ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਅਤੇ ਵੋਟਾਂ ਖਾਤਰ ਡੇਰਿਆਂ ਦੇ ਗੇੜੇ ਮਾਰਨ ਵਾਲੇ ਸਿਆਸੀ ਆਗੂਆਂ ਨੂੰ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਸਬਕ ਸਿਖਾਇਆ ਜਾਵੇ।: ਭਾਈ ਪੰਥਪ੍ਰੀਤ ਸਿੰਘ

0
297

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਅਤੇ ਵੋਟਾਂ ਖਾਤਰ ਡੇਰਿਆਂ ਦੇ ਗੇੜੇ ਮਾਰਨ ਵਾਲੇ ਸਿਆਸੀ ਆਗੂਆਂ ਨੂੰ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਸਬਕ ਸਿਖਾਇਆ ਜਾਵੇ।: ਭਾਈ ਪੰਥਪ੍ਰੀਤ ਸਿੰਘ

ਸੰਗਤ ਮੰਡੀ/ਬਠਿੰਡਾ: 5 ਦਸੰਬਰ (ਕਿਰਪਾਲ ਸਿੰਘ): ਤਾਨਾਸ਼ਾਹੀ ਸਰਕਾਰ ’ਤੇ ਕਿਸਾਨ ਮੋਰਚੇ ਦੀ ਹੋਈ ਇਤਿਹਾਸਕ ਜਿੱਤ ’ਤੇ ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਸਣੇ ਲੋਕ ਤੰਤਰ ’ਚ ਵਿਸ਼ਵਾਸ ਰੱਖਣ ਵਾਲੇ ਸਮੂਹ ਦੇਸ਼ਵਾਸੀਆਂ ਨੂੰ ਵਧਾਈਆਂ ਦਿੰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਖ ਵੱਖ ਵਿਚਾਰਧਾਰਾਵਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਤਿੰਨੇ ਕਾਲ਼ੇ ਕਾਨੂੰਨਾਂ, ਬਿਜਲੀ ਸੋਧ ਬਿੱਲ ਅਤੇ ਪਰਾਲ਼ੀ ਸਾੜਨ ’ਤੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਜੁਰਮਾਨਾ ਅਤੇ 5 ਸਾਲ ਦੀ ਸਜਾ ਦਿਵਾਉਣ ਵਾਲੇ ਬਿੱਲਾਂ ਨੂੰ ਰੱਦ ਕਰਵਾਉਣ ਅਤੇ ਸਾਰੀਆਂ ਫ਼ਸਲਾਂ ’ਤੇ ਐੱਮ.ਐੱਸ.ਪੀ. ਦੇਣ ਦੀ ਕਾਨੂੰਨੀ ਗਰੰਟੀ ਦੇਣ ਵਾਲਾ ਕਾਨੂੰਨ ਪਾਸ ਕਰਵਾਉਣ ਦੇ ਇੱਕ ਮਾਤ੍ਰ ਏਜੰਡੇ ਨੂੰ ਲੈ ਕੇ ਸੰਪੂਰਨ ਏਕਤਾ ਨਾਲ ਮੋਰਚਾ ਚਲਾਇਆ ਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਸਟੇਜ ਦੇ ਨੇੜੇ ਨਹੀਂ ਫ਼ਰਕਣ ਦਿੱਤਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੂੰ ਸ਼੍ਰੀ ਅਕਾਲ ਸਾਹਿਬ ਤੋਂ ਮੁਆਫ਼ੀ ਦਿਵਾਉਣ ਵਾਲੀ ਅਤੇ ਬੇਅਦਬੀ ਕਾਂਡ ਦੀ ਪੜਤਾਲ ਨੂੰ ਲਮਕਾਉਣ ਵਾਲੀ ਸਰਕਾਰ ਤੇ ਸਵਾਲ ਉਠਾਏ ਅਤੇ ਵੋਟਾਂ ਖਾਤਰ ਸੌਦਾ ਸਾਧ ਦੇ ਡੇਰਿਆਂ ਤੇ ਗੇੜੇ ਮਾਰਨ ਵਾਲੇ ਸਿਆਸੀ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਉਨ੍ਹਾਂ ਨੂੰ, ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਸਬਕ ਸਿਖਾਉਣ ਲਈ ਤਿਆਰ ਰਹਿਣ ਲਈ ਕਿਹਾ। ਇਹ ਸ਼ਬਦ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਅੱਜ ਸੰਗਤ ਕੈਂਚੀਆਂ ਵਿਖੇ ਹੋਏ ਸੰਸਥਾ ਦੇ ਸਾਲਾਨਾ ਸਮਾਗਮ ਦੌਰਾਨ ਬੋਲਦਿਆਂ ਕਹੇ। ਉਨ੍ਹਾਂ ਕਿਹਾ ਜਿਸ ਆਗੂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੱਥ ’ਚ ਗੁਟਕਾ ਫੜ  ਸਹੁੰ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਅਤੇ ਪੰਜਾਬ ’ਚੋ 4 ਹਫਤਿਆਂ ’ਚ ਨਸ਼ਾ ਖਤਮ ਕਰਨ ਦੇ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਨਸ਼ਿਆਂ ਸਬੰਧੀ ਐੱਸ.ਟੀ.ਐੱਫ ਦੀ ਰਿਪੋਰਟ ਖੁਲ੍ਹਵਾਉਣ ਦਾ ਵੀ ਯਤਨ ਨਹੀਂ ਕੀਤਾ ਅਜਿਹੇ ਸਿਆਸੀ ਆਗੂ ਨੂੰ ਵੀ ਸਬਕ ਸਿਖਾਉਣਾ ਜਰੂਰੀ ਹੈ। ਭਾਈ ਪੰਥਪ੍ਰੀਤ ਸਿੰਘ ਜੀ ਨੇ ਮੌਜੂਦਾ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਨਸ਼ਿਆਂ ਸੰਬੰਧੀ ਐੱਸ.ਟੀ.ਐੱਫ ਦੀ ਰਿਪੋਰਟ ਤੁਰੰਤ ਜਨਤਕ ਕਰ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਇਆ ਜਾ ਸਕੇ।

ਭਾਈ ਪੰਥਪ੍ਰੀਤ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਕਿ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਅਤੇ 2010 ’ਚ ਰੱਦ ਕਰ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੇ ਤਜਰਬੇ ਤੋਂ ਸਮਝਣ ਦੀ ਲੋੜ ਹੈ ਕਿ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਢੁਕਵਾਂ ਕੈਲੰਡਰ ਹੈ ਇਸ ਲਈ ਨਾਨਕਸ਼ਾਹੀ ਕੈਲੰਡਰ ਤੁਰੰਤ ਬਹਾਲ ਕਰਨਾ ਚਾਹੀਦਾ ਹੈ। ਉਨ੍ਹਾਂ ਮਿਸਾਲ ਦਿੱਤੀ ਕਿ ਹਿੰਦੂ ਮੱਤ ਤੋਂ ਉਧਾਰੀ ਲਈ ਵਹਿਮ ਪ੍ਰਸ਼ਤੀ ਵਾਲੀ ਵਿਚਾਰਧਾਰਾ ਕਿ ਅਵਤਾਰੀ ਪੁਰਸ਼ਾਂ ਦੇ ਦਿਨ ਚੰਦ੍ਰਮਾਂ ਦੀਆਂ ਤਿੱਥਾਂ ਅਤੇ ਬਾਕੀ ਦੇ ਸਾਰੇ ਇਤਿਹਾਸਕ ਦਿਹਾੜੇ ਸੰਗ੍ਰਾਂਦ ਦੇ ਹਿਸਾਬ ਤਾਰੀਖ਼ਾਂ ਮੁਤਾਬਕ ਮਨਾਏ ਜਾਣ, ਕਾਰਨ ਕਦੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਦੀ ਪਿੱਛੋਂ ਅਤੇ ਕਦੀ ਦੋਵੇਂ ਇਕੱਠੇ ਹੀ ਇੱਕੋ ਦਿਨ ਆ ਜਾਣ ਕਾਰਨ ਭੰਬਲਭੂਸਾ ਪਿਆ ਰਹਿੰਦਾ ਹੈ। ਕਦੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਮਹੀਨੇ, ਕਦੀ ਮਾਘ ਮਹੀਨੇ, ਕਦੀ ਦਸੰਬਰ ਅਤੇ ਕਦੀ ਜਨਵਰੀ ’ਚ ਆਉਣ ਕਾਰਨ ਕਦੀ ਸਾਲ ’ਚ ਦੋ ਵਾਰ ਅਤੇ ਕਦੀ ਇਕ ਵਾਰ ਭੀ ਨਹੀਂ ਆਉਂਦਾ। ਇਸ ਲਈ ਸਾਨੂੰ ਚਾਹੀਦਾ ਹੈ ਕਿ ਹਿੰਦੂ ਮਤ ਦੀਆਂ ਸਾਡੇ ’ਤੇ ਥੋਪੀਆਂ ਵਦੀਆਂ ਸੁਦੀਆਂ ਤੇ ਸੰਗਰਾਂਦਾਂ ਦਾ ਖਹਿੜਾ ਛੱਡ ਕੇ ਨਾਨਕਸ਼ਾਹੀ ਤਾਰੀਖਾਂ ਅਨੁਸਾਰ ਸਾਰੇ ਦਿਹਾੜੇ ਮਨਾਏ ਜਾਣ ਤਾਂ ਕੋਈ ਵੀ ਦਿਹਾੜਾ ਅੱਗੇ ਪਿੱਛੇ ਹੋਣ ਦਾ ਭਰਮ ਨਹੀਂ ਰਹੇਗਾ ਅਤੇ ਹਰ ਦਿਹਾੜਾ 365 ਦਿਨਾਂ ਬਾਅਦ ਹੀ ਆਇਆ ਕਰੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ’ਚ ਕਦੀ 354/55 ਦਿਨਾਂ ਅਤੇ ਕਦੀ 383/384 ਦਿਨਾਂ ਪਿੱਛੋਂ ਆ ਜਾਣ ਕਾਰਨ ਕੋਈ ਵੀ ਦਿਹਾੜਾ ਸਾਨੂੰ ਹੁਣ ਤੱਕ ਯਾਦ ਨਹੀਂ ਹੋਇਆ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਸਤਿਨਾਮ ਸਿੰਘ ਚੰਦੜ, ਭਾਈ ਰਘਬੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਬਲਕਰਨ ਸਿੰਘ ਮੌੜ, ਭਾਈ ਉਪਕਾਰ ਸਿੰਘ ਭਿੰਡਰ, ਭਾਈ ਮੱਖਣ ਸਿੰਘ ਰੌਂਤਾ, ਭਾਈ ਜਗਤਾਰ ਸਿੰਘ ਗੰਗਾ, ਭਾਈ ਪਰਗਟ ਸਿੰਘ ਮੁਦਕੀ, ਭਾਈ ਜਗਰੂਪ ਸਿੰਘ ਕਲਿਆਣ ਆਦਿਕ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਪਰਗਟ ਸਿੰਘ ਮੁਦਕੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ ਹੈ।