ਗੁਰੂ ਕਾ ਬਾਗ਼ ਮੋਰਚਾ

0
140

ਗੁਰੂ ਕਾ ਬਾਗ਼ ਮੋਰਚਾ

ਕਿਰਪਾਲ ਸਿੰਘ ਬਠਿੰਡਾ

੧੦ ਫੱਗਣ ਸੰਮਤ ੧੯੭੭/20 ਫ਼ਰਵਰੀ 1921 ਈ: ਨੂੰ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਤੋਂ ਬਾਅਦ ਅਕਾਲੀ ਲਹਿਰ ਦਾ ਇੱਕ ਹੋਰ ਮਹੱਤਵ ਪੂਰਨ ਸਾਕਾ ਗੁਰੂ ਕਾ ਬਾਗ਼ ਮੋਰਚਾ; ਸਿੰਘਾਂ ਦੇ ਸਾਮ੍ਹਣੇ ਆ ਗਿਆ। ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ਼ ਅੰਮ੍ਰਿਤਸਰ ਤੋਂ 13 ਕੁ ਮੀਲ ਦੂਰ ਪਿੰਡ ਘੁਕੇਵਾਲੀ ’ਚ ਸਥਿਤ ਹੈ। ਇਸ ਸਥਾਨ ’ਤੇ 5ਵੇਂ ਅਤੇ 9ਵੇਂ ਗੁਰੂ ਸਾਹਿਬਾਨ ਨੇ ਆਪਣੇ ਪਾਵਨ ਚਰਨ ਪਾਏ ਸਨ। ਜਦੋਂ 9ਵੇਂ ਪਾਤਿਸ਼ਾਹ ਨੇ ਇੱਥੇ ਇੱਕ ਬਾਗ਼ ਲਗਵਾਇਆ ਤਾਂ ਇਸ ਦਾ ਨਾਂ ਗੁਰਦੁਆਰਾ ਗੁਰੂ ਕਾ ਬਾਗ਼ ਪੈ ਗਿਆ। ਇੱਥੋਂ ਦਾ ਮਹੰਤ ਸੁੰਦਰ ਦਾਸ ਬਹੁਤ ਹੀ ਘਟੀਆ ਆਚਰਨ ਦਾ ਮਾਲਕ ਸੀ। ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਲਛਮਣ ਦਾਸ; ਇਸ ਸੁੰਦਰ ਦਾਸ ਦਾ ਲੰਗੋਟੀਆ ਯਾਰ ਸੀ। ਇਸੇ ਕਰਕੇ ਇਸ ਗੁਰਦੁਆਰੇ ’ਤੇ ਉਦਾਸੀ ਮਹੰਤ ਸੁੰਦਰ ਦਾਸ ਦਾ ਕਬਜ਼ਾ ਸੀ। ਇਸ ਵਿਭਚਾਰੀ ਮਹੰਤ ਨੇ ਬਿਨਾਂ ਸ਼ਾਦੀ ਕੀਤੇ ਦੋ ਜ਼ਨਾਨੀਆਂ (ਈਸਰੋ ਤੇ ਜਗਦੇਈ) ਰੱਖੀਆਂ ਹੋਈਆਂ ਸਨ। ਕਈ ਵੇਸਵਾਵਾਂ ਨਾਲ ਵੀ ਇਸ ਦੇ ਸਰੀਰਕ ਸਬੰਧ ਸਨ। ਜਦੋਂ ਹਰਿਮੰਦਰ ਸਾਹਿਬ ਸਮੇਤ ਕਈ ਹੋਰ ਗੁਰਦੁਆਰਿਆਂ ਦਾ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ’ਚ ਆ ਗਿਆ ਤਾਂ ਸੁਧਾਰਵਾਦੀ ਅਕਾਲੀਆਂ ਨੇ ਆਪਣਾ ਧਿਆਨ ਗੁਰੂ ਕੇ ਬਾਗ਼ ਵੱਲ ਮੋੜਿਆ।  31 ਜਨਵਰੀ, 1921 ਨੂੰ ਸ. ਦਾਨ ਸਿੰਘ ਦੀ ਅਗਵਾਈ ’ਚ ਕੁੱਝ ਸਿੱਖਾਂ ਨੇ ਮਹੰਤ ਨੂੰ ਸਮਝਾਇਆ ਕਿ ਉਹ ਆਪਣੇ ਆਪ ਨੂੰ ਸੁਧਾਰ ਲਵੇ। ਸਿੱਟੇ ਵਜੋਂ ਮਹੰਤ ਸ੍ਰੋ. ਗੁ. ਪ੍ਰ. ਕ. ਵੱਲੋਂ ਸਥਾਪਿਤ ਕੀਤੀ ਗਈ ਕਮੇਟੀ ਅਧੀਨ ਕੰਮ ਕਰਨ ਅਤੇ ਅੰਮ੍ਰਿਤਪਾਨ ਕਰਨ ਲਈ ਸਹਿਮਤ ਹੋ ਗਿਆ। ਉਸ ਨੇ ਦੋਵਾਂ ’ਚੋਂ ਇੱਕ ਔਰਤ ਈਸਰੋ ਨਾਲ ਅਨੰਦ ਕਾਰਜ ਕਰ, ਦੋਵੇਂ ਪਤੀ ਪਤਨੀ ਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕਣ ਤੋਂ ਬਾਅਦ ਮਹੰਤ ਸੁੰਦਰ ਦਾਸ ਦਾ ਨਾਮ ਜੋਗਿੰਦਰ ਸਿੰਘ ਅਤੇ ਈਸਰੋ ਦਾ ਨਾਮ ਗਿਆਨ ਕੌਰ ਰੱਖਿਆ ਗਿਆ, ਪਰ ਮਹੰਤ ਅੰਦਰੋਂ ਆਪਣੇ ਆਪ ਨੂੰ ਬਦਲ ਨਾ ਸਕਿਆ। ਉਸ ਦੇ ਮਨ ਅੰਦਰ ਅਜੇ ਵੀ ਉਹੀ ਸ਼ੈਤਾਨ ਬੈਠਾ ਸੀ। ਸਾਕਾ ਸ੍ਰੀ ਨਨਕਾਣਾ ਸਾਹਿਬ ਵੇਲੇ ਜੋ ਅੰਗਰੇਜ਼ ਸਰਕਾਰ ਦੀ ਨੀਤੀ ਸੀ ਅਤੇ ਉਹ, ਨਾਮਿਲਵਰਤਨੀਏ ਸਿੰਘਾਂ ’ਤੇ ਹੁੰਦੀ ਸਖਤੀ ਨੂੰ ਵੇਖ ਕੇ ਮੁੱਕਰ ਗਿਆ ਅਤੇ ਉਸ ਨੇ ਪਹਿਲਾਂ ਵਾਲੇ ਕੰਮ ਕਰਨੇ ਫਿਰ ਸ਼ੁਰੂ ਕਰ ਦਿੱਤੇ।

੨੪ ਸਾਵਣ ਬਿਕ੍ਰਮੀ ਸੰਮਤ ੧੯੭੮/8 ਅਗਸਤ 1921 ਨੂੰ ਕੁੱਝ ਸਿੱਖ; ਗੁਰ ਘਰ ਦੇ ਲੰਗਰ ਲਈ ਲੱਕੜਾਂ ਲੈਣ ਵਾਸਤੇ ਗੁਰਦੁਆਰੇ ਦੇ ਬਾਗ਼ ਵਿਚੋਂ ਇੱਕ ਸੁੱਕੀ ਕਿੱਕਰ ਨੂੰ ਕੱਟ ਰਹੇ ਸਨ ਤਾਂ ਮਹੰਤ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਸਰਕਾਰ ਨੇ ਅਕਾਲੀਆਂ ਨੂੰ ਦਬਾਉਣ ਲਈ ਚੰਗਾ ਮੌਕਾ ਸਮਝਿਆ ਤੇ ਗੁਰਦੁਆਰੇ ਦੇ 5 ਸੇਵਾਦਾਰਾਂ ਨੂੰ ਲੱਕੜਾਂ ਚੋਰੀ ਕਰਨ ਦੇ ਦੋਸ਼ ’ਚ 9 ਅਗਸਤ ਨੂੰ ਫੜ ਲਿਆ। ਅਦਾਲਤ ਨੇ ਉਹਨਾਂ ਨੂੰ ਚੋਰੀ ਦੇ ਜੁਰਮ ’ਚ ਹਰ ਇੱਕ ਨੂੰ 50-50 ਰੁਪਏ ਜੁਰਮਾਨਾ ਤੇ ਛੇ-ਛੇ ਮਹੀਨੇ ਕੈਦ ਦੀ ਸਜ਼ਾ ਸੁਣਾ ਦਿੱਤੀ।

ਜਿਸ ਜ਼ਮੀਨ ਵਿੱਚੋਂ ਲੰਗਰ ਦੇ ਬਾਲਣ ਲਈ ਲੱਕੜਾਂ ਕੱਟੀਆਂ ਗਈਆਂ, ਉਹ ਗੁਰਦੁਆਰੇ ਦੀ ਹੀ ਮਾਲਕੀਅਤ ਸੀ। ਇਸ ਲਈ ਸਜ਼ਾ ਕਿਸ ਗੱਲ ਦੀ ? ਸਰਕਾਰ ਦੀ ਇਸ ਕਾਰਵਾਈ ਨੂੰ ਸ੍ਰੋਮਣੀ ਕਮੇਟੀ ਨੇ ਸਿੱਖਾਂ ਦੇ ਅਧਿਕਾਰਾਂ ’ਤੇ ਨਾਜਾਇਜ਼ ਹਮਲਾ ਸਮਝਿਆ। ਸ੍ਰੋਮਣੀ ਕਮੇਟੀ ਨੇ ਲੰਗਰ ਲਈ ਲੱਕੜਾਂ ਕੱਟਣ ਦੇ ਹੱਕ ਦੀ ਰਾਖੀ ਅਤੇ ਸਰਕਾਰੀ ਧੱਕੇਬਾਜ਼ੀ ਦੇ ਵਿਰੁੱਧ ਸ਼ਾਂਤਮਈ ਸੰਘਰਸ਼ ਅਰੰਭ ਕਰ ਦਿੱਤਾ। ਹਰ ਰੋਜ਼ 5 ਨਿਹੱਥੇ ਸਿੱਖਾਂ ਦਾ ਜੱਥਾ ਅਕਾਲ ਤਖਤ ਤੋਂ ਅਰਦਾਸ ਕਰ ਕੇ ਤੇ ਸ਼ਾਂਤਮਈ ਰਹਿਣ ਦੀ ਸਹੁੰ ਚੁੱਕ ਕੇ ਗੁਰੂ ਦੇ ਬਾਗ਼ ਲਈ ਤੁਰਦਾ ਤੇ ਸ਼ਾਂਤਮਈ ਰਹਿ ਕੇ ਪੁਲਿਸ ਦੀ ਮਾਰ ਝੱਲਦਾ ਝੱਲਦਾ ਗ੍ਰਿਫ਼ਤਾਰ ਹੋ ਜਾਂਦਾ। ਇਨ੍ਹਾਂ ਨੂੰ ਗੁਮਟਾਲੇ ਦੇ ਪੁਲ ’ਤੇ ਰੋਕ ਕੇ ਬੜਾ ਮਾਰਿਆ ਕੁੱਟਿਆ ਜਾਂਦਾ ਅਤੇ ਗੁਰੂ ਦੇ ਬਾਗ਼ ਪਹੁੰਚਣ ਨਾ ਦਿੱਤਾ ਜਾਂਦਾ। ਕਈਆਂ ਦੇ ਸਿਰ ਪਾਟ ਗਏ ਤੇ ਕਈ ਡਿਗਦੇ ਹੀ ਬੇਹੋਸ਼ ਹੋ ਜਾਂਦੇ। ਕੁੱਟ ਮਾਰ ਪਿੱਛੋਂ ਪੁਲਿਸ ਫੜਦੀ ਅਤੇ ਦੂਰ-ਦੂਰਾਡੇ ਲਿਜਾ ਕੇ ਛੱਡ ਦਿੰਦੀ। ਇੱਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਉਧਰ ਪੁਲਿਸ ਮੁਖੀ ਬੀ. ਟੀ. ਨੇ ਉੱਚ ਅਫ਼ਸਰਾਂ ਨਾਲ ਮੀਟਿੰਗ ਕਰ ਸਿੰਘਾਂ ਉੱਤੇ ਸਖ਼ਤੀ ਹੋਰ ਤੇਜ਼ ਕਰ ਦਿੱਤੀ।  26 ਅਗਸਤ ਨੂੰ ਲੱਕੜਾਂ ਲੈਣ ਗਏ 36 ਸਿੰਘਾਂ ਦੇ ਜਥੇ ਦੀ ਸਖ਼ਤ ਮਾਰ ਕੁਟਾਈ ਕੀਤੀ ਗਈ। ਜਿਉਂ ਜਿਉਂ ਪੁਲਿਸ ਸਿੱਖਾਂ ’ਤੇ ਸਖ਼ਤੀ ਕਰਦੀ ਤਾਂ ਸਿੰਘਾਂ ਦਾ ਜੋਸ਼ ਵਧਦਾ ਜਾਂਦਾ।

ਇਸ ਸਮੇਂ ਸਿਵਲ ਨਾਫ਼ੁਰਮਾਨੀ ਦੀ ਲਹਿਰ ਸਰਕਾਰ ਨੇ ਦਬਾਅ ਛੱਡੀ ਸੀ। ਉਸ ਨੂੰ ਅਭਿਮਾਨ ਸੀ ਕਿ ਇਹ ਖ਼ਾਲਸਈ ਜੋਸ਼ ਵੀ ਮਾਰ-ਕੁਟਾਈ ਨਾਲ ਠੰਢਾ ਪਾ ਦਿੱਤਾ ਜਾਵੇਗਾ, ਪਰ ਉਸ ਦਾ ਇਹ ਅਨੁਮਾਨ ਗ਼ਲਤ ਨਿਕਲਿਆ।  30 ਅਗਸਤ ਨੂੰ 60 ਕੁ ਸਿੱਖਾਂ ਦਾ ਜੱਥਾ ਗੁਰੂ ਕੇ ਬਾਗ਼ ਵੱਲ ਰਵਾਨਾ ਹੋਇਆ, ਰਾਹ ’ਚ ਰਾਤ ਪੈ ਜਾਣ ’ਤੇ ਸਿੰਘ ਉੱਥੇ ਹੀ ਸੌਂ ਗਏ ਪਰੰਤੂ ਪੁਲਿਸ ਨੇ ਸੁੱਤੇ ਪਏ ਜੱਥੇ ਉੱਤੇ ਵੀ ਮਾਰ ਕੁਟਾਈ ਕੀਤੀ।  31 ਅਗਸਤ ਤੋਂ ਹਰ ਰੋਜ਼ 100-100 ਸਿੰਘਾਂ ਦਾ ਜੱਥਾ ਅਕਾਲ ਤਖ਼ਤ ਤੋਂ ਅਰਦਾਸਾ ਕਰ ਜਾਣ ਲੱਗਾ। ਰਸਤੇ ਵਿੱਚ ਹੀ ਜੱਥੇ ਉੱਤੇ ਸਖ਼ਤ ਮਾਰ ਕੁਟਾਈ ਹੁੰਦੀ ਤੇ ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਕੁੱਟ-ਕੁੱਟ ਬੇਹੋਸ਼ ਕਰ ਸੁੱਟ ਦਿੱਤਾ ਜਾਂਦਾ। ਬਾਅਦ ’ਚ ਕਮੇਟੀ ਵੱਲੋਂ ਗੱਡੀਆਂ ਭੇਜੀਆਂ ਜਾਂਦੀਆਂ ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਆ ਕੇ ਉਨ੍ਹਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ। ਇਸ ਸਮੇਂ ਤਿੰਨ ਹਸਪਤਾਲ ਕੰਮ ਕਰ ਰਹੇ ਸਨ, ਜਿਨ੍ਹਾਂ ਦਾ ਰੋਜ਼ਾਨਾ ਤਿੰਨ ਹਜ਼ਾਰ ਰੁਪਿਆ ਖ਼ਰਚ ਪੈਂਦਾ ਸੀ, ਪਰ ਬਾਵਜੂਦ ਐਨੀ ਸਖ਼ਤੀ ਦੇ ਕਿਸੇ ਸਿੰਘ ਨੇ ਸ਼ਾਂਤਮਈ ਦੀ ਪ੍ਰਤਿੱਗਿਆ ਨਾ ਤੋੜੀ।  2 ਸਤੰਬਰ ਨੂੰ ਪੰਡਿਤ ਮਦਨ ਮੋਹਨ ਮਾਲਵੀਆ ਜੀ ਨੇ ਵੀ ਸਿੱਖਾਂ ਦੇ ਇਸ ਅਦੁੱਤੀ ਸੱਤਿਆਗ੍ਰਹਿ ਨੂੰ ਅੱਖੀਂ ਦੇਖ ਕੇ ਪ੍ਰਸੰਸਾ ਅਤੇ ਹਮਦਰਦੀ ਪ੍ਰਗਟ ਕੀਤੀ।  3 ਸਤੰਬਰ ਨੂੰ ਖ਼ੈਰ ਦੀਨ ਦੀ ਮਸਜਿਦ ’ਚ ਮੁਸਲਮਾਨਾਂ ਨੇ ਸੱਤਿਆਗ੍ਰਹੀ ਸਿੱਖਾਂ ਨਾਲ ਹਮਦਰਦੀ ਕਰਦਿਆਂ ਰੱਬ ਅੱਗੇ ਦੁਆ ਕੀਤੀ।

5 ਸਤੰਬਰ 1922 ਨੂੰ ਬੀ.ਟੀ. ਦੀ ਪੁਲਿਸੀ ਨੇ ਅਕਾਲੀਆਂ ਰੂੰ ਦੀ ਤਰ੍ਹਾਂ ਪਿੰਜਿਆ। ਅਕਾਲੀ ਮੋਰਚਾ ਜਥੇਦਾਰ ਪ੍ਰਿਥੀਪਾਲ ਸਿੰਘ ਲਾਇਲਪੁਰ ਨੂੰ 19 ਵੱਡੇ ਤੇ ਲਗਭਗ 100 ਛੋਟੇ ਜ਼ਖ਼ਮ ਹੋਏ। ‘ਮੁਸਲਮ ਆਊਟ ਲੁੱਕ’ 7 ਸਤੰਬਰ 1922 ਦੇ ਪਰਚੇ ’ਚ ਲਿਖਦਾ ਹੈ, ‘ਜਿਤਨੀ ਦੇਰ ਮਾਰ ਪੈਂਦੀ ਰਹੀ, ਨਗਾਰਾ ਵੱਜਦਾ ਰਿਹਾ, ਅਕਾਲੀ ਜ਼ਮੀਨ ’ਤੇ ਬੈਠ ਗਏ, ਉਨ੍ਹਾਂ ਦੀ ਪਿੱਠ, ਟੰਗਾਂ, ਗਿੱਟਿਆਂ ਅਤੇ ਕਈ ਹੋਰ ਹਿੱਸਿਆਂ ਤੇ ਡਾਂਗਾਂ ਮਾਰੀਆਂ ਗਈਆਂ। ਇਹ ਮਾਰ ਬਹੁਤ ਜ਼ਿਆਦਾ ਜ਼ਾਲਮਾਨਾ ਤੇ ਬੇਰਹਿਮੀ-ਭਰੀ ਸੀ, ਇਸ ਨੂੰ ਵੇਖਿਆ ਨਹੀਂ ਸੀ ਜਾ ਸਕਦਾ’। ਇਸੇ ਤਰ੍ਹਾਂ ਡਾ. ਖਾਨ ਚੰਦ ਦੇਵਾ ਅਕਾਲੀਆਂ ਦੀ ਮਾਨਸਿਕ ਦ੍ਰਿੜ੍ਹਤਾ ਦੀ ਪ੍ਰਸੰਸਾ ਕਰਦੇ ਕਹਿੰਦੇ ਹਨ, ‘ਇਹ ਅਕਾਲੀ ਲਹੂ ਹੱਡੀਆਂ ਦੇ ਨਹੀਂ ਸੀ ਬਣੇ ਹੋਏ, ਨਾ ਹੀ ਇਨ੍ਹਾਂ ਵਿੱਚ ਆਮ ਮਨੁੱਖਾਂ ਵਾਲੀ ਰੂਹ ਸੀ। ਇਨ੍ਹਾਂ ਦੇ ਸਰੀਰ ’ਤੇ ਰੂਹਾਨੀ ਸ਼ਕਤੀ ਸੱਚ ਮੁੱਚ ਅੰਦਾਜ਼ੇ ਤੋਂ ਬਾਹਰ ਸੀ।’ ਇਸੇ ਤਰ੍ਹਾਂ ਖ਼ਿਲਾਫ਼ਤ ਕਮੇਟੀ ਦੇ ਮੁਖੀ ਮਿਰਜ਼ਾ ਯਾਕੂਬ ਬੇਗ਼ ਜਿਨ੍ਹਾਂ ਕਾਫ਼ੀ ਅਰਸਾ ਜ਼ਖ਼ਮੀਆਂ ਦੀ ਡਾਕਟਰੀ ਸੇਵਾ ਕੀਤੀ, ਲਿਖਦੇ ਹਨ, ‘ਸਿੱਖ ਪੰਜਾਬ ਦੀਆਂ ਸਾਰੀਆਂ ਕੌਮਾਂ ਨਾਲੋਂ ਸਖ਼ਤ ਜਾਨ ਹਨ। ਜੇ ਇਤਨਾ ਕੁਟਾਪਾ ਕਿਸੇ ਹੋਰ ਕੌਮ ’ਤੇ ਪਿਆ ਹੁੰਦਾ ਤਾਂ ਉਹ ਬਹੁਤ ਦੁੱਖ ਮੰਨਦੀ, ਪਰ ਮੈਂ ਕਿਸੇ ਸਿੱਖ ਨੂੰ ਮਾਰ ਪੈਣ ਤੇ ‘ਹਾਇ ਹਾਇ’ ਕਰਦਿਆਂ ਨਹੀਂ ਦੇਖਿਆ ਤੇ ਨਾ ਹੀ ਕਿਸੇ ਨੇ ਕੁਟਾਈ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰਤੱਖ ਤੱਕਿਆ ਕਿ ਪੁਲਿਸ ਅੰਦਰ ਜ਼ੁਲਮ ਅਤੇ ਅਕਾਲੀਆਂ ਵਿੱਚ ਰੱਬ ਵੱਸਦਾ ਸੀ’।

9 ਸਤੰਬਰ ਨੂੰ ਪੁਲਿਸ ਨੇ ਰਾਹ ਦੀ ਚੌਂਕੀ ਉੱਠਾ ਲਈ ਤੇ ਰਸਤੇ ਵਿੱਚ ਕੀਤੀ ਜਾਂਦੀ ਮਾਰ-ਕੁਟਾਈ ਬੰਦ ਕਰ ਦਿੱਤੀ ਤੇ ਜੱਥਾ ਸਿੱਧਾ ਗੁਰੂ ਕੇ ਬਾਗ਼ ਵਿੱਚ ਪਹੁੰਚਿਆ, ਜਿੱਥੇ ਮਿਸਟਰ ਬੀ. ਟੀ. (ਡਿਪਟੀ ਸੁਪਰਡੰਟ ਪੁਲਿਸ) ਨੇ ਖ਼ੂਬ ਕੁਟਾਈ ਕਰਵਾਈ, ਪਰ ਸਿੰਘਾਂ ਦੀ ਕੁਰਬਾਨੀ ’ਤੇ ਧਾਰਮਿਕ ਉਤਸ਼ਾਹ ਵੀ ਲਾਸਾਨੀ ਸੀ। ਉਹ ਡਾਂਗਾਂ ਦੀਆਂ ਮਾਰਾਂ ਖਾਂਦੇ ‘ਵਾਹਿਗੁਰੂ ਵਾਹਿਗੁਰੂ’ ਆਖਦੇ ਤੇ ਕਈ ਵੇਰ ਇਹ ਵੀ ਕਹਿੰਦੇ ਕਿ ‘ਹੋਰ ਗੱਫੇ ਬਖ਼ਸ਼ੋ।’ ਸਿੱਖਾਂ ਦੀ ਅਜਿਹੀ ਸਪਿਰਟ ਦੇਖ ਦੇਖ ਹਰ ਗ਼ੈਰ ਸਿੱਖ ਨੇ ਵੀ ਸਿੰਘਾਂ ਦੀ ਪ੍ਰਸੰਸਾ ਕੀਤੀ।

ਇੱਕ ਪ੍ਰਸਿੱਧ ਇਸਾਈ ਪਾਦਰੀ Rev.C. F. Andrews ਜਿਸ ਨੇ ਇਹ ਜ਼ੁਲਮ ਆਪਣੀ ਅੱਖੀਂ ਵੇਖਿਆ ਸੀ; ਲਿਖਦਾ ਹੈ ਕਿ ‘ਇਹ ਅੰਗਰੇਜ਼ ਸਰਕਾਰ ਦੀ ਨੈਤਿਕ ਹਾਰ, ਕਾਇਰਤਾ ਅਤੇ ਅਣਮਨੁੱਖੀ ਵਿਹਾਰ ਦੀ ਨਿਸ਼ਾਨੀ ਹੈ’। ਉਸ ਨੇ ਪੰਜਾਬ ਦੇ ਗਵਰਨਰ ਨੂੰ ਲਿਖਿਆ ਕਿ ਉਸ ਨੇ ਆਪਣੀ ਅੱਖਾਂ ਨਾਲ ਗੁਰੂ ਕੇ ਬਾਗ਼ ’ਚ ਜ਼ੁਲਮ ਹੁੰਦਾ ਵੇਖਿਆ ਹੈ। ਇਹ ਉਹ ਨਜ਼ਾਰਾ ਸੀ ਜਿਹੜਾ ਉਹ ਫਿਰ ਕਦੇ ਦੇਖਣਾ ਨਹੀਂ ਚਾਹੁੰਦਾ। ਉਸ ਨੇ ਇਹ ਵੀ ਲਿਖਿਆ ਕਿ ਉਹ ਇਹ ਨਿਰਦਈ ਤੇ ਅਤਿਅੰਤ ਵਹਿਸ਼ੀਆਨਾ ਕਾਰਵਾਈ ਬੰਦ ਕਰੇ। ਉਸ ਦੇ ਸ਼ਬਦ ਬੜੇ ਭਾਵਪੂਰਤ ਤੇ ਕਰੁਣਾਮਈ ਸਨ। ਉਸ ਨੇ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਦੱਸਿਆ ਕਿ ਉਸ ਨੇ ਇਤਿਹਾਸ ’ਚ ਇੱਕ ਈਸਾ ਮਸੀਹ ਨੂੰ ਸੂਲੀ ਚੜ੍ਹਾਏ ਜਾਣ ਦੀ ਗਾਥਾ ਪੜ੍ਹੀ ਹੈ, ਪਰ ਆਪਣੀਆਂ ਅੱਖਾਂ ਨਾਲ ਗੁਰੂ ਕੇ ਬਾਗ਼ ਵਿੱਚ ਹਜ਼ਾਰਾਂ ਈਸਾ ਮਸੀਹ ਫਾਂਸੀ ਲੱਗਦੇ ਵੇਖੇ ਹਨ, ਜੋ ਸ਼ਾਂਤੀ ਦਾ ਉਪਦੇਸ਼ ਦਿੰਦੇ ਵਿਖਾਈ ਦਿੰਦੇ ਦਿੱਸ ਰਹੇ ਹਨ। ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ, ਜਿਸ ’ਤੇ 13 ਸਤੰਬਰ ਨੂੰ ਮੈਕਲੈਗਨ ਖ਼ਦ ਗੁਰੂ ਕੇ ਬਾਗ਼ ਪੁੱਜਾ, ਜਿਸ ਦੇ ਫਲਸਰੂਪ ਸਿੰਘਾਂ ’ਤੇ ਤਸ਼ੱਦਦ ਹੋਣਾ ਬੰਦ ਹੋ ਗਿਆ, ਪਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ, ਜੋ 17 ਨਵੰਬਰ 1922 ਤੱਕ ਚੱਲਿਆ।

ਹੁਣ ਤੱਕ 1300 ਦੇ ਲਗਭਗ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਸਨ। ਪਹਿਲੇ 20-20 ਸਿੰਘਾਂ ਦਾ ਜੱਥਾ ਜਾਂਦਾ ਰਿਹਾ ਅਤੇ 10 ਅਕਤੂਬਰ ਤੋਂ 100-100 ਦਾ ਜੱਥਾ ਰੋਜ਼ਾਨਾ ਜਾਣ ਲੱਗਾ।  25 ਅਕਤੂਬਰ ਨੂੰ ਰਸਾਲਦਾਰ ਅਨੂਪ ਸਿੰਘ ਦੀ ਜਥੇਦਾਰੀ ਹੇਠ 100 ਫ਼ੌਜੀ ਸਿੱਖ ਪੈਨਸ਼ਨਰਾਂ ਦਾ ਜੱਥਾ ਗਿਆ। ਦੂਰ ਦੂਰ ਤੋਂ ਹਿੰਦੂ ਮੁਸਲਮਾਨ ਸਿੰਘਾਂ ਦੇ ਇਸ ਮੋਰਚੇ ਨੂੰ ਵੇਖਣ ਲਈ ਆਉਂਦੇ ਤੇ ਸਰਕਾਰ ਨੂੰ ਫਿਟਕਾਰਾਂ ਪਾਉਂਦੇ। ਸੱਯਦ ਬੁੱਧੂ ਸ਼ਾਹ ਦੀ ਸੰਤਾਨ ਨੇ ਵੀ ਇਸ ਸੱਤਿਆਗ੍ਰਹਿ ਲਈ ਆਪਣਾ ਆਪ ਪੇਸ਼ ਕੀਤਾ। ਗ੍ਰਿਫ਼ਤਾਰ ਹੋਣ ਵਾਲੇ ਸਿੰਘਾਂ ਨੂੰ ਸਰਕਾਰ ਭੁੱਖਣ-ਭਾਣੇ ਲਿਜਾ ਕੇ ਦੂਰ ਦੂਰ ਜੇਲ੍ਹ ਖਾਨਿਆਂ ’ਚ ਜਾ ਸੁੱਟਦੀ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਨੱਕੋ-ਨੱਕ ਭਰੀਆਂ ਪਈਆਂ ਸਨ। ਕੋਈ ਖ਼ਾਲੀ ਥਾਂ ਨਹੀਂ ਸੀ ਰਿਹਾ।

ਨਿਹੱਥੇ ਤੇ ਸ਼ਾਂਤਮਈ ਅਕਾਲੀਆਂ ’ਤੇ ਕੀਤੇ ਜ਼ੁਲਮ ਨੇ ਲੋਕਾਂ ਉੱਤੇ ਡੂੰਘਾ ਪ੍ਰਭਾਵ ਪਾਇਆ। ਗੋਰਖੇ ਸਿਪਾਹੀਆਂ ਨੇ ਨਿਹੱਥੇ ਤੇ ਸ਼ਾਂਤਮਈ ਅਕਾਲੀਆਂ ਨੂੰ ਮਾਰਨ-ਕੁੱਟਣ ਤੋਂ ਇਨਕਾਰ ਕਰ ਦਿੱਤਾ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਵੀ ਭਾਰੀ ਸੰਖਿਆ ’ਚ ਗੁਰੂ ਕੇ ਬਾਗ਼ ਪੁੱਜਣ ਲੱਗੇ। ਇਨ੍ਹਾਂ ਵਿੱਚ ਅੰਗਰੇਜ਼ ਪਾਦਰੀ ਸੀ. ਐਫ. ਐਂਡਰੀਊਜ਼, ਪੰਡਿਤ ਮਦਨ ਮੋਹਨ ਮਾਲਵੀਆ, ਪ੍ਰੋ: ਰੁਚੀ ਰਾਮ ਸਾਹਨੀ, ਹਕੀਮ ਅਜਮਲ ਖਾਂ, ਸ੍ਰੀਮਤੀ ਸਰੋਜਨੀ ਨਾਇਡੂ ਖ਼ਾਸ ਵਰਣਨਯੋਗ ਹਨ। ਪ੍ਰਸਿਧ ਹਿੰਦੂ, ਮੁਸਲਮਾਨ ਆਗੂ ਤੇ ਅਸੰਬਲੀਆਂ ਦੇ ਮੈਂਬਰ ਅਤੇ ਭਾਰੀ ਸੰਖਿਆ ’ਚ ਲੋਕ ਗੁਰੂ ਕੇ ਬਾਗ਼ ਪੁੱਜਣ ਲੱਗੇ। ਕਈ ਭਾਰਤੀ ਅਤੇ ਵਿਦੇਸ਼ੀ ਅਖਬਾਰਾਂ ਦੇ ਪੱਤਰਕਾਰਾਂ ਨੇ ਵੀ ਇਸ ਅਦੁੱਤੀ ਸਖ਼ਤੀ ਨੂੰ ਆਪਣੀ ਅੱਖੀਂ ਵੇਖਿਆ ਤੇ ਆਪਣੇ ਅਖ਼ਬਾਰਾਂ ’ਚ ਛਾਪਿਆ। ਇਸ ਕਾਰਨ ਸੰਸਾਰ ਦੇ ਲੋਕਾਂ ਦੀ ਰਾਏ ਸਰਕਾਰ ਵਿਰੁਧ ਹੋ ਗਈ। ਇੱਕ ਵਿਦੇਸ਼ੀ A.L. Verges ਨੇ ਇਸ ਸਾਕੇ ਦੀ ਇੱਕ ਫਿਲਮ ਬਣਾਈ, ਜਿਸ ਵਿੱਚ ਸਰਕਾਰ ਦੀ ਇਸ ਨਾਜਾਇਜ਼ ਸਖ਼ਤੀ ਨੂੰ ਘਿਰਣਾਯੋਗ ਦਰਸਾਇਆ, ਅਕਾਲੀਆਂ ਦੇ ਸਬਰ ਅਤੇ ਸ਼ਾਂਤਮਈ ਰਹਿਣ ਦੀ ਬਹੁਤ ਸ਼ਲਾਘਾ ਕੀਤੀ ਅਤੇ ਇਸ ਅਹਿੰਸਕ ਮੋਰਚੇ ਨੂੰ ਸੰਸਾਰ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਦਰਸਾਇਆ। ਹਜ਼ਾਰਾਂ ਸਰੋਤਿਆ ਨੂੰ ਸੰਬੋਧਨ ਕਰਦਿਆਂ ਪੰਡਿਤ ਮਦਨ ਮੋਹਨ ਮਾਲਵੀਆ ਨੇ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਸਖ਼ਤੀ ਦੀ ਕਰੜੇ ਸ਼ਬਦਾਂ ’ਚ ਆਲੋਚਨਾ ਕੀਤੀ ਅਤੇ ਸਰਕਾਰ ਨੂੰ ਸਲਾਹ ਦਿੱਤੀ ਕਿ ਇਸ ਨੂੰ ਤੁਰੰਤ ਬੰਦ ਕਰੇ।

ਗੁਰੂ ਕੇ ਬਾਗ਼ ਦੇ ਚੱਲਦੇ ਮੋਰਚੇ ਦੌਰਾਨ ਇੱਕ ਹੋਰ ਭਿਆਨਕ ਸਾਕਾ ਪੰਜਾ ਸਾਹਿਬ ਵਾਪਰਿਆ। ਹੋਇਆ ਇੰਝ ਕਿ ਜਦੋਂ ਗ੍ਰਿਫ਼ਤਾਰ ਹੋਏ ਸਿੰਘਾਂ ਨਾਲ ਪੰਜਾਬ ਦੀਆਂ ਜੇਲ੍ਹਾਂ ਭਰ ਗਈਆਂ ਤਾਂ ਉਨ੍ਹਾਂ ਨੂੰ ਗੱਡੀਆਂ ’ਚ ਭਰ ਕੇ ਦੂਰ ਦੁਰਾਡੇ ਦੀਆਂ ਜੇਲ੍ਹਾਂ ’ਚ ਛੱਡਿਆ ਜਾ ਰਿਹਾ ਸੀ।  ੧੪ ਕੱਤਕ ਸੰਮਤ ੧੯੭੯/30 ਅਕਤੂਬਰ 1922 ਨੂੰ ਗੁਰੂ ਕੇ ਬਾਗ਼ ਦੇ ਮੋਰਚੇ ਦੇ ਸਿੰਘ ਕੈਦੀਆਂ ਦੀ ਗੱਡੀ ਅਟਕ ਜੇਲ੍ਹ ਵੱਲ ਲਿਜਾਈ ਜਾ ਰਹੀ ਸੀ। ਪੰਜਾ ਸਾਹਿਬ (ਹਸਨ ਅਬਦਾਲ) ਦੇ ਸਿੰਘਾਂ ਨੇ ਇਨ੍ਹਾਂ ਕੈਦੀ ਭਰਾਵਾਂ ਨੂੰ ਲੰਗਰ ਪਾਣੀ ਛਕਾਉਣ ਦਾ ਵਿਚਾਰ ਬਣਾਇਆ। ਉਨ੍ਹਾਂ ਸਟੇਸ਼ਨ ਮਾਸਟਰ ਨੂੰ ਗੱਡੀ ਖੜ੍ਹੀ ਕਰਨ ਲਈ ਬੇਨਤੀ ਕੀਤੀ, ਪਰ ਸਰਕਾਰ ਦਾ ਹੁਕਮ ਸੀ ਕਿ ਰਸਤੇ ’ਚ ਗੱਡੀ ਬਿਲਕੁਲ ਨਾ ਰੋਕੀ ਜਾਵੇ; ਇਸ ਲਈ ਉਹ ਗੱਡੀ ਖੜ੍ਹੀ ਕਰਨਾ ਨਾ ਮੰਨਿਆ। ਕਈ ਸਿੰਘ ਗੱਡੀ ਮੂਹਰੇ ਬੈਠ ਗਏ, ਉਨ੍ਹਾਂ ਕਿਹਾ, ‘ਸਾਡਾ ਭਾਵੇਂ ਸਰੀਰ ਲੱਥ ਜਾਵੇ, ਅਸੀਂ ਆਪਣੇ ਭੁੱਖੇ ਭਰਾਵਾਂ ਦੀ ਜ਼ਰੂਰ ਟਹਿਲ ਕਰਨੀ ਹੈ।’ ਇੰਜਨ ਤੇਜ ਚੱਲਦਾ ਆ ਰਿਹਾ ਸੀ, ਜੋ ਦੋ ਸਿੰਘਾਂ ਨੂੰ ਕੁਚਲਣ ਪਿੱਛੋਂ ਅਚਾਨਕ ਰੁਕ ਗਿਆ ਤੇ ਗੱਡੀ ਖੜ੍ਹੀ ਹੋ ਗਈ। ਭਾਈ ਪਰਤਾਪ ਸਿੰਘ ਖਜ਼ਾਨਚੀ ਗੁਰਦੁਆਰਾ ਪੰਜਾ ਸਾਹਿਬ ਤੇ ਭਾਈ ਕਰਮ ਸਿੰਘ, ਜੋ ਯਾਤਰਾ ਲਈ ਆਏ ਸਨ; ਦੋਵੇਂ ਸਿੰਘ ਸ਼ਹੀਦ ਹੋ ਗਏ ਤੇ 6 ਸਿੰਘ ਬਹੁਤ ਜ਼ਖ਼ਮੀ ਹੋ ਗਏ। ਭਾਈ ਪਰਤਾਪ ਸਿੰਘ ਹਾਲੀ ਸਹਿਕਦਾ ਸੀ ਜਦੋਂ ਉਸ ਨੂੰ ਗੱਡੀ ਹੇਠੋਂ ਕੱਢਣ ਲੱਗੇ ਤਾਂ ਉਨ੍ਹਾਂ ਕਿਹਾ ਪਹਿਲਾਂ ਭੁਖੇ ਸਿੰਘਾਂ ਨੂੰ ਲੰਗਰ ਛਕਾਇਆ ਜਾਵੇ, ਉਸ ਪਿੱਛੋਂ ਮੈਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਇਸੇ ਤਰ੍ਹਾਂ ਕੀਤਾ ਗਿਆ ਭਾਈ ਪ੍ਰਤਾਪ ਸਿੰਘ ਨੂੰ ਗੱਡੀ ਹੇਠੋਂ ਕੱਢ ਕੇ ਇਲਾਜ਼ ਲਈ ਹਸਪਤਾਲ ਲੈ ਜਾਣ ਤੋਂ ਪਹਿਲਾਂ ਲੰਗਰ ਛਕਾਇਆ ਗਿਆ। ਜ਼ਿਆਦਾ ਖ਼ੂਨ ਨਿਕਲਣ ਕਾਰਨ ਭਾਈ ਪ੍ਰਤਾਪ ਸਿੰਘ ਹਸਪਤਾਲ ’ਚ ਦਮ ਤੋੜ ਗਏ। ਇਉਂ ਹਰ ਥਾਂ ਸਿੰਘਾਂ ਦੇ ਮਨ ’ਚ ਕੁਰਬਾਨੀਆਂ ਦਾ ਚਾਅ ਠਾਠਾਂ ਮਾਰ ਰਿਹਾ ਸੀ। ਇੱਧਰ ਬੀ. ਟੀ. ਦੀਆਂ ਡਾਂਗਾਂ ਝੱਲੀਆਂ ਜਾ ਰਹੀਆਂ ਸਨ ਅਤੇ ਉਧਰ ਇੰਜਨ ਨਾਲ ਮੁਕਾਬਲਾ ਹੋ ਰਿਹਾ ਸੀ। ਸਿੱਖਾਂ ਨੂੰ ਜਾਨ ਨਾਲੋਂ ਧਰਮ ਦੀ ਕੀਮਤ ਵੱਧ ਨਜ਼ਰ ਆਉਂਦੀ ਸੀ।

ਅਕਾਲੀ ਜੱਥਿਆਂ ’ਚ ਭਾਰੀ ਗਿਣਤੀ ਵਿੱਚ ਸੇਵਾ ਮੁਕਤ ਫੌਜੀ ਗ੍ਰਿਫ਼ਤਾਰੀ ਦੇਣ ਲਈ ਸ਼ਾਮਲ ਹੋ ਰਹੇ ਸਨ। ਸਰਕਾਰ ਨੂੰ ਭਾਰਤੀ ਸਿੱਖ ਫੌਜੀ ਦਸਤਿਆਂ ’ਚ ਅਸ਼ਾਂਤੀ ਫੈਲਣ ਦਾ ਖਤਰਾ ਪੈਦਾ ਹੋ ਗਿਆ। ਅਖਬਾਰਾਂ ਵਿੱਚ ਸਰਕਾਰ ਵਿਰੋਧੀ ਛਪੇ ਲੇਖ, ਕੌਮੀ ਪੱਧਰ ਦੇ ਲੀਡਰਾਂ ਦੇ ਬਿਆਨਾਂ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਚਾਰ ਨੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ।

ਸਰਕਾਰ ਨੇ ਇੱਕ ਸੇਵਾ ਮੁਕਤ ਇੰਜੀਨੀਅਰ ਸਰ ਗੰਗਾ ਰਾਮ ਨੂੰ ਇਸ ਗੱਲ ਲਈ ਮੰਨਾ ਲਿਆ ਕਿ ਉਹ ਬਾਗ਼ ਦੀ ਜ਼ਮੀਨ ਮਹੰਤ ਤੋਂ ਪਟੇ ’ਤੇ ਲੈ ਲਵੇ। ਨਵੰਬਰ 1922 ’ਚ ਉਸ ਨੇ ਜ਼ਮੀਨ ਪਟੇ ’ਤੇ ਲੈ ਲਈ ਅਤੇ ਸਰਕਾਰ ਨੂੰ ਕਿਹਾ ਕਿ ਮੈਨੂੰ ਸਰਕਾਰੀ ਮੱਦਦ ਦੀ ਲੋੜ ਨਹੀਂ ਤੇ ਅਕਾਲੀਆਂ ਨੂੰ ਬਾਗ਼ ’ਚੋਂ ਲੱਕੜਾਂ ਕੱਟਣ ਦੀ ਮਨਜ਼ੂਰੀ ਦੇ ਦਿੱਤੀ। ਸਰਕਾਰ ਨੇ ਗੁਰੂ ਕੇ ਬਾਗ਼ ਤੋਂ ਪੁਲਿਸ ਵਾਪਸ ਬੁਲਾ ਲਈ ਤੇ ਬਾਗ਼ ਦੁਆਲੇ ਲਗਾਈ ਕੰਡਿਆਲੀ ਤਾਰ ਵੀ ਹਟਾ ਦਿੱਤੀ। ਅਕਾਲੀਆਂ ਨੇ ਬਾਗ਼ ਵਾਲੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਅਤੇ ਸਰਕਾਰ ਨੇ ਕੈਦ ਕੀਤੇ ਅਕਾਲੀ ਰਿਹਾ ਕਰ ਦਿੱਤੇ।  ੨ ਮੱਘਰ ਸੰਮਤ ੧੯੭੯/17 ਨਵੰਬਰ, 1922 ਵਾਲੇ ਦਿਨ ਇਹ ਸੰਘਰਸ਼ ਸਮਾਪਤ ਹੋ ਗਿਆ; ਜਿਸ ’ਚ 1500 ਅਕਾਲੀ ਫੱਟੜ ਹੋਏ ਤੇ 5605 ਅਕਾਲੀਆਂ ਨੇ ਗ੍ਰਿਫਤਾਰੀ ਦਿੱਤੀ। ਅਕਾਲੀਆਂ ਨੇ ਗੁਰੂ ਕੇ ਬਾਗ਼ ਦੀ ਜ਼ਮੀਨ ਅਤੇ ਗੁਰਦੁਆਰੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ।

ਅਕਾਲੀਆਂ ਵਲੋਂ ਲਾਇਆ ‘ਗੁਰੂ ਕੇ ਬਾਗ਼ ਦਾ ਮੋਰਚਾ’ ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ’ਚ ਇੱਕ ਮੀਲ ਪੱਥਰ ਹੈ। ਇੱਥੇ ਸਿੱਖਾਂ ਨੇ ਸ਼ਾਂਤਮਈ ਤੇ ਅਹਿੰਸਕ ਢੰਗ ਨਾਲ ਟਾਕਰਾ ਕਰ ਕੇ ਅਹਿੰਸਾ ਦੇ ਹਥਿਆਰ ਦੀ ਸਫਲਤਾ ਸਿਧ ਕਰ ਦਿਖਾਈ। ਉਨ੍ਹਾਂ ਨੇ ਅਟੁੱਟ ਵਿਸ਼ਵਾਸ਼ ਅਤੇ ਸਬਰ ਨਾਲ ਮੁਸੀਬਤਾਂ ਝਲ ਕੇ ਭਾਰਤੀਆਂ ਦਾ ਦਿਲ ਜਿੱਤ ਲਿਆ ਅਤੇ ਅੰਗਰੇਜ਼ ਹਕੂਮਤ ਦੀਆ ਨੀਹਾਂ ਹਿਲਾ ਦਿੱਤੀਆਂ। ਵਿਰੋਧੀਆਂ ਨੇ ਇਹ ਅਨੁਭਵ ਕੀਤਾ ਕਿ ਸ਼ਕਤੀ ਦੀ ਅੰਨ੍ਹੀ ਵਰਤੋਂ ਅਕਾਲੀਆਂ ਦੀ ਅਹਿੰਸਕ ਤੇ ਸ਼ਾਂਤਮਈ ਸੰਘਰਸ਼ ਦੇ ਸਾਮ੍ਹਣੇ ਫੇਲ੍ਹ ਹੋ ਗਈ ਹੈ।

ਸਰਕਾਰ ਨੇ ਚਾਬੀਆਂ ਦੇ ਮੋਰਚੇ ਦੀ ਨਮੋਸ਼ੀ ਦੂਰ ਕਰਨ ਲਈ ਇਸ ਨਵੇਂ ਮੋਰਚੇ ਤੇ ਅਕਾਲੀਆਂ ਨਾਲ ਟੱਕਰ ਲਈ ਸੀ, ਪਰ ਉਸ ਨੂੰ ਮੂੰਹ ਦੀ ਖਾਣੀ ਪਈ। ਸਰਕਾਰੀ ਤਸ਼ੱਦਦ ਅਤੇ ਪੁਲਿਸ ਦੇ ਅਣਮੱਨੁਖੀ ਵਤੀਰੇ ਦੇ ਬਾਵਜੂਦ ਅਕਾਲੀ ਸ਼ਾਂਤਮਈ ਰਹੇ। ਉਨ੍ਹਾਂ ਨੇ ਇਹ ਸਿੱਧ ਕਰ ਦਿਖਾਇਆ ਕਿ ਸਿੱਖ ਜ਼ੁਲਮ ਤੇ ਭੜਕਾਊ ਵਰਤਾਰੇ ਦਾ ਟਾਕਰਾ ਵੀ ਸ਼ਾਂਤਮਈ ਤੇ ਅਹਿੰਸਕ ਰਹਿ ਕੇ ਕਰ ਸਕਦੇ ਹਨ। ਸਿੱਟੇ ਵਜੋਂ ਸ਼੍ਰੋਮਣੀ ਕਮੇਟੀ ਦਾ ਵਕਾਰ ਬੜਾ ਵਿਸ਼ਾਲ ਹੋ ਗਿਆ ਕਿਉਂਕਿ ਇਸ ਨੇ ਸ਼ਾਂਤਮਈ ਰਹਿ ਕੇ ਜਿੱਤ ਪ੍ਰਾਪਤ ਕੀਤੀ ਸੀ।

ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਸੁਨਹਿਰੀ ਵਿਰਸੇ ਨੂੰ ਭੁੱਲ ਰਹੇ ਹਾਂ। ਮੇਰਾ ਮੰਨਣਾ ਹੈ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਸਕੂਲਾਂ ਤੇ ਕਾਲਜਾਂ ’ਚ ਪੜ੍ਹਦੇ ਸਿੱਖ ਵਿਦਿਆਰਥੀਆਂ ਵਿਚੋਂ ਬਹੁਤ ਥੋੜ੍ਹੇ ਵਿਦਿਆਰਥੀ ਹੀ ਗੁਰੂ ਕੇ ਬਾਗ਼ ਬਾਰੇ ਕੁੱਝ ਜਾਣਦੇ ਹੋਣਗੇ। ਸ਼ਾਇਦ ਅਸੀਂ ਗੁਰੂ ਅਮਰ ਦਾਸ ਜੀ ਦਾ ਕਥਨ ਭੁੱਲ ਗਏ ਹਾਂ, ‘‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ’’ (ਮਹਲਾ /੯੫੧) ਭਾਵ ਬਜ਼ੁਰਗਾਂ ਦੀਆਂ ਸਾਖੀਆਂ ਆਮ ਪੁੱਤਰਾਂ ਨੂੰ ਸਪੁੱਤਰ (ਚੰਗੇ ਪੁੱਤਰ) ਬਣਾ ਦਿੰਦੀਆ ਹਨ (ਕਿਉਂਕਿ ਉਹ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਦੇ ਹਨ)।

ਆਪਣੇ ਸੁਨਹਿਰੀ ਵਿਰਸੇ ਨੂੰ ਭੁੱਲ ਜਾਣ ਕਾਰਨ ਸਾਡੀ ਕੇਵਲ ਨਵੀਂ ਪਨੀਰੀ ਹੀ ਨਹੀਂ ਬਲਕਿ ਅਜੋਕੀ ਅਕਾਲੀ ਲੀਡਰਸ਼ਿੱਪ ਵਿਚੋਂ ਵੀ ਬਹੁਤੇ ਕੁਰਾਹੇ ਪੈ ਚੁੱਕੇ ਹਨ, ਜਿਨ੍ਹਾਂ ਦਾ ਮੁੱਖ ਟੀਚਾ ਸੱਤਾ ਪ੍ਰਾਪਤੀ ਅਤੇ ਐਸ਼ ਪ੍ਰਸਤੀ ਕਰਨਾ ਰਹਿ ਗਿਆ ਹੈ, ਨਾ ਕਿ ਰੋਲ ਮਾਡਲ ਬਣ ਕੌਮ ਦੀ ਅਗਵਾਈ ਕਰਨਾ।