ਜਿਸ ਡਿਠੈ ਸਭਿ ਦੁਖਿ ਜਾਇ
-ਰਮੇਸ਼ ਬੱਗਾ ਚੋਹਲਾ ੦੯੪੬੩੧-੩੨੭੧੯
ਸਿੱਖ ਧਰਮ ਮਾਨਵੀ ਕਦਰਾਂ-ਕੀਮਤਾਂ ਦੀ ਪਹਿਰੇਦਾਰੀ ਕਰਨ ਦੇ ਨਾਲ-ਨਾਲ ਆਪਸੀ ਪਿਆਰ, ਭਾਈਚਾਰੇ ਅਤੇ ਬਰਾਬਰੀ ਦੀ ਹਮਾਇਤ ਕਰਦਾ ਆ ਰਿਹਾ ਹੈ। ਦਸਾਂ ਗੁਰੂ ਸਾਹਿਬਾਨ ਅਤੇ ਗੁਰੂ ਘਰ ਦੇ ਨਿਕਟਵਰਤੀਆਂ ਦਾ ਜੀਵਨ ਸਿੱਖੀ ਦੇ ਤਿੰਨ ਸੁਨਿਹਰੀ ਸਿਧਾਂਤਾਂ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ ਨੂੰ ਪਰਨਾਇਆ ਰਿਹਾ ਹੈ। ਇਨ੍ਹਾਂ ਸਿਧਾਂਤਾ ਦੀ ਤਰਜ਼ਮਾਨੀ ਕਰਨ ਵਾਲੀ ਜੀਵਨ-ਜਾਚ ਹੀ ਬਾਬੇਕਿਆਂ ਵੱਲੋਂ ਵਡਿਆਈ ਅਤੇ ਸਲਾਹੀ ਜਾਂਦੀ ਰਹੀ ਹੈ। ਸਿੱਖ ਵਿਚਾਰਧਾਰਾ ਇਨ੍ਹਾਂ ਸਿਧਾਂਤਾ ਤੋਂ ਸੱਖਣੇ ਵਿਹਾਰ ਨੂੰ ਨਾ ਸਿਰਫ਼ ਰੱਦ ਹੀ ਕਰਦੀ ਹੈ, ਸਗੋਂ ਸਜ਼ਾ ਦਾ ਭਾਗੀ ਵੀ ਸਮਝਦੀ ਹੈ; ਜਿਵੇਂ ਕਿ ਗੁਰੂ ਸਾਹਿਬ ਦਾ ਫ਼ੁਰਮਾਨ ਹੈ:
ਸੋ ਸਿਖੁ, ਸਖਾ ਬੰਧਪੁ ਹੈ ਭਾਈ !
ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ, ਜੋ ਚਲੈ ਭਾਈ !
ਵਿਛੁੜਿ ਚੋਟਾ ਖਾਵੈ ॥ (ਮ: ੩/੬੦੧)
ਭਾਵ ਜਿਹੜਾ ਵਿਅਕਤੀ ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਦਾ ਧਾਰਨੀ ਬਣ ਜਾਂਦਾ ਹੈ, ਉਸ ਦੇ ਲੋਕ ਤੇ ਪ੍ਰਲੋਕ ਦੋਵੇਂ ਲੇਖੇ ਲੱਗ ਜਾਂਦੇ ਹਨ, ਪਰ ਜਿਹੜਾ ਵਿਅਕਤੀ ਗੁਰੂ ਦੀ ਗੱਲ ਨੂੰ ਅਣਸੁਣੀ ਕਰ ਕੇ ਕੇਵਲ ਆਪਣੀ ਸਮਝ ਹੀ ਵਰਤੋਂ ਵਿੱਚ ਲਿਆਉਂਦਾ ਹੈ (ਉਸ ਨੂੰ ਪਰਮਾਤਮਾ ਤੋਂ) ਵਿਛੋੜੇ ਦੀਆਂ ਸੱਟਾਂ ਹੀ ਖਾਣੀਆਂ ਪੈਂਦੀਆਂ ਹਨ। ਇਨ੍ਹਾਂ ਸੱਟਾਂ ਤੋਂ ਬਚਣ ਲਈ ਗੁਰੂ ਸਾਹਿਬ ਮਨੁੱਖ ਨੂੰ ਜਿੱਥੇ ਸਦਾਚਾਰੀ ਜੀਵਨ ਜਿਉਣ ਲਈ ਪ੍ਰੇਰਦੇ ਹਨ, ਉੱਥੇ ਪਰਮ ਪ੍ਰੇਮ ਦੀ ਹਾਮੀ ਵੀ ਭਰਦੇ ਹਨ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਰਾਗ ਗਾਉੜੀ, ਸੁਖਮਨੀ, ਪੰਨਾ ੨੬੬ ਉੱਪਰ ਤਸਦੀਕ ਕਰਦੇ ਹਨ, ‘‘ਸਰਬ ਧਰਮ ਮਹਿ; ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ॥’’ (ਮ: ੫/੨੬੬) ਜਿਹੜੇ ਮਨੁੱਖਾਂ ਦੀ ਜੀਵਨ-ਸ਼ੈਲੀ ਇਨ੍ਹਾਂ ਪਾਵਨ ਪੰਕਤੀਆਂ ਦੀ ਅਨੁਸਾਰੀ ਹੋ ਜਾਂਦੀ ਹੈ ਉਹ ਨਾ ਸਿਰਫ਼ ਆਮ ਤੋਂ ਖ਼ਾਸ ਹੋ ਜਾਂਦੇ ਹਨ ਸਗੋਂ ਲੁਕਾਈ ਵੱਲੋਂ ਰੱਜ ਕੇ ਸਤਿਕਾਰੇ ਅਤੇ ਪਿਆਰੇ ਵੀ ਜਾਂਦੇ ਹਨ। ਇਨ੍ਹਾਂ ਰਾਹਾਂ ਦੇ ਪਾਂਧੀਆਂ ਦਾ ਜੀਵਨ ਪੰਧ ਬੇਸ਼ੱਕ ਛੁਟੇਰਾ ਹੁੰਦਾ ਹੈ। ਪਰ ਸੇਵਾ, ਸਿਮਰਨ ਤੇ ਸ਼ਰਧਾ ਉਨ੍ਹਾਂ ਨੂੰ ਮੂਹਰਲੀਆਂ ਸਫ਼ਾਂ ਵਿੱਚ ਲੈ ਆਉਂਦੀ ਹੈ। ਆਪਣੇ ਗੁਣਾ ਸਦਕਾ, ਉਹ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਅਤੇ ਪਾਤਸ਼ਾਹੀਆਂ ਦੇ ਪਾਤਰ ਬਣਦੇ ਆ ਰਹੇ ਹਨ। ਇਨ੍ਹਾਂ ਪਾਤਰਾਂ ਵਿੱਚ ਹੀ ਇਕ ਨਾਮ ਹੈ ਗੁਰੂ ਨਾਨਕ ਪਾਤਸ਼ਾਹ ਦੀ ਅੱਠਵੀਂ ਜੋਤ ‘ਸ੍ਰੀ ਗੁਰੂ ਹਰਿਕ੍ਰਿਸ਼ਨ ਜੀ’ ਦਾ।
ਦੁਨਿਆਵੀ ਤੌਰ ਤੇ (ਗੁਰੂ) ਹਰਿਕ੍ਰਿਸ਼ਨ ਜੀ ਭਾਵੇਂ ਬਚਪਨ ਦੀਆਂ ਬਰੂਹਾਂ ਤੇ (ਸਵਾ ਕੁ ਪੰਜ ਸਾਲ) ਹੀ ਵਿਚਰਦੇ ਰਹੇ ਸਨ ਪਰ ਕੁੱਝ ਵਿਸ਼ੇਸ਼ ਗੁਣਾਂ ਅਤੇ ਸਿੱਖੀ ਦੀ ਸਮਝ ਸਦਕਾ ਗੁਰੂ ਪਿਤਾ ਸ੍ਰੀ ਹਰਿਰਾਇ ਸਾਹਿਬ ਨੇ ਉਨ੍ਹਾਂ ਨੂੰ ਗੁਰੂ ਘਰ ਦੀ ਵਡੇਰੀ ਅਤੇ ਉਚੇਰੀ ਜ਼ਿੰਮੇਵਾਰੀ ਸੰਭਾਲਣ ਲਈ ਦਿੱਤੀ। ਆਪ ਜੀ ਵੱਲੋਂ ਜਿੱਥੇ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਗਿਆ ਉੱਥੇ ਆਪਣੇ ਗੁਰੂ-ਕਾਲ (ਢਾਈ ਕੁ ਸਾਲ) ਵਿੱਚ ਕੁੱਝ ਅਜਿਹੀਆਂ ਪਿਰਤਾਂ ਵੀ ਪਾਈਆਂ ਜਿਨ੍ਹਾਂ ਸਦਕਾ ਰੋਜ਼ਾਨਾ ਸਰਬਤ ਦੇ ਭਲੇ ਲਈ ਕੀਤੀ ਜਾਣ ਵਾਲੀ ਅਰਦਾਸ ਵਿੱਚ ਆਪ ਦੇ ਨਾਮ ਦਾ ਜ਼ਿਕਰ ‘ਜਿਸ ਡਿਠੈ ਸਭਿ ਦੁਖਿ ਜਾਇ’ ਕਰ ਕੇ ਕੀਤਾ ਜਾਂਦਾ ਹੈ।
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ੨੦ ਜੁਲਾਈ ੧੬੫੨ ਈ: ਨੂੰ ਪਿਤਾ ਗੁਰੂ ਹਰਿਰਾਇ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਗ੍ਰਹਿ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਕੁਝ ਇਤਿਹਾਸਕਾਰਾਂ ਨੇ ੭ ਜੁਲਾਈ ੧੬੫੬ ਈ. ਅਤੇ ਮਾਤਾ ਦਾ ਨਾਂ ਬੀਬੀ ਕ੍ਰਿਸ਼ਨ ਕੌਰ ਜੀ ਲਿਖਿਆ ਹੈ ਪਰ ਸੰਨ ੧੬੫੬ ’ਚ ਕਿਸੇ ਬੀਬੀ ਦੇ ਨਾਂ ਨਾਲ਼ ‘ਕੌਰ’ ਸ਼ਬਦ ਨਹੀਂ ਲਿਖਿਆ ਜਾਂਦਾ ਸੀ।
ਜਿੱਥੇ ਗੁਰੂ ਹਰਿਕ੍ਰਿਸ਼ਨ ਜੀ ਦੇ ਮੁੱਖੜੇ ਦੀ ਦਿੱਖ ਮਨਾਂ ਨੂੰ ਮੋਹਣਵਾਲੀ ਸੀ, ਉੱਥੇ ਉਨ੍ਹਾਂ ਦਾ ਹਿਰਦਾ ਵੀ ਅਤਿ ਕੋਮਲ ਸੀ। ਆਪ ਜੀ ਦੇ ਬਚਪਨ ਦਾ ਵਧੇਰੇ ਸਮਾਂ ਗੁਰੂ ਹਰਿਰਾਇ ਜੀ ਦੀ ਛਤਰ-ਛਾਂਇਆ ਹੇਠ ਬਤੀਤ ਹੋਣ ਕਰ ਕੇ ਆਪ ਜੀ ਦੇ ਸੁਭਾਅ ਅਤੇ ਨਿਭਾਅ ਉੱਪਰ ਗੁਰੂ ਪਿਤਾ ਦਾ ਕਾਫ਼ੀ ਡੂੰਘਾ ਪ੍ਰਭਾਵ ਸੀ। ਇਸ ਪ੍ਰਭਾਵ ਸਦਕਾ ਹੀ (ਗੁਰੂ) ਹਰਿਕ੍ਰਿਸ਼ਨ ਜੀ ਆਈਆਂ ਸੰਗਤਾਂ ਨੂੰ ਲੰਗਰ-ਪਾਣੀ ਛਕਾਉਣ ਦੀ ਸੇਵਾ ਵਿੱਚ ਜੁਟੇ ਰਹਿੰਦੇ ਸਨ।
ਰਾਜਸੀ ਲਾਹਾ ਲੈਣ ਦੀ ਤਾਕ ਵਿਚ ਧੀਰਮੱਲ ਨੇ ਗੁਰੂ ਘਰ ਦੇ ਖਿਲਾਫ਼ ਉਸ ਵਕਤ ਦੇ ਹਾਕਮ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਔਰੰਗਜ਼ੇਬ ਵੀ ਧੀਰਮੱਲ ਦੀਆਂ ਕਈ ਸ਼ਿਕਾਇਤਾਂ ਨੂੰ ਇੱਕ ਕੰਨ ਰਾਹੀਂ ਸੁਣ ਕੇ ਦੂਜੇ ਕੰਨ ਰਾਹੀਂ ਬਾਹਰ ਕੱਢ ਦਿੰਦਾ ਰਿਹਾ ਸੀ ਪਰ ਜਦੋਂ ਉਸ ਨੂੰ ਇਸ ਗੱਲ ਦਾ ਇਲਮ ਹੋਇਆ ਕਿ ਸੱਤਵੇ ਪਾਤਸ਼ਾਹ ਸ੍ਰੀ ਹਰਿਰਾਇ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਹੈ ਤਾਂ ਉਸ ਨੇ ਗੁਰੂ ਜੀ ਨੂੰ ਦਿੱਲੀ ਆਉਣ ਲਈ ਸੰਮਨ ਭੇਜ ਦਿੱਤੇ। ਸੰਗਤਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਗੁਰੂ ਸਾਹਿਬ ਔਰੰਗਜ਼ੇਬ ਨੂੰ ਮਿਲਣ ਤੋਂ ਸਾਫ਼ ਇਨਕਾਰੀ ਹੋ ਗਏ। ਰਾਜਪੂਤ ਰਾਜਿਆਂ ਦੀ ਸਲਾਹ ਨਾਲ ਬਾਦਸ਼ਾਹ ਨੇ ਗੁਰੂ ਜੀ ਨੂੰ ਦੁਬਾਰਾ ਚਿੱਠੀ ਭੇਜ ਦਿੱਤੀ। ਚਿੱਠੀ ਦੀ ਭਾਸ਼ਾ ਕੁੱਝ ਨਿਮਰ ਅਤੇ ਆਦਰਮਈ ਹੋਣ ਕਰ ਕੇ ਸਤਵੇਂ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮਰਾਇ ਨੂੰ ਦਿੱਲੀ ਭੇਜਣ ਦਾ ਨਿਰਣਾ ਲੈ ਲਿਆ ਕਿਉਂਕਿ ਗੁਰਮਤਿ ਦੇ ਜਾਣਕਾਰ ਹੋਣ ਦੇ ਨਾਲ-ਨਾਲ ਬਾਬਾ ਰਾਮਰਾਇ ਹਾਜ਼ਰ-ਜਵਾਬ ਵੀ ਸਨ।
ਜਦੋਂ ਬਾਬਾ ਰਾਮਰਾਇ ਜੀ ਨੇ ਦਿੱਲੀ ਜਾ ਕੇ ਔਰੰਗਜ਼ੇਬ ਨਾਲ ਸੰਵਾਦ ਰਚਾਇਆ ਤਾਂ ਉਸ ਦੀ ਦਿਮਾਗ਼ਦਾਰੀ ਦਾ ਬਾਦਸ਼ਾਹ ’ਤੇ ਚੰਗਾ ਪ੍ਰਭਾਵ ਪਿਆ, ਪਰ ਜਦੋਂ ਬਾਦਸ਼ਾਹ ਦੀਆਂ ਖ਼ੁਸ਼ੀਆਂ ਹਾਸਲ ਕਰਨ ਖ਼ਾਤਰ ਰਾਮਰਾਇ ਨੇ ਬਾਬੇ ਦੀ ਬਾਣੀ ‘‘ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ ॥’’ (ਮ: ੧/੪੬੬) ਤੋਂ ਬਦਲ ਕੇ ‘ਮਿੱਟੀ ਬੇਈਮਾਨ ਕੀ ……।’’ ਤਬਦੀਲ ਕਰ ਦਿੱਤੀ ਤਾਂ ਉਨ੍ਹਾਂ ਨੂੰ ਗੁਰੂ ਨਾਨਕ ਦੇ ਘਰ ’ਚੋਂ ਦੁਰਕਾਰਿਆ ਗਿਆ। ਉਸ ਦੇ ਇਸ ਨਾਬਖ਼ਸ਼ਣਯੋਗ ਗੁਨਾਹ ਬਦਲੇ ਗੁਰੂ ਪਿਤਾ ਨੇ ਉਸ ਦੇ ਮੱਥੇ ਲੱਗਣ ਤੋਂ ਹੀ ਨਾਂਹ ਕਰ ਦਿੱਤੀ।
ਰਾਮਰਾਇ ਦੀ ਇਸ ਨਾਲਾਇਕੀ ਕਾਰਨ ਗੁਰੂ ਹਰਿਰਾਇ ਸਾਹਿਬ ਨੇ ੬ ਅਕਤੂਬਰ ੧੬੬੧ ਈ. ਨੂੰ ਆਪਣੇ ਛੋਟੇ ਸਾਹਿਬਜ਼ਾਦੇ (ਗੁਰੂ) ਹਰਿਕ੍ਰਿਸ਼ਨ ਜੀ ਨੂੰ ਸਿੱਖ ਕੌਮ ਦੀ ਰਹਿਨੁਮਾਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਸਮੇਂ ਆਪ ਜੀ ਦੀ ਉਮਰ 9 ਸਾਲ ਢਾਈ ਕੁ ਮਹੀਨੇ ਬਣਦੀ ਸੀ। ਦੁਨਿਆਵੀ ਤੌਰ ’ਤੇ ਇਹ ਸਮਾਂ ਹਾਣੀਆਂ ਨਾਲ ਖੇਡਣ-ਮੱਲਣ ਦਾ ਸਮਝਿਆ ਜਾਂਦਾ ਹੈ। ਇਸ ਕਰ ਕੇ ਇਹ ਵਕਤ ਸਿੱਖਾਂ ਦੀ ਸਿਦਕਦਿਲੀ ਅਤੇ ਸ਼ਰਧਾ ਨੂੰ ਪਰਖਣ ਦਾ ਵੀ ਸੀ ਕਿਉਂਕਿ ਗੁਰੂ ਘਰ ਦੇ ਦੋਖੀ (ਧੀਰਮੱਲੀਏ ਅਤੇ ਰਾਮ ਰਾਈਏ) ਗੁਰੂ ਘਰ ਨੂੰ ਢਾਹ ਲਗਾਉਣ ਲਈ ਸੰਗਤਾਂ ਵਿੱਚ ਭਰਮ-ਭੁਲੇਖੇ ਪੈਦਾ ਕਰਨ ਦੇ ਕੋਝੇ ਜਤਨ ਕਰ ਰਹੇ ਸਨ, ਪਰ ਇਨ੍ਹਾ ਭਰਮ-ਭੁਲੇਖਿਆਂ ਦੇ ਬਾਵਜੂਦ ਵੀ ਗੁਰੂ ਹਰਿਕ੍ਰਿਸ਼ਨ ਜੀ ਨੇ ਉਮਰ ਛੁਟੇਰੀ ਪਰ ਅਕਲ ਵਡੇਰੀ ਦਾ ਸਬੂਤ ਦਿੰਦਿਆਂ ਗੁਰਿਅਈ ਦੀ ਜ਼ਿੰਮੇਵਾਰੀ (੬-੧੦-੧੬੬੧ ਤੋਂ ੩੦-੩-੧੬੬੪ ਕੁੱਲ ੨ ਸਾਲ ੫ ਮਹੀਨੇ ੨੪ ਦਿਨ) ਸਾਬਤ ਕਦਮਾਂ ਨਾਲ ਨਿਭਾਈ।
ਗੁਰੂ ਹਰਿਕ੍ਰਿਸ਼ਨ ਜੀ ਸੇਵਾ ਅਤੇ ਸਿਮਰਨ ਦਾ ਸੁਮੇਲ ਹੋਣ ਦੇ ਨਾਲ-ਨਾਲ ਪਰਉਪਕਾਰੀ ਸੁਭਾਅ ਦੇ ਮਾਲਕ ਵੀ ਸਨ। ਜਿਹੜਾ ਵੀ ਵਿਅਕਤੀ ਉਨ੍ਹਾਂ ਦੇ ਦਰਸ਼ਨ ਕਰ ਲੈਂਦਾ ਸੀ ਉਸ ਦਾ ਜੀਵਨ ਹੀ ਬਦਲ ਜਾਂਦਾ ਸੀ। ਪੇਸ਼ਾਵਰ ਦੀਆਂ ਸੰਗਤਾਂ ਵਿੱਚ ਇਕ ਜਸਵੰਤ ਰਾਇ ਨਾਮਕ ਚੋਰ ਸੰਗਤਾਂ ਦੀਆਂ ਜੇਬਾਂ ਕੱਟਣ ਦੀ ਨੀਅਤ ਨਾਲ ਘੁਸ ਗਿਆ। ਜਦੋਂ ਗੁਰੂ ਹਰਿਕ੍ਰਿਸ਼ਨ ਦੇ ਸਨਮੁਖ ਹੋਇਆ ਤਾਂ ਗੁਰੂ ਸਾਹਿਬ ਦੇ ਮੁਖਾਰਬਿੰਦ ’ਚੋਂ ਸੁਭਾਵਕ ਹੀ ਨਿਕਲ ਗਿਆ, ‘‘ਚੋਰ ਕੀ ਹਾਮਾ; ਭਰੇ ਨ ਕੋਇ ॥ ਚੋਰੁ ਕੀਆ; ਚੰਗਾ ਕਿਉ ਹੋਇ ?॥’’ (ਮ: ੧/੬੬੨)
ਇਸ ਮਹਾਂਵਾਕ ਨੂੰ ਸੁਣਦਿਆਂ ਹੀ ਜਸਵੰਤ ਰਾਇ ਦੇ ਨੇਤਰਾਂ ਵਿੱਚੋਂ ਪਾਣੀ ਆ ਗਿਆ ਅਤੇ ਉਸ ਨੇ ਚੋਰੀ ਤੋਂ ਤੋਬਾ ਕਰ ਲਈ। ਇਸ ਤਰ੍ਹਾਂ ਇੱਕ ਗੇਂਦਾ ਮੱਲ ਨਾਂ ਦੇ ਜੁਆਰੀਏ ਨੇ ਦਰਬਾਰ ਵਿੱਚ ਆ ਕੇ ਗੁਰੂ ਸਾਹਿਬ ਦੇ ਚਰਨ ਫੜ ਲਏ ਅਤੇ ਛੱਡੇ ਹੀ ਨਾ। ਗੁਰਦੇਵ ਨੇ ਕਿਹਾ, ‘‘ਸੀਸਿ ਨਿਵਾਇਐ ਕਿਆ ਥੀਐ ? ਜਾ ਰਿਦੈ ਕੁਸੁਧੇ ਜਾਹਿ ॥’’ (ਮ: ੧/੪੭੦) ਗੇਂਦਾ ਮੱਲ ਦਾ ਅੰਦਰਲਾ (ਮਨ) ਹਿੱਲ ਗਿਆ ਅਤੇ ਉਸ ਨੇ ਹੱਥ ਜੋੜ ਕੇ ਗੁਰੂ ਜੀ ਕੋਲੋਂ ਮੁਆਫ਼ੀ ਮੰਗੀ ਅਤੇ ਅੱਗੇ ਤੋਂ ਬੁਰੀਆਂ ਆਦਤਾਂ ਨੂੰ ਤਿਆਗਣ ਦਾ ਵਾਅਦਾ ਕੀਤਾ।
ਰਾਮ ਰਾਇ ਦੀਆਂ ਸ਼ਿਕਾਇਤਾਂ ਦੇ ਅਸਰ ਕਾਰਨ ਅਤੇ ਕੁੱਝ ਆਪਣੇ ਮਨ ਦੇ ਤੌਖਲੇ ਨੂੰ ਮਿਟਾਉਣ ਖਾਤਰ ਉਸ ਵਕਤ ਦੇ ਹਾਕਮ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਬੁਲਾ ਲਿਆ। ਇਸ ਕੰਮ ਲਈ ਉਸ ਨੇ ਇਕ ਖਾਸ ਅਫ਼ਸਰ ਮਿਰਜ਼ਾ ਜੈ ਸਿੰਘ ਦੀ ਡਿਊਟੀ ਲਗਾਈ, ਜੋ ਗੁਰੂ ਘਰ ਪ੍ਰਤੀ ਕੁੱਝ ਸਤਿਕਾਰਤ ਭਾਵਨਾ ਰੱਖਦਾ ਸੀ।
ਗੁਰੂ ਹਰਿਕ੍ਰਿਸ਼ਨ ਜੀ ਨੇ ਉਸ ਵਕਤ ਦੇ ਕੁੱਝ ਮੁੱਖੀ ਸਿੱਖਾਂ (ਭਾਈ ਦਰਗਾਹ ਮੱਲ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ ਅਤੇ ਕੁੱਝ ਹੋਰ ਸਲਾਹਕਾਰਾਂ) ਨਾਲ ਸਲਾਹ ਕੀਤੀ ਤਾਂ ਉਨ੍ਹਾਂ ਨੇ ਦਿੱਲੀ ਜਾਣ ਦੀ ਹਾਮੀ ਭਰ ਦਿੱਤੀ। ਇਸ ਹਾਮੀ ਵਜੋਂ ਗੁਰੂ ਸਾਹਿਬ ਦਿੱਲੀ ਜਾਣ ਲਈ ਰਜ਼ਾਮੰਦ ਤਾਂ ਹੋ ਗਏ ਪਰ ਉਨ੍ਹਾਂ ਨੇ ਦੁਸ਼ਟ ਔਰੰਗਜ਼ੇਬ ਦੇ ਮੱਥੇ ਨਾ ਲੱਗਣ ਦਾ ਫ਼ੈਸਲਾ ਵੀ ਸੁਣਾ ਦਿੱਤਾ। ਸੰਗਤਾਂ ਨੇ ਗੁਰੂ ਸਾਹਿਬ ਦੇ ਫ਼ੈਸਲੇ ’ਤੇ ਆਪਣੀ ਮੋਹਰ ਲਗਾ ਦਿੱਤੀ।
ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਸੇਵਾ-ਸੰਭਾਲ਼ ਦਾ ਕੰਮ ਭਾਈ ਭਗਤਾ ਜੀ ਅਤੇ ਸ਼ਰਧਾਵਾਨ ਸਿੱਖਾਂ ਨੂੰ ਸੌਂਪ ਕੇ ਭਾਈ ਗੁਰਬਖ਼ਸ਼ ਸਿੰਘ, ਭਾਈ ਮਨੀ ਸਿੰਘ, ਪੰਜਾਬਾ ਮਸੰਦ, ਭਾਈ ਦਿਆਲਾ ਜੀ, ਮੁਨਸ਼ੀ ਸੰਗਤੀਆਂ, ਦੀਵਾਨ ਸਤੀ ਰਾਮ ਅਤੇ ਹੋਰ ਸੰਗਤਾਂ ਸਮੇਤ ਦਿੱਲੀ ਵੱਲ ਨੂੰ ਚੱਲ ਪਏ। ਰਸਤੇ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਜਿੱਥੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ-ਦੀਦਾਰੇ ਦੇ ਕੇ ਨਿਹਾਲ ਕਰਦੇ ਜਾ ਰਹੇ ਸਨ, ਉੱਥੇ ਗੁਰੂ ਨਾਨਕ ਦੇ ਘਰ ਦਾ (ਸਾਂਝੀਵਾਲਤਾ ਵਾਲ਼ਾ) ਸੰਦੇਸ਼ ਵੀ ਦੇਈ ਜਾ ਰਹੇ ਸਨ।
ਦਿੱਲੀ ਦਾ ਸਫ਼ਰ ਤਹਿ ਕਰਦਿਆਂ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਪੰਜੋਖੜੇ ਪਹੁੰਚੇ ਤਾਂ ਇੱਥੋਂ ਦਾ ਇਕ ਹੰਕਾਰੀ ਪੰਡਿਤ ਲਾਲ ਚੰਦ ਸੰਗਤਾਂ ’ਚ ਚੁੱਪ-ਚਪੀਤੇ ਹੀ ਆ ਕੇ ਬਹਿ ਗਿਆ ਤੇ ਸਮਾਂ ਮਿਲਦਿਆਂ ਹੌਲ਼ੀ ਦੇਣੇ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਤੁਹਾਨੂੰ ਗੀਤਾ ਦੇ ਅਰਥ ਆਉਂਦੇ ਹਨ ? ਗੁਰੂ ਜੀ ਨੇ ਜਵਾਬ ਦਿੱਤਾ ਕਿ ਕੇਵਲ ਮੈਨੂੰ ਹੀ ਨਹੀਂ ਸਗੋਂ ਮੇਰੇ ਹਰ ਗੁਰਸਿੱਖ ਨੂੰ ਗੀਤਾ ਸਮੇਤ ਤੁਹਾਡੇ ਸਾਰੇ ਧਾਰਮਿਕ ਗ੍ਰੰਥਾਂ ਦੇ ਅਰਥ ਆਉਂਦੇ ਹਨ। ਤੁਸੀਂ ਆਪਣੀ ਤਸੱਲੀ ਲਈ ਕਿਸੇ ਤੋਂ ਪੁੱਛ ਸਕਦੇ ਹੋ ਤਾਂ ਪੰਡਿਤ ਨੇ ਇੱਕ ਸਾਧਾਰਨ ਜਿਹੇ ਵਿਚਰਦੇ ਸਿੱਖ ਛੱਜੂ ਰਾਮ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਇਹ ਵੀ ਮੈਨੂੰ ਨਿਰੁਤਰ ਕਰ ਸਕਦਾ ਹੈ ਤਾਂ ਗੁਰੂ ਜੀ ਨੇ ਕਿਹਾ ਕਿਉਂ ਨਹੀਂ, ਤੁਸੀਂ ਬੁਲਾ ਲਓ ਤੇ ਆਪਣੀ ਤਲੱਸੀ ਕਰ ਲਓ। ਛੱਜੂ ਰਾਮ ਨੇ ਪੰਡਿਤ ਲਾਲ ਚੰਦ ਦੁਆਰਾ ਚੁਣੇ ਗਏ ਗੀਤਾ ਦੇ ਕਠਿਨ ਸਲੋਕ ਦੇ ਨਿਵੇਕਲੇ ਤਰੀਕੇ ਨਾਲ ਅਰਥ ਕਰ ਕੇ ਪੰਡਿਤ ਨੂੰ ਅਚੰਭੇ ’ਚ ਪਾ ਦਿੱਤਾ ਤੇ ਉਹ ਗੁਰੂ ਜੀ ਦੇ ਚਰਨਾਂ ’ਤੇ ਢਹਿ ਕੇ ਮੁਆਫ਼ੀ ਮੰਗਣ ਲੱਗਾ।
ਜਦੋਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਪਹੁੰਚੇ ਤਾਂ ਰਾਜਾ ਜੈ ਸਿੰਘ ਸਮੇਤ ਦਿੱਲੀ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਉਸ ਨੇ ਗੁਰੂ ਸਾਹਿਬ ਦਾ ਪੜਾਅ ਵੀ ਆਪਣੇ ਮਹੱਲ ਵਿੱਚ ਹੀ ਕਰਵਾਇਆ। ਰਾਜਾ ਜੈ ਸਿੰਘ ਭਾਵੇਂ ਗੁਰੂ ਘਰ ਦਾ ਪ੍ਰੀਤਵਾਨ ਸੀ ਪਰ ਉਸ ਦੀ ਰਾਣੀ ਨੇ ਗੁਰੂ ਨਾਨਕ ਜੋਤ ਨੂੰ ਪਰਖਣ ਦੀ ਠਾਣ ਲਈ। ਉਸ (ਰਾਣੀ) ਨੇ ਅਮੀਰ ਘਰਾਣਿਆਂ ਦੀਆਂ ਕੁੱਝ ਤ੍ਰੀਮਤਾਂ ਨੂੰ ਇਕੱਠਿਆਂ ਕਰ ਲਿਆ ਅਤੇ ਕਹਿਣ ਲੱਗੀ ਕਿ ਜੇਕਰ ਗੁਰੂ ਅੰਤਰਜ਼ਾਮੀ ਹੋਵੇਗਾ ਤਾਂ ਉਹ ਸਿਰਫ਼ ਮੇਰੀ ਹੀ ਗੋਦ ਵਿੱਚ ਬੈਠੇਗਾ। ਗੁਰੂ ਸਾਹਿਬਾਨ, ਬਾਕੀ ਸਾਰੀਆਂ ਔਰਤਾਂ ਕੋਲੋਂ ਲੰਘ ਕੇ ਰਾਣੀ ਦੀ ਗੋਦ ਵਿੱਚ ਜਾ ਬੈਠੇ। ਰਾਣੀ ਨੇ ਗੁਰੂ ਜੀ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਸ਼ਰਧਾ ਦੇ ਹੰਝੂ ਵਹਿਣ ਲੱਗ ਪਏ।
ਆਪਣੇ ਪਿਤਾ ਗੁਰੂ ਹਰਿਰਾਇ ਜੀ ਵਾਂਗ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਵੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਆਪ ਜੀ ਦਾ ਵਿਚਾਰ ਸੀ ਕਿ ਔਰੰਗਜ਼ੇਬ ਇਕ ਜ਼ਾਲਮ ਕਿਸਮ ਦਾ ਬਾਦਸ਼ਾਹ ਹੈ ਅਤੇ ਗੁਰੂ ਨਾਨਕ ਦਾ ਘਰ ਕੇਵਲ ਤੇ ਕੇਵਲ ਧਰਮੀ ਬੰਦਿਆਂ ਦੀ ਹੀ ਤਰਫ਼ਦਾਰੀ ਕਰਦਾ ਹੈ। ਇਸ ਲਈ ਸਾਡਾ ਅਤੇ ਬਾਦਸ਼ਾਹ ਦਾ ਮਿਲਾਪ ਉਚਿਤ ਨਹੀਂ ਹੈ। ਇੱਥੋਂ ਤੱਕ ਕਿ ਬਾਦਸ਼ਾਹ ਨੇ ਗੁਰੂ ਸਾਹਿਬ ਦਾ ਮਨ ਬਦਲਣ ਹਿੱਤ ਕਈ ਬੇਸ਼ਕੀਮਤੀ ਤੋਹਫ਼ੇ ਵੀ ਭੇਜੇ ਪਰ ਸਾਧ ਬਚਨ ਅਟੱਲ ਹੀ ਰਹੇ। ਗੁਰੂ ਜੀ ਨੇ ਫ਼ਾਰਸੀ ਲਿਪੀ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਮਾਝ ਕੀ ਵਾਰ ਦਾ ਇਹ ਸਲੋਕ ਵੀ ਔਰੰਗਜ਼ੇਬ ਨੂੰ ਭੇਜਿਆ, ‘‘ਕਿਆ ਖਾਧੈ ? ਕਿਆ ਪੈਧੈ ਹੋਇ ?॥ ਜਾ ਮਨਿ ਨਾਹੀ; ਸਚਾ ਸੋਇ ॥ ਕਿਆ ਮੇਵਾ ? ਕਿਆ ਘਿਉ ਗੁੜੁ ਮਿਠਾ ? ਕਿਆ ਮੈਦਾ ਕਿਆ ਮਾਸੁ ?॥ ਕਿਆ ਕਪੜੁ ? ਕਿਆ ਸੇਜ ਸੁਖਾਲੀ ? ਕੀਜਹਿ ਭੋਗ ਬਿਲਾਸ ॥’’ (ਮ: ੧/੧੪੨)
ਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਗੁਰੂ ਜੀ ਦੁਆਰਾ ਨਿਭਾਈ ਗਈ ਦਿੱਲੀ ਦੀ ਜਨਤਾ ਪ੍ਰਤੀ ਸੇਵਾ ਨੂੰ ਵੇਖਦਿਆਂ ਰਾਜਾ ਜੈ ਸਿੰਘ ਰਾਹੀਂ ਵਾਰ-ਵਾਰ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜਤਾਉਣ ਉਪਰੰਤ ਗੁਰੂ ਜੀ 25 ਮਾਰਚ 1664 (ਭਾਵ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲਾਂ) ਨੂੰ ਔਰੰਗਜ਼ੇਬ ਨੂੰ ਮਿਲੇ ਤੇ ਉਸ ਨੇ ਗੁਰੂ ਜੀ ਨਾਲ ਸਿਧਾਂਤਕ ਵਿਚਾਰਾਂ ਕਰਨ ਉਪਰੰਤ ਆਰਾਮ ਕਰਨ ਨੂੰ ਕਿਹਾ ਕਿਉਂਕਿ ਗੁਰੂ ਜੀ ’ਤੇ ਤਦ ਚੇਚਕ ਦੀ ਬਿਮਾਰੀ ਆਪਣਾ ਪ੍ਰਭਾਵ ਪਾ ਚੁੱਕੀ ਸੀ।
ਗੁਰੂ ਹਰਿਕ੍ਰਿਸ਼ਨ ਜੀ ਜਦੋਂ ਦਿੱਲੀ ਪਹੁੰਚੇ ਤਦ ਉਸ ਸਮੇਂ ਉੱਥੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਅਤੇ ਮਹਾਂਮਾਰੀ ਦੀ ਸ਼ਕਲ ਧਾਰਨ ਕਰ ਚੁੱਕੀ ਸੀ। ਗੁਰੂ ਸਾਹਿਬ ਨੇ ਇਸ ਬੀਮਾਰੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਦਸਵੰਧ ਦੀ ਮਾਇਆ ਖੁੱਲ੍ਹ ਕੇ ਵਰਤੀ। ਉਨ੍ਹਾਂ ਦੀ ਆਪਣੀ ਆਯੂ ਵੀ ਅਜੇ ਲਗਭਗ 11 ਕੁ ਸਾਲ ਦੀ ਹੀ ਸੀ। ਇਸ ਆਯੂ ਵਿੱਚ ਚੇਚਕ ਦੀ ਮਾਰ ਬਹੁਤ ਜਲਦੀ ਪੈਂਦੀ ਹੈ। ਲੋਕ-ਸੇਵਾ ਦੀ ਪ੍ਰਬਲ ਭਾਵਨਾ ਸਦਕਾ ਗੁਰੂ ਜੀ ਨੇ ਆਪਣੀ ਸਿਹਤ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ। ਸਿੱਟੇ ਵਜੋਂ ਆਪ ਜੀ ਦੀ ਸਿਹਤ ਨੂੰ ਵੀ ਚੇਚਕ ਦੀ ਨਾਮੁਰਾਦ ਬੀਮਾਰੀ ਨੇ ਆਪਣੀ ਜਕੜ ਵਿੱਚ ਲੈ ਲਿਆ। ਤੇਜ਼ ਬੁਖਾਰ ਹੋਣ ਕਰ ਕੇ ਆਪ ਜੀ ਨੂੰ ਆਪਣਾ ਅੰਤਲਾ ਸਮਾਂ ਨਜ਼ਦੀਕ ਆਉਂਦਾ ਦਿਖਾਈ ਦੇਣ ਲੱਗਾ।
ਰਾਜਾ ਜੈ ਸਿੰਘ ਦਾ ਮਹੱਲ ਛੱਡ ਕੇ ਗੁਰੂ ਹਰਿਕ੍ਰਿਸ਼ਨ ਜੀ ਨੇ ਜਮਨਾ ਨਦੀ ਕਿਨਾਰੇ ਇੱਕ ਖੁੱਲ੍ਹੀ ਥਾਂ ’ਤੇ ਡੇਰਾ ਜਾ ਲਾਇਆ। ਇੱਧਰ ਜਦੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਪਣੇ ਗੁਰੂ ਸਾਹਿਬ ਦੇ ਬੀਮਾਰ ਹੋਣ ਦਾ ਪਤਾ ਲੱਗਾ ਤਾਂ ਉਹ ਭਾਰੀ ਗਿਣਤੀ ਵਿੱਚ ਜਮਨਾ ਨਦੀ ਕਿਨਾਰੇ ਆਉਣ ਲੱਗੀਆਂ।
ਸੰਗਤਾਂ ਨੂੰ ਸੰਬੋਧਨ ਕਰ ਕੇ ਆਪ ਜੀ ਨੇ ਕਿਹਾ ਕਿ ਸਰੀਰਾਂ ਦੇ ਮਿਲਾਪ ਥੋੜ੍ਹ-ਚਿਰੇ ਹੁੰਦੇ ਹਨ, ਪਰ ਗੁਰ ਉਪਦੇਸ਼ ਸਦੀਵੀ ਹੁੰਦਾ ਹੈ। ਸੋ ਲੋੜ ਹੈ ਕਿ ਧਰਮ ਦੀ ਕਿਰਤ ਕਰਦਿਆਂ ਗੁਰ ਉਪਦੇਸ਼ ਨੂੰ ਅਪਣਾਉਣ ਅਤੇ ਕਮਾਉਣ ਦੀ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸੰਗਤਾਂ ਨੂੰ ਇਹ ਇਸ਼ਾਰਾ ਕਰ ਦਿੱਤਾ ਕਿ ਗੁਰੂ ਨਾਨਕ ਦੇ ਘਰ ਦੀ ਅਗਲੀ ਜ਼ਿੰਮੇਵਾਰੀ ਸੰਭਾਲਣ ਵਾਲ਼ੇ (ਗੁਰੂ) ਬਾਬੇ ਬਕਾਲੇ ਵਿੱਚ ਰਹਿੰਦੇ ਹਨ। ਅਖੀਰ ੩੦ ਮਾਰਚ ੧੬੬੪ ਈ. ਨੂੰ ਗੁਰੂ ਜੀ ਜਮਨਾ ਦੇ ਕੰਢੇ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ।