ਪਵਿੱਤਰ ਕੱਚੀ ਲੱਸੀ

0
604

ਪਵਿੱਤਰ ਕੱਚੀ ਲੱਸੀ

ਗੁਰਦੇਵ ਸਿੰਘ ਸੱਧੇਵਾਲੀਆ

ਸ਼ਿਵ ਪੁਰਾਣ ਦੀ ਕਹਾਣੀ ਹੈ ਕਿ ਜਦ ਸ਼ਿਵ ਜੀ ਭਗਵਾਨ ਦੀ ਪਹਿਲੀ ਪਤਨੀ ਸਤੀ ਦੇ ਪਿਓ ਨੇ ਜੱਗ ਕੀਤਾ ਤਾਂ ਨਸ਼ੇੜੀ ਅਤੇ ਝਗੜਾਲੂ ਜਾਣ ਕੇ ਸ਼ਿਵ ਜੀ ਨੂੰ ਉਸ ਨੇ ਸੱਦਾ ਨਾ ਦਿੱਤਾ ਤਾਂ ਸਤੀ; ਸ਼ਿਵ ਜੀ ਦੇ ਰੋਕਣ ’ਤੇ ਵੀ ਬਿਨਾਂ ਸੱਦੇ ਆਪਣੇ ਪਿਓ ਦੇ ਜੱਗ ਵਿੱਚ ਜਾ ਵੜੀ। ਜਗ ਵਿੱਚ ਸਾਰਿਆਂ ਦੇ ਨਾਂ ਦੇ ਨਿਉਂਦੇ ਪਾਏ ਗਏ ਪਰ ਸ਼ਿਵ ਜੀ ਦਾ ਨਿਉਂਦਾ ਨਾ ਕੱਢਿਆ ਗਿਆ ਤਾਂ ਸਤੀ ਨੇ ਗੁੱਸੇ ਵਿੱਚ ਆ ਕੇ ਆਪਣੇ ਪਿਓ ਨਾਲ ਲੜ ਕੇ ਹਵਨ ਦੀ ਅੱਗ ਵਿੱਚ ਹੀ ਛਾਲ ਮਾਰ ਦਿੱਤੀ। ਪਤਾ ਲੱਗਣ ’ਤੇ ਸਹੁਰੇ ਦੀ ਕੁੱਟਮਾਰ ਕਰ ਕੇ ਸ਼ਿਵ ਜੀ ਅੱਧ ਸੜੀ ਸਤੀ ਨੂੰ ਮੌਰਾਂ ਉੱਪਰ ਚੁੱਕੀ ਜੰਗਲਾਂ ਵਿੱਚ ਭਟਕਦੇ ਰਹੇ। ਕੱਚ ਭੁੰਨੀ ਸਤੀ ਦਾ ਜਿੱਥੇ ਜਿਹੜਾ ਅੰਗ ਡਿੱਗਿਆ ਉੱਥੇ ਹੀ ਤੀਰਥ ਅਸਥਾਨ ਬਣ ਗਿਆ ਮਸਲਨ ਅੱਖਾਂ ਵਾਲੀ ਥਾਂ ਨੈਣਾਂ ਦੇਵੀ ਆਦਿ।

ਬੜਾ ਸਮਾਂ ‘ਭਗਵਨ’ ਸਤੀ ਦੇ ਬੈਰਾਗ ਵਿੱਚ ਜੰਗਲਾਂ ਵਿੱਚ ਨੰਗ-ਧੜੰਗੇ ਭਟਕਦਾ ਰਿਹਾ। ਕਹਾਣੀ ਮੁਤਾਬਕ ਪਾਗਲਾਂ ਵਾਲੀ ਹਾਲਤ ਹੋਈ ਰਹੀ ‘ਭਗਵਨ’ ਦੀ। ਇਸੇ ਹਾਲਤ ਵਿੱਚ ਇੱਕ ਦਿਨ ਭਟਕਦੇ ਭਟਕਦੇ ਉਹ ਰਿਸ਼ੀਆਂ ਦੇ ਆਸ਼ਰਮਾਂ ਵੱਲ ਨਿਕਲ ਗਏ। ਰਿਸ਼ੀ ਜਨ ਖੁਦ ਤਾਂ ਉੱਥੇ ਨਹੀਂ ਸਨ ਪਰ ਉਨ੍ਹਾਂ ਦੀਆਂ ਪਤਨੀਆਂ ਸ਼ਿਵ ਜੀ ਨੂੰ ਨੰਗ-ਧੜੰਗ ਦੇਖ ਕੇ ‘ਖਿੜ’ ਗਈਆਂ ਯਾਨੀ ਕਹਾਣੀ ਮੁਤਾਬਕ ਚਿਪਕ ਹੀ ਗਈਆਂ ਤੇ ਆਖਰ ‘ਭਗਵਨ’ ਕਿਹੜੇ ਨਾਮਰਦ ਸਨ ਉਨ੍ਹਾਂ ਉਥੇ ਹੀ ਰਿਸ਼ੀਆਂ ਦੀਆਂ ਪਤਨੀਆਂ ਨਾਲ ਜਦ ਹਨੀਮੂਨ ਮਨਾਉਣਾ ਸ਼ੁਰੂ ਕਰ ਦਿੱਤਾ ਤਾਂ ਕੁਦਰਤੀ ਰਿਸ਼ੀ ਜਨ ਵੀ ਉੱਪਰ ਹੀ ਆ ਗਏ। ਉਨ੍ਹਾਂ ਜਦ ਸਰੇ ਬਜ਼ਾਰ ਯਾਨੀ ਸਰੇ ਜੰਗਲ ‘ਮੇਲਾ’ ਲੱਗਾ ਦੇਖਿਆ ਤਾਂ ਉਨ੍ਹਾਂ ਦੀ ਅਣਖ ਨੂੰ ਬੁਰਾ ਵੱਟ ਚੜ੍ਹਿਆ।  ਉਨ੍ਹਾਂ ਗੁੱਸੇ ’ਚ ਆਇਆਂ ਇਹ ਵੀ ਨਾ ਦੇਖਿਆ ਕਿ ਇਹ ਤਾਂ ‘ਭਗਵਨ ਦੀ ਲੀਲ੍ਹਾ’ ਸੀ ਉਨ੍ਹਾਂ ਸਰਾਪ ਵਾਲਾ ਚਿਲਾ ਚਾੜ੍ਹਿਆ ਤੇ ਤੀਰ ਬੜਾ ਸ਼ਿਵ ਜੀ ਦੇ ਕਸੂਤੇ ਥਾਂ ਮਾਰਿਆ। ਸਰਾਪ ਦੇ ਤੀਰ ਨਾਲ ਉਨ੍ਹਾਂ ਦੀ ਅਣਖ ਨੂੰ ਚੈਲਿੰਜ ਕਰਨ ਵਾਲੇ ਲਿੰਗ ਦਾ ਹੀ ਉਨ੍ਹੀ ਫਸਤਾ ਵੱਡ ਦਿੱਤਾ।  ਯਾਨੀ ਸਰਾਪ ਦੇ ਕੇ ਸ਼ਿਵ ਜੀ ਦਾ ਲਿੰਗ ਹੀ ਝਾੜ ਛੱਡਿਆ। ਆਪਣੀ ਇਸ ਹਾਸੋਹੀਣੀ ਦੁਰਦਸ਼ਾ ਨੂੰ ਦੇਖ ਸ਼ਿਵ ਜੀ ਇੰਨਾ ਕ੍ਰੋਧਿਤ ਹੋਏ ਕਿ ਉਨ੍ਹਾਂ ਦੇ ਝੜੇ ਹੋਏ ਲਿੰਗ ਨਾਲ ਤਿੰਨ ਲੋਕ ਸੜਨ ਲੱਗੇ ਅਤੇ ਧਰਤੀ ਉਪਰ ਹਾਹਾਕਾਰ ਮੱਚ ਗਈ।

ਆਖਰ ਧਰਤੀ ਵਿਚਾਰੀ ਹੋਰ ਜਾਂਦੀ ਵੀ ਕਿੱਥੇ ਉਸ ਨੂੰ ਵਿਸ਼ਨੂੰ ਜੀ ਦੇ ਖੀਰ ਸਮੁੰਦਰ ਦਾ ਐਡਰੈਸ ਪਤਾ ਸੀ ਤੇ ਉਸ ਨੇ ਉਥੇ ਜਾ ਪੁਕਾਰ ਕੀਤੀ ਤੇ ਆਖਰ ਅੱਗ ਜ਼ਿਆਦਾ ਸੀ, ਸੋ ‘ਫਾਇਰ-ਬਰਗੇਡ’ ਵੀ ਉਸ ਹਿਸਾਬ ਹੀ ਆਉਣੇ ਸਨ ਤੇ ਵਿਸ਼ਨੂੰ ਜੀ ਨੇ ਬਾਕੀ ਦੇਵਤਿਆਂ ਨੂੰ ਨਾਲ ਲਿਆ ਅਤੇ ਲੱਗੀ ਹੋਈ ਅੱਗ ਦਾ ਜਾਇਜਾ ਲੈਂਦਿਆਂ ਸਾਰਿਆਂ ਨੂੰ ਹੁਕਮ ਕੀਤਾ ਕਿ ਅੱਗ ਜ਼ਿਆਦਾ ਤਪਸ਼ ਵਾਲੀ ਹੈ ਕੋਈ ਬਹੁਤ ਠੰਢੀ ਚੀਜ਼ ਲਿਆ ਕੇ ਪਾਓ।  ਕਿਸੇ ਲਾਗੋਂ ਰਾਇ ਦਿੱਤੀ ਕਿ ਹੇ ਭਗਵਨ  ! ਸਭ ਤੋਂ ਜ਼ਿਆਦਾ ਠੰਡੀ ਕੱਚੀ ਲੱਸੀ ਮੰਨੀ ਗਈ ਹੈ।

ਗੱਲ ਕੀ ਇਸ ‘ਭਿਆਨਕ’ ਅੱਗ ਨੂੰ ਬੁਝਾਉਣ ਲਈ ਹਜ਼ਾਰਾਂ ਸਾਲਾਂ ਤੋਂ ਹਿੰਦੂ ਵਿਚਾਰੇ ਹੁਣ ਤੱਕ ਸ਼ਿਵਲਿੰਗ ਉੱਪਰ ਕੱਚੀ ਲੱਸੀ ਪਾਉਂਦੇ ਆ ਰਹੇ ਹਨ ਉਨ੍ਹਾਂ ਨੂੰ ਜਾਪਦਾ ਹੈ ਮਤਾਂ ਅੱਗ ਫਿਰ ਭੜਕ ਪਵੇ ਸਿ੍ਰਸ਼ਟੀ ਮੁੜ ਸੜਨ ਲੱਗ ਜਾਵੇ। ਇਹ ਵੀ ਹੋ ਸਕਦਾ ਹੈ ਕਿ ਇਸ ਲਗਾਤਾਰ ਠੰਡਾ ਨਾ ਕਰਦੇ ਰਹਿਣ ਦੀ ਸੂਰਤ ਵਿੱਚ ਜਪਾਨ ਦੇ ਨਿਉਕਲੀਅਰ ਪਲਾਟਾਂ ਵਾਂਗ ਇਸ ਵਿੱਚੋਂ ਰੈਡੀਏਸ਼ਨ ਨਿਕਲ ਕੇ ਸਾਰੀ ਧਰਤੀ ਤਬਾਹ ਹੋ ਜਾਵੇ ! ਧੰਨ ਹਨ ਦੇਵਤਾ ਜਨ, ਜਿਨ੍ਹਾਂ ਕੱਚੀ ਲੱਸੀ ਵਰਗੀ ਠੰਡੀ ਚੀਜ਼ ਦੀ ‘ਕਾਢ’ ਨਾਲ ਸਿ੍ਰਸ਼ਟੀ ਨੂੰ ਸੜਨੋ ਬਚਾ ਲਿਆ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਸਿੱਖਾਂ ਦੇ ‘ਭ੍ਰਮ ਗਿਆਨੀ’ ਵੀ ਧੰਨ ਹਨ ਜਿਨ੍ਹਾਂ ਸ਼ਿਵ ਲਿੰਗ ਤੋਂ ਬਚੀ ਹੋਈ ਕੱਚੀ ਲੱਸੀ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਉੱਪਰ ਡੋਲ੍ਹਣੀ ਸ਼ੁਰੂ ਕਰ ਦਿੱਤੀ ਹੈ। ਹਿੰਦੂਆਂ ਦੀ ਤਾਂ ਚੱਲੋ ਮਜਬੂਰੀ ਸੀ ਉਨ੍ਹਾਂ ਦਾ ਤਾਂ ਸ਼ਿਵਲਿੰਗ ਸੜ ਰਿਹਾ ਸੀ ਉਹ ਵਿਚਾਰੇ ਡਰੇ ਹੋਏ ਹਾਲੇ ਤੱਕ ਸ਼ਿਵਲਿੰਗ ਉੱਪਰ ਕੱਚੀ ਲੱਸੀ ਡੋਲ੍ਹੀ ਤੁਰੇ ਆ ਰਹੇ ਹਨ ਕਿ ਮਤੇ ਸ਼ਿਵਲਿੰਗ ਜੀ ਫਿਰ ਤੱਤੇ ਹੋ ਕੇ ਅੱਗਾਂ ਨਾ ਲਾ ਦੇਣ ਪਰ ਸਿੱਖਾਂ ਦੇ ਪੰਡਿਆਂ ਨੂੰ ਕਿਸ ਚੀਜ਼ ਦੇ ਸੜਨ ਦਾ ਖ਼ਤਰਾ ਹੈ ਬਈ। ਹਿੰਦੂ ਤਾਂ ਹਾਲੇ ਗੜਵੀਆਂ ’ਚ ਡੋਲ੍ਹਦੇ ਨੇ ਕੱਚੀ ਲੱਸੀ ਪਰ ਸਿੱਖਾਂ ਦੇ ਪੰਡਿਆਂ ਨੇ ਬਾਲਟੀਆਂ ਦੀਆਂ ਬਾਲਟੀਆਂ ਹੀ ਉਲਟਾ ਮਾਰੀਆਂ।

ਬਾਬਾ ਫੌਜਾ ਸਿੰਘ ਕੱਚੀ ਲੱਸੀ ਦੀ ਬਾਲਟੀ ਨਿਸ਼ਾਨ ਸਾਹਿਬ ਦੁਆਲੇ ਚੁੱਕੀ ਫਿਰਦੇ ਮੁੜਕੋ ਮੁੜਕੀ ਹੋਈ ਫਿਰਦੇ ਇੱਕ ਭਾਈ ਨੂੰ ਕਹਿਣ ਲੱਗਾ ਕਿ ਇਸ ਗੱਡੇ ਹੋਏ ਪੋਲ ਨੂੰ ਕੀ ਲੱਗਾ ਜਿਹੜਾ ਕੱਚੀ ਲੱਸੀ ਨਾਲ ਲੱਥਣਾ ਜੇ ਸਫਾਈ ਹੀ ਕਰਨੀ ਹੈ ਤਾਂ ਇਹ ਤਾਂ ਪਾਣੀ ਨਾਲ ਵੀ ਧੋਤਾ ਜਾ ਸਕਦਾ ਹੈ।

ਹੀ, ਹੀ, ਹੀ, ਇਹੀ ਤਾਂ ਤੁਹਾਨੂੰ ਲੋਕਾਂ ਨੂੰ ਸਮਝ ਨਹੀ। ਇਹ ਗੁਰੂ ਘਰ ਦਾ ਨਿਸ਼ਾਨ ਹੈ ਤੇ ਨਿਸ਼ਾਨ ਗੁਰੂ ਦੇ ਜੁੱਗੋ-ਜੁੱਗ ਝੂਲਦੇ ਰਹੇ ਤੇ ਰਹਿਣਗੇ ਪਰ ਕੱਚੀ ਲੱਸੀ ਦਾ ਨਿਸ਼ਾਨ ਝੁੱਲਣ ਨਾਲ ਕੀ ਸਬੰਧ ?

‘ਮਹਾਂ ਪੁਰਖ’ ਕਹਿੰਦੇ ਹੁੰਦੇ ਸਨ ਕੱਚੀ ਲੱਸੀ ਪਵਿੱਤਰਤਾ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ ਦੇ ਸਤਿਕਾਰ ਵਜੋਂ ਇਹ ਵਰਤੀਦੀ ਹੈ !

ਮਹਾਂਪੁਰਖ ਤੇਰੇ ਕੀ ਕੱਚੀ ਲੱਸੀ ਨਾਲ ਨਾਹੁੰਦੇ ਹੁੰਦੇ ਸਨ ?

ਮਤਲਬ ਤੇਰਾ ? ਉਸ ਦੀਆਂ ਅੱਖਾਂ ਲਾਲ ਹੋ ਗਈਆਂ।

ਮਤਲਬ ਕੱਚੀ ਲੱਸੀ ਪਵਿੱਤਰ ਜੋ ਹੁੰਦੀ ਹੈ ਤੇ ਪਵਿੱਤਰ ਬੰਦੇ ਨੂੰ ਤਾਂ ਫਿਰ ਪਵਿੱਤਰ ਚੀਜ਼ ਹੀ ਵਤਰਣੀ ਚਾਹੀਦੀ ਏ ਨਾ ਬਈ।

ਉਹ ਕੋਈ ਬਿਨਾਂ ਜਵਾਬ ਦਿੱਤਿਆਂ ਭੂੰਅ-ਭੂੰਅ ਕਰਦਾ ਲੱਸੀ ਵਾਲੀ ਬਾਲਟੀ ਫੜੀ ਨਿਸ਼ਾਨ ਸਾਹਿਬ ਵੱਲ ਚਲਾ ਗਿਆ ਜਿੱਥੇ ਗੁਰਦੁਆਰੇ ਦੇ ਪ੍ਰਬੰਧਕ ਗਾਤਰੇ ਪਾਈ ਸਮੇਤ ਲੁਕਾਈ ਦੇ ਦੇਹ ਬਾਲਟੀ, ਦੇਹ ਬਾਲਟੀ ਕੱਚੀ ਲੱਸੀ ਦੀ ਨਿਸ਼ਾਨ ਸਾਹਿਬ ਉੱਪਰ ਡੋਲ੍ਹੀ ਜਾ ਰਹੇ ਸਨ। ਹੇਠਾਂ ਪੈਰਾਂ ਵਿੱਚ ਦੁੱਧ ਪਾਣੀ ਦੀ ਘਾਣੀ ਜਿਹੀ ਮੱਚੀ ਪਈ ਸੀ। ਨਿਸ਼ਾਨ ਸਾਹਿਬ ਅਡੋਲ ਝੂਲ ਰਿਹਾ ਸੀ ਜਾਂ ਪਤਾ ਨਹੀਂ ਸਿੱਖ ਕੌਮ ਦੀ ਤ੍ਰਾਸਦੀ ਉੱਪਰ ਝੁਰ ਰਿਹਾ ਸੀ, ਜਿਹੜੇ ਪੰਡੇ ਦੀ ਦਿੱਤੀ ਹੋਈ ਹਰੇਕ ਚੀਜ਼ ਨੂੰ ‘ਗਾਡ ਗਿਫਟ’ ਸਮਝ ਕੇ ਗੁਰਦੁਆਰਿਆਂ ਵਿੱਚ ਬੜੀ ਬੇਹਯਾਈ ਨਾਲ ਲਾਗੂ ਕਰਦੇ ਹਨ ਤੇ ਕਾਵਾਂ ਰੌਲੀ ਫਿਰ ਵੀ ਖਾਲਸਾ ਨਿਆਰਾ ਦੀ ਪਾਈ ਜਾਂਦੇ ਹਨ।