ਕਬਿੱਤ ਨੰਬਰ 46 (ਭਾਈ ਗੁਰਦਾਸ ਜੀ)

0
342

ਕਬਿੱਤ ਨੰਬਰ 46 (ਭਾਈ ਗੁਰਦਾਸ ਜੀ)

ਮਨ ਬਚ ਕ੍ਰਮ ਹੁਇ ਇਕਤ੍ਰ ਛਤ੍ਰਪਤਿ ਭਏ; ਸਹਜ ਸਿੰਘਾਸਨ ਕੈ ਅਬਿ ਨਿਹਚਲ ਰਾਜ ਹੈ।

ਸਤ ਅਉ ਸੰਤੋਖ ਦਇਆ ਧਰਮ ਅਰਥ ਮੇਲਿ; ਪੰਚ ਪਰਵਾਨ ਕੀਏ ਗੁਰਮਤਿ ਸਾਜ ਹੈ।

ਸਕਲ ਪਦਾਰਥ ਅਉ ਸਰਬ ਨਿਧਾਨ ਸਭਾ; ਸਿਵ ਨਗਰੀ ਸੁਬਾਸ ਕੋਟਿ ਛਬਿ ਛਾਜ ਹੈ।

ਰਾਜਨੀਤਿ ਰੀਤਿ ਪ੍ਰੀਤਿ ਪਰਜਾ ਕੈ ਸੁਖੈ ਸੁਖ; ਪੂਰਨ ਮਨੋਰਥ ਸਫਲ ਸਬ ਕਾਜ ਹੈ ॥੪੬॥

ਸ਼ਬਦ ਅਰਥ:  ਛਤ੍ਰਪਤਿ=ਛਤ੍ਰਧਾਰੀ ਬਾਦਸ਼ਾਹ। ਪੰਚ=ਮੁੱਖੀ। ਸਿਵ ਨਗਰੀ=ਸਤਿਸੰਗ। ਕੋਟ= ਕਿਲ੍ਹਾ। ਛਬਿ=ਸੁੰਦਰ। ਛਾਜ=ਸੁੰਦਰ ਲੱਗਣਾ।

ਅਰਥ: ਗੁਰੂ ਉਪਦੇਸ਼ਾਂ ਅਨੁਸਾਰ ਚੱਲਣ ਵਾਲੇ ਸਿੱਖਾਂ ਵਿੱਚ ਇਹ ਗੁਣ ਆ ਜਾਂਦਾ ਹੈ ਕਿ ਉਹ ਮਨ, ਬਚਨ ਅਤੇ ਕਰਮ ਕਰ ਕੇ ਇਕਾਗਰ ਚਿਤ ਹੋ ਜਾਂਦੇ ਹਨ।  ਸ਼ਬਦ ਵਿੱਚ ਜੁੜ ਕੇ ਮਾਨੋ ਉਹ ਇਕ ਅਡੋਲ ਸਿੰਘਾਸਨ ’ਤੇ ਬੈਠ ਕੇ ਅਟੱਲ ਰਾਜ ਕਰਦੇ (ਮਾਣਦੇ) ਹਨ।  ਸ਼ੁਭ ਗੁਣ ਸਤ, ਸੰਤੋਖ, ਦਇਆ, ਧਰਮ ਅਤੇ ਅਰਥ ਆਪਣੇ ਅੰਦਰ ਇਕੋ ਥਾਂ ਇਕੱਠਾ ਕਰਦੇ ਹਨ ਤੇ ਇਸ ਤਰ੍ਹਾਂ ਉਹ ਪੰਚ-ਜਨ ਗੁਰਮਤਿ ਅਨੁਸਾਰ ਪ੍ਰਭੂ ਦੀ ਦਰਗਾਹ ਵਿੱਚ ਪਰਵਾਨੇ ਜਾਂਦੇ ਹਨ, ਮਾਣ ਪਾਉਂਦੇ ਹਨ ਅਤੇ ਸੋਹਣੇ ਲੱਗਦੇ ਹਨ।  ਸਤਿਸੰਗ ਰੂਪ ਨਗਰੀ ਗੁਰੂ ਦੇ ਐਸੇ ਸਿੱਖਾਂ ਨਾਲ ਸੁੰਦਰ ਤੇ ਸੁਗੰਧੀ ਵਾਲੀ ਲੱਗਦੀ ਹੈ।  ਇਹ ਨਗਰੀ ਐਸੀ ਹੈ ਜਿੱਥੇ ਸਾਰੇ ਸੰਸਾਰਕ ਪਦਾਰਥ ਤੇ ਸਾਰੇ ਖ਼ਜ਼ਾਨੇ ਸੁਲੱਭ (ਪ੍ਰਾਪਤ ਕੀਤੇ ਜਾ ਸਕਦੇ) ਹਨ।  ਐਸੇ ਅਡੋਲ ਆਸਨ ’ਤੇ ਬੈਠੇ ਗੁਰਸਿੱਖਾਂ ਦੀ ਰਾਜਨੀਤੀ ਸਭਨਾਂ ਨਾਲ ਪ੍ਰੇਮ ਵਾਲੀ ਹੁੰਦੀ ਹੈ ਅਤੇ ਉੱਥੇ ਸੁੱਖ ਹੀ ਸੁੱਖ ਹਨ।  ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਸਾਰੇ ਕਾਰਜ ਸਫਲ ਹੋ ਜਾਂਦੇ ਹਨ। 

ਗਉੜੀ ਰਾਗ ਵਿੱਚ ਗੁਰੂ ਅਰਜੁਨ ਦੇਵ ਜੀ ਬਚਨ ਕਰਦੇ ਹਨ ਕਿ ਜਿਸ ਮਨੁੱਖ ਨੇ ਆਪਣੇ ਮਨ ਦਾ, ਬੋਲਾਂ ਦਾ ਤੇ ਆਪਣੇ ਕੰਮਾਂ ਦਾ ਆਸਰਾ ਪਰਮਾਤਮਾ (ਦੇ ਨਾਮ) ਨੂੰ ਬਣਾ ਲਿਆ, ਉਸ ਦੇ ਮਨ ਤੋਂ ਸੰਸਾਰ ਦਾ ਮੋਹ ਹਟ ਗਿਆ ਭਾਵ ਉਸ ਤੋਂ ਵਿਕਾਰਾਂ ਦਾ ਉਹ ਜ਼ਹਿਰ ਪਰੇ ਰਹਿ ਗਿਆ (ਜੋ ਮਨੁੱਖ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ‘‘ਮਨ ਬਚ ਕ੍ਰਮ; ਗੋਵਿੰਦ ਅਧਾਰੁ ॥  ਤਾ ਤੇ ਛੁਟਿਓ; ਬਿਖੁ ਸੰਸਾਰੁ ॥’’ (ਮ: ੫/੧੯੭) 

ਉਹ ਮਨੁੱਖ ਗੋਬਿੰਦ ਪ੍ਰਭੂ ਜੀ ਦਾ ਰੂਪ ਹੋ ਜਾਂਦਾ ਹੈ। ਉਸ ਗੁਰਸਿੱਖ ਨੂੰ ਮਾਇਆਵੀ ਸੰਸਾਰ ਆਪਣੀ ਖਿੱਚ ਵਿੱਚ ਨਹੀਂ ਲੈ ਸਕਦਾ। ਉਸ ਦੀ ਅਵਸਥਾ ਇਕ ਐਸੇ ਛੱਤਰਪਤੀ ਰਾਜਾ ਵਰਗੀ ਹੋ ਜਾਂਦੀ ਹੈ, ਜਿਸ ਦਾ ਸਿੰਘਾਸਣ ਸਦਾ ਨਿਹਚਲ ਭਾਵ ਅਡੋਲ ਹੋ ਜਾਂਦਾ ਹੈ ਕਿਉਂ ਕਿ ਉਸ ਦੇ ਮਨ ਦੀ ਲੀਨਤਾ ਪਰਮਾਤਮਾ ਵਿਚ ਹੋ ਜਾਂਦੀ ਹੈ। ਕਬੀਰ ਸਾਹਿਬ ਦੇ ਫ਼ੁਰਮਾਨ ਅਨੁਸਾਰ, ਉਹ ਐਸੇ ਸਿੰਘਾਸਨ ’ਤੇ ਬਿਰਾਜਮਾਨ ਹੋ ਜਾਂਦਾ ਹੈ, ਜੋ ਕਦੇ ਨਾਸ ਨਹੀਂ ਹੁੰਦਾ,  ‘‘ਅਬ ਤਉ ਜਾਇ ਚਢੇ ਸਿੰਘਾਸਨਿ; ਮਿਲੇ ਹੈ ਸਾਰਿੰਗਪਾਨੀ ॥’’ (ਭਗਤ ਕਬੀਰ/੯੬੯) ਭਾਵ ਓਥੇ ‘‘ਨਿਹਚਲੁ ਰਾਜੁ ਸਦਾ; ਹਰਿ ਕੇਰਾ.. ॥’’ (ਮ: ੩/੭੭੦) ਹੋ ਜਾਂਦਾ ਹੈ।

ਐਸਾ ਮਨੁੱਖ ਸਤ, ਸੰਤੋਖ, ਦਇਆ, ਧਰਮ ਤੇ ਅਰਥ (ਸ਼ੁਭ ਗੁਣਾਂ) ਨੂੰ ਆਪਣੇ ਅੰਦਰ ਇਕੱਤਰ ਕਰ ਲੈਂਦਾ ਹੈ ਭਾਵ ਕਿ ਉਸ ਨੇ ‘‘ਸੁਣਿਆ ਮੰਨਿਆ; ਮਨਿ ਕੀਤਾ ਭਾਉ ॥’’ (ਜਪੁ) ਵਚਨਾਂ ’ਤੇ ਅਮਲ ਕਰ ਲਿਆ ਹੁੰਦਾ ਹੈ, ਉਸ ਅੰਦਰ ਰੱਬੀ ਗੁਣ ਆ ਵੱਸਦੇ ਹਨ ਅਤੇ ਉਸ ਦੀ ਸ਼ਮੂਲੀਅਤ (ਆਮਦ) ‘‘ਪੰਚ ਪਰਵਾਣ; ਪੰਚ ਪਰਧਾਨੁ ॥ (ਜਪੁ) ਵਿਚ ਹੋ ਜਾਂਦੀ ਹੈ। ਉਸ ਦਾ ਜੀਵਨ ਪ੍ਰੇਮ ਤੇ ਮਿਠਾਸ ਭਰਪੂਰ ਹੋ ਜਾਂਦਾ ਹੈ। ਉਸ ਦਾ ਵਾਸਾ ਸਤਿਸੰਗ ਵਰਗੀ ਸੋਹਣੀ, ਸੁੰਦਰ ਨਗਰੀ ਵਿਚ ਹੋ ਜਾਂਦਾ ਹੈ (ਜਿਸ ਦੀ ਸੁੰਦਰਤਾ ਲਾਜਵਾਬ ਤੇ ਉਪਮਾ ਰਹਿਤ ਹੈ), ਜਿੱਥੋਂ ਉਸ ਨੂੰ ਧਰਮ, ਅਰਥ, ਕਾਮ, ਮੋਖ (ਸਾਰੇ ਪਦਾਰਥ) ਹਾਸਲ ਹੋ ਜਾਂਦੇ ਹਨ।

ਉਪਰੋਕਤ ਬਿਆਨੇ ਸਿੰਘਾਸਨ ’ਤੇ ਬੈਠੇ ਮਨੁੱਖ ਦੀ ਸੋਚ ਪ੍ਰੇਮ ਪਿਆਰ ਵਾਲੀ ਹੋ ਜਾਂਦੀ ਹੈ। ਉਹ ਪਰਮਾਤਮਾ ਦੇ ਪ੍ਰੇਮ ਵਿਚ ਰੰਗਿਆ ਹੋਇਆ ਉਸ ਦੀ ਪੈਦਾ ਕੀਤੀ ਰਚਨਾ ਨਾਲ ਪਿਆਰ ਨਿਭਾਉਂਦਾ ਹੈ। ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਉਸ ਨੂੰ ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫/੯੭) ਦੀ ਪਦਵੀ ਮਿਲ ਜਾਂਦੀ ਹੈ। ਐਸੀ ਅਵਸਥਾ ਵਿਚ ਪਹੁੰਚਿਆ ਹੋਇਆ ਮਨੁੱਖ ਆਤਮਕ ਸੁੱਖ ਦੀ ਪ੍ਰਾਪਤੀ ਕਰ ਲੈਂਦਾ ਹੈ ਅਤੇ ਉਸ ਦੇ ਮਨੁੱਖਾ ਜਨਮ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।