ਹਮ ਅਪਰਾਧੀ ਸਦ ਭੂਲਤੇ; ਤੁਮ੍ ਬਖਸਨਹਾਰੇ ॥

0
1024

ਹਮ ਅਪਰਾਧੀ ਸਦ ਭੂਲਤੇ; ਤੁਮ੍ ਬਖਸਨਹਾਰੇ ॥

ਪ੍ਰਿੰਸੀਪਲ ਗਿਆਨੀ ਹਰਭਜਨ ਸਿੰਘ-94170-20961

ਰਾਖਹੁ ਅਪਨੀ ਸਰਣਿ ਪ੍ਰਭ ! ਮੋਹਿ ਕਿਰਪਾ ਧਾਰੇ ॥ ਸੇਵਾ ਕਛੂ ਨ ਜਾਨਊ; ਨੀਚੁ ਮੂਰਖਾਰੇ ॥੧॥ ਮਾਨੁ ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ ॥ ਹਮ ਅਪਰਾਧੀ ਸਦ ਭੂਲਤੇ; ਤੁਮ੍ ਬਖਸਨਹਾਰੇ ॥੧॥ ਰਹਾਉ ॥ ਹਮ ਅਵਗਨ ਕਰਹ ਅਸੰਖ ਨੀਤਿ; ਤੁਮ੍ ਨਿਰਗੁਨ ਦਾਤਾਰੇ ॥ ਦਾਸੀ ਸੰਗਤਿ ਪ੍ਰਭੂ ਤਿਆਗਿ; ਏ ਕਰਮ ਹਮਾਰੇ ॥੨॥ ਤੁਮ੍ ਦੇਵਹੁ ਸਭੁ ਕਿਛੁ ਦਇਆ ਧਾਰਿ; ਹਮ ਅਕਿਰਤਘਨਾਰੇ ॥ ਲਾਗਿ ਪਰੇ ਤੇਰੇ ਦਾਨ ਸਿਉ; ਨਹ ਚਿਤਿ ਖਸਮਾਰੇ ॥੩॥ ਤੁਝ ਤੇ ਬਾਹਰਿ ਕਿਛੁ ਨਹੀ; ਭਵ ਕਾਟਨਹਾਰੇ ! ॥ ਕਹੁ ਨਾਨਕ ! ਸਰਣਿ ਦਇਆਲ ਗੁਰ; ਲੇਹੁ ਮੁਗਧ ਉਧਾਰੇ ॥੪॥’’ (ਮ: ੫/੮੦੯)

ਇਹ ਅਨਮੋਲ ਬਚਨ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 809 ਉੱਤੇ ਦਰਜ ਹਨ। ਇਸ ਸ਼ਬਦ ਵਿੱਚ ਸਮਰੱਥ ਗੁਰਦੇਵ ਜੀ ਨਿਮਾਣੇ ਹੋ ਕੇ ਪਰਮੇਸ਼ਰ ਪਿਤਾ ਅੱਗੇ ਬੇਨਤੀ ਕਰਨ ਦਾ ਢੰਗ ਦੱਸ ਰਹੇ ਹਨ ਪਰ ਨਾਲ ਹੀ ਇਹ ਵੀ ਸਮਝਾ ਰਹੇ ਹਨ ਕਿ ਪ੍ਰਭੂ ਪਿਆਰਾ ਆਪਣੇ ਪਿਤਾ ਪਰਮੇਸ਼ਰ ਉੱਤੇ ਮਾਣ ਕਰਦਾ ਹੋਇਆ ਇਸ ਤਰ੍ਹਾਂ ਆਖਦਾ ਹੈ: ‘‘ਹਉ ਮਾਣੁ ਤਾਣੁ ਕਰਉ ਤੇਰਾ; ਹਉ ਜਾਨਉ ਆਪਾ ॥ ਸਭ ਹੀ ਮਧਿ, ਸਭਹਿ ਤੇ ਬਾਹਰਿ; ਬੇਮੁਹਤਾਜ ਬਾਪਾ ॥’’ (ਮ: ੫/੫੧)

ਆਪਣੀ ਅਲਪਗਤਾ, ਗੁਨਹਗਾਰੀ, ਅਕ੍ਰਿਤਘਨਾਰੀ ਨੂੰ ਗੁਰੂ ਪਰਮੇਸ਼ਰ ਦੇ ਚਰਨਾਂ ’ਚ ਰੱਖ ਕੇ ਜੋਦੜੀ ਕਰਨ ਨਾਲ ਸੱਚ ਮੁੱਚ ਹੀ ਕਠੋਰ ਮਨ ਕੋਮਲ ਹੋ ਜਾਂਦਾ ਹੈ। ਵੀਚਾਰ ਅਧੀਨ ਸ਼ਬਦ ਦੀਆਂ ‘ਰਹਾਉ’ ਵਾਲੀਆਂ ਪੰਕਤੀਆਂ ਰਾਹੀਂ ਸਤਿਗੁਰ ਜੀ ਫ਼ੁਰਮਾ ਰਹੇ ਹਨ ਕਿ ‘‘ਮਾਨੁ ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ ॥ ਹਮ ਅਪਰਾਧੀ ਸਦ ਭੂਲਤੇ; ਤੁਮ੍ ਬਖਸਨਹਾਰੇ ॥੧॥ ਰਹਾਉ ॥’’ ਭਾਵ ਹੇ ਮੇਰੇ ਪ੍ਰੀਤਮ ਪਿਆਰੇ! ਮੈਂ ਤੁਹਾਡੇ ਉੱਪਰ ਇਸ ਗੱਲ ਦਾ ਮਾਣ ਕਰਦਾ ਹਾਂ ਕਿ ਅਸੀਂ ਪਾਪੀ ਸਦਾ ਹੀ ਭੁੱਲਦੇ ਹਾਂ ਅਤੇ ਤੁਸੀਂ ਸਦਾ ਸਾਨੂੰ ਬਖ਼ਸ਼ਣਹਾਰੇ ਹੋ। ਛੋਟੇ ਬੱਚੇ ਨੂੰ ਆਪਣੇ ਪਿਤਾ ਉੱਤੇ ਮਾਣ ਹੁੰਦਾ ਹੈ ਤਾਂ ਹੀ ਤਾਂ ਪਿਤਾ ਜਾਣੇ ਅਣਜਾਣੇ ਉਸ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਦੇਂਦਾ ਹੈ। ਪਿਆਰ ਨਾਲ ਝਿੜਕ ਕੇ ਅੱਗੋਂ ਲਈ ਸੁਚੇਤ ਕਰ ਦੇਂਦਾ ਹੈ। ਗੁਰੂ ਅਰਜਨ ਦੇਵ ਜੀ ਦੇ ਬਚਨ ਹਨ: ‘‘ਜੈਸਾ ਬਾਲਕੁ ਭਾਇ ਸੁਭਾਈ; ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ; ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ; ਆਗੈ ਮਾਰਗਿ ਪਾਵੈ ॥’’ (ਮ: ੫/੬੨੪)

ਭਗਤ ਰਵਿਦਾਸ ਜੀ ਨੇ ਤਾਂ ਆਪਣੇ ਪ੍ਰਭੂ ਪਿਤਾ ਦੇ ਪਿਆਰ ’ਚ ਆ ਕੇ ਇੱਥੋਂ ਤੱਕ ਕਹਿ ਦਿੱਤਾ ਕਿ ‘‘ਜਉ ਪੈ ਹਮ ਨ ਪਾਪ ਕਰੰਤਾ; ਅਹੇ ਅਨੰਤਾ ! ॥ ਪਤਿਤ ਪਾਵਨ; ਨਾਮੁ ਕੈਸੇ ਹੁੰਤਾ ? ॥੧॥ ਰਹਾਉ ॥’’ (ਭਗਤ ਰਵਿਦਾਸ/੯੩) ਭਾਵ ਹੇ ਬੇਅੰਤ ਪ੍ਰਭੂ ! ਜੇ ਅਸੀਂ ਪਾਪ ਨਾ ਕਰਦੇ ਤਾਂ ਤੁਮਾਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਕਿਵੇਂ ਹੁੰਦਾ ?

ਭਗਤ ਕਬੀਰ ਜੀ ਵੀ ਕੁਝ ਅਜਿਹੇ ਹੀ ਬਚਨ ਕਰਦੇ ਹਨ ਕਿ ‘‘ਤੁਮ ਸਮਸਰਿ ਨਾਹੀ ਦਇਆਲੁ; ਮੋਹਿ ਸਮਸਰਿ ਪਾਪੀ ॥’’ (ਭਗਤ ਕਬੀਰ/੮੫੬) ਜਾਂ ‘‘ਸੁਤੁ ਅਪਰਾਧ; ਕਰਤ ਹੈ ਜੇਤੇ ॥ ਜਨਨੀ ਚੀਤਿ ਨ ਰਾਖਸਿ ਤੇਤੇ ॥੧॥ ਰਾਮਈਆ ! ਹਉ ਬਾਰਿਕੁ ਤੇਰਾ ॥ ਕਾਹੇ ਨ ਖੰਡਸਿ; ਅਵਗਨੁ ਮੇਰਾ ॥੧॥ ਰਹਾਉ ॥’’ (ਭਗਤ ਕਬੀਰ/੪੭੮)

ਸ਼ਬਦ ਦੇ ਪਹਿਲੇ ਪਦੇ ’ਚ ਗੁਰੂ ਅਰਜਨ ਸਾਹਿਬ ਜੀ ਨਿਮਰਤਾ ਸਹਿਤ ਪ੍ਰਭੂ ਅੱਗੇ ਜੋਦੜੀ ਕਰਦੇ ਹੋਏ ਫ਼ੁਰਮਾ ਰਹੇ ਹਨ ਕਿ: ‘‘ਰਾਖਹੁ ਅਪਨੀ ਸਰਣਿ ਪ੍ਰਭ ! ਮੋਹਿ ਕਿਰਪਾ ਧਾਰੇ ॥ ਸੇਵਾ ਕਛੂ ਨ ਜਾਨਊ; ਨੀਚੁ ਮੂਰਖਾਰੇ ॥੧॥’’ ਭਾਵ ਹੇ ਪ੍ਰਭੂ ! ਮੇਰੇ ਉੱਤੇ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਵੋ, ਮੈ ਆਪ ਜੀ ਦੀ ਸੇਵਾ-ਭਗਤੀ ਕਰਨੀ ਨਹੀਂ ਜਾਣਦਾ, ਮੈ ਨੀਚ ਅਤੇ ਵੱਡਾ ਮੂਰਖ ਹਾਂ। ਹਰ ਚੀਜ਼ ਦੀ ਕੋਈ ਨਾ ਕੋਈ ਹੱਦ ਹੁੰਦੀ ਹੈ ਪਰ ਇੱਥੇ ਤਾਂ ਨਿਮਰਤਾ ਦੀ ਕੋਈ ਸੀਮਾ ਹੀ ਨਹੀਂ ਰਹੀ। ਸਾਰੀਆਂ ਹੱਦਾਂ ਬੰਨ੍ਹਿਆਂ ਨੂੰ ਪਿੱਛੇ ਛੱਡਦੇ ਹੋਏ ਸਤਿਗੁਰੂ ਜੀ ਨੇ ਆਪਣੇ ਲਈ ਨੀਚ ਤੇ ਮੂਰਖ ਸ਼ਬਦਾਂ ਦੀ ਵਰਤੋਂ ਕੀਤੀ ਹੈ। ਗੁਰਬਾਣੀ ’ਚ ਅਜਿਹੇ ਸ਼ਬਦਾਂ ਦੀ ਵਰਤੋਂ ਪਹਿਲੀ ਵਾਰ ਨਹੀਂ ਕੀਤੀ ਗਈ। ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਸਾਹਿਬ ਜੀ ਦੇ ਵੀ ‘‘ਨਾਨਕੁ ਨੀਚੁ ਕਹੈ ਵੀਚਾਰੁ ॥’’ (ਜਪੁ) ਆਦਿ ਬਚਨ ਸਾਡੇ ਸਾਮ੍ਹਣੇ ਮੌਜੂਦ ਹਨ। ਇਨ੍ਹਾਂ ਤੋਂ ਇਹੀ ਸੇਧ ਲੈਣੀ ਚਾਹੀਦੀ ਹੈ ਕਿ ਜੇ ਗੁਰੂ ਸਾਹਿਬਾਨ ਆਪ ਇਤਨੀ ਨਿਮਰਤਾ ਦੇ ਧਾਰਨੀ ਹਨ ਤਾਂ ਸਾਨੂੰ ਵੀ ਕਿਸੇ ਪ੍ਰਕਾਰ ਦਾ ਅਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਅਗਰ ਕੁਝ ਗੁਣ ਕਿਸੇ ਵਿੱਚ ਹਨ ਤਾਂ ਉਹ ਸਭ ਪਰਮੇਸ਼ਰ ਦੇ ਹੀ ਦਿੱਤੇ ਹੋਏ ਹਨ।

ਗੁਣੀ ਨਿਧਾਨ ਸਤਿਗੁਰੂ ਅਰਜਨ ਦੇਵ ਜੀ ਵੀਚਾਰ ਅਧੀਨ ਸ਼ਬਦ ਦੀਆਂ ਦੂਜੀਆਂ ਤੇ ਤੀਜੀਆਂ ਪੰਕਤੀਆਂ ਵਿੱਚ ਫ਼ੁਰਮਾ ਰਹੇ ਹਨ ਕਿ: ‘‘ਹਮ ਅਵਗਨ ਕਰਹ ਅਸੰਖ ਨੀਤਿ; ਤੁਮ੍ ਨਿਰਗੁਨ ਦਾਤਾਰੇ ॥ ਦਾਸੀ ਸੰਗਤਿ ਪ੍ਰਭੂ ਤਿਆਗਿ; ਏ ਕਰਮ ਹਮਾਰੇ ॥੨॥ ਤੁਮ੍ ਦੇਵਹੁ ਸਭੁ ਕਿਛੁ ਦਇਆ ਧਾਰਿ; ਹਮ ਅਕਿਰਤਘਨਾਰੇ ॥ ਲਾਗਿ ਪਰੇ ਤੇਰੇ ਦਾਨ ਸਿਉ; ਨਹ ਚਿਤਿ ਖਸਮਾਰੇ ॥੩॥’’ ਭਾਵ ਹੇ ਪ੍ਰੀਤਮ ਪਿਆਰੇ! ਅਸੀਂ ਹਰ ਰੋਜ਼ ਅਣਗਿਣਤ ਔਗੁਣ ਕਰਦੇ ਹਾਂ ਪਰ ਤੁਸੀਂ ਅਸਾਂ ਨਿਰਗੁਣਾਂ ਨੂੰ ਵੀ ਦਾਤਾਂ ਦੇਂਦੇ ਹੋ। ਅਸੀਂ, ਤੁਸਾਂ ਵਰਗੇ ਮਾਲਕ ਪ੍ਰਭੂ ਨੂੰ ਛੱਡ ਕੇ ਤੇਰੀ ਦਾਸੀ (ਮਾਇਆ) ਦੀ ਸੰਗਤ ਕਰਦੇ ਹਾਂ ਭਾਵ ਅਜਿਹੇ ਅਤਿ ਘਟੀਆ ਕੰਮ ਕਰਦੇ ਹਾਂ। ਹੇ ਪ੍ਰੀਤਮ ਪਿਆਰੇ ! ਤੁਸੀਂ ਦਇਆ ਕਰਕੇ ਫਿਰ ਵੀ ਸਾਨੂੰ ਸਭ ਗੁਣ ਦੇਂਦੇ ਹੋ। ਅਸੀਂ ਅਕ੍ਰਿਤਘਣ ਲੂਣ ਹਰਾਮੀ ਹਾਂ, ਜੋ ਤੁਹਾਡਾ ਕੀਤਾ ਹੋਇਆ ਹਰ ਉਪਕਾਰ ਨਹੀਂ ਸਮਝ ਸਕਦੇ। ਅਸੀਂ ਤੇਰੇ ਦਾਨ ਨਾਲ ਜੁੜੇ ਹੋਏ ਹਾਂ ਤੇ ਤੁਸਾਂ ਦਾਤਾਰ (ਖਸਮ) ਨੂੰ ਚਿਤ ਵਿੱਚ ਯਾਦ ਨਹੀਂ ਕਰਦੇ।

ਗੁਰਮਤ ਦੇ ਮਹਾਨ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸੰਗਤ ਦਾ ਅਨੰਦ ਮਾਣਿਆ, ਉਨ੍ਹਾਂ ਉੱਤੇ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਦਾ ਕਿੰਨਾ ਪ੍ਰਭਾਵ ਸੀ, ਇਸ ਗੱਲ ਦਾ ਪਤਾ ਉਨ੍ਹਾਂ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਅਹਿਸਾਸ ਹੁੰਦਾ ਹੈ; ਜਿਵੇਂ ਕਿਸੇ ਦਰਖ਼ਤ ਦੀਆਂ ਟਹਿਣੀਆਂ ਫਲ ਲੱਗਣ ਉਪਰੰਤ ਝੁਕ ਕੇ ਧਰਤੀ ਨੂੰ ਛੁਹਣ ਲੱਗ ਜਾਂਦੀਆਂ ਹਨ ਤਿਵੇਂ ਹੀ ਭਾਈ ਸਾਹਿਬ ਜੀ ਦੇ ਜੀਵਨ ’ਚ ਗੁਣ ਹੁੰਦਿਆਂ ਹੋਇਆਂ ਵੀ ਕਿੰਨੀ ਗਰੀਬੀ ਤੇ ਨਿਮਰਤਾ ਹੈ, ਇਸ ਦਾ ਅੰਦਾਜ਼ਾ ਭਾਈ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਨਾਲ ਹੋ ਜਾਂਦਾ ਹੈ: ‘‘ਹਉ ਅਪਰਾਧੀ, ਗੁਨਹਗਾਰੁ; ਹਉ ਬੇਮੁਖ ਮੰਦਾ। ਚੋਰੁ, ਯਾਰੁ, ਜੂਆਰਿ ਹਉ; ਪਰ ਘਰਿ ਜੋਹੰਦਾ। ਨਿੰਦਕੁ, ਦੁਸਟੁ, ਹਰਾਮਖੋਰੁ; ਠਗੁ ਦੇਸ ਠਗੰਦਾ। ਕਾਮ, ਕ੍ਰੋਧੁ, ਮਦੁ, ਲੋਭ, ਮੋਹੁ; ਅਹੰਕਾਰ ਕਰੰਦਾ। ਬਿਸਵਾਸਘਾਤੀ, ਅਕਿਰਤਘਨ; ਮੈ ਕੋ ਨ ਰਖੰਦਾ। ਸਿਮਰਿ ਮੁਰੀਦਾ ਢਾਢੀਆ; ਸਤਿਗੁਰੁ ਬਖਸੰਦਾ ॥’’ (ਭਾਈ ਗੁਰਦਾਸ ਜੀ, ਵਾਰ ੩੬ / ਪਉੜੀ ੨੧)

ਵੀਚਾਰ ਅਧੀਨ ਸ਼ਬਦ ਦੀਆਂ ਅਖ਼ੀਰਲੀਆਂ ਪੰਕਤੀਆਂ ਵਿੱਚ ਆਪਣੀ ਅਸਮਰੱਥਾ ਤੇ ਪ੍ਰਭੂ ਦੀ ਦਇਆਲਤਾ ਨੂੰ ਸਾਮ੍ਹਣੇ ਰੱਖ ਕੇ, ਸ਼ਰਨ ਵਿੱਚ ਪੈ ਕੇ ਗੁਰੂ ਅਰਜਨ ਸਾਹਿਬ ਜੀ ਫ਼ੁਰਮਾ ਰਹੇ ਹਨ: ‘‘ਤੁਝ ਤੇ ਬਾਹਰਿ ਕਿਛੁ ਨਹੀ; ਭਵ ਕਾਟਨਹਾਰੇ ! ॥ ਕਹੁ ਨਾਨਕ ! ਸਰਣਿ ਦਇਆਲ ਗੁਰ; ਲੇਹੁ ਮੁਗਧ ਉਧਾਰੇ ॥੪॥’’ ਭਾਵ ਹੇ ਜਨਮ ਮਰਨ ਕੱਟਣ ਵਾਲੇ ਮਾਲਕ ! ਤੇਰੇ ਤੋਂ ਬਾਹਰ ਕੁੱਝ ਵੀ ਨਹੀਂ ਹੈ। ਹੇ ਦਇਆ ਕਰਨ ਵਾਲੇ ਗੁਰੂ ਸਾਹਿਬ ਜੀਓ! ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਸਾਨੂੰ ਮੂਰਖਾਂ ਨੂੰ ਸੰਸਾਰ ਸਾਗਰ ਤੋਂ ਤਾਰ ਲਵੋ।

ਉਕਤ ਤਮਾਮ ਵਿਚਾਰ ਦਾ ਸਾਰ ਇਹੀ ਮਿਲਦਾ ਹੈ ਕਿ ਸਾਨੂੰ ਸਭ ਨੂੰ ਵੀ ‘ਪਾਪੀ, ਅਕ੍ਰਿਤਘਣ, ਅਵਗੁਣਿਆਰੇ, ਨੀਚ’ ਆਦਿ ਬਣ ਕੇ ਇਹੀ ਅਰਦਾਸ ਸਦਾ ਕਰਨੀ ਬਣਦੀ ਹੈ ਕਿ ‘‘ਪ੍ਰਭ ਜੀਉ ! ਖਸਮਾਨਾ ਕਰਿ ਪਿਆਰੇ! ॥ ਬੁਰੇ, ਭਲੇ ਹਮ; ਥਾਰੇ ॥ ਰਹਾਉ ॥’’ (ਮ: ੫/੬੩੧)