ਕਬਿੱਤ ਨੰਬਰ 18 (ਭਾਈ ਗੁਰਦਾਸ ਜੀ)
ਪ੍ਰੀਤਮ ਸਿੰਘ (ਕਰਨਾਲ) – ੭੦੧੫੮-੨੧੧੬੨
ਦਰਸ ਧਿਆਨ ਦਿਬਿ ਦ੍ਰਿਸਟਿ ਪ੍ਰਗਾਸ ਭਈ, ਕਰੁਨਾ ਕਟਾਛ ਦਿਬਿ ਦੇਹ ਪਰਵਾਨ ਹੈ ।
ਸਬਦ ਸੁਰਤਿ ਲਿਵ ਬਜਰ ਕਪਾਟ ਖੁਲੇ, ਪ੍ਰੇਮ ਰਸ ਰਸਨਾ ਕੈ ਅੰਮ੍ਰਿਤ ਨਿਧਾਨ ਹੈ ।
ਚਰਨ ਕਮਲ ਮਕਰੰਦ ਬਾਸਨਾ ਸੁਬਾਸ ਹਸਤ, ਪੂਜਾ ਪ੍ਰਨਾਮ ਸਫਲ ਸੁ ਗਿਆਨ ਹੈ ।
ਅੰਗ ਅੰਗ ਬਿਸਮ ਸ੍ਰਬੰਗ ਮੈ ਸਮਾਇ ਭਏ, ਮਨ ਮਨਸਾ ਥਕਤ ਬ੍ਰਹਮ ਧਿਆਨ ਹੈ॥੧੮॥
ਸ਼ਬਦ ਅਰਥ: ਦਿਬੁ ਦ੍ਰਿਸਟਿ=ਲੰਮੀ ਨਜ਼ਰ, ਗਿਆਨ ਦੀ ਦ੍ਰਿਸ਼ਟੀ।, ਕਰਨਾ ਕਟਾਛ=ਨਿਮਖ ਭਰ ਕ੍ਰਿਪਾ।, ਬਜਰ ਕਪਾਟ=ਕਰੜੇ ਕਿਵਾੜ।, ਨਿਧਾਨ=ਖਜ਼ਾਨਾ।, ਮਕਰੰਦ=ਫੁਲ ਦਾ ਰਸ।, ਸ੍ਰਬੰਗ=ਸਾਰੇ ਅੰਗ।
ਅਰਥ: ਗੁਰੂ ਦੇ ਦਰਸ਼ਨ ਕਰ ਕੇ ਮਨੁੱਖ ਦੀ ਗਿਆਨ ਦੀ ਅੱਖ ਖੁੱਲ੍ਹ ਜਾਂਦੀ ਹੈ ਅਤੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਇਸ ਤਰ੍ਹਾਂ ਸਤਿਗੁਰ ਦੀ ਕਿਰਪਾ ਦੁਆਰਾ ਮਨੁੱਖੀ ਦੇਹ ਪਾਵਨ ਹੋ ਜਾਂਦੀ ਹੈ। ਸ਼ਬਦ ਅਤੇ ਸੁਰਤਿ ਦੇ ਮੇਲ ਕਰ ਕੇ ਦਸਵੇਂ ਦੁਆਰ ਦੇ ਕਰੜੇ ਕਿਵਾੜ ਖੁੱਲ੍ਹ ਜਾਂਦੇ ਹਨੇ। ਫਿਰ ਮਨੁੱਖ ਨੂੰ ਨਾਮ ਅੰਮ੍ਰਿਤ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਜਿਸ ਦੇ ਪ੍ਰੇਮ ਰਸ ਵਿੱਚ ਉਸ ਦੀ ਲਿਵ ਲਗ ਜਾਂਦੀ ਹੈ। ਕੰਵਲ ਵਰਗੇ ਚਰਨਾਂ ਦੀ ਸੁਗੰਧੀ ਲੈ ਕੇ ਹੱਥਾਂ ਨੂੰ ਪੂਜਾ ਵਿੱਚ ਲਾਇਆਂ ਭਗਤੀ ਅਤੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਹ ਪਰਮਾਤਮਾ ਅੰਗ ਅੰਗ ਵਿੱਚ ਸਮਾਇਆ ਹੋਇਆ ਹੈ ਅਤੇ ਮਨ ਦੇ ਸਾਰੇ ਵਿਕਾਰ ਤੇ ਇਛਾਵਾਂ ਨਾਸ ਹੋ ਗਈਆਂ ਹਨ। ਲਿਵ ਸਦਾ ਬ੍ਰਹਮ (ਪ੍ਰਭੂ) ਵਿੱਚ ਹੀ ਜੁੜੀ ਰਹਿੰਦੀ ਹੈ।
ਗੁਰੂ ਹੀ ਸਿੱਖ ਨੂੰ ਗਿਆਨ ਦਾ ਸੁਰਮਾ ਬਖ਼ਸ਼ਦਾ ਹੈ ਜਿਸ ਦੇ ਸਦਕਾ ਉਸ ਦੇ ਹਨੇਰੇ ਮਨ ਅੰਦਰੋਂ ਅਗਿਆਨਤਾ ਦੂਰ ਹੋ ਜਾਂਦੀ ਹੈ ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ। ਗੁਰਬਾਣੀ ਫੁਰਮਾਨ ਹੈ ‘‘ਗਿਆਨ ਅੰਜਨੁ ਗੁਰਿ ਦੀਆ, ਅਗਿਆਨ ਅੰਧੇਰ ਬਿਨਾਸੁ॥ ਹਰਿ ਕਿਰਪਾ ਤੇ ਸੰਤ ਭੇਟਿਆ, ਨਾਨਕ ! ਮਨਿ ਪਰਗਾਸੁ॥’’ (ਸੁਖਮਨੀ ਸਾਹਿਬ/ਅੰਕ ੨੯੩) ਜਦੋਂ ਗੁਰੂ ਦਾ ਸ਼ਬਦ ਮਨੁੱਖ ਦੀ ਸੁਰਤਿ ਨਾਲ ਮੇਲ ਖਾਂਦਾ ਹੈ ਤਾ ਉਸ ਦੇ ਮਨ ਵਿੱਚ ਸਦਾ ਥਿਰ ਰਹਿਣ ਵਾਲਾ ਪ੍ਰਭੂ ਵਸਦਾ ਹੈ, ਉਹ ਮੂੰਹ ਨਾਲ ਵੀ ਪ੍ਰਭੂ ਦਾ ਨਾਮ ਹੀ ਜਪਦਾ ਹੈ। ਫਿਰ ਉਹ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਵੇਖਦਾ। ਇਹਨਾਂ ਗੁਣਾਂ ਕਰ ਕੇ ਉਹ ਬ੍ਰਹਮ ਗਿਆਨੀ ਹੋ ਜਾਂਦਾ ਹੈ, ‘‘ਮਨਿ ਸਾਚਾ, ਮੁਖਿ ਸਾਚਾ ਸੋਇ॥ ਅਵਰ ਨ ਪੇਖੈ, ਏਕਸੁ ਬਿਨੁ ਕੋਇ॥ ਨਾਨਕ ! ਇਹ ਲਛਣ, ਬ੍ਰਹਮ ਗਿਆਨੀ ਹੋਇ॥’’ (ਸੁਖਮਨੀ ਸਾਹਿਬ/ਅੰਕ ੨੭੨) ਉਸ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ ਭਾਵ ਕਿ ਉਸ ਦੇ ਮਨ ਦੇ ਕਰੜੇ ਕਿਵਾੜ ਖੁੱਲ੍ਹ ਜਾਂਦੇ ਹਨ। ਉਸ ਨੂੰ ਆਪਣੇ ਹਿਰਦੇ ਅੰਦਰ ਪ੍ਰਭੂ ਵਸਦਾ ਦਿਸ ਪੈਂਦਾ ਹੈ। ਉਹ ਇੱਕ ਅਕਹਿ ਰਸ ਵਿੱਚ ਮਸਤ ਹੋ ਜਾਂਦਾ ਹੈ, ਜੋ ਉਸ ਨੂੰ ਨਾਮ ਅੰਮ੍ਰਿਤ ਦੀ ਦਾਤਿ ਪ੍ਰਾਪਤ ਹੋਣ ’ਤੇ ਮਿਲਦਾ ਹੈ। ਨਾਮ ਦਾ ਰਸ ਹੀ ਇੱਕ ਐਸਾ ਰਸ ਹੈ, ਜਿਸ ਦੇ ਅੱਗੇ ਸਾਰੇ ਰਸ ਫਿਕੇ ਜਾਪਦੇ ਹਨ। ਜਿਸ ਨੂੰ ਇਹ ਰਸ ਪ੍ਰਾਪਤ ਹੋ ਜਾਂਦਾ ਹੈ, ਉਹ ਫਿਰ ਦੁਨੀਆਂ ਦੇ ਹੋਰ-ਹੋਰ ਰਸ ਨਹੀਂ ਭਾਲਦਾ, ‘‘ਰਾਰਾ, ਰਸੁ ਨਿਰਸ ਕਰਿ ਜਾਨਿਆ॥ ਹੋਇ ਨਿਰਸ, ਸੁ ਰਸੁ ਪਹਿਚਾਨਿਆ॥ ਇਹ ਰਸ ਛਾਡੇ, ਉਹ ਰਸੁ ਆਵਾ॥ ਉਹ ਰਸੁ ਪੀਆ, ਇਹ ਰਸੁ ਨਹੀ ਭਾਵਾ॥’’ (ਭਗਤ ਕਬੀਰ ਜੀ/ਅੰਕ ੩੪੨) ਫਿਰ ਉਹ ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਹੇ ਹਰੀ ! ਤੇਰੇ ਚਰਨ-ਰੂਪ ਕੌਲ ਫੁੱਲ਼ਾਂ ਦੀ ਸੁਗੰਧੀ (ਰਸ) ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਰਹਿੰਦੀ ਹੈ, ‘‘ਹਰਿ ਚਰਣ ਕਮਲ ਮਕਰੰਦ, ਲੋਭਿਤ ਮਨੋ; ਅਨਦਿਨੋ ਮੋਹਿ ਆਹੀ ਪਿਆਸਾ॥’’ (ਮ:੧/ਅੰਕ ੬੬੩) ਇਸ ਤਰ੍ਹਾਂ ਉਸ ਦੀ ਸੁਰਤਿ ਪ੍ਰਭੂ ਚਰਨਾਂ ਵਿੱਚ ਸਮਾਈ ਰਹਿੰਦੀ ਹੈ। ਬ੍ਰਹਮ ਗਿਆਨ ਹੋ ਜਾਂਦਾ ਹੈ ਅਤੇ ਉਸ ਦੀ ਅਰਚਨਾ-ਪੂਜਾ ਸਫਲ ਹੋ ਜਾਂਦੀ ਹੈ। ਪ੍ਰਭੂ ਜੀ ਉਸ ਦੀ ਯਾਦ ਵਿੱਚ ਸਮਾਏ ਰਹਿੰਦੇ ਹਨ।, ਉਹ ਪ੍ਰਭੂ ਵਿੱਚ ਸਮਾਇਆ ਰਹਿੰਦਾ ਹੈ।