੂਨੀ (ਪਸ਼ੂ ਵਾਙ) ਭੋਗ ਰਿਹਾ ਹੈ; ਜਿਵੇਂ
ਸਲੋਕ: ‘‘ਨਿਰਗੁਨੀਆਰ ਇਆਨਿਆ ! ਸੋ ਪ੍ਰਭੁ ਸਦਾ ਸਮਾਲਿ ॥ ਜਿਨਿ ਕੀਆ, ਤਿਸੁ ਚੀਤਿ ਰਖੁ; ਨਾਨਕ ! ਨਿਬਹੀ ਨਾਲਿ ॥੧॥’’ (ਤਮਾਮ ਮਨੁੱਖਾ ਜੂਨੀ ਲਈ)
(1). ਪਹਿਲਾ ਪਦਾ: ‘‘ਰਮਈਆ ਕੇ ਗੁਨ; ਚੇਤਿ ਪਰਾਨੀ ! ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ? ॥੧॥’’ (ਤਮਾਮ ਮਨੁੱਖਾ ਜੂਨੀ ਲਈ)
(2). ਦੂਜਾ ਪਦਾ: ‘‘ਦੀਨੇ; ਹਸਤ, ਪਾਵ, ਕਰਨ, ਨੇਤ੍ਰ, ਰਸਨਾ ॥ ਤਿਸਹਿ ਤਿਆਗਿ (ਕੇ); ਅਵਰ (ਹੋਰ ਮਾਯਾ) ਸੰਗਿ ਰਚਨਾ ॥੨॥’’ (ਤਮਾਮ ਮਨੁੱਖਾ ਜੂਨੀ ਲਈ)
(3). ਤੀਜਾ ਪਦਾ: ‘‘ਆਦਿ ਅੰਤਿ; ਜੋ ਰਾਖਨਹਾਰੁ ॥ ਤਿਸ ਸਿਉ ਪ੍ਰੀਤਿ; ਨ ਕਰੈ ਗਵਾਰੁ ॥….. ਜੋ ਠਾਕੁਰੁ; ਸਦ ਸਦਾ ਹਜੂਰੇ ॥ ਤਾ ਕਉ ਅੰਧਾ; ਜਾਨਤ ਦੂਰੇ ॥੩॥’’ (ਨੋਟ: ਕੀ ਨਾਸਤਿਕ ਰੱਬ ਨੂੰ ਦੂਰ ਜਾਣਦਾ ਹੈ, ਜੋ ਉਸ ਦੀ ਹਸਤੀ ਤੋਂ ਹੀ ਮੁਨਕਰ ਹੈ ? ਭਾਵ ਇੱਥੇ ਪ੍ਰਸੰਗ ਕਰਮਕਾਂਡੀ ਜੀਵਨ ਬਾਬਤ ਸ਼ੁਰੂ ਹੋ ਗਿਆ।)
(4). ਚੌਥਾ ਪਦਾ: ‘‘ਚੰਦਨ ਲੇਪੁ; ਉਤਾਰੈ ਧੋਇ ॥ ਗਰਧਬ ਪ੍ਰੀਤਿ; ਭਸਮ ਸੰਗਿ ਹੋਇ… ॥੪॥’’ (ਨੋਟ: ਭਸਮ, ਸੁਆਹ ਤੋਂ ਭਾਵ ਕਰਮਕਾਂਡ, ਖ਼ੱਜਲ਼-ਖ਼ੁਆਰੀ ਹੈ; ਜਿਵੇਂ ਖੋਤਾ ਸੁਆਹ ’ਚ ਲਿਟਣਾ ਨਹੀਂ ਤਿਆਗਦਾ ਇਉਂ ਕਰਮਕਾਂਡੀ ਕਰਮਕਾਂਡ ਤੇ ਮਾਯਾ ਪ੍ਰਤੀ ਲਗਾਅ ਨਹੀਂ ਛੱਡਦਾ।)
(5). ਪੰਜਵਾਂ ਪਦਾ: ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥ ਲੋਕ ਪਚਾਰਾ; ਕਰੈ ਦਿਨੁ ਰਾਤਿ ॥ ਬਾਹਰਿ ਭੇਖ; ਅੰਤਰਿ ਮਲੁ ਮਾਇਆ ॥੫॥’’, ਆਦਿ, ਪਰ ਵਿਸ਼ੇ ਦੀ ਸਮਾਪਤੀ ’ਚ ਨਾਸਤਿਕ ਤੇ ਕਰਮਕਾਂਡੀ (ਦੋਵੇਂ ਹੀ) ਜੀਵਨ ਦਾ ਮਾਰਗ ਰੱਬੀ ਹੁਕਮ ਦੁਆਰਾ ਨਿਰਧਾਰਿਤ ਹੋਣ ਕਾਰਨ ਕੁਦਰਤ ਦੇ ਰਚੇਤਾ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਗਈ ਹੈ; ਜਿਵੇਂ ਕਿ
(8). ਅੱਠਵਾਂ ਪਦਾ: ‘‘ਤੂ ਠਾਕੁਰੁ; ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ; ਤੇਰੀ ਰਾਸਿ ॥ ਤੁਮ ਮਾਤ ਪਿਤਾ; ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ; ਸੂਖ ਘਨੇਰੇ ॥੮॥’’
‘ੲ’ ਸੰਦੇਸ਼ ਵਾਲ਼ਾ ਜੀਵਨ (ਰੱਬੀ ਪਿਆਰਾ) ਕਰਮਕਾਂਡ ਮੁਕਤ ਹੋ ਕੇ ਕੁਦਰਤ ਦੇ ਰਚੇਤਾ ਨਾਲ਼ ਜੁੜਿਆ ਹੋਇਆ ਸਰਬੋਤਮ ਜੂਨੀ ਦਾ ਅਨੰਦ ਮਾਣਦਾ ਹੈ: ‘‘ਅਵਰ ਜੋਨਿ; ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥’’ (ਮ: ੫/੩੭੪)
‘ਜਪੁ’ ਬਾਣੀ ’ਚ ਧਰਤੀ ਨੂੰ ‘ਧਰਮਸਾਲ’ ਕਿਹਾ ਗਿਆ ਹੈ: ‘‘ਤਿਸੁ ਵਿਚਿ; ਧਰਤੀ ਥਾਪਿ ਰਖੀ, ਧਰਮਸਾਲ ॥’’ ਧਰਮਸਾਲ ਦਾ ਅਰਥ ਹੈ ‘ਧਰਮ ਕਮਾਉਣ ਦੀ ਜਗ੍ਹਾ’। ‘ਧਰਮਸਾਲ’ (ਨਾਂ) ਦਾ ਸੰਬੰਧ ਅਨ੍ਯ ਜੂਨੀ ਨਾਲ਼ ਨਹੀਂ ਭਾਵ ਧਰਮਸਾਲ (ਧਰਤੀ) ’ਤੇ ਧਰਮ ਕਮਾਈ ਮਨੁੱਖ ਤੋਂ ਬਿਨਾਂ ਕੋਈ ਹੋਰ ਜੂਨ ਨਹੀਂ ਕਰ ਸਕਦੀ।
ਗੁਰਮਤ ’ਚ ਧਰਮ ਦਾ ਸਰਬ ਸ੍ਰੇਸ਼ਟ ਵਿਸ਼ਾ ‘ਰੱਬੀ ਹਸਤੀ ਨੂੰ ਮਨੁੱਖਾ ਹਿਰਦੇ ’ਚ ਯਕੀਨੀ ਬਣਾਉਣਾ’ ਹੈ, ਤਾਂ ਜੋ ਮਨੁੱਖ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਲੈ ਕੇ ਆਪਣੀ ਹਉਮੈ ਨੂੰ ਪ੍ਰਬਲ ਕਰਦਿਆਂ ਮਾਨਵਤਾ ’ਚ ਦਵ੍ਵੈਤ ਭਾਵਨਾ ਪੈਦਾ ਕਰ ਕਰ ਵੰਡੀਆਂ ਨਾ ਪਾਵੇ।
ਕੁਦਰਤ ਨੂੰ ਇੱਕ ਸਿਲੇਬਸ ਮੰਨ ਲਈਏ ਤਾਂ ਇਸ ਦਾ ਇਮਤਿਹਾਨ; ਮਨੁੱਖਾ ਜੂਨੀ ਰਾਹੀਂ ਕੁਦਰਤ ਦੇ ਰਚੇਤਾ ਦੀ ਹੋਂਦ ਨੂੰ ਸਵੀਕਾਰਨਾ ਹੈ। ਕੁਦਰਤ ’ਚ ਧਰਤੀ ’ਤੇ ਜੀਵਾਂ ਦੀ ਰੱਖਿਆ ਲਈ ਹੀ ਹਵਾ, ਪਾਣੀ, ਰੁੱਤ, ਆਕਾਸ਼, ਸੂਰਜ, ਚੰਦ, ਦਿਨ, ਰਾਤ’, ਆਦਿ ਬਣਾਏ ਗਏ, ਨਾ ਕਿ ਮੌਸਮ ਲਈ ਧਰਤੀ ਭਾਵ ‘ਧਰਮਸਾਲ’ ਬਣੀ। ਜਦ ‘ਧਰਤੀ’ ਦੀ ਹਿਫ਼ਾਜ਼ਤ ਜੀਵਾਂ ਕਾਰਨ ਹੈ ਤਾਂ ਤਮਾਮ ਜੀਵਾਂ ’ਚੋਂ ਸਿਰਮੋਰ ਮਨੁੱਖਾ ਜੂਨੀ ਹੈ, ਜਿਸ ਵਿੱਚ ਗੁਰੂ ਰਾਹੀਂ ਰੱਬੀ ਸ਼ਕਤੀ ਨੂੰ ਯਾਦ ਕਰਨਾ, ਭਗਤ ਦਾ ਮੰਤਵ (ਟੀਚਾ) ਹੈ, ਇਸੇ ਲਈ ਧਰਤੀ ਨੂੰ ‘ਧਰਮਸਾਲ’ ਨਾਂ ਦਿੱਤਾ ਗਿਆ ਭਾਵ ਕੁਦਰਤ ਸਿਲੇਬਸ ਵਿੱਚੋਂ ਰੱਬੀ ਸ਼ਕਤੀ ਨੂੰ ਹਿਰਦੇ ’ਚ ਯਕੀਨੀ ਬਣਾਉਣਾ ਹੀ ਇਮਤਿਹਾਨ ’ਚੋਂ ਪਾਸ ਹੋਣਾ ਹੈ, ਜਿਸ ਦਾ ਹੱਕਦਾਰ ਕੇਵਲ ਭਗਤ ਹੈ, ਉਸ ਲਈ ਧਰਤੀ, ‘ਧਰਮਸਾਲ’ ਬਣ ਗਈ।
ਕਰਤਾਰ ਦੀ ਮੌਜੂਦਗੀ ਨੂੰ ਹਿਰਦੇ ’ਚ ਯਕੀਨਨ ਬਣਾਉਣਾ ਕੇਵਲ ਤਰਕ (ਗਿਆਨ) ਦਾ ਭਾਗ ਨਹੀਂ, ਇਸ ਲਈ ਵਿਸ਼ਵਾਸ ਵੀ ਲੋੜੀਂਦਾ ਹੈ ਕਿਉਂਕਿ ਰੱਬੀ ਸ਼ਕਤੀ, ਅਦ੍ਰਿਸ਼ ਹੋਣ ਕਾਰਨ ਕੇਵਲ ਤਰਕ (ਗਿਆਨ ਇੰਦ੍ਰਿਆਂ) ਨਾਲ਼ ਮਹਿਸੂਸ ਨਹੀਂ ਹੁੰਦੀ: ‘‘ਨਾਨਕ ! ਸੇ ਅਖੜੀਆਂ ਬਿਅੰਨਿ (ਹੋਰ, ਦੂਜੀਆਂ); ਜਿਨੀ ਡਿਸੰਦੋ ਮਾ ਪਿਰੀ ॥’’ (ਮ: ੫/੫੭੭) ਭਾਵ ਮੇਰੇ ਅਸਲ ਪਤੀ-ਪ੍ਰਮੇਸ਼੍ਵਰ (ਅਕਾਲ ਪੁਰਖ) ਨੂੰ ਅਨੁਭਵ ਕਰਨ ਲਈ ਦੁਨੀਆਵੀ ਅੱਖਾਂ ਦੇ ਨਾਲ਼-ਨਾਲ਼ ਵਿਸ਼ਵਾਸ (ਸ਼ਰਧਾ) ਵਾਲ਼ੀਆਂ ਅੱਖਾਂ ਹੋਣੀਆਂ ਵੀ ਜ਼ਰੂਰੀ ਹਨ। ਗੁਰਬਾਣੀ ’ਚ ਇਨ੍ਹਾਂ ਅੱਖਾਂ ਨੂੰ ਵਿਵੇਕ ਕਿਹਾ ਗਿਆ, ਜੋ ਪੂਰਨ ਅਨੁਭਵੀ ਰੁਤਬੇ ਵਜੋਂ ਗੁਰੂ ਸ਼ਖ਼ਸੀਅਤ ਮੰਨੀ ਗਈ: ‘‘ਕਹੁ ਕਬੀਰ ! ਮੈ ਸੋ ਗੁਰੁ ਪਾਇਆ; ਜਾ ਕਾ ਨਾਉ ਬਿਬੇਕੁੋ ॥’’ (ਭਗਤ ਕਬੀਰ/੭੯੩), ਵਿਵੇਕ ਤੋਂ ਭਾਵ ਤਰਕ ਅਤੇ ਨਿਸ਼ਚਾ (ਵਿਸ਼ਵਾਸ) ਦਾ ਸੁਮੇਲ ਹੈ। ਅਗਰ ਕੇਵਲ ਨਿਸ਼ਚਾ ਹੋਵੇ ਤਾਂ ਗੁਰਬਾਣੀ ਮੁਤਾਬਕ ਅੰਧਵਿਸ਼ਵਾਸ (ਕੁਦਰਤ ਪ੍ਰਤੀ ਲਗਾਅ, ਰਵਾਇਤੀ ਅਧਾਰਹੀਣ ਮਨੌਤਾਂ ਪ੍ਰਤੀ ਵਿਸ਼ਵਾਸ) ਵਧੇਗਾ ਅਤੇ ਕੇਵਲ ਤਰਕ; ਨਾਸਤਿਕ (ਨਾ-ਨਿਸ਼ਚਾ, ਨਿਰਾਕਾਰ ਪ੍ਰਤੀ ਅਵਿਸ਼ਵਾਸ) ਨੂੰ ਜਨਮ ਦੇਂਦਾ ਹੈ।
ਗੁਰਮਤਿ ਦੇ ਉਕਤ ਸਿਧਾਂਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜੋਕੀ ਸਿੱਖ ਸੋਚ, ਤਿੰਨ ਤਰ੍ਹਾਂ ਨਾਲ਼ ਵਿਚਰਦੀ ਹੈ:
(1). ਨਿਰਾਕਾਰ ਪ੍ਰਤੀ ਵਿਸ਼ਵਾਸ ਅਤੇ ਕੁਦਰਤ ਪ੍ਰਤੀ ਸ਼ਰਧਾ, ਜਿਸ ਵਿੱਚ ਗੁਰਮਤਿ ਵਿਰੋਧੀ ਰਵਾਇਤੀ ਖ਼ਿਆਲਾਂ ਨੂੰ ਨਵਾਂ ਲਿਬਾਸ ਪਾ ਦਿੱਤਾ ਗਿਆ; ਜਿਵੇ ਕਿ
(ੳ). ਨਿਰਾਕਾਰ ਤੇ ਆਕਾਰ (ਕੁਦਰਤ) ਦੇ ਵਿਚਕਾਰ ਇੱਕ ਕਾਲਪਨਿਕ ਨਗਰੀ ਸਵਰਗ ਜਾਂ ਬਹਿਸ਼ਤ (ਜੰਨਤ) ਰਵਾਇਤੀ (ਪਰੰਪਰਾਵਾਦੀ) ਧਾਰਨਾ ਸੀ। ਇਸ ਕਾਲਪਨਿਕ ਨਗਰੀ ਵਾਙ ਹੀ ਸਿੱਖਾਂ ਦੀ ਇੱਕ ਸੋਚ ਨੇ ਸ਼ਹੀਦ ਨਗਰੀ ਬਣਾ ਲਈ ਭਾਵ ਕੁਝ ਸਿੱਖ ਸ਼ਹੀਦ ਅਜੇ ਤੱਕ ਅਕਾਲ ਪੁਰਖ ’ਚ ਲੀਨ ਨਹੀਂ ਹੋਏ, ਜੋ ਸ਼ਹੀਦ ਨਗਰੀ ’ਚ ਰਹਿੰਦੇ ਹਨ ਤੇ ਖਾਲਿਸਤਾਨ ਬਣਾਉਣ ਲਈ ਧਰਤੀ ’ਤੇ ਆ ਕੇ (ਦੁਰਗਾ, ਚੰਡੀ ਦੇਵੀ ਵਾਙ) ਸਾਡੀ ਮਦਦ ਕਰਨਗੇ।
(ਅ). ਹਿੰਦੂ ਮਤ ਦੇ ਆਮ ਨਾਗਰਿਕਾਂ ’ਚ ਦੇਵੀ-ਦੇਵਤਿਆਂ ਨੂੰ ਖ਼ਾਸ ਮੰਨਿਆ ਜਾਂਦਾ ਹੈ ਤੇ ਸ਼ਹੀਦ ਨਗਰੀ ਦੇ ਵਜੂਦ ਨੂੰ ਮੰਨਣ ਵਾਲ਼ਿਆਂ ਨੇ ਵੀ ਦੇਵਤਿਆਂ ਵਾਙ ਸੰਤ, ਬ੍ਰਹਮਗਿਆਨੀ, ਸ਼੍ਰੀ ਸ਼੍ਰੀ 1008, ਆਦਿ ਬੰਦੇ ਆਮ ਤੋਂ ਖ਼ਾਸ ਬਣਾ ਲਏ, ਜਿਨ੍ਹਾਂ ਦੇ ਪ੍ਰਭਾਵ ਨੂੰ ਕਿਆਮਤ ਤੱਕ ਕਾਇਮ ਰੱਖਣ ਲਈ ਦੇਵ-ਮੂਰਤੀਆਂ ਵਾਙ ਬਰਸੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿ ਇੱਕ ਦਿਨ 33 ਕਰੋੜ ਹੋ ਸਕਦੇ ਹਨ, ਆਦਿ।
ਵੱਡਾ ਦੁਖਾਂਤ ਇਹ ਵਾਪਰਿਆ ਕਿ ਬਣਾਏ ਗਏ ਇਨ੍ਹਾਂ ਖ਼ਾਸ ਸਿੱਖ ਮਹਾਂ ਪੁਰਸ਼ਾਂ ਨੇ ਕਾਲਪਨਿਕ ਹਿੰਦੂ ਵਿਸ਼ਵਾਸ ਵਾਙ ਬਹੁਤ ਕੁਝ ਗੁਰਮਤ ਵਿਰੋਧੀ ਵੀ ਗੁਰਬਾਣੀ ਸਿਧਾਂਤ ਸਮਝ ਕੇ ਮੰਨ ਲਿਆ; ਜਿਵੇਂ ਕਿ ‘ਗੁਰੂ ਨਾਨਕ ਸਾਹਿਬ ਜੀ; ਰਾਮਚੰਦਰ ਜੀ ਦੇ ਪੁੱਤਰ ਕੁਸ਼ ਦੇ ਵੰਸ਼ਜ ਹਨ, ਗੁਰੂ ਅੰਗਦ ਦੇਵ ਜੀ ਲਛਮਣ ਦੇ ਪੁੱਤਰ ਤੱਖ ਦੇ ਵੰਸ਼ਜ, ਗੁਰੂ ਅਮਰਦਾਸ ਜੀ; ਰਾਮ ਚੰਦਰ ਦੇ ਪੁੱਤਰ ਭਰਥ ਦੇ ਵੰਸ਼ਜ, ਗੁਰੂ ਰਾਮਦਾਸ ਜੀ; ਰਾਮ ਚੰਦਰ ਜੀ ਦੇ ਪੁੱਤਰ ਲਵ ਦੇ ਵੰਸ਼ਜ ਹਨ, ਆਦਿ।
ਪੰਜ ਪਿਆਰਿਆਂ ’ਚੋਂ ਭਾਈ ਦਇਆ ਸਿੰਘ; ਲਊ ਦਾ ਅਵਤਾਰ, ਭਾਈ ਧਰਮ ਸਿੰਘ; ਭਗਤ ਧੰਨੇ ਜੀ ਦਾ ਅਵਤਾਰ, ਭਾਈ ਮੋਹਕਮ ਸਿੰਘ ਜੀ; ਭਗਤ ਨਾਮਦੇਵ ਜੀ ਦਾ ਅਵਤਾਰ, ਭਾਈ ਸਾਹਿਬ ਸਿੰਘ ਜੀ; ਭਗਤ ਸੈਣ ਜੀ ਦਾ ਅਵਤਾਰ’ ਭਾਵ ਇਨ੍ਹਾਂ ਦੀ ਅਖੋਤੀ ਜਾਤੀ ਪਿਛਲੇ ਜਨਮ ਤੋਂ ਨਿਰੰਤਰ ਚੱਲਦੀ ਆ ਰਹੀ ਸੀ, ਪਰ ਇਸ ਮਨੌਤ ਬਾਬਤ ਗੁਰ ਨਾਨਕ ਦੇਵ ਜੀ ਦਾ ਉਪਦੇਸ਼ ਹੈ: ‘‘ਅਗੈ ਜਾਤਿ ਨ ਜੋਰੁ ਹੈ; ਅਗੈ ਜੀਉ ਨਵੇ ॥’’ (ਮ: ੧/੪੬੯)
ਇਸੇ ਸੰਤ (ਭੇਖੀ) ਪਦ ਦੀ ਦੇਣ ਹੈ ਕਿ ਮੂਲ ਮੰਤਰ ‘‘ਨਾਨਕ ! ਹੋਸੀ ਭੀ ਸਚੁ॥੧॥’’ ਤੱਕ ਹੈ, ਮਹਲਾ ੧ ਦਾ ਉਚਾਰਨ ‘ਮਹੱਲਾ ਪਹਿਲਾ’ ਹੈ, ਰਾਗਮਾਲਾ ਗੁਰੂ ਕ੍ਰਿਤ ਹੈ, ਵੱਡੀ ਰਹਰਾਸਿ ਦਾ ਪਾਠ ਕਰਵਾਉਣਾ, ਸੰਪੂਰਨ ਦਸਮ ਗ੍ਰੰਥ; ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਣਾ, ਔਰਤ ਜਾਤੀ ਨੂੰ ਪੰਜ ਪਿਆਰਿਆਂ ’ਚ ਨਾ ਸ਼ਾਮਲ ਕਰਨਾ, ਦਰਬਾਰ ਸਾਹਿਬ ਵਿਖੇ ਔਰਤ ਨੂੰ ਕੀਰਤਨ ਦੀ ਸੇਵਾ ਤੋਂ ਵਾਂਝੇ ਰੱਖਣਾ, ਆਦਿ। ਇਨ੍ਹਾਂ ਨੇ ਪੰਥਕ ਏਕਤਾ ਦਾ ਪ੍ਰਤੀਕ ਮੰਨੀ ਜਾਂਦੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਨੂੰ ਕਦੇ ਨਹੀਂ ਸਵੀਕਾਰਿਆ, ਸਗੋਂ ਆਪਣੀ ਵੱਖਰੀ ਮਰਿਆਦਾ ਬਣਾ ਲਈ। ਵਗ਼ੈਰਾ-ਵਗ਼ੈਰਾ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਦਾ ਨਿਰਾਕਾਰ ਪ੍ਰਤੀ ਨਿਸ਼ਚਾ ਤਾਂ ਹੈ, ਪਰ ਵਿਵੇਕੀ ਬਣਨ ਲਈ ਆਕਾਰ (ਕੁਦਰਤ) ਪ੍ਰਤੀ ਤਰਕ ਨੂੰ ਬਿਲਕੁਲ ਵੀ ਮਹੱਤਵ ਨਾ ਦਿੱਤਾ ਤੇ ਪ੍ਰਚਲਿਤ ਰਵਾਇਤਾਂ ਨੇ ਸੰਤ, ਬ੍ਰਹਮ ਗਿਆਨੀ ਪਦ ਰਾਹੀਂ ਗੁਰਮਤਿ ਦੀ ਵਿਲੱਖਣਤਾ ਹੀ ਅਲੋਪ ਕਰ ਦਿੱਤੀ।
ਗੁਰਬਾਣੀ; ਕੁਦਰਤ ਪ੍ਰਤੀ ਝੁਕਾਅ (ਆਕਾਰ ਪੂਜਾ ਜਾਂ ਆਮ ਤੋਂ ਖ਼ਾਸ ਬਣਨ) ਨੂੰ ਇਸ ਲਈ ਵੱਡਾ ਖ਼ਤਰਾ ਮੰਨਦੀ ਹੈ ਕਿਉਂਕਿ ਇਹ ਅੰਨ੍ਹੀ ਸ਼ਰਧਾ, ਨਿਰਾਕਾਰ ਵੱਲੋਂ ਦੂਰੀ ਬਣਾਉਂਦੀ ਹੈ। ਪਹਿਲੇ ਨਾਨਕ ਤੇ ਪੰਜਵੇਂ ਨਾਨਕ ਦੀ ਇਸ ਵਿਸ਼ੇ ਬਾਰੇ ਬੇਮਿਸਾਲ ਦਲੀਲ ਹੈ; ਜਿਵੇਂ ਕਿ
(1). ਗੁਰੂ ਨਾਨਕ ਸਾਹਿਬ ਜੀ ਦਰਖ਼ਤ ਦੇ ਵਿਸਥਾਰ ਨੂੰ ਕੁਦਰਤ (ਆਕਾਰ) ਅਤੇ ਬ੍ਰਿਛ ਦੇ ਮੂਲ (ਜੜ੍ਹ) ਨੂੰ ਨਿਰਾਕਾਰ ਪੇਸ਼ ਕਰਕੇ ‘‘ਤੂੰ ਪੇਡੁ; ਸਾਖ ਤੇਰੀ ਫੂਲੀ ॥’’ (ਮ: ੫/੧੦੨) ਵਿਸ਼ੇ ਨੂੰ ਸਪਸ਼ਟ ਕਰਦਿਆਂ ਵਚਨ ਕਰਦੇ ਹਨ ਕਿ ਮੂਲ ਨੂੰ ਤਿਆਗਣ ਵਾਲ਼ੇ ਟਹਿਣੀਆਂ (ਕੁਦਰਤ) ਨਾਲ਼ ਜੁੜ ਕੇ ਕੀ ਸੁਆਹ ਪਾਉਣਗੇ: ‘‘ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ ? ॥’’ (ਮ: ੧/੪੨੦)
(2). ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ਕਿ ਆਮ ਬੰਦੇ ਤੋਂ ਖ਼ਾਸ ਬਣਾ ਕੇ ਉਸ ਪ੍ਰਤੀ ਸ਼ਰਧਾ ਰੱਖਣੀ, ਧਰਤੀ ਉੱਤੇ ਮੇਰੂ (ਸਭ ਤੋਂ ਵੱਡੇ) ਪਰਬਤ ਵਾਙ ਹੈ, ਜਿਸ ਦੇ ਪਰਦੇ ’ਚ ਨਿਰਾਕਾਰ (ਮੇਰੂ ਦਾ ਰਚੇਤਾ) ਬਹੁਤ ਛੋਟਾ (ਘਾਹ-ਫੂਸ) ਜਾਪਦਾ ਹੈ ਭਾਵ ਉਧਰੋਂ ਧਿਆਨ ਹਟ ਜਾਂਦਾ ਹੈ: ‘‘ਕੀਤੇ ਕਉ ਮੇਰੈ ਸੰਮਾਨੈ; ਕਰਣਹਾਰੁ ਤ੍ਰਿਣੁ ਜਾਨੈ ॥’’ (ਮ: ੫/੬੧੩), ਆਦਿ ਪਾਵਨ ਵਚਨਾਂ ਦੇ ਪਹਿਰੇਦਾਰ ਅਖਵਾਉਣ ਵਾਲ਼ੇ ਸਿੱਖੀ ਸਰੂਪ, ਅਗਰ ਫਿਰ ਵੀ ਆਮ ਬੰਦੇ ਤੋਂ ਖ਼ਾਸ (ਮੇਰੂ) ਬਣਾ ਕੇ ਅਕਾਲ ਪੁਰਖ ਨੂੰ ਘਾਹ-ਫੂਸ ਬਣਾਉਣ ਦਾ ਯਤਨ ਕਰਨ ਤਾਂ ਉਨ੍ਹਾਂ ਲਈ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਕਹਿਣਾ ਦਰੁਸਤ ਹੋਵੇਗਾ ਕਿਉਂਕਿ ਇੱਥੇ ਵਿਵੇਕਤਾ ’ਚੋਂ ਤਰਕ ਵਿਸ਼ਾ ਅਲੋਪ ਹੈ।
(2). ਦੂਸਰੀ ਸਿੱਖ ਸੋਚ; ਉਕਤ ਆਕਾਰ (ਆਮ ਤੋਂ ਖ਼ਾਸ ਬਣਨ) ਪ੍ਰਤੀ ਧਾਰੇ ਨਿਸ਼ਚੇ (ਅੰਧਵਿਸ਼ਵਾਸ) ਨੂੰ ਆਪਣੇ ਤਰਕ (ਗਿਆਨ ਇੰਦ੍ਰਿਆਂ) ਨਾਲ਼ ਮੂਲੋਂ ਹੀ ਰੱਦ ਕਰਦੀ ਹੈ, ਜਿਸ ਦੇ ਨਾਲ਼-ਨਾਲ਼ ਅਦ੍ਰਿਸ਼ ਸ਼ਕਤੀ (ਵਿਸ਼ਿਆਂ) ਪ੍ਰਤੀ ਬਣੇ ਗੁਰਸਿੱਖ ਦੇ ਨਿਸ਼ਚੇ ਨੂੰ ਵੀ ਤਰਕ ਨਾਲ਼ ਵੇਖਦੀ ਹੈ; ਜਿਵੇਂ ਕਿ ‘ਜੂਨਾਂ ਦਾ ਆਵਾਗਮਣ’। ਇਨ੍ਹਾਂ ਮੁਤਾਬਕ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਦਾ ਮਤਲਬ ਹੈ ਕਿ ਜੋ ਮਨੁੱਖ ਜਾਗਰੂਕ ਨਹੀਂ ਉਹ ਪਸ਼ੂ ਵਰਗਾ ਹੈ ਭਾਵ ਇਨ੍ਹਾਂ ਅਨੁਸਾਰ ਪਸ਼ੂ ਨਿਖਿੱਧ (ਘਟੀਆ, ਬੁਰੀ, ਨਿਕੰਮੀ) ਜੂਨ ਹੈ।
ਵਿਚਾਰਨ ਦਾ ਵਿਸ਼ਾ ਹੈ ਕਿ ਗੁਰੂ ਜੀ ਨਿਖਿੱਧ ਪਸ਼ੂ ਨਾਲ਼ ਨਿਖਿੱਧ ਮਨੁੱਖ ਦੀ ਤੁਲਨਾ ਕਰਕੇ ਕਿਸ ਨੂੰ ਅਹਿਸਾਸ ਕਰਵਾਉਣਾ ਚਾਹੁੰਦੇ ਹਨ ? ਪਸ਼ੂ ਨੂੰ ਜਾਂ ਮਨੁੱਖ ਨੂੰ; ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਪਸ਼ੂ ਤੋਂ ਨੀਵਾਂ ਵਿਖਾ ਕੇ ਮਨੁੱਖ ਨੂੰ ਅਹਿਸਾਸ ਕਰਵਾਇਆ ਜਾਏ।
ਜੂਨਾਂ ਦੀ ਹੋਂਦ (ਆਵਾਗਮਣ) ਤੋਂ ਮੁਨਕਰ ਹੋਣ ਵਾਲ਼ੇ ਸਿੱਖ, ਗੁਰਬਾਣੀ ’ਚ ਵਰਤੇ ਗਏ ਪਸ਼ੂ ਸੁਭਾਅ ਨੂੰ ਮਨੁੱਖਾ ਸੁਭਾਅ ਨਾਲ਼ ਜੋੜਦੇ ਹਨ। ਕੀ ਪਸ਼ੂ ਆਪਣੇ ਹੀ ਜੀਵਨ ਨੂੰ ਸ਼ਰਾਬ (ਨਸ਼ਾ) ਆਦਿ ਨਾਲ਼ ਬਰਬਾਦ ਕਰ ਲੈਂਦੇ ਹਨ ?, ਕੀ ਪਸ਼ੂ ਬਲਾਤਕਾਰ ਕਰਦੇ ਹਨ ? ਕੀ ਪਸ਼ੂ ਆਪਣੇ ਹੀ ਵੰਸ਼ਜ ਨੂੰ ਕਿਸੇ ਲਾਲਚ ਵੱਸ ਮਾਰਦੇ ਹਨ ?, ਆਦਿ। ਅਗਰ ਜਵਾਬ ਨਾ ਵਿੱਚ ਹੈ ਤਾਂ ਤਮਾਮ ਜੂਨਾਂ ਦੇ ਸੁਭਾਅ ਨਾਲ਼ ਮਨੁੱਖਾ ਸੋਚ ਦੀ ਤੁਲਨਾ ਕਰਨ ਦੀ ਬਜਾਇ ਉਨ੍ਹਾਂ ਦੀ ਮੰਜ਼ਲ ਰਹਿਤ ਜ਼ਿੰਦਗੀ ਦੀ ਮਿਸਾਲ ਨਾਲ਼ ਮਨੁੱਖ ਨੂੰ ਆਪਣੇ ਟੀਚੇ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ ਭਾਵ ਕਿ ਤੂੰ ਪਸ਼ੂ ਵਰਗਾ ਨਹੀਂ ਕਿ ਤੇਰਾ ਕੋਈ ਲਕਸ਼ ਹੀ ਨਾ ਹੋਵੇ।
ਮੇਰਾ ਮਤਲਬ ਕੇਵਲ ਜੂਨਾਂ ਦੇ ਆਵਾਗਮਣ ਨੂੰ ਯਕੀਨੀ ਬਣਾਉਣਾ ਨਹੀਂ ਬਲਕਿ ਇਸ ਪਾਸੇ ਧਿਆਨ ਕੇਂਦ੍ਰਿਤ ਕਰਨਾ ਹੈ ਕਿ ਅਗਰ ਮਨੁੱਖਾ ਸਰੀਰ ਦੀ ਮੌਤ ਉਪਰੰਤ ਕੋਈ ਅਦ੍ਰਿਸ਼ ਸ਼ਕਤੀ (ਜੋਤ, ਆਤਮਾ, ਰੂਹ, ਆਦਿ) ਨਹੀਂ ਰਹਿ ਜਾਂਦੀ ਤਾਂ ਕੁਦਰਤ ਦੀ ਸਮਾਪਤੀ (ਕਿਆਮਤ) ਉਪਰੰਤ ਵੀ ਕੋਈ ਨਿਰਾਕਾਰੀ ਅਦ੍ਰਿਸ਼ ਸ਼ਕਤੀ ਨਹੀਂ ਬਚੇਗੀ ਤੇ ਗੁਰਬਾਣੀ ਦੇ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥ (ਜਪੁ), ਕਈ ਜੁਗਤਿ; ਕੀਨੋ ਬਿਸਥਾਰ ॥ ਕਈ ਬਾਰ; ਪਸਰਿਓ ਪਾਸਾਰ ॥ ਸਦਾ ਸਦਾ; ਇਕੁ ਏਕੰਕਾਰ ॥’’ (ਮ: ੫/੨੭੬), ਆਦਿ ਵਚਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਏਗਾ।
ਗੁਰੂ ਨਾਨਕ ਸਾਹਿਬ ਜੀ ਦੇ ‘ਜੁਗਾਦਿ ਸਚੁ’ ਨੂੰ ਕੁਦਰਤ ਦਾ ਭਾਗ ਮੰਨ ਸਕਦੇ ਹਾਂ ਕਿਉਂਕਿ ਮਨੌਤ ਅਨੁਸਾਰ ਤਦ ਜੁਗਾਂ ਨੂੰ ਨਿਰਧਾਰਿਤ ਕਰਨ ਵਾਲ਼ਾ ਵਿਅਕਤੀ (ਪੰਡਿਤ) ਜੀਵਤ ਸੀ, ਪਰ ‘ਆਦਿ ਸਚੁ’ ਦਾ ਅਰਥ ਕੁਦਰਤ ਦੀ ਅਰੰਭਤਾ ਤੋਂ ਬਾਹਰ ਚਲਾ ਜਾਂਦਾ ਹੈ ਕਿਉਂਕਿ ਇਸ ਦਾ ਅਰਥ ਕੁਦਰਤ ਦਾ ਆਦਿ (ਮੁੱਢ, ਮੂਲ, ਸਿਰਾ, ਜੜ੍ਹ) ਹੈ, ਜਦ ਕੁਦਰਤ ਨਹੀਂ ਸੀ ਅਤੇ ‘ਹੋਸੀ ਭੀ ਸਚੁ’ ਦਾ ਅਰਥ ਵੀ ਕੁਦਰਤ ਦੀ ਸਮਾਪਤੀ ਉਪਰੰਤ ਹੈ ਭਾਵ ‘ਕਿਆਮਤ ਉਪਰੰਤ ਹੋਏਗਾ ਜਾਂ ਰਹੇਗਾ ਵੀ ਸਚੁ’।
ਇਹ ਸਿੱਖ ਸੋਚ ਆਕਾਰ ਪ੍ਰਤੀ ਸ਼ਰਧਾ ’ਤੇ ਤਰਕ ਕਰਕੇ ਸਹੀ ਕਰ ਰਹੀ ਹੈ, ਪਰ ਨਿਰਾਕਾਰ (ਅਦ੍ਰਿਸ਼) ਵਿਸ਼ਿਆਂ ਉੱਤੇ ਤਰਕ ਕਰਕੇ ਨਾਸਤਿਕਤਾ ਦਾ ਸਬੂਤ ਵੀ ਦੇ ਦੇਂਦੀ ਹੈ ਕਿਉਂਕਿ ਫਿਰ ਵਿਸ਼ਵਾਸ ਤਾਂ ਕਿਸੇ ਉੱਤੇ ਵੀ ਨਾ ਰਿਹਾ, ਜੋ ਵਿਵੇਕਤਾ ਦਾ ਦੂਸਰਾ ਹਿਸਾ (ਪਹਿਲੂ) ਹੈ। ਕੇਵਲ ਗੁਰੂ ਗਿਆਨ ਪ੍ਰਾਪਤ ਕਰਨਾ ਵਿਸ਼ਵਾਸ ਧਾਰਨਾ ਨਹੀਂ ਹੁੰਦਾ। ਅਗਰ ਗਿਆਨ (ਤਰਕ) ਨੂੰ ਹੀ ਵਿਸ਼ਵਾਸ ਮੰਨ ਲਈਏ ਤਾਂ ਪੂਰਾ ਸਮਾਜ ਹੀ ਕੋਈ ਨਾ ਕੋਈ ਗਿਆਨ ਗ੍ਰਹਿਣ ਕਰ ਰਿਹਾ ਹੈ, ਤਾਂ ਭਿੰਨਤਾ ਜਾਂ ਵਿਲੱਖਣਤਾ ਕਾਹਦੀ ਰਹੀ ? ਕੀ ਸਾਰੇ ਹੀ ਰੱਬੀ ਭਗਤ ਹਨ ?
ਜੋ ਸਿੱਖ ਸੋਚ ਨਿਰਾਕਾਰ ਸ਼ਕਤੀ ਪ੍ਰਤੀ ਕੋਈ ਵਿਸ਼ਵਾਸ ਨਹੀਂ ਰੱਖਦੀ ਉਹ ਮੰਜ਼ਲ ਵਿਹੂਣੀ ਹੈ; ਜਿਵੇਂ ਪਸ਼ੂ, ਇਸ ਲਈ ਇਨ੍ਹਾਂ ਨੂੰ ਵੀ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਕਹਿਣਾ ਦਰੁਸਤ ਹੋਏਗਾ। ਗੁਰਬਾਣੀ ਦਾ ਉਪਦੇਸ਼ ‘‘ਪਰਥਾਇ ਸਾਖੀ ਮਹਾ ਪੁਰਖ ਬੋਲਦੇ..॥’’ ਤੋਂ ਸ਼ੁਰੂ ਜ਼ਰੂਰ ਹੁੰਦਾ ਹੈ, ਪਰ ਸਮਾਪਤੀ ‘‘ਸਾਝੀ ਸਗਲ ਜਹਾਨੈ ॥’’ (ਮ: ੩/੬੪੭) ਨਾਲ਼ ਹੁੰਦੀ ਹੈ।
ਔਗੁਣਾਂ ਭਰਪੂਰ ਜੀਵਨ ਵਾਲ਼ੇ ਨਾਸਤਿਕ ਬੰਦੇ ਨੂੰ, ਜੋ ਕਿਸੇ ਸ਼ਕਤੀ ਦੇ ਡਰ-ਅਦਬ ’ਚ ਨਾ ਰਹਿਣ ਕਾਰਨ ਆਪਣੇ ਟੀਚੇ ਪ੍ਰਤੀ ਆਕਰਸ਼ਕ ਹੀ ਨਹੀਂ ਹੋਣਾ ਚਾਹੁੰਦਾ, ਉਸ ਮੰਜ਼ਲ ਵਿਹੂਣੇ ਨੂੰ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਮੰਨਣਾ ਗ਼ਲਤ ਨਹੀਂ, ਪਰ ਉਸ ਦੀ ਮਿਸਾਲ ਨਾਲ਼ ਮੈਂ ਆਪਣਾ ਟੀਚਾ ਨਿਰਧਾਰਿਤ ਨਾ ਕਰਾਂ ਤੇ ਇਹ ਤੁਕ ਉਸੇ ਤੱਕ ਸੀਮਤ ਰੱਖਾਂ, ਮੂਰਖਤਾ ਦੀ ਨਿਸ਼ਾਨੀ ਹੋਵੇਗੀ।
ਦਰਅਸਲ ਇਸ ਦੂਸਰੀ ਸੋਚ ਨੂੰ ਸਮਝਣ ਲਈ ਥੋੜ੍ਹਾ ਭਾਰਤ ਦੇ ਇਤਿਹਾਸ ਵੱਲ ਪਰਤਣਾ (ਮੁੜਨਾ) ਪਏਗਾ। ਸੰਨ 1947 ’ਚ ਭਾਰਤ-ਪਾਕਿ ਵੰਡ ਦੌਰਾਨ ਧਰਮ ਦੇ ਨਾਂ ’ਤੇ ਦੰਗੇ ਹੋਏ। ਅਨੇਕਾਂ ਬੇਕਸੂਰ ਲੋਕ ਮਾਰੇ ਗਏ, ਔਰਤਾਂ ਦੀ ਬੇਪਤੀ ਤੇ ਸੰਪੱਤੀ ਲੁੱਟੀ ਗਈ। ਇਸ ਸੰਘਰਸ਼ ਵਿੱਚੋਂ, ਰੱਬੀ ਹੋਂਦ ਤੋਂ ਮੁਨਕਰ ਇੱਕ ਸ਼੍ਰੇਣੀ (ਕਮਿਊਨਿਸਟ) ਪੰਜਾਬ ਤੇ ਬੰਗਾਲ ਦੇ ਸੀਮਾ ਵਰਤੀ ਇਲਾਕੇ ’ਚ ਸੁਰਜੀਤ ਹੋਈ, ਜਿਸ ਨੇ ਪੰਜਾਬ ’ਚ 1977 ਤੱਕ ਆਪਣਾ ਪ੍ਰਭਾਵ ਕਾਇਮ ਰੱਖਿਆ।
(ਨੋਟ: ਧਿਆਨ ਰਹੇ ਕਿ ਪੰਜਾਬੀ ਸੂਬਾ ਬਣਨ ਉਪਰੰਤ ਸੰਨ 1966 ਤੋਂ 1977 ਤੱਕ 104 ਐੱਮ. ਐੱਲ. ਏ. ਚੁਣੇ ਜਾਂਦੇ ਸੀ ਜਿਨ੍ਹਾਂ ’ਚ ਹੋਏ ਚੁਣਾਵ ਦੌਰਾਨ ਕਮਿਊਨਿਸਟਾਂ ਨੇ 1957 ’ਚ 6, 1962 ’ਚ ਮਿਲ ਕੇ 45, 1967 ’ਚ 8, 1969 ’ਚ 5 ਤੇ 1977 ’ਚ 15 ਸੀਟਾਂ ਜਿੱਤੀਆਂ, ਪਰ ਕੀ ਕਾਰਨ ਹੈ ਕਿ ਇਸ ਤੋਂ ਬਾਅਦ ਕਮਿਊਨਿਸਟ ਖ਼ਤਮ ਹੋ ਗਏ ?)
ਇਸ ਲਹਿਰ ਨੇ ਨਿਰਾਕਾਰ ਦੀ ਹਸਤੀ ਤੋਂ ਆਮ ਬੰਦੇ ਦਾ ਵਿਸ਼ਵਾਸ ਤੋੜਿਆ, ਜਿਸ ਦੇ ਮੁਕਾਬਲੇ ’ਚ ‘ਨਿਰੰਕਾਰੀ’ ਲਹਿਰ ਚੱਲੀ ਜਿਸ ਨੇ 1978 ਦਾ ਸਾਕਾ (ਅੰਮ੍ਰਿਤਸਰ) ਵਰਤਾਇਆ। ਸਿੱਖੀ ਜਜ਼ਬਾਤਾਂ ਨੇ ਮੁੜ ਆਪਣਾ ਵਿਰਸਾ ਸੰਭਾਲ਼ਿਆ ਤੇ ਜ਼ਿਆਦਾਤਰ ਕਮਿਊਨਿਸਟ ਸੋਚ ਸਿੱਖੀ ਸਰੂਪ ’ਚ ਤਬਦੀਲ ਹੋ ਗਈ ਜਾਂ ਕਹਿ ਲਈਏ ਕਿ ਕਈ ਸਿੱਖ ਪ੍ਰਚਾਰਕ ਕਮਿਊਨਿਸਟ ਪ੍ਰਭਾਵ ਅਧੀਨ ਆ ਗਏ, ਜਿਨ੍ਹਾਂ ਦੁਆਰਾ ਕੀਤੀ ਜਾਂਦੀ ਗੁਰਮਤਿ ਦੀ ਵਿਆਖਿਆ ਸਾਡੇ ਸਾਮ੍ਹਣੇ ਹੈ। ਇਨ੍ਹਾਂ ਵਿੱਚ ਖ਼ੁਸ਼ਕੀ ਵਧੇਰੀ ਤੇ ਤ੍ਰਿਪਤੀ (ਸੰਤੁਸ਼ਟੀ) ਘੱਟ ਹੈ। ਰੱਬੀ ਡਰ-ਅਦਬ ਤੋਂ ਮੁਕਤ ਅਤੇ ਮੰਜ਼ਲ ਵਿਹੂਣੇ ਅਜਿਹੇ ਜੀਵਨ ਨੂੰ ਗੁਰਬਾਣੀ ਪਸ਼ੂ ਸਮਾਨ ਮੰਨਦੀ ਹੈ: ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’