ਜੋ ਆਪਣੇ ਦੁਆਰਾ ਲਿਖੀ ਪੁਸਤਕ ’ਤੇ ਹੀ ਚਰਚਾ (ਸਵਾਲ-ਜਵਾਬ) ਕਰਨ ਤੋਂ ਭੱਜੇ; ਉਸ ਨੂੰ ਕੈਲੰਡਰ ਬਾਰੇ ਕਿੰਨਾ ਕੁ ਗਿਆਨ ਹੋਏਗਾ ?
ਕਿਰਪਾਲ ਸਿੰਘ ਬਠਿੰਡਾ
9 ਦਸੰਬਰ ਦੀ ਰਾਤ ਨੂੰ ਮੈਨੂੰ ਪਹਿਲੀ ਵਾਰ ਸਤਿੰਦਰ ਸਿੰਘ ਸੇਖੋਂ ਦਾ ਫੋਨ ਆਇਆ ’ਤੇ ਸੁਝਾਅ ਦਿੱਤਾ ਕਿ 20 ਦਸੰਬਰ ਤੱਕ ਗੁਰਚਰਨ ਸਿੰਘ ਸੇਖੋਂ ਪੰਜਾਬ ’ਚ ਹਨ। ਉਨ੍ਹਾਂ ਕਿਹਾ ਸੁਹਿਰਦਤਾ ਭਰੇ ਮਹੌਲ ’ਚ ਵੀਚਾਰ ਚਰਚਾ ਲਈ ਅਸੀਂ ਬਠਿੰਡਾ ਦੇ ਟੀਚਰਜ਼ ਹੋਮ ਵਿਖੇ 13-14 ਦਸੰਬਰ ਲਈ ਹਾਲ ਬੁੱਕ ਕਰਵਾਇਆ ਹੈ। ਤੁਸੀਂ ਹਾਮੀ ਭਰੋ ਕਿ ਤੁਹਾਨੂੰ ਕਿਹੜੀ ਤਾਰੀਖ਼ ਸੂਟ ਕਰਦੀ ਹੈ ਤਾਂ ਤਾਰੀਖ਼ ਨਿਸ਼ਚਿਤ ਕਰ ਲਈਏ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੇਰੇ ਲਈ ਤਾਂ ਦੋਵੇਂ ਠੀਕ ਹਨ, ਪਰ ਪਹਿਲਾਂ ਤੁਸੀਂ ਆਪਣੀ ਵੀਚਾਰ ਚਰਚਾ ਦਾ ਏਜੰਡਾ ਦੱਸੋ ਅਤੇ ਇਹ ਵੀ ਦੱਸੋ ਕਿ ਮੰਚ ਸੰਚਾਲਨ ਕੌਣ ਕਰੇਗਾ। ਸਤਿੰਦਰ ਸਿੰਘ ਨੇ ਕਿਹਾ ਕੋਈ ਫ਼ਰਕ ਨਹੀਂ ਪੈਂਦਾ ਆਪਾਂ ਅਕੈਡਿਮਕ ਪੱਧਰ ’ਤੇ ਵੀਚਾਰ ਕਰਨੀ ਹੈ, ਇਸ ਲਈ ਤੁਸੀਂ ਬਠਿੰਡੇ ਦੇ ਕਿਸੇ ਕਾਲਜ ਦੇ ਇੱਕ ਪ੍ਰੋਫੈਸਰ ਨੂੰ ਰੱਖ ਲਓ। ਏਜੰਡੇ ਬਾਰੇ ਉਨ੍ਹਾਂ ਕਿਹਾ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਸਬੰਧੀ ਗੱਲ ਹੋਵੇਗੀ।
ਮੈ ਸੁਝਾਅ ਦਿੱਤਾ ਕਿ ਤਾਰੀਖ਼ਾਂ ਸਬੰਧੀ ਸਿਰਫ ਉਹੀ ਗੱਲ ਕਰ ਸਕਦਾ ਹੈ, ਜਿਸ ਨੂੰ ਕੈਲੰਡਰ ਵਿਗਿਆਨ ਅਤੇ ਤਾਰੀਖ਼ ਬਦਲਾਅ (Date Conversion) ਦਾ ਗਿਆਨ ਹੋਵੇ। ਮੇਰਾ ਸੁਝਾਅ ਸੀ ਕਿ ਪਹਿਲਾਂ ਗੁਰਚਰਨ ਸਿੰਘ ਸੇਖੋਂ ਨੇ ਪੁਸਤਕ ਲਿਖੀ ਹੈ, ਉਸ ਦੇ ਜਵਾਬ ’ਚ ਮੈਂ ਭੀ ਪੁਸਤਕ ਲਿਖੀ ਹੈ, ਇਸ ਲਈ ਸਾਡੀਆਂ ਦੋਵਾਂ ਪੁਸਤਕਾਂ ’ਤੇ ਚਰਚਾ ਕਰਵਾ ਲਈ ਜਾਵੇ। ਜਿਹੜਾ ਆਪਣੀ ਪੁਸਤਕ ਸਬੰਧੀ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ, ਸਮਝੋ ਉਹ ਨਾਨਕਸ਼ਾਹੀ ਕੈਲੰਡਰ ਨੂੰ ਨਾ ਸਮਝ ਸਕਦਾ ਹੈ ਅਤੇ ਨਾ ਹੀ ਕੈਲੰਡਰ ਦੀਆ ਤਰੀਖ਼ਾਂ ਸਬੰਧੀ ਕਿਸੇ ਚਰਚਾ ਦੇ ਕਾਬਲ ਹੈ। ਜੇ ਦੋਵੇਂ ਆਪਣੀ ਲਿਖਤ ’ਤੇ ਪੂਰੇ ਉੱਤਰੇ ਤਾਂ ਫਿਰ ਨਾਨਕਸ਼ਾਹੀ ਕੈਲੰਡਰ ਸਬੰਧੀ ਵੀਚਾਰ ਚਰਚਾ ਕਰ ਲਵਾਂਗੇ। ਉਨ੍ਹਾਂ ਇਸ ਸਬੰਧੀ ਸਹਿਮਤੀ ਦਿੱਤੀ ਅਤੇ ਕਿਹਾ ਕਿ ਸੇਖੋਂ ਨਾਲ ਗੱਲ ਕਰਕੇ ਸਵੇਰੇ ਪੋਸਟਰ ਜਾਰੀ ਕਰ ਦਿੱਤਾ ਜਾਵੇਗਾ। ਜਦ ਅਗਲੇ ਦਿਨ ਤੱਕ ਕੋਈ ਸੰਦੇਸ਼ ਨਾ ਆਇਆ ਤਾਂ ਮੈਂ ਸਵੇਰੇ ਫੋਨ ਕੀਤਾ, ਜੋ ਉਸ ਨੇ ਕੱਟ ਦਿੱਤਾ। ਕਾਫੀ ਸਮਾਂ ਉਡੀਕਣ ਤੋਂ ਬਾਅਦ ਮੈਂ ਵੋਇਸ ਮੈਸੇਜ ਕੀਤਾ
ਕਿ ਤੁਸੀਂ ਮੇਰਾ ਫੋਨ ਕੱਟ ਦਿੰਦੇ ਹੋ, ਨਾ ਬੈਕ ਕਾਲ ਕਰਦੇ ਹੋ, ਨਾ ਟੈਕਸਟ ਮੈਸੇਜ ਭੇਜਦੇ ਹੋ। ਜਦ ਆਪਣਾ ਸੰਪਰਕ ਹੀ ਨਹੀਂ ਹੋ ਰਿਹਾ ਤਾਂ ਇਸ ਹਾਲਤ ’ਚ ਮੈਂ ਕਿਸੇ ਵੀਚਾਰ ਚਰਚਾ ’ਚ ਨਹੀਂ ਆਵਾਂਗਾ। ਅਗਲੇ ਦਿਨ; ਰਾਤ ਨੂੰ ਫੋਨ ਆਇਆ। ਲੰਬੀ ਚੌੜੀ ਗੱਲਬਾਤ ਹੋਣ ਉਪਰੰਤ ਦੋਵਾਂ ਪੁਸਤਕਾਂ ’ਤੇ ਵੀਚਾਰ ਚਰਚਾ ਕਰਨ ਲਈ 20 ਦਸੰਬਰ ਦੀ ਸਹਿਮਤੀ ਬਣ ਗਈ। 11 ਦਸੰਬਰ ਨੂੰ ਉਨ੍ਹਾਂ ਆਪਣੀ ਫੇਸ ਬੁੱਕ ’ਤੇ ਇਹ ਪੋਸਟਰ ਪਾ ਦਿੱਤਾ, ਜਿਸ ’ਤੇ ਸਪੀਕਰ ਵਜੋਂ ਸਿਰਫ ਮੇਰੀ ਅਤੇ ਗੁਰਚਰਨ ਸਿੰਘ ਸੇਖੋਂ ਦੀ ਫੋਟੋ ਲੱਗੀ ਸੀ, ਪਰ ਪੁਸਤਕਾਂ ’ਤੇ ਵੀਚਾਰ ਵਟਾਂਦਰੇ ਦਾ ਕੋਈ ਜ਼ਿਕਰ ਨਹੀਂ ਸੀ।
ਮੈਂ ਦੁਬਾਰਾ ਫੋਨ ਕੀਤਾ ਤੇ ਅਗਲੇ ਦਿਨ 12 ਤਾਰੀਖ਼ ਨੂੰ ਟੈਕਸਟ ਮੈਸੇਜ ਭੀ ਕੀਤਾ ਕਿ ਆਪਣੇ ਸਮਾਗਮ ’ਚ ਕੇਵਲ ਇੱਕ ਹਫਤਾ ਰਹਿ ਗਿਆ ਹੈ, ਪਰ ਤੁਸੀਂ ਹਾਲੀ ਤੱਕ ਏਜੰਡਾ ਕਲੀਅਰ
ਨਹੀਂ ਕੀਤਾ ਤੇ ਨਾ ਹੀ ਤੁਹਾਡੀ ਪੁਸਤਕ ਦੇ ਸਿਰਲੇਖ ਮੁਤਾਬਕ ‘ਗੁਰੂ ਸਾਹਿਬਾਂ ਵਲੋਂ ਸਥਾਪਿਤ ਕੀਤਾ ਮੂਲ ਸਿੱਖ ਕੈਲੰਡਰ’ ਮੁਹੱਈਆ ਕਰਾਇਆ ਹੈ। ਰਾਤ ਨੂੰ ਉਨ੍ਹਾਂ ਦਾ ਟੈਕਸਟ ਮੈਸੇਜ ਆ ਗਿਆ ਕਿ ‘ਗੱਲਬਾਤ ਤੁਹਾਡੀ ਪੁਸਤਕ ਅਤੇ ਸੇਖੋਂ ਦੀ ਪੁਸਤਕ ਵਿਚਲੇ ਛੋਹੇ ਵਿਸ਼ਿਆਂ ’ਤੇ ਹੋਵੇਗੀ’।
ਸਮਾਗਮ ਸ਼ੁਰੂ ਹੋਣ ਸਮੇਂ, ਵਾਅਦੇ ਮੁਤਾਬਕ ਸਤਿੰਦਰ ਸਿੰਘ ਸਮਾਗਮ ’ਚ ਨਹੀਂ ਪਹੁੰਚਿਆ ਅਤੇ ਉਸ ਦੀ ਟੀਮ ਨੇ ਸਟੇਜ ਸੰਚਾਲਨ ਲਈ ਮੇਰੇ ਵੱਲੋਂ ਤਜਵੀਜ ਕੀਤੇ ਪ੍ਰਿੰਸੀਪਲ (ਡਾ:) ਮਨਜੀਤ ਸਿੰਘ ਦੀ ਬਜਾਏ ਆਪਣੇ ਨਾਲ ਆਏ ਅਵਨਿੰਦਰ ਸਿੰਘ ਨੂੰ ਬਣਾਉਣ ਅਤੇ ਹਰਦੇਵ ਸਿੰਘ ਜੰਮੂ ਨੂੰ ਸਪੀਕਰ ਵਜੋਂ ਬਿਠਾਉਣ ਲਈ ਅੜੀ ਕੀਤੀ। ਮੇਰਾ ਕਹਿਣਾ ਸੀ ਕਿ ਏਜੰਡਾ ਪੁਸਤਕਾਂ ਉੱਤੇ ਵੀਚਾਰ ਨਾਲ ਸਬੰਧਿਤ ਹੈ। ਹਰਦੇਵ ਸਿੰਘ ਜੰਮੂ ਨੇ ਹੁਣ ਤੱਕ ਕੋਈ ਪੁਸਤਕ ਨਹੀਂ ਲਿਖੀ ਅਤੇ ਇਹ ਆਪ ਖੁਦ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ; ਕਰਨਲ ਨਿਸ਼ਾਨ ਦੀ ਪੁਸਤਕ ਸਬੰਧੀ ਪੁੱਛੋਂ ਤਾਂ ਕਹਿੰਦਾ ਹੈ ਜੋ ਨਿਸ਼ਾਨ ਨੇ ਲਿਖਿਆ ਹੈ ਮੈਂ ਉਸ ਦਾ ਜਵਾਬ ਨਹੀਂ ਹਾਂ, ਸੇਖੋਂ ਦੀ ਪੁਸਤਕ ਸਬੰਧੀ ਪੁੱਛੋ ਤਾਂ ਕਹਿੰਦਾ ਮੈਂ ਕਿਤਾਬ ਪੜ੍ਹੀ ਨਹੀਂ ਹੈ। ਇਹ ਸਿਰਫ ਕੇਵਲ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਗਲਤ ਸਿੱਧ ਕਰਨ ਲਈ ਹੀ ਸਵਾਲ ਦਰ ਸਵਾਲ ਹੀ ਕਰਦਾ ਹੈ ਜਦੋਂ ਕਿ ਇਸ ਨੂੰ ਕੈਲੰਡਰ ਦੀਆਂ ਤਾਰੀਖ਼ਾਂ ਤਬਦੀਲ ਕਰਨ ਦਾ ਕੋਈ ਗਿਆਨ ਹੀ ਨਹੀਂ। ਸੰਵਾਦ ’ਚ ਕੇਵਲ ਉਹੀ ਭਾਗ ਲੈ ਸਕਦਾ ਹੈ, ਜਿਨ੍ਹਾਂ ਨੇ ਪੁਸਤਕ ਲਿਖੀ ਹੈ ਜਾਂ ਪ੍ਰਸਾਤਵਨਾ ਕੀਤੀ ਹੈ। ਪਰ ਕਾਫੀ ਰੌਲ਼ੇ ਰੱਪੇ ਤੋਂ ਬਾਅਦ ਉਹ ਆਪਣੀ ਗੱਲ ਪੁਗਾ ਕੇ ਹਟੇ, ਬਿਨਾਂ ਮੇਰੇ ਨਾਲ ਸਲਾਹ ਮਸ਼ਵਰਾ ਕੀਤਿਆਂ ਕਿ ਸਟੇਜ ਕਿਨ੍ਹਾਂ ਨਿਯਮਾਂ ਦੇ ਆਧਾਰ ’ਤੇ ਚਲਾਉਣੀ ਹੈ, ਉਨ੍ਹਾਂ ਸਟੇਜ ਸਕੱਤਰ ਪ੍ਰਿੰ. ਮਨਜੀਤ ਸਿੰਘ ਦੀ ਥਾਂ ਹਰਜਿੰਦਰ ਸਿੰਘ ਮਾਝੀ ਲਾ ਲਿਆ ਅਤੇ ਹਰਦੇਵ ਸਿੰਘ ਜੰਮੂ ਨੂੰ ਸਪੀਕਰ ਵਜੋਂ ਬਿਠਾ ਲਿਆ; ਜਿਹੜਾ ਵਾਰ ਵਾਰ ਪੁਸਤਕਾਂ ਸਬੰਧੀ ਚਰਚਾ ਨੂੰ ਉਲਝਾ ਕੇ ਪਹਿਲਾਂ ਨਾਨਕਸ਼ਾਹੀ ਕੈਲੰਡਰ ’ਚ ਦਰਜ ਕੀਤੀਆਂ ਤਾਰੀਖ਼ਾਂ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਜੋ ਉਸ ਦੀ ਸਮਝ ਤੋਂ ਬਾਹਰ ਹੈ ਕਿਉਂਕਿ ਉਸ ਨੂੰ ਤਾਰੀਖਾਂ ਬਦਲੀ ਕਰਨ (ਡੇਟ ਕਨਵਰਸ਼ਨ) ਦੀ ਕੋਈ ਸੋਝੀ ਨਹੀਂ ਜਾਂ ਜਾਣ ਬੁਝ ਕੇ ਸਮਝਣਾ ਨਹੀਂ ਚਾਹੁੰਦਾ। ਜੂਲੀਅਨ ਅਤੇ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ’ਚ 1582 ’ਚ ਪਾਏ 10 ਦਿਨਾਂ ਦੇ ਅੰਤਰ ’ਤੇ ਹੀ ਉਹ ਖੜ੍ਹਾ ਹੈ ਜਦਕਿ ਅਗਾਂਹ 4 ਹੋਰ ਸਦੀਆਂ ਦਾ ਸਮਾਂ ਲੰਘ ਜਾਣ ਕਾਰਨ ਹੁਣ ਇਹ ਅੰਤਰ 13 ਦਿਨਾਂ ਦਾ ਹੋ ਚੁੱਕਾ ਹੈ। ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਵੱਧ ਹੋਣ ਕਾਰਨ, ਜੋ ਸਾਲ-ਬਸਾਲ ਇਸ ਵਿੱਚ ਫ਼ਰਕ ਲਗਾਤਾਰ ਹੋਰ ਪੈ ਰਿਹਾ ਹੈ; ਇਸ ਵਧਦੇ ਅੰਤਰ ਤੋਂ ਹਰਦੇਵ ਸਿੰਘ; ਬਿਲਕੁਲ ਹੀ ਅਣਜਾਣ ਹੈ। ਆਪਣੀ ਕਿਤਾਬ ’ਚ ਇਨ੍ਹਾਂ ਗਲਤੀਆਂ ਪ੍ਰਤੀ ਜਵਾਬਦੇਹ ਹੋਣ ਤੋਂ ਬਚਣ ਲਈ ਸੇਖੋਂ ਹਰਦੇਵ ਸਿੰਘ ਜੰਮੂ ਨੂੰ ਰੋਲ ਘਚੋਲਾ ਪਾਉਣ ਲਈ ਆਪਣੇ ਨਾਲ ਲੈ ਕੇ ਆਏ, ਜਿਸ ਕਾਰਨ ਸਤਿੰਦਰ ਸਿੰਘ ਸਮੇਤ ਆਪਣੀ ਸਮੁੱਚੀ ਟੀਮ ਦੀ ਸੁਹਿਰਦਤਾ ਸ਼ੱਕੀ ਸਿੱਧ ਕਰ ਦਿੱਤੀ।
ਕਾਰਵਾਈ ਸ਼ੁਰੂ ਹੋਣ ’ਤੇ ਉਨ੍ਹਾਂ ਤੋਂ ਹੇਠ ਲਿਖੇ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਉਨ੍ਹਾਂ ਨੇ ਕੋਈ ਵੀ ਢੁੱਕਵਾਂ ਉੱਤਰ ਨਾ ਦਿੱਤਾ। ਮੇਰੇ ਦੁਆਰਾ ਪੁੱਛੇ ਸਵਾਲ ਜਿਨ੍ਹਾਂ ਦਾ ਸੇਖੋਂ ਵੱਲੋਂ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ ਅਤੇ ਮੇਰੇ ਵੱਲੋਂ ਉਨ੍ਹਾਂ ਸਵਾਲਾਂ ਦੇ ਜਵਾਬ; ਹੇਠਾਂ ਦਿੱਤੇ ਜਾ ਰਹੇ ਹਨ ਤਾਂ ਕਿ ਪਾਠਕ ਖੁਦ ਹੀ ਨਿਰਣਾ ਕਰ ਲੈਣ :
- ਗੁਰਚਰਨ ਸਿੰਘ ਸੇਖੋਂ ਨੇ ਆਪਣੀ ਪੁਸਤਕ ਦਾ ਨਾਮ ਦਿੱਤਾ ਹੈ :‘ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ’ ਅਤੇ ਅਨੁਰਾਗ ਸਿੰਘ ਨੇ ਇਸ ਪੁਸਤਕ ਦੀ ਪ੍ਰਸਤਾਵਨਾ ਦੇ ਪੰਨਾ 19 ’ਤੇ ਲਿਖਿਆ ਹੈ ‘ਗੁਰੂ ਸਾਹਿਬਾਂ ਵੱਲੋਂ ਸੋਧੇ ਅਪਣਾਏ ਅਤੇ ਵਰਤੇ ਗਏ ਬਿਕ੍ਰਮੀ ਕੈਲੰਡਰ ਨੂੰ ਬਦਨਾਮ ਕਰਨ ਦੀ ਇਜ਼ਾਜਤ ਸ੍ਰੋਮਣੀ ਕਮੇਟੀ ਨੇ ਕਿਵੇਂ ਦੇ ਦਿੱਤੀ ?’ ਜਦਕਿ ਇਸ ਪੁਸਤਕ ਵਿੱਚ ਨਾ ਕੋਈ ਕੈਲੰਡਰ ਅਤੇ ਨਾ ਹੀ ਕਿਸੇ ਕੈਲੰਡਰ ਦੇ ਪੈਰਾਮੀਟਰ ਸਿਧਾਂਤ/ਨਿਯਮ ਅਤੇ ਨਾ ਹੀ ਕੀਤੀ ਗਈ ਸੋਧ ਦਰਜ ਹੈ ।
ਮੇਰੇ ਵੱਲੋਂ ਜਵਾਬ : ਅਸੀਂ 2023 ਤੋਂ ਹੀ ਇਨ੍ਹਾਂ ਵੱਲੋਂ ਕੀਤੇ ਦਾਅਵੇ ਮੁਤਾਬਕ ‘ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤੇ ਕੈਲੰਡਰ’ ਅਤੇ ਗੁਰੂ ਸਾਹਿਬਾਨ ਵੱਲੋਂ ਕੀਤੀ ਸੋਧ ਦੀ ਮੰਗ ਕਰ ਰਹੇ ਹਾਂ, ਪਰ ਇਨ੍ਹਾਂ ਨੇ ਅੱਜ ਤੱਕ ਉਹ ਕੈਲੰਡਰ ਨਹੀਂ ਵਿਖਾਇਆ ਅਤੇ ਨਾ ਹੀ ਗੁਰੂ ਸਾਹਿਬ ਵੱਲੋਂ ਕੀਤੀ ਸੋਧ ਸਬੰਧੀ ਕੋਈ ਜਾਣਕਾਰੀ ਦਿੱਤੀ ਹੈ। ਅਸੀਂ ਸਮਝਦੇ ਹਾਂ ਕਿ ਸਿਰਫ ਸੰਗਤ ਨੂੰ ਗੁੰਮਰਾਹ ਕਰਨ ਲਈ ਹੀ ਗੁਰੂ ਸਾਹਿਬ ਜੀ ਦਾ ਨਾਂ ਵਰਤਿਆ ਗਿਆ ਹੈ। ਇਹ ਗੱਲ ਅਨੁਰਾਗ ਸਿੰਘ ਨੇ ਆਪਣੇ ਵੱਲੋਂ ਕੀਤੀ ਪ੍ਰਸਤਾਵਨਾ ਦੇ ਪੰਨਾ ਨੰ: 19 ’ਤੇ ਇਹ ਲਿਖ ਕੇ ਸਵੀਕਾਰ ਭੀ ਕਰ ਲਈ ਹੈ ਕਿ “ਗੁਰਚਰਨ ਸਿੰਘ ਸੇਖੋਂ ਦੀ ਪੁਸਤਕ ਨੂੰ ਢੁਕਵਾਂ ਸਿਰਲੇਖ ‘ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ’ ਇਸ ਖਤਰਨਾਕ ਸਾਜਿਸ਼ ਨੂੰ ਗੁਰੂ ਪੰਥ ਸਾਹਮਣੇ ਉਜਾਗਰ ਕਰਨ ਲਈ ਦਿੱਤਾ ਗਿਆ ਹੈ।”
20 ਦਸੰਬਰ ਦੇ ਸਮਾਗਮ ’ਚ ਮੈਂ ਸ. ਗੁਰਚਰਨ ਸਿੰਘ ਸੇਖੋਂ ਤੋਂ ਮੰਗ ਕੀਤੀ ਕਿ ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ, ਗੁਰੂ ਸਾਹਿਬ ਵੱਲੋਂ ਕੀਤੀ ਸੋਧ ਅਤੇ ਉਸ ਕੈਲੰਡਰ ਦੇ ਪੈਰਾਮੀਟਰ ਸਿਧਾਂਤ/ਨਿਯਮ ਦੱਸੇ ਜਾਣ ਨਹੀਂ ਤਾਂ ਸੰਗਤ ਤੋਂ ਮੁਆਫ਼ੀ ਮੰਗਣ।
- ਆਪਣੇ ਇਸ ਕਥਨ ਕਿ ਬਿਕ੍ਰਮੀ ਕੈਲੰਡਰ ਗੁਰੂ ਸਾਹਿਬਾਨ ਵੱਲੋਂ ਸਥਾਪਤ ਕੀਤਾ ਗਿਆ ਹੈ; ਨੂੰ ਸਿੱਧ ਕਰਨ ਲਈ ਇਨ੍ਹਾਂ ਨੇ ਪੁਸਤਕ ਦੇ ਅਰੰਭ ’ਚ ਗੁਰੂ ਗ੍ਰੰਥ ਸਾਹਿਬ ਜੀ ’ਚੋਂ ਬਾਰਹ ਮਾਹਾ/ਤਿੱਥੀ ਬਾਣੀਆਂ, ਦਸਮ ਗ੍ਰੰਥ ਦੀਆਂ ਹੱਥ ਲਿਖਤ ਬੀੜਾਂ ਅਤੇ ਕੁਝ ਹੁਕਮਨਾਮਿਆਂ ਦੀਆਂ ਫੋਟੋ ਕਾਪੀਆਂ ਦਿੱਤੀਆਂ ਹਨ। ਇਹ ਦੱਸਣਯੋਗ ਹੈ ਕਿ ਬਿਕ੍ਰਮੀ ਕੈਲੰਡਰ ਦੀ ਪੰਚਾਂਗ ਦੇ 5 ਮੁੱਖ ਅੰਗ (ਤਿੱਥ, ਵਾਰ, ਨਛੱਤਰ, ਯੋਗ ਅਤੇ ਕਰਨ) ਹੁੰਦੇ ਹਨ। ਕਿਸੇ ਵੀ ਤਿੱਥ ਦੀ ਸ਼ੁੱਧਤਾ ਚੈੱਕ ਕਰਨ ਲਈ ਘੱਟ ਤੋਂ ਘੱਟ 3 ਅੰਗ (ਸੰਮਤ, ਤਿਥ ਅਤੇ ਵਾਰ) ਲਿਖਣੇ ਜ਼ਰੂਰੀ ਹਨ ਪਰ ਚਿੱਤਰ ਨੰ: 11 ਨੂੰ ਛੱਡ ਕੇ ਬਾਕੀ ਦੇ ਕਿਸੇ ’ਚ ਵੀ ਇਹ ਸ਼ਰਤ ਪੂਰੀ ਨਹੀਂ ਕੀਤੀ ਗਈ। ਉਸ ਵਿਚ ਭੀ ਦਿਨ ਗਲਤ ਸਾਬਤ ਹੁੰਦਾ ਹੈ। ਇਸ ਚਿੱਤਰ ਨੰ: 11 ’ਤੇ ਤ੍ਰਿਅ ਚਰਿਤ੍ਰ ਦੀ ਆਖਰੀ ਚੌਪਈ ਇੰਝ ਹੈ :
ਸੰਬਤ ਸਤ੍ਰਹ ਸਹਸ ਭਣਿਜੈ ॥ ਅਰਧ ਸਹਸ ਫੁਨਿ ਤੀਨਿ ਕਹਿਜੈ ॥
ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ॥ ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥੪੦੫॥
(ਚਰਿਤ੍ਰ ੪੦੫, ਦਸਮ ਗ੍ਰੰਥ)
ਇਸ ਚੌਪਈ ਅਨੁਸਾਰ ਸੰਮਤ ੧੭੫੩, ਭਾਦੋਂ ਸੁਦੀ ੮ ਨੂੰ ਦਿਨ ਰਵੀਵਾਰ (ਐਤਵਾਰ) ਹੈ, ਜੋ ਕਿ ਗ਼ਲਤ ਹੈ ਕਿਉਂਕਿ ਉਸ ਦਿਨ ਮੰਗਲਵਾਰ ਬਣਦਾ ਹੈ। ਇਸ ਚੌਪਈ ਦੀ ਟੇਕ ਲੈਣ ਵਾਲੇ ਵਿਦਵਾਨ ਅੱਜ ਤੱਕ ਭਾਦੋਂ ਸੁਦੀ ੮; ਸੰਮਤ ੧੭੫੩ ਨੂੰ ਦਿਨ ਐਤਵਾਰ ਸਿੱਧ ਨਹੀਂ ਕਰ ਸਕੇ।
- ਭਾਦੋਂ ਸੁਦੀ ੮; ਸੰਮਤ ੧੭੫੩ ਨੂੰ ਦਿਨ ਐਤਵਾਰ ਸਿੱਧ ਕਰਨ ਲਈ ਗੁਰਚਰਨ ਸਿੰਘ ਸੇਖੋਂ ਸਣੇ ਸਾਰੇ ਨਾਨਕਸ਼ਾਹੀ ਕੈਲੰਡਰ ਵਿਰੋਧੀ; ਪਿਛਲੇ ਡੇੜ ਦਹਾਕੇ ਤੋਂ ਬੜੀਆਂ ਊਟ ਪਟਾਂਗ ਉਦਾਹਰਣਾਂ ਦੇ ਰਹੇ ਹਨ, ਪਰ ਕੋਈ ਭੀ ਮਿਸਾਲ; ਕੈਲੰਡਰ ਵਿਗਿਆਨ ਨਿਯਮ ’ਤੇ ਸਹੀ ਨਹੀਂ ਢੁੱਕਦੀ ਸਗੋਂ ਇਨ੍ਹਾਂ ਦੀ ਅਗਿਆਨਤਾ ਉਜਾਗਰ ਕਰਦੀਆਂ ਹਨ; ਜਿਵੇਂ ਕਿ :
(ੳ). ਬੀਬੀ ਅਮਰਜੀਤ ਕੌਰ ਬੈਲਜੀਅਮ, ਅਨੁਰਾਗ ਸਿੰਘ ਅਤੇ ਗੁਰਚਰਨ ਸਿੰਘ ਸੇਖੋਂ ਇਹੀ ਰੱਟ ਲਾਈ ਜਾ ਰਹੇ ਹਨ ਕਿ 1582 ’ਚ 4 ਅਕਤੂਬਰ ਨੂੰ ਦਿਨ ਵੀਰਵਾਰ ਸੀ; 10 ਤਾਰੀਖ਼ਾਂ ਖਤਮ ਕਰਕੇ ਅਗਲੇ ਦਿਨ ਸ਼ੁਕਰਵਾਰ ਨੂੰ 15
ਅਕਤੂਬਰ ਐਲਾਨ ਦਿੱਤਾ ਗਿਆ। ਇਨ੍ਹਾਂ ਦਾ ਤਰਕ ਹੈ ਕਿ 4 ਅਕਤੂਬਰ ਨੂੰ ਦਿਨ ਵੀਰਵਾਰ ਸੀ, ਇਸ ਲਈ ਅਗਲੇ ਦਿਨ ਸ਼ੁਕਰਵਾਰ ਨੂੰ 5 ਅਕਤੂਬਰ ਚਾਹੀਦਾ ਸੀ, ਜਿਸ ਨੂੰ 15 ਅਕਤੂਬਰ ਕਰ ਦਿੱਤਾ। ਉਕਤ ਤਿੰਨਾਂ ਵਿਦਵਾਨਾਂ ਮੁਤਾਬਕ ਜੇ ਇਹ ਸਹੀ ਸੋਧ ਲਾਈ ਹੁੰਦੀ ਤਾਂ 15 ਅਕਤੂਬਰ ਨੂੰ ‘ਸੋਮਵਾਰ’ ਬਣਦਾ ਹੈ।
ਜਦੋਂ 1582 ’ਚ ਪੋਪ ਗ੍ਰੈਗਰੀ ਵੱਲੋਂ 15 ਅਕਤੂਬਰ ਨੂੰ ਦਿਨ ਸ਼ੁੱਕਰਵਾਰ ਅਤੇ ਇਹੀ ਸੋਧ 1752 ’ਚ ਇੰਗਲੈਂਡ ਵੱਲੋਂ 11 ਤਾਰੀਖ਼ਾਂ ਖਤਮ ਕਰ ਲਾਗੂ ਕੀਤੀ; ਸੋਧ ਉਪ੍ਰੰਤ 2 ਸਤੰਬਰ ਦਿਨ
ਬੁੱਧਵਾਰ ਤੋਂ ਅਗਲੇ ਦਿਨ ਵੀਰਵਾਰ ਨੂੰ 14 ਸਤੰਬਰ ਐਲਾਨਿਆ ਗਿਆ। (ਭਾਰਤ ’ਚ 1752 ਵਾਲੀ ਸੋਧ ਹੀ ਲਾਗੂ ਹੋਈ ਹੈ)। ਜਦੋਂ 15 ਅਕਤੂਬਰ 1582 ਨੂੰ ਦਿਨ ਸ਼ੁੱਕਰਵਾਰ ਅਤੇ 14 ਸਤੰਬਰ 1752 ਨੂੰ ਦਿਨ ਵੀਰਵਾਰ ਸਿੱਧ ਕਰਨ ਸਬੰਧੀ ਕਈ ਵਾਰ ਜਵਾਬ ਦਿੱਤੇ ਜਾਣ ਦੇ ਬਾਵਜੂਦ ਭੀ ਅਨੁਰਾਗ ਸਿੰਘ; ਪਾਲ ਸਿੰਘ ਪੁਰੇਵਾਲ ਨੂੰ ਸੰਬੋਧਨ ਹੋ ਕੇ ਦਿਨਾਂ ਦੀ ਸੋਧ ਨਾ ਲਾਉਣ ਅਤੇ ਕਾਮਰੇਡ, ਨਾਸਤਕ, ਰਿਸ਼ਵਤ ਦੇ ਕੇ ਆਪਣਾ ਕੈਲੰਡਰ ਲਾਗੂ ਕਰਾਉਣ, ਆਦਿ ਦੋਸ਼ ਲਾਉਣ ਤੋਂ ਨਾ ਹਟਿਆ ਤਾਂ ਆਖ਼ਿਰ ਮਿਤੀ 1 ਅਕਤੂਬਰ 2021 ਨੂੰ ਪਾਲ ਸਿੰਘ ਪੁਰੇਵਾਲ ਨੇ 4 ਉਦਾਹਰਣਾਂ ਸਮੇਤ ਇੱਕ ਪੱਤਰ ਲਿਖਿਆ, ਜੋ ‘ਮੂਰਖ ਅਨੁਰਾਗ ਸਿੰਘ ਦੇ ਮੂਰਖਤਾ ਭਰੇ ਸਵਾਲ ਦਾ ਮੇਰੇ ਵੱਲੋਂ ਜਵਾਬ’ ਸਿਰਲੇਖ ਹੇਠ ਲਿੰਕ https://gurparsad.com/answer-to-the-foolish-question-of-the-fool-anurag-singh/ ’ਤੇ ਪੜ੍ਹਿਆ ਜਾ ਸਕਦਾ ਹੈ। ਇੱਕ ਈਮੇਲ ਗਰੁੱਪ ’ਚ ਹਰਦੇਵ ਸਿੰਘ ਜੰਮੂ ਨੇ ਉਸ ਪੱਤਰ ’ਚ ਪਾਲ ਸਿੰਘ ਪੁਰੇਵਾਲ ਵੱਲੋਂ ਅਨੁਰਾਗ ਸਿੰਘ ਲਈ ਵਾਰ ਵਾਰ ‘ਮੂਰਖ’ ਸ਼ਬਦ ਵਰਤੇ ਜਾਣ ’ਤੇ ਇਤਰਾਜ਼ ਤਾਂ ਕਰ ਦਿੱਤਾ, ਪਰ ਦਿਨ; ਠੀਕ ਹੈ ਜਾਂ ਗ਼ਲਤ; ਇਹ ਅਕਲ ਲੈਣੀ ਜ਼ਰੂਰੀ ਨਾ ਸਮਝੀ। ਇਨ੍ਹਾਂ ਨੂੰ ਹਾਲੀ ਤੱਕ ਭੀ ਸਮਝ ਨਹੀਂ ਆਈ ਤਾਹੀਓਂ ਡੇੜ ਦਹਾਕੇ ਬਾਅਦ ਭੀ ਉਹੀ ਗੱਲ ਵਾਰ ਵਾਰ ਇਸ ਪੁਸਤਕ ’ਚ ਦੁਹਰਾਈ ਜਾ ਰਹੀ ਹੈ।
(ਅ) ਭਾਦੋਂ ਸੁਦੀ ੮ ਸੰਮਤ ੧੭੫੩ ਨੂੰ ਦਿਨ ਮੰਗਲਵਾਰ ਦੀ ਬਜਾਏ ਦਿਨ ਐਤਵਾਰ ਸਿੱਧ ਕਰਨ ਲਈ ਗੁਰਚਰਨ ਸਿੰਘ ਸੇਖੋਂ ਆਪਣੀ ਪੁਸਤਕ ਦੇ ਪੰਨਾ 97 ’ਤੇ ਲਿਖਦਾ ਹੈ ਕਿ ਗ੍ਰੈਗੋਰੀਅਨ ਕੈਲੰਡਰ ਦੀਆਂ ਜੜ੍ਹਾਂ ਰੋਮਨ ਕੈਲੰਡਰ ’ਚ ਹਨ ਅਤੇ ਇਸ ਕੈਲੰਡਰ ਵਿੱਚ ਬਹੁਤ ਤਬਦੀਲੀਆਂ ਹੋਈਆਂ ਹਨ। ਰੋਮਨ ਕੈਲੰਡਰ ਦੇ ਹਫ਼ਤੇ ਦੇ ਦਿਨ 8 ਹੋਇਆ ਕਰਦੇ ਸਨ। ਯੂਰਪ ਦੇ ਬਾਕੀ ਕੈਲੰਡਰਾਂ ਦੇ ਹਫ਼ਤੇ ਦੇ ਦਿਨ 7-10 ਹੋਇਆ ਕਰਦੇ ਸਨ। ਇਸ ਲਈ ਇਹ ਬਿਲਕੁਲ ਸੰਭਵ ਹੈ ਕਿ ਹਫ਼ਤੇ ਦੇ ਦਿਨਾਂ ਨੂੰ ਆਪਸ ’ਚ ਮੇਲਿਆ ਗਿਆ ਹੋਵੇ। ਅਗਰ ਅਜਿਹਾ ਹੋਇਆ ਹੈ ਫਿਰ ਤਾਂ ਦਿਨਾਂ ਵਿੱਚ ਫਰਕ ਪੈਣਾ ਸੁਭਾਵਕ ਸੀ।
(ੳ) ਅਤੇ (ਅ) ਦੇ ਸਬੰਧ ’ਚ ਮੇਰਾ ਜਵਾਬ : ਸ. ਗੁਰਚਰਨ ਸਿੰਘ ਜੀ ! ਕਿਸੇ ਇੱਕ ਕੈਲੰਡਰ ’ਚ ਸੋਧ ਦਾ ਦੂਜੇ ਕੈਲੰਡਰ ’ਤੇ ਅਸਰ ਬਿਲਕੁਲ ਨਹੀਂ ਪੈਂਦਾ। ਤੁਸੀਂ 1752 ਈ: ਦੀ ਸਵਾਮੀਕੰਨੂ ਪਿੱਲੇ ਅਤੇ ਪਾਲ ਸਿੰਘ ਪੁਰੇਵਾਲ ਦੀ ਜੰਤਰੀ ਦੋਵਾਂ ’ਚ ਸਤੰਬਰ ਮਹੀਨੇ ਦਾ ਕੈਲੰਡਰ ਵੇਖ ਸਕਦੇ ਹੋ। ਦੋਵਾਂ ’ਚ ਹੀ ਦਿਨ ਵੀਰਵਾਰ ਨੂੰ 11 ਦਿਨਾਂ ਦੀ ਸੋਧ ਉਪਰੰਤ ਮਿਤੀ 3 ਤੋਂ 14 ਸਤੰਬਰ ਤਾਂ ਕਰ ਦਿੱਤੀ, ਪਰ ਬੁੱਧਵਾਰ ਨੂੰ ਭਾਦੋਂ ਸੁਦੀ ੬ ਅਤੇ ਵੀਰਵਾਰ ਦਿਨ ਨੂੰ ਭਾਦੋਂ ਸੁਦੀ ੭ ਹੀ ਹੈ। ਹਿਜਰੀ ਕੈਲੰਡਰ ਦੀ ਬੁੱਧਵਾਰ ਨੂੰ ਜ਼ੁਲਕਿਦਾ 4 ਅਤੇ ਵੀਰਵਾਰ ਨੂੰ ਜ਼ੁਲਕਿਦਾ 5 ਹੈ ਭਾਵ ਬਿਕ੍ਰਮੀ ਕੈਲੰਡਰ ਅਤੇ ਹਿਜ਼ਰੀ ਕੈਲੰਡਰ ਦੋਵਾਂ ’ਤੇ ਹੀ ਜੂਲੀਅਨ ਕੈਲੰਡਰ ’ਚ ਕੀਤੀ ਸੋਧ ਦਾ ਕੋਈ ਅਸਰ ਨਹੀਂ ਪਿਆ।
(ੲ). ਪੰਨਾ 103 ’ਤੇ ਸੇਖੋਂ ਲਿਖਦਾ ਹੈ ‘ਸਾਡੇ ਲਈ ਇਹ ਜਾਨਣਾ ਸੰਭਵ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਚਰਿਤ੍ਰੋਪਾਖਿਆਨ ਗ੍ਰੰਥ ਦੀ ਸਮਾਪਤੀ ਕੀਤੀ ਤਾਂ ਉਸ ਸਮੇਂ ਕਿਹੜਾ ਸਿਧਾਂਤ ਵਰਤਿਆ। ਸੰਭਵ ਹੈ ਕਿ ਜਿਸ ਸਮੇਂ ਗੁਰੂ ਜੀ ਨੇ ਇਸ ਗ੍ਰੰਥ ਨੂੰ ਸੰਪੂਰਨ ਕੀਤਾ ਉਸ ਸਮੇਂ ਚੰਦ੍ਰਮਾ ਹੋਰ ਤਿੱਥੀ ’ਚ ਹੋਵੇ ਪਰ ਜਦ ਦਿਨ ਚੜ੍ਹਿਆ ਸੀ ਉਸ ਸਮੇਂ ਚੰਦ੍ਰਮਾਂ ਹੋਰ ਥਿਤੀ ਵਿਚ ਹੋਵੇ। ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਦਿਨ ਅਤੇ ਤਾਰੀਖ਼ ਗਲਤ ਹਨ।
ਮੇਰੇ ਵੱਲੋਂ ਜਵਾਬ : ਜੇ “ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ” ਸਿਰਲੇਖ ਨਾਲ ਪੁਸਤਕ ਲਿਖਣ ਵਾਲੇ ਨੂੰ ਇਹੀ ਨਹੀਂ ਪਤਾ ਕਿ ਜਦ ਚਰਿਤ੍ਰੋਪਾਖਿਆਨ ਗ੍ਰੰਥ ਦੀ ਸਮਾਪਤੀ ਕੀਤੀ ਤਾਂ ਉਸ ਸਮੇਂ ਕਿਹੜਾ ਸਿਧਾਂਤ ਵਰਤਿਆ; ਇਸ ਦਾ ਭਾਵ ਸਪਸ਼ਟ ਹੈ ਕਿ ਉਹ ਵੱਡਾ ਝੂਠ ਬੋਲ ਕੇ ਪੂਰੀ ਕੌਮ ਨੂੰ ਗੁੰਮਰਾਹ ਕਰ ਰਹੇ ਹਨ । ਜੇ ਉਨ੍ਹਾਂ ਪਾਸ ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ ਹੈ ਤਾਂ ਉਸ ’ਚੋਂ ਇਹ ਕਿਉਂ ਨਹੀਂ ਪਤਾ ਲਗਾ ਰਹੇ ਕਿ ਉਸ ਸਮੇਂ ਕਿਹੜਾ ਸਿਧਾਂਤ ਵਰਤਿਆ ਗਿਆ ਸੀ ? ਅਸਲੀ ਗੱਲ ਇਹ ਹੈ ਕਿ ਨਾ ਇਨ੍ਹਾਂ ਪਾਸ ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ ਹੈ ਅਤੇ ਨਾ ਹੀ ਕੈਲੰਡਰ ਦੇ ਸਿਧਾਂਤਾਂ ਬਾਰੇ ਕੋਈ ਜਾਣਕਾਰੀ ਹੈ। ਬਿਕ੍ਰਮੀ ਕੈਲੰਡਰ ਨੂੰ ਹੀ ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ ਦੱਸ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ
(ਸ). ਗੁਰਬਾਣੀ ਅਤੇ ਕੈਲੰਡਰ ਸਬੰਧੀ ਇਨ੍ਹਾਂ ਦੀ ਬੇਸਮਝੀ ਦੇ ਹੋਰ ਭੀ ਬਹੁਤ ਸਬੂਤ ਹਨ :
(i) ਗੁਰਚਰਨ ਸਿੰਘ ਪੰਨਾ 97, 98 ’ਤੇ ਲਿਖਦਾ ਹੈ ਕਿ ਹਫਤਿਆਂ ਦੇ ਦਿਨਾਂ ਉੱਪਰ ਜਿਹੜੀ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਵੀ ਸੋਮਵਾਰ ਤੋਂ ਸ਼ੁਰੂ ਹੁੰਦੀ ਹੈ, ਐਤਵਾਰ ਤੋਂ ਨਹੀਂ।
ਮੇਰੇ ਵੱਲੋਂ ਜਵਾਬ : ਸੇਖੋਂ ਜੀ ਨੇ ਜਾਂ ਤਾਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਿਆ ਹੀ ਨਹੀਂ ਜਾਂ ਪੜ੍ਹ ਕੇ ਉਸ ਦੀ ਸਮਝ ’ਚ ਕੁਝ ਨਹੀਂ ਪਿਆ। ਧਿਆਨ ਨਾਲ ਪੜ੍ਹੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਬਾਣੀਆਂ ਦਰਜ ਹਨ। ਪਹਿਲੀ ਕਬੀਰ ਸਾਹਿਬ ਜੀ ਦੀ ਗਉੜੀ ਰਾਗ ’ਚ ਅੰਕ ੩੪੪ ’ਤੇ ਉਚਾਰਨ ਕੀਤੀ ਸਤ ਵਾਰ ਅਤੇ ਦੂਸਰੀ ਬਿਲਾਵਲੁ ਰਾਗ ’ਚ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਸਤ ਵਾਰ ਅੰਕ ੮੪੧ ’ਤੇ। ਦੋਵੇਂ ਹੀ ਐਤਵਾਰ ਤੋਂ ਸ਼ੁਰੂ ਹੁੰਦੀਆਂ ਹਨ।
(ii) ਪੰਨਾ 101 ’ਤੇ ਸੇਖੋਂ ਲਿਖਦਾ ਹੈ ‘ਪੰਜਾਬ ਦੇ ਸਿਧਾਂਤ ਅਨੁਸਾਰ ਜੇ ਸੂਰਜ ਰਾਤ ਦੇ ਵਕਤ ਨਵੀਂ ਰਾਸ਼ੀ ’ਚ ਪ੍ਰਵੇਸ਼ ਕਰਦਾ ਹੈ ਤਾਂ ਸੰਗਰਾਂਦ ਅਗਲੇ ਦਿਨ ਮਨਾਈ ਜਾਂਦੀ ਹੈ। ਜਦ ਨਵਾਂ ਦਿਨ ਚੜ੍ਹੇਗਾ ਉਸ ਦਿਨ ਸੰਗਰਾਂਦ ਹੋਵੇਗੀ ਅਤੇ ਵਿਅਕਤੀਆਂ ਦਾ ਸਭ ਤੋਂ ਪਹਿਲਾ ਕਾਰਜ ਇਸ਼ਨਾਨ ਹੋਵੇਗਾ ਅਤੇ ਫਿਰ ਉਹ ਆਪਣੇ ਦਾਨ ਪੁੰਨ ਅਤੇ ਪੂਜਾ ਪਾਠ ਵਿੱਚ ਜੁੜਨਗੇ ਅਤੇ ਫਿਰ ਆਪਣੇ ਬਾਕੀ ਕਾਰਜ ਆਰੰਭ ਕਰਨਗੇ। ਇਸ ਨੂੰ ਪੁੰਨਿਯਾ ਕਾਲ ਕਹਿੰਦੇ ਹਨ। ਪੁੰਨਿਯਾ ਕਾਲ ਸੰਗਰਾਂਦ ਦਾ ਦਿਨ ਨਿਸ਼ਚਿਤ ਕਰਨ ਵਿੱਚ ਬੜਾ ਹੀ ਅਹਿਮ ਯੋਗਦਾਨ ਪਾਉਂਦਾ ਹੈ।’
ਮੇਰੇ ਵੱਲੋਂ ਜਵਾਬ : ਸੰਗਰਾਂਦ ਨੂੰ ਕੁਦਰਤੀ ਅਤੇ ਬਹੁਤ ਪਵਿੱਤਰ ਦਿਹਾੜਾ ਦੱਸਣ ਵਾਲੇ ਸੇਖੋਂ ਨੂੰ ਤਾਂ ਕੈਲੰਡਰ ਦੇ ਨਿਯਮਾਂ ਦਾ ੳ, ਅ ਭੀ ਨਹੀਂ ਆਉਂਦਾ। ਪੰਜਾਬ ’ਚ ਸੰਗਰਾਂਦ ਨਿਸ਼ਚਿਤ ਕਰਨ ਦਾ ਜਿਹੜਾ ਨਿਯਮ ਲਿਖ ਰਿਹਾ ਹੈ, ਉਹ ਤਾਮਿਲਨਾਡੂ ਦਾ ਸਿਧਾਂਤ ਹੈ, ਨਾ ਕਿ ਪੰਜਾਬ ਦਾ। ਪੰਜਾਬ ਦੇ ਨਿਯਮ ਮੁਤਾਬਕ ਤਾਂ ਰਾਸ਼ੀ ਭਾਵੇ ਦਿਨ ਨੂੰ ਬਦਲੇ ਭਾਵੇਂ ਰਾਤ ਨੂੰ, ਸੰਗਰਾਂਦ ਉਸੇ ਦਿਨ ਹੁੰਦੀ ਹੈ, ਜਿਸ ਦਿਨ ਰਾਸ਼ੀ ਬਦਲੇ। ਪੰਜਾਬ ’ਚ ਛਪੀਆਂ ਪੰਚਾਂਗਾਂ, ਜੇ ਪੜ੍ਹਨੀਆਂ ਆਉਂਦੀਆਂ ਹਨ ਤਾਂ ਸੰਮਤ ੨੦੮੨ (2025-26) ਦੀ ਪੰਚਾਂਗ ਵੇਖੋ ਦ੍ਰਿਕ ਸਿਧਾਂਤ ਅਨੁਸਾਰ ‘ਧਨ’ ਰਾਸ਼ੀ 15/16 ਦਸੰਬਰ ਦੀ ਰਾਤ ਨੂੰ 4.20 ਵਜੇ ਬਦਲੀ ਜਦੋਂ ਕਿ ਈਸਵੀ ਕੈਲੰਡਰ ਦੀ 16 ਦਸੰਬਰ ਹੋ ਚੁੱਕੀ ਸੀ, ਪਰ ਜੰਤਰੀਆਂ ’ਚ ਪੋਹ ਦੀ ਸੰਗਰਾਂਦ 15 ਦਸੰਬਰ ਨੂੰ ਹੈ ਜਦਕਿ ਸੇਖੋਂ ਰਾਸ਼ੀ ਬਦਲਣ ਤੋਂ ਇੱਕ ਦਿਨ ਪਿੱਛੋਂ ਦੱਸ ਰਿਹਾ ਹੈ। ਹੋਰ ਵੇਖੋ ਸੂਰਯ ਸਿਧਾਂਤ, ਜਿਹੜਾ ਗੁਰੂ ਕਾਲ ਸਮੇਂ ਵਰਤਿਆ ਜਾਂਦਾ ਸੀ, ਉਸ ਦੀ ਰਾਸ਼ੀ 16 ਦਸੰਬਰ ਨੂੰ ਦੁਪਹਿਰ ਤੋਂ ਬਾਅਦ 1.17 ਵਜੇ ਬਦਲੀ, ਫਿਰ ਭੀ ਇਸ ਦੀ ਸੰਗਰਾਂਦ 16 ਦਸੰਬਰ ਨੂੰ ਹੈ। ਸੇਖੋਂ ਸੰਗਤ ਨੂੰ ਦੱਸੇ ਕਿ ਸ਼ੁੱਧ ਸੰਗਰਾਂਦ ਕਿਹੜੀ ਹੈ ਅਤੇ ਉਸ ਨੇ ਸੰਗਰਾਂਦ 16 ਦਸੰਬਰ ਨੂੰ ਮਨਾਈ ਸੀ ਜਾਂ ਗੁਰੂ ਸਾਹਿਬਾਂ ਵੱਲੋਂ ਵਰਤੇ ਗਏ ਮੂਲ ਸਿੱਖ ਕੈਲੰਡਰ ਨੂੰ ਛੱਡ ਕੇ ਹਿੰਦੂਆਂ ਵੱਲੋਂ ਲਾਗੂ ਕੀਤੇ ਦ੍ਰਿਕ ਸਿਧਾਂਤ ਵਾਲੀ 15 ਦਸੰਬਰ ਨੂੰ।
ਸੇਖੋਂ ਨੂੰ 20 ਦਸੰਬਰ ਵਾਲੇ ਸੈਮੀਨਾਰ ’ਚ ਪੁੱਛਿਆ ਗਿਆ ਸੀ ਕਿ ਤੁਹਾਡੀ ਪੁਸਤਕ ਦੀ ਲਿਖਤ ਅਨੁਸਾਰ ਕਾਮਰੇਡ ਪੁਰੇਵਾਲ ਦੀ ਨਾਸਤਕ ਜੁੰਡਲੀ ਗੁਰੂ ਤੋਂ ਬੇਮੁੱਖ ਹੋ ਕੇ ਗੁਰੂ ਸਾਹਿਬਾਂ ਵੱਲੋਂ ਵਰਤੇ ਗਏ ਕੈਲੰਡਰ ਦੀਆਂ ਸ਼ੁੱਧ ਤਾਰੀਖ਼ਾਂ ਦਾ ਸੂਰਜੀਕਰਨ ਕਰਕੇ ਇਤਿਹਾਸ ਵਿਗਾੜ ਰਹੀ ਹੈ, ਸਿੱਖ ਪੰਥ ਨਾਲ ਧੋਖਾ ਕਰ ਰਹੀ ਹੈ। ਉਸ ਕੈਲੰਡਰ, ਜਿਸ ਨੂੰ ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਦੱਸ ਰਿਹਾ ਹੈ, ਦੀ ੬ ਪੋਹ ਹੈ ਤੇ ਜਿਹੜਾ ਕੈਲੰਡਰ ਹਿੰਦੂਆਂ ਨੇ 1964 ’ਚ ਸੋਧ ਕੇ ਲਾਗੂ ਕੀਤਾ ਹੈ, ਉਸ ਦੀ ੫ ਪੋਹ ਹੈ, ਦੱਸੋ ਇਨ੍ਹਾਂ ਦੋਵਾਂ ’ਚੋਂ ਸ਼ੁੱਧ ਤਾਰੀਖ਼ ਕਿਹੜੀ ਹੈ ? ਇਨਾਂ ਕੁਝ ਦੱਸਣ ਉਪ੍ਰੰਤ ਉਸ ਦਿਨ (20 ਦਸੰਬਰ) ਦੀ ਦੇਸੀ ਤਾਰੀਖ਼ ਪੁੱਛੀ ਗਈ ਸੀ ਤਾਂ ਵੀ ਉਸ ਕੋਲ ਕੋਈ ਜਵਾਬ ਨਹੀਂ ਸੀ।
(iii) ਸੇਖੋਂ ਨੇ ਅੱਗੇ ਲਿਖਿਆ ਹੈ ਕਿ ਪੁੰਨਿਯਾ ਕਾਲ ਸੰਗਰਾਂਦ ਦਾ ਦਿਨ ਨਿਸ਼ਚਿਤ ਕਰਨ ’ਚ ਅਹਿਮ ਯੋਗਦਾਨ ਪਾਉਂਦਾ ਹੈ। ਸੰਗਤ ਸੇਖੋਂ ਤੋਂ ਪੁੱਛੇ ਕਿ ਉਹ ਕੈਲੰਡਰ ਸਬੰਧੀ ਪੁਸਤਕਾਂ ਦੇ ਲੇਖਕ ਕਹਾਉਣ ਦਾ ਕੀ ਹੱਕ ਰੱਖਦਾ ਹੈ ? ਜਦ ਉਸ ਨੂੰ ਇਹੀ ਨਹੀਂ ਪਤਾ ਕਿ ਸੰਗਰਾਂਦ ਕੇਵਲ ਰਾਸ਼ੀ ਪ੍ਰਵੇਸ਼ ਦੇ ਸਮੇਂ ਅਤੇ ਸੂਰਜ ਚੜ੍ਹਨ ਦੇ ਸਮੇਂ ’ਤੇ ਨਿਰਭਰ ਕਰਦੀ ਹੈ। ਪੁੰਨਿਯਾ ਕਾਲ ਦਾ ਸੰਗਰਾਂਦ ਨਿਸ਼ਚਿਤ ਕਰਨ ’ਚ ਕੋਈ ਰੋਲ ਨਹੀਂ। ਇਹ ਪੁੰਨਿਯਾ ਕਾਲ ਦੀ ਮਰਯਾਦਾ ਅਤੇ ਪੂਜਾ ਦੇ ਸਮੇਂ ਦਾ ਮਹੂਰਤ ਕੱਢਣਾ ਹੀ ਬ੍ਰਾਹਮਣੀ ਕਰਮਕਾਂਡ ਹੈ, ਜਿਹੜਾ ਕੇਵਲ ਬਿਕ੍ਰਮੀ ਕੈਲੰਡਰ ’ਚ ਹੈ। ਇਸੇ ਕਾਰਨ ਅਸੀਂ ਬਿਕ੍ਰਮੀ ਕੈਲੰਡਰ ਨੂੰ ਬ੍ਰਾਹਮਣਵਾਦੀ ਕੈਲੰਡਰ ਆਖਦੇ ਹਾਂ। ਗੁਰਬਾਣੀ ’ਚ ਰਾਸ਼ੀ, ਸੰਗਰਾਂਦ, ਪੁੰਨਿਯਾ ਕਾਲ ਨਾਂ ਦਾ ਕੋਈ ਸ਼ਬਦ ਨਹੀਂ ਮਿਲਦਾ, ਇਸ ਲਈ ਸਾਡਾ ਇਨ੍ਹਾਂ ਨਾਲ ਕੋਈ ਸਬੰਧ ਨਹੀਂ। ਗੁਰੂ ਸਾਹਿਬ ਜੀ ਨੇ ਕੇਵਲ ਸੰਗਰਾਂਦ ਲਈ ਹੀ ਨਹੀਂ ਬਲਕਿ ਹਰ ਰੋਜ ਲਈ ਇਹ ਮਰਯਾਦਾ ਨਿਸ਼ਚਿਤ ਕੀਤੀ ਹੈ :
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ, ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ, ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ, ਗੁਰੂ ਮਨਿ ਭਾਵੈ ॥ (ਮਹਲਾ ੪/੩੦੬)
(iv) ਗੁਰਚਰਨ ਸਿੰਘ ਸੇਖੋਂ ਆਪਣੀ ਪੁਸਤਕ ਦੇ ਪੰਨਾ 121 ’ਤੇ ਲਿਖਦਾ ਹੈ ਕਿ “ਜੋ ਛੇੜ ਛਾੜ ਪਾਲ ਸਿੰਘ ਪੁਰੇਵਾਲ ਦੀ ਧਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਕਰ ਰਹੀ ਹੈ ਉਸ ਅੱਗੇ ਤਾਂ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਦੀ ਛੇੜ ਛਾੜ ਅਤੇ ਬ੍ਰਿਟਿਸ਼ ਰਾਜ ਸਮੇਂ ਦੀਆਂ ਸਿੱਖ ਵਿਰੋਧੀ ਤਾਕਤਾਂ ਦੀ ਛੇੜ ਛਾੜ ਬਹੁਤ ਫਿੱਕੀ ਲਗਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਦਾ ਜਿਸ ਦਿਨ ਸੂਰਜੀ ਪ੍ਰਵਿਸ਼ਟਾ ੨੧ ਕੱਤਕ ਅਤੇ ਈ: ਤਾਰੀਖ਼ 20 ਅਕਤੂਬਰ ਜੂਲੀਅਨ ਸੀ। ਪਾਲ ਸਿੰਘ ਨੇ ਪਤਾ ਨਹੀਂ ਕਿਹੜੇ ਜੋਤਿਸ਼ ਦੇ ਹਿਸਾਬ ਕਿਤਾਬ ਅਧੀਨ 4 ਨਵੰਬਰ ਐਲਾਨ ਦਿੱਤਾ। ਸਰ੍ਹੀ, ਬੀ. ਸੀ. ਕੈਨੇਡਾ ਦੇ ਦਸਮੇਸ਼ ਦਰਬਾਰ ਗੁਰਦੁਆਰੇ ਦਾ ਜਦ ਅਸੀਂ 2017 ਦਾ ਕੈਲੰਡਰ ਵੇਖਿਆ ਤਾਂ ਉਸ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 4 ਨਵੰਬਰ ਹੀ ਛਪਿਆ ਸੀ।”
ਮੇਰੇ ਵੱਲੋਂ ਜਵਾਬ : ਜਿਹੜਾ ਬੰਦਾ 4 ਨਵੰਬਰ 2017 ਨੂੰ ਬਿਕ੍ਰਮੀ ਕੈਲੰਡਰ ਦੀ ਤਿੱਥ ’ਚ ਤਬਦੀਲ ਨਹੀਂ ਕਰ ਸਕਦਾ ਅਤੇ ਬ੍ਰਾਹਮਣਾਂ ਵੱਲੋਂ ਛਾਪੀਆਂ ਜਾਂਦੀਆਂ ਜੰਤਰੀਆਂ, ਜਿਨ੍ਹਾਂ ਨਾਲ ਬਹੁਤ ਨਜ਼ਦੀਕੀ ਰਿਸ਼ਤਾ ਰੱਖਦੇ ਹੈ; ’ਚੋਂ 4 ਨਵੰਬਰ 2017 ਵਾਲੇ ਦਿਨ ਦੀ ਤਿੱਥ ਨਹੀਂ ਪੜ੍ਹ ਸਕਦਾ; ਕੀ ਉਸ ਨੂੰ ਕੈਲੰਡਰ ਸਬੰਧੀ ਕਿਤਾਬਾਂ ਲਿਖਣ; ਖਾਸਕਰ ਸ. ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਗਿਆਨ ’ਤੇ ਉਂਗਲਾਂ ਚੁੱਕਣ ਦਾ ਕੋਈ ਹੱਕ ਹੈ। ਇਹ ਮੂਰਖਤਾ ਭਰਿਆ ਇਤਰਾਜ਼ ਕਰਨ ਤੋਂ ਪਹਿਲਾਂ ਜੇ 2017 ਦੀਆਂ ਜੰਤਰੀਆਂ ਵੇਖ ਲੈਂਦੇ ਤਾਂ ਪਤਾ ਲੱਗ ਜਾਣਾ ਸੀ ਕਿ 4 ਨਵੰਬਰ ਨੂੰ ਕੱਤਕ ਦੀ ਪੂਰਨਮਾਸ਼ੀ ਹੀ ਸੀ। ਬਿਕ੍ਰਮੀ ਕੈਲੰਡਰ ਦੀਆਂ ਵੱਡੀਆਂ ਹਿਮਾਇਤੀ ਸਾਰੀਆਂ ਸੰਸਥਾਵਾਂ ਅਤੇ ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਭੀ 4 ਨਵੰਬਰ/੧੯ ਕੱਤਕ ਹੀ ਦਰਜ ਹੈ। ਘੱਟ ਤੋਂ ਘੱਟ ਆਪਣੀਆਂ ਹਿਮਾਇਤੀ ਸੰਸਥਾਵਾਂ ਦੇ ਕੈਲੰਡਰ ਵੇਖ ਲੈਂਦੇ ਤਾਂ ਜੰਤਾ ਦੀ ਕਚਹਿਰੀ ’ਚ ਸ਼ਰਮਸ਼ਾਰ ਨਾ ਹੋਣਾ ਪੈਂਦਾ। ਧੰਨ ਹਨ ਅਨੁਰਾਗ ਸਿੰਘ ਅਤੇ ਸੇਖੋਂ ਵਰਗੇ ਜਿਹੜੇ ਅਜਿਹੀਆਂ ਬੇਵਕੂਫੀਆ ਕਰ ਕੇ ਵੀ ਆਪਣੇ ਆਪ ਨੂੰ ਵਿਦਵਾਨ ਕਹਾ ਰਹੇ ਹਨ।
(ਹ). ਪਿਛਲੇ ਢਾਈ ਦਹਾਕਿਆਂ ਤੋਂ ਅਨੁਰਾਗ ਸਿੰਘ ਬੇਮਤਲਬ ਦਾ ਦੋਸ਼ ਲਾ ਰਿਹਾ ਹੈ ਕਿ ਮੇਰੇ ਘਰ ਹੋਈ ਮੀਟਿੰਗ ’ਚ ਗੁਰਪੁਰਬਾਂ ਦੀਆਂ ਸ਼ੁੱਧ ਤਾਰੀਖ਼ਾਂ ਦਿੱਤੀਆਂ ਸਨ, ਪਰ ਪਾਲ ਸਿੰਘ ਪੁਰੇਵਾਲ ਨੇ ਕੈਲੰਡਰ ਦਾ ਸੂਰਜੀਕਰਨ ਕਰ ਕੇ ਸਿੱਖ ਇਤਿਹਾਸ ਵਿਗਾੜ ਦਿੱਤਾ ਹੈ।
ਮੇਰੇ ਵੱਲੋਂ ਜਵਾਬ : ਕ੍ਰਿਪਾ ਕਰਕੇ ਦੱਸਿਆ ਜਾਵੇ ਕਿ 10 ਗੁਰੂ ਸਾਹਿਬਾਨ ਦੇ ਜੋਤੀ-ਜੋਤ ਸਮਾਉਣ ਦੀ ਕਿਹੜੀ-ਕਿਹੜੀ ਇਤਿਹਾਸਕ ਤਾਰੀਖ਼ ਵਿਗਾੜੀ ਗਈ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਨੂੰ ੮ ਅੱਸੂ ਭੀ ਸੀ ਅਤੇ ਜੂਲੀਅਨ ਕੈਲੰਡਰ (ਜਿਹੜਾ ਉਸ ਵੇਲੇ ਲਾਗੂ ਹੀ ਨਹੀਂ ਸੀ) ਦੀ 8 ਸਤੰਬਰ 1539 ਬਣਦੀ ਹੈ। ਨਾਨਕਸ਼ਾਹੀ ਕੈਲੰਡਰ ’ਚ ੮ ਅੱਸੂ ਹੀ ਨਿਸ਼ਚਿਤ ਕੀਤੀ ਗਈ ਹੈ। ਕੀ ਇਹ ਬੌਧਿਕ ਕੰਗਾਲੀ ਨਹੀਂ ਕਿ ਜਿਸ ਕਨਵਰਸ਼ਨ ਟੇਬਲ ’ਚੋਂ ਇਨ੍ਹਾਂ ਨੇ 8 ਸਤੰਬਰ ਨੋਟ ਕਰ ਲਈ, ਉਸੇ ਟੇਬਲ ’ਚੋਂ ੮ ਅੱਸੂ ਨਜ਼ਰ ਨਾ ਆਇਆ ਜਾਂ ਅੱਖਾਂ ਹੁੰਦੇ ਵੀ ਬੇਈਮਾਨੀ ਕਾਰਨ ਇਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਦੱਸੋ ਜੇ ਵੈਸਾਖੀ; ੧ ਵੈਸਾਖ ਲਿਖਣ ਨਾਲ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੮ ਪੋਹ ਲਿਖਣ ਨਾਲ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੧੩ ਪੋਹ ਲਿਖਣ ਨਾਲ ਇਤਿਹਾਸ ਨਹੀਂ ਵਿਗੜਿਆ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ-ਜੋਤ ਪੁਰਬ ੮ ਅੱਸੂ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ ਲਿਖਣ ਨਾਲ ਇਤਿਹਾਸ ਕਿਵੇਂ ਵਿਗੜ ਗਿਆ ? ਐਸੇ ਲੇਖਕਾਂ ਦੀ ਲਿਖਤ ਪੜ ਕੇ ਸਮਝਦਾਰ ਪਾਠਕਾਂ ਨੂੰ ਤਾਂ ਇਉਂ ਜਾਪਦਾ ਹੈ, “ਸਲੋਕ ਮ: ੨ ॥ ਅੰਧੇ ਕੈ ਰਾਹਿ ਦਸਿਐ; ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ! ਸੋ ਕਿਉ ਉਝੜਿ ਪਾਇ ?॥” (ਅੰਕ ੯੫੪)
ਹੋਰ ਵੇਖੋ ਕਰਨਲ ਨਿਸ਼ਾਨ ਕਹਿ ਰਿਹਾ ਹੈ ਕਿ ਗੁਰਪੁਰਬ ਨਿਸ਼ਚਿਤ ਕਰਨ ਵੇਲੇ 4-7 ਦਿਨਾਂ ਦੀ ਗਲਤੀ ਹੈ, ਅਨੁਰਾਗ ਸਿੰਘ ਕਹਿ ਰਿਹਾ ਹੈ 15 ਤੋਂ 18 ਦਿਨਾਂ ਦੀ ਗਲਤੀ ਹੈ, ਗੁਰਚਰਨ ਸਿੰਘ ਸੇਖੋਂ ਕਹਿ ਰਿਹਾ ਹੈ 2-3 ਦਿਨਾਂ ਦੀ ਗਲਤੀ ਹੈ। ਇਹ ਅਖੌਤੀ ਵਿਦਵਾਨ ਪਹਿਲਾਂ ਆਪਸ ’ਚ ਸਲਾਹ ਕਰ ਲੈਣ ਕਿ ਤਿੰਨਾਂ ’ਚੋਂ ਸਹੀ ਕੌਣ ਹੈ ?
- ਅਨੁਰਾਗ ਸਿੰਘ ਗੂਗਲ ਤੋਂ ਫੋਟੋ ਡਾਊਨਲੋਡ ਕਰਕੇ ਇਸ ਪੁਸਤਕ ’ਚ ਚਿੱਤਰ ਨੰ: 20 ਅਤੇ 21 ’ਤੇ ਛਾਪ ਕੇ ਆਪਣੀ ਪ੍ਰਸਤਾਵਨਾ ਦੇ ਪੰਨਾ 15 ’ਤੇ ਦੋਸ਼ ਲਾਉਂਦਾ ਹੈ ਕਿ
(i). 5 ਜਨਵਰੀ 1667 ਨਾਲ ਗੁਰੂ ਸਾਹਿਬ ਦੀ ਉਮਰ 14 ਦਿਨ ਘੱਟ ਜਾਂਦੀ ਹੈ
(ii). 5 ਜਨਵਰੀ 1666 ਨਾਲ ਗੁਰੂ ਸਾਹਿਬ ਦੀ ਉਮਰ 11 ਮਹੀਨੇ 17 ਦਿਨ ਵਧ ਜਾਂਦੀ ਹੈ।
(iii) ਵੱਡਾ ਪ੍ਰਚਾਰਕ ਕਹਾਉਣ ਵਾਲਾ ਬਾਬਾ ਬੰਤਾ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਬੈਠ ਕੇ ਨਿੱਤ ਪ੍ਰਚਾਰ ਕਰਦਾ ਹੈ ‘ਪੁਰੇਵਾਲ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਪੱਕਾ ਕਰਕੇ ਗੁਰੂ ਸਾਹਿਬ ਜੀ ਦੀ ਉਮਰ 14 ਦਿਨ ਘਟਾ ਦਿੱਤੀ। 1666 ਈ: ਤੋਂ ਹੁਣ ਤੱਕ ਦੇ ਸਾਲਾਂ ਦੀ ਗਿਣਤੀ ਕਰਕੇ 14 ਨਾਲ ਗੁਣਾ ਕਰਕੇ ਹਿਸਾਬ ਲਾ ਲਓ ਕਿ ਗੁਰੂ ਸਾਹਿਬ ਜੀ ਦੀ ਕਿੰਨੀ ਉਮਰ ਘਟਾ ਦਿੱਤੀ।’
ਮੇਰੇ ਵੱਲੋਂ (i, ii, iii ਦੇ) ਜਵਾਬ : ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਸਾਰੇ ਕੀ ਦੱਸ ਸਕਦੇ ਹਨ ਕਿ ਜੇ ਗੁਰਪੁਰਬ ਨਾਨਕਸ਼ਾਹੀ ਕੈਲੰਡਰ ਦੀ ਬਜਾਏ ਬਿਕ੍ਰਮੀ ਕੈਲੰਡਰ ਦੀ ੨੩ ਪੋਹ ਮਨਾਇਆ ਜਾਵੇ ਤਾਂ ਉਮਰ ਕਿੰਨੇ ਸਾਲ ਘਟੇਗੀ ਜਾਂ ਵਧੇਗੀ ਕਿਉਂਕਿ ਇਸ ਸਾਲ ਸੰਮਤ ੨੦੮੨ ’ਚ ੨੩ ਪੋਹ; 6 ਜਨਵਰੀ 2025 ਅਤੇ ਅਗਲੇ ਸਾਲ ਸੰਮਤ ੨੦੮੩ ’ਚ 7 ਜਨਵਰੀ 2027 ਨੂੰ ਆਵੇਗੀ ?
(iv). ਗੁਰਚਰਨ ਸਿੰਘ ਸੇਖੋਂ ਲਿਖ ਰਿਹਾ ਹੈ ਕਿ ‘ਨਾ ਅਸੀਂ 5 ਜਨਵਰੀ 1667 ਲਿਖਣ ਯੋਗੇ, ਨਾ 5 ਜਨਵਰੀ 1666 ਲਿਖਣ ਯੋਗੇ’।
ਇਸ ਸਬੰਧ ’ਚ ਪੁਸਤਕ ਲਿਖਾਰੀ ਗੁਰਚਰਨ ਸੇਖੋਂ ਨੂੰ ਮੇਰਾ ਸਵਾਲ ਹੈ : ਭਾਈ ਤੁਸੀਂ 5 ਜਨਵਰੀ 1666 ਜਾਂ 5 ਜਨਵਰੀ 1667 ਲਿਖਣਾ ਹੀ ਕਿਉਂ ਹੈ ? ਕੀ ਇਹ ਜਨਵਰੀ ਵਾਲਾ ਕੈਲੰਡਰ ਗੁਰੂ ਸਾਹਿਬ ਜੀ ਨੇ ਸਥਾਪਤ ਕੀਤਾ ਸੀ ? ਜਿਹੜਾ ਕੈਲੰਡਰ ਤੁਸੀਂ ਮੰਨਦੇ ਹੋ ਕਿ ਗੁਰੂ ਸਾਹਿਬ ਜੀ ਨੇ ਸੋਧ ਕੇ ਸਥਾਪਤ ਕੀਤਾ ਸੀ ਅਤੇ ਜਿਸ ਨੂੰ ਤੁਸੀਂ ਛੱਡਣਾ ਭੀ ਨਹੀਂ ਚਾਹੁੰਦੇ, ਤੁਸੀਂ ਉਸ ਕੈਲੰਡਰ ਦੀ ੨੩ ਪੋਹ ਕਿਉਂ ਨਹੀਂ ਲਿਖਦੇ ? ਜਾਂ ਦੱਸੋ ਕਿ ਤੁਸੀਂ ਇਸ ਨੂੰ ਛੱਡ ਚੁੱਕੇ ਹੋ ? ਤੁਸੀਂ ਭਾਵੇਂ ਮੰਨਦੇ ਤਾਂ ਨਹੀਂ, ਪਰ ਤੁਸੀਂ ਹਿੰਦੂਆਂ ਦੇ ਪਿਛਲੱਗ ਹੋਣ ਕਾਰਨ 1964 ’ਚ ਹੀ ਛੱਡ ਚੁੱਕੇ ਹੋ। ਇਹ ਵੱਖਰੀ ਗੱਲ ਹੈ ਕਿ ਤੁਹਾਨੂੰ ਅੱਜ ਤੱਕ ਪਤਾ ਹੀ ਨਹੀਂ ਕਿ ਜਿਸ ਕੈਲੰਡਰ ਨੂੰ ਤੁਸੀਂ ਗੁਰੂ ਸਾਹਿਬ ਵੱਲੋਂ ਸਥਾਪਤ ਕੀਤਾ ਕੈਲੰਡਰ ਦੱਸ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ; ਉਹ 1964 ਤੋਂ ਛੱਡਿਆ ਜਾ ਚੁੱਕਾ ਹੈ।
ਬੰਤਾ ਸਿੰਘ ਨੂੰ ਭੀ ਮੇਰਾ ਸਵਾਲ ਹੈ ਕਿ ਜੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ 22 ਦਸੰਬਰ ਨੂੰ ਹੋਇਆ ਸੀ; ਫਿਰ ਉਸ ਤੋਂ ਅਗਲੇ ਸਾਲ ਗੁਰਪੁਰਬ 5 ਜਨਵਰੀ ਨੂੰ ਮਨਾਉਣ ਨਾਲ ਦੱਸੋ ਉਮਰ 14 ਦਿਨ ਵਧੇਗੀ ਜਾਂ ਘਟੇਗੀ ? ਹਰ ਸਾਲ 5 ਜਨਵਰੀ ਨੂੰ ਮਨਾਉਣ ਕਰਕੇ ਜਨਮ ਤੋਂ ਹੁਣ ਤੱਕ ਦੇ ਸਾਲਾਂ ਦੀ ਗਿਣਤੀ ਕਰਕੇ ਕੀ 14 ਦਿਨਾਂ ਨਾਲ ਗੁਣਾਂ ਕਰਨ ਦੀ ਕੀ ਲੋੜ ਹੈ ? ਕਿਉਂਕਿ ਇਹ ਤਾਂ ਨਹੀਂ ਕਿ 2003 ’ਚ 5 ਜਨਵਰੀ ਨੂੰ ਮਨਾਇਆ; 2004 ’ਚ 19 ਜਨਵਰੀ ਅਤੇ 2005 ’ਚ 2 ਫ਼ਰਵਰੀ ….. ।
ਪ੍ਰਸਾਤਵਨਾ ਕਰਨ ਵਾਲੇ ਅਨੁਰਾਗ ਸਿੰਘ ਅਤੇ ਲੇਖਕ ਗੁਰਚਰਨ ਸਿੰਘ ਨੂੰ ਮੇਰਾ ਸਵਾਲ ਹੈ ਕਿ ਕੇਵਲ ਦਸਮ ਗ੍ਰੰਥ ’ਚੋਂ ਕੁਝ ਚੌਪਈਆਂ ਦੀ ਸਮਾਪਤੀ ’ਤੇ ਚੰਦ੍ਰਮਾ ਦੀ ਤਿੱਥ ਲਿਖੇ ਜਾਣ ਨਾਲ ਕੋਈ ਬੰਦਸ਼ ਨਹੀਂ ਲੱਗ ਜਾਂਦੀ ਕਿ ਇਹ ਸਿੱਖ ਚੰਦ੍ਰ ਕੈਲੰਡਰ ਬਣ ਗਿਆ ਅਤੇ ਹੁਣ ਇਸ ਨੂੰ ਛੱਡ ਨਹੀਂ ਸਕਦੇ। ਜੇ ਇਸ ਤਰ੍ਹਾਂ ਬੰਦਸ਼ ਲਗਦੀ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ’ਚ ਵਰਤੀਆਂ ਗਈਆਂ ਸਾਰੀਆਂ ਇਕਾਈਆਂ ਛੱਡ ਚੁੱਕੇ ਹਾਂ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਭਾਰ ਜੋਖਣ ਦੀਆਂ ਇਕਾਈ ਹਨ ‘ਮਣ, ਸੇਰ, ਅੱਧ ਸੇਰ, ਪਾਈਆ, ਆਦਿ। ਪਾਵਨ ਬਚਨ ਹਨ :
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ (੧੩੮੩)
ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥
ਅਧ ਸੇਰੁ ਮਾਂਗਉ ਦਾਲੇ ॥ ਮੋ ਕਉ ਦੋਨਉ ਵਖਤ ਜਿਵਾਲੇ ॥੨॥ (੬੫੬)
ਅੱਜ ਕੱਲ ਅਸੀਂ ਗ੍ਰਾਮ, ਕਿਲੋ ਗ੍ਰਾਮ, ਕੁਇੰਟਲ ਵਰਤਦੇ ਹਾਂ। ਪਰ ਗੁਰਬਾਣੀ ’ਚ ਦਰਜ ਪੁਰਾਣੀਆਂ ਇਕਾਈਆਂ ਨੂੰ ਇਨ੍ਹਾਂ ਨਵੀਆਂ ਈਕਾਈਆਂ ’ਚ ਤਬਦੀਲ ਕਰਕੇ ਨਹੀਂ ਲਿਖ ਜਾਂ ਬੋਲ ਸਕਦੇ। ਕੁੱਝ ਹੋਰ ਬਚਨ ਹਨ :
ਪਾਂਚ ਕੋਸ ਪਰ ਗਊ ਚਰਾਵਤ; ਚੀਤੁ ਸੁ ਬਛਰਾ ਰਾਖੀਅਲੇ ॥ (੯੭੨)
ਕਰਉ (ਕਰਮਾਂ) ਅਢਾਈ ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ॥ (੧੩੪੪)
ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥ (੬੫੯)
ਤ੍ਰੈ ਸਤ ਅੰਗੁਲ (10 ਉਂਗਲਾਂ) ਵਾਈ ਕਹੀਐ; ਤਿਸੁ ਕਹੁ ਕਵਨੁ ਅਧਾਰੋ ?॥ (੯੪੪)
ਵਿਸੁਏ ਚਸਿਆ ਘੜੀਆ ਪਹਰਾ; ਥਿਤੀ ਵਾਰੀ ਮਾਹੁ ਹੋਆ ॥ (੧੨)
ਜਿਵੇਂ ਇਨ੍ਹਾਂ ਸਾਰੇ ਵਾਕਾਂ ’ਚ ਅਸੀਂ ਪੁਰਾਣੀਆਂ ਇਕਾਈਆਂ ਦੀ ਥਾਂ ਐੱਮ.ਕੇ.ਐੱਸ. ਸਿਸਟਮ ਦੀਆਂ ਨਵੀਆਂ ਇਕਾਈਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਇਨ੍ਹਾਂ ਨੂੰ ਗੁਰਬਾਣੀ ’ਚ ਕਨਵਰਟ ਕਰ ਕੇ ਨਹੀਂ ਲਿਖ ਸਕਦੇ, ਉਸੇ ਤਰ੍ਹਾਂ ਇਤਿਹਾਸ ’ਚ ਗੁਰੂ ਸਾਹਿਬ ਜੀ ਦੀ ਜਨਮ ਤਾਰੀਖ਼ ਪੋਹ ਸੁਦੀ ੭, ੨੩ ਪੋਹ ਸੰਮਤ ੧੭੨੩ ਦੇ ਨਾਲ ਲਿਖੀ ਤਾਰੀਖ਼ 22 ਦਸੰਬਰ 1666 ਨੂੰ ਤਬਦੀਲ ਕਰਕੇ 5 ਜਨਵਰੀ 1667 ਨਹੀਂ ਲਿਖ ਸਕਦੇ ਅਤੇ ਨਾ ਹੀ 10 ਦਿਨਾਂ ਦੀ ਸੋਧ ਲਾ ਕੇ 1 ਜਨਵਰੀ 1967 ਲਿਖ ਸਕਦੇ ਹਾਂ। ਜਿਨਾਂ ਨੇ ਭੀ ਲਿਖਿਆ ਹੈ ਜਾਂ ਬਦਲ ਕੇ ਲਿਖਣ ਦੀ ਜਿੱਦ ਕੀਤੀ, ਉਹ ਸਰਾਸਰ ਗਲਤ ਹਨ। ਪੁਰਾਤਨ ਇਤਿਹਾਸ ’ਚ ੨੩ ਪੋਹ ਸੰਮਤ ੧੭੨੩/22 ਦਸੰਬਰ 1666 ਈਸਵੀ ਹੀ ਲਿਖਿਆ ਜਾਵੇਗਾ, ਪਰ ਗੁਰਪੁਰਬ ਮਨਾਉਣ ਲਈ ੨੩ ਪੋਹ (ਜੋ ਉਸ ਸਮੇਂ ਦੀ ਤਾਰੀਖ਼ ਹੈ) ਨਿਸ਼ਚਿਤ ਕਰਨ ਨਾਲ ਗੁਰਮਤਿ ਦੇ ਕਿਸੇ ਸਿਧਾਂਤ ਦੀ ਅਵੱਗਿਆ ਨਹੀਂ ਹੁੰਦੀ। ਸਾਲ ਦੀ ਲੰਬਾਈ ਸਾਂਝੇ ਸਾਲ ਦੀ ਲੰਬਾਈ ਦੇ ਬਰਾਬਰ ਕਰਨ ਨਾਲ ਜੇ ਨਾਨਕਸ਼ਾਹੀ ਕੈਲੰਡਰ ਦੀ ੨੩ ਪੋਹ ਹਰ ਸਾਲ 5 ਜਨਵਰੀ ਨੂੰ ਆਉਂਦੀ ਹੈ ਤਾਂ ਇਸ ਨਾਲ ਭੀ ਕਿਸੇ ਸਿਧਾਂਤ ਦੀ ਅਵੱਗਿਆ ਨਹੀਂ ਹੁੰਦੀ।










