ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ

0
1067

ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ

16 ਨਵੰਬਰ ਸ਼ਹੀਦੀ ਨੂੰ ਸਮਰਪਿਤ

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ,

ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,

ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,

ਉਨ੍ਹਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ।

ਇਨ੍ਹਾਂ ਸਤਰਾਂ ਨੂੰ ਗਾਉਦਿਆਂ ਅਤੇ ਇਨ੍ਹਾਂ ਉੱਪਰ ਅਮਲ ਕਰਦਿਆਂ ਆਪਣੀ ਜਾਨ ਉੱਤੇ ਲੱਖਾਂ ਮੁਸੀਬਤਾਂ ਨੂੰ ਝਲਦਿਆਂ ਦੇਸ਼ ਦੀ ਸੇਵਾ ਕਰਨ ਵਾਲਾ ਨੌਜਵਾਨ, ਜਿਹਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਪਣਾ ਆਦਰਸ਼ ਮੰਨਦਾ ਸੀ। ਗ਼ਦਰ ਲਹਿਰ ਦੇ ਹਰ ਕੰਮ ਵਿੱਚ ਮੋਢੀ ਬਣ ਕੇ ਰੋਲ ਅਦਾ ਕਰਨ ਵਾਲਾ ਅਤੇ ਸਿਰਫ਼ 19 ਕੁ ਸਾਲਾਂ ਦੀ ਉਮਰ ਵਿਚ ਹੱਸ-ਹੱਸ ਕੇ ਫਾਂਸੀ ਦਾ ਰੱਸਾ ਆਪਣੇ ਗਲ਼ ਵਿਚ ਪਾਉਣ ਵਾਲਾ ਉੱਦਮੀ ਨੌਜਵਾਨ ਹੈ ‘ਕਰਤਾਰ ਸਿੰਘ’, ਜਿਸ ਨੇ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਤਖ਼ੱਲਸ ਲਾ ਕੇ ‘ਸਰਾਭੇ’ ਪਿੰਡ ਨੂੰ ਦੁਨੀਆਂ ਵਿੱਚ ਚਮਕਾ ਦਿੱਤਾ। ਸਰਾਭਾ ਰਾਏਕੋਟ ਤੋਂ ਲਗਭਗ 12-15 ਕਿਲੋਮੀਟਰ ਅਤੇ ਲੁਧਿਆਣੇ ਤੋਂ ਲਗਭਗ 28 ਕਿਲੋਮੀਟਰ ਦੂਰ ਘੁੱਗ ਵਸਦਾ ਪਿੰਡ ਹੈ, ਜਿੱਥੇ ਕਰਤਾਰ ਸਿੰਘ (ਸਰਾਭੇ) ਨੇ ਪਿਤਾ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਜੀ ਦੀ ਕੁੱਖੋਂ 23 ਮਈ 1896 ਨੂੰ ਜਨਮ ਲਿਆ। ਬਚਪਨ ਵਿੱਚ ਹੀ ਮਾਂ-ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ। ਕਰਤਾਰ ਸਿੰਘ ਦੀ ਪਾਲਣਾ ਉਨ੍ਹਾਂ ਦੇ ਦਾਦੇ ਸ. ਬਦਨ ਸਿੰਘ ਜੀ ਦੀ ਦੇਖ-ਰੇਖ ਹੇਠ ਹੋਈ। ਕਰਤਾਰ ਸਿੰਘ ਦੀ ਇਕ ਭੈਣ ਸੀ, ਜਿਸ ਦਾ ਨਾਮ ਬੀਬੀ ਧੰਨ ਕੌਰ ਸੀ।

ਕਰਤਾਰ ਸਿੰਘ ਦਾ ਆਪਣੇ ਦਾਦੇ ਨਾਲ ਅੰਤਾਂ ਦਾ ਪਿਆਰ ਸੀ। ਦਾਦਾ ਬਦਨ ਸਿੰਘ ਜੀ ਵੀ ਕਰਤਾਰ ਸਿੰਘ ਨੂੰ ਕੋਈ ਵੱਡਾ ਅਫ਼ਸਰ ਬਣਿਆ ਵੇਖਣਾ ਚਾਹੁੰਦੇ ਸਨ। ਇਸੇ ਲਈ ਕਰਤਾਰ ਸਿੰਘ ਦੀ ਪੜ੍ਹਾਈ ’ਤੇ ਪੂਰਾ ਤਾਣ ਲਾਇਆ ਗਿਆ। ਮੁੱਢਲੀ ਸਿੱਖਿਆ ਗੁੱਜਰਵਾਲ ਦੇ ਮਿਡਲ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਕਰਤਾਰ ਸਿੰਘ ਨੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖ਼ਲਾ ਲੈ ਲਿਆ। ਦਸਵੀਂ ਜਮਾਤ ਕਰਤਾਰ ਸਿੰਘ ਨੇ ਆਪਣੇ ਚਾਚੇ ਬਖ਼ਸ਼ੀਸ਼ ਸਿੰਘ ਕੋਲ ਉੜੀਸਾ ਵਿੱਚ ਪਾਸ ਕੀਤੀ। ਸਕੂਲ ਸਮੇਂ ਦੌਰਾਨ ਕਰਤਾਰ ਸਿੰਘ ਆਪਣੇ ਜਮਾਤੀਆਂ ਵਿੱਚ ਬਹੁਤ ਹਰਮਨ ਪਿਆਰਾ ਬਣ ਕੇ ਰਿਹਾ ਕਿਉਕਿ ਉਹ ਚੁਸਤ, ਚਲਾਕ ਅਤੇ ਮਜ਼ਾਕੀਆ ਲਹਿਜ਼ੇ ਦਾ ਹੋਣ ਕਰ ਕੇ ਉਸ ਦੇ ਸਾਥੀ ਵਿਦਿਆਰਥੀ ਉਸ ਨੂੰ ‘ਅਫਲਾਤੂ’ (ਉੱਚੀ ਪਦਵੀ ਵਾਲਾ ਮਹਾਤਮਾ) ਵੀ ਕਹਿ ਦਿੰਦੇ ਸਨ ਅਤੇ ਕਈ ਮਿੱਤਰ-ਬੇਲੀ ਉਸ ਦੀ ਚੁਸਤੀ-ਫੁਰਤੀ ਨੂੰ ਦੇਖ ਕੇ ਉਸ ਨੂੰ ‘ਉੱਡਣਾ ਸੱਪ’ ਨਾਲ ਵੀ ਸੰਬੋਧਿਤ ਹੁੰਦੇ ਸਨ।

ਚਾਚੇ ਕੋਲ ਰਹਿੰਦਿਆਂ ਕਰਤਾਰ ਸਿੰਘ ਨੇ ਅੰਗਰੇਜ਼ੀ ਬੋਲਣ ਅਤੇ ਲਿਖਣ ਦਾ ਅਭਿਆਸ ਵੀ ਚੰਗੀ ਤਰ੍ਹਾਂ ਸਿੱਖ ਲਿਆ ਸੀ। ਉਹ ਨਵੇਂ ਦਿਸਹੱਦੇ (ਉੱਚੇ ਲਕਸ਼) ਸਥਾਪਿਤ ਕਰਨਾ ਚਾਹੁੰਦਾ ਸੀ। ਇਸੇ ਲਈ ਉਹ ਰਸਾਇਣ ਵਿਗਿਆਨ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਰਵਾਨਾ ਹੋ ਗਿਆ। ਉੱਥੇ ਪਹੁੰਚਣ ’ਤੇ ਕਰਤਾਰ ਸਿੰਘ ਦੀ ਸਖ਼ਤ ਪੁੱਛਗਿੱਛ (ਇੰਟਰਵਿਊ) ਹੋਈ। ਇੰਨੀ ਸਖ਼ਤ ਲਹਿਜ਼ੇ ’ਚ ਹੋਈ ਪੁੱਛਗਿੱਛ ਤੋਂ ਸਰਾਭਾ ਹੈਰਾਨ ਹੋ ਗਿਆ ਸੀ। ਜਦੋਂ ਉਸ ਨੇ ਹੋਰ ਇੰਮੀਗ੍ਰੇਟਾਂ ਤੋਂ ਇਸ ਬਾਬਤ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਗੁਲਾਮ ਦੇਸ਼ (ਭਾਰਤ) ਦਾ ਵਾਸੀ ਹੋਣ ਕਰ ਕੇ ਮੇਰੇ ਨਾਲ ਅਜਿਹਾ ਸਲੂਕ ਕੀਤਾ ਗਿਆ, ਜਿਸ ਨੂੰ ਉਹ ਕਦੇ ਵੀ ਭੁਲਾ ਨਾ ਸਕਿਆ ਅਤੇ ਇੱਥੋਂ ਹੀ ਪੈਦਾ ਹੋਇਆ ਉਸ ਅੰਦਰ ਆਜ਼ਾਦੀ ਲਈ ਜੂਝਣ ਦਾ ਜਨੂੰਨ।

ਅਮਰੀਕਾ ਵਿੱਚ ਪੁੱਜ ਕੇ ਉਸ ਨੇ ਬਰਕਲੇ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੀ ਸਿੱਖਿਆ ਪ੍ਰਾਪਤ ਕਰਨ ਲਈ ਦਾਖ਼ਲਾ ਲੈ ਲਿਆ। ਪਹਿਲਾਂ-ਪਹਿਲ ਉਹ ਕਿਰਾਏਦਾਰ ਬਣ ਕੇ ਕਿਸੇ ਪਰਿਵਾਰ ਵਿੱਚ ਰਹਿਣ ਲੱਗ ਪਿਆ। ਇੱਕ ਦਿਨ ਉਸ ਨੇ ਉਸ ਘਰ ਦੀ ਔਰਤ ਨੂੰ ਅਮਰੀਕਾ ਦੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ, ਆਜ਼ਾਦੀ ਖ਼ਾਤਰ ਜੂਝਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਨੂੰ ਫੁੱਲਾਂ ਨਾਲ ਸਜਾਇਆ ਹੋਇਆ, ਵੇਖਿਆ। ਇਹ ਸਭ ਕੁਝ ਵੇਖ ਕੇ ਸਰਾਭੇ ਨੇ ਉਸ ਨੂੰ ਪੁੱਛਿਆ ਕਿ ਇਹ ਕੀ ਹੈ ? ਤਾਂ ਉਸ ਦਾ ਉੱਤਰ ਸੁਣ ਕੇ ਸਰਾਭੇ ਨੇ ਹਉਕਾ ਲਿਆ ਅਤੇ ਸੋਚਿਆ ਕਿ ਅਸੀਂ ਕਦੋਂ ਆਜ਼ਾਦ ਹੋਵਾਂਗੇ ? ਕੀ ਸਾਡਾ ਦੇਸ਼ ਵੀ ਇਸ ਤਰ੍ਹਾਂ ਆਜ਼ਾਦੀ ਦਾ ਜਸ਼ਨ ਮਨਾਏਗਾ ?

ਯੂਨੀਵਰਸਿਟੀ ਵਿੱਚ ਪੜ੍ਹਦਿਆਂ ਸਰਾਭੇ ਦਾ ਮੇਲ਼ ਹੋਰ ਭਾਰਤੀ ਨੌਜਵਾਨਾਂ, ਜਿਹੜੇ ਵੱਖ-ਵੱਖ ਸੂਬਿਆਂ ਜਿਵੇਂ ਕਿ ਬੰਗਾਲ, ਮਦਰਾਸ ਅਤੇ ਪੰਜਾਬ ਤੋਂ ਗਏ ਸਨ, ਨਾਲ ਹੋਇਆ। ਇਹ ਸਾਰੇ ਵਿਦਿਆਰਥੀ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਆਪਣੇ-ਆਪਣੇ ਮਨਾਂ ਵਿੱਚ ਪਾਲ਼ ਰਹੇ ਸਨ। ਸਰਾਭੇ ਸਮੇਤ ਸਾਰੇ ਪੰਜਾਬੀ ਨੌਜਵਾਨਾਂ ਦਾ ਮੱਤ ਸੀ ਕਿ ਆਜ਼ਾਦੀ ਹਥਿਆਰਬੰਦ ਘੋਲ ਲੜ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਕਿ ਬੰਗਾਲੀ ਅਤੇ ਮਦਰਾਸੀ ਵਿਦਿਆਰਥੀ ਅਹਿੰਸਾਵਾਦੀ ਸਨ। ਕੁੱਝ ਵੀ ਹੋਵੇ, ਦੇਸ਼ ਨੂੰ ਆਜ਼ਾਦ ਹੁੰਦਾ ਵੇਖਣਾ ਹਰ ਕੋਈ ਚਾਹੁੰਦਾ ਸੀ। ਇਨਕਲਾਬੀ ਵਿਚਾਰਾਂ ਦੇ ਧਾਰਨੀ ਵਿਦਿਆਰਥੀ, ਜਿਨ੍ਹਾਂ ਵਿੱਚ ਕਰਤਾਰ ਸਿੰਘ ਸਰਾਭਾ ਮੋਢੀ ਰੂਪ ਵਿੱਚ ਆਗੂ ਦਾ ਰੂਪ ਅਖ਼ਤਿਆਰ ਕਰ ਚੁੱਕਾ ਸੀ, ਉਹ ਹੋਰਾਂ ਦੇਸ਼ਾਂ ਵਿੱਚ ਹੋ ਰਹੇ ਇਨਕਲਾਬ ਬਾਰੇ ਵੀ ਪੜ੍ਹਦਾ-ਸੁਣਦਾ ਰਹਿੰਦਾ ਸੀ ਅਤੇ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਵੀ ਕਰਦਾ ਰਹਿੰਦਾ। ਜਿੱਥੇ ਸਰਾਭੇ ਨੇ ਫਰਾਂਸ, ਇਟਲੀ ਜਾਂ ਹੋਰ ਦੇਸ਼ਾਂ ਦੇ ਇਨਕਲਾਬੀਆਂ ਦੀਆਂ ਲਿਖਤਾਂ ਜਾਂ ਜੀਵਨੀਆਂ ਪੜ੍ਹੀਆਂ, ਉੱਥੇ ਉਹ ਆਪਣੀ ਸਰਜ਼ਮੀਂ ਦੇ ਮਹਾਨ ਆਗੂ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਬਹੁਤ ਪ੍ਰਭਾਵਤ ਸੀ।

ਇਸ ਪ੍ਰਕਾਰ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਨੌਜਵਾਨਾਂ ਦਾ ਕਾਫ਼ਲਾ ਵਧਦਾ ਗਿਆ ਅਤੇ ਇਸੇ ਏਕੇ ਦੀ ਲਹਿਰ ’ਚੋਂ ਗ਼ਦਰ ਲਹਿਰ ਦਾ ਜਨਮ ਹੋਇਆ। ਬੇਸ਼ੱਕ ਇਸ ਪਾਰਟੀ ਦਾ ਪਹਿਲਾ ਨਾਂਅ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ’ ਸੀ ਪਰ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਪਾਰਟੀ ਦਾ ਨਾਂਅ ਵੀ ‘ਗ਼ਦਰ ਪਾਰਟੀ’ ਪੈ ਗਿਆ, ਜੋ ਹੌਲ਼ੀ-ਹੌਲ਼ੀ ਪਾਰਟੀ ਤੋਂ ਲਹਿਰ ਵਿੱਚ ਤਬਦੀਲ ਹੋ ਗਿਆ।

ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ ਸੀ। ਗ਼ਦਰ ਅਖ਼ਬਾਰ ਦੀ ਪ੍ਰਕਾਸ਼ਨਾ ਵਿੱਚ ਵੀ ਕਰਤਾਰ ਸਿੰਘ ਦੇ ਨਿਭਾਏ ਰੋਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਦੋਂ ਕੋਈ ਲਹਿਰ ਚਲਦੀ ਹੈ ਤਾਂ ਉਸ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੋਈ ‘ਨੈੱਟਵਰਕ’ ਜ਼ਰੂਰ ਸਥਾਪਿਤ ਕਰਨਾ ਪੈਂਦਾ ਹੈ, ਜੋ ਕਿ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਸਿਰੇ ਚੜ੍ਹ ਚੁੱਕਿਆ ਸੀ। ‘ਗ਼ਦਰ’ ਅਖ਼ਬਾਰ ਨੂੰ ਕਈ ਥਾਂਵੇਂ ‘ਗ਼ਦਰ ਦੀ ਗੂੰਜ’ ਲਿਖਿਆ ਵੀ ਮਿਲਦਾ ਹੈ। ਉਸ ਲਹਿਰ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸਿਹਰਾ ਵੀ ਸਰਾਭੇ ਦੇ ਸਿਰ ਬੱਝਦਾ ਹੈ। ਸਰਾਭੇ ਦਾ ਇਹ ਮੱਤ ਬੜਾ ਧਿਆਨ ਭਾਲ਼ਦਾ ਹੈ ਕਿ ਸੁਨੇਹਾ ਲੋਕ ਬੋਲੀ ਵਿੱਚ ਹੀ ਦਿੱਤਾ ਜਾ ਸਕਦਾ ਹੈ, ਜਿਸ ਤਰ੍ਹਾਂ ਬੁੱਧ ਨੇ ਆਪਣਾ ਸੁਨੇਹਾ ਲੋਕ ਬੋਲੀ ‘ਪਾਲੀ’ ਵਿੱਚ ਅਤੇ ਗੁਰੂ ਸਹਿਬਾਨ ਨੇ ਆਪਣਾ ਸੁਨੇਹਾ ਪੰਜਾਬੀ ਲੋਕ ਬੋਲੀ ਵਿੱਚ ਦਿੱਤਾ। ਇਸੇ ਤਰ੍ਹਾਂ ਸਰਾਭੇ ਦਾ ਮੱਤ ਸੀ ਕਿ ‘ਗ਼ਦਰ’ ਲਹਿਰ ਦਾ ਸੁਨੇਹਾ ਪੰਜਾਬੀਆਂ ਲਈ ਪੰਜਾਬੀ ਵਿੱਚ ਹੀ ਹੋਣਾ ਚਾਹੀਦਾ ਹੈ ਅਤੇ ਹੋਰਨਾਂ ਸੂਬਿਆਂ ਵਿੱਚ ਉਨ੍ਹਾਂ ਲੋਕਾਂ ਦੀ ਭਾਸ਼ਾ ਵਿੱਚ ਇਹ ਅਖ਼ਬਾਰ 11 (ਗਿਆਰਾਂ) ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੁੰਦਾ ਰਿਹਾ।

ਕਿਸੇ ਵੀ ਲਹਿਰ ਦਾ ਦੂਜਾ ਪੱਖ ਹੁੰਦਾ ਹੈ, ਲਹਿਰ ਨੂੰ ਚਲਾਉਣ ਲਈ ਮਾਇਆ (ਧਨ) ਦੀ ਲੋੜ। ਬੇਸ਼ੱਕ ਜੁਝਾਰੂ ਸੂਰਮੇ ਆਪਣਾ ਤਨ ਅਤੇ ਮਨ ਲੋਕ ਲਹਿਰਾਂ ਨੂੰ ਸਮਰਪਿਤ ਕਰ ਚੁੱਕੇ ਹੁੰਦੇ ਹਨ ਪਰ ਹਾਲਾਤ ਇਸ ਤਰ੍ਹਾਂ ਬਣ ਜਾਂਦੇ ਹਨ ਕਿ ‘ਲਹਿਰਾਂ’ ਪੈਸੇ ਬਗੈਰ ਆਪਣੇ ਕਾਰਜ ਨੂੰ ਨਿਭਾਉਣ ਵਿਚ ਅਸਮਰੱਥ ਹੋ ਜਾਂਦੀਆਂ ਹਨ। ਅਜਿਹਾ ਕੁੱਝ ਹੀ ਸਰਾਭੇ ਵੇਲੇ ਵਾਪਰਿਆ। ਇਸ ਖੱਪੇ ਨੂੰ ਪੂਰਾ ਕਰਨ ਲਈ ਦੇਸ਼ ਭਗਤਾਂ ਨੂੰ ਡਾਕੇ ਵੀ ਮਾਰਨੇ ਪਏ।

ਸਰਾਭੇ ਦੀ ਉੱਚੀ-ਸੁੱਚੀ ਸ਼ਖ਼ਸੀਅਤ ਦਾ ਪ੍ਰਭਾਵ ਵੇਖਣ ਲਈ ਇਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ। ਸਰਾਭਾ ਆਪਣੇ ਸਾਥੀਆਂ ਸਮੇਤ ਕਿਸੇ ਘਰ ਡਾਕਾ ਮਾਰਨ ਗਿਆ। ਸਰਾਭੇ ਦੇ ਦੂਜੇ ਸਾਥੀ ਨੇ ਉਸ ਘਰ ਦੀ ਸੁਨੱਖੀ ਮੁਟਿਆਰ ਦਾ ਹੱਥ ਫੜ ਲਿਆ। ਉਸ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਸਰਾਭੇ ਨੇ ਇਹ ਸਭ ਤੱਕਿਆ ਤਾਂ ਉਸ ਨੇ ਆਪਣੇ ਸਾਥੀ ਦੇ ਮੱਥੇ ’ਤੇ ਪਿਸਤੌਲ ਤਣ ਲਿਆ ਅਤੇ ਗਰਜ ਕੇ ਬੋਲਿਆ, ‘‘ਤੂੰ ਮੌਤ ਦਾ ਹੱਕਦਾਰ ਹੈਂ। ਛੇਤੀ ਕਰ, ਜਾਂ ਤਾਂ ਇਸ ਕੁੜੀ ਦੇ ਪੈਰਾਂ ’ਚ ਡਿੱਗ ਕੇ ਮਾਫ਼ੀ ਮੰਗ ਲੈ, ਨਹੀਂ ਮਰਨ ਲਈ ਤਿਆਰ ਹੋ ਜਾ।’’

ਅਜਿਹੇ ਘਟਨਾਕ੍ਰਮ ਨੂੰ ਵੇਖ ਕੇ ਉਸ ਕੁੜੀ ਦੀ ਮਾਂ ਨੇ ਸਰਾਭੇ ਨੂੰ ਕਿਹਾ ਕਿ ਪੁੱਤਰ ਲਗਦੇ ਤਾਂ ਤੁਸੀਂ ਬੜੇ ਸੂਝਵਾਨ ਹੋ ਪਰ ਇਹ ਡਾਕੇ ਮਾਰਨੇ ਤੁਹਾਡੇ ਵਰਗਿਆਂ ਲਈ ਸ਼ੋਭਦੇ ਨਹੀਂ, ਤਾਂ ਸਰਾਭੇ ਨੇ ਦੇਸ਼ ਖ਼ਾਤਰ ਆਪਣੀ ਜ਼ਿੰਦਗੀ ਦਾਅ ’ਤੇ ਲਾਉਣ ਦੀ ਸਾਰੀ ਗੱਲ ਉਸ ਮਾਤਾ ਨੂੰ ਸਮਝਾਈ।

ਜਿਸ ਘਰ ਵਿੱਚ ਡਾਕਾ ਮਾਰਿਆ, ਉੱਥੇ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ। ਕੁੜੀ ਦੀ ਮਾਂ ਹੱਥ ਜੋੜ ਕੇ ਸਰਾਭੇ ਕੋਲ ਖੜ੍ਹ ਗਈ, ‘‘ਪੁੱਤ ਆਹ ਕੁੜੀ ਦੇ ਹੱਥ ਪੀਲੇ ਕਰਨ ਲਈ ਇਹ ਸਮਾਨ ਮਸਾਂ ਜੋੜਿਆ ਸੀ।’’

ਐਨਾ ਕਹਿਣ ਦੀ ਦੇਰ ਸੀ ਕਿ ਸਰਾਭੇ ਦਾ ਮਨ ਪਿਘਲ ਗਿਆ। ਇਹ ਨਹੀਂ ਕਿ ਪਹਿਲਾਂ ਸਰਾਭਾ ਪੱਥਰ ਦਿਲ ਸੀ ਪਰ ਮਜ਼ਬੂਰੀਆਂ ਕਾਰਨ ਉਨ੍ਹਾਂ ਨੂੰ ਇਹ ਰਸਤਾ ਅਖ਼ਤਿਆਰ ਕਰਨਾ ਪੈ ਰਿਹਾ ਸੀ। ਸਰਾਭੇ ਨੇ ਚੁੱਕਿਆ ਹੋਇਆ ਸਮਾਨ ਉਸ ਮਾਈ ਨੂੰ ਵਾਪਸ ਕਰ ਦਿੱਤਾ ਪਰ ਅੱਗੋਂ ਮਾਈ ਨੇ ਖ਼ੁਸ਼ ਹੋ ਕੇ ਸਰਾਭੇ ਦੀ ਝੋਲ਼ੀ ਵਿਚ ਕੁਝ ਵਸਤਾਂ ਪਾ ਦਿੱਤੀਆਂ ਅਤੇ ਕਾਮਯਾਬੀ ਲਈ ਆਸ਼ੀਰਵਾਦ ਦਿੱਤਾ।

ਸਰਾਭੇ ਦੇ ਦਿਲ ਵਿੱਚ ਦੇਸ਼ ਤੋਂ ਕੁਰਬਾਨ ਹੋ ਜਾਣ ਦਾ ਜਜ਼ਬਾ ਕਿੰਨਾ ਕੁੱਟ-ਕੁੱਟ ਭਰਿਆ ਸੀ, ਉਹ ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜੇਲ੍ਹ ਵਿੱਚ ਮੁਲਾਕਾਤ ਲਈ ਆਇਆ ਸਰਾਭੇ ਦਾ ਦਾਦਾ ਬਦਨ ਸਿੰਘ ਉਸ ਨੂੰ ਕਹਿਣ ਲੱਗਿਆ, ‘‘ਕਰਤਾਰ ਪੁੱਤਰ ! ਤੂੰ ਛੱਡ ਦੇਸ਼ ਭਗਤੀ ਦੀਆਂ ਗੱਲਾਂ….ਕਿਉ ਆਪਣੀ ਜਾਨ ਅਜਾਈਂ ਗੁਆ ਰਿਹੈਂ ?।’’

ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਦਾਦਾ ਆਪਣੇ ਪਿਆਰ ਦਾ ਸਬੂਤ ਦੇ ਰਿਹਾ ਸੀ। ਗੱਲਾਂ ਕਰਦਿਆਂ-ਕਰਦਿਆਂ ਕਰਤਾਰ ਸਿੰਘ ਨੇ ਆਪਣੇ ਦਾਦੇ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ, ‘‘ਦਾਦਾ ਜੀ  ! ਫਲਾਣੇ ਦਾ ਕੀ ਹਾਲ ਹੈ ?’’

ਦਾਦਾ ਕਹਿੰਦਾ, ‘‘ਪੁੱਤਰਾ ! ਉਹ ਤਾਂ ਪਲੇਗ ਨਾਲ ਮਰ ਗਿਆ।’’

ਕਰਤਾਰ ਸਿੰਘ ਨੇ ਫੇਰ ਪੁੱਛਿਆ, ‘‘ਦਾਦਾ ਜੀ  ! ਫਲਾਣੇ ਦਾ ਕੀ ਹਾਲ ਹੈ ?’’

ਤਾਂ ਦਾਦਾ ਬੋਲਿਆ, ‘‘ਪੁੱਤਰਾ  ! ਉਹ ਤਾਂ ਹਾਦਸੇ ’ਚ ਮਰ ਗਿਆ।’’

ਬੱਸ ਅਜਿਹੀਆਂ ਤਿੰਨ-ਚਾਰ ਮੌਤਾਂ ਬਾਰੇ ਸੁਣ ਕੇ ਸਰਾਭਾ ਬੋਲਿਆ, ‘‘ਦਾਦਾ ਜੀ  ! ਇਕ ਦਿਨ ਸਭ ਨੇ ਮਰ ਜਾਣੈ….ਜਿਹੜਾ ਪਲੇਗ ਨਾਲ ਜਾਂ ਕਿਸੇ ਹੋਰ ਬਿਮਾਰੀ ਨਾਲ ਮਰ ਗਿਆ, ਉਹਨੂੰ ਕੀਹਨੇ ਯਾਦ ਕਰਨਾ ਹੈ ਪਰ ਕਰਤਾਰ ਸਿੰਘ ਨੂੰ ਦੁਨੀਆਂ ਯਾਦ ਕਰੇਗੀ। ਮੈਂ ਇਕੱਲਾ ਨਹੀਂ, ਮੇਰੇ ਨਾਲ ਦੇ ਹੋਰ ਦੇਸ਼ ਭਗਤ ਅਜਿਹੀਆਂ ਪੈੜਾਂ ਪਾ ਕੇ ਜਾ ਰਹੇ ਹਨ, ਜਿਨ੍ਹਾਂ ਨੂੰ ਲੋਕ ਯਾਦ ਰੱਖਣਗੇ।’’ ਸਰਾਭੇ ਦੇ ਇਸ ਉੱਤਰ ਨੇ ਆਪਣੇ ਦਾਦੇ ਨੂੰ ਨਿਰਉੱਤਰ ਕਰ ਦਿੱਤਾ।

ਸਰਾਭੇ ਦੀ ਸਮੁੱਚੀ ਜੀਵਨੀ ’ਚੋਂ ਜੋ ਸੇਧ ਮਿਲਦੀ ਹੈ, ਉਹ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਹਥਿਆਰਬੰਦ ਘੋਲਾਂ ਬਿਨਾਂ ਆਜ਼ਾਦੀ ਪ੍ਰਾਪਤ ਨਹੀਂ ਹੋ ਸਕਦੀ। ਲੋਕਾਂ ਉੱਤੇ ਜ਼ੁਲਮ ਢਾਹੁਣ ਵਾਲੇ ਕਦੇ ਵੀ ਮਿੰਨਤਾਂ-ਤਰਲੇ ਕਰਿਆਂ ਤੋਂ ਆਪਣੇ ਜ਼ੁਲਮ ਬੰਦ ਨਹੀਂ ਕਰਦੇ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੇ ਹੀ ਆਪਣੇ ਸੰਘਰਸ਼ ਵਿੱਚ ਕਾਮਯਾਬ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਪ੍ਰਣਾਇਆ ਸਰਾਭਾ ਇਸੇ ਗੱਲ ਦਾ ਧਾਰਨੀ ਸੀ ਕਿ ਜਦੋਂ ਦਲੀਲ, ਅਪੀਲ ਰੱਦ ਹੋ ਜਾਵੇ ਅਤੇ ਜ਼ੁਲਮ ਦੀ ਅੱਤ ਹੋ ਜਾਵੇ, ਉਦੋਂ ਤਲਵਾਰ ਉੱਠਾ ਲੈਣੀ ਚਾਹੀਦੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਸਰਾਭਾ ਆਪਣੇ ਲੋਕ ਨਾਇਕਾਂ ਦਾ ਕਦਰਦਾਨ ਹੈ ਅਤੇ ਪੰਜਾਬੀ ਮਾਂ-ਬੋਲੀ ਨੂੰ ਸਤਿਕਾਰ ਦਿੰਦਾ ਹੋਇਆ ਉਹ ਅਖ਼ਬਾਰ ਦੀ ਸੰਪਾਦਨਾ ਦਾ ਕਾਰਜ ਪੰਜਾਬੀ ਵਿੱਚ ਕਰਦਾ ਹੈ ਪਰ ਅਫ਼ਸੋਸ, ਕੁਝ ਅਖੌਤੀ ਬੁੱਧੀਜੀਵੀਆਂ ਨੂੰ ਕਰਤਾਰ ਸਿੰਘ ਸਰਾਭੇ ਦੇ ਸਿਰ ਸਜਿਆ ਪੰਜਾਬੀਅਤ ਦਾ ਮਾਣ ‘ਪੱਗ’ ਰਾਸ ਨਹੀਂ ਆਈ। ਪਿਛਲੇ ਸਾਲਾਂ ਵਿੱਚ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਨਾਲ ਸਬੰਧਿਤ ਦੋ-ਚਾਰ ਕਿਤਾਬਾਂ ਪੜ੍ਹਨ ਨੂੰ ਮਿਲੀਆਂ, ਜਿਸ ਦੇ ਟਾਈਟਲ ਪੇਜ ਉੱਪਰ ਬਿਨਾਂ ਪੱਗ ਤੋਂ ਸਰਾਭੇ ਦੀ ਫੋਟੋ ਦੇਖ ਕੇ ਦਿਲ ਨੂੰ ਧੂਹ ਜਿਹੀ ਪੈਂਦੀ ਹੈ ਅਤੇ ਇੰਞ ਲਗਦਾ ਹੈ ਕਿ ਜਿਵੇਂ ਇਹ ਕੋਈ ਨਕਲੀ ਸਰਾਭਾ ਹੋਵੇ। ਪੱਗ ਪੰਜਾਬੀਅਤ ਦੀ ਪਛਾਣ ਹੈ। ਕਰਤਾਰ ਸਿੰਘ ਸਰਾਭਾ ਪੰਜਾਬ ਦਾ ਮਾਣ ਹੈ। ਉਹਦੇ ਸਿਰ ਤੋਂ ਪੱਗ ਲਾਹੁਣੀ ਸ਼ਹੀਦ ਦਾ ਅਪਮਾਨ ਹੈ। ਅਖੌਤੀ ਬੁੱਧੀਜੀਵੀ ਭਰਾਵਾਂ ਨੂੰ ਬੇਨਤੀ ਹੈ ਕਿ ਸਰਾਭੇ ਦੇ ਸਿਰ ਦਾ ਤਾਜ ਉਸ ਤਰ੍ਹਾਂ ਹੀ ਰਹਿਣ ਦਿਓ। ਤੁਹਾਡੇ ਵੱਲੋਂ ਕੀਤੀ ਹੋਈ ਭੁੱਲ ਇਤਿਹਾਸ ਵਿੱਚ ਨਾ-ਬਖ਼ਸ਼ਣਯੋਗ ਹੋਵੇਗੀ।

ਅੰਤ ਵਿਚ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅੱਜ ਵੀ ਸਾਡੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਸਾਡੇ ਦੇਸ਼ ਦੇ ਹਾਕਮ, ਲੋਕਾਂ ਦੇ ਲਹੂ ਨੂੰ ਪਾਣੀ ਵਾਂਗ ਪੀ ਰਹੇ ਹਨ। ਯਾਦ ਰੱਖਣਾ, ਸਰਾਭੇ ਦੇ ਆਪਣੇ ਦਾਦੇ ਨੂੰ ਪੁੱਛੇ ਸਵਾਲ, ‘ਕੋਈ ਪਲੇਗ ਨਾਲ ਮਰ ਗਿਆ, ਕੋਈ ਕਿਸੇ ਹੋਰ ਬਿਮਾਰੀ ਨਾਲ’, ਅੱਜ ਵੀ ਕੋਈ ਡੇਂਗੂ ਨਾਲ ਮਰ ਰਿਹਾ ਹੈ, ਕੋਈ ਕੈਂਸਰ ਨਾਲ ਅਤੇ ਬਹੁਤ ਸਾਰੇ ਲੋਕ ਖ਼ੁਦਕੁਸ਼ੀਆਂ ਕਰ ਕੇ ਆਪਣੇ ਜੀਵਨ ਦਾ ਅੰਤ ਕਰ ਰਹੇ ਹਨ। ਅਜਿਹੀਆਂ ਮੌਤਾਂ ਨਾਲ ਇਤਿਹਾਸ ਨਹੀਂ ਸਿਰਜਿਆ ਜਾਂਦਾ।

ਆਓ, ਕਰਤਾਰ ਸਿੰਘ ਸਰਾਭੇ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਲਾਮਬੰਦ ਹੋ ਕੇ ਇਨਸਾਫ਼ ਤੇ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਪਈਏ।