ਗੁਰਬਾਣੀ ਦੇ ਪੰਥ ਪ੍ਰਸਿੱਧ ਤੇ ਸਤਿਕਾਰਤ ਵਿਦਵਾਨ, ਲੇਖਕ, ਟੀਕਾਕਾਰ ਅਤੇ ਨਿਰਬਾਣ ਕੀਰਤਨੀਏ ਸਤਿਕਾਰਯੋਗ ਗਿਆਨੀ ਹਰਿਬੰਸ ਸਿੰਘ ਜੀ ਪਟਿਆਲਾ ਦੇ ਅਕਾਲ ਚਲਾਣੇ ਉਪਰੰਤ ਅੰਤਮ ਅਰਦਾਸ ਸਮਾਗਮ ’ਤੇ ਵਿਸ਼ੇਸ਼

0
378

ਗੁਰਬਾਣੀ ਦੇ ਪੰਥ ਪ੍ਰਸਿੱਧ ਤੇ ਸਤਿਕਾਰਤ ਵਿਦਵਾਨ, ਲੇਖਕ, ਟੀਕਾਕਾਰ ਅਤੇ ਨਿਰਬਾਣ ਕੀਰਤਨੀਏ ਸਤਿਕਾਰਯੋਗ ਗਿਆਨੀ ਹਰਿਬੰਸ ਸਿੰਘ ਜੀ ਪਟਿਆਲਾ ਦੇ ਅਕਾਲ ਚਲਾਣੇ ਉਪਰੰਤ ਅੰਤਮ ਅਰਦਾਸ ਸਮਾਗਮ ’ਤੇ ਵਿਸ਼ੇਸ਼

ਜਗਤਾਰ ਸਿੰਘ ਜਾਚਕ


‘ਸਰਬ ਜੀਆ ਸਿਰਿ ਲੇਖੁ ਧੂਰਾਹੂ’ ਅਨੁਸਾਰ ਲਿਖਣਹਾਰਾ ਕਰਤਾਪੁਰਖੁ ਵਾਹਿਗੁਰੂ ਆਪ ਇੱਕ ਅਜਿਹਾ ਅਲੇਖ ਲਿਖਾਰੀ ਹੈ, ਜਿਸ ਦੀ ਲਿਖਤ ਸਦਾ ਥਿਰ ਤੇ ਅਮਿਟ ਹੈ । ਇਸ ਲਈ ਮਨੁੱਖ ਦਾ ਲੇਖਾਰੀ ਹੋਣਾ ਭਾਵੇਂ ਇੱਕ ਸੁਭਾਵਿਕ ਅਤੇ ਰੱਬੀ-ਗੁਣ ਦਾ ਹੀ ਪ੍ਰਗਟਾਵਾ ਹੈ ਪਰ, ਫਿਰ ਵੀ ਗੁਰਬਾਣੀ ਵਿੱਚ ਰੱਬੀ ਯਾਦ ਤੋਂ ਸੱਖਣੇ ਤੇ ਵਾਪਾਰਕ ਦ੍ਰਿਸ਼ਟੀ ਤੋਂ ਲਿਖਣ ਵਾਲੇ ਉਨ੍ਹਾਂ ਲੇਖਕਾਂ ਦੀ ‘ਬਿਖ ਭੂਲੇ ਲੇਖਾਰੀ’ ਵਜੋਂ ਪਹਿਚਾਣ ਕਰਵਾਈ ਗਈ ਹੈ, ਜੋ ਆਪਣੀਆਂ ਲਿਖਤਾਂ ਰਾਹੀਂ ਸਮਾਜ ਭਾਈਚਾਰੇ ਨੂੰ ਜ਼ਿੰਦਗੀ ਦੇ ਸਹੀ ਰਾਹ ਤੋਂ ਭਟਕਾਉਣ ਦਾ ਕਾਰਨ ਬਣਦੇ ਹਨ। ਗੁਰਵਾਕ ਹੈ :

‘‘ਨਾਉ ਵਿਸਾਰਹਿ, ਬੇਦੁ ਸਮਾਲਹਿ ; ਬਿਖੁ ਭੂਲੇ ਲੇਖਾਰੀ ॥’’ (੧੦੧੫)

ਦੂਜੇ ਪਾਸੇ ਉਸ ਮਨੁੱਖਾਂ ਨੂੰ ‘ਧੰਨ ਲੇਖਾਰੀ’ ਕਹਿ ਕੇ ਆਦਰ ਦਿੱਤਾ ਗਿਆ ਹੈ, ਜੋ ਮਨੁੱਖਤਾ ਦੇ ਭਲੇ ਲਈ ਕਲਮੀ ਸੇਵਾ ਨਿਭਾਉਂਦਾ ਹੋਇਆ ਆਪਣੀ ਕਾਂਇਆ ਨੂੰ ਕਾਗਜ਼, ਮਨ ਨੂੰ ਸਿਆਹੀ ਦੀ ਦਵਾਤ ਅਤੇ ਜੀਭ ਨੂੰ ਸਿਫ਼ਤ-ਸਾਲਾਹ ਲਿਖਣ ਵਾਲੀ ਕਲ਼ਮ ਬਣਾ ਕੇ ਪਰਮਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੱਟੀ ’ਤੇ ਉੱਕਰ ਲੈਂਦੇ ਹਨ। ਗੁਰਵਾਕ ਹੈ :

‘‘ਧਨੁ ਲੇਖਾਰੀ ਨਾਨਕਾ ਪਿਆਰੇ ! ਸਾਚੁ ਲਿਖੈ ਉਰਿ ਧਾਰਿ ॥’’ (੬੩੬)

ਅਜਿਹੀ ਅਵਸਥਾ ਵਾਲੇ ਸਨ, ਬਹੁ-ਪੱਖੀ ਤੇ ਗੁਰਮੁਖ ਸ਼ਖ਼ਸੀਅਤ ਦੇ ਮਾਲਕ ਅਤਿ ਸਤਿਕਾਰਯੋਗ ਗਿਆਨੀ ਹਰਬਿੰਸ ਸਿੰਘ ਜੀ ਪਟਿਆਲਾ, ਜੋ ਵੈਰਾਗੀ ਮੰਡਲ ਦੇ ਜਮਾਂਦਰੂ ਕਵੀ ਵੀ ਸਨਅਤੇ ਰਸਿਕ ਤੇ ਨਿਰਬਾਣ ਕੀਰਤਨੀਏ ਵੀ। ਗੁਰਬਾਣੀ ਦੇ ਨਿਰਨਾਇਕ ਟੀਕਾਕਾਰ ਵੀ ਸਨ ਅਤੇ ਗੁਰਮਤਿ ਦੇ ਮਹਾਨ ਵਿਆਖਿਆਕਾਰ ਵੀ। ਉਹ ਗੁਰਬਾਣੀ ਪੜ੍ਹਦੇ ਹੀ ਨਹੀਂ, ਪੜ੍ਹਾਉਂਦੇ ਵੀ ਸਨ। ਉਨ੍ਹਾਂ ਦਾ ਜਨਮ ਗੁਰਮੁਖ ਪਿਆਰੇ ਸ੍ਰ. ਅਤਰ ਸਿੰਘ ਜੀ ਦੇ ਘਰ ਮਾਤਾ ਰਾਜ ਕੌਰ ਜੀ ਦੀ ਕੁੱਖੋਂ ਪਿੰਡ ਹਾਸਲ (ਤਹਿਸੀਲ ਚਕਵਾਲ, ਜ਼ਿਲਾ ਜੇਹਲਮ, ਪਾਕਿਸਤਾਨ) ਵਿਖੇ 25 ਅਪ੍ਰੈਲ 1915 ਨੂੰ ਜਨਮ ਹੋਇਆ ਅਤੇ ਪਿਛਲੇ ਦਿਨੀਂ 22 ਦਸੰਬਰ 2015 ਦੇ ਦਿਹਾੜੇ ਉਨ੍ਹਾਂ ਦਾ ਅਕਾਲ ਚਲਾਣਾ ਹੋਇਆ । ਇਸ ਪ੍ਰਕਾਰ 90 ਸਾਲ ਦੀ ਸਫਲ ਜੀਵਨ ਯਾਤਰਾ ਦਰਿਮਿਆਨ 19 ਸਾਲ ਦੀ ਜੁਆਨ ਉਮਰੇ ਬੀਬੀ ਆਗਿਆ ਕੌਰ ਸਪੁਤਰੀ ਸ੍ਰ. ਰਵੇਲ ਸਿੰਘ ਸਭਰਵਾਲ ਨਾਲ ਅਨੰਦ ਕਾਰਜ ਹੋਇਆ, ਜਿਨ੍ਹਾਂ ਦੀ ਕੁੱਖੋਂ ਤਿੰਨ ਪੁੱਤਰ ਤੇ ਤਿੰਨ ਪੁੱਤਰੀਆਂ ਨੇ ਜਨਮ ਲਿਆ।

ਆਪ ਅਗਸਤ ਸੰਨ 1947 ਵਿੱਚ ਦੇਸ਼ ਦੀ ਵੰਡ ਹੋਣ ਸਮੇਂ ਪਰਿਵਾਰ ਸਮੇਤ ਪਟਿਆਲੇ ਆ ਵੱਸੇ ਅਤੇ ਜੀਵਨ ਨਿਰਬਾਹ ਲਈ ਪਹਿਲਾਂ ਪੈਪਸੂ ਤੇ ਫਿਰ ਪੰਜਾਬ ਦੇ ਪੁਲੀਸ ਵਿਭਾਗ ਵਿੱਚ ਸਰਵਿਸ ਕੀਤੀ। ਇਸ ਜੀਵਨ ਯਾਤਰਾ ਦਾ ਅਤਿ ਮਹੱਤਵ ਪੂਰਨ ਪੱਖ, ਜਿਹੜਾ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸ੍ਰੋਤ ਹੈ, ਉਹ ਹੈ ਕਿ ਸਰਕਾਰੀ ਨੌਕਰੀ ਤੇ ਗ੍ਰਹਿਸਥ ਦੇ ਸਾਰੇ ਫ਼ਰਜ ਪੂਰੇ ਕਰਦਿਆਂ ਉਨ੍ਹਾਂ ਨੇ 14 ਪੋਥੀਆਂ ਦੇ ਰੂਪ ਵਿੱਚ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਸੰਪੂਰਨ ਕਰਨ ਤੋਂ ਇਲਾਵਾ 39 ਹੋਰ ਪੁਸਤਕਾਂ ਖ਼ਾਲਸਾ ਪੰਥ ਰਾਹੀਂ ਮਨੁੱਖਤਾ ਦੀ ਝੋਲੀ ’ਚ ਪਾਈਆਂ, ਜਿਨ੍ਹਾਂ ਲਈ ਸਮਾਜ ਭਾਈਚਾਰਾ ਉਨ੍ਹਾਂ ਦਾ ਸਦਾ ਰਿਣੀ ਰਹੇਗਾ।

ਚੜ੍ਹਦੀਕਲਾ ਅਖ਼ਬਾਰ ਤੇ ਟਾਈਮ ਟੀ.ਵੀ. ਪਟਿਆਲਾ ਦੇ ਸੰਚਾਲਕ ਸ੍ਰ. ਜਗਜੀਤ ਸਿੰਘ ਦਰਦੀ ਹੁਰੀਂ ਉਨ੍ਹਾਂ ਦੇ ਜੀਵਣ ਵਿਹਾਰ ਦੀ ਪ੍ਰਸੰਸਾ ਕਰਦਿਆਂ ਕਹਿੰਦੇ ਹਨ ਕਿ ਮੈਂ ਉਨ੍ਹਾਂ ਨੂੰ ਸਦਾ ਕਥਾ ਕੀਰਤਨ ਕਰਦਿਆਂ ਹੀ ਦਰਸ਼ਨ ਕਰਦਾ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਜੁਆਨੀ ਸਮੇਂ ਗਿਆਨੀ ਜੀ ਗੁਰਦੁਆਰਾ ਮੋਤੀ ਬਾਗ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਗੁਰਬਾਣੀ ਵਿਆਖਿਆ ਦੀ ਸੇਵਾ ਵੀ ਨਿਭਾਉਂਦੇ ਰਹੇ ਹਨ। ਆਪ ਇੱਕ ਸੁਲਝੇ ਕਥਾਵਾਚਕ ਤੇ ਰਸਭਿੰਨਾ ਕੀਰਤਨ ਕਰਨ ਵਾਲੇ ਸਫਲ ਕੀਰਤਨੀਏ ਵੀ ਸਨ। ਦਾਸ (ਜਾਚਕ) ਨੂੰ 1976 ਤੋਂ 1981 ਤੱਕ ਚੰਡੀਗੜ ਵਿਖੇ ਨਿਰੰਤਰ ਸੰਗਤ ਤੇ ਗੁਰਬਾਣੀ ਵੀਚਾਰਾਂ ਦੀ ਸਾਂਝ ਪਾਉਣ ਦਾ ਸੁਭਾਗ ਹੁੰਦਾ ਰਿਹਾ ਹੈ। ਉਹ ਸੁਭਾਅ ਦੇ ਨਰਮ, ਮਿਲਣਸਾਰ, ਮਿੱਠ-ਬੋਲੜੇ, ਖੋਜੀ, ਮਿਹਨਤੀ ਤੇ ਦ੍ਰਿੜ ਇਰਾਦੇ ਦੇ ਮਾਲਕ ਸਨ।

‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਦੀ ਜਦੋਂ ਪਹਿਲੀ ਪੋਥੀ ਸੰਪੂਰਨ ਹੋਈ ਤਾਂ ਪੰਥ ਪ੍ਰਸਿੱਧ ਵਿਦਵਾਨ ਪਿ੍ਰੰਸੀਪਲ ਸਤਬੀਰ ਸਿੰਘ ਹੁਰਾਂ ਗਿਆਨੀ ਜੀ ਦੀ ਘਾਲਣਾ ਨੂੰ ਨਮੋ ਕਰਦਿਆਂ ‘ਘਾਲ ਮਰਦੀ ਘਾਲੀ’ ਦੇ ਸਿਰਲੇਖ ਹੇਠ ਲਿਖਿਆ ਸੀ ‘‘ਲੋੜ ਸੀ ਕੋਈ ਅਨੁਭਵੀ ਜੀਅੜਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥ ਕੇ ਤੱਥ ਕੱਢੇ ਤੇ ਫਿਰ ਹੋਏ ਟੀਕਿਆਂ ਅਤੇ ਸੰਥਿਆ ਦੀ ਰੌਸ਼ਨੀ ਵਿੱਚ ਟਿਕਵੇਂ ਬਝਵੇਂ ਅਰਥ ਨਿਰਣੈ ਲਿਖੇ। ਮੈਨੂੰ ਖੁਸ਼ੀ ਹੋਈ ਹੈ ਕਿ ਗਿਆਨੀ ਹਰਿਬੰਸ ਸਿੰਘ ਜੀ ਨੇ ਇਹ ਬਿਖਮ ਕਾਰਜ ਗੁਰੂ ਕਿਰਪਾ ਸਕਦਾ ਆਪਣੇ ਜ਼ਿਮੇਂ ਲਿਆ ਤੇ ਨੰਗ-ਧੜੰਗ ਜੁੱਟ ਪਏ ਹਨ। ਇਹ ਕਥਨ ਬਿਲਕੁਲ ਸੱਚ ਹੈ ਕਿਉਂਕਿ, ਮਿਲਦੀ ਤਨਖਾਹ ਨਾਲ ਤਾਂ ਪ੍ਰਵਾਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਚਲਦਾ ਸੀ । ਇਸ ਪਹਾੜ ਜਿੱਡੇ ਕਾਰਜ ਨੂੰ ਗੁਰੂ ਤੇ ਸੰਗਤ ਸਹਾਰੇ ਸਿਰੇ ਚਾੜਣਾ ਉਨ੍ਹਾਂ ਦੀ ਲਗਨ ਤੇ ਹਿੰਮਤ ਦਾ ਸਿੱਟਾ ਹੀ ਸੀ। ਇਸ ਲਈ ਭਾਵੇਂ ਦਾਸ ਵੀ ਚੰਡੀਗੜ੍ਹ ਵਿਖੇ ਸੰਗਤ ਨੂੰ ਪ੍ਰੇਰਕੇ ਛਪਾਈ ਦੀ ਸੇਵਾ ਕਰਵਾਉਂਦਾ ਰਿਹਾ। ਪਰ, ਇਸ ਪੱਖੋਂ ਸਭ ਤੋਂ ਵਧੇਰੇ ਯੋਗਦਾਨ ਹੈ ਗਿਆਨੀ ਜਗਮੋਹਣ ਸਿੰਘ ਮਿਸ਼ਨਰੀ ਲੁਧਿਆਣਾ ਤੇ ਭਾਈ ਕਸ਼ਮੀਰਾ ਸਿੰਘ ਮੁਹਾਲੀ ਅਤੇ ਉਨ੍ਹਾਂ ਦੇ ਭਾਣਜੇ ਸ੍ਰ. ਹਰਿਭਜਨ ਸਿੰਘ ਦਿੱਲੀ ਦਾ, ਜਿਹੜੇ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਾਰ ਪ੍ਰਸਿੱਧ ਸਿੱਖ ਸੰਸਥਾ ‘ਨਿਸ਼ਕਾਮ’ ਦੇ ਸਭ ਤੋਂ ਸਰਗਰਮ ਸੇਵਾਦਾਰ ਹਨ। ਉਨ੍ਹਾਂ ਦਾ ਕਥਨ ਹੈ ਕਿ ਮੇਰੇ ਪ੍ਰੇਰਨਾ ਸਰੋਤ ਸਤਿਕਾਰਯੋਗ ਮਾਮਾ ਜੀ ਗਿਆਨੀ ਹਰਿਬੰਸ ਸਿੰਘ ਹਨ।

ਇਸੇ ਤਰ੍ਹਾਂ ਜਦੋਂ ਸਟੀਕ ਦੀ ਸੰਪੂਰਨਤਾ ਵਾਲੀ 14 ਵੀਂ ਪੋਥੀ ਤਿਆਰ ਹੋਈ ਤਾਂ ਉਸ ਦੀ ਭੂਮਿਕਾ ਦੇ ਅੰਤ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਨਾਮ ਕੌਰ ਜੀ ਨੇ ਲਿਖਿਆ ‘ਸਿੱਖ ਧਰਮ ਦੀ ਵਿਦਿਆਰਥਣ ਵਜੋਂ ਮੈਂ ਚੇਤੰਨ ਹਾਂ ਕਿ ਗਿਆਨੀ ਜੀ ਦੀ ਇਹ ਘਾਲ ਥਾਇਂ ਪਈ ਹੈ ਕਿਉਂਕਿ ਉਨ੍ਹਾਂ ਨੇ ਸਿੱਖ ਮਿਸ਼ਨਰੀ ਹੋਣ ਦਾ ਸਬੂਤ ਦੇਂਦਿਆਂ, ਬਹੁਤ ਸਾਰੀਆਂ ਗੁੰਝਲਾਂ ਨੂੰ ਗੁਹਜ ਪ੍ਰਸੰਗ ਦੀ ਸਥਾਪਤੀ ਵਿੱਚ ਕੋਕੜੂ ਬਣਨ ਤੋਂ ਬਚਾਅ ਲਿਆ ਹੈ। ਇਨ੍ਹਾਂ ਪੋਥੀਆਂ ਵਿੱਚ ਫਰੀਦਕੋਟੀ ਟੀਕੇ ਤੋਂ ਲੈ ਕੇ ਹੁਣ ਤਕ ਹੋਏ ਟੀਕਿਆਂ ਦੀਆਂ ਉਹ ਸਾਰੀਆਂ ਪਰਤਾਂ ਸ਼ਾਮਲ ਹੋ ਗਈਆਂ ਹਨ, ਜਿਨ੍ਹਾਂ ਨੂੰ ਘੜਣਾ ਅਤੇ ਜਗਿਆਸੂਆਂ ਤੱਕ ਪਹੁੰਚਾਇਆ ਜਾਣਾ ਜ਼ਰੂਰੀ ਸੀ ।’ ‘ਲਿਖਤ ਸੇਵਾ ਨੂੰ ਨਮੋ ਨਮੋ’ ਦੇ ਸਿਰਲੇਖ ਹੇਠ ਪ੍ਰਸਿੱਧ ਸਿੱਖ ਚਿੰਤਕ ਡਾ. ਬਲਕਾਰ ਸਿੰਘ ਜੀ ਲਿਖਦੇ ਹਨ ‘ਵਿਦਵਤਾ ਵਿੱਚੋਂ ਵਿਦਿਆਰਥੀ ਦਾ ਮਨਫ਼ੀ ਹੋਣਾ ਕਿੰਨਾ ਖ਼ਤਰਨਾਕ ਹੈ, ਇਹ ਅਹਿਸਾਸ ਗਿਆਨੀ ਜੀ ਨੂੰ ਹੈ। ਉਨ੍ਹਾਂ ਨੇ ਕਦੇ ਅੰਤਮ ਰਾਇ ਹੋਣ ਦਾ ਭਰਮ ਨਹੀਂ ਪਾਲਿਆ।’ ਇਹੀ ਕਾਰਨ ਹੈ ਕਿ ਉਹ ਹਰ ਪੋਥੀ ਦੇ ਅੰਤ ਵਿੱਚ ਇਹੀ ਅਰਦਾਸ ਕਰਦੇ ਰਹੇ –

‘‘ਹਮ ਜਾਨਿਆ ਕਛੂ ਨ ਜਾਨਹ ਆਗੈ ; ਜਿਉ ਹਰਿ ਰਾਖੈ, ਤਿਉ ਠਾਢੇ ॥        

ਹਮ ਭੂਲ ਚੂਕ, ਗੁਰ ਕਿਰਪਾ ਧਾਰਹੁ ; ਜਨ ਨਾਨਕ ਕੁਤਰੇ ਕਾਢੇ ॥’’ (੧੭੧)

ਗੁਰਬਾਣੀ ਖੇਤਰ ਦੀਆਂ ਸਾਹਿਤਕ ਸੇਵਾਵਾਂ ਨੂੰ ਮੁਖ ਰੱਖ ਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 1987 ਵਿੱਚ ‘ਅਕਾਲੀ ਕੌਰ ਸਿੰਘ ਸ਼ਤਾਬਦੀ’ ਦੇ ਪਹਿਲੇ ਪੁਰਸਕਾਰ ਨਾਲ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ 1994 ਵਿੱਚ ‘ਭਾਈ ਸਾਹਿਬ ਭਾਈ ਵੀਰ ਸਿੰਘ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ ਫ਼ੈਲੋਸ਼ਿਪ ਵੀ ਪ੍ਰਦਾਨ ਕੀਤੀ। ਦਾਸ (ਜਾਚਕ) ਦੀ ਪ੍ਰਧਾਨਗੀ ਹੇਠ ‘ਗੁਰਮਤਿ ਗ੍ਰੰਥੀ ਸਭਾ ਲੁਧਿਆਣਾ’ ਵੱਲੋਂ 1988 ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੱਥੀਂ ‘ਭਾਈ ਸਾਹਿਬ’ ਦੀ ਪਦਵੀ ਅਤੇ ‘ਭਾਈ ਗੁਪਾਲਾ ਐਵਾਰਡ’ ਦੀ ਬਖ਼ਸ਼ਿਸ਼ ਕੀਤੀ ਗਈ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ 400 ਸਾਲਾ ਸ਼ਹੀਦੀ ਦਿਵਸ ਮੌਕੇ 2006 ਵਿੱਚ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਵੱਲੋਂ ਵਿਸ਼ੇਸ਼ ‘ਸਨਮਾਨ-ਪੱਤਰ’ ਅਰਪਣ ਕੀਤਾ ਗਿਆ। ਇਸ ਪ੍ਰਕਾਰ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਸਮੇਤ ਦੇਸ਼ ਵਿਦੇਸ਼ ਦੀਆਂ ਲਗਭਗ 20 ਸੰਸਥਾਵਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਹਰੇਕ ਮਨੁੱਖ ਭੁੱਲਣਹਾਰ ਹੈ, ਅਭੁੱਲ ਕੇਵਲ ਗੁਰੂ ਕਰਤਾਰ ਹੈ। ਇਸ ਲਈ ਇਹ ਜ਼ਰੂਰੀ ਨਹੀਂ ਕਿ ਸਾਰੇ ਵਿਦਵਾਨ ਉਨ੍ਹਾਂ ਦੀਆਂ ਲਿਖਤਾਂ ਨਾਲ 100% ਸਹਿਮਤ ਹੋਣ। ਭਾਵੇਂ ਕਈ ਪੱਖਾਂ ਤੋਂ ਮੈਂ ਵੀ ਉਨ੍ਹਾਂ ਨਾਲ ਸਹਿਮਤ ਨਹੀਂ ਹੁੰਦਾ ਰਿਹਾ। ਪਰ ਲਗਭਗ ਸਾਰੇ ਖੋਜੀ ਵਿਦਵਾਨ ਜਦੋਂ ਉਨ੍ਹਾਂ ਦੀ ਲਗਨ ਤੇ ਮਰਦੀ ਘਾਲਣਾ ਨੂੰ ਨਿਹਾਰਦੇ ਹਨ ਤਾਂ ਆਪ ਮੁਹਾਰੇ ਹੀ ਉਹ ਗਿਆਨੀ ਜੀ ਦੀ ਬਹੁਪੱਖੀ ਸ਼ਖ਼ਸੀਅਤ ਅੱਗੇ ਸਿਰ ਝੁਕਾ ਦਿੰਦੇ ਹਨ। ਗੁਰਬਾਣੀ ਸਟੀਕ ਦੀ ਸੰਪੂਰਨਤਾ ਹੋਣ ’ਤੇ ਡਾ. ਗੁਰਨਾਮ ਕੌਰ ਜੀ ਹੁਰਾਂ ਇਹ ਵੀ ਲਫ਼ਜ਼ ਲਿਖੇ ਸਨ ਕਿ ‘ਮੈਂ ਗਿਆਨੀ ਜੀ ਨੂੰ ਗੁਰੂ ਖ਼ਾਲਸਾ ਪੰਥ ਦੇ ਦਰਬਾਰ ਵਿੱਚ ਇਨ੍ਹਾਂ ਪੋਥੀਆਂ ਦੀ ਬਦੌਲਤ ਸੁਰਖ਼ਰੂ ਹੋ ਜਾਣ ’ਤੇ ਵਧਾਈ ਦਿੰਦੀ ਹਾਂ।’

ਅੱਜ ਉਨ੍ਹਾਂ ਨੂੰ ਸ਼ਰਧਾਜਲੀ ਦੇ ਉਪਰੋਕਤ ਲਫ਼ਜ਼ ਲਿਖਦਿਆਂ ਦਾਸ (ਜਾਚਕ) ਇਹ ਬੇਨਤੀ ਕਰਨ ਦੀ ਸਿੱਖ ਸੰਗਤ ਪਾਸੋਂ ਆਗਿਆ ਲੈਂਦਾ ਹੈ ਕਿ ਜੇ ਉਹ ਆਪਣੀਆ ਸੇਵਾਵਾਂ ਕਾਰਨ ਖ਼ਾਲਸਾ ਪੰਥ ਦੇ ਦਰਬਾਰ ਵਿੱਚ ਸੁਰਖ਼ੁਰੂ ਹੋਏ ਹਨ ਤਾਂ ਫਿਰ ਉਹ ਅਕਾਲਪੁਰਖ ਦੇ ਸਨਮੁਖ ਵੀ ਸੁਰਖ਼ਰੂ ਹਨ। ਆਓ, ਅੱਜ ਉਸ ‘ਜੀਰਾਣ ਜਾਇ ਬੈਠੇ ਰੰਗਲੇ’ ਸੱਜਣ ਨੂੰ ਸਰਧਾਂਜਲੀ ਅਰਪਣ ਕਰਦੇ ਹੋਏ ਸਾਰੇ ਮਿਲ ਗਾਈਏ-

‘‘ਜੰਮਣੁ ਮਰਣੁ ਨ ਤਿਨ੍ਹ ਕਉ ; ਜੋ ਹਰਿ ਲੜਿ ਲਾਗੇ ॥        

ਜੀਵਤ ਸੇ ਪਰਵਾਣੁ ਹੋਏ ; ਹਰਿ ਕੀਰਤਨਿ ਜਾਗੇ ॥’’ (੩੨੨)

ਗੁਣਵੰਤਿਆਂ ਪਾਛਾਰ : ਜਗਤਾਰ ਸਿੰਘ ਜਾਚਕ, ਲੁਧਿਆਣਾ। ਮਿਤੀ 25 ਦਸੰਬਰ 2015