ਕੈਸੀ ਹੋਵੇ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ ?

0
310

ਕੈਸੀ ਹੋਵੇ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ ?

ਹਰਲਾਜ ਸਿੰਘ ਬਹਾਦਰਪੁਰ (ਮਾਨਸਾ)-94170-23911

ਕੁਦਰਤ ਨੇ ਹਰ ਜੀਵ ਜਾਤੀ ਦੀ ਪਦਾਇਸ਼ ਲਈ ਜੋੜਾ ਪੈਦਾ ਕੀਤਾ ਹੈ, ਸਾਰੇ ਜੀਵਾਂ ਦੇ ਜੋੜੇ ਕੁਦਰਤੀ ਢੰਗ ਨਾਲ ਆਪਣੇ ਬੱਚੇ ਪਾਲ ਰਹੇ ਹਨ ਅਤੇ ਆਪਣੇ ਫ਼ਰਜ਼ ਵੀ ਸਹੀ ਨਿਭਾਉਂਦੇ ਹੋਏ ਜੀਅ ਰਹੇ ਹਨ। ਕੋਈ ਜੀਵ ਕਿਸੇ ਦੇ ਹੱਕ ਨੂੰ ਮਾਰਦਾ ਵੀ ਨਹੀਂ, ਨਕਾਰਦਾ ਵੀ ਨਹੀਂ ਅਤੇ ਬਰਾਬਰਤਾ ਦੇ ਹੱਕ ਲੈਣ ਦੇਣ ਦਾ ਰੌਲਾ ਵੀ ਨਹੀਂ ਪਾਉਂਦਾ।  ਨਾ ਕੋਈ ਊਚ ਨੀਚ ਦੀ ਵੰਡੀ ਹੈ, ਨਾ ਕੋਈ ਮੂਰਖ ਹੈ, ਨਾ ਸਿਆਣਾ। ਨਾ ਉਹਨਾਂ ਨੂੰ ਸਿਆਣੇ ਬਣਾਉਣ ਲਈ ਕੋਈ ਸਕੂਲ, ਕਾਲਜ, ਯੂਨੀਵਰਸਿਟੀ ਆਦਿ ਹਨ, ਨਾ ਕੋਈ ਧਰਮ ਵਗੈਰਾ ਹੈ, ਪਰ ਉਹ ਫਿਰ ਵੀ ਆਪਣੇ ਫ਼ਰਜ਼ ਸਹੀ ਨਿਭਾਅ ਰਹੇ ਹਨ। ਇੱਕ ਮਨੁੱਖ ਜਾਤੀ ਹੀ ਹੈ ਜੋ ਆਪਣੇ ਆਪ ਨੂੰ ਸਾਰੇ ਜੀਵਾਂ ਤੋਂ ਸਿਆਣਾ ਸਮਝਦਾਰ ਸਮਝਦਾ ਹੈ, ਜਿਸ ਨੂੰ ਹੋਰ ਸਿਆਣਾ ਸਮਝਦਾਰ ਬਣਾਉਣ ਲਈ ਬੇਅੰਤ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਅਨੇਕਾਂ ਹੀ ਧਰਮ ਹਨ, ਪਰ ਇਹ ਹਾਲੇ ਵੀ ਆਪਣੇ ਮੁੱਢਲੇ ਫ਼ਰਜ਼ਾਂ ਤੋਂ ਅਣਜਾਣ ਹੀ ਹੈ, ਜਿਸ ਕਾਰਨ ਹੱਕ ਮਾਰਨ, ਹੱਕ ਨਕਾਰਨ, ਬਰਾਬਰਤਾ ਦੇਣ ਅਤੇ ਲੈਣ ਦੇ ਰੌਲੇ ਪੈ ਰਹੇ ਹਨ। ਮੇਰੀ ਸੋਚ ਮੁਤਾਬਕ ਇਹਨਾਂ ਰੌਲਿਆਂ ਦਾ ਮੁੱਖ ਕਾਰਨ ਸਮਾਜਕ ਵੰਡ ਹੈ। ਹੋ ਸਕਦਾ ਹੈ ਮੈਂ ਗਲਤ ਹੋਵਾਂ ਪਰ ਮੈਨੂੰ ਮਨੁੱਖਤਾ ਵਿੱਚ ਹਰ ਤਰ੍ਹਾਂ ਦੀਆਂ ਪਈਆਂ ਵੰਡੀਆਂ ਬਹੁਤ ਮਾੜੀਆਂ ਲੱਗਦੀਆਂ ਹਨ। ਇਹ ਵੰਡੀਆਂ ਚਾਹੇ ਧਰਮ, ਜਾਤ, ਦੇਸ਼, ਸੂਬੇ ਅਤੇ ਇਸਤਰੀ ਪੁਰਸ਼ ਆਦਿ ਦੀਆਂ ਹੋਣ। ਵੰਡੀ ਬੇਸੱਕ ਕੋਈ ਵੀ ਚੰਗੀ ਨਹੀਂ ਹੁੰਦੀ ਪਰ ਸਭ ਤੋਂ ਖ਼ਤਰਨਾਕ ਵੰਡੀ ਮਨੁੱਖ ਜਾਤ ਦੀ ਵੰਡ ਹੈ ਜੋ ਇਸਤਰੀ ਅਤੇ ਪੁਰਸ਼ ਨੂੰ ਵੀ ਵੰਡਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁੱਝ ਪੁਰਸ਼ਾਂ ਨੇ ਕੁਦਰਤੀ ਕਾਰਨਾਂ ਨੂੰ ਨਾ ਸਮਝਦਿਆਂ, ਜਿਸ ਕਾਰਨ ਪੁਰਸ਼ ਨੂੰ ਉੱਤਮ ਅਤੇ ਇਸਤਰੀ ਨੂੰ ਨੀਚ ਹੋਣ ਦਾ ਦਰਜਾ ਦੇ ਦਿੱਤਾ ਸੀ (ਹੈ)। ਨਾਲੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਸਤਰੀ ਨੀਚ ਹੈ, ਤਾਂ ਫਿਰ ਨੀਚ ਦੇ ਪੇਟ ਵਿੱਚੋਂ ਪੈਦਾ ਹੋਣ ਵਾਲਾ ਪੁਰਸ਼ ਉੱਤਮ ਕਿਵੇਂ ਹੋ ਸਕਦਾ ਹੈ।

ਸਾਨੂੰ ਹੁਣ ਉਹਨਾਂ ਪੁਰਾਣੀਆਂ ਉੱਤਮ, ਨੀਚ ਵਾਲੀਆਂ ਮਨੌਤਾਂ ਨੂੰ ਛੱਡ ਕੇ ਬਰਾਬਰਤਾ ਦਾ ਜੀਵਨ ਜਿਊਣ ਦਾ ਅਨੰਦ ਲੈਣਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਇਸਤਰੀ ਅਤੇ ਪੁਰਸ਼ ਦੋਹੇਂ ਰਲ ਕੇ ਹੀ ਇੱਕ ਮਨੁੱਖ ਬਣਦੇ ਹਨ।  ਇਹਨਾਂ ਨੂੰ ਵੰਡਿਆ ਹੀ ਨਹੀਂ ਜਾ ਸਕਦਾ। ਇਸਤਰੀ ਅਤੇ ਪੁਰਸ਼ ਇੱਕ ਦੂਜੇ ਤੋਂ ਬਗੈਰ ਅਧੂਰੇ ਹਨ। ਮਨੁੱਖ ਜਾਤੀ ਨੂੰ ਪੈਦਾ ਕਰਨ ਜਾਂ ਇਸ ਦੀ ਹੋਂਦ ਨੂੰ ਜਿੰਦਾ ਰੱਖਣ ਲਈ ਦੋਹੇਂ ਇੱਕੋ ਜਿੰਨੇ ਭਾਈਵਾਲ ਹਨ। ਹਾਂ ਜੋ ਕੁਦਰਤੀ ਪੱਖੋਂ ਇਹਨਾਂ ਵਿੱਚ ਸਰੀਰਕ ਵਖਰੇਵੇਂ ਹਨ, ਉਹ ਰਹਿਣਗੇ ਵੀ ਅਤੇ ਉਹ ਲੋੜ ਅਨੁਸਾਰ ਜ਼ਰੂਰੀ ਵੀ ਹਨ। ਇਹ ਵਖਰੇਵੇਂ ਪੁਰਸ਼ ਦੇ ਉੱਤਮ ਜਾਂ ਇਸਤਰੀ ਦੇ ਨੀਚ ਹੋਣ ਦੇ ਸੂਚਕ ਵੀ ਨਹੀਂ । ਅਫ਼ਸੋਸ ਦੀ ਗੱਲ ਹੈ ਕਿ ਪਹਿਲਾਂ ਅਣਪੜ੍ਹਤਾ ਜਾਂ ਰੂੜ੍ਹੀਵਾਦੀ ਵਿਚਾਰਾਂ ਕਾਰਨ ਇਸਤਰੀ ਨੂੰ ਨੀਚ ਸਮਝ ਕੇ ਉਸ ਨਾਲ ਧੱਕਾ ਹੁੰਦਾ ਰਿਹਾ ਹੈ, ਹੁਣ ਬਰਾਬਰਤਾ ਦੇ ਨਾਂ ’ਤੇ ਵੀ ਇਸਤਰੀ ਦਾ ਹੀ ਸ਼ੋਸ਼ਣ ਹੋ ਰਿਹਾ ਹੈ ਭਾਵੇਂ ਕਿ ਇਸ ਦਾ ਨੁਕਸਾਨ ਦੋਹਾਂ ਨੂੰ ਹੀ ਹੁੰਦਾ ਹੈ। ਇਸਤਰੀ ਨੂੰ ਆਰਥਿਕ ਤੌਰ ’ਤੇ ਹਰ ਖੇਤਰ ਵਿੱਚ ਕੰਮ ਕਰਨ ਅਤੇ ਨੌਕਰੀ ਦੇਣਾ ਬਰਾਬਰਤਾ ਨਹੀਂ ਹੁੰਦੀ ਕਿਉਂਕਿ ਇਸਤਰੀ ਉੱਤੇ ਹੋਰ ਵੀ ਬੋਝ ਵਧਾ ਦਿੱਤਾ, ਜਿਸ ਕਾਰਨ ਨੌਕਰੀ ਕਰਨ ਵਾਲੀਆਂ ਇਸਤਰੀਆਂ ਨੂੰ ਘਰਦੇ ਕੰਮਾਂ ਦੇ ਨਾਲ-ਨਾਲ ਬਾਹਰਲੇ ਕੰਮ ਵੀ ਕਰਨੇ ਪੈਂਦੇ ਹਨ। ਮੈਨੂੰ ਤਾਂ ਇਸ ਵਿੱਚ ਵੀ ਇਸਤਰੀ ਦੀ ਗੁਲਾਮੀ ਹੀ ਦਿਸ ਰਹੀ ਹੈ। ਜਿਸ ਕਾਰਨ ਹੁਣ ਬਰਾਬਰਤਾ ਦਾ ਇੱਕ ਹੋਰ ਪੈਮਾਨਾ ਵੀ ਸਾਹਮਣੇ ਆ ਰਿਹਾ ਹੈ ਕਿ ਜਿੰਨਾ ਪੜ੍ਹਿਆ ਲੜਕਾ/ਲੜਕੀ ਹੋਵੇ ਉਸ ਨੂੰ ਓਨਾ ਹੀ ਪੜ੍ਹਿਆ ਲੜਕੀ/ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਾਂ ਜਿੰਨੀ ਵੱਡੀ/ਛੋਟੀ ਨੌਕਰੀ ਲੜਕਾ/ਲੜਕੀ ਕਰਦਾ ਹੈ ਉਸ ਨੂੰ ਓਨੀ ਹੀ ਵੱਡੀ/ਛੋਟੀ ਨੌਕਰੀ ਕਰਦੇ ਲੜਕੀ/ਲੜਕੇ ਦਾ ਰਿਸ਼ਤਾ ਚਾਹੀਦਾ ਹੈ।

ਅਜਿਹੀ ਅਜੋਕੀ ਬਰਾਬਰਤਾ ਵਿੱਚ ਦੋਹੇਂ ਪਤੀ ਪਤਨੀ ਆਰਥਿਕ ਤੌਰ ’ਤੇ ਪੈਸੇ ਕਮਾਉਣ ਵਾਲੇ ਸੰਦ ਤੋਂ ਵੱਧ ਕੁੱਝ ਵੀ ਨਹੀਂ ਹੁੰਦੇ ਕਿਉਂਕਿ ਅਜਿਹੀ ਬਰਾਬਰਤਾ ਵਾਲੇ ਪਤੀ ਪਤਨੀਆਂ ਲਈ ਆਪਸ ਵਿੱਚ ਇੱਕ ਦੂਜੇ ਦੇ ਕੰਮ ਆਉਣਾ, ਬੱਚਿਆਂ ਦਾ ਪਾਲਣ ਪੋਸ਼ਣ, ਵੱਡਿਆਂ ਦੀ ਸਾਂਭ ਸੰਭਾਲ ਕਰਨਾ ਅਤੇ ਹੋਰ ਰਿਸ਼ਤੇ ਨਾਤਿਆਂ ਦੀ ਥਾਂ ਸਭ ਕੁੱਝ ਸਿਰਫ ਪੈਸਾ ਹੀ ਹੁੰਦਾ ਹੈ ਜਦ ਕਿ ਭਾਵੇਂ ਪੈਸਾ ਲੋੜ ਤਾਂ ਹੁੰਦੀ ਹੈ ਪਰ ਸਭ ਕੁੱਝ ਨਹੀਂ । ਇਸਤਰੀ ਨੂੰ ਆਰਥਿਕ ਤੌਰ ’ਤੇ ਕਮਾਈ ਕਰਨ ਲਈ ਇੱਕ ਸੰਦ ਵਜੋਂ ਬਰਾਬਰਤਾ ਦੇਣੀ ਕੋਈ ਬਰਾਬਰਤਾ ਨਹੀਂ ਹੁੰਦੀ। ਸਹੀ ਬਰਾਬਰੀ ਤਾਂ ਇਸ ਵਿੱਚ ਹੈ ਕਿ ਅਸੀਂ ਇੱਕ ਦੂਜੇ ਨੂੰ ਵੱਧ, ਘੱਟ ਅਧਿਕਾਰ ਦੇਣ, ਉੱਤਮ ਜਾਂ ਨੀਚ ਸਮਝਣ ਦੀ ਬਜਾਏ ਦੋਹਾਂ ਨੂੰ ਮਨੁੱਖ ਦੇ ਇੱਕ ਅੰਗ ਵਜੋਂ ਜਾਣੀਏ, ਨਾ ਕਿ ਵੱਖ ਵੱਖ ਦੋ ਸਰੀਰ; ਜਿਵੇਂ ਕਿ ਮਨੁੱਖਾ ਸਰੀਰ ਦੇ ਦੋ ਲੱਤਾਂ ਦੋ ਬਾਹਾਂ ਆਦਿ ਅੰਗ ਹਨ, ਉਹਨਾਂ ਵਿੱਚੋਂ ਕੋਈ ਵੀ ਬੇਲੋੜਾ ਜਾਂ ਉੱਤਮ ਨੀਚ ਨਹੀਂ ਹੁੰਦਾ। ਇਸੇ ਤਰ੍ਹਾਂ ਇਸਤਰੀ ਅਤੇ ਪੁਰਸ਼ ਵੀ ਦੋਹੇਂ ਇੱਕ ਮਨੁੱਖ ਦੇ ਅੰਗ ਹਨ ਇਹਨਾਂ ਵਿੱਚੋਂ ਕੋਈ ਵੀ ਬੇਲੋੜਾ ਜਾਂ ਉੱਤਮ ਨੀਚ ਨਹੀਂ, ਪਰ ਅਸੀਂ ਆਪਣੇ ਆਪ ਨੂੰ ਇੱਕ ਸਮਝਣ ਦੀ ਥਾਂ ਕੋਈ ਇਸਤਰੀ ਨੂੰ ਨੀਚ ਸਿੱਧ ਕਰਨ ਦੀ ਕੋਸ਼ਿਸ ਕਰ ਰਿਹਾ ਹੈ, ਕੋਈ ਪੁਰਸ਼ ਨੂੰ ਹੰਕਾਰੀ ਸਿੱਧ ਕਰ ਰਿਹਾ ਹੈ। ਜਦੋਂ ਕਿ ਗੁਣ ਔਗੁਣ ਦੋਹਾਂ ਵਿੱਚ ਬਰਾਬਰ ਹੀ ਹੁੰਦੇ ਹਨ, ਅਸੀਂ ਫਿਰ ਵੀ ਦੋਹੇਂ ਇੱਕ ਦੂਜੇ ਨੂੰ ਬਰਾਬਰ ਮੰਨਣ ਲਈ ਤਿਆਰ ਨਹੀਂ ਹੁੰਦੇ।

ਕਿਹੋ ਜਿਹੀ ਹੋਣੀ ਚਾਹੀਦੀ ਹੈ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ ? ਮੇਰੀ ਸਮਝ ਅਨੁਸਾਰ ਸਾਨੂੰ ਸਰੀਰਕ ਹਾਲਾਤਾਂ, ਸਮੇਂ ਅਤੇ ਸਥਾਨ ਅਨੁਸਾਰ ਰਲ ਮਿਲ ਕੇ ਕਾਰ ਵਿਹਾਰ ਕਰਨੇ ਚਾਹੀਦੇ ਹਨ। ਜੇ ਕੰਮ ਕਾਰ ਜਾਂ ਕਿਸੇ ਬਿਮਾਰੀ ਕਾਰਨ ਪਤੀ ਤੰਗ ਹੈ ਤਾਂ ਪਤਨੀ ਉਸ ਦੀ ਹਰ ਤਰ੍ਹਾਂ ਦੀ ਸੇਵਾ ਕਰੇ, ਪਿਆਰ ਸਤਿਕਾਰ ਰਾਹੀਂ ਉਸ ਨੂੰ ਮਾਨਸਿਕ ਤੌਰ ’ਤੇ ਖੁਸ਼ ਰੱਖਣ ਤੋਂ ਲੈ ਕੇ ਖਾਣ-ਪਾਣ, ਇਸਨਾਨ ਕਰਵਾਉਣ, ਲੱਤਾਂ ਬਾਹਾਂ ਦਬਾਉਣ ਤੱਕ। ਇਸੇ ਤਰ੍ਹਾਂ ਜੇ ਕੰਮ ਕਾਰ ਜਾਂ ਕਿਸੇ ਬਿਮਾਰੀ ਕਾਰਨ ਪਤਨੀ ਤੰਗ ਹੈ ਤਾਂ ਪਤੀ ਨੂੰ ਵੀ ਉਸ ਦੀ ਹਰ ਤਰ੍ਹਾਂ ਦੀ ਸੇਵਾ ਕਰਨੀ ਬਣਦੀ ਹੈ, ਪਿਆਰ ਸਤਿਕਾਰ ਰਾਹੀਂ ਉਸ ਨੂੰ ਮਾਨਸਿਕ ਤੌਰ ’ਤੇ ਖੁਸ਼ ਰੱਖਣ ਤੋਂ ਲੈ ਕੇ ਭੋਜਨ, ਇਸਨਾਨ ਕਰਵਾਉਣ, ਲੱਤਾਂ ਬਾਹਾਂ ਘੁੱਟਣ ਤੱਕ। ਅਜਿਹੇ ਹਲਾਤਾਂ ਵਿੱਚ ਅਸੀਂ ਇੱਕ ਦੂਜੇ ਨੂੰ ਬੋਝ ਜਾਂ ਉੱਤਮ ਨੀਚ ਸਮਝਣ ਦੀ ਥਾਂ ਸੱਚੇ ਸਾਥੀ ਜਾਂ ਆਪਣੇ ਹੀ ਸਰੀਰ ਦਾ ਅੰਗ ਜਾਣ ਕੇ ਇੱਕ ਦੂਜੇ ਦੇ ਕੰਮ ਆਈਏ ਫਿਰ ਹੀ ਸਹੀ ਅਰਥਾਂ ਵਿੱਚ ਬਰਾਬਰਤਾ ਹੋਵੇਗੀ। ਇੱਕ ਪੜ੍ਹੀ ਲਿਖੀ ਜਾਂ ਨੌਕਰੀ ਕਰਦੀ ਪਤਨੀ ਦਾ ਪਤੀ ਅਣਪੜ੍ਹ ਵੀ ਹੋ ਸਕਦਾ ਹੈ ਅਤੇ ਇੱਕ ਪੜ੍ਹੇ ਲਿਖੇ ਜਾਂ ਨੌਕਰੀ ਕਰਦੇ ਪਤੀ ਦੀ ਪਤਨੀ ਵੀ ਅਣਪੜ੍ਹ ਵੀ ਹੋ ਸਕਦੀ ਹੈ ਇਹ ਰਿਸ਼ਤੇ ਰੂਹਾਂ ਦੇ ਹੋਣੇ ਬਣਨਗੇ, ਨਾ ਕਿ ਨੌਕਰੀ ਜਾਂ ਪੈਸੇ-ਸੌਦੇ ਦੇ, ਪਰ ਅਫ਼ਸੋਸ ਕਿ ਅੱਜ ਅਸੀਂ ਕਿਸੇ ਵਿਰਲੇ ਨੂੰ ਛੱਡ ਕੇ, ਬਰਾਬਰਤਾ ਦੇ ਨਾਹਰੇ ਲਾਉਣ ਵਾਲੇ ਸਾਰੇ ਹੀ ਇਸਤਰੀ ਪੁਰਸ਼ ਇਨਸਾਨੀਅਤ ਦੀ ਥਾਂ ਬਰਾਬਰਤਾ ਸਿਰਫ ਡਿਗਰੀਆਂ ਜਾਂ ਪੈਸੇ ਨੂੰ ਹੀ ਸਮਝ ਰਹੇ ਹਾਂ। ਇਹੀ ਕਾਰਨ ਹੈ ਕਿ ਅੱਜ ਅਸੀਂ ਸਮਝਦਾਰ ਅਤੇ ਸਾਰੇ ਸਾਧਨਾਂ ਦੇ ਹੁੰਦੇ ਹੋਏ ਵੀ ਅਨੰਦ ਮਾਨਣ ਦੀ ਥਾਂ ਲੜਾਈ ਝਗੜਿਆਂ ਵਾਲਾ ਜੰਗਲੀ ਜਾਨਵਰਾਂ ਤੋਂ ਵੀ ਮਾੜਾ ਜੀਵਨ ਜਿਊਂ ਰਹੇ ਹਾਂ।

ਕਾਸ਼ ! ਸਾਨੂੰ ਇੱਕ ਦੂਜੇ ਨੂੰ ਵੱਖ ਸਮਝ ਕੇ ਉਸ ਤੋਂ ਹੱਕ ਅਤੇ ਬਰਾਬਰਤਾ ਲੈਣ ਲਈ ਲੜਨ ਦੀ ਥਾਂ ਇੱਕ ਦੂਜੇ ਨੂੰ ਇੱਕ ਹੀ (ਆਪਣਾ ਹੀ ਅੰਗ) ਸਮਝ ਕੇ ਹੱਕ ਅਤੇ ਬਰਾਬਰਤਾ ਦੇਣ ਦੀ ਸੋਝੀ ਆ ਜਾਵੇ ।