ਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ ?

0
454

ਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

(ਨੋਟ-ਇਹ ਲੇਖ ਇਸ ਆਧਾਰ ਤੇ ਹੈ ਕਿ ਕੀ ਭਗਤੀ-ਭਾਵਨਾ ਨਾਲ immune system ਮਜ਼ਬੂਤ ਹੁੰਦਾ ਹੈ ਕਿਉਂਕਿ ਵਿਸ਼ਵ ਪੱਧਰੀ ਖੋਜ ਨੇ ਇਸ ਤੇ ਸੰਦੇਹ ਜਤਾਇਆ ਹੈ।)

ਸਾਡੇ ਸਰੀਰ ਅੰਦਰ ਪੂਰੀ ਜ਼ਿੰਦਗੀ ਵਿਚ ਲਗਭਗ ਇੱਕ ਮਿਲੀਅਨ ਦੇ ਕਰੀਬ ਵੱਖੋ-ਵੱਖ ਕਿਸਮਾਂ ਦੇ ਕੀਟਾਣੂ, ਖ਼ੁਰਾਕ ਵਿਚਲੇ ਨਵੇਂ ਤੱਥ, ਕਈ ਤਰ੍ਹਾਂ ਦੇ ਹਲਕੇ ਜ਼ਹਿਰ ਅਤੇ ਹੋਰ ਵੀ ਕਈ ਕੁੱਝ ਜੋ ਇਨਸਾਨੀ ਸਰੀਰ ਦੇ ਹਿਸਾਬ ਨਾਲ ਅਨੁਕੂਲ ਨਾ ਹੋਵੇ, ਵੜ ਜਾਂਦੇ ਹਨ। ਇਸ ਨੂੰ ਸੌਖੇ ਤਰੀਕੇ ਸਮਝਣ ਲਈ ਇਹ ਕਿਹਾ ਜਾ ਸਕਦਾ ਹੈ ਕਿ ਸਾਡਾ ਸਰੀਰ ਹਰ ਪਲ ਕਿਸੇ ਅਣਕਿਆਸੇ ਦੁਸ਼ਮਣ ਨਾਲ ਜੰਗ ਲੜਨ ਨੂੰ ਤਿਆਰ ਰਹਿੰਦਾ ਹੈ, ਭਾਵੇਂ ਉਹ ਸਾਹ ਰਾਹੀਂ, ਲਹੂ ਰਾਹੀਂ, ਮੂੰਹ ਰਾਹੀਂ, ਅੱਖਾਂ ਰਾਹੀਂ ਜਾਂ ਚਮੜੀ ਰਾਹੀਂ ਅੰਦਰ ਵੜ ਰਿਹਾ ਹੋਵੇ।

ਇਸ ਵਾਸਤੇ ਕੁਦਰਤ ਨੇ ਸਰੀਰ ਦੇ ਅੰਦਰ ਵੱਖੋ-ਵੱਖ ਥਾਵਾਂ ਉੱਤੇ ਅਨੇਕ ਫ਼ੌਜੀ ਯੂਨਿਟ ਬਣਾਏ ਹੋਏ ਹਨ। ਇਹ ਯੂਨਿਟ ਅੰਤੜੀਆਂ ਵਿਚ, ਫੇਫੜਿਆਂ ਵਿਚ, ਲਿੰਫ ਨੋਡ ਵਿਚ, ਹੱਡੀਆਂ ਵਿਚ, ਟੌਂਸਿਲ ਵਿਚ, ਐਡੀਨਾਇਡ ਵਿਚ, ਥਾਇਮਸ ਗਲੈਂਡ ਵਿਚ, ਬੱਚੇ ਪੈਦਾ ਕਰਨ ਵਾਲੇ ਅੰਗਾਂ ਵਿਚ ਤੇ ਹੋਰ ਵੀ ਕਈ ਥਾਈਂ ਆਪੋ ਆਪਣੇ ਕੰਮ ਲੱਗੇ ਹੋਏ ਹਨ। ਜਿਉਂ ਹੀ ਕੀਟਾਣੂ ਸਰੀਰ ਅੰਦਰ ਵੜਨ; ਲੋੜ ਮੁਤਾਬਕ ਇਹ ਸੈਂਟਰ ਰਵਾਂ ਹੋ ਜਾਂਦੇ ਹਨ ਤੇ ਢੇਰਾਂ ਦੇ ਢੇਰ ਸੈੱਲ ਤਿਆਰ ਕਰ ਕੇ ਉਸ ਕੀਟਾਣੂ ਦੇ ਆਕਾਰ, ਵਿਹਾਰ ਅਤੇ ਹੱਲਾ ਬੋਲਣ ਦੇ ਢੰਗ ਦੇ ਹਿਸਾਬ ਨਾਲ ਉਸ ਨੂੰ ਕਾਬੂ ਕਰਨ ਲੱਗ ਪੈਂਦੇ ਹਨ।

ਜੇ ਸਰੀਰ ਕੋਲ ਵਾਧੂ ਸੈੱਲ ਬਣਾਉਣ ਦੀ ਸਮਰੱਥਾ ਹੋਵੇ ਤਾਂ ਇਮਿਊਨ ਸਿਸਟਮ ਦੇ ਸੈੱਲ ਇਸ ਕੀਟਾਣੂ ਨੂੰ ਮਾਰ ਮੁਕਾਉਂਦੇ ਹਨ। ਉਸ ਕੀਟਾਣੂ ਬਾਰੇ ਪੂਰਾ ਗਿਆਨ ਹਾਸਲ ਕਰ ਕੇ ਦੁਬਾਰਾ ਕਦੇ ਵੀ ਉਸ ਵੱਲੋਂ ਹੱਲਾ ਬੋਲੇ ਜਾਣ ਉੱਤੇ ਪਹਿਲਾਂ ਤੋਂ ਤਿਆਰ ਹੋਏ ਫ਼ੌਜੀ ਸੈੱਲ ਝਟਪਟ ਉਸ ਨੂੰ ਮਾਰ ਮੁਕਾਉਂਦੇ ਹਨ ਤੇ ਸਰੀਰ ਅੰਦਰ ਫੈਲਣ ਦਾ ਸਮਾਂ ਹੀ ਨਹੀਂ ਦਿੰਦੇ।

ਜੇ ਸਰੀਰ ਦਾ ਇਮਿਊਨ ਸਿਸਟਮ ਢਿੱਲਾ ਹੋਵੇ ਤਾਂ ਕੀਟਾਣੂਆਂ ਨੂੰ ਰੋਕਣ ਲਈ ਪੂਰੇ ਸੈੱਲ ਬਣਦੇ ਹੀ ਨਹੀਂ। ਇੰਜ ਕੀਟਾਣੂਆਂ ਨੂੰ ਸਰੀਰ ਅੰਦਰ ਫੈਲ ਕੇ ਬੀਮਾਰੀ ਕਰਨ ਦਾ ਸਮਾਂ ਮਿਲ ਜਾਂਦਾ ਹੈ। ਜੇ ਇਮਿਊਨ ਸਿਸਟਮ ਤਕੜਾ ਹੋਵੇ ਪਰ ਕੀਟਾਣੂ ਦੇ ਆਕਾਰ, ਵਿਹਾਰ ਤੇ ਉਸ ਦੇ ਹੱਲਾ ਬੋਲਣ ਦੇ ਢੰਗ ਬਾਰੇ ਸਰੀਰ ਸਮਝ ਹੀ ਨਾ ਸਕੇ ਤਾਂ ਫ਼ੌਜੀ ਯੂਨਿਟ ’ਚੋਂ ਸੈੱਲ ਤਿਆਰ ਹੋ ਕੇ ਨਿਕਲਣ ਵਿਚ ਦੇਰ ਹੋ ਸਕਦੀ ਹੈ। ਅਜਿਹੇ ਮੌਕੇ ਕੀਟਾਣੂ ਬੀਮਾਰੀ ਕਰ ਸਕਦੇ ਹਨ ਪਰ ਬੀਮਾਰੀ ਬਹੁਤੀ ਫੈਲਦੀ ਨਹੀਂ ਤੇ ਛੇਤੀ ਕਾਬੂ ਵਿਚ ਆ ਜਾਂਦੀ ਹੈ।

ਸਾਈਕੋਨਿਊਰੋਇਮਿਊਨੌਲੋਜੀ ਦੇ ਸੈਂਟਰ ਵਿਖੇ ਲਾਸ ਏਂਜਲਸ ਦੀ ਕੈਲੀਫੌਰਨੀਆ ਯੂਨੀਵਰਸਿਟੀ ਵਿਚ ਖੋਜੀ ‘ਕੋਲ’ ਨੇ ਇਕ ਖੋਜ ਆਰੰਭੀ ਕਿਉਂਕਿ ਉਹ ਸਮਝਣਾ ਚਾਹੁੰਦਾ ਸੀ ਕਿ ਇਮਿਊਨ ਸਿਸਟਮ ਦਾ ਕੰਮ-ਕਾਰ ਹਰ ਸਰੀਰ ਅੰਦਰ ਵੱਖ ਕਿਉਂ ਹੈ ? ਕਿਸੇ ਨੂੰ ਉਹੀ ਕੀਟਾਣੂ ਵੱਧ ਮਾਰੂ ਬਿਮਾਰੀ ਕਰਦੇ ਹਨ ਤੇ ਕਿਸੇ ਨੂੰ ਘੱਟ। ਕਿਸੇ ਦੇ ਸਰੀਰ ਅੰਦਰ ਉਹੀ ਕੀਟਾਣੂ ਬਿਲਕੁਲ ਹੀ ਮਾਰ ਨਹੀਂ ਮਾਰਦੇ।

‘ਕੋਲ’ ਨੇ ਸਾਰੀ ਉਮਰ ਵੱਖੋ-ਵੱਖ ਤਰ੍ਹਾਂ ਦੀਆਂ ਖੋਜਾਂ ਇਸੇ ਵਿਸ਼ੇ ਉੱਤੇ ਕੀਤੀਆਂ। ਉਸ ਨੇ ਪਹਿਲੀ ਖੋਜ ਕਰਨ ਸਮੇਂ ਨੋਟ ਕੀਤਾ ਕਿ ਜਿਹੜੇ ਲੋਕ ਤਣਾਅ ਅਧੀਨ ਰਹਿੰਦੇ ਸਨ, ਉਨ੍ਹਾਂ ਵਿਚ ਸ਼ੱਕਰ ਰੋਗ ਕਾਫ਼ੀ ਵੱਧ ਹੋ ਰਿਹਾ ਸੀ। ਉਸ ਨੇ ਸਰੀਰ ਦੇ ਮਾਲੀਕੁਲਰ ਪੱਧਰ ਉੱਤੇ ਸੈੱਲਾਂ ਅੰਦਰਲੀ ਤਬਦੀਲੀ ਬਾਰੇ ਖੋਜ ਆਰੰਭੀ।

ਇਮਿਊਨ ਸਿਸਟਮ ਅਤੇ ਦਿਮਾਗ਼ ਵਿਚਲੇ ਆਪਸੀ ਸੰਬੰਧਾਂ ਦੇ ਤਾਲਮੇਲ ਨੂੰ ਘੋਖਣ ਲਈ ਉਸ ਨੇ ਦੋ ਹਿੱਸਿਆਂ ਵਿਚ ਆਮ ਲੋਕਾਂ ਨੂੰ ਵੰਡ ਲਿਆ। ਪਹਿਲੇ ਉਹ ਜਿਹੜੇ ਇਕੱਲੇ ਰਹਿ ਰਹੇ ਸਨ ਤੇ ਦੂਜੇ ਉਹ ਜੋ ਟੱਬਰਦਾਰ ਸਨ।

ਉਸ ਤੋਂ ਬਾਅਦ ਉਸ ਨੇ ਉਨ੍ਹਾਂ ਵਿਚ ਸ਼ੱਕਰ ਰੋਗ, ਦਿਲ ਦੇ ਰੋਗ, ਏਡਜ਼, ਕੈਂਸਰ ਆਦਿ ਬੀਮਾਰੀਆਂ ਨੋਟ ਕਰ ਕੇ ਉਨ੍ਹਾਂ ਦਾ ਛੇਤੀ ਵਧਣਾ ਤੇ ਉਨ੍ਹਾਂ ਦੇ ਮਾਰੂ ਅਸਰ ਘੋਖੇ। ਉਸ ਦੇ ਨਾਲੋ-ਨਾਲ ‘ਕੋਲ’ ਨੇ ਉਨ੍ਹਾਂ ਦਾ ਖ਼ੁਸ਼ੀ ਦਾ ਮੀਟਰ ਵੀ ਨੋਟ ਕੀਤਾ ਕਿ ਕਿੰਨੇ ਢਹਿੰਦੀ ਕਲਾ ਵਿਚ ਰਹਿੰਦੇ ਸਨ ਤੇ ਕਿੰਨੇ ਖ਼ੁਸ਼ ਜਾਂ ਸੰਤੁਸ਼ਟ ਸਨ।

ਅਜਿਹਾ ਕਰਨ ਤੋਂ ਪਹਿਲਾਂ ਖੋਜੀ ਕੋਲ ਨੇ ਇੱਕ ਖੋਜ ਪੱਤਰ ਪੜ੍ਹਿਆ ਸੀ, ਜੋ ਸੰਨ 1964 ਵਿਚ ਛਪਿਆ ਸੀ। ਉਸ ਖੋਜ ਪੱਤਰ ਵਿਚ ਇੱਕ ਮਰੀਜ਼ ਨੌਰਮਨ ਦਾ ਜ਼ਿਕਰ ਸੀ, ਜਿਸ ਨੂੰ ਜੋੜਾਂ ਦੀ ਤਕਲੀਫ਼ (ਐਨਕਾਈਲੋਜ਼ਿੰਗ ਸਪੌਂਡੀਲਾਈਟਿਸ) ਸੀ ਜਿਸ ਦੇ ਠੀਕ ਹੋਣ ਦੇ ਆਸਾਰ ਬਹੁਤ ਹੀ ਘੱਟ ਹੁੰਦੇ ਹਨ ਤੇ ਇਹ ਇਮਿਊਨ ਸਿਸਟਮ ਵਿਚ ਗੜਬੜੀ ਸਦਕਾ ਹੁੰਦੀ ਹੈ। ਉਸ ਮਰੀਜ਼ ਨੂੰ ‘ਹੈਪੀਨੈੱਸ ਥੈਰੇਪੀ’ ਦਿੱਤੀ ਗਈ।

ਇਸ ਇਲਾਜ ਅਧੀਨ ਰੋਜ਼ ਦਿਨ ਵਿਚ ਤਿੰਨ ਵਾਰ ਇੱਕ-ਇੱਕ ਘੰਟੇ ਵਾਸਤੇ ਹਾਸੇ ਦੀਆਂ ਫ਼ਿਲਮਾਂ ਜਾਂ ਚੁਟਕੁਲੇ ਸੁਣਾਏ ਗਏ। ਦੋ ਹਫ਼ਤਿਆਂ ਬਾਅਦ ਹੀ ਉਸ ਦੇ ਜੋੜਾਂ ਵਿਚ ਕਾਫ਼ੀ ਸੁਧਾਰ ਦਿਸਿਆ। ਉਦੋਂ ਇਸ ਖੋਜ ਦਾ ਕਾਫ਼ੀ ਵਿਰੋਧ ਹੋਇਆ ਤੇ ਕਈ ਖੋਜੀਆਂ ਨੇ ਇਸ ਖੋਜ ਨੂੰ ਕੋਈ ਅਹਿਮੀਅਤ ਨਾ ਦਿੱਤੀ। ਕੁੱਝ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਕਿ ਨੌਰਮਨ ਨੂੰ ਬੀਮਾਰੀ ਹੋਣੀ ਹੀ ਨਹੀਂ ਤੇ ਪਾਖੰਡ ਕਰ ਰਿਹਾ ਹੋਣਾ ਹੈ।

ਸੰਨ 1980 ਅਤੇ ਫੇਰ 1990 ਵਿਚ ਹੋਰ ਖੋਜਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਦਿਮਾਗ਼ ਅਤੇ ਇਮਿਊਨ ਸਿਸਟਮ ਦੇ ਵਿਚ ਡੂੰਘਾ ਸੰਬੰਧ ਲੱਭ ਲਿਆ ਗਿਆ। ਸੰਤੁਸ਼ਟੀ ਅਤੇ ਚੜ੍ਹਦੀ ਕਲਾ ਦੇ ਇਹਸਾਸ (ਅਹਿਸਾਸ) ਰੱਖਣ ਵਾਲਿਆਂ ਅਤੇ ਖ਼ੁਸ਼ ਰਹਿਣ ਵਾਲਿਆਂ ਵਿਚ ਉਨ੍ਹਾਂ ਦੇ ਇਮਿਊਨ ਸਿਸਟਮ ਵਿਚਲੇ ਥਾਇਮਸ ਗਲੈਂਡ ਤੇ ਹੱਡੀਆਂ ਦੇ ਮਾਦੇ ਵਿਚਲੇ ਸੈੱਲਾਂ ਉੱਤੇ ਲੱਗੇ ਰਿਸੈਪਟਰ ਦੇ ਸਿਰੇ ਜ਼ਿਆਦਾ ਚੁਸਤ ਲੱਭੇ।

ਇਸ ਖੋਜ ਦੀ ਪਕਿਆਈ ਕਰਨ ਲਈ ਉਹ ਲੋਕ ਲੱਭੇ ਗਏ ਜਿਹੜੇ ਤਣਾਅ ਅਧੀਨ ਰਹਿੰਦੇ ਸਨ। ਖੋਜੀ ਰੋਨੈਲਡ ਗਲੇਜ਼ਰ ਨੇ ਓਹੀਓ ਸਟੇਟ ਯੂਨੀਵਰਸਿਟੀ ਵਿਚ ‘ਇੰਸਟੀਚਿਊਟ ਫੌਰ ਬਿਹੇਵਿਓਰਲ ਮੈਡੀਸ਼ਨ ਰਿਸਰਚ’ ਵਿਚ ਸੰਨ 1980 ਵਿਚ ਪਹਿਲੀ ਵਾਰ ਇਹ ਤੱਥ ਸਭ ਦੇ ਸਾਹਮਣੇ ਰੱਖੇ। ਉਸ ਨੇ ਡਾਕਟਰੀ ਪੜ੍ਹਦੇ ਵਿਦਿਆਰਥੀਆਂ ਦੇ ਲਹੂ ਦੇ ਸੈਂਪਲ ਲਏ ਤੇ ਨੋਟ ਕੀਤਾ ਕਿ ਇਮਤਿਹਾਨਾਂ ਨੇੜੇ ਉਨ੍ਹਾਂ ਦੇ ਇਮਿਊਨ ਸਿਸਟਮ ਦੇ ਸੈੱਲ ਘੱਟ ਕੰਮ ਕਰਦੇ ਸਨ। ਉਸ ਸਮੇਂ ਉਨ੍ਹਾਂ ਉੱਤੇ ਵਾਇਰਸ ਕੀਟਾਣੂ ਵੱਧ ਹਮਲਾ ਕਰਦੇ ਸਨ। ਕਈਆਂ ਦੇ ਤਾਂ ਪਹਿਲਾਂ ਦੇ ਥੋੜ੍ਹੀ ਮਾਤਰਾ ਵਿਚ ਪਏ ਵਾਇਰਸ ਕੀਟਾਣੂ ਇਕਦਮ ਦੁਗਣੇ ਤਿਗਣੇ ਹੋ ਗਏ ਲੱਭੇ। ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਵਿਕਸਿਤ ਮੁਲਕਾਂ ਵਿਚ ਡਾਕਟਰਾਂ ਦੇ ਮਨੋਬਲ ਨੂੰ ਵਧਾਉਣ ਉੱਤੇ ਜ਼ੋਰ ਦਿੱਤਾ ਗਿਆ।

ਲੰਮੀ ਦੇਰ ਚੱਲੀ ਖੋਜ ਵਿਚ ਇਹ ਤੱਥ ਸਾਹਮਣੇ ਆਏ ਕਿ ਤਣਾਅ ਤੇ ਢਹਿੰਦੀ ਕਲਾ ਨਾਲ ਇਮਿਊਨ ਸਿਸਟਮ ਦਾ ਕੰਮ-ਕਾਰ ਢਿੱਲਾ ਪੈ ਜਾਂਦਾ ਹੈ। ਢਿੱਲਾ ਪੈਣ ਦਾ ਮਤਲਬ ਹੈ ਕਿ ਵਾਇਰਸ ਕੀਟਾਣੂ ਤੇਜ਼ੀ ਨਾਲ ਫੈਲ ਕੇ ਸਰੀਰ ਅੰਦਰ ਬੀਮਾਰੀ ਕਰ ਸਕਦੇ ਹਨ।

1967 ਵਿਚ ਬਰਿਟੇਨ ਦੇ ਸਰਕਾਰੀ ਮੁਲਾਜ਼ਮਾਂ ਦੇ ਵੀ ਇਹੋ ਟੈਸਟ ਕੀਤੇ ਗਏ ਸਨ ਤੇ ਲੱਭਿਆ ਗਿਆ ਸੀ ਕਿ ਜ਼ਿਆਦਾ ਤੇ ਲਗਾਤਾਰ ਤਣਾਅ ਅਧੀਨ ਰਹਿਣ ਵਾਲਿਆਂ ਵਿਚ ਦਿਲ ਦੇ ਰੋਗ ਅਤੇ ਸ਼ੱਕਰ ਰੋਗ ਵੱਧ ਹੁੰਦੇ ਸਨ।

ਜਿੱਥੇ ਗ਼ਰੀਬਾਂ ਵਿਚ ਉਸ ਸਮੇਂ ਲਾਗ ਨਾਲ ਹੋਣ ਵਾਲੀਆਂ ਬੀਮਾਰੀਆਂ ਵੱਧ ਲੱਭੀਆਂ, ਉੱਥੇ ਰੱਜੇ ਪੁੱਜਿਆਂ ਵਿਚ ਤਣਾਅ ਨਾਲ ਸਰੀਰ ਅੰਦਰ ਕੌਰਟੀਸੋਲ ਤੇ ਸਾਈਟੋਕੀਨ ਵਧੇ ਹੋਏ ਲੱਭੇ, ਜੋ ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ, ਦਿਲ ਦੇ ਰੋਗ, ਕੈਂਸਰ, ਆਦਿ ਵਰਗੀਆਂ ਬੀਮਾਰੀਆਂ ਵਧਾ ਰਹੇ ਸਨ।

ਬਾਅਦ ਵਿਚ ਕੀਤੀਆਂ ਖੋਜਾਂ ਜੋ ਏਡਜ਼ ਦੇ ਮਰੀਜ਼ਾਂ ਉੱਤੇ ਕੀਤੀਆਂ ਗਈਆਂ, ਨੇ ਵੀ ਸਪਸ਼ਟ ਕੀਤਾ ਕਿ ਤਣਾਅ ਪਾਲਣ ਵਾਲਿਆਂ ਵਿਚ ਵਾਇਰਸ ਵੱਧ ਤੇਜ਼ੀ ਨਾਲ ਫੈਲੀ।

ਸੰਨ 2007 ਵਿਚ ਇਕੱਲੇ ਰਹਿਣ ਵਾਲਿਆਂ ਉੱਤੇ ਖੋਜਾਂ ਕੀਤੀਆਂ ਗਈਆਂ। ਇਹ ਵੇਖਣ ਵਿਚ ਆਇਆ ਕਿ ਇਕੱਲੇ ਰਹਿਣ ਵਾਲੇ ਤੇ ਖ਼ਾਸ ਕਰ ਜਿਨ੍ਹਾਂ ਦੇ ਦੋਸਤ ਜਾਂ ਰਿਸ਼ਤੇਦਾਰ ਨਾ ਹੋਣ, ਤਾਂ ਅਜਿਹੇ ਲੋਕ ਖਾਣਾ ਵੀ ਠੀਕ ਨਹੀਂ ਖਾਂਦੇ ਤੇ ਉਨ੍ਹਾਂ ਦੇ ਇਮਿਊਨ ਸਿਸਟਮ ਦੇ ਕੰਮ-ਕਾਰ ਵੀ ਘੱਟ ਜਾਂਦੇ ਹਨ। ਇਨ੍ਹਾਂ ਵਿਚ ਢਹਿੰਦੀ ਕਲਾ ਵੱਧ ਲੱਭੀ, ਮਾਨਸਿਕ ਰੋਗ ਵੱਧ ਲੱਭੇ, ਦਿਲ ਦੇ ਰੋਗ, ਸ਼ੱਕਰ ਰੋਗ, ਜੋੜਾਂ ਦੇ ਰੋਗ, ਐਲਰਜੀ, ਕੈਂਸਰ, ਆਦਿ ਵੀ ਵੱਧ ਲੱਭੇ। ਇਕੱਲੇ ਰਹਿਣ ਵਾਲਿਆਂ ਵਿਚ ਸ਼ਰਾਬ ਪੀਣ ਜਾਂ ਨਸ਼ਾ ਕਰਨ ਦਾ ਰੁਝਾਨ ਵੀ ਵੱਧ ਦਿਸਿਆ ਤੇ ਮੌਤ ਦਾ ਭੈਅ ਵੀ ਵੱਧ ਲੱਭਿਆ।

ਕੋਲ ਖੋਜੀ ਨੇ ਆਪਣੇ ਸਾਥੀਆਂ ਨਾਲ 6 ਸਦੀਵੀ ਇਕੱਲੇ ਰਹਿਣ ਵਾਲਿਆਂ ਦੇ ਲਹੂ ਵਿਚਲੇ ਬੀਮਾਰੀ ਨਾਲ ਲੜਨ ਵਾਲੇ ਚਿੱਟੇ ਸੈੱਲਾਂ ਦੇ ਜੀਨ ਐਕਸਪ੍ਰੈਸ਼ਨ ਉੱਤੇ ਖੋਜ ਕੀਤੀ। ਫੇਰ ਉਨ੍ਹਾਂ ਨੇ 8 ਅਜਿਹੇ ਇਕੱਲੇ ਰਹਿਣ ਵਾਲੇ ਸ਼ਾਮਲ ਕੀਤੇ, ਜਿਨ੍ਹਾਂ ਦਾ ਰੋਜ਼ ਦੋਸਤਾਂ-ਮਿੱਤਰਾਂ ਨਾਲ ਮੇਲ ਜੋਲ ਸੀ ਤੇ ਰਿਸ਼ਤੇਦਾਰੀ ਨਾਲ ਵੀ ਸਨ।

ਇਸ ਖੋਜ ਦੇ ਨਤੀਜੇ ਸਨ :-

ਇਨਸਾਨੀ ਸਰੀਰ ਵਿਚਲੇ ਜੀਨੋਮ ਵਿੱਚੋਂ ਲਗਭਗ 22,000 ਜੀਨਾਂ ਵਿੱਚੋਂ 209 ਅਜਿਹੇ ਜੀਨ ਲੱਭ ਲਏ ਗਏ, ਜੋ ਸਿਰਫ਼ ਬਿਲਕੁਲ ਇਕੱਲੇ ਰਹਿਣ ਵਾਲੇ, ਉਨ੍ਹਾਂ ਲੋਕਾਂ ਵਿਚ ਸਨ ਜਿਹੜੇ ਕਿਸੇ ਨਾਲ ਕੋਈ ਮੇਲ-ਜੋਲ ਨਹੀਂ ਰੱਖਦੇ ਸਨ। ਇਹ ਜੀਨ ਵੱਖ-ਵੱਖ ਤਰ੍ਹਾਂ ਦੀ ਪ੍ਰੋਟੀਨ ਬਣਾਉਣ ਦਾ ਕੰਮ ਕਰਦੇ ਹਨ ਜੋ ਵਾਇਰਲ ਕੀਟਾਣੂਆਂ ਦੇ ਹਮਲੇ ਵਿਚ ਉਸ ਦਾ ਮਾਰੂ ਅਸਰ ਵਧਾ ਦਿੰਦੇ ਹਨ।

ਜਿਹੜੇ ਇਕੱਲੇ ਰਹਿੰਦੇ ਹੋਏ ਵੀ ਸਭ ਨਾਲ ਰਲ-ਮਿਲ ਰਹੇ ਸਨ, ਉਨ੍ਹਾਂ ਦੇ ਸਰੀਰ ਅੰਦਰਲੇ ਇਹੀ ਜੀਨ ਵਾਇਰਸ ਨੂੰ ਮਾਰਨ ਵਿਚ ਮਦਦ ਕਰਦੇ ਲੱਭੇ। ਇਸ ਨੂੰ ‘ਜੀਨ ਐਕਸਪ੍ਰੈਸ਼ਨ’ ਵਿਚਲਾ ਫ਼ਰਕ ਮੰਨ ਲਿਆ ਗਿਆ ਜੋ ਪਹਿਲੀ ਵਾਰ ਦੁਨੀਆ ਸਾਹਮਣੇ ਵਿਗਿਆਨਿਕ ਤੌਰ ਉੱਤੇ ਸਾਬਤ ਕਰਨ ਵਿਚ ਸਹਾਈ ਹੋਇਆ ਕਿ ਇਕੱਲੇ ਸਾਰਿਆਂ ਤੋਂ ਕੱਟ ਕੇ ਰਹਿਣਾ ਕਿੰਨਾ ਹਾਣੀਕਾਰਕ ਹੋ ਸਕਦਾ ਹੈ !

ਇਸ ਖੋਜ ਤੋਂ ਬਾਅਦ 93 ਹੋਰ ਉਨ੍ਹਾਂ ਬੰਦਿਆਂ ਨੂੰ ਸ਼ਾਮਲ ਕੀਤਾ ਗਿਆ ਜੋ ਕਿਸੇ ਹਾਲਾਤ ਸਦਕਾ, ਮਜਬੂਰੀ ਵਸ ਜਾਂ ਬੀਮਾਰੀ ਕਰ ਕੇ ਇਕੱਲੇ ਰਹਿ ਗਏ ਸਨ ਜਾਂ ਸਮਾਜ ’ਚੋਂ ਛੇਕੇ ਗਏ ਸਨ। ਇਨ੍ਹਾਂ ਵਿਚ ਵੀ ਜੀਨਾਂ ਵਿਚ ਹੋ ਰਹੀ ਤਬਦੀਲੀ ਸਪਸ਼ਟ ਨਜ਼ਰੀ ਪੈ ਗਈ ਜੋ ਬੀਮਾਰੀਆਂ ਨੂੰ ਸੱਦਾ ਦੇਣ ਲੱਗ ਪਈ ਸੀ ਤੇ ਉਨ੍ਹਾਂ ਦੀ ਉਮਰ ਵੀ ਛੋਟੀ ਕਰ ਰਹੀ ਸੀ।

ਇਹ ਵੀ ਤੱਥ ਨਜ਼ਰੀਂ ਪਏ ਕਿ ਇਕੱਲੇ ਰਹਿਣ ਵਾਲਿਆਂ ਦੇ ਜ਼ਖ਼ਮ ਭਰਨ ਵਿਚ ਵੀ ਵੱਧ ਸਮਾਂ ਲੱਗਦਾ ਹੈ ਤੇ ਬੈਕਟੀਰੀਅਲ ਕੀਟਾਣੂਆਂ ਦਾ ਹਮਲਾ ਵੀ ਵੱਧ ਹੁੰਦਾ ਹੈ।

ਇਸ ਤੋਂ ਬਾਅਦ ਇਹ ਕਿਆਸ ਲਾਇਆ ਗਿਆ ਕਿ ਸਦੀਆਂ ਪਹਿਲਾਂ ਜਦੋਂ ਲੋਕ ਛੋਟੇ ਝੁੰਡਾਂ ਵਿਚ ਰਹਿੰਦੇ ਸਨ ਤਾਂ ਵਾਇਰਲ ਬੀਮਾਰੀਆਂ ਬਥੇਰੀਆਂ ਫੈਲਦੀਆਂ ਹੋਣਗੀਆਂ ਪਰ ਉਨ੍ਹਾਂ ਦਾ ਸਰੀਰ ਉਨ੍ਹਾਂ ਕੀਟਾਣੂਆਂ ਵਿਰੁੱਧ ਬੀਮਾਰੀ ਨਾਲ ਲੜਨ ਵਾਲੇ ਸੈੱਲ ਤੇਜ਼ੀ ਨਾਲ ਤਿਆਰ ਕਰ ਕੇ ਉਨ੍ਹਾਂ ਨੂੰ ਬਚਾ ਲੈਂਦਾ ਹੋਵੇਗਾ।

ਮੌਜੂਦਾ ਸਮੇਂ ਦਾ ਕੰਮ ਦਾ ਤਣਾਅ ਜਿੱਥੇ ਦਿਲ ਦੀਆਂ ਨਾੜੀਆਂ ਦੀ ਪਰਤ ਖ਼ਰਾਬ ਕਰ ਕੇ ਉਸ ਥਾਂ ਘੱਪੇ ਜੰਮਣ ਵਿਚ ਮਦਦ ਕਰਦਾ ਹੈ, ਉੱਥੇ ਬਲੱਡ ਪ੍ਰੈੱਸ਼ਰ, ਕੈਂਸਰ ਤੇ ਸ਼ੱਕਰ ਰੋਗ ਵਧਾਉਣ ਵਿਚ ਚਾਰ ਜਾਂ ਪੰਜ ਗੁਣਾਂ ਵੱਧ ਮਾਰੂ ਸਾਬਤ ਹੋ ਰਿਹਾ ਹੈ।

ਨਿਊਯਾਰਕ ਦੇ ਰੌਕਫੈਲਰ ਯੂਨੀਵਰਸਿਟੀ ਦੇ ਇਮਿਊਨੋਲੋਜਿਸਟ, ਐਲਗਜ਼ਾਂਡਰ ਤਰੋਕਵਸਕੀ ਨੇ ਸਪਸ਼ਟ ਕੀਤਾ ਹੈ ਕਿ ‘ਕੋਲ’ ਦੀ ਖੋਜ ਨੇ ਹੋਰ ਖੋਜਾਂ ਲਈ ਰਾਹ ਖੋਲ੍ਹ ਦਿੱਤਾ ਹੈ, ਪਰ ਹਾਲੇ ਤੱਕ ਇਹ ਸਮਝ ਨਹੀਂ ਲੱਗ ਸਕੀ ਕਿ ਜੀਨਾਂ ਦੀ ਕਿਹੜੀ ਹਰਕਤ ਨਾਲ ਔਖੇ ਹਾਲਾਤ ਨੂੰ ਕੁੱਝ ਜਣੇ ਵਧੀਆ ਤਰੀਕੇ ਜਰ ਕੇ ਅਣਕਿਆਸੀ ਸਫਲਤਾ ਪ੍ਰਾਪਤ ਕਰ ਜਾਂਦੇ ਹਨ ਤੇ ਕੁੱਝ ਉਸੇ ਹਾਲਾਤ ਵਿਚ ਖ਼ੁਦਕੁਸ਼ੀ ਕਰ ਜਾਂਦੇ ਹਨ।

ਐਟਲਾਂਟਾ ਦੇ ਜੌਰਜੀਆ ਇੰਸਟੀਚਿਊਟ ਔਫ ਟੈਕਨਾਲੋਜੀ ਦੇ ਗਰੈਗ ਗਿਬਸਨ ਨੇ ਵੀ ਹਾਮੀ ਭਰੀ ਹੈ ਕਿ ਜੇ ਜੀਨਾਂ ਵਿਚਲੀ ਹੋਰ ਬਰੀਕੀ ਸਮਝ ਆ ਜਾਵੇ ਤਾਂ ਢਹਿੰਦੀ ਕਲਾ ਦਾ ਇਲਾਜ ਕਰਨ ਵਿਚ ਸੌਖ ਹੋ ਜਾਵੇਗੀ, ਪਰ ਉਦੋਂ ਤਕ ਹਰ ਹਾਲ ਵਿਚ ਲੰਮੀ ਉਮਰ ਭੋਗਣ ਲਈ ਖ਼ੁਸ਼ ਰਹਿਣਾ ਹੀ ਪੈਣਾ ਹੈ।

ਸੰਨ 2010 ਵਿਚ ‘ਕੋਲ’ ਦੀ ਖੋਜ ਦੇ ਆਧਾਰ ਉੱਤੇ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿਖੇ ਖ਼ੁਸ਼ੀ ਤੇ ਚੜ੍ਹਦੀ ਕਲਾ ਦਾ ਅਸਰ ਤਣਾਅ ਅਧੀਨ ਆ ਚੁੱਕੇ ਲੋਕਾਂ ਉੱਤੇ ਵੇਖਿਆ ਗਿਆ।

ਇਸ ਵਾਸਤੇ 45 ਆਪੋ ਆਪਣੇ ਟੱਬਰ ਵਿਚ ਰਹਿੰਦੇ ਚਿੰਤਾ ਤੇ ਤਣਾਅ ਗ੍ਰਸਤ ਲੋਕ ਸ਼ਾਮਲ ਕੀਤੇ ਗਏ ਤੇ 40 ਇਕੱਲੇ ਰਹਿੰਦੇ ਬੰਦੇ। ਉਨ੍ਹਾਂ ਦੇ ਲਹੂ ਵਿਚਲੇ ਕੌਰਟੀਸੋਲ ਨਾਪੇ ਗਏ ਤੇ ਸਵਾਲਾਂ ਦੇ ਚਾਰ ਫਾਰਮ ਭਰਵਾਏ ਗਏ। ਉਸ ਤੋਂ ਬਾਅਦ ਉਨ੍ਹਾਂ ਕੋਲੋਂ ਰੋਜ਼ ਇੱਕ ਘੰਟਾ ਮੈਡੀਟੇਸ਼ਨ ਦੇ ਨਾਲ ਇੱਕ ਘੰਟਾ ਸਵੇਰੇ ਤੇ ਇੱਕ ਘੰਟਾ ਸ਼ਾਮ ਖੁੱਲ੍ਹ ਕੇ ਹੱਸਣ ਵਾਲੇ ਸੈਸ਼ਨ ਕਰਵਾਏ ਗਏ।

ਇੱਕ ਹਫਤੇ ਬਾਅਦ ਹੀ ਨਤੀਜੇ ਹੈਰਾਨ ਕਰ ਦੇਣ ਵਾਲੇ ਸਨ। ਉਨ੍ਹਾਂ ਦੇ ਬੀਮਾਰੀ ਵਧਾਉਣ ਵਾਲੇ ‘ਜੀਨ ਐਕਸਪ੍ਰੈਸ਼ਨ’ ਵਿੱਚ ਤਬਦੀਲੀ ਦਿੱਸਣ ਲੱਗ ਪਈ ਤੇ ਵਾਇਰਲ ਕੀਟਾਣੂਆਂ ਨਾਲ ਲੜਨ ਦੀ ਸਮਰਥਾ ਵੱਧ ਗਈ।

ਇਸ ਖੋਜ ਨੂੰ ਅੱਗੇ ਤੋਰਦਿਆਂ ਫਲੋਰੀਡਾ ਦੇ ਯੂਨੀਵਰਸਿਟੀ ਔਫ ਮਿਆਮੀ ਦੇ ਮਾਈਕਲ ਐਨਟੋਨੀ ਨੇ 200 ਉਨ੍ਹਾਂ ਔਰਤਾਂ ਨੂੰ ਸ਼ਾਮਲ ਕੀਤਾ ਜਿਨ੍ਹਾਂ ਨੂੰ ਛਾਤੀ ਦੇ ਕੈਂਸਰ ਦੀ ਪਹਿਲੀ ਸਟੇਜ ਸੀ, ਇਨ੍ਹਾਂ ਵਿੱਚੋਂ 100 ਨੂੰ 10 ਹਫ਼ਤੇ ਦੀ ਮੈਡੀਟੇਸ਼ਨ ਤੇ ਖੁੱਲ੍ਹ ਕੇ ਹੱਸਣ ਦੇ ਸੈਸ਼ਨ ਕਰਵਾਏ ਗਏ ਜਦਕਿ ਬਾਕੀ 100 ਨੂੰ ਸਿਰਫ਼ ਇਕ ਦਿਨ ਦੇ ਸੈਮੀਨਾਰ ਵਿਚ ਹਿੰਮਤ ਵਧਾਉਣ ਤੇ ਚੜ੍ਹਦੀ ਕਲਾ ਬਾਰੇ ਦੱਸਿਆ ਗਿਆ।

ਦਸ ਹਫ਼ਤਿਆਂ ਬਾਅਦ ਦੀ ਸਰੀਰਕ ਤਬਦੀਲੀ ਨੇ ਸੰਸਾਰ ਭਰ ਦੇ ਖੋਜੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਹ ਜੀਨ ਜਿਹੜੇ ‘‘ਟਾਈਪ 1 ਇੰਟਰਫਿਰੋਨ ਰਿਸਪੌਂਸ’’ ਅਧੀਨ ਰਸੌਲੀਆਂ ਤੇ ਵਾਇਰਸ ਕੀਟਾਣੂਆਂ ਨਾਲ ਲੜਦੇ ਹਨ, ਕਈ ਗੁਣਾਂ ਵੱਧ ਚੁਸਤ ਉਨ੍ਹਾਂ 100 ਔਰਤਾਂ ਵਿਚ ਸਨ ਜਿਹੜੀਆਂ ਰੋਜ਼ ਖ਼ੁਸ਼ ਰਹਿਣ ਦੇ ਕੋਰਸ ਕਰ ਰਹੀਆਂ ਸਨ। ਇਸ ਦੇ ਨਾਲ-ਨਾਲ ਉਹ ਜੀਨ ਜੋ ਵਾਇਰਸ ਕੀਟਾਣੂ ਦਾ ਹਮਲਾ ਵਧਾਉਂਦੇ ਹਨ ਜਾਂ ਕੈਂਸਰ ਨੂੰ ਫੈਲਣ ਵਿਚ ਮਦਦ ਕਰਦੇ ਹਨ, ਉੱਕਾ ਹੀ ਸੁਸਤ ਪਏ ਹੋਏ ਲੱਭੇ !

ਇਨ੍ਹਾਂ ਸਾਰੀਆਂ ਔਰਤਾਂ ਨੂੰ ਲਗਾਤਾਰ ਚੈੱਕਅੱਪ ਕਰਦੇ ਰਹਿਣ ਬਾਅਦ ਪਤਾ ਲੱਗਿਆ ਕਿ ਖ਼ੁਸ਼ ਰਹਿਣ ਤੇ ਤਣਾਅ ਛੱਡਣ ਵਾਲੀਆਂ 100 ਔਰਤਾਂ ਕੈਂਸਰ ਰਹਿਤ ਹੋ ਗਈਆਂ ਸਨ ਜਦਕਿ ਦੂਜੇ ਗਰੁੱਪ ਦੀਆਂ 100 ਵਿੱਚੋਂ 60 ਦਾ ਕੈਂਸਰ ਫੈਲ ਗਿਆ ਸੀ !

ਸਪਸ਼ਟ ਹੋ ਗਿਆ ਕਿ ਕੈਂਸਰ ਵਰਗੀ ਨਾ ਮੁਰਾਦ ਬੀਮਾਰੀ ਨਾਲ ਵੀ ਚੜ੍ਹਦੀ ਕਲਾ ਵਿਚ ਰਹਿਣ ਨਾਲ ਲੰਮੀ ਉਮਰ ਭੋਗੀ ਜਾ ਸਕਦੀ ਹੈ ਤੇ ਕੈਂਸਰ ਦੇ ਸੈੱਲਾਂ ਨੂੰ ਮਾਰ ਮੁਕਾਇਆ ਜਾ ਸਕਦਾ ਹੈ। ਇੰਜ ਹੀ ਵਾਇਰਲ ਕੀਟਾਣੂਆਂ ਦੇ ਹਮਲੇ ਦਾ ਅਸਰ ਵੀ, ਖ਼ੁਸ਼ ਰਹਿ ਕੇ ਘਟਾਇਆ ਜਾ ਸਕਦਾ ਹੈ।

ਇਸ ਖੋਜ ਤੋਂ ਬਾਅਦ ਖ਼ੁਸ਼ ਰਹਿਣ ਵਾਲੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਦੇ ਲਹੂ ਦੇ ਟੈਸਟਾਂ ਦੇ ਨਾਲ ਤਿੰਨ ਫਾਰਮ ਵੀ ਭਰਵਾਏ ਗਏ। ਉਨ੍ਹਾਂ ਦੇ ਖਾਣ-ਪੀਣ, ਰਹਿਣ ਸਹਿਣ, ਦੋਸਤਾਂ ਮਿੱਤਰਾਂ ਦੇ ਸਾਥ ਅਤੇ ਜਿਸਮਾਨੀ ਸੰਬੰਧਾਂ ਬਾਰੇ ਵੀ ਪੁੱਛਿਆ ਗਿਆ। ਇੱਕ ਫਾਰਮ ਵਿਚ ਉਨ੍ਹਾਂ ਦੇ ਰਿਸ਼ਤਿਆਂ ਦੀ ਡੂੰਘਿਆਈ, ਪੱਕੀ ਦੋਸਤੀ ਤੇ ਸਮਾਜ ਸੇਵੀ ਕੰਮਾਂ ਬਾਰੇ ਵੀ ਨੋਟ ਕੀਤਾ ਗਿਆ।

ਇਹ ਵੇਖਿਆ ਗਿਆ ਕਿ ਖ਼ੁਸ਼ ਰਹਿਣ ਵਾਲਿਆਂ ਵਿੱਚੋਂ ਜਿੰਨ੍ਹਾਂ ਦੀ ਜ਼ਿੰਦਗੀ ਵਿਚ ਸੰਤੁਸ਼ਟੀ ਸੀ, ਗੂੜ੍ਹੇ ਰਿਸ਼ਤੇ ਸੀ, ਪੱਕੀ ਦੋਸਤੀ ਸੀ, ਸਮਾਜ ਸੇਵੀ ਕੰਮਾਂ ਨਾਲ ਜੁੜੇ ਸਨ ਤੇ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਸੀ, ਉਨ੍ਹਾਂ ਦੇ ਜੀਨ ਵਧੀਆ ਅਸਰ ਵਿਖਾ ਰਹੇ ਸਨ। ਜਿਹੜੇ ਵੇਖਣ ਨੂੰ ਖ਼ੁਸ਼ ਸਨ ਪਰ ਉਨ੍ਹਾਂ ਦੇ ਕੋਈ ਪੱਕੇ ਦੋਸਤ ਮਿੱਤਰ ਨਹੀਂ ਸਨ, ਜੀਵਨ ਸਾਥੀ ਨਾਲ ਰਿਸ਼ਤਾ ਨਿੱਘਾ ਨਹੀਂ ਸੀ, ਸਿਰਫ਼ ਕੰਮ ਕਾਰ ਵਿਚ ਹੀ ਆਪਣੇ ਆਪ ਨੂੰ ਮਸਰੂਫ਼ ਰੱਖ ਰਹੇ ਸਨ ਅਤੇ ਬਾਕੀ ਸਮਾਂ ਸ਼ਰਾਬ ਪੀ ਕੇ ਜਾਂ ਮਸਤੀ ਕਰ ਕੇ ਲੰਘਾ ਰਹੇ ਸਨ, ਉਨ੍ਹਾਂ ਦੇ ਸਰੀਰਾਂ ਅੰਦਰ ਉਹੋ ਜਿਹਾ ਹੀ ਹਾਲ ਲੱਭਿਆ ਜਿਹੋ ਜਿਹਾ ਇਕੱਲੇ ਰਹਿਣ ਵਾਲਿਆਂ ਵਿਚ ਸੀ। ਯਾਨੀ ਅਜਿਹੇ ਲੋਕ ਔਖੇ ਸਮੇਂ ਛੇਤੀ ਢਹਿ ਢੇਰੀ ਹੋ ਜਾਂਦੇ ਸਨ ਤੇ ਬੀਮਾਰੀਆਂ ਵੀ ਛੇਤੀ ਸਹੇੜ ਰਹੇ ਸਨ। ਇਨ੍ਹਾਂ ਦਾ ਇਮਿਊਨ ਸਿਸਟਮ ਓਨਾ ਤਕੜਾ ਨਹੀਂ ਸੀ। ਜਿਵੇਂ ਹੀ ਇਨ੍ਹਾਂ ਵਿੱਚੋਂ ਕੁੱਝ ਦਾ ਧਿਆਨ ਹੋਰ ਪਾਸਿਆਂ ਵੱਲ ਵੰਡਾ ਕੇ ਤਣਾਅ ਘਟਾਇਆ ਗਿਆ ਤਾਂ ਇਨ੍ਹਾਂ ਦੇ ਸਰੀਰਾਂ ਵਿਚ ਵੀ ਤਬਦੀਲੀ ਦਿਸ ਪਈ। ਇਹ ਹੋਰ ਪਾਸੇ ਸਨ-ਸਮਾਜ ਸੇਵਾ, ਫੋਟੋਗ੍ਰਾਫੀ, ਪੇਂਟਿੰਗ, ਖੇਡਾਂ, ਡਾਂਸ ਸਿੱਖਣਾ, ਕਸਰਤ ਕਰਨੀ, ਪਾਲਿਟਿਕਸ ਵੱਲ ਰੁਝਾਨ, ਆਦਿ।

ਇਸ ਖੋਜ ਉੱਤੇ ਆਧਾਰਿਤ ਹੁਣ ਮੈਡੀਕਲ ਦੀਆਂ ਕਿਤਾਬਾਂ ਵਿਚ ਦਰਜ ਚੈਪਟਰ ਵੀ ਪੜ੍ਹਨ ਨੂੰ ਮਿਲਦੇ ਹਨ, ਜਿਨ੍ਹਾਂ ਵਿਚ ਸ਼ੁਰੂਆਤ ਹੀ ਇਨ੍ਹਾਂ ਸਤਰਾਂ ਤੋਂ ਕੀਤੀ ਜਾਂਦੀ ਹੈ :-

‘‘ਖ਼ੁਸ਼ੀ ਤੇ ਚੜ੍ਹਦੀ ਕਲਾ ਸਿਹਤ ਅਤੇ ਲੰਮੀ ਉਮਰ ਦਾ ਰਾਜ਼ ਹਨ। ਸਕਾਰਾਤਮਕ ਸੋਚ ਮਾੜੀ ਤੋਂ ਮਾੜੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਚੌਗੁਣੀ ਕਰ ਦਿੰਦੀ ਹੈ ਤੇ ਕਈ ਵਾਰ ਇਮਿਊਨ ਸਿਸਟਮ ਨੂੰ ਏਨਾ ਰਵਾਂ ਕਰ ਦਿੰਦੀ ਹੈ ਕਿ ਬਿਨਾਂ ਦਵਾਈ ਦੇ ਵੀ ਬੀਮਾਰੀ ਠੀਕ ਹੋ ਜਾਂਦੀ ਹੈ।’’

ਜਿਹੜਾ ਫਾਰਮੂਲਾ ਦੁਨੀਆ ਭਰ ਦੇ ਡਾਕਟਰ ਯਾਦ ਕਰਦੇ ਹਨ, ਉਹ ਹੈ :-

ਕਿੰਨੇ ਕੀਟਾਣੂ           X        ਕੀਟਾਣੂਆਂ ਦੀ ਤਾਕਤ

ਬੀਮਾਰੀ ਕਿੰਨੀ ਵੱਧ =         ——————————

ਸਰੀਰ ਵਿਚਲੀ ਬੀਮਾਰੀਆਂ ਨਾਲ ਲੜਨ ਦੀ ਤਾਕਤ  (ਖਿੜਿਆ ਮਨ, ਚੜ੍ਹਦੀਕਲਾ ਤੇ ਸਕਾਰਾਤਮਕ ਸੋਚ)

ਅੰਤ ਵਿਚ ਸਿਰਫ਼ ਏਨਾ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਮਤ ਭਾਵੇਂ ਥੋੜ੍ਹੀ ਹੈ ਪਰ ਫਿਰ ਵੀ ਮੈਂ ਆਪਣੀ ਸਮਝ ਅਨੁਸਾਰ ਹੈਰਾਨ ਜ਼ਰੂਰ ਹੋਈ ਹਾਂ ਕਿ ਚੜ੍ਹਦੀ ਕਲਾ ਬਾਰੇ 60 ਸਾਲਾਂ ਦੀ ਖੋਜ ਤੋਂ ਬਾਅਦ ਹੀ ਮੈਡੀਕਲ ਸਾਇੰਸ ਸਮਝ ਸਕੀ ਹੈ ਕਿ ਇਹ ਕਿੰਨੀ ਬੇਸ਼ਕੀਮਤੀ ਹੈ, ਪਰ ਸਵਾਲ ਇਹ ਹੈ ਕਿ ਸਿੱਖਾਂ ਦੀ ਅਰਦਾਸ ਵਿਚ ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ ਸਦੀਆਂ ਪਹਿਲਾਂ ਕਿਵੇਂ ਸ਼ਾਮਲ ਹੋ ਗਏ ਸਨ ?