ਕਬਿੱਤ ਨੰਬਰ 17 (ਭਾਈ ਗੁਰਦਾਸ ਜੀ)

0
332

ਕਬਿੱਤ ਨੰਬਰ 17 (ਭਾਈ ਗੁਰਦਾਸ ਜੀ)

ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕੈ ।

ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ, ਸ੍ਰਵਨ ਅਮੋਲ ਗੁਰ ਬਚਨ ਧਰਨ ਕੈ ।

ਨਾਸਕਾ ਅਮੋਲ ਚਰਨਾਰਬਿੰਦ ਬਾਸਨਾ ਕੈ, ਰਸਨਾ ਅਮੋਲ ਗੁਰ ਮੰਤ੍ਰ ਸਿਮਰਨ ਕੈ ॥

ਹਸਤ ਅਮੋਲ ਗੁਰਦੇਵ ਸੇਵ ਕੈ ਸਫਲ, ਚਰਨ ਅਮੋਲ ਪਰਦਛਨਾ ਕਰਨ ਕੈ ॥੧੭॥

ਸ਼ਬਦ ਅਰਥ: ਚਿਰੰਕਾਲ=ਚਿਰ ਮਗਰੋਂ।, ਲੋਚਨ=ਅੱਖਾਂ।, ਸ੍ਰਵਨ=ਕੰਨ।, ਅਮੋਲ=ਜਿਸ ਦੀ ਕੀਮਤ ਨਾ ਆਂਕੀ ਜਾ ਸਕੇ।, ਨਾਸਕ=ਨੱਕ।, ਚਰਨਾਰਬਿੰਦ=ਚਰਨਾਂ ਦੀ ਸੁਗੰਧ।, ਗੁਰ ਮੰਤ੍ਰ=ਗੁਰ ਉਪਦੇਸ਼।, ਹਸਤ=ਹੱਥ।, ਪਰਦਛਨਾ=ਪਰਿਕਰਮਾ।

ਅਰਥ:  ਮਨੁੱਖਾ ਜਨਮ ਬੜੀ ਮੁੱਦਤ ਬਾਅਦ ਬਗ਼ੈਰ ਕਿਸੇ ਕੀਮਤ ਤੋਂ ਪ੍ਰਾਪਤ ਹੋਇਆ ਹੈ। ਇਹ ਤਾਂ ਹੀ ਸਫਲ ਹੋ ਸਕਦਾ ਜੇਕਰ ਗੁਰੂ ਦੀ ਸ਼ਰਨ ਵਿੱਚ ਆ ਜਾਈਏ।  ਅੱਖਾਂ, ਜੋ ਬਹੁ ਕੀਮਤੀ ਹਨ, ਦੀ ਸਫਲਤਾ ਇਸੇ ਵਿੱਚ ਹੈ ਕਿ ਇਹ ਗੁਰੂ ਦਾ ਦਰਸ਼ਨ ਕਰਨ।  ਗੁਰੂ ਬਚਨਾਂ ਨੂੰ ਕੰਨਾਂ ਨਾਲ ਸੁਣ ਕੇ ਅਗਰ ਆਪਣੇ ਅੰਦਰ ਵਸਾਇਆ ਜਾਏ ਤਾਂ ਹੀ ਕੰਨਾਂ ਦਾ ਹੋਣਾ ਸਾਰਥਿਕ ਮੰਨਿਆ ਜਾਂਦਾ ਹੈ।  ਮਨੁੱਖੀ ਨੱਕ ਵੀ ਤਦ ਅਮੋਲਕ ਮੰਨਿਆ ਜਾਏਗਾ ਜੇਕਰ ਇਹ ਗੁਰੂ ਦੇ ਚਰਨਾਂ ਦੀ ਸੁਗੰਧ ਲੈਂਦਾ ਰਹੇ ਭਾਵ ਗੁਰੂ ਚਰਨਾਂ ’ਚ ਜੁੜ ਬੈਠੇ ਸਤਿਸੰਗੀਆਂ ਨਾਲ ਪਰਸਪਰ ਪਿਆਰ ਨੂੰ ਸਰਬੋਤਮ ਮੰਨੇ ।  ਜੀਭ ਇੰਦ੍ਰੇ ਦਾ ਹੋਣਾ ਵੀ ਤਾਂ ਹੀ ਸਫਲ ਹੈ ਜਦੋਂ ਇਹ ਪ੍ਰਭੂ ਦਾ ਸਿਮਰਨ ਕਰਦੀ ਰਹੇ। ਹੱਥਾਂ ਦਾ ਪਵਿਤ੍ਰ ਹੋਣਾ ਵੀ ਤਾਂ ਹੀ ਕਿਹਾ ਜਾ ਸਕਦਾ ਹੈ ਜਦੋਂ ਇਹ ਗੁਰੂ ਦੀ ਸੇਵਾ ਵਿੱਚ ਲੱਗੇ ਰਹਿਣ ਅਤੇ ਗੁਰੂ ਦੀ ਪਰਿਕਰਮਾ ਕਰਨ ਨਾਲ ਪੈਰ ਪਵਿਤ੍ਰ (ਸਾਰਥਿਕ, ਸਫਲ) ਹੋ ਜਾਂਦੇ ਹਨ।

ਜੀਵ ਪਤਾ ਨਹੀਂ ਕਿੰਨੀਆਂ ਜੂਨਾਂ ਵਿੱਚੋਂ ਘੁੰਮਦਾ-ਭਟਕਦਾ ਹੋਇਆ ਪ੍ਰਭੂ ਦੀ ਕਿਰਪਾ ਸਦਕਾ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਦਾ ਹੈ।  ਕਦੀ ਕੀੜਿਆਂ ਪਤੰਗਿਆਂ ਦੀ ਜੂਨ ਵਿੱਚ ਰਿਹਾ।, ਕਦੀ ਹਾਥੀ, ਮੱਛੀ, ਹਿਰਨ ਆਦਿ ਜੂਨਾਂ ਵਿੱਚ ਭਟਕਦਾ ਰਿਹਾ।, ਕਦੀ ਸੱਪ ਦੀ, ਕਦੀ ਰੁੱਖ ਦੀ ਤੇ ਕਦੀ ਘੋੜੇ ਦੀ ਜੂਨ ਵਿੱਚ ਪਿਆ ਰਿਹਾ, ਜਿਸ ਕਾਰਨ ਬੜੀ ਦੇਰ ਬਾਅਦ ਇਸ ਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ।  ਇਸ ਲਈ ਹੁਣ ਇਸ ਦਾ ਟੀਚਾ ਪ੍ਰਮਾਤਮਾ ਨੂੰ ਮਿਲ ਕੇ ਉਸ ਵਿੱਚ ਅਭੇਦ ਹੋਣਾ ਹੈ ਤਾਂ ਜੋ ਜਨਮ ਮਰਨ ਤੋਂ ਰਹਿਤ ਹੋ ਜਾਵੇ। ਗੁਰਬਾਣੀ ਫ਼ੁਰਮਾਨ ਹੈ, ‘‘ਕਈ ਜਨਮ ਭਏ, ਕੀਟ ਪਤੰਗਾ॥ ਕਈ ਜਨਮ, ਗਜ ਮੀਨ ਕੁਰੰਗਾ॥ ਕਈ ਜਨਮ, ਪੰਖੀ ਸਰਪ ਹੋਇਓ॥ ਕਈ ਜਨਮ, ਹੈਵਰ ਬ੍ਰਿਖ ਜੋਇਓ॥ ਮਿਲ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ, ਇਹ ਦੇਹ ਸੰਜਰੀਆ॥’’ (ਮ:੫/੧੭੬) ਮਨੁੱਖਾ ਦੇਹੀ ਦੀ ਸਫਲਤਾ ਇਸੇ ਵਿੱਚ ਹੈ ਅਗਰ ਗੁਰੂ ਦੁਆਰਾ ਦੱਸੀ ਗਈ ਸੇਵਾ ਭਗਤੀ ਦੀ ਕਮਾਈ ਕੀਤੀ ਜਾਵੇ, ਨਹੀਂ ਤਾਂ ਮਨੁੱਖਾ ਦੇਹੀ ਨਹੀਂ ਪ੍ਰਾਪਤ ਕੀਤੀ ਬਲਕਿ ਇੱਕ ਹੋਰ ਜੂਨ ਹੀ ਭੋਗੀ ਗਈ ਹੈ।  ਭਗਤ ਕਬੀਰ ਸਾਹਿਬ ਦੇ ਵਚਨ ਹਨ ਕਿ ‘‘ਗੁਰ ਸੇਵਾ ਤੇ ਭਗਤਿ ਕਮਾਈ॥ ਤਬ, ਇਹ ਮਾਨਸ ਦੇਹੀ ਪਾਈ॥’’ (ਭਗਤ ਕਬੀਰ ਜੀ/੧੧੫੯)

ਮਨੁੱਖਾ ਸਰੀਰ ਕਿਸੇ ਕੀਮਤ ਦਿੱਤਿਆਂ ਜਾਂ ਪਦਾਰਥ ਦੇ ਬਦਲੇ ਨਹੀਂ ਮਿਲਦਾ। ਇਹ ਤਾਂ ਚੰਗੇ ਨਸੀਬ ਅਤੇ ਵਾਹਿਗੁਰੂ ਦੀ ਬਖ਼ਸ਼ਸ ਸਦਕਾ ਪ੍ਰਾਪਤ ਹੋਇਆ ਹੈ। ਸੰਸਾਰਕ ਜੂਨਾਂ ਵਿੱਚ ਇਹ ਜੂਨ ਸਭ ਤੋਂ ਉੱਚੀ ਹੈ ਜਿਸ ਵਿੱਚ ਮਨੁੱਖ ਸੇਵਾ ਤੇ ਭਗਤੀ ਕਰ ਕੇ ਪ੍ਰਭੂ ਦੀ ਮਿਹਰ ਦੁਆਰਾ ਉਸੇ ਵਿੱਚ ਅਭੇਦ ਹੋ ਜਾਂਦਾ ਹੈ, ਜਿਸ ਉਪਰੰਤ ਜਨਮ ਮਰਨ ਦੇ ਗੇੜ ਤੋਂ ਮੁਕਤੀ ਮਿਲਣੀ ਸੁਭਾਵਕ ਹੈ।

ਇਸ ਕਬਿੱਤ ਰਾਹੀਂ ਭਾਈ ਸਾਹਿਬ ਜੀ ਨੇ ਜੀਵਾਂ ਨੂੰ ਇਹ ਨਸੀਅਤ ਦਿੱਤੀ ਹੈ ਕਿ ਅਗਰ ਗੁਰੂ ਦੀ ਚਰਨ ਸ਼ਰਨ ਵਿੱਚ ਰਹਿ ਕੇ ਗੁਰੂ ਅਨੁਸਾਰੀ ਹੋ ਕੇ ਜੀਵਨ ਗੁਜਾਰਿਆ ਜਾਏ ਤਾਂ ਹੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਹੋਏਗਾ, ਮਨੁੱਖਾ ਜਨਮ ਸਫਲ ਹੋਏਗਾ। ਗੁਰਬਾਣੀ ਵਿੱਚ ਮਨੁੱਖੀ ਗਿਆਨ ਇੰਦ੍ਰੇ ਤੇ ਕਰਮ ਇੰਦਰਿਆਂ ਵਾਸਤੇ ਵੀ ਬੜੇ ਫ਼ੁਰਮਾਨ ਮਿਲਦੇ ਹਨ। ਅੱਖਾਂ ਨੂੰ ਦੇਖਣ ਦੀ ਸਮਰੱਥਾ ਪ੍ਰਭੂ ਨੇ ਦਿੱਤੀ ਹੈ। ਇਹ ਜੋਤ ਬਜ਼ਾਰੋਂ ਕਿਸੇ ਕੀਮਤ ’ਤੇ ਨਹੀਂ ਮਿਲ ਸਕਦੀ।  ਜਿਨ੍ਹਾਂ ਕੋਲ ਅੱਖਾਂ ਤਾਂ ਹਨ ਪਰ ਉਨ੍ਹਾਂ ਵਿੱਚ ਦੇਖਣ ਦੀ ਸਮਰੱਥਾ ਨਹੀਂ, ਉਹਨਾਂ ਨੂੰ ਪੁੱਛਿਆ ਜਾਏ ਕਿ ਅੱਖ ਵਾਲੀ ਜੋਤ (ਦ੍ਰਿਸ਼ਟੀ) ਦੀ ਕੀ ਕੀਮਤ ਹੁੰਦੀ ਹੈ।  ਗੁਰਮਤਿ ਅਨੁਸਾਰ ਅੱਖਾਂ ਤਾਂ ਹੀ ਸਫਲ ਹਨ ਜੇ ਗੁਰੂ ਦਾ ਦਰਸ਼ਨ ਕਰਨ ਭਾਵ ਕਿ ਸਭ ਵਿੱਚ ਪਰਮਾਤਮਾ ਦੀ ਜੋਤ ਦੇ ਦਰਸ਼ਨ ਕਰਨ, ‘‘ਏ ਨੇਤ੍ਰਹੁ ਮੇਰਿਹੋ  ! ਹਰਿ, ਤੁਮ ਮਹਿ ਜੋਤਿ ਧਰੀ, ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥  ਹਰਿ ਬਿਨੁ ਅਵਰੁ ਨ ਦੇਖਹੁ ਕੋਈ, ਨਦਰੀ ਹਰਿ ਨਿਹਾਲਿਆ ॥  ਏਹੁ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ, ਜਾ ਵੇਖਾ ਹਰਿ ਇਕੁ ਹੈ, ਹਰਿ ਬਿਨੁ ਅਵਰੁ ਨ ਕੋਈ ॥  ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ, ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥’’ (ਮ: ੩/੯੨੨) 

ਇਸੇ ਤਰ੍ਹਾਂ ਕੰਨਾਂ ਵਾਸਤੇ ਵੀ ਹੁਕਮ ਹੈ ਕਿ ਕੰਨਾਂ ਨਾਲ ਗੁਰੂ ਦੀ ਬਾਣੀ ਸੁਣੀ ਜਾਏ ਤਾਂ ਹੀ ਇਹ ਸਫਲ ਹਨ, ਪਵਿੱਤਰ ਹਨ।, ਨਾਸਿਕਾ ਦੀ ਸਫਲਤਾ ਗੁਰੂ ਦੇ ਚਰਨ ਕਮਲਾਂ ਦੀ ਸੁਗੰਧੀ ਲੈਣ ਵਿੱਚ ਹੈ, ‘‘ਏ ਸ੍ਰਵਣਹੁ ਮੇਰਿਓ !  ਸਾਚੇ ਸੁਨਣੇ ਨੋ ਪਠਾਏ॥.. ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ, ਸਾਚੈ (ਨੇ), ਸੁਨਣੈ ਨੋ ਪਠਾਏ (ਭੇਜੇ)॥’’ (ਮ:੩/੯੨੨) ਗੁਰੂ ਕੋਲੋਂ ਦੀਖਿਆ ਲੈ ਕੇ, ਜੋ ਗੁਰ ਮੰਤ੍ਰ ਗੁਰੂ ਦੇਵੇ ਉਸ ਦਾ ਸਿਮਰਨ (ਜਾਪ) ਰਸਨਾ ਨਾਲ ਕਰਨਾ ਚਾਹੀਦਾ ਹੈ। ਰਸਨਾ ਨਾਲ ਨਾਮ ਜਪਿਆਂ ਇਕੱਤਰ ਕੀਤੀ ਗਈ ਪੂੰਜੀ ਹੀ ਮਨੁੱਖ ਦੇ ਅਖੀਰ ਵੇਲੇ ਸਹਾਈ ਹੁੰਦੀ ਹੈ, ਜੋ ਰਸਨਾ ਦੀ ਸਫਲਤਾ ਦਾ ਪ੍ਰਤੀਕ ਮੰਨੀ ਜਾਂਦੀ ਹੈ, ‘‘ਰਸਨਾ ਜਪੀਐ ਏਕੁ ਨਾਮੁ॥ ਈਹਾ ਸੁਖੁ ਆਨੰਦੁ ਘਨਾ, ਆਗੈ ਜੀਅ ਕੈ ਸੰਗਿ ਕਾਮ॥’’ (ਮ:੫/੨੧੧) ਹੱਥਾਂ ਨਾਲ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਇਸੇ ਵਿੱਚ ਹੀ ਮਨੁੱਖ ਦੀ ਕਲਿਆਨਤਾ ਹੈ, ‘‘ਹਸਤ ਹਮਰੇ ਸੰਤ ਟਹਲ॥’’ (ਮ:੫/੯੮੭) ਇਸ ਤੁਕ ’ਚ ਦਰਜ ‘ਸੰਤ’ ਤੋਂ ਭਾਵ ਗੁਰੂ ਹੈ। ਚਰਨ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨ ਤਾਂ ਹੀ ਇਹ ਸਫਲ ਹਨ, ‘‘ਚਰਨ ਚਲਉ ਮਾਰਗਿ ਗੋਬਿੰਦ॥ ਮਿਟਹਿ ਪਾਪ, ਜਪੀਐ ਹਰਿ ਬਿੰਦ॥’’ (ਮ:੫/੨੮੧  ਭਾਈ ਗੁਰਦਾਸ ਜੀ ਦੇ ਇਸ ਕਬਿੱਤ ’ਚ ਮਨੁੱਖਾ ਮਨੋਰਥ ਦੀ ਅਹਿਮਤੀ ਨੂੰ ਦਰਸਾਉਣਾ ਹੈ ਤਾਂ ਜੋ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਤੇ ਬੜੇ ਵਡੇ ਭਾਗਾਂ ਨਾਲ ਮਿਲੇ ਦੀ ਮਨੁੱਖ ਕਦਰ ਕਰੇ, ਇਸ ਨੂੰ ਗੁਰੂ ਦੇ ਅਰਪਨ ਕਰ ਗੁਰੂ ਉਪਦੇਸ਼ ਅਨੁਸਾਰ ਆਪਣੇ ਗਿਆਨ ਇੰਦਰਿਆਂ ਦੀ ਸਾਰਥਕ ਵਰਤੋਂ ਕਰ ਕੇ ਆਪਣੇ ਜਨਮ ਨੂੰ ਸਫਲਾ ਕਰੇ, ਆਵਾ ਗਾਉਣ ਤੋਂ ਮੁਕਤੀ ਪ੍ਰਾਪਤ ਕਰ ਸਕੇ।