ਜਿਨ ਕੇ ਬੰਕੇ ਘਰੀ ਨ ਆਇਆ॥ (ਨਵੰਬਰ 1984)

0
473

ਜਿਨ ਕੇ ਬੰਕੇ ਘਰੀ ਨ ਆਇਆ॥  (ਨਵੰਬਰ 1984)

ਸੁਖਜੀਤ ਸਿੰਘ, ਗੁਰਮਤਿ ਪ੍ਰਚਾਰਕ/ ਕਥਾਵਾਚਕ, 201, ਗਲੀ ਨਬੰਰ 6, ਸੰਤਪੁਰਾ (ਕਪੂਰਥਲਾ) (098720-76876, 01822-276876)

ਸੁਖਜੀਤ ਸਿੰਘ

‘‘ਜਿਨ ਕੇ ਬੰਕੇ ਘਰੀ ਨ ਆਇਆ; ਤਿਨ ਕਿਉ ਰੈਣਿ ਵਿਹਾਣੀ ? ॥’’ (ਮਹਲਾ ੧/੪੧੮) ਗੁਰੂ ਨਾਨਕ ਸਾਹਿਬ ਵੱਲੋ ਉਚਾਰਨ ਕੀਤੀ ਇਹ ਤੁਕ ਬਾਬਰ ਦੇ ਹਿੰਦੁਸਤਾਨ ਉੱਪਰ ਹਮਲੇ ਨਾਲ ਸਬੰਧਿਤ ਕਤਲੇਆਮ ਦੇ ਦੁਖਾਂਤ ਭਰਪੂਰ ਸਿੱਟਿਆ ਨੂੰ ਬਾਖੂਬੀ ਬਿਆਨ ਕਰਦੀ ਹੈ। ਇਸ ਸਮੇਂ ਐਮਨਾਬਾਦ ਦੀ ਧਰਤੀ ਉੱਪਰ ਹੋਈ ਭਿਆਨਕ ਕਤਲੇਆਮ ਨੇ ਬਹੁਤ ਪਰਿਵਾਰਾਂ ਦੇ ਖੁਸ਼ੀਆਂ ਖੇੜੇ ਹਮੇਸ਼ਾਂ ਲਈ ਖਤਮ ਕਰ ਦਿੱਤੇ। ਇਸ ਤੁਕ ਰਾਹੀਂ ਗੁਰੂ ਸਾਹਿਬ ਨੇ ਉਨ੍ਹਾਂ ਬੇਕਸੂਰ ਔਰਤਾਂ ਦੇ ਸਦੀਵੀ ਦੁੱਖ ਦਾ ਚਿਤਰਣ ਕੀਤਾ ਹੈ ਕਿ ਕਿਵੇਂ ਬਾਬਰ ਦੇ ਸਿਪਾਹੀਆਂ ਨੇ ਪਲਾਂ ਵਿਚ ਹੀ ਉਨ੍ਹਾਂ ਨੂੰ ‘ਸੁਹਾਗਣਾ ਤੋਂ ਵਿਧਵਾਵਾਂ’ ’ਚ ਤਬਦੀਲ ਕਰ ਦਿੱਤਾ। ਮਾਸੂਮ ਬੱਚਿਆਂ ਨੂੰ ‘ਨਾਥ ਤੋਂ ਅਨਾਥ’ ਬਜੁਰਗਾਂ ਨੂੰ ‘ਆਸਰੇ ਤੋਂ ਨਿਆਸਰੇ’ ਕਰ ਦਿੱਤਾ ਗਿਆ।

ਮੌਤ ਦੀ ਆਗੋਸ਼ (ਬੁੱਕਲ) ਵਿਚ ਜਾਣ ਵਾਲੇ ਤਾਂ ਸਦੀਵੀ ਤੌਰ ’ਤੇ ਚਲੇ ਗਏ, ਪਰ ਪਿੱਛੇ ਛੱਡ ਗਏ ਦੁੱਖਾਂ ਦੀ ਐਸੀ ਦਾਸਤਾਨ ਜਿਸ ਦਾ ਅੰਤ ਹੀ ਕੋਈ ਨਹੀਂ, ਜਿਸ ਦੁਖ ਨੂੰ ਬਿਆਨ ਕਰਨ ਲਈ ਸ਼ਬਦ ਲੱਭਣੇ ਮੁਸ਼ਕਲ ਹਨ। ‘‘ਮਨ ਕੀ ਬਿਰਥਾ ਮਨ ਹੀ ਜਾਣੈ; ਅਵਰ ਕਿ ਜਾਣੈ ਕੋ ਪੀਰ ਪਰਈਆ ?॥’’ (ਮਹਲਾ ੪/੮੩੬) ਵਾਕ ਅਨੁਸਾਰ ਬਾਕੀਆਂ ਲਈ ਤਾਂ ਇਹ ਕਤਲੇਆਮ ਕੇਵਲ ਇਕ ਖਬਰ ਬਣੀ ਹੋਵੇਗੀ, ਪਰ ਜਿਨ੍ਹਾਂ ਨੇ ਇਸ ਦਰਦ ਨੂੰ ਆਪਣੇ ਨੰਗੇ ਪਿੰਡੇ ’ਤੇ ਹੰਢਾਇਆ; ਸਵਾਰਥੀ ਲੋਕਾਂ ਵਾਂਗ ਐਮਨਾਬਾਦ ਛੱਡ ਕੇ ਭੱਜਣ ਦੀ ਥਾਂ ਗੁਰੂ ਨਾਨਕ ਸਾਹਿਬ ਉਨ੍ਹਾਂ ਕਤਲੇਆਮ ਪੀੜਤਾਂ ਦੇ ਵਿਚਕਾਰ ਮਸੀਹਾ ਬਣ ਕੇ ਪਹੁੰਚੇ। ਉਨ੍ਹਾਂ ਦੇ ਹਿਰਦੇ ਦੀ ਪੀੜਾ ਨੂੰ ਸਮੁੱਚੀ ਮਾਨਵਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਨੇ ਧੁਰ ਅੰਦਰੋਂ ਮਹਿਸੂਸ ਕਰਦੇ ਹੋਏ ਇਸ ਇਤਿਹਾਸਕ ਦਰਦੀਲੇ ਪੱਖ ਨੂੰ ਆਪਣੀ ਰਚੀ ਗੁਰਬਾਣੀ ਦਾ ਹਿੱਸਾ ਬਣਾ ਕੇ ਸਰਬ ਸਾਂਝੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਦੀਵੀ ਤੌਰ ’ਤੇ ਦਰਜ ਕਰਦੇ ਹੋਏ ‘‘ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ॥’’ (ਮਹਲਾ ੧/੭੨੨) ਵਾਕ ਅਨੁਸਾਰ ਸੱਚ ਕਹਿਣ ਦੇ ਸਮੇਂ ਸੱਚ ਕਹਿਣ ਦੀ ਦਲੇਰਾਨਾ ਨੀਂਹ-ਪੱਥਰ ਰੱਖ ਦਿੱਤਾ। ਇਸ ਨੀਂਹ ਉੱਪਰ ਬਾਕੀ 9 ਗੁਰੂ ਸਾਹਿਬਾਨਾਂ ਨੇ ਸਿੱਖੀ ਮਹੱਲ ਦੀ ਸ਼ਾਨਦਾਰ ਇਮਾਰਤ ਖੜ੍ਹੀ ਕਰਕੇ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣਾ ਕੇ ਸਿੱਖੀ ਦੇ ਵਾਰਸਾਂ ਦੇ ਸਪੁਰਦ ਕਰ ਦਿੱਤੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਅਤੇ ਉਨਾਂ ਦੇ ਜਾਂ-ਨਸ਼ੀਨ ਸੱਚ ਦੇ ਮਾਰਗ ਦਰਸ਼ਕ ਬਣੇ।

ਅੱਜ ਸੋਚਣ ਅਤੇ ਆਪਾ ਪੜਚੋਲ ਕਰਨ ਦਾ ਵਿਸ਼ਾ ਇਹ ਹੈ ਕਿ ਕੀ ਅਸੀਂ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ‘‘ਚਰਨ ਚਲਉ ਮਾਰਗਿ ਗੋਬਿੰਦ॥’’ (ਮਹਲਾ ੫/੨੮੧) ਦੇ ਪਾਂਧੀ ਬਣੇ ?

ਗੁਰਬਾਣੀ-ਇਤਿਹਾਸ ਰਾਹੀਂ ਦਿੱਤੇ ਸਿਧਾਂਤ, ਮਾਰਗ ਦਰਸ਼ਨ ਸਦੀਵੀ ਤੌਰ ’ਤੇ ਸੱਚ ਹਨ। ਗੁਰਬਾਣੀ-ਇਤਿਹਾਸ ਨੂੰ ਪੜ੍ਹਨਾ, ਸੁਨਣਾ, ਮੱਥਾ ਟੇਕਣਾ ਸਹੀ ਅਰਥਾਂ ਵਿਚ ਤਾਂ ਹੀ ਸਾਰਥਕ ਹੈ ਜੇ ਅਸੀਂ ਗੁਰੂ ਹੁਕਮਾਂ ਰਾਹੀਂ ਦਿੱਤੇ ਗਿਆਨ ਦੀ ਕਸਵੱਟੀ ’ਤੇ ਪਰਖ ਕੇ ਵੇਖੀਏ ਕਿ ਅਸੀਂ ਕਿੱਥੇ ਖੜ੍ਹੇ ਹਾਂ ? ਅਸੀਂ ਕੀ ਕਰ ਰਹੇ ਹਾਂ ?

ਉਪਰੋਕਤ ਸਾਰੇ ਇਤਿਹਾਸਕ ਪੱਖ ਦੇ ਮੱਦੇਨਜ਼ਰ ਜਦੋਂ ਅਸੀਂ ਨਵੰਬਰ 1984 ਦੇ ਕਤਲੇਆਮ ਦੇ ਦਰਦ ਨੂੰ ਸਾਹਮਣੇ ਰੱਖ ਕੇ ਵੇਖਦੇ ਹਾਂ ਤਾਂ ਲੱਗਦਾ ਹੈ- ‘ਜਿਵੇਂ ਇਤਿਹਾਸ ਵਲੋਂ ਆਪਣੇ ਆਪ ਨੂੰ ਦੁਹਰਾ ਦਿਤਾ ਹੋਵੇ।’ 

ਪਰ ਇਨ੍ਹਾਂ ਦੋਵੇ ਦਰਦਨਾਕ ਇਤਿਹਾਸਕ ਘਟਨਾਵਾਂ ਵਿਚ ਮੁੱਖ ਅੰਤਰ ਇਹ ਹੈ ਕਿ ਬਾਬਰ ਤਾਂ ਬਾਹਰੋਂ ਬੇਗਾਨੇ ਦੇਸ਼ ਦਾ ਹਮਲਾਵਾਰ ਸੀ, ਪਰ ਨਵੰਬਰ 1984 ਵਿਚ ਸਾਡੇ ਆਪਣੇ ਹੀ (ਜਿਨ੍ਹਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਤਿੰਨ ਸਿੱਖਾਂ ਸਮੇਤ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦੀਆਂ ਅਤੇ ਕਲਗੀਧਰ ਨੇ ਸਮੁੱਚੇ ਸਰਬੰਸ ਦੀ ਕੁਰਬਾਨੀ ਦੇ ਕੇ ਉਨ੍ਹਾਂ ਦੇ ਧਰਮ ਦੀ ਅਜ਼ਾਦੀ ਦੀ ਰਖਵਾਲੀ ਕੀਤੀ ਸੀ) ਸਪਸ਼ਟ ਰੂਪ ਵਿਚ ਅਕ੍ਰਿਤਘਣ ਹੋ ਗਏ। ‘ਰਕਸ਼ਕ ਤੋਂ ਭਕਸ਼ਕ’ ਬਣੀ ਹਕੂਮਤ ਦੀ ਛਤਰ ਛਾਇਆ ਹੇਠ ‘ਪਾਪ ਕੀ ਜੰਞ’ ਦੇ ਇਸ ਅਣ-ਮਨੁੱਖੀ ਵਰਤਾਰੇ ਸਬੰਧੀ ਕਵੀ ‘ਸੁਰਜੀਤ ਪਾਤਰ’ ਦੇ ਸ਼ਬਦ ਬੇਹੱਦ ਸਾਰਥਿਕ ਜਾਪਦੇ ਹਨ-‘ਤਖਤ ਦੀ ਛਾਂ ਥੱਲੇ, ਜਿੱਧਰ ਵੇਖੋ ਅੱਗਾਂ ਹੀ ਅੱਗਾਂ। ਚੌਕ ਚੁਰਾਹੇ ਰੁਲਦੀਆਂ, ਜਿੱਧਰ ਵੇਖੋ ਪੱਗਾਂ ਹੀ ਪੱਗਾਂ। ਕਤਲ ਕਿਸ ਨੇ ਕੀਤਾ ? ਇਹ ਤਾਂ ਪਤਾ ਹੀ ਨਾਂ ਲੱਗਾ, ਪਰ ਬੇਦੋਸ਼ਾਂ ਖੂਨ ਤਾਂ, ਪੱਗਾਂ ਸਿਰ ਹੀ ਲੱਗਾ।’

ਉਪਰੋਕਤ ਪਰਿਖੇਪ ਵਿਚ ਪੁਰਾਤਨ ਅਤੇ ਮੌਜੂਦਾ ਕਤਲੇਆਮ ਦੇ ਇਤਿਹਾਸ ਦੀ ਤੁਲਨਾਤਮਕ ਪੜਚੋਲ ਕਰਨ ਤੇ ਨਿਮਨਲਿਖਤ ਖੇਤਰਾਂ ਤਹਿਤ ਕੁਝ ਨੁਕਤੇ ਧਿਆਨ ਦੀ ਮੰਗ ਕਰਦੇ ਹਨ।

ਧਾਰਮਿਕ ਖੇਤਰ: ਸਰਹਿੰਦ ਦੇ ਨਵਾਬ ਵਜੀਰ ਖਾਨ ਦੀ ਕਚਹਿਰੀ ਵਿਚ ਛੋਟੇ ਸਾਹਿਬਜਾਦਿਆਂ ਦੀ ਅਣ-ਮਨੁੱਖੀ ਸ਼ਹਾਦਤ ਸਬੰਧੀ ‘ਧਰਮ’ ਦੇ ਨਾਮ ਉੱਪਰ ਸੁਣਾਏ ਗਏ ‘ਅਧਰਮੀ’ ਫਤਵੇ ਦੇ ਪ੍ਰਤੀਕਰਮ ਵਜੋਂ ਬੇਗਾਨੇ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਵਲੋਂ ‘ਖੁਦਾ ਮਹਿਫੂਜ਼ ਰਖੇ ਹਮ ਕੋ ਐਸੇ ਪਾਪ ਸੇ। ਬਦਲਾ ਹੀ ਲੇਨਾ ਹੋਗਾ ਤੋਂ ਹਮ ਲੇਗੇਂ ਬਾਪ ਸੇ।’ (ਜੋਗੀ ਅੱਲਾ ਯਾਰ ਖਾਂ- ਸ਼ਹੀਦਾਨ ਵਫਾ) ਹਾਅ ਦੇ ਨਾਅਰੇ ਦੀ ਗਾਥਾ ਜਗਤ ਪ੍ਰਸਿੱਧ ਹੈ ਭਾਵੇਂ ਕਿ ਉਸ ਦਾ ਇਹ ਯਤਨ ਜਾਲਮਾਂ ਦਾ ਫੈਸਲਾ ਨਹੀਂ ਬਦਲ ਸਕਿਆ, ਪਰ ਸੱਚ ਕਹਿਣ ਦੇ ਸਮੇਂ ਸੱਚ ਕਹਿਣ ਦੀ ਦਲੇਰੀ ਭਰੇ ਕਦਮ ਨੇ ਸਮੁੱਚੀ ਸਿੱਖ ਕੌਮ ਨੂੰ ਸਦੀਵੀ ਤੌਰ ’ਤੇ ਨਵਾਬ ਮਲੇਰਕੋਟਲਾ ਪ੍ਰਤੀ ਕਰਜਦਾਰ ਕਰ ਦਿੱਤਾ ਅਤੇ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਇਸ ਕਰਜ ਤੋਂ ਲੱਖਾਂ ਯਤਨ ਕਰਕੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕੇਗੀ।

ਜੂਨ 1984 ਅਤੇ ਨਵੰਬਰ 1984 ਦੇ ਅਣ-ਮਨੁੱਖੀ, ਅ-ਧਰਮੀ ਦੁਖਾਂਤਾਂ ਸਮੇਂ ਸਾਡੇ ਸਿੱਖ ਧਾਰਮਿਕ ਖੇਤਰ ਦੇ ਸੰਤ, ਮਹਾਂਪੁਰਖ, ਬਾਬੇ, 108, 1008, ਬ੍ਰਹਮਗਿਆਨੀ, ਪੂਰਨ ਬ੍ਰਹਮਗਿਆਨੀ, ਡੇਰੇਦਾਰ, ਗੁਰੂ ਸਾਹਿਬਾਨ ਦੀ ਅੰਸ-ਬੰਸ ਹੋਣ ਦਾ ਢੰਡੋਰਾ ਪਿੱਟਣ ਵਾਲਿਆਂ ਨੇ ਕੋਈ ਅਵਾਜ਼ ਉਠਾਉਣ ਦੀ ਲੋੜ ਵੀ ਨਹੀਂ ਸਮਝੀ। ਸਾਰੇ ਆਪਣੇ-ਆਪਣੇ ਡੇਰਿਆਂ, ਅਸਥਾਨਾਂ ਅੰਦਰ ਚੁੱਪ-ਗੜੁੱਪ ਹੋ ਕੇ ਮਾਨੋ ਭੋਰਿਆਂ ਵਿਚ ਹੀ ਦੁਬਕ ਕੇ ਬੈਠੇ ਰਹੇ। ‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ’ ਵਾਲੀ ਕਹਾਵਤ ਨੂੰ ਪ੍ਰਤੱਖ ਰੂਪ ਵਿਚ ਸੱਚ ਕਰਕੇ ਦਿਖਾ ਦਿੱਤਾ।

ਸੱਚ ਕਹਿਣ ਦੇ ਸਮੇਂ ਸੱਚ ਕਹਿਣ ਦੀ ਦਲੇਰੀ ਨਾ ਦਿਖਾਉਣ ਵਾਲਿਆਂ ਬਾਰੇ ਸਿੱਖ ਕੌਮ ਨੂੰ ਜਰਾ ਡੂੰਘਾਈ ਤੇ ਨਿਰਪੱਖਤਾ ਨਾਲ ਸੋਚ-ਵਿਚਾਰ ਕੇ ਨਿਰਣਾ ਲੈਣ ਦੀ ਜ਼ਰੂਰਤ ਹੈ।

ਰਾਜਨੀਤਕ ਖੇਤਰ: ਅੱਜ ਅਸੀਂ ਦੇਖਦੇ ਹਾਂ ਕਿ ਹਰ ਸਾਲ 1 ਨਵੰਬਰ ਤੋਂ 7 ਨਵੰਬਰ ਤੱਕ ਸਾਡੇ ਰਾਜਨੀਤਕ ਲੋਕ ਸਟੇਜਾਂ, ਧਾਰਮਿਕ ਸਮਾਗਮਾਂ, ਇਲੈਕਟ੍ਰੋਨਿਕ- ਪਿ੍ਰੰਟ ਮੀਡੀਏ ਰਾਹੀਂ ਕਾਂਗਰਸ ਵਲੋਂ ਸਿੱਖ ਕੌਮ ਨੂੰ ਅੱਜ ਤੱਕ ਇਨਸਾਫ਼ ਨਾ ਦੇਣ ਦੀ ਖੂਬ ਦੁਹਾਈ ਪਾਉਂਦੇ ਹਨ। ਪ੍ਰੰਤੂ ਇਹ ਗੁਰੂ ਨਾਨਕ ਕੇ ਅਖਵਾਉਣ ਵਾਲਿਆਂ ਦੀ ਕੇਵਲ ਸਿਆਸੀ ਮਜਬੂਰੀ ਤੋਂ ਵਧ ਕੁਝ ਵੀ ਨਹੀਂ। ਇਸ ਦਾ ਪ੍ਰਤੱਖ ਸਬੂਤ ਹਰ ਸਾਲ ਨਵੰਬਰ ਦੇ ਪਹਿਲੇ ਹਫਤੇ (7 ਦਿਨ) ਦੀ ਹਾਲ-ਪਾਹਰਿਆ, ਦੁਹਾਈ ਪਾਉਣਾ ਪਰ ਬਾਕੀ 358 ਦਿਨ ਦੀ ਖਾਮੋਸ਼ੀ ਵਿਚੋਂ ਮਿਲ ਜਾਂਦਾ ਹੈ। ਇਹ ਸਿਆਸੀ ਲੋਕ ਸੰਨ 1984 ਤੋਂ 2016 ਦੇ ਬੇਇਨਸਾਫੀ ਭਰਪੂਰ ਲੰਮੇ ਸਮੇਂ ਦੀ ਗੱਲ ਕਰਦੇ ਹਨ, ਪਰ ਇਨ੍ਹਾਂ 32 ਸਾਲਾਂ ਦੇ ਕਾਲ ਨੂੰ 24+8 (ਭਾਵ 24 ਸਾਲ ਕਾਂਗਰਸ ਤੇ 8 ਸਾਲ ਅਕਾਲੀਆਂ ਸਮੇਤ ਬੀਜੇਪੀ ਕੁੱਲ 32 ਸਾਲਾਂ) ਦੇ ਰੂਪ ਵਿਚ ਪੜ੍ਹਨ, ਸਮਝਣ ਦੀ ਲੋੜ ਹੈ ਕਿਉਂਕਿ 8 ਸਾਲ ਦੇ ਲੰਮੇ ਸਮੇਂ ਦੀ ਭਾਈਵਾਲੀ ਪਾਰਟੀ ਤਾਂ ਸਾਡੀ ਆਪਣੀ (ਅਕਾਲੀ) ਪਾਰਟੀ ਵੀ ਸੀ, ਉਸ ਦਾ ਹਿਸਾਬ ਤਾਂ ਇਨ੍ਹਾਂ ਨੂੰ ਵੀ ਦੇਣਾ ਬਣਦਾ ਹੈ।

ਸਾਡੇ ਪੰਜਾਬੀ ਸਭਿਆਚਾਰ ਦਾ ਇਕ ਅੰਗ ਹੈ ਕਿ ਸਾਡੇ ਸਮਾਜ ਵਿਚ ਖੁਸ਼ੀ-ਗਮੀ ਸਮੇਂ ਉਸ ਅਨੁਸਾਰ ਅਸੀਂ ਪਹਿਰਾਵਾ ਬਦਲ ਕੇ ਪਾਉਂਦੇ ਹਾਂ। ਪ੍ਰੰਤੂ ਸਾਡੇ ਰਾਜਨੀਤਕ ਆਗੂ ਆਪਣੇ-ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਗਿਰਗਟ ਵਾਂਗ ਰੰਗ ਬਦਲਣ ਤੋਂ ਵੀ ਸੰਕੋਚ ਨਹੀਂ ਕਰਦੇ।

ਪਿਛਲੇ ਸਮੇਂ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ’ਚ ਦਿੱਲੀ ਵਿਚ ਨੀਂਹ ਪੱਥਰ ਰੱਖਣ ਦੀ ਗੱਲ ਬੀਤੇ ਨੂੰ ਕਿੰਨੇ ਮਹੀਨੇ ਦਾ ਲੰਮਾ ਸਮਾਂ ਬੀਤ ਚੁੱਕਾ ਹੈ ਅਤੇ ਪਤਾ ਨਹੀਂ ਕਿੰਨਾ ਸਮਾਂ ਹੋਰ ਲੰਘੇਗਾ ? ਇਸ ਯਾਦਗਾਰ ਦਾ ਬਣ ਕੇ ਤਿਆਰ ਹੋ ਜਾਣਾ ਭਵਿੱਖ ਦੀ ਬੁਕਲ ਵਿਚ ਅਲਿਪਤ ਹੈ ਅਤੇ ਸ਼ਾਇਦ ਅਲਿਪਤ ਹੀ ਰਹੇਗਾ।

ਆਉ, ਅਸੀ ਨਵੰਬਰ 1984 ਦੇ ਸਮੂਹਿਕ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਦੀਆਂ ਚਿਤਾਵਾਂ ਉੱਪਰ ਆਪਣੇ-ਆਪਣੇ ਸਵਾਰਥਾਂ ਦੀਆਂ ਰੋਟੀਆਂ ਸੇਕਣ ਵਾਲਿਆਂ ਨੂੰ ‘ਜਿਨ ਮਨਿ ਹੋਰੁ, ਮੁਖਿ ਹੋਰੁ; ਸਿ ਕਾਂਢੈ ਕਚਿਆ॥’’ (ਫਰੀਦ ਜੀ/੪੮੮) ਗੁਰਬਾਣੀ ਫੁਰਮਾਨ ਦੀ ਕਸਵੱਟੀ ’ਤੇ ਪਰਖ ਕੇ ਦੇਖ ਲਈਏ ਅਤੇ ਗੁਰੂ ਨਾਨਕ ਸਾਹਿਬ ਦੇ ਪਾਏ ਪੂਰਨਿਆਂ ’ਤੇ ਚਲਦਿਆਂ ਅਜੋਕੇ ਸਵਾਰਥੀ ਲੋਕਾਂ ਨੂੰ ਸਮਾਜ ਦੇ ਸਾਹਮਣੇ ਨੰਗਾ ਕਰ ਦੇਈਏ, ਇਹੀ ਉਹਨਾਂ ਸ਼ਹੀਦਾਂ, ਜੋ ਕੇਵਲ ਸਿੱਖ ਹੋਣ ਕਰਕੇ ਬੇ-ਕਸੂਰ ਮਾਰੇ ਗਏ, ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।

*************