ਜਹਾ ਗਿਆਨੁ ਤਹ ਧਰਮੁ ਹੈ॥

0
481

‘‘ਜਹਾ ਗਿਆਨੁ ਤਹ ਧਰਮੁ ਹੈ॥’’

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ – 94175-86121

ਸੱਪ ਅਤੇ ਰੱਸੀ, ਚੋਰ ਅਤੇ ਸੱਜਣ,ਚਿੱਕੜ ਅਤੇ ਸਫਾਈ ਆਦਿ ਬਾਰੇ ਗਿਆਨ ਦੇਣ ਕਾਰਨ ਚਾਨਣ ਪਰਉਪਕਾਰੀ ਹੈ ਜੋ ਸੰਸਾਰ ਸਾਹਮਣੇ ਅਸਲੀਅਤ ਪ੍ਰਗਟ ਕਰਦਾ ਹੈ, ਪਰ ਹਨੇਰਾ ਕਦੇ ਵੀ ਨਹੀਂ ਚਾਹੇਗਾ ਕਿ ਚਾਨਣ ਕਾਇਮ ਰਹੇ ਕਿਉਂ ਕਿ ਉਸ ਦੀ ਹੋਂਦ ਚਾਨਣ ਦੀ ਗੈਰਹਾਜ਼ਰੀ ਕਰਕੇ ਹੀ ਹੈ, ਸੰਸਾਰ ਭਾਵੇਂ ਕੁਰਾਹੇ ਪਵੇ, ਠੋਕਰਾਂ ਖਾਏ ਪਰ ਹਨੇਰੇ ਨੇ ਤਾਂ ਆਪਣੇ ਆਪ ਨੂੰ ਬਚਾਉਣਾ ਹੈ। ਜਗਦੇ ਹੋਏ ਦੀਵਿਆਂ ਨੂੰ ਹਨੇਰਾ ਬੁਝਾਉਣ ਦਾ ਯਤਨ ਕਰਦਾ ਹੈ, ਇਸ ਨੂੰ ਜਗਦੀਆਂ ਮਸਾਲਾਂ ਜਾਂ ਟਾਰਚਾਂ ਲੈ ਕੇ ਚਲਣ ਵਾਲੇ ਵਿਰੋਧੀ ਭਾਸਦੇ ਹਨ ਉਹਨਾਂ ਨੂੰ ਵੇਖ ਕੇ ਇਹ ਭੋਂਕਦਾ ਹੈ, ਹਮਲਾ ਕਰਦਾ ਹੈ। ਹਨੇਰਾ ਤਾਂ ਚਾਹੁੰਦਾ ਹੈ ਕਿ ਮੇਰੇ ਸਵਾਦ (ਪ੍ਰਭਾਵ) ਵਿੱਚ ਲੋਕੀ ਸੁੱਤੇ ਰਹਿਣ ਬੇਹੋਸ਼ ਰਹਿਣ ਕਿਉਂ ਕਿ ਲੁੱਟਣਾ ਸੌਖਾ ਹੈ, ਚੋਰਾਂ ਤੇ ਲੁਟੇਰਿਆਂ ਦਾ ਸਾਥੀ ਬਣ ਇਹ ਆਪਣਾ ਕੰਮ ਕਰਦਾ ਰਹੇ।

ਚਾਨਣ ਤਾਂ ਇੱਕ ਪਰਉਪਕਾਰੀ ਚੌਂਕੀਦਾਰ ਦੀ ਤਰ੍ਹਾਂ ‘‘ਇਸੁ ਗਿ੍ਰਹ ਮਹਿ, ਕੋਈ ਜਾਗਤੁ ਰਹੈ॥ ਸਾਬਤੁ ਵਸਤੁ, ਓਹੁ ਅਪਨੀ ਲਹੈ॥’’ (ਮ:5/ਅੰਕ 192) ਜਾਂ ‘‘ਦੁਨੀਆਂ ਹੁਸੀਆਰ ਬੇਦਾਰ, ਜਾਗਤ ਮੁਸੀਅਤ ਹਉ ਰੇ ਭਾਈ॥’’ (ਭਗਤ ਕਬੀਰ/ ਅੰਕ 972) ਭਾਵ ਚਾਨਣ, ਦੁਨੀਆਂ ਨੂੰ ਹੋਕਾ ਦੇ-ਦੇ ਕੇ ਹਨੇਰੇ ਦੇ ਮਨਸੂਬਿਆਂ ਉੱਤੇ ਪਾਣੀ ਫੇਰ ਦਿੰਦਾ ਹੈ। ਧਰਮ ਦੀ ਦੁਨੀਆਂ ਵਿੱਚ ਫੈਲਿਆ ਅਵਤਾਰ-ਵਾਦ, ਵਹਿਮ-ਭਰਮ, ਊਚ-ਨੀਚ, ਫੋਕਟ ਕਰਮ-ਕਾਂਡ, ਲੁਟ-ਖਸੁੱਟ ਆਦਿ ਦਾ ਹਨੇਰਾ ‘‘ਗੁਰਬਾਣੀ, ਇਸੁ ਜਗ ਮਹਿ ਚਾਨਣੁ॥’’ ਪਰਉਪਕਾਰੀ ਵਾਕ ਨੂੰ ਵੇਖਣਾ ਪਸੰਦ ਨਹੀਂ ਕਰਦਾ ਕਿਉਂ ਕਿ ਸਚਾਈ ਹੈ ਕਿ ‘‘ਦੀਵਾ ਬਲੈ ਅੰਧੇਰਾ ਜਾਇ॥’’ (ਮ:1/791) ਭਾਵ ਚਾਨਣ ਨਾਲ ਪਾਪਾਂ ਰੂਪੀ ਹਨੇਰੇ ਦੇ ਰਾਜ ਦੀ ਸਮਾਪਤੀ ਹੁੰਦੀ ਹੈ। ਇਹੋ ਕਾਰਨ ਹੈ ਕਿ ‘‘ਧੁਰ ਕੀ ਬਾਣੀ॥’’ ਦਾ ਸੁਨੇਹਾ ਦੇਣ ਵਾਲਿਆਂ ਭਗਤਾਂ, ਗੁਰੂਆਂ ਨੂੰ ਜੇਲਾਂ ਵਿੱਚ, ਪਾਣੀ ਵਿੱਚ, ਖੂੰਖਾਰ ਜਾਨਵਰਾਂ ਅੱਗੇ, ਤੱਤੀ ਤਵੀ ਉੱਤੇ, ਹਥਿਆਰਾਂ ਦੀ ਮਾਰ ਆਦਿ ਥੱਲੇ ਸੁੱਟਿਆ ਗਿਆ। ਸੱਚ ਦੀ ਰੋਸ਼ਨੀ ਨੂੰ ਰੋਕਣ ਲਈ ਸਮੇਂ ਦੇ ਭ੍ਰਿਸ਼ਟ ਰਾਜਿਆਂ ਰੂਪੀ ਬੱਦਲਾਂ ਦਾ ਸਹਾਰਾ ਲਿਆ ਗਿਆ, ਸੂਰਜ (ਸੱਚ) ਵੱਲ ਧਰਤੀ (ਲੋਕਾਈ) ਦੀ ਪਿੱਠ ਕਰਕੇ ਹਨੇਰੇ (ਪਾਪ) ਦੇ ਸਵਾਦ ਵਿੱਚ ਲੋਕਾਈ ਨੂੰ ਸਵਾਉਣ ਦਾ ਜਤਨ ਕੀਤਾ ਗਿਆ, ਜਿਸ ਨੇ ਵੀ ਇਸ ਵਿਰੁੱਧ ਆਵਾਜ਼ ਉਠਾਈ ਉਸ ਨੂੰ ਆਰਿਆਂ ਤੇ ਚਰਖੜੀ ਦੇ ਦੰਦਿਆਂ, ਬਲਦੀਆਂ ਭੱਠੀਆਂ, ਬੀ.ਟੀ. ਦੀਆਂ ਡਾਂਗਾਂ, ਉਬਲਦੇ ਪਾਣੀ, ਬਲਦੇ ਟਾਇਰਾਂ ਦੀ ਜ਼ੁਲਮੀ ਅੱਗ ਹਵਾਲੇ ਕੀਤਾ ਗਿਆ, ਉਹਨਾਂ ਦੀ ਖੋਪੜੀ ਉਤਾਰੀ ਗਈ, ਉਹਨਾਂ ਦੇ ਬੱਚਿਆਂ ਦੇ ਟੋਟੇ-ਟੋਟੇ ਕੀਤੇ ਗਏ ਤਾਂ ਕਿ ‘ਹਨ੍ਹੇਰਾ ਕਾਇਮ ਰਹਿ ਸਕੇ’ ਕਿਉਂ ਕਿ ‘‘ਜੇ ਕੋ ਬੋਲੈ ਸਚੁ, ਕੂੜਾ ਜਲਿ ਜਾਵਈ॥ ਕੂੜਿਆਰੀ ਰਜੈ ਕੂੜਿ, ਜਿਉ ਵਿਸਟਾ ਕਾਗੁ ਖਾਵਈ॥’’ (646)

ਸਿੱਖ ਕੌਮ ਸੱਚ ਦੀ ਉਪਾਸ਼ਕ ਹੈ ਭਾਵ ‘‘ਆਦਿ ਸਚੁ ਜੁਗਾਦਿ ਸਚੁ॥’’ ਦਾ ਧਿਆਨ ਕਰਨ ਵਾਲੀ ਹੈ ਸੱਚ ’ਤੇ ਪਹਿਰਾ ਦੇਣਾ ਇਸ ਦਾ ਸੁਭਾਅ ਹੈ ਕਿਉਂਕਿ ‘‘ਜਹਾ ਝੂਠੁ ਤਹ ਪਾਪੁ॥’’ (ਭਗਤ ਕਬੀਰ/1372) ਦੇ ਸੋਚ ਦੀ ਧਾਰਨੀ ਹੋਣ ਕਾਰਨ ਝੂਠ ਦੀ ਗੰਦਗੀ ਇਸ ਨੂੰ ਪਸੰਦ ਨਹੀਂ, ਸਰਬੱਤ ਦੇ ਭਲੇ ਦੀ ਕਾਮਨਾ ਰੱਖਣ ਕਾਰਨ ਇਹ ਲੋਕ ਭਲਾਈ ਲਈ ਅਗਿਆਨਤਾ, ਪਾਖੰਡ ਤੇ ਜ਼ੁਲਮ ਆਦਿ ਦੇ ਸਾਹਮਣੇ ਕਿਰਪਾਨ ਸੂਤ ਕੇ ਖੜ੍ਹੀ ਹੋ ਜਾਂਦੀ ਹੈ, ਹਨੇਰਾ ਇਸ ਨੂੰ ਰੋਕਣ ਦਾ ਜਤਨ ਕਰਦਾ ਹੈ ਪਰ ਇਸ ਦੇ ਅੰਦਰ ਵਸਦੇ ‘‘ਗੁਰਬਾਣੀ ਚਾਨਣੁ॥’’ ਦੀ ਝਾਲ ਨੂੰ ਨਾ ਝੱਲਦੇ ਹੋਏ ਤੜਪਦਾ ਹੈ, ਉਸ ਦਾ ਦਮ ਘੁੱਟਦਾ ਹੈ, ਇਹ ਬਚਣ ਲਈ ਹੱਥ-ਪੈਰ ਮਾਰਦਾ ਕਈ ਵਾਰ ਆਪਣੇ ਖ਼ੂਨੀ ਪੰਜਿਆਂ ਨਾਲ ਨੋਚਦਾ ਵੀ ਹੈ ਪਰ ਖ਼ਾਲਸਾ ਤਾਂ ਹੈ ਹੀ ਸ਼ੁੱਧ, ਅੰਮ੍ਰਿਤ ਦਾ ਧਾਰਨੀ, ਮੌਤ ਦੇ ਡਰ ਤੋਂ ਉੱਤੇ, ਇਹ ਪਾਪ ਦੇ ਹਨੇਰੇ ਦੀ ਸੰਘੀ ਘੁੱਟੀ ਰੱਖਦਾ ਹੈ ਭਾਵੇਂ ਝੂਠ ਤੇ ਇਸ ਦੇ ਹਮਾਇਤੀ ਪ੍ਰਹਾਰ ਕਰਦੇ ਰਹਿਣ।

ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਣਗਿਣਤ ਸਿੰਘ/ ਸਿੰਘਣੀਆਂ ਨੇ ਆਪਣੀਆਂ ਜਾਨਾਂ ਤਾਂ ਕੁਰਬਾਨ ਕਰ ਦਿੱਤੀਆਂ ਪਰ ਗੁਰੂ ਨੂੰ ਬੇਦਾਵਾ ਦੇਣਾ ਉਚਿਤ ਨਹੀਂ ਸਮਝਿਆ।

‘‘ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥’’ (ਮ:5/627) ਨੇ ਰਾਹ ਪੱਧਰਾ ਕਰ, ਵਹਿਮ-ਭਰਮ ਦੇ ਸੰਗਲ ਤੋੜ, ਗਿਆਨ ਦਾ ਚਾਨਣ ਕਰ ਸਮੂਹ ਲੋਕਾਈ ਨੂੰ ਸਹੀ ਰੱਬੀ ਰਾਹ ਦੀ ਸੂਝ ਦਿੱਤੀ ਹੈ ਕਿਉਂਕਿ ‘‘ਜਹਾ ਗਿਆਨੁ ਤਹ ਧਰਮੁ ਹੈ॥’’ (ਭਗਤ ਕਬੀਰ/੧੩੭੨), ਜਿਸ ਅੰਦਰ ਇਸ ਦੀ ਵੀਚਾਰ ਤੇ ਜੀਵਨ ਸ਼ੈਲੀ ਪ੍ਰਵੇਸ਼ ਕਰ ਜਾਂਦੀ ਹੈ ਉਹ ਮਾਣਮੱਤਾ ਇਤਿਹਾਸ ਸਿਰਜ ਦੇਂਦੇ ਹਨ, ਉਹ ਭਾਵੇਂ ਪੁਰਾਤਨ ਸਿੰਘ ਹੋਣ, ਫੇਰੂਮਾਣ ਵਰਗੇ ਮਰਜੀਵੜੇ ਹੋਣ ਜਾਂ ਬਾਪੂ ਸੂਰਤ ਸਿੰਘ ਵਰਗੀ ਰੂਹ ਹੋਵੇ ਜਿਸ ਦੇ ਸੱਚੇ ਪ੍ਰਕਾਸ਼ ਦੀ ਪਕੜ ਵਿੱਚ ਆਇਆ ਪਾਪੀ ਹਨੇਰਾ ਤੜਪਦਾ ਰਹੇਗਾ ਭਾਵੇਂ ਉਸ ਨੂੰ ਸਮੇਂ ਦੇ ਹਾਕਮ ਦੀ ਸਹਿ ਹੀ ਕਿਉਂ ਨਾ ਮਿਲੀ ਹੋਵੇ।

ਆਉ, ਗੁਰਬਾਣੀ ਚਾਨਣ ਨਾਲ ਆਪਣਾ ਜੀਵਨ ਤੇ ਸੋਚ ਅਸੀਂ ਵੀ ਰੁਸ਼ਨਾਈਏ ਤਾਂ ਕਿ ਜ਼ੁਲਮੀ ਹਨੇਰਾ ਅਤੇ ਇਸ ਦੇ ਹਮਾਇਤੀ ਆਪਣੀਆਂ ਕੋਝੀਆਂ ਚਾਲਾਂ ਨਾਲ ਸਮਾਜ ਤੇ ਮਾਨਵਤਾ ਦਾ ਕੁਝ ਵੀ ਨਾ ਵਿਗਾੜ ਸਕਣ।