ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੂੰ
ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ
ਵਾਹ ਓਏ ਜੋਗੀਆ ! ਆਪਣੇ ਨਾਂ ਤਾਈਂ,
ਹਰ ਪਾਸਿਓਂ ਠੀਕ ਠਹਿਰਾਇਆ ਤੂੰ ।
‘ਅੱਲ੍ਹਾ ਯਾਰ’ ਸੀ ਅੱਲ੍ਹਾ ਦਾ ਯਾਰ ਬਣਿਓਂ,
ਭੇਦ ਦੂਈ-ਦਵੈਤ ਮਿਟਾਇਆ ਤੂੰ ।
ਤੇਰੀ ਰੂਹ ਨੂੰ ਕੋਈ ਨਾ ਫ਼ਰਕ ਲੱਗਾ,
ਹਜ਼ਰਤ ਸਾਹਿਬ ਤੇ ਗੁਰੂ ਗੋਬਿੰਦ ਦੇ ਵਿੱਚ ।
ਪੂਜਣ ਲੱਗਿਆਂ ਤੂੰ ਨਾ ਫ਼ਰਕ ਪਾਇਆ,
‘ਚਮਕੌਰ’ ‘ਕਰਬਲਾ’ ਤੇ ‘ਸਰਹਿੰਦ’ ਦੇ ਵਿੱਚ ।
ਹਜ਼ਰਤ ਅਲੀ ਦੇ ਹਸਨ-ਹੁਸੈਨ ਦਾ ਸੀ,
ਤੇਰੀ ਨਜ਼ਰ ਵਿੱਚ ਮਰਤਬਾ ਬਹੁਤ ਉੱਚਾ ।
ਅਜੀਤ-ਜੁਝਾਰ, ਜ਼ੋਰਾਵਰ-ਫ਼ਤਹਿ ਦਾ ਵੀ,
ਤੂੰ ਸਮਝਿਆ ਓਨ੍ਹਾਂ ਹੀ ਨਾਂ ਸੁੱਚਾ ।
ਵੱਡੇ ਪਾਪੀਆਂ ਦੀ ਕਤਾਰ ਅੰਦਰ,
ਖੜ੍ਹੇ ਕੀਤੇ ਤੂੰ ਜ਼ਿਆਦ ਯਜ਼ੀਦ ਦੋਵੇਂ ।
ਉਨ੍ਹਾਂ ਨਾਲ ਹੀ ਤੂੰ ਮਿਲਾ ਦਿੱਤੇ,
ਸੁੱਚਾ ਨੰਦ ਤੇ ਸੂਬਾ ਵਜ਼ੀਦ ਦੋਵੇਂ ।
ਤੇਰੀ ਕਲਮ ਨੇ ਉਹ ਤਸਵੀਰ ਖਿੱਚੀ,
ਸਾਹਵੇਂ ਅੱਖਾਂ ਦੇ ਜੰਗ ਘਮਸਾਨ ਹੋਵੇ ।
ਸੁੱਤੇ ਸਿੰਘਾਂ ਨੂੰ ਤੱਕ ਕੇ ਗੁਰੂ ਸੋਚਣ,
ਜਿਵੇਂ ਪੁੱਤਾਂ ਤੋਂ ਪਿਤਾ ਕੁਰਬਾਨ ਹੋਵੇ ।
ਹਰ ਇੱਕ ਸ਼ਿਅਰ ਹੈ ਪੁਰ ਤਾਸੀਰ ਤੇਰਾ,
ਪੱਥਰ ਦਿਲ ਵੀ ਮੋਮ ਬਣਾਈ ਜਾਵੇ ।
ਦਰਦ ਕਿੰਨਾ ਵੀ ਭਾਵੇਂ ਮਹਿਸੂਸ ਹੋਵੇ,
ਮੱਲ੍ਹਮ ਸ਼ਰਧਾ ਦੀ ਓਸ ’ਤੇ ਲਾਈ ਜਾਵੇ ।