ਅਕਾਲ ਤਖ਼ਤ ਸਾਹਿਬ ਦੀ ਸਿਰਜਨਾ, ਸਿੱਖ ਇਤਿਹਾਸ ਵਿੱਚ ਅਕਾਲ ਤਖ਼ਤ ਦਾ ਰੋਲ ਅਤੇ ਇਸ ਦੀ ਮੌਜੂਦਾ ਦੌਰ ਵਿੱਚ ਹਾਲਤ

0
1771

ਅਕਾਲ ਤਖ਼ਤ ਸਾਹਿਬ ਦੀ ਸਿਰਜਨਾ, ਸਿੱਖ ਇਤਿਹਾਸ ਵਿੱਚ ਅਕਾਲ ਤਖ਼ਤ ਦਾ ਰੋਲ ਅਤੇ ਇਸ ਦੀ ਮੌਜੂਦਾ ਦੌਰ ਵਿੱਚ ਹਾਲਤ

ਕਿਰਪਾਲ ਸਿੰਘ ਬਠਿੰਡਾ (ਮੋਬ:) 98554-80797

28 ਜੇਠ ਸੰਮਤ 1663 ਨੂੰ ਗੁਰਿਆਈ ਗੱਦੀ ’ਤੇ ਬਿਰਾਜਮਾਨ ਹੋਣ ਤੋਂ ਕੇਵਲ ਤਿੰਨ ਹਫਤੇ ਬਾਅਦ; ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਮ੍ਹਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 18 ਹਾੜ ਬਿਕ੍ਰਮੀ ਸੰਮਤ 1663 (15 ਜੂਨ 1606 ਯੂਲੀਅਨ) ਨੂੰ ਇੱਕ ਥੜੇ ਦੀ ਉਸਾਰੀ ਕੀਤੀ ਜਿਸ ’ਤੇ ਬਾਅਦ ਵਿੱਚ ਅਕਾਲ ਬੁੰਗਾ ਉਸਾਰਿਆ ਗਿਆ। ਅਕਾਲ ਬੁੰਗੇ ਨੂੰ ਸਮੇਂ ਸਮੇਂ ’ਤੇ ਹਮਲਾਵਰਾਂ ਵੱਲੋਂ ਨਸ਼ਟ ਕੀਤੇ ਜਾਣ ਤੋਂ ਬਾਅਦ ਇਸ ਸਥਾਨ ’ਤੇ ਨਵੀਆਂ ਇਮਾਰਤਾਂ ਦੀ ਉਸਾਰੀ ਹੁੰਦੀ ਰਹੀ। 1984 ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਉਪ੍ਰੰਤ ਅਕਾਲ ਤਖ਼ਤ ਦੀ ਨਵੀਂ ਉਸਾਰੀ ਗਈ ਮੌਜੂਦਾ ਇਮਾਰਤ ਸ਼ੁਸ਼ੋਭਿਤ ਹੈ। ਸਿੱਖ ਇਤਿਹਾਸ ਵਿੱਚ 18 ਹਾੜ ਨੂੰ ਸ੍ਰੀ ਅਕਾਲ ਤਖਤ ਦੀ ਸਿਰਜਣਾ ਦਿਵਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ। 1752 ’ਚ ਯੂਲੀਅਨ ਕੈਲੰਡਰ ਵਿੱਚ ਹੋਈ 11 ਦਿਨ ਦੀ ਸੋਧ ਅਤੇ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਦਾ ਸਾਲ ਈਸਵੀ ਕੈਲੰਡਰ ਦੇ ਸਾਲ ਨਾਲੋਂ 1964 ਤੱਕ 24 ਮਿੰਟ ਵੱਡਾ ਹੋਣਾ ਅਤੇ 1964 ਵਿੱਚ ਦਿ੍ਰੱਕ ਸਿਧਾਂਤ ਅਨੁਸਾਰ ਕੀਤੀ ਸੋਧ ਉਪ੍ਰੰਤ ਤਕਰੀਬਨ 20 ਮਿੰਟ ਵੱਡਾ ਹੋਣ ਕਰਕੇ 1964 ਤੱਕ 60 ਸਾਲਾਂ ਵਿੱਚ ਇੱਕ ਦਿਨ ਅਤੇ 1964 ਉਪ੍ਰੰਤ 71-72 ਸਾਲਾਂ ਪਿੱਛੋਂ ਇੱਕ ਦਿਨ ਦਾ ਫਰਕ ਪੈਂਦਾ ਆ ਰਿਹਾ ਹੈ ਜਿਸ ਕਾਰਨ ਦੇਸੀ ਅਤੇ ਅੰਗਰੇਜੀ ਮਹੀਨਿਆਂ ਦੀਆਂ ਤਰੀਖਾਂ ਦਾ ਆਪਸੀ ਤਾਲਮੇਲ ਬਿਗੜ ਰਿਹਾ ਹੈ। ਦਿਨੋ ਦਿਨ ਇਸ ਬਿਗੜ ਰਹੇ ਤਾਲਮੇਲ ਨੂੰ ਅੱਗੋਂ ਤੋਂ ਰੋਕਣ ਲਈ ਵਿਗਿਆਨਕ ਢੰਗ ਨਾਲ ਤਿਆਰ ਕਰਕੇ 2003 ਵਿੱਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ 18 ਹਾੜ ਹਰ ਸਾਲ 2 ਜੁਲਾਈ ਨੂੰ ਆਉਂਦਾ ਹੈ ਅਤੇ ਹਮੇਸ਼ਾਂ ਲਈ ਇਸੇ ਹੀ ਤਰੀਖ ਨੂੰ ਆਉਂਦਾ ਰਹੇਗਾ। (ਨੋਟ: ਸ਼੍ਰੋਮਣੀ ਕਮੇਟੀ ਵੱਲੋਂ ਵਿਗਾੜੇ ਗਏ ਕੈਲੰਡਰ ਵਿੱਚ ਵੀ ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ 18 ਹਾੜ ਹੀ ਵਿਖਾਇਆ ਜਾ ਰਿਹਾ ਹੈ। ਉਨ੍ਹਾਂ ਦੇ ਕੈਲੰਡਰ ਵਿੱਚ 18 ਹਾੜ 2014 ਅਤੇ 2015 ਦੋਵੇਂ ਸਾਲਾਂ ਵਿੱਚ 2 ਜੁਲਾਈ ਨੂੰ ਹੀ ਆਇਆ ਸੀ ਪਰ ਇਸ ਸਾਲ 1 ਜੁਲਾਈ 2016 ਈ: ਨੂੰ ਹੈ; ਅਗਲੇ ਸਾਲ ਕਿਹੜੀ ਤਰੀਖ ਨੂੰ ਆਵੇਗਾ ਇਹ ਸ਼੍ਰੋਮਣੀ ਕਮੇਟੀ ਹੀ ਜਾਣੇ।)

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੂਰਮਿਆ ਵਿਚ ਬੀਰ-ਰਸ ਭਰਨ ਲਈ ਅਕਾਲ ਤਖ਼ਤ ’ਤੇ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ ਸਨ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿੱਚੋਂ ਪਹਿਲਾ ਸਰਵ-ਉੱਚ ਤਖ਼ਤ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਖ਼ਤ ਨੂੰ ਪ੍ਰਗਟ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਪੈਗ਼ਾਮ ਜੋ ਹੇਠ ਲਿਖੇ ਪਾਵਨ ਬਚਨਾਂ ਵਿੱਚ ਦਰਜ ਹੈ; ਹੀ ਪ੍ਰਗਟ ਕੀਤਾ ਸੀ:

(1). ਤਖਤਿ ਬਹੈ, ਅਦਲੀ ਪ੍ਰਭੁ ਆਪੇ; ਭਰਮੁ ਭੇਦੁ ਭਉ ਜਾਈ ਹੇ ॥੧੦॥’’ (ਮਾਰੂ ਸੋਲਹੇ ਮ: ੧/੧੦੨੨) ਭਾਵ ਨਿਆਂ ਕਰਨ ਵਾਲਾ ਪ੍ਰਭੂ ਆਪ ਹੀ ਤਖ਼ਤ ਉੱਤੇ ਬੈਠਾ ਹੋਇਆ ਹੈ, (ਉਸ ਦੀ ਆਪਣੀ ਹੀ ਮੇਹਰ ਨਾਲ ਜਗਤ ਵਿਚੋਂ) ਭਟਕਣਾ, (ਪਰਸਪਰ) ਵਿੱਥ ਤੇ ਡਰ-ਸਹਮ ਦੂਰ ਹੁੰਦਾ ਹੈ।

(2). ਤਖਤਿ ਬਹੈ, ਤਖਤੈ ਕੀ ਲਾਇਕ ॥ ਪੰਚ ਸਮਾਏ ਗੁਰਮਤਿ ਪਾਇਕ ॥ ਆਦਿ ਜੁਗਾਦੀ ਹੈ ਭੀ ਹੋਸੀ; ਸਹਸਾ ਭਰਮੁ ਚੁਕਾਇਆ ॥੧੪॥’’ (ਮਾਰੂ ਸੋਲਹੇ ਮ: ੧/ ੧੦੩੯) ਭਾਵ ਜੇਹੜਾ ਮਨੁੱਖ ਗੁਰੂ ਦੀ ਮਤ ’ਤੇ ਤੁਰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦੇ ਸੇਵਕ ਬਣ ਕੇ ਉਸ ਦੇ ਵੱਸ ਵਿਚ ਰਹਿੰਦੇ ਹਨ, ਉਹ ਹਿਰਦੇ-ਤਖ਼ਤ ਉੱਤੇ ਬੈਠਣ-ਜੋਗਾ ਹੋ ਜਾਂਦਾ ਹੈ ਤੇ ਹਿਰਦੇ-ਤਖ਼ਤ ਉੱਤੇ ਬੈਠਾ ਰਹਿੰਦਾ ਹੈ (ਭਾਵ, ਨਾਹ ਉਸ ਦੇ ਗਿਆਨ-ਇੰਦ੍ਰੇ ਮਾਇਆ ਵਲ ਡੋਲਦੇ ਹਨ ਅਤੇ ਨਾਹ ਹੀ ਉਸ ਦਾ ਮਨ ਵਿਕਾਰਾਂ ਵਲ ਜਾਂਦਾ ਹੈ)। ਜੇਹੜਾ ਪਰਮਾਤਮਾ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ ਜੁਗਾਂ ਦੇ ਆਦਿ ਤੋਂ ਹੈ, ਹੁਣ ਭੀ ਮੌਜੂਦ ਹੈ ਤੇ ਸਦਾ ਲਈ ਕਾਇਮ ਰਹੇਗਾ ਉਹ ਪਰਮਾਤਮਾ ਗੁਰੂ ਦੀ ਮਤ ’ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦਾ ਸਹਮ ਤੇ ਉਸ ਦੀ ਭਟਕਣਾ ਦੂਰ ਕਰ ਦੇਂਦਾ ਹੈ। ਉਸ ਦਾ ਸਿਮਰਨ ਕਰਨ ਦੁਆਰਾ, ਜੋ ਐਨ ਆਰੰਭ ਅਤੇ ਯੁਗਾਂ ਦੇ ਅਰੰਭ ਵਿੱਚ ਸੀ, ਹੁਣ ਹੈ ਅਤੇ ਅਗੇ ਨੂੰ ਭੀ ਹੋਵੇਗਾ, ਬੰਦੇ ਦਾ ਫ਼ਿਕਰ ਤੇ ਵਹਿਮ ਦੂਰ ਹੋ ਜਾਂਦਾ ਹੈ।

(3). ਤਖਤਿ, ਰਾਜਾ ਸੋ ਬਹੈ; ਜਿ ਤਖਤੈ ਲਾਇਕ ਹੋਈ ॥ ਜਿਨੀ, ਸਚੁ ਪਛਾਣਿਆ; ਸਚੁ ਰਾਜੇ ਸੇਈ ॥ ਏਹਿ ਭੂਪਤਿ, ਰਾਜੇ ਨ ਆਖੀਅਹਿ; ਦੂਜੈ ਭਾਇ ਦੁਖੁ ਹੋਈ ॥ ਕੀਤਾ, ਕਿਆ ਸਾਲਾਹੀਐ; ਜਿਸੁ ਜਾਦੇ ਬਿਲਮ ਨ ਹੋਈ ॥ ਨਿਹਚਲੁ ਸਚਾ ਏਕੁ ਹੈ; ਗੁਰਮੁਖਿ ਬੂਝੈ, ਸੁ ਨਿਹਚਲੁ ਹੋਈ ॥੬॥’’ ਮਾਰੂ ਵਾਰ:੧ (ਮ: ੩/੧੦੮੮) ਭਾਵ ਜੋ ਮਨੁੱਖ ਤਖ਼ਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ’ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ ਤ੍ਰਿਸ਼ਨਾ ਭੁਖ ਗਵਾ ਕੇ ਬੇਪਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ); ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਉਹੀ ਅਸਲ ਰਾਜੇ ਹਨ। ਧਰਤੀ ਦੇ ਮਾਲਕ ਬਣੇ ਹੋਏ ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਹਨਾਂ ਨੂੰ (ਇਕ ਤਾਂ) ਮਾਇਆ ਦੇ ਮੋਹ ਕਰਕੇ ਸਦਾ ਦੁੱਖ ਵਾਪਰਦਾ ਹੈ, (ਦੂਜੇ) ਉਸ ਨੂੰ ਕੀਹ ਵਡਿਆਉਣਾ ਹੋਇਆ ਜੋ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਅਟੱਲ ਰਾਜ ਵਾਲਾ ਇਕ ਪ੍ਰਭੂ ਹੀ ਹੈ। ਜੋ ਗੁਰੂ ਦੇ ਸਨਮੁਖ ਹੋ ਕੇ ਇਹ ਗੱਲ ਸਮਝ ਲੈਂਦਾ ਹੈ, ਉਹ ਭੀ (‘ਤ੍ਰਿਸ਼ਨਾ ਭੁਖ’ ਵਲੋਂ) ਅਡੋਲ ਹੋ ਜਾਂਦਾ ਹੈ।

6 ਸਾਵਣ ਸੰਮਤ 1663, 5 ਜੁਲਾਈ 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿਚੋਂ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਹ ਕਹਿਣਾ ਜਾਂ ਲਿਖਣਾ ਬਿਲਕੁਲ ਗਲਤ ਹੈ ਕਿ ਬਾਬਾ ਬੁੱਢਾ ਜੀ ਨੇ ਗਲਤੀ ਨਾਲ ਸੱਜੇ ਪਾਸੇ ਪਹਿਨਾ ਦਿੱਤੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਸ ਨੂੰ ਲਾਹ ਕੇ ਠੀਕ ਪਾਸੇ ਪਾਉਣ ਦੀ ਬਜਾਏ ਇਕ ਹੋਰ ਕਿਰਪਾਨ ਲਿਆ ਕੇ ਖੱਬੇ ਪਾਸੇ ਪਹਿਨਾ ਦਿਓ। ਦੋ ਕਿਰਪਾਨਾਂ ਬਾਬਾ ਬੁੱਢਾ ਜੀ ਦੀ ਗਲਤੀ ਸੁਧਾਰਨ ਲਈ ਨਹੀਂ ਬਲਕਿ ਗੁਰੂ ਅਰਜੁਨ ਸਾਹਿਬ ਜੀ ਦੀ ਆਗਿਆ ਅਨੁਸਰ ਹੀ ਪਹਿਨੀਆਂ ਸਨ। ਇਸ ਦਾ ਵਰਣਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ: ‘ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।’

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-(ਪੀਰੀ) ਤੇ ਸਿਪਾਹੀ (ਰਾਜਸੀ ਤਾਕਤ= ਮੀਰੀ) ਇਕੱਠੇ ਕੰਮ ਕਰਨਗੇ; ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ। ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ; ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇੱਕ ਹੋਣਗੇ ਪਰ ਧਰਮ ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਸਾਹਿਬਾਂ ਵਿੱਚੋਂ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਦੂਸਰੇ ਨਾਲੋਂ ਜ਼ਰਾ ਵੱਧ ਹੋਣੀ ਇਸੇ ਗੱਲ ਦਾ ਪ੍ਰਤੀਕ ਹੈ ਕਿ ਧਰਮ ਦਾ ਸਥਾਨ ਰਾਜਨੀਤੀ ਨਾਲੋਂ ਉੱਚਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ। 6 ਸਾਵਣ ਨੂੰ ਸਿੱਖ ਇਤਿਹਾਸ ਵਿੱਚ ਮੀਰੀ ਪੀਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 21 ਜੁਲਾਈ ਨੂੰ ਹੀ ਆਉਂਦਾ ਹੈ। (ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਮੀਰੀ-ਪੀਰੀ ਦਿਵਸ 31 ਹਾੜ, 14 ਜੁਲਾਈ ਵਿਖਾਇਆ ਗਿਆ ਹੈ। 2014 ’ਚ ਇਹ ਦਿਹਾੜਾ 6 ਸਾਵਣ 21 ਜੁਲਾਈ; ਅਤੇ 2015 ’ਚ 11 ਸਾਵਣ 26 ਜੁਲਾਈ ਵਿਖਾਇਆ ਗਿਆ ਸੀ। ਇਹ ਵੀ ਸ਼੍ਰੋਮਣੀ ਕਮੇਟੀ ਹੀ ਦੱਸ ਸਕਦੀ ਹੈ ਕਿ ਹਰ ਸਾਲ ਹੀ ਮੀਰੀ-ਪੀਰੀ ਦਿਹਾੜੇ ਦੀਆਂ ਤਰੀਖਾਂ ਬਦਲ ਕੇ ਉਹ ਸਿੱਖ ਕੌਮ ਨੂੰ ਕਿਹੜੇ ਭੰਬਲਭੂਸੇ ਵਿੱਚ ਪਾਉਣਾ ਚਾਹੁੰਦੀ ਹੈ।)

ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਿਰਜਨਾ 1606 ਵਿੱਚ ਕੀਤੀ ਉਹ 1609 ਤੱਕ ਤੇ ਫਿਰ 1617 ਤੋਂ 1631 ਤੱਕ ਬਹੁਤ ਸਮਾਂ ਅੰਮ੍ਰਿਤਸਰ ਰਹੇ ਸਨ ਤੇ ਇਸ ਦੌਰਾਨ ਤਖ਼ਤ ਦੀ ਕਾਰਵਾਈ ਇੱਥੋਂ ਚਲਾਉਂਦੇ ਰਹੇ। 1632 ਵਿੱਚ ਉਹ ਕੀਰਤਪੁਰ ਸਾਹਿਬ ਚਲੇ ਗਏ। ਇਸ ਮਗਰੋਂ ਛੇਵੇਂ, ਸਤਵੇਂ ਤੇ ਅੱਠਵੇਂ ਪਾਤਿਸ਼ਾਹ ਵਧੇਰੇ ਕਰਕੇ ਕੀਰਤਪੁਰ ਸਾਹਿਬ ਹੀ ਰਹੇ। ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਸੰਭਾਲਣ ਪਿੱਛੋਂ ਪ੍ਰਚਾਰ ਫੇਰੀਆਂ ਨੂੰ ਛੱਡ ਕੇ ਬਹੁਤਾ ਸਮਾ ਬਾਬਾ ਬਕਾਲਾ ਅਤੇ ਚੱਕ ਨਾਨਕੀ (ਅਨੰਦਪੁਰ ਸਾਹਿਬ) ਵਿਖੇ ਰਹੇ; ਇਕ ਵਾਰ ਉਹ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਏ ਜਰੂਰ ਸਨ ਪਰ ਮਸੰਦਾਂ ਨੇ ਦਰਵਾਜੇ ਬੰਦ ਕਰਕੇ ਗੁਰੂ ਜੀ ਨੂੰ ਅੰਦਰ ਦਾਖ਼ਲ ਨਹੀਂ ਸੀ ਹੋਣ ਦਿੱਤਾ ਇਸ ਲਈ ਉਹ ਬਾਹਰੋਂ ਹੀ ਨਮਸ਼ਕਾਰ ਕਰਕੇ ਵਾਪਸ ਚਲੇ ਗਏ ਸਨ। ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਚੱਕ ਨਾਨਕੀ, ਪਾਉਂਟਾ ਸਾਹਿਬ, ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਹਜੂਰ ਸਾਹਿਬ ਨੰਦੇੜ ਵਿਖੇ ਰਹੇ। ਇਸ ਸਾਰੇ ਸਮੇਂ ਦੌਰਾਨ ਉਹ ਸਾਰੇ ਗੁਰੂ ਸਾਹਿਬਾਨ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਇਨ੍ਹਾਂ ਥਾਵਾਂ ਤੋਂ ਹੀ ਚਲਾਉਂਦੇ ਰਹੇ ਸਨ। 1984 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭਾਰਤੀ ਫੌਜ ਵੱਲੋਂ ਢਹਿਢੇਰੀ ਕਰਕੇ ਦਰਬਾਰ ਸਾਹਿਬ ਕੰਪਲੈਕਸ ਆਪਣੇ ਕਬਜ਼ੇ ਹੇਠ ਕਰ ਲਿਆ ਸੀ। ਉਸ ਤੋਂ ਬਾਅਦ ਪਹਿਲਾ ਸਰਬੱਤ ਖ਼ਾਲਸਾ ਅਕਾਲ ਤਖ਼ਤ ਦੀ ਬਜਾਏ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਵਿਖੇ ਕੀਤਾ ਗਿਆ ਸੀ। ਸੋ ਸ਼੍ਰੋਮਣੀ ਕਮੇਟੀ ਅਤੇ ਮੌਜੂਦਾ ਜਥੇਦਾਰਾਂ ਵੱਲੋਂ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਸਰਬੱਤ ਖ਼ਾਲਸਾ ਕੇਵਲ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਹੋ ਸਕਦਾ ਹੈ, ਬਿਲਕੁਲ ਅਧਾਰਹੀਨ ਅਤੇ ਸਿੱਖ ਇਤਿਹਾਸ ਤੋਂ ਨਾਸਮਝੀ ਦੀ ਸੂਚਕ ਹੈ।

ਗੁਰੂ ਸਾਹਿਬ ਪਿੱਛੋਂ ਪੰਥ ਦੀ ਸਿਆਸੀ ਅਗਵਾਈ ਸਰਬੱਤ ਖ਼ਾਲਸਾ ਕੋਲ ਆ ਗਈ। ਸਰਬੱਤ ਖ਼ਾਲਸਾ ਦੀ ਫੌਜ-ਖ਼ਾਲਸਾ ਦਲ (ਜਾਂ ਦਲ ਖ਼ਾਲਸਾ) ਦੇ ਆਗੂ ਆਪਣਾ ਇੱਕ ਜਥੇਦਾਰ ਚੁਣ ਲੈਂਦੇ ਸਨ। ਬਾਬਾ ਬੰਦਾ ਸਿੰਘ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖ਼ੁਦ ਹੀ ਖ਼ਾਲਸਾ ਫੌਜ ਦੇ ਜਥੇਦਾਰ ਥਾਪੇ ਗਏ ਸਨ। ਉਸ ਤੋਂ ਬਾਅਦ ਬਾਬਾ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਦਲ ਖ਼ਾਲਸਾ ਵੱਲੋਂ ਜਥੇਦਾਰ ਥਾਪੇ ਜਾਂਦੇ ਰਹੇ ਹਨ। ਉਹ ਖ਼ਾਲਸਾ ਫੌਜ ਦੇ ਜਥੇਦਾਰ ਰਹੇ ਹਨ ਨਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ। ਮਿਸਲਾਂ ਦੇ ਸਮੇਂ ਸਾਲ ਵਿੱਚ ਦੋ ਵਾਰ ਦੀਵਾਲੀ, ਵੈਸਾਖੀ ਮੌਕੇ ਸਾਰੀਆਂ ਮਿਸਲਾਂ ਦੇ ਮੁਖੀ ਨੁੰਮਾਇੰਦੇ ਸਿੱਖ ਪੰਥ ਵੱਲੋਂ ਕਿਸੇ ਵੱਡੇ ਪੰਥਕ ਮਸਲੇ ’ਤੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਸਾਂਝੀ ਇਕੱਤ੍ਰਤਾ ਬੁਲਾਉਂਦੇ ਸਨ ਜਿਸ ਨੂੰ ਸਰਬੱਤ ਖ਼ਾਲਸੇ ਦਾ ਨਾਮ ਦਿੱਤਾ ਜਾਂਦਾ ਰਿਹਾ ਹੈ। ਹਰ ਸਮੇਂ ਵੱਖੋ ਵੱਖ ਵੀਚਾਰਧਾਰਾਵਾਂ ਦੇ ਧਾਰਨੀ ਮਿਸਲਾਂ ਦੇ ਨੁੰਮਾਇੰਦੇ ਆਪਣੇ ਵਿੱਚੋਂ ਇਕ ਨੂੰ ਜਥੇਦਾਰ ਚੁਣ ਲੈਂਦੇ ਸਨ, ਜਿਸ ਦੀ ਦੇਖ ਰੇਖ ਹੇਠ ਸਰਬੱਤ ਖ਼ਾਲਸਾ ਦੀ ਕਾਰਵਾਈ ਚਲਦੀ ਸੀ। ਆਪਣੇ ਨਿੱਜੀ ਹਿਤਾਂ ਅਤੇ ਵੀਚਾਰਾਂ ਨੂੰ ਲਾਂਭੇ ਰੱਖ ਕੇ ਕੇਵਲ ਪੰਥਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਗੁਰਮਤਿ ਦੀ ਰੋਸ਼ਨੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਜਦ ਤੱਕ ਸਰਬ ਸੰਮਤੀ ਨਾਲ ਕਿਸੇ ਫੈਸਲੇ ’ਤੇ ਨਹੀਂ ਸੀ ਪੁੱਜਿਆ ਜਾਂਦਾ ਤਦ ਤਕ ਮੀਟਿੰਗ ਨਿਰੰਤਰ ਜਾਰੀ ਰਹਿੰਦੀ ਸੀ। ਸਰਬ ਸੰਮਤੀ ਵਾਲੇ ਫੈਸਲੇ ਨੂੰ ਗੁਰਮਤਾ ਦਾ ਨਾਮ ਦਿੱਤਾ ਜਾਂਦਾ ਸੀ ਜਿਸ ਦਾ ਅਰਥ ਹੈ ਗੁਰੂ ਦੀ ਸਿੱਖਿਆ ਮੁਤਾਬਕ ਪਾਸ ਕੀਤਾ ਗਿਆ ਮਤਾ। ਸਰਬ ਸੰਮਤੀ ਨਾਲ ਪਾਸ ਹੋਏ ਇਸ ਗੁਰਮਤੇ ਨੂੰ ਉਸ ਇਕੱਤ੍ਰਤਾ ਲਈ ਚੁਣਿਆ ਗਿਆ ਜਥੇਦਾਰ ਅਕਾਲ ਤਖ਼ਤ ਦੀ ਫਸੀਲ ਤੋਂ ਪੰਥ ਦੇ ਨਾਮ ਸੰਦੇਸ਼ ਦੇ ਤੌਰ ’ਤੇ ਪੜ੍ਹ ਕੇ ਸੁਣਾ ਦਿੰਦਾ ਸੀ ਜਿਸ ਨੂੰ ਅਕਾਲ ਤਖ਼ਤ ਦਾ ਹੁਕਨਾਮਾ ਕਿਹਾ ਜਾਣ ਲੱਗ ਪਿਆ ਅਤੇ ਜਿਸ ਨੂੰ ਸਾਰਾ ਪੰਥ ਬਿਨਾਂ ਹੀਲ ਹੁਜਤ ਤੋਂ ਮੰਨ ਲੈਂਦਾ ਸੀ। ਭਾਈ ਰਤਨ ਸਿੰਘ ਭੰਗੂ ਪਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਦਾ ਜ਼ਿਕਰ ਇਉਂ ਕਰਦੇ ਹਨ: ‘ਅਕਾਲ ਬੁੰਗੇ ਚੜ੍ਹਿ, ਤਖ਼ਤੈ ਬਹਿ ਹੈਂ। ਲਾਇ ਦੀਵਾਨ, ਗੁਰਮਤੇ ਮਤੇ ਹੈਂ।’

ਗਿਆਨੀ ਗਿਆਨ ਸਿੰਘ ਦੇ ਲਫਜ ਹਨ: ‘ਕਾਮ ਪਰਤ ਥਾ, ਜੋ ਕਛ ਕਬ ਹੀ। ਕਰਤ ਗੁਰਮਤਾ, ਮਿਲ ਕਰ ਸਭ ਹੀ। ਜਥੇਦਾਰ ਜੋ ਕਛੁ ਕਹਿ ਦੇਤਾ। ਸੋਈ ਪੰਥ ਮਾਨ ਸਭ ਲੇਤਾ।’

ਇਸ ਤਰ੍ਹਾਂ ਸਰਬੱਤ ਖ਼ਾਲਸਾ ਦੀ ਸੰਸਥਾ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਦੇ ਸਿਧਾਂਤ ਨੂੰ ਪਰਪੱਕ ਕਰਦੀ ਹੈ। 1783 ਤੋਂ ਮਗਰੋਂ ਜਦੋਂ ਸਿੱਖ ਮਿਸਲਾਂ ਨੇ ਆਪੋ ਆਪਣੀ ਰਾਖੀ ਵਾਲੇ ਇਲਾਕਿਆਂ ਵਿੱਚ ਹਕੂਮਤਾਂ ਕਾਇਮ ਕਰ ਲਈਆਂ ਤਾਂ ਸਰਬੱਤ ਖ਼ਾਲਸਾ ਇਕੱਠ ਹੋਣੇ ਬੰਦ ਹੋ ਗਏ। 1799 ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਬੋਲਬਾਲਾ ਕਾਇਮ ਹੋ ਗਿਆ। 1805 ਵਿੱਚ ਲਾਰਡ ਲੇਕ ਅਤੇ ਹੋਲਕਰ ਦੇ ਝਗੜੇ ਬਾਰੇ ਇੱਕ ਸਰਬੱਤ ਖ਼ਾਲਸਾ ਬੁਲਾਉਣ ਮਗਰੋਂ ਉਸ ਨੇ ਅਜਿਹੇ ਇਕੱਠ ਬੁਲਾਉਣੇ ਬੰਦ ਕਰ ਦਿੱਤੇ ਸਨ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਕੋਈ ਉਸ ਨੂੰ ਸਰਬੱਤ ਖ਼ਾਲਸਾ ਦੇ ਨਾਮ ’ਤੇ ਸਲਾਹ ਦੇਵੇ। 1805 ਤੋਂ ਪਿੱਛੋਂ 15 ਨਵੰਬਰ 1920 ਤੱਕ ਕੋਈ ਸਰਬੱਤ ਖ਼ਾਲਸਾ ਇਕੱਠ ਨਹੀਂ ਹੋਇਆ।

ਅਕਾਲ ਤਖ਼ਤ ਸਾਹਿਬ ਇੱਕ ਸਿਧਾਂਤ ਹੈ ਕੋਈ ਗੱਦੀ ਨਹੀਂ। ਇਸ ਦੇ ਮੁੱਖ ਸੇਵਾਦਾਰ ਦੀ ਤੁਲਨਾ ‘ਪੋਪ ਜਾਂ ਬਾਦਸ਼ਾਹ’ ਦੋਵਾਂ ਵਿੱਚੋਂ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ। ‘ਜਥੇਦਾਰ’ ਲਫਜ਼ ਤਾਂ 1920 ਤੋਂ ਕਾਫੀ ਸਮਾਂ ਬਾਅਦ ਵਿੱਚ ਹੋਂਦ ਵਿੱਚ ਆਇਆ ਹੈ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਜਦੋਂ 12 ਅਕਤੂਬਰ 1920 ਨੂੰ ਜਦੋਂ ਪੁਜਾਰੀ ਸੰਗਤਾਂ ਦੇ ਰੋਹ ਨੂੰ ਵੇਖ ਕੇ ਦੌੜ ਗਏ ਤਾਂ ਅਕਾਲ ਤਖ਼ਤ ਸੁੰਝਾ ਤੱਕ ਕੇ ਹਾਜ਼ਿਰ ਸੰਗਤਾਂ ਨੇ ਸੇਵਾ ਸੰਭਾਲ ਲਈ ਇੱਕ 25 ਮੈਂਬਰੀ ਜਥਾ ਨਿਯੁਕਤ ਕੀਤਾ ਤਾਂ ਭਾਈ ਤੇਜਾ ਸਿੰਘ ਭੁੱਚਰ ਇਸ ਦੇ ਜਥੇਦਾਰ ਨਿਯੁਕਤ ਕੀਤੇ ਗਏ ਸਨ। ਉਹ ਸੇਵਾ ਸੰਭਾਲ ਦੇ ਜਥੇਦਾਰ ਸਨ ਨਾ ਕਿ ਅਕਾਲ ਤਖ਼ਤ ਸਾਹਿਬ ਦੇ। ਕਾਬਲੇ-ਜ਼ਿਕਰ ਹੈ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਬਣਾਉਣ ਲਈ 15-16 ਨਵੰਬਰ 1920 ਨੂੰ ਅਕਾਲ ਤਖ਼ਤ ਸਾਹਿਬ ਦੇ ਮੂਹਰੇ ਜੋ ‘ਸਰਬੱਤ ਖ਼ਾਲਸਾ ਇਕੱਠ’ ਬੁਲਾਇਆ ਗਿਆ ਸੀ, ਉਸ ਚਿੱਠੀ ਉਪਰ ਜਥੇਦਾਰ ਵਜੋਂ ਤੇਜਾ ਸਿੰਘ ਭੁੱਚਰ ਦੇ ਦਸਤਖ਼ਤ ਨਹੀਂ ਸਨ ਬਲਕਿ ਡਾ: ਗੁਰਬਖ਼ਸ਼ ਸਿੰਘ ਜੋ 13 ਅਕਤੂਬਰ 1920 ਨੂੰ ਨਾਮਜ਼ਦ ਹੋਏ 9 ਮੈਂਬਰੀ ਸੇਵਾ ਸੰਭਾਲ ਜੱਥੇ ਦੇ ਸਕੱਤਰ ਸਨ; ਦੇ ਦਸਤਖ਼ਤ ਸਨ। ਇਸ ਤੋਂ ਇਹ ਸਿੱਧ ਹੋਇਆ ਕਿ ਇਹ ਵੀ ਕੋਈ ਜਰੂਰੀ ਸ਼ਰਤ ਨਹੀਂ ਹੈ ਕਿ ਸਰਬੱਤ ਖ਼ਾਲਸਾ ਦਾ ਇਕੱਠ ਕੇਵਲ ਅਕਾਲ ਤਖ਼ਤ ਦਾ ਜਥੇਦਾਰ ਹੀ ਬੁਲਾ ਸਕਦਾ ਹੈ ਹੋਰ ਕੋਈ ਨਹੀਂ ਜਿਵੇਂ ਕਿ ਅੱਜ ਕੱਲ੍ਹ (ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ) ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ 1926 ਵਿੱਚ ਮਹਾਨ ਕੋਸ਼ ਪੂਰਾ ਕੀਤਾ ਅਤੇ 1930 ਵਿੱਚ ਛਾਪਿਆ। ਇਸ ਵਿੱਚ ਕਿਧਰੇ ਵੀ ‘ਅਕਾਲ ਤਖ਼ਤ ਦੇ ਜਥੇਦਾਰ’ ਦਾ ਜ਼ਿਕਰ ਨਹੀਂ ਹੈ। 1925 ਵਿੱਚ ਪਾਸ ਹੋਏ ‘ਗੁਰਦੁਆਰ ਐਕਟ’ ਵਿੱਚ ਜਥੇਦਾਰ ਦਾ ਕੋਈ ਅਹੁਦਾ ਨਹੀ; ਉਸ ਵਿੱਚ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਲਈ ‘ਹੈੱਡ ਮਨਿਸਟਰ’ ਸ਼ਬਦ ਵਰਤਿਆ ਗਿਆ ਹੈ। 1945 ਵਿੱਚ ਪ੍ਰਵਾਨ ਕੀਤੀ ਸਿੱਖ ਰਹਿਤ ਮਰਿਆਦਾ ਵਿੱਚ ਵੀ ਜਥੇਦਾਰ ਦੇ ਅਹੁੱਦੇ ਦਾ ਕੋਈ ਜ਼ਿਕਰ ਨਹੀਂ ਹੈ। ਜੇ ਪਿਛਲਾ ਇਤਿਹਾਸ ਫਰੋਲੀਏ ਤਾਂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ, ਭਾਈ ਮਨੀ ਸਿੰਘ ਲਈ ਵੀ ਜਥੇਦਾਰ ਨਹੀਂ ਬਲਕਿ ‘ਪੁਜਾਰਨ ਸਿਓਂ ਵਡੋ ਪੁਜਾਰੀ’ ਲਫਜ਼ ਵਰਤਦੇ ਹਨ। ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਜੇ ਇਸ ਤੋਂ ਹੋਰ ਪਿੱਛੇ ਜਾਈਏ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਅੰਮ੍ਰਿਤਸਰ ਤੋਂ ਗਵਾਲੀਅਰ, ਦਿੱਲੀ, ਡਰੋਲੀ ਭਾਈ ਜਾਂ ਕਿਤੇ ਹੋਰ ਗਏ ਤਾਂ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦੀ ਅਤੇ ਭਾਈ ਗੁਰਦਾਸ ਜੀ ਨੂੰ ਸ਼੍ਰੀ ਅਕਾਲ ਤਖ਼ਤ ਦੀ ਸੇਵਾ ਸੰਭਾਲ ਸੌਂਪ ਕੇ ਗਏ ਸਨ ਨਾ ਕਿ ਇਸ ਦੇ ਜੱਥੇਦਾਰ।

ਇਤਿਹਾਸ ਗਵਾਹ ਹੈ ਕਿ ਚਾਹੇ ਜ਼ਕਰੀਆ ਖਾਨ, ਮੀਰ ਮੰਨੂ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਜਾਂ 1984 ਦੀ ਭਾਰਤ ਸਰਕਾਰ, ਸਭਨਾਂ ਨੇ ਸਿੱਖ ਕੌਮ ਨੂੰ ਦਬਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਸਮਾਂ ਬੀਤਦਾ ਗਿਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਵੀ ਦਿਨ ਪ੍ਰਤੀ-ਦਿਨ ਨਿਖਰਦੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੁੰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਧਰਮ ਨੂੰ ਸਿਆਸਤ ਤੋਂ ਉੱਪਰ ਰੱਖਣ ਦੇ ਸਿਧਾਂਤ ਨੂੰ ਅਮਲ ਵਿਚ ਲਿਆਂਦਾ ਜਿਸ ਨੂੰ ਕਿਸੇ ਵੀ ਸਮੇਂ ਦੀ ਸਰਕਾਰ ਖ਼ਤਮ ਨਹੀਂ ਕਰ ਸਕੀ ਤੇ ਨਾ ਹੀ ਕਰ ਸਕੇਗੀ। ਸਮੇਂ-ਸਮੇਂ ’ਤੇ ਲੋੜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦੇ ਇਕੱਠ ਹੁੰਦੇ ਸਨ, ਸਿੱਖ ਕੌਮ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੁਰਮਤੇ ਕੀਤੇ ਜਾਂਦੇ ਸਨ ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਜਾਰੀ ਕਰਦੇ ਸਨ; ਜਿਸ ਨੂੰ ਮੰਨਣ ਲਈ ਹਰ ਸਿੱਖ ਪਾਬੰਦ ਹੁੰਦਾ ਸੀ। ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੋ ਕੰਮ ਦੁਸ਼ਮਨ ਨਹੀਂ ਕਰ ਸਕਿਆ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਾਰਸ ਅਖਵਾਉਣ ਵਾਲੇ ਅਕਾਲੀ ਦਲ ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਆਪ ਹੀ ਕਰ ਵਿਖਾਇਆ ਹੈ। ਵੱਖ ਵੱਖ ਵੀਚਾਰਧਾਰਾ ਵਾਲੇ ਜੱਥਿਆਂ (ਮਿਸਲਾਂ) ਦੇ ਇਕੱਠ ਵੱਲੋਂ ਮੌਕੇ ’ਤੇ ਆਰਜ਼ੀ ਤੌਰ ’ਤੇ ਚੁਣੇ ਗਏ ਜਥੇਦਾਰਾਂ ਦੀ ਥਾਂ ਅੱਜ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਣ ਕੇ ਰਹਿ ਗਏ ਹਨ ਜਿਨ੍ਹਾਂ ਦੀ ਯੋਗਤਾ, ਨਿਯੁਕਤੀ, ਫੈਸਲੇ ਲੈਣ ਅਤੇ ਅਹੁਦੇ ਤੋਂ ਬਰਤਰਫੀ ਲਈ ਕੋਈ ਵੀ ਵਿਧੀ ਵਿਧਾਨ ਤਹਿ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਕੇਵਲ 15 ਕਾਰਜਕਾਰਨੀ ਮੈਂਬਰ ਮਨਚਾਹੇ ਢੰਗ ਨਾਲ ਕਿਸੇ ਵੀ ਜਥੇਦਾਰ ਨੂੰ ਬੇਇਜ਼ਤੀ ਭਰੇ ਢੰਗ ਨਾਲ ਕਿਸੇ ਵੀ ਸਮੇਂ ਅਹੁਦੇ ਤੋਂ ਬਰਤਰਫ ਕਰ ਸਕਦੇ ਹਨ ਅਤੇ ਬਿਨਾ ਕਿਸੇ ਯੋਗਤਾ ਦੇ ਕਿਸੇ ਵੀ ਵਿਅਕਤੀ ਨੂੰ ਨਵਾਂ ਜਥੇਦਾਰ ਥਾਪ ਸਕਦੇ ਹਨ, ਇਸੇ ਕਾਰਨ ਮੌਜੂਦਾ ਜਥੇਦਾਰ ਸਤਾਧਾਰੀ ਦਲ ਦੀਆਂ ਕਠਪੁਤਲੀਆਂ ਦੇ ਤੌਰ ’ਤੇ ਕੰਮ ਕਰਦੇ ਵਿਖਾਈ ਦਿੰਦੇ ਹਨ। ਇਸ ਦੇ ਬਾਵਜੂਦ ਜਥੇਦਾਰਾਂ ਜਿਨ੍ਹਾਂ ਨੂੰ ਸਿੱਖ ਸਿਧਾਂਤਾਂ ਦੇ ਉਲਟ ਸਿੰਘ ਸਾਹਿਬ ਆਦਿਕ ਦੇ ਲਕਬ ਦੇ ਕੇ ਆਮ ਸੰਗਤਾਂ ਲਈ ਹਊਏ ਦੇ ਤੌਰ ’ਤੇ ਪੇਸ਼ ਕੀਤੇ ਜਾ ਰਹੇ ਹਨ; ਜਿਨ੍ਹਾਂ ਦੇ ਹੁਕਮਨਾਮਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਨਾਮਿਆਂ ਤੋਂ ਉਪਰ ਦੱਸ ਕੇ ਹਰ ਸਿੱਖ ਲਈ ਮੰਨਣਾ ਜਰੂਰੀ ਦੱਸਿਆ ਜਾ ਰਿਹਾ ਹੈ। ਸਿੱਖ ਸਿਧਾਂਤਾਂ ਦੇ ਵਿਰੋਧ ਵਿੱਚ ਜਾਣ ਵਾਲੀ ਇਸ ਕਾਰਵਾਈ ਦੀ ਸ਼ੁਰੂਆਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਸਮੇਂ ਹੋਈ। 1999; ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਸਾਰੀਆਂ ਹੀ ਪੰਥਕ ਸੰਸਥਾਵਾਂ ’ਤੇ ਪੂਰੀ ਤਰ੍ਹਾਂ ਕਾਬਜ਼ ਹੋਇਆ ਹੈ; ਤੋਂ ਤਾਂ ਇਸ ਦੀ ਦੁਰਵਰਤੋਂ ਚਰਮ ਸੀਮਾ ’ਤੇ ਪਹੁੰਚ ਗਈ ਹੈ। ਬਾਦਲ ਕਾਲ ਵਿੱਚ ਰਾਜਨੀਤੀ ਤੋਂ ਪ੍ਰੇਰਤ ਹੋ ਕੇ ਜਿਸ ਤਰ੍ਹਾਂ ਦੇ ਫੈਸਲੇ ਅਕਾਲ ਤਖ਼ਤ ਤੋਂ ਕੀਤੇ ਜਾ ਰਹੇ ਹਨ; ਜਿਸ ਤਰ੍ਹਾਂ ਜਥੇਦਾਰਾਂ ਦੀ ਬੇਚਾਰਗੀ ਵਾਲੀ ਹਾਲਤ ਇਨ੍ਹਾਂ ਸਿਆਸਤਦਾਨਾਂ ਨੇ ਬਣਾ ਰੱਖੀ ਹੈ; ਉਨ੍ਹਾਂ ਕਾਰਵਾਈਆਂ ਨੇ ਸਿੱਖੀ ਸਿਧਾਂਤਾਂ ਅਤੇ ਸਿਰਮੌਰ ਸੰਸਥਾਵਾਂ ਦਾ ਬੇਅੰਤ ਨੁਕਸਾਨ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੰਤ ਸਮਾਜ ਦੇ ਡੇਰੇਦਾਰਾਂ ਜਿਨ੍ਹਾਂ ਨੇ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਨਾ ਕਦੀ ਮੰਨਿਆ ਹੈ ਅਤੇ ਨਾ ਹੀ ਕਦੀ ਮੰਨਣ ਲਈ ਤਿਆਰ ਹੋਣਗੇ; ਉਨ੍ਹਾਂ ਨੇ ਬਾਦਲ ਦਲ ਨਾਲ ਸਿਆਸੀ ਗਠਜੋੜ ਕਰਕੇ ਅਕਾਲ ਤਖ਼ਤ ਦੇ ਨਾਮ ਹੇਠ ਐਸੇ ਹੁਕਨਾਮੇ ਜਾਰੀ ਕਰਵਾਏ ਹਨ, ਜਿਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂਆਤੀ ਦੌਰ ਵਿੱਚ ਕੀਤੀ ਸਾਰੀ ਘਾਲਣਾ ਨੂੰ ਖੂਹ ਖਾਤੇ ਸੁੱਟ ਰੱਖਿਆ ਹੈ। ਗੁਰਮਤਿ ਅਤੇ ਸਿੱਖੀ ਸਿਧਾਂਤਾਂ ਦਾ ਵਾਸਤਾ ਪਾਉਣ ਵਾਲੀਆਂ ਉਨ੍ਹਾਂ ਸੰਸਥਾਵਾਂ ਤੇ ਵਿਦਵਾਨਾਂ ਨੂੰ ਸਿੱਖ ਪੰਥ ਵਿੱਚੋਂ ਛੇਕਿਆ ਜਾਂ ਛੇਕਣ ਦੇ ਡਰਾਵੇ ਦਿੱਤੇ ਜਾ ਰਹੇ ਹਨ ਜਿਹੜੇ ਪਿਛਲੀ ਪੌਣੀ ਸਦੀ ਤੋਂ ਸਿੱਖ ਰਹਿਤ ਮਰਿਆਦਾ ’ਤੇ ਸਖਤੀ ਨਾਲ ਪਹਿਰਾ ਦਿੰਦੇ ਆ ਰਹੇ ਹਨ ਤੇ ਪੂਰੀ ਦਿਆਨਦਾਰੀ ਨਾਲ ਸਿੱਖ ਸੰਗਤਾਂ ਵਿੱਚ ਇਸ ਦਾ ਪ੍ਰਚਾਰ ਕਰਦੇ ਆ ਰਹੇ ਹਨ। ਜਿਸ ਅਕਾਲ ਤਖ਼ਤ ਦੀ ਸਿਰਜਣਾ ਹੀ ਧਰਮੀ ਮਨੁੱਖਾਂ ਵੱਲੋਂ ਰਾਜਸੀ ਤਾਕਤ ਅੱਗੇ ਝੁਕਣ ਦੀ ਪ੍ਰੀਵਿਰਤੀ ਨੂੰ ਠੱਲ੍ਹ ਪਾਉਣ ਲਈ ਕੀਤੀ, ਉਸੇ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਸਤਾਧਾਰੀ ਦਲ ਦੇ ਇਸ਼ਾਰਿਆਂ ’ਤੇ ਹੁਕਨਾਮੇ ਜਾਰੀ ਕਰਨ ਦੀ ਵਧ ਰਹੀ ਪ੍ਰੀਵਿਰਤੀ ਅਕਾਲ ਤਖ਼ਤ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਪੁੱਠਾ ਗੇੜਾ ਦੇਣ ਦੇ ਤੁਲ ਹੈ, ਜਿਸ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ।