ਕੀ ਗਰਭ ਦੌਰਾਨ ਮੇਕਅੱਪ ਕਰਨਾ ਖ਼ਤਰਨਾਕ ਹੈ ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ (ਪਟਿਆਲਾ)-0175-2216783
ਵਾਸ਼ਿੰਗਟਨ ਦੇ ਡਾਕਟਰ ਜ਼ਵਰਲਿੰਗ ਦੀ ਖੋਜ ਅਨੁਸਾਰ ਕੁੱਝ ਵਨਸਪਤੀ ਤੋਂ ਬਣੇ ਜਾਂ ਆਰਗੈਨਿਕ/ਨੈਚੂਰਲ/ਜੜ੍ਹੀਆਂ ਬੂਟੀਆਂ ਤੋਂ ਬਣੀਆਂ ਮੇਕਅੱਪ ਦੀਆਂ ਚੀਜ਼ਾਂ ਵੀ ਗਰਭ ਦੌਰਾਨ ਤਗੜੀ ਐਲਰਜੀ ਕਰ ਸਕਦੀਆਂ ਹਨ ਪਰ ਆਇਰਨਓਕਸਾਈਡ ਵਰਤਿਆ ਜਾ ਸਕਦਾ ਹੈ। ਇਹ ਖੋਜ ਬੜੀ ਅਜੀਬ ਸੀ। ਇਸੇ ਲਈ ਗਰਭ ਦੌਰਾਨ ਮੇਕਅੱਪ ਬਾਰੇ ਕਾਫੀ ਹੋਰ ਵੀ ਖੋਜਾਂ ਹੋਣੀਆਂ ਸ਼ੁਰੂ ਹੋਈਆਂ।
ਦੁਨੀਆਂ ਭਰ ਵਿਚ ਜੱਚਾ ਲਈ ਟੈਟੂ ਬਣਾਉਣੇ ਸਖ਼ਤੀ ਨਾਲ ਰੋਕੇ ਗਏ ਹਨ ਕਿਉਂਕਿ ਸੂਈ ਰਾਹੀਂ ਸਰੀਰ ਅੰਦਰ ਜਾਂਦੀ ਬੀਮਾਰੀ ਗਰਭ ਵਿਚ ਪਲ ਰਹੇ ਬੱਚੇ ਨੂੰ ਵੀ ਲੱਗ ਜਾਂਦੀ ਹੈ। ਖੋਜਾਂ ਰਾਹੀਂ ਸਾਬਤ ਹੋਈਆਂ ਗੱਲਾਂ ਅਨੁਸਾਰ ਕੁੱਝ ਮੇਕਅੱਪ ਵਾਲੀਆਂ ਚੀਜ਼ਾਂ ਗਰਭਵਤੀ ਔਰਤ ਨਾ ਹੀ ਵਰਤੇ ਤਾਂ ਠੀਕ ਰਹਿੰਦਾ ਹੈ।
(1). ਰੈਟੀਨਾਇਡ/ਰੈਟੀਨੋਲ :- ਇਹ ਕਈ ਕਿਸਮਾਂ ਦੀਆਂ ਝੁਰੜੀਆਂ ਰੋਕਣ ਵਾਲੀਆਂ ਕਰੀਮਾਂ ਵਿਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਸ਼ੈਂਪੂ ਤੇ ਕਿਲ ਮੁਹਾਂਸੇ ਵਾਲੀਆਂ ਕਰੀਮਾਂ ਜਾਂ ਗੋਲੀਆਂ ਵਿਚ ਵੀ ਇਹ ਹੈ। ਇਸ ਵਿਚ ਵਿਟਾਮਿਨ-ਏ ਏਨਾ ਵੱਧ ਹੁੰਦਾ ਹੈ ਕਿ ਇਹ ਗਰਭ ਵਿਚ ਪਲ ਰਹੇ ਬੱਚੇ ਵਿਚ ਸਦੀਵੀ ਨੁਕਸ ਪੈਦਾ ਕਰ ਸਕਦਾ ਹੈ। ਇਸੇ ਲਈ ਕੋਈ ਵੀ ਕਰੀਮ ਜਾਂ ਸ਼ੈਂਪੂ ਵਰਤਣ ਤੋਂ ਪਹਿਲਾਂ ਉਸ ਵਿਚ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਰੋਟੀਨੋਲ ਹੈ ਜਾਂ ਨਹੀਂ।
(2). ਸੈਲੀਸਿਲਿਕ ਏਸਿਡ :- ਕਿਲ ਮੁਹਾਂਸੇ ਲਈ ਵਰਤੀਆਂ ਜਾ ਰਹੀਆਂ ਕਰੀਮਾਂ ਤੇ ਮੂੰਹ ਸਾਫ਼ ਕਰਨ ਵਾਲੇ ਕਲੀਂਜ਼ਰਾਂ ਵਿਚ ਸੈਲੀਸਿਲਕ ਏਸਿਡ ਹੁੰਦਾ ਹੈ। ਵਾਧੂ ਵਰਤੋਂ ਜਾਂ ਮੂੰਹ ਰਾਹੀਂ ਖਾਣ ਨਾਲ ਭਰੂਣ ਵਿਚ ਨੁਕਸ ਪੈ ਸਕਦੇ ਹਨ। ਏਸੇ ਲਈ ਸੈਲੀਸਿਲਿਕ ਏਸਿਡ, ਐਲਫਾ ਅਤੇ ਬੀਟਾ ਹਾਈਡਰੋਕਸਿਲ ਏਸਿਡ ਜੱਚਾ ਲਈ ਵਰਤਣੇ ਠੀਕ ਨਹੀਂ ਹਨ।
(3). ਐਲਮੀਨੀਅਮ ਕਲੋਰਾਈਡ ਹੈਕਸਾ ਹਾਈਡਰੇਟ :- ਇਹ ਪਸੀਨਾ ਰੋਕਣ ਵਾਲੀਆਂ ਕਰੀਮਾਂ ਵਿਚ ਹੁੰਦਾ ਹੈ (ਐਂਟੀ ਪਰਸਪੀਰੈਂਟ)। ਇਸ ਦੀ ਵਰਤੋਂ ਹਾਣੀਕਾਰਕ ਹੈ।
(4). ਕੈਮੀਕਲ ਸਨਸਕਰੀਨ : (ਐਵੋਬੈਨਜ਼ੋਨ, ਓਕਟੀਸੈਲੇਟ, ਆਕਸੀਬੈਨਜ਼ੋਨ, ਓਕਸੀਨੋਕਸੇਟ) ਆਦਿ ਵਾਲੀਆਂ ਧੁੱਪਤੋਂ ਬਚਣ ਵਾਲੀਆਂ ਕਰੀਮਾਂ ਨਹੀਂ ਵਰਤਣੀਆਂ ਚਾਹੀਦੀਆਂ।
(5). ਡਾਈ ਈਥਾਨੋਲਾਮੀਨ ਅਤੇ ਲੋਰਾਮਾਈਡ : ਵਾਲੇ ਸ਼ੈਂਪੂ ਤੇ ਸਰੀਰ ਉੱਤੇ ਮਲਣ ਵਾਲੀਆਂ ਕਰੀਮਾਂ ਵੀ ਵਰਤਣੀਆਂ ਠੀਕ ਨਹੀਂ।
(6). ਡਾਈਹਾਈਡਰੋਕਸੀ ਐਸੀਟੋਨ :- ਟੈਨਿੰਗ ਲਈ ਵਰਤੇ ਜਾਂਦੇ ਸਪਰੇਅ ਵਿਚ ਇਹ ਹੁੰਦਾ ਹੈ ਤੇ ਸਾਹ ਰਾਹੀਂ ਅੰਦਰ ਲੰਘ ਜਾਣ ਉੱਤੇ ਨੁਕਸਾਨ ਕਰ ਸਕਦਾ ਹੈ।
(7). ਫੋਰਮੈਲਡੀਹਾਈਡ :- ਵਾਲ ਸਿੱਧੇ (ਸਟਰੇਟਨਿੰਗ) ਵਿਚ, ਨੇਲ ਪਾਲਿਸ਼ਾਂ ਵਿਚ, ਅੱਖਾਂ ਦੀਆਂ ਪੁਤਲੀਆਂ ਉੱਤੇ ਲਾਉਣਵਾਲੇ ਜੈੱਲ ਆਦਿ ਵਿਚ ਇਹ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੁਆਟਰਨੀਅਮ, ਡਾਈਮੀਥਾਇਲ ਹਾਈਡੈਨਟਾਇਨ, ਇਮੀਡਾ ਜ਼ੋਲੀਡੀਨਾਈਲ ਯੂਰੀਆ, ਬਰੋਮੋ ਨਾਈਟਰੋਪਰੋਪੇਨ ਆਦਿ ਜਿਸ ਵੀ ਕਰੀਮ, ਸ਼ੈਂਪੂ ਜਾਂ ਸਪਰੇਅ ਵਿਚ ਹੋਣ, ਉੱਕਾ ਹੀ ਨਹੀਂ ਵਰਤਣੇ ਚਾਹੀਦੇ।
(8). ਹਾਈਡਰੋਕੁਈਨੋਨ : – ਜੋ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਵਿਚ ਹੈ, ਤੋਂ ਤਾਂ ਹਰ ਹਾਲ ਪਰਹੇਜ਼ ਹੀ ਕਰਨਾ ਠੀਕ ਰਹਿੰਦਾ ਹੈ।
(9). ਪੈਰਾਬੈਨ :- ਵਾਲੇ ਕੋਈ ਵੀ ਮੇਕਅੱਪ ਦੇ ਸਮਾਨ ਬਿਲਕੁਲ ਵਰਤਣੇ ਨਹੀਂ ਚਾਹੀਦੇ।
(10). ਥੈਲੇਟ :- ਖੁਸ਼ਬੂ ਤੇ ਨੇਲ ਪਾਲਿਸ਼ ਵਿਚ ਪਾਇਆ ਜਾਂਦਾ ਹੈ। ਡਾਈਈਥਾਈਲ ਤੇ ਡਾਈ ਬੁਟਾਈਲ ਥੈਲੇਟ ਵਰਤਣ ਨਾਲ ਗਰਭ ਵਿਚ ਪਲ ਰਹੇ ਬੱਚੇ ਵਿਚ ਕਾਫ਼ੀ ਨੁਕਸ ਹੋ ਸਕਦੇ ਹਨ।
(11). ਥਾਇਓਗਲਾਈਕੋਲਿਕ ਏਸਿਡ : – ਇਹ ਸਰੀਰ ਉੱਤੋਂ ਵਾਲ ਲਾਹੁਣ ਵਾਲੀਆਂ ਕਰੀਮਾਂ ਵਿਚ ਹਨ। ਏਸੀਟਾਈਲ ਮਾਰਕੈਪਟਨ, ਮਾਰਕੈਪਟੋ ਐਸੀਟੇਟ, ਮਰਕੈਪਟੋ ਏਸੀਟਿਕ ਏਸਿਡ ਆਦਿ ਸ਼ਬਦ ਟਿਊਬਾਂ ਦੇ ਬਾਹਰੋਂ ਪੜ੍ਹ ਕੇ, ਅਜਿਹੀਆਂ ਕਰੀਮਾਂ ਤੋਂ ਤੌਬਾ ਕਰਨੀ ਹੀ ਬਿਹਤਰ ਹੈ, ਖ਼ਾਸ ਕਰ ਜੇ ਤੰਦਰੁਸਤ ਬੱਚਾ ਰੱਖਣਾ ਹੈ ਤਾਂ !
(12). ਟੌਲੂਈਨ :- ਨੇਲ ਪਾਲਿਸ਼ ਵਿਚ ਹੁੰਦਾ ਹੈ ਜੋ ਜੱਚਾ ਨੂੰ ਨੁਕਸਾਨ ਕਰ ਸਕਦਾ ਹੈ।
ਚਮੜੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ ਅਤੇ ਇਸ ਰਾਹੀਂ ਅਨੇਕ ਚੀਜ਼ਾਂ ਸਰੀਰ ਅੰਦਰ ਪਹੁੰਚ ਕੇ ਨੁਕਸਾਨ ਕਰ ਸਕਦੀਆਂ ਹਨ। ਕੁੱਝ ਵਾਲਾਂ ਤੇ ਨਹੂੰ ਰਾਹੀਂ ਵੀ ਅਸਰ ਛੱਡਦੀਆਂ ਹਨ ਤੇ ਢਿੱਡ ਅੰਦਰ ਪਲ ਰਹੇ ਬੱਚੇ ਵਿਚ ਸਦੀਵੀ ਨੁਕਸ ਵੀ ਪੈਦਾ ਕਰ ਦਿੰਦੀਆਂ ਹਨ।
ਕੁੱਝ ਧਿਆਨ ਦੇਣ ਯੋਗ ਗੱਲਾਂ :-
(1). ਘੱਟੋ-ਘੱਟ ਮੇਕਅੱਪ ਵਰਤਿਆ ਜਾਵੇ।
(2). ਸਾਬਣ ਗਲਿਸਰੀਨ ਵਾਲਾ ਹੋਵੇ।
(3). ਨਹਾਉਣ ਜਾਂ ਮੂੰਹ ਧੋਣ ਲਈ ਬਹੁਤਾ ਗਰਮ ਪਾਣੀ ਨਾ ਵਰਤਿਆ ਜਾਵੇ।
(4). ਹਲਕੀ ਕਰੀਮ ਜਾਂ ਮਲਾਈ ਮੂੰਹ ਉੱਤੇ ਲਾਈ ਜਾ ਸਕਦੀ ਹੈ।
(5). ਚਮੜੀ ਅਤੇ ਸਿਰ ਵਾਸਤੇ ਖੋਪੇ ਦਾ ਤੇਲ ਵਰਤਿਆ ਜਾ ਸਕਦਾ ਹੈ।
(6). ਛਾਤੀ ਉੱਤੇ ਲਾਉਣ ਲਈ ਵੀ ਖੋਪੇ ਦਾ ਤੇਲ ਹੀ ਬਿਹਤਰ ਹੈ।
(7). ਫਾਊਂਡੇਸ਼ਨ ਲਾਉਣ ਲੱਗਿਆਂ ਘੱਟੋ-ਘੱਟ ਕੈਮੀਕਲ ਵਾਲਾ ਵਰਤਿਆ ਜਾਵੇ।
(8). ਮੇਕਅੱਪ ਲਾਹੁਣ ਲੱਗਿਆਂ ਚੌਲਾਂ ਦੀ ਪਿੱਛ ਜਾਂ ਤਾਜ਼ੇ ਦੁੱਧ ਨਾਲ ਮੂੰਹ ਸਾਫ਼ ਕੀਤਾ ਜਾ ਸਕਦਾ ਹੈ।
(9). ਬੁੱਲਾਂ ਅਤੇ ਮੂੰਹ ਉੱਤੇ ਮੇਕਅੱਪ ਦੀ ਮੋਟੀ ਤਹਿ ਨਹੀਂ ਲਾਉਣੀ ਚਾਹੀਦੀ।
(10). ਲੈੱਡ ਤੇ ਕੌਪਰ ਵਾਲੇ ਕਾਸਮੈਟਿਕ ਨਹੀਂ ਵਰਤਣੇ ਚਾਹੀਦੇ। ਏਸੇ ਲਈ ਅੱਖਾਂ ਅਤੇ ਬੁੱਲਾਂ ਉੱਤੇ ਲਾਈ ਜਾ ਰਹੀ ਪੈਨਸਿਲ ਵਿਚ ਇਹ ਤੱਤ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਹੈ।
(11). ਲਿਪਸਟਿਕ ਨਾ ਹੀ ਵਰਤੀ ਜਾਵੇ ਤਾਂ ਬਿਹਤਰ ਹੈ। ਜੇ ਵਰਤੀ ਜਾ ਰਹੀ ਹੈ ਤਾਂ ਲੈੱਡ ਵਾਲੀ ਲਿਪਸਟਿਕ ਦੀ ਥਾਂ ਕੁਦਰਤੀ ਚੀਜ਼ਾਂ ਦੀ ਬਣੀ ਵਰਤਣੀ ਚਾਹੀਦੀ ਹੈ ਕਿਉਂਕਿ ਬੁੱਲਾਂ ਰਾਹੀਂ ਮੂੰਹ ਅੰਦਰ ਜਾਂਦਾ ਲੈੱਡ ਭਰੂਣ ਉੱਤੇ ਅਸਰ ਪਾ ਸਕਦਾ ਹੈ।
(12). ਖੋਪੇ ਦਾ ਤੇਲ ਸਿਰ ਅਤੇ ਸਰੀਰ ਦੀ ਚਮੜੀ ਨੂੰ ਨਰਮ ਰੱਖਣ ਲਈ ਬਹੁਤ ਵਧੀਆ ਸਾਬਤ ਹੋ ਚੁੱਕਿਆ ਹੈ ਤੇ ਚਮੜੀ ਅੰਦਰਲੀ ਨਮੀ ਬਰਕਰਾਰ ਰੱਖਦਾ ਹੈ।
(13). ਬਦਾਮਾਂ ਦਾ ਤੇਲ ਵੀ ਲਾਹੇਵੰਦ ਹੈ।
(14). ਲੈਵੈਂਡਰ ਤੇਲ ਨਾਲ ਹੱਥਾਂ ਅਤੇ ਗੁੱਟਾਂ ਉੱਤੇ ਮਾਲਿਸ਼ ਕਰਕੇ ਡੂੰਘੀ ਨੀਂਦਰ ਲਈ ਜਾ ਸਕਦੀ ਹੈ।
(15). ਰੈਟੀਨੋਲ ਦੀ ਥਾਂ ਉਹ ‘ਆਈ ਸੀਰਮ’ ਵਰਤਿਆ ਜਾ ਸਕਦਾ ਹੈ, ਜੋ ਆਰਗੈਨਿਕ ਹੋਵੇ।
(16). ਐਲੋ ਵੀਰਾ ਕਰੀਮ ਧੁੱਪੇ ਜਾਣ ਲੱਗਿਆਂ ਮੂੰਹ ਜਾਂ ਗਲੇ ਉੱਤੇ ਲਾਈ ਜਾ ਸਕਦੀ ਹੈ।
(17). ਰੋਜ਼ ਕਸਰਤ ਕਰਨ ਤੇ ਰੱਜ ਕੇ ਸਲਾਦ ਅਤੇ ਫਲ ਖਾਣ ਨਾਲ ਚਿਹਰੇ ਉੱਤੇ ਕੁਦਰਤੀ ਰੌਣਕ ਆ ਜਾਂਦੀ ਹੈ।
(18). ਸ਼ਰਾਬ ਤੇ ਸਿਗਰਟ ਬੰਦ ਕਰ ਦੇਣੀ ਚਾਹੀਦੀ ਹੈ।
(19). ਪੈਰਾਬੈਨ ਵਾਲੀਆਂ ਪਰਫਿਊਮਾਂ ਲਾਉਣ ਨਾਲ ਗਰਭਪਾਤ ਹੋ ਸਕਦਾ ਹੈ ਤੇ ਬੱਚੇ ਵਿਚ ਜਮਾਂਦਰੂ ਨੁਕਸ ਹੋ ਸਕਦੇ ਹਨ। ਥੈਲੇਟ ਜੱਚਾ ਦੇ ਹਾਰਮੋਨਾਂ ’ਚ ਗੜਬੜੀ ਪੈਦਾ ਕਰ ਦਿੰਦੇ ਹਨ। ਇਸੇ ਲਈ ਇਨ੍ਹਾਂ ਨੂੰ ਨਾ ਵਰਤਣਾ ਹੀ ਠੀਕ ਹੈ।
(20). ਗੂੜ੍ਹੀ ਲਾਲ ਲਿਪਸਟਿਕ ਵਿਚ ਲੈਡ ਹੁੰਦਾ ਹੈ, ਜੋ ਨੁਕਸਾਨਦੇਹ ਹੈ।
(21). ਮਸਕਾਰਾ ਅੱਖਾਂ ਦੀ ਖੂਬਸੂਰਤੀ ਤਾਂ ਵਧਾਉਂਦਾ ਹੈ ਪਰ ਉਸ ਵਿਚ ਮਰਕਰੀ (ਪਾਰਾ) ਹੋਣ ਕਾਰਣ ਸਰੀਰ ਦਾ ਨਾਸ ਵੱਜਦਾ ਹੈ, ਸੋ ਨਾ ਵਰਤਣਾ ਹੀ ਠੀਕ ਹੈ।
ਨਿਚੋੜ ਇਹ ਹੈ ਕਿ ਡੂੰਘੀ ਨੀਂਦਰ ਲੈ ਕੇ, ਤਣਾਓ ਛੰਡ ਕੇ, ਖੁੱਲ ਕੇ ਹੱਸ ਕੇ ਜਿਹੜੀ ਰੌਣਕ ਚਿਹਰੇ ਉੱਤੇ ਆਉਂਦੀ ਹੈ, ਉਹ ਕਿਸੇ ਵੀ ਮੇਕਅੱਪ ਨਾਲ ਨਹੀਂ ਆ ਸਕਦੀ। ਇਸੇ ਲਈ ਬੌਡੀ ਵਾਸ਼, ਲੋਸ਼ਨ, ਕਰੀਮਾਂ, ਪਰਫਿਊਮਾਂ ਛੱਡ ਕੇ ਆਪਣੇ ਬੱਚੇ ਬਾਰੇ ਚੰਗੇ ਵਿਚਾਰ ਰੱਖ ਕੇ, ਰੱਬ ਉੱਤੇ ਭਰੋਸਾ ਟਿਕਾ ਕੇ, ਰੱਜ ਕੇ ਜ਼ਿੰਦਗੀ ਦਾ ਹਰ ਪਲ ਮਾਣਨ ਦੀ ਲੋੜ ਹੈ।