‘ਲਟਕਵੇਂ ਅੰਕਾਂ ਦੀ ਵਿਆਖਿਆ’

0
470

‘ਲਟਕਵੇਂ ਅੰਕਾਂ ਦੀ ਵਿਆਖਿਆ’

ਗੁਰਬਾਣੀ ਵਿੱਚ ਪਾਠ ਕਰਦੇ ਸਮੇਂ ਸਾਨੂੰ ਸਿਰਲੇਖ ਦੇ ਪੈਰੀਂ ਲਟਕਵੇਂ ਅੰਕ ਨਜ਼ਰੀਂ ਪੈਂਦੇ ਹਨ। ਇਹਨਾਂ ਅੰਕਾਂ ਬਾਬਤ ਬੋਧ ਬਹੁਤ ਘੱਟ ਕਰਵਾਇਆ ਗਿਆ ਹੈ, ਇਸ ਸੰਬੰਧ ਵਿੱਚ ਕੇਵਲ ਸ਼ਬਦਾਰਥ ਅਤੇ ਪ੍ਰੋ.ਸਾਹਿਬ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਵਿੱਚ ਲੋੜੀਂਦੀ ਜਾਣਕਾਰੀ ਦਿੱਤੀ ਹੈ। ਆਮ ਸਿੱਖ-ਸੰਗਤਾਂ, ਇਸ ਬਾਬਤ ਇਲਮ ਨਾ ਹੋਣ ਕਾਰਣ, ਜ਼ਵਾਬ ਦੇਣ ਤੋਂ ਅਸਮੱਰਥ ਰਹਿੰਦੇ ਹਨ। ਇਸ ਕਰਕੇ ਅਸਾਂ ਇਹ ਨਿਮਾਣਾ ਜਿਹਾ ਯਤਨ ਗੁਰੂ ਆਸਰੇ ਕਰਨ ਦਾ ਸੰਕਲਪ ਬਣਾਇਆ ਹੈ ਕਿ ਕਿਉਂ ਨਾ ਉਕਤ ਅੰਕਾਂ (ਹਿੰਦਸਿਆਂ) ਬਾਰੇ, ਤਰਤੀਬ-ਬਾਰ ਜਾਣਕਾਰੀ ਜੱਗਿਆਸੂਆਂ ਨਾਲ ਸਾਂਝੀ ਕੀਤੀ ਜਾਏ। ਉਕਤ ਅੰਕ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ ‘੩੮’ ਕੁ ਵਾਰ ਵੱਖ-ਵੱਖ ਰਾਗਾਂ ਵਿੱਚ ਆਏ ਹਨ। ਸਭ ਤੋਂ ਪਹਿਲਾਂ ਇਹ ਲਟਕਵੇਂ ਅੰਕ ਪੰਨਾ ੨੦੪ ਤੋਂ ਸ਼ੁਰੂ ਹੋ ਕੇ ਪੰਨਾ ੨੪੮ ਤੱਕ ਚੱਲਦੇ ਹਨ :

੧. ‘‘ਰਾਗ ਗਉੜੀ ਪੂਰਬੀ ੧ ਮਹਲਾ ੫’’ ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ……..(ਪੰ:੨੦੪)

੨. ‘‘ਗਉੜੀ ੨ ਮਹਲਾ ੫॥’’ ਅਉਧ ਘਟੈ ਦਿਨਸੁ ਰੈਨਾਰੇ……………….(ਪੰ:੨੦੫)

੩. ‘‘ਗਉੜੀ ੩ ਮਹਲਾ ੫॥’’ ਛੋਡਿ ਛੋਡਿ ਰੇ ਬਿਖਿਆ ਕੇ ਰਸੂਆ॥………(ਪੰ:੨੦੬)

ਉਪਰੋਕਤ ਤਿੰਨ ਵਾਰਤਕ ਤੁਕਾਂ ਵਿੱਚ ਅੰਕ ੧, ੨, ੩ ਆਏ ਹਨ, ਇਹਨਾ ਦਾ ਭਾਵ ਹੈ ਕਿ ਜੋ ਅੰਕ ਜਿਸ ਸ਼ਬਦ ਦੇ ਸਿਰਲੇਖ ਹੇਠਾਂ ਆਇਆ ਹੈ, ਜੋ ਗਿਣਤੀ, ਸੰਬੰਧਤ ਅੰਕ ਦਰਸਾਉਂਦਾ ਹੈ, ਉਸ ਗਿਣਤੀ ਅਨੁਸਾਰ, ਬੋਧ ਕਰਾਏ ਘਰ ਵਿੱਚ ਉਸ ਸ਼ਬਦ ਨੂੰ ਗਾਉਣਾ ਹੈ। ਕੁੱਝ ਸੱਜਣ ਸੰਬੰਧਤ ਅੰਕਾਂ ਨੂੰ ਸ਼ਬਦਾਂ ਦੀ ਗਿਣਤੀ-ਬੋਧਕ ਮੰਨਦੇ ਹਨ, ਪਰ ਇਸ ਤਰਾਂ ਗਿਣਤੀ ਕਿਸੇ ਪ੍ਰਕਾਰ ਭੀ ਦਰੁਸਤ ਨਹੀਂ ਬੈਠਦੀ। ਇਹ ਅੰਕ ਕੇਵਲ ‘ਘਰਾਂ’ ਦੇ ਹੀ ਸੂਚਕ ਹਨ; ਕਿਉਂਕਿ ਗਉੜੀ ਰਾਗ ਵਿਸਥਾਰ ਪੱਖ ਤੋਂ ਸਭ ਰਾਗਾਂ ਤੋਂ ਬਡੇਰਾ ਰਾਗ ਹੈ, ਪਰ ਇਸ ਵਿੱਚ ਕਿਸੇ ‘ਘਰ’ ਵਿੱਚ ਗਾਉਣ ਦੀ ਹਦਾਇਤ ਨਹੀਂ ਮਿਲਦੀ। ਕੇਵਲ ੨੦੩ ਪੰਨੇ ਉਪਰ ‘ਰਹੋਏ ਕੇ’ ਵਿੱਚ ਗਾਉਣ ਸੰਬੰਧੀ ਸੂਚਨਾ ਹੈ, ਪਰ ਵੱਖਰੇ ਤੌਰ ’ਤੇ ‘ਘਰ’ ਵਿੱਚ ਗਾਉਣ ਸੰਬੰਧੀ ਸੂਚਨਾ ਨਹੀਂ, ਇਸ ਕਰਕੇ ਇਹ ਅੰਕ ਕੇਵਲ ‘ਘਰ’ ਦੀ ਗਿਣਤੀ ਬੋਧਕ ਹੀ ਹਨ।

‘ਘਰ’ ਦਾ ਭਾਵ ਹੈ ਕਿ ਸੰਬੰਧਤ ਰਾਗ ਦੇ ਸਰਗਮ ਪਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ। ਉਕਤ ਲਟਕਵੇਂ ਅੰਕਾਂ ਨੂੰ ਪਾਠ ਕਰਦੇ ਸਮੇਂ ਉਚਾਰਣ ਦਾ ਭਾਗ ਬਨਾਉਣ ਦਾ ਵਿਧਾਨ ਨਹੀਂ ਹੈ, ਹਾਂ ਜੋ ਘਰ ਦੇ ਅੱਗੇ ਅੰਕ ‘੧ ਤੋਂ ੧੭’ ਤੱਕ ਆਉਂਦੇ ਹਨ ਤਾਂ ਉਚਾਰਣਾ ਜ਼ਰੂਰੀ ਹੈ।

੪.‘‘ਗਉੜੀ ੪ ਮਹਲਾ ੫॥’’ ਤੁਝ ਬਿਨੁ ਕਵਨੁ ਹਮਾਰਾ॥………(ਪੰ:੨੦੬)

੫.‘‘ਗਉੜੀ ੫ ਮਹਲਾ ੫॥’’ ਦਇਆ ਮਇਆ ਕਰਿ ਪ੍ਰਾਨਪਤਿ ਮੋਰੈ…….(ਪੰ:੨੦੮)

੬. ‘‘ਗਉੜੀ ੬ ਮਹਲਾ ੫॥’’ ਪਾਰਬ੍ਰਹਮ ਪੂਰਨ ਪਰਮੇਸੁਰ……………..(ਪੰ:੨੦੯)

੭. ‘‘ਰਾਗੁ ਗਉੜੀ ੧ ਪੂਰਬੀ ਮਹਲਾ ੫॥‘‘ ਹਰਿ ਹਰਿ ਕਬਹੂ………….(ਪੰ ੨੧੦)

੮. ‘‘ਰਾਗੁ ਗਉੜੀ ਚੇਤੀ ੧ ਮਹਲਾ ੫’’ ਸੁਖੁ ਨਾਹੀ ਰੇ ਹਰਿ ਭਗਤਿ ਬਿਨਾ…….(ਪੰ:੨੧੦)

੯. ‘‘ਗਉੜੀ ੨ ਮਹਲਾ ੫॥’’ ਜਾ ਕਉ ਬਿਸਰੈ ਰਾਮ ਨਾਮ………………(ਪੰ:੨੧੨)

੧੦. ‘‘ਗਉੜੀ ੩ ਮਹਲਾ ੫॥’’ ਮੋਹਿ ਦਾਸਰੋ ਠਾਕੁਰ ਕੋ……………..(ਪੰ:੨੧੨)

੧੧. ‘‘ਗਉੜੀ ਪੂਰਬੀ ੪ ਮਹਲਾ ੫॥’’ ‘‘ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ……(ਪੰ:੨੧੨)

੧੨. ‘‘ਰਾਗੁ ਗਉੜੀ ਮਾਲਾ ੧ ਮਹਲਾ ੫’’ ਪਾਇਓ ਬਾਲ ਬੁਧਿ ਸੁਖੁ ਰੇ…..(ਪੰ:੨੧੪)

੧੩. ‘‘ਗਉੜੀ ਮਾਲਾ ੨ ਮਹਲਾ ੫॥’’ ਪਾਇਆ ਲਾਲੁ ਰਤਨੁ ਮਨਿ ਪਾਇਆ‘‘…….(ਪੰ:੨੧੫)

੧੪. ‘‘ਰਾਗੁ ਗਉੜੀ ਮਾਝ ੧ ਮਹਲਾ ੫ ’’ ਦਨਿ ਦਇਆਲ ਦਮੋਦਰ ਰਾਇਆ ਜੀਉ….(ਪੰ:੨੧੬)

੧੫. ‘‘ਰਾਗੁ ਗਉੜੀ ਮਾਝ ੨ ਮਹਲਾ ੫ ’’ ਤੂੰ ਮੇਰਾ ਬਹੁ ਮਾਣੁ ਕਰਤੇ…………..(ਪੰ:੨੧੭)

੧੬. ‘‘ਰਾਗੁ ਗਉੜੀ ੧ ਛੰਤ ਮਹਲਾ ੫ ’’ ਮੇਰੈ ਮਨਿ ਬੈਰਾਗੁ ਭਇਆ ਜੀਉ……..(ਪੰ:੨੪੭)

੧੭. ‘‘ਗਉੜੀ ੨ ਮਹਲਾ ੫॥’’ ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ…………(ਪੰ:੨੪੮)

੧੮. ‘‘ਗਉੜੀ੩ ਮਹਲਾ ੫॥’’ ਪਤਿਤ ਅਸੰਖ ਪੁਨੀਤ ਕਰਿ……………….(ਪੰ:੨੪੮)

ਉਪਰੋਕਤ ਕ੍ਰਮ-ਵਾਰ ਲਟਕਵੇਂ ਅੰਕ ਘਰ ਦੇ ਸੂਚਕ ਵਜ਼ੋਂ ਆਏ ਹਨ, ਜਿੱਥੇ ਰਾਗ ਦੀ ਕਿਸਮ ਬਦਲਦੀ ਹੈ, ਉੱਥੇ ਅੰਕ ਵੀ ਬਦਲਦਾ ਹੈ।

੧੯. ‘‘ਗਉੜੀ ਕਬੀਰ ਜੀ ਪੰਚਪਦੇ੨ ॥’’ ਜਿਉ ਜਲ ਛੋਡਿ ਬਾਹਰਿ ਭਇਓ ਮੀਨਾ॥…..(ਪੰ:੩੨੬)

ਉਕਤ ਵਾਰਤਕ ਵਿੱਚ ਪੰਚਪਦੇ ਹੇਠ ਆਏ ਅੰਕ ਨੂੰ ਸ਼ਬਦਾਰਥੀ ਵਿਦਵਾਨਾਂ ਨੇ ਪੰਚਪਦੇ ਦਾ ਗਿਣਤੀ-ਬੋਧਕ ਦੱਸਿਆ ਹੈ। ਪਰ ਗਿਣਤੀ ਠੀਕ ਨਹੀਂ ਬੈਠਦੀ। ਕੁੱਝ ਲਿਖਤੀ ਬੀੜਾਂ ਵਿੱਚ ਇਹ ਅੰਕ ਨਹੀਂ ਹੈ।

੨੦. ‘‘ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ੨ ॥’’ ਜਮ ਤੇ ਉਲਟਿ ਭਏ ਹੈ ਰਾਮ॥……..(ਪੰ:੩੨੬)

ਇਸ ਵਾਰਤਕ ਦੇ ਵਿੱਚ ਚਾਰਤੁਕੇ ਹੇਠ ਆਏ ਅੰਕ ਦਾ ਭਾਵ ਹੈ ਕਿ ਇਸ ਤੋਂ ਅਗਾਂਹ ਚਾਰ-ਤੁਕਿਆਂ ਵਾਲੇ ਦੋ ਸ਼ਬਦ ਆਉਣੇ ਹਨ।

੨੧. ‘‘ਗਉੜੀ ਕਬੀਰ ਜੀ ਤਿਪਦੇ ੧੪ ॥’’ ਕੰਚਨ ਸਿਉ ਪਾਈਐ ਨਹੀ ਤੋਲਿ॥…………..(ਪੰ:੩੨੭)

ਅੰਕ ੧੪ ਗਿਣਤੀ ਬੋਧਕ ਹੈ, ਇਸ ਤੋਂ ਅਗਾਂਹ ੧੪ ਤਿਪਦਿਆਂ ਵਾਲੇ ਸ਼ਬਦ ਆਉਣ ਵੱਲ ਸੰਕੇਤ ਕਰਦਾ ਹੈ।

੨੨. ‘‘ਗਉੜੀ ਕਬੀਰ ਜੀ ਦੁਪਦੇ ੨॥’’ ਨਾ ਮੈ ਜੋਗ ਧਿਆਨ ਚਿਤੁ ਲਾਇਆ………….॥’’ (ਪੰ:੩੨੯)

ਦੁਪਦੇ ਹੇੇਠ ਗਿਣਤੀ-ਬੋਧਕ ਅੰਕ ਅਗਾਂਹ ਦੋ ਦੁਪਦੇ ਆਉਣ ਨੂੰ ਦਰਸਾਉਂਦਾ ਹੈ।

੨੩. ‘‘ਰਾਗੁ ਗਉੜੀ ਬੈਰਾਗਣਿ ੧ ਕਬੀਰ ਜੀ’’ ਜੀਵਤ ਪਿਤਰ ਨ ਮਾਨੈ ਕੋਊ……..(ਪੰ:੩੩੨)

ਇਹ ਅੰਕ ਭੀ ਘਰ ਦਾ ਸੂਚਕ ਜਾਪਦਾ ਹੈ, ਉਂਜ ਹੱਥ-ਲਿਖਤੀ ਬੀੜਾਂ ਵਿੱਚ ਇਹ ਅੰਕ ਨਹੀਂ ਹੈ।

੨੪. ‘‘ਗਉੜੀ ਬੈਰਾਗਣਿ ਤਿਪਦੇ ੩ ॥’’ ਉਲਟਤ ਪਵਨ ਚਕ੍ਰ ਖਟੁ ਭੇਦੇ…………(ਪੰ:੩੩੩)

੨੫. ‘‘ਗਉੜੀ੨ ॥’’ ਪਾਪੁ ਪੁੰਨੁ ਦੁਇ ਬੈਲ ਬਿਸਾਏ………………(ਪੰ:੩੩੩)

੨੬. ‘‘ਗਉੜੀ੩ ਪੰਚਪਦਾ॥’’ ਪੇਵਕੜੈ ਦਿਨ ਚਾਰਿ ਹੈ……………..(ਪੰ:੩੩੩)

੨੭. ‘‘ਗਉੜੀ੨ ॥’’ ਜੋਗੀ ਕਹਹਿ ਜੋਗ ਭਲ ਮੀਠਾ………………..(ਪੰ:੩੩੪)

੨੮. ‘‘ਰਾਗੁ ਗਉੜੀ ਪੂਰਬੀ ੧ ਕਬੀਰ ਜੀ॥’’ ਜਹ ਕਛੁ ਅਹਾ ਤਹਾ ਕਿਛੁ ਨਾਹੀ………(ਪੰ:੩੩੪)

੨੯. ‘‘ਗਉੜੀ੮ ॥’’ ਪਾਨੀ ਮੈਲਾ ਮਾਟੀ ਗੋਰੀ…………………(ਪੰ:੩੩੬)

ਕ੍ਰਮ-ਵਾਰ, ਨੰਬਰ ੨੪ ਤੋਂ ਲੈ ਕੇ ੨੯ ਤੱਕ ਲਟਕਵੇਂ ਅੰਕ ਘਰ ਦੇ ਸੂਚਕ ਹਨ, ਜਿਵੇਂ ਕਿ ਇਸ ਤੋਂ ਅਗਾਂਹ ਪਰਤੱਖ ਤੌਰ ’ਤੇ ਸਿਰਲੇਖਾਂ ਅੱਗੇ ‘ਗਉੜੀ ੯’,‘ਗਉੜੀ ੧੧’, ‘ਗਉੜੀ ੧੨’, ‘ਗਉੜੀ ੧੩’ ਆਏ ਹਨ। ੩੦. ‘‘ਗਉੜੀ੫ ॥’’ ‘‘ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ……….(ਪੰ: ੩੩੮)

ਇਹ ਅੰਕ ਗਿਣਤੀ-ਬੋਧਕ ਹੋਣ ਕਾਰਣ ਇਹ ਦਰਸਾਉਂਦਾ ਹੈ ਕਿ, ਇਸ ਤੋਂ ਅੱਗੇ ਭਗਤ ਕਬੀਰ ਜੀ ਦੇ ਪੰਜ ਸ਼ਬਦ ਹੋਰ ਆਉਣੇ ਹਨ।

੩੧. ‘‘ਆਸਾ ਮਹਲਾ ੧ ਪੰਚਪਦੇ ੬ ॥’’ ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ………..(ਪੰ:੩੫੪)

੩੨. ‘‘ਆਸਾ ਮਹਲਾ ੧ ਪੰਚਪਦੇ ੨ ॥’’ ਮੋਹੁ ਕੁਟੰਬੁ ਮੋਹੁ ਸਭ ਕਾਰ……………(ਪੰ:੩੫੬)

੩੩. ‘‘ਆਸਾ ਮਹਲਾ ੧ ਚਉਪਦੇ ੪ ॥’’ ਵਿਦਿਆ ਵੀਚਾਰੀ ਤਾਂ ਪਰਉਪਕਾਰੀ………(ਪੰ:੩੫੬)

੩੪. ‘‘ਆਸਾ ਮਹਲਾ ੩ ਪੰਚਪਦੇ ੨ ॥’’ ਸਬਦਿ ਮਰੈ ਤਿਸੁ ਸਦਾ ਅਨੰਦ॥………….(ਪੰ:੩੬੪)

ਨੰਬਰ ੩੧ ਵਿੱਚ ਆਏ ਅੰਕ ਦਾ ਭਾਵ ਇਸ ਤੋਂ ਅਗਾਂਹ ਛੇ ਪੰਚਪਦਿਆਂ ਵਾਲੇ ਸ਼ਬਦ ਹਨ। ਨੰ:੩੨ ਵਿੱਚ ਅੰਕ ੨ ਪੰਚਪਦਿਆਂ ਵਾਲੇ ਦੋ ਸ਼ਬਦਾਂ ਵੱਲ ਸੰਕੇਤ ਕਰਦਾ ਹੈ। ਨੰ:੩੩ ਵਿੱਚ ਅੰਕ ੪, ਚਾਰ ਚਉਪਦਿਆਂ ਵਾਲੇ ਸ਼ਬਦ ਆਉਣ ਵੱਲ ਸੰਕੇਤ ਕਰਦਾ ਹੈ। ਨੰ: ੩੪ ਵਿੱਚ ਅੰਕ ੨ ਨੂੰ ਭੀ ਇਸੇ ਤਰ੍ਹਾਂ ਹੀ ਸਮਝਿਆ ਜਾਣਾ ਚਾਹੀਦਾ ਹੈ।

੩੫. ‘‘ਰਾਗੁ ਆਸਾ ਘਰ ੮ ਕੇ ਕਾਫੀ ੨ ਮਹਲਾ ੪॥’’ ਆਇਆ ਮਰਣੁ ਧੁਰਾਹੁ…………(ਪੰ:੩੬੯)

ਕਾਫੀ ਪਦ ਹੇਠਾਂ ਆਇਆ ਅੰਕ ੨ ਇਹ ਦਸਦਾ ਹੈ ਕਿ, ਇਹ ਸ਼ਬਦ ਅਤੇ ਅਗਲੇਰਾ ਸ਼ਬਦ ਕਾਫੀ ਨਾਲ ਮਿਲਾ ਕੇ ਗਾਉਣਾ ਹੈ।

੩੬. ‘‘ਆਸਾ ਮਹਲਾ ੫॥ ਪੰਚਪਦੇ ੩ ॥’’ ਪ੍ਰਥਮੇ ਤੇਰੀ ਨੀਕੀ ਜਾਤਿ॥……………….(ਪੰ: ੩੬੯)

੩੭. ‘‘ਆਸਾ ਮਹਲਾ ੫ ਪੰਚਪਦਾ੧ ॥’’ ਜਿਹ ਪੈਡੈ ਲੂਟੀ ਪਨਿਹਾਰੀ…………(ਪੰ:੩੯੩)

ਨੰਬਰ ੩੬ ਅਤੇ ੩੭ ਵਿੱਚ ਆਏ ਅੰਕ ਗਿਣਤੀ-ਬੋਧਕ ਹਨ, ੩ ਦਾ ਭਾਵ ਅਗਾਂਹ ਤਿੰਨ ਪੰਚਪਦੇ ਅਤੇ ੧ ਦਾ ਭਾਵ ਇੱਕ ਪੰਚਪਦਾ ਹੈ।

੩੮. ‘‘ਪ੍ਰਭਾਤੀ ਮਹਲਾ੫ ੩ ॥’’ ਜੋ ਤੇਰੀ ਸਰਣਾਈ ਹਰਿ ਜੀਉ………………… (ਪੰ:੧੩੩੩)

‘ਮਹਲਾ’ ਸਿਰਲੇਖ ਹੇਠ ਆਇਆ ਅੰਕ ਮੌਜੂਦਾ ਛਾਪੇ ਦੀਆਂ ਬੀੜਾਂ ਵਿੱਚ ਨਹੀਂ ਹੈ, ਪਰ ਹੱਥ-ਲਿਖਤੀ ਬੀੜਾਂ ਵਿੱਚ ਇਹ ਲਟਕਵਾਂ ਅੰਕ ਮਿਲਦਾ ਹੈ। ਪ੍ਰਾਈਵੇਟ ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਤ ਬੀੜਾਂ ਵਿੱਚ ਵੀ ਇਹ ਅੰਕ ਮਿਲਦਾ ਹੈ। ਇਸ ਦਾ ਭਾਵ ਹੈ ਕਿ, ਸੰਬੰਧਤ ਸ਼ਬਦ ਤੋਂ ਲੈ ਕੇ ਇਸ ਸੰਗ੍ਰਹਿ ਦੇ ਸਾਰੇ ਸ਼ਬਦ ‘ਘਰ ਪੰਜਵੇਂ’ ਵਿੱਚ ਗਾਉਣੇ ਹਨ। ਸੰਪ੍ਰਦਾਈ ਸੱਜਣਾਂ ਵੱਲੋਂ ਇਸ ਅੰਕ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਵਾਚਕ ਮੰਨਿਆ ਹੈ ਪਰ ਇਹ ਵੀਚਾਰ ਦਰੁਸਤ ਨਹੀਂ।

ਭੁੱਲ-ਚੁਕ ਦੀ ਖਿਮਾਂ