ਗੁਰੂ ਗ੍ਰੰਥ ਸਾਹਿਬ ਵਿੱਚ ਆਏ ਪ੍ਰਚਲਿਤ ਕਾਵਿ-ਰੂਪਾਂ ਅਤੇ ਲੋਕ-ਸੰਗੀਤ ਦੀ ਸੰਖੇਪ ਰੂਪ ਵਿੱਚ ਜਾਣਕਾਰੀ

0
2483

ਗੁਰੂ ਗ੍ਰੰਥ ਸਾਹਿਬ ਵਿੱਚ ਆਏ ਪ੍ਰਚਲਿਤ ਕਾਵਿ-ਰੂਪਾਂ ਅਤੇ ਲੋਕ-ਸੰਗੀਤ ਦੀ ਸੰਖੇਪ ਰੂਪ ਵਿੱਚ ਜਾਣਕਾਰੀ

ਪ੍ਰੋਫੈਸਰ ਪਿਆਰਾ ਸਿੰਘ ਪਦਮ

ਪ੍ਰਚਲਿਤ ਕਾਵਿ-ਰੂਪ ਅਤੇ ਲੋਕ-ਸੰਗੀਤ

ਆਦਿ ਗ੍ਰੰਥ ਵਿੱਚ ਲੋਕ-ਸੰਗੀਤ ਜਾਂ ਦੇਸੀ ਧਾਰਨਾ ਦੇ ਆਧਾਰ ’ਤੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਗਈ ਹੈ। ਇਹ ਲੋਕ-ਧਾਰਨਾਵਾਂ, ਉਸ ਸਮੇਂ ਆਮ ਪ੍ਰਚਲਿਤ ਸਨ ਤੇ ਲੋਕਾਂ ਵਿੱਚ ਹਰਮਨ ਪਿਆਰੀਆਂ ਸਨ, ਇਸ ਕਰ ਕੇ ਸੰਤਾਂ-ਭਗਤਾਂ ਅਤੇ ਗੁਰੂ ਸਾਹਿਬਾਨ ਨੇ ਲੋਕ-ਧਾਰਨਾ ਦੇ ਆਦਰਸ਼ ’ਤੇ ਵੰਨ-ਸੁਵੰਨੇ ਰੂਹਾਨੀ ਗੀਤਾਂ ਦੀ ਰਚਨਾ ਕੀਤੀ। ਲੋਕ-ਕਾਵਿ ਦੇ ਜੋ ਰੂਪ ਅਪਣਾਏ ਗਏ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :-

੧. ਅਲਾਹਣੀ:- ਇਹ ਸ਼ੋਕ ਮਈ ਢੰਗ ਨਾਲ ਚੜ੍ਹਾਈ ਕਰ ਚੁੱਕੇ (ਮਰ ਚੁੱਕੇ) ਪ੍ਰਾਣੀ ਦੀ ਯਾਦ ਵਿੱਚ ਸ਼ਲਾਘਾ ਦਾ ਗੀਤ ਹੈ। ਵਿਛੜੇ ਸਨੇਹੀ ਦੀ ਯਾਦ ਵਿੱਚ ਪਾਏ ਵੈਣ ਇਸ ਦਾ ਕਲੇਵਰ ਭਾਵ ਰੂਪ ਬਣਾਉਂਦੇ ਹਨ। ਗੁਰੂ ਨਾਨਕ ਸਾਹਿਬ ਨੇ ਵਡਹੰਸ ਰਾਗ ਵਿੱਚ ਇਸ ਲੋਕ ਧਾਰਨਾ ਦੇ ਆਧਾਰ ’ਤੇ ਸੰਸਾਰ ਦੀ ਨਾਸ਼ਵਾਨਤਾ ਦਰਸਾਉਂਦਿਆਂ ਬੜੇ ਹੀ ਦਰਦਨਾਕ ਜਜ਼ਬਿਆਂ ਦਾ ਜ਼ਿਕਰ ‘ਅਲਾਹਣੀਆਂ’ ਦੇ ਸ਼ਬਦਾਂ ਰਾਹੀਂ ਅੰਕਿਤ ਕੀਤਾ ਹੈ।

੨. ਆਰਤੀ:- ਇਸ਼ਟ ਦੇਵ ਦੀ ਮਹਿਮਾ ਅਤੇ ਪੂਜਾ ਲਈ ਇਹ ਲੈਅ ਵਰਤੀ ਜਾਂਦੀ ਹੈ। ਇਸ ਵਿੱਚ ਪੂਜਨੀਕ ਇਸ਼ਟ ਤੋਂ ਵਾਰਨੇ ਜਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਆਰਤੀ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਰਜ ਹੈ, ਭਗਤ ਕਬੀਰ ਜੀ, ਰਵਿਦਾਸ ਜੀ, ਸੈਣ ਜੀ, ਆਦਿ ਭਗਤਾਂ ਨੇ ਵੀ ਇਸੇ ਲੈਅ ਵਿੱਚ ਕੁਝ ਸ਼ਬਦ ਉਚਾਰਨ ਕੀਤੇ ਹਨ।

੩. ਅੰਜੁਲੀ:- ਬੇਨਤੀ ਦੇ ਬੋਲਾਂ ਦਾ ਗੀਤ (ਸ਼ਬਦ) ਅੰਜੁਲੀ ਕਹਾਉਂਦਾ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਰੂ ਰਾਗ ਵਿੱਚ ਦਰਜ ਹੈ।

੪. ਸਦੁ:- ਇਹ ਲੰਮੀ ਹੇਕ ਨਾਲ ਗਾਇਆ ਜਾਣ ਵਾਲਾ ਪੇਂਡੂ ਲੋਕਾਂ ਦਾ ਪਿਆਰਾ ਗੀਤ ਹੈ। ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਉਨ੍ਹਾਂ ਦੇ ਵਿਛੋੜੇ ’ਤੇ ਸਿੱਖਿਆ ਨੂੰ ਰਾਮਕਲੀ ਰਾਗ ਵਿੱਚ ਕਲਮਬੰਦ ਕੀਤਾ ਹੈ।

੫. ਸੋਹਿਲਾ:- ਖੁਸ਼ੀ ਦੇ ਗੀਤ ਨੂੰ ਸੋਹਿਲਾ ਕਹਿੰਦੇ ਹਨ। ਹਿੰਦੀ ਵਿੱਚ ਇਸ ਦਾ ਨਾਮ ‘ਸੋਹਰ’ ਪ੍ਰਸਿੱਧ ਹੈ, ਜੋ ਜਨਮ-ਉਤਸਵ ਤੇ ਗਾਇਆ ਜਾਂਦਾ ਹੈ। ਗਉੜੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਇਸ ਸਿਰਲੇਖ ਹੇਠ ਇੱਕ ਸ਼ਬਦ ਸੁਭਾਇਮਾਨ ਹੈ।

੬. ਕਰਹਲੇ:- ‘ਕਰਹਾ’ ਜਾਂ ‘ਕਰਹਲ’ ਊਠ ਦਾ ਵਾਚਕ ਹੈ। ਊਠਵਾਨਾਂ ਦੀ ਇੱਕ ਗੀਤ ਗਾਉਣ ਦੀ ਧਾਰਨਾ ‘ਕਰਹਲਾ’ ਕਹੀ ਜਾਂਦੀ ਹੈ। ਪੁਰਾਣੇ ਜ਼ਮਾਨੇ ਵਿੱਚ ਵਪਾਰ ਲਈ ਊਠਾਂ ਉੱਤੇ ਸਮਾਨ ਆਦਿ ਲੱਦ ਕੇ ਵੱਖ-ਵੱਖ ਦੇਸ਼ਾਂ ਦਾ ਰਟਨ ਕੀਤਾ ਜਾਂਦਾ ਸੀ, ਇਸੇ ਭਾਵ ਨੂੰ ਲੈ ਕੇ ਮਾਇਆ ਵਿੱਚ ਭਟਕ ਰਹੇ ਜੀਵ ਨੂੰ ਗੁਰਬਾਣੀ ਵਿੱਚ ਊਠ ਕਿਹਾ ਗਿਆ ਹੈ। ਗੁਰੂ ਰਾਮਦਾਸ ਜੀ ਨੇ ਗਉੜੀ ਰਾਗ ਵਿੱਚ ਇਸ ਧਾਰਨਾ ਦੇ ਆਧਾਰ ’ਤੇ ਦੋ ਸ਼ਬਦ ਉਚਾਰਨ ਕੀਤੇ ਹਨ।

੭. ਕਾਫ਼ੀ:- ਇਹ ਸੂਫ਼ੀਆਂ ਦਾ ਪ੍ਰੇਮ-ਗੀਤ ਹੈ। ਕਵਾਲ ਗਾਇਕ ਇਸ ਨੂੰ ਮਹਿਫਲਾਂ ਵਿੱਚ ਗਾਉਂਦੇ ਰਹੇ ਹਨ ਤੇ ਪੰਜਾਬ ਵਿੱਚ ਇਹ ਧੁਨ ਕਾਫ਼ੀ ਪ੍ਰਸਿੱਧ ਰਹੀ ਹੈ। ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਸਾ, ਤਿਲੰਗ, ਸੂਹੀ ਤੇ ਮਾਰੂ ਰਾਗ ਵਿੱਚ ਇਸ ਦੀ ਵਰਤੋਂ ਕੀਤੀ ਹੈ।

੮. ਘੋੜੀਆਂ:- ਵਿਆਹ ਸਮੇਂ ਜਦੋਂ ਲਾੜ੍ਹਾ, ਘੋੜੀ ਉੱਤੇ ਚੜ੍ਹ ਕੇ ਜਾਂਦਾ ਹੈ ਤਾਂ ਭੈਣਾਂ, ਜੋ ਖੁਸ਼ੀ ਦੇ ਗੀਤ ਗਾਉਂਦੀਆਂ ਹਨ, ਉਸ ਨੂੰ ‘ਘੋੜੀਆਂ’ ਕਿਹਾ ਜਾਂਦਾ ਹੈ। ਗੁਰੂ ਰਾਮਦਾਸ ਜੀ ਨੇ ਵਡਹੰਸ ਰਾਗ ਵਿੱਚ ਇਸ ਧਾਰਨਾ ਦੇ ਆਧਾਰ ’ਤੇ ਦੋ ਸ਼ਬਦ ਉਚਾਰਨ ਕੀਤੇ ਹਨ।

੯. ਚਉਬੋਲੇ:-  ਚਉਬੋਲੇ ਭਾਵੇਂ ਇੱਕ-ਮਾਤ੍ਰਿਕ ਛੰਦ ਦਾ ਵੀ ਨਾਂ ਹੈ ਲੇਕਿਨ ਉਸ ਦਾ ਵਜ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਕ ੧੩੫੩ ਉੱਪਰ ਪੰਚਮ ਪਾਤਸ਼ਾਹ ਦੇ ਉਨ੍ਹਾਂ ੧੧ ਸਲੋਕਾਂ ਉੱਤੇ ਨਹੀਂ ਢੁੱਕਦਾ, ਜਿਨ੍ਹਾਂ ਦਾ ਸਿਰਲੇਖ ‘ਚਉਬੋਲੇ’ ਦਿੱਤਾ ਗਿਆ ਹੈ। ਕੁਝ ਸਿੱਖ ਵਿਦਵਾਨ ਇਹ ਵੀ ਵਿਆਖਿਆ ਕਰਦੇ ਹਨ ਕਿ ਇਹ ਚਾਰ ਸਿੱਖਾਂ ਪ੍ਰਤੀ (ਸੰਮਨ, ਮੂਸਨ, ਜਮਾਲ, ਪਤੰਗ) ਬੋਲੇ ਜਾਣ ਕਰ ਕੇ ਚਉਬੋਲੇ ਕਹਿਲਾਉਂਦਾ ਹੈ, ਇਹ ਠੀਕ ਨਹੀਂ।  ਚਉਬੋਲੇ, ਕਾਵਿ-ਰੂਪ ਵਿੱਚ ਚਾਰ ਕਿਸਮ ਦੀਆਂ ਭਾਸ਼ਾਵਾਂ ਦਾ ਮੇਲ ਵੀ ਦੇਖਣ ਵਿੱਚ ਆਉਂਦਾ ਹੈ, ਪਰ ਇੱਥੇ ਅਜਿਹਾ ਵੀ ਨਹੀਂ, ਚਉ ਦਾ ਅਰਥ ਹੈ ਚਾਓ, ਉਮੰਗ, ਉਤਸ਼ਾਹ ਅਤੇ ਬੋਲੇ ਦਾ ਅਰਥ ਹੈ ਬਚਨ, ਇਸ ਕਰ ਕੇ ਚਉਬੋਲੇ ਇੱਕ ਤਰ੍ਹਾਂ ਦੇ ਪ੍ਰੇਮ-ਗੀਤ ਰੂਪੀ ਸ਼ਬਦ ਕਹੇ ਜਾ ਸਕਦੇ ਹਨ।

੧੦. ਛੰਤ:-ਇਸਤ੍ਰੀਆਂ ਦੇ ਵਿਸ਼ੇਸ਼ ਪ੍ਰੇਮ-ਗੀਤ ਜਾਂ ਵਡਿਆਈ ਅਤੇ ਗੁਣਾਂ ਦੇ ਗੀਤ, ‘ਛੰਤ’ ਕਹਿਲਾਉਂਦੇ ਹਨ।  ਛੰਤ; ਛੰਦ ਤੋਂ ਭਿੰਨ ਹੈ। ‘ਛੰਦ’ ਉਹ ਹੈ, ਜਿਸ ਵਿੱਚ ਮਾਤ੍ਰਾ, ਅੱਖਰ ਜਾਂ ਗੁਣਾਂ ਦੀ ਕੋਈ ਪਾਬੰਦੀ ਹੋਵੇ। ‘ਛੰਤ’ ਕਾਵਿ-ਰੂਪ ਹੈ, ਜਿਸ ਦੇ ਆਮ ਤੌਰ ’ਤੇ ਚਾਰ ਬੰਦ ਹੁੰਦੇ ਹਨ ਤੇ ਇਸ ਵਿੱਚ ਪਹਿਲੇ ਵਿਛੋੜੇ ਦਾ ਬਿਆਨ ਕਰ ਕੇ ਫਿਰ ਮਿਲਾਪ ਦੀ ਅਵਸਥਾ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵਿਸ਼ੇ ਵੀ ਅਪਣਾਏ ਗਏ ਹਨ। ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਜੀ ਨੇ ਕਈ ਰਾਗਾਂ ਵਿੱਚ ਅਨੇਕਾਂ ਛੰਤਾਂ ਦੀ ਰਚਨਾ ਕੀਤੀ ਹੈ।

੧੧. ਡਖਣੇ:-ਲਹਿੰਦੀ ਬੋਲੀ ਭਾਵ ਮੁਲਤਾਨ, ਸਾਹੀਵਾਲ ਦੇ ਇਲਾਕੇ ਦੀ ਬੋਲੀ ਵਿੱਚ ਲਿਖਿਆ ਸਲੋਕ ‘ਡੱਖਣਾ’ ਕਹਾਉਂਦਾ ਹੈ। ਇਸ ਵਿੱਚ ਵਧੇਰੇ ਕਰ ਕੇ ‘ਦ’ ਦੀ ਥਾਂ ‘ਡ’ ਵਰਤਿਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਨੇ ਮਾਰੂ ਰਾਗ ਵਿੱਚ ‘ਡਖਣੇ’ ਸਿਰਲੇਖ ਹੇਠ ਉਚਾਰਨ ਕੀਤੇ ਜੋ ਕਿ ਇਸੇ ਰਾਗ ਦੀ ਵਾਰ ਨਾਲ ਜੋੜ ਦਿੱਤੇ ਗਏ ਹਨ। ਸਿਰੀ ਰਾਗ ਦੇ ਛੰਤਾਂ ਨਾਲ ਵੀ ਪੰਜ ਸ਼ਬਦ ‘ਡਖਣੇ’ ਸਲੋਕਾਂ ਦੇ ਰੂਪ ਵਿੱਚ ਅੰਕਿਤ ਕੀਤੇ ਹੋਏ ਮਿਲਦੇ ਹਨ।

੧੨. ਥਿਤੀ:- ੧੫ ਥਿਤੀਆਂ ਰਾਹੀਂ ਕੋਈ ਖ਼ਾਸ ਵੀਚਾਰ ਦੇਣ ਵਾਲਾ ਕਾਵਿ-ਰੂਪ ‘ਥਿਤੀ’ ਕਹਾਉਂਦਾ ਹੈ। ਗੁਰੂ ਨਾਨਕ ਸਾਹਿਬ ਨੇ ਇਸ ਸਿਰਲੇਖ ਹੇਠ ‘ਬਿਲਾਵਲ’ ਰਾਗ ਵਿੱਚ ਤੇ ਭਗਤ ਕਬੀਰ ਜੀ ਨੇ ‘ਗਉੜੀ’ ਰਾਗ ਵਿੱਚ ‘ਥਿਤੀ’ ਬਾਣੀ ਦੀ ਰਚਨਾ ਕੀਤੀ ਹੈ।

੧੩. ਦਿਨ ਰੈਣਿ:- ਇਸ ਕਾਵਿ-ਰੂਪ ਰਾਹੀਂ ਹਰ ਸਮੇਂ ਸ਼ੁਭ ਸਿੱਖਿਆ ਆਦਿ ਨੂੰ ਧਾਰਨ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ। ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਨੇ ਇਸ ਸਿਰਲੇਖ ਹੇਠ ਕਾਵਿ ਰਚਨਾ ਕੀਤੀ ਹੈ, ਜਿਸ ਵਿੱਚ ਜੀਵ ਨੂੰ ਹਰ ਸਮੇਂ ਰੱਬੀ ਯਾਦ ਵਿੱਚ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਹੈ।

੧੪. ਪਹਿਰੇ:- ਰਾਤ ਦੇ ਚਾਰ ਪਹਿਰਾਂ ਦੇ ਆਧਾਰ ’ਤੇ ਰਚੀ ਬਾਣੀ ਭਾਵ ਰਾਤ ਦੇ ਹਰੇਕ ਪਹਿਰ ਰਾਹੀਂ ਕੋਈ ਖ਼ਾਸ ਵੀਚਾਰ ਦੇਣ ਵਾਲੇ ਕਾਵਿ-ਰੂਪ ਨੂੰ ‘ਪਹਿਰੇ’ ਕਿਹਾ ਜਾਂਦਾ ਹੈ। ਇਸ ਵਿੱਚ ਜੀਵਨ ਦੀਆਂ ਚਾਰ ਅਵਸਥਾਵਾਂ (ਮਾਤ-ਗਰਭ, ਬਚਪਨ, ਜੁਆਨੀ, ਬੁਢੇਪਾ ਜਾਂ ਮੌਤ) ਦੱਸ ਕੇ ਜੀਵਨ ਨੂੰ ਸਫਲ ਕਰਨ ਸਬੰਧੀ ਸਿੱਖਿਆ ਦਿੱਤੀ ਗਈ ਹੈ। ਸਿਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਜੀ ਨੇ ‘ਪਹਰੇ’ ਬਾਣੀ ਦੀ ਰਚਨਾ ਕੀਤੀ ਹੈ।

੧੫. ਪੱਟੀ:- ਵਰਣਮਾਲਾ (ਅੱਖਰ-ਕ੍ਰਮ) ਦੇ ਹਰੇਕ ਅੱਖਰ ਰਾਹੀਂ ਸ਼ੁਭ ਉਪਦੇਸ਼ ਦੇਣ ਲਈ ਰਚੀ ਬਾਣੀ ‘ਪੱਟੀ’ ਅਖਵਾਉਂਦੀ ਹੈ। ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਦੀ ਵਰਤੋਂ ਕੀਤੀ ਹੈ।

੧੬. ਬਾਰਹ ਮਾਹਾ:- ਬਾਰ੍ਹਾਂ ਮਹੀਨਿਆਂ ਵਿੱਚੋਂ ਹਰੇਕ ਮਹੀਨੇ ਅਤੇ ਉਸ ਦੇ ਮੌਸਮੀ ਪ੍ਰਭਾਵ ਨੂੰ ਆਧਾਰ ਬਣਾ ਕੇ ਸਬੰਧਿਤ ਵਿਸ਼ੇ ਨੂੰ, ਬਾਖ਼ੂਬੀ ਉਜਾਗਰ ਕਰਨ ਵਾਲਾ ਕਾਵਿ-ਰੂਪ ‘ਬਾਰਹ ਮਾਹਾ’ ਕਹਾਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ ਤੇ ਗੁਰੂ ਅਰਜਨ ਸਾਹਿਬ ਜੀ ਨੇ ਮਾਝ ਰਾਗ ਵਿੱਚ ‘ਬਾਰਹ ਮਾਹਾ’ ਦੀ ਰਚਨਾ ਕੀਤੀ ਹੈ, ਜਿਸ ਵਿੱਚ ਰੱਬੀ ਮਿਲਾਪ ਜਾਂ ਰੱਬੀ ਵਿਛੋੜੇ ਕਾਰਨ ਹੋਣ ਵਾਲੀ ਜੀਵ ਇਸਤ੍ਰੀ ਦੀ ਆਤਮਕ ਦਸ਼ਾ ਦਾ ਵਰਣਨ ਕੀਤਾ ਗਿਆ ਹੈ।

੧੭. ਬਾਵਨ ਅੱਖਰੀ:- ਸੰਸਕ੍ਰਿਤ ਦੇ ਬਵੰਜਾ ਅੱਖਰਾਂ ਦੇ ਆਧਾਰ ’ਤੇ ਸ਼ੁਭ ਉਪਦੇਸ਼ ਦੇਣ ਲਈ ਰਚੀ ਗਈ ਰਚਨਾ ‘ਬਾਵਨ ਅਖਰੀ’ ਦੇ ਨਾਮ ਨਾਲ ਜਾਣੀ ਜਾਂਦੀ ਹੈ। ਭਗਤ ਕਬੀਰ ਜੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਗਉੜੀ ਰਾਗ ਵਿੱਚ ਇਸ ਦੀ ਵਰਤੋਂ ਕੀਤੀ ਹੈ।

੧੮. ਬਿਰਹੜੇ:- ਵਿਯੋਗ ਦਾ ਵਿਸ਼ਾ ਲੈ ਕੇ ਰਚੀ ਗਈ ਰਚਨਾ ਦਾ ਨਾਂ ‘ਬਿਰਹੜੇ’ ਹੈ। ਆਸਾ ਰਾਗ ਵਿੱਚ ਪੰਚਮ ਸਤਿਗੁਰੂ ਨੇ ਤਿੰਨ ਛੰਦਾਂ ਦੀ ਰਚਨਾ ਕੀਤੀ ਹੈ, ਪਰ ਇਨ੍ਹਾਂ ਨੂੰ ‘ਛੰਤਾਂ ਕੀ ਜਤਿ’ ’ਤੇ ਗਾਉਣ ਦਾ ਆਦੇਸ਼ ਹੈ।

੧੯. ਮੰਗਲ:- ਖੁਸ਼ੀ ਦੇ ਗੀਤ ਨੂੰ ‘ਮੰਗਲ’ ਦੇ ਨਾਮ ਨਾਲ ਨਿਰੂਪਣ ਕੀਤਾ ਗਿਆ ਹੈ। ਇਹ ਵਧੇਰੇ ਵਿਆਹ-ਸ਼ਾਦੀ ਆਦਿਕ ਖੁਸ਼ੀ ਦੇ ਮੌਕੇ ਸਮੇਂ ਗਾਇਆ ਜਾਂਦਾ ਹੈ। ਹਿੰਦੀ ਕਵੀ ਤੁਲਸੀਦਾਸ ਨੇ ਜਾਨਕੀ ਮੰਗਲ, ਪਾਰਬਤੀ ਮੰਗਲ ਲਿਖੇ ਹਨ। ਹਿੰਦੀ ਸਾਹਿਤ ਵਿੱਚ ‘ਰੁਕਮਣੀ ਮੰਗਲ’ ਪ੍ਰਸਿੱਧ ਹਨ। ਬਿਲਾਵਲ ਵਿੱਚ ਗੁਰੂ ਰਾਮਦਾਸ ਜੀ ਨੇ ਮਿਲਾਪ ਦਾ ਅਨੰਦ ਪ੍ਰਗਟਾਉਂਦਿਆਂ ਦੋ ‘ਮੰਗਲ’ ਲਿਖੇ ਹਨ। ਇਹ ਛੰਤਾਂ ਦੀ ਤਰਜ਼ ’ਤੇ ਹਨ।

੨੦. ਰੁਤੀ:- ਭਾਰਤੀ ਮਹਾਂਦੀਪ ਵਿੱਚ ਸਾਲ ਦੀਆਂ ਛੇ ਰੁੱਤਾਂ ਹੁੰਦੀਆਂ ਹਨ, ਹਰੇਕ ਰੁੱਤ ਦੇ ਮੌਸਮੀ ਪ੍ਰਭਾਵ ਨੂੰ ਆਧਾਰ ਬਣਾ ਕੇ ਆਪਣੇ ਵਿਸ਼ੇ ਨੂੰ ਪ੍ਰਗਟਾਉਣ ਵਾਲੀ ਕਾਵਿ ਰਚਨਾ ‘ਰੁਤੀ’ ਕਹਾਉਂਦੀ ਹੈ। ਰਾਮਕਲੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਇਸ ਦੀ ਵਰਤੋਂ ਕੀਤੀ ਹੈ।

੨੧. ਵਣਜਾਰਾ:- ਪੁਰਾਣੇ ਜ਼ਮਾਨੇ ਵਿੱਚ ਜਦ ਵਾਪਾਰੀ, ਵਣਜਾਰੇ ਸੌਦਾ ਲੱਦ ਕੇ, ਵੇਚਣ ਲਈ ਇੱਕ ਤੋਂ ਦੂਜੇ ਥਾਂ ਜਾਂਦੇ ਸਨ ਤਾਂ ਰਾਹ ਵਿੱਚ ਗੀਤ ਗਾਉਂਦੇ ਹੋਏ ਸਫਰ ਵਿੱਚ ਤੁਰਦੇ ਸਨ। ਇਸੇ ਤਰਜ਼ ਨੂੰ ਲੈ ਕੇ ਸਿਰੀ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਬਾਣੀ ਦੀ ਰਚਨਾ ਕੀਤੀ ਹੈ ਤੇ ਇਸ ਵਿੱਚ ‘ਵਣਜਾਰਿਆ ਮਿਤ੍ਰਾ’ ਨੂੰ ਥਾਂ-ਥਾਂ ’ਤੇ ਸੰਬੋਧਨ ਕੀਤਾ ਗਿਆ ਹੈ, ਇਸ ਰਾਹੀਂ ਜੀਵ ਨੂੰ ਪ੍ਰਭੂ ਦੇ ਨਾਮ ਰੂਪੀ ਸੌਦੇ ਨੂੰ ਵਿਹਾਜਣ ਦੀ ਪ੍ਰੇਰਨਾ ਕੀਤੀ ਗਈ ਹੈ।

੨੨. ਵਾਰ:- ਯੁੱਧ-ਕਥਾ ਨੂੰ ਪਉੜੀ ਵਿੱਚ ਗਾਇਨ ਕਰਨ ਦੀ ਪੇਸ਼ਕਾਰੀ ਨੂੰ ‘ਵਾਰ’ ਕਿਹਾ ਜਾਂਦਾ ਹੈ। ਇਸ ਵਿੱਚ ਕਿਸੇ ਚੰਗੇ ਜੀਵਨ ਵਾਲੇ ਮਨੁੱਖ ਦੀ ਸੂਰਬੀਰਤਾ ਦਾ ਵਰਣਨ ਕੀਤਾ ਗਿਆ ਹੁੰਦਾ ਹੈ। ਗੁਰੂ ਸਾਹਿਬ ਦੇ ਜ਼ਮਾਨੇ ਇਹ ਕਾਵਿ-ਰੂਪ ਬਹੁਤ ਪ੍ਰਸਿੱਧੀ ਰੱਖਦਾ ਸੀ। ਇਸੇ ਕਰ ਕੇ ਆਦਿ ਗ੍ਰੰਥ ਵਿੱਚ ੨੨ ਵਾਰਾਂ ਲਿਖੀਆਂ ਮਿਲਦੀਆਂ ਹਨ। ਇਨ੍ਹਾਂ ੨੨ ਵਾਰਾਂ ਵਿੱਚੋਂ ਨੌਂ ਵਾਰਾਂ ਉੱਪਰ, ਨੌਂ ਪ੍ਰਾਚੀਨ ਵਾਰਾਂ ਦੀਆਂ ਧੁਨਾਂ ਅਨੁਸਾਰ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ; ਜਿਸ ਦਾ ਵੇਰਵਾ ਹੇਠ ਲਿਖੇ ਮੁਤਾਬਕ ਹੈ:-

੧. ਵਾਰ ਮਾਝ-ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨਿ

੨. ਵਾਰ ਗਉੜੀ-ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ

੩. ਵਾਰ ਆਸਾ-ਟੁੰਡੇ ਅਸਰਾਜੈ ਕੀ ਧੁਨਿ

੪. ਵਾਰ ਗੂਜਰੀ-ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨਿ

੫. ਵਾਰ ਵਡਹੰਸ-ਲਲਾਂ ਬਹਿਲੀਮਾ ਕੀ ਧੁਨਿ

੬. ਵਾਰ ਰਾਮਕਲੀ-ਜੋਧੈ ਵੀਰੈ ਪੂਰਬਾਣੀ ਕੀ ਧੁਨਿ

੭. ਵਾਰ ਸਾਰੰਗ-ਰਾਇ ਮਹਮੇ ਹਸਨੇ ਕੀ ਧੁਨਿ

੮. ਵਾਰ ਮਲਾਰ-ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ

੯. ਵਾਰ ਕਾਨੜਾ-ਮੂਸੇ ਕੀ ਵਾਰ ਕੀ ਧੁਨਿ

ਇਹ ਸੂਚਨਾਵਾਂ ਦੱਸਦੀਆਂ ਹਨ ਕਿ ਗੁਰੂ ਸਾਹਿਬ ਉਸ ਸਮੇਂ ਦੇ ਪ੍ਰਚਲਿਤ ਲੋਕ-ਸੰਗੀਤ ਵਿੱਚ ਕਿੰਨੀ ਦਿਲਚਸਪੀ ਰੱਖਦੇ ਸਨ ਤੇ ਉਨ੍ਹਾਂ ਅਧਿਆਤਮਕ ਵਾਰਾਂ ਨੂੰ ਇਨ੍ਹਾਂ ਦੀ ਤਰਜ਼ ’ਤੇ ਗਾਉਣ ਦੀ ਸੂਚਨਾ ਦਿੱਤੀ, ਪਰ ਸਮੇਂ ਦੇ ਗੁਜ਼ਰ ਜਾਣ ਨਾਲ ਹੁਣ ਇਹ ਦੱਸਣਾ ਔਖਾ ਹੈ ਕਿ ਉਹ ਤਰਜ਼ ਕਿਸ-ਕਿਸ ਭਾਂਤ ਦੀ ਸੀ, ਪਰੰਤੂ ਪਉੜੀਆਂ ਦੀਆਂ ਤੁਕਾਂ ਦੇ ਵਜ਼ਨ ਦੱਸਦੇ ਹਨ ਕਿ ਉਨ੍ਹਾਂ ਵਿੱਚ ਕਾਫ਼ੀ ਵੰਨ-ਸੁਵੰਨਤਾ ਸੀ ਅਤੇ ਪ੍ਰਾਚੀਨ ਰਬਾਬੀਆਂ ਦੀਆਂ ਗਾਉਣ-ਵਿਧੀਆਂ ਤੋਂ ਉਨ੍ਹਾਂ ਨੂੰ ਲੱਭਿਆ-ਭਾਲਿਆ ਵੀ ਜਾ ਸਕਦਾ ਹੈ। ਗੁਰੂ ਸਾਹਿਬ ਨੇ ਇਨ੍ਹਾਂ ਦੀ ਲੋਕ-ਪ੍ਰਿਯਤਾ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਵਾਰਾਂ ਨੂੰ ਇਨ੍ਹਾਂ ਤਰਜ਼ਾਂ ਉੱਪਰ ਗਾਉਣ ਦੀ ਹਿਦਾਇਤ ਕੀਤੀ ਤਾਂ ਕਿ ਜੋ ਪਰਮਾਰਥਕ ਸੁਨੇਹੇ ਉਹ ਆਮ ਲੋਕਾਂ ਦੇ ਦਿਲਾਂ ਦੀ ਡੂੰਘਾਈ ਤੱਕ ਲੈ ਜਾਣਾ ਚਾਹੁੰਦੇ ਸਨ, ਉਹ ਸੁਨੇਹੇ ਉਨ੍ਹਾਂ ਦੇ ਮਨਪਸੰਦ ਪਿਆਰੇ ਗਾਉਣ-ਢੰਗ ਰਾਹੀਂ ਸੌਖਿਆਂ ਹੀ ਆਮ ਲੋਕਾਂ ਦੇ ਦਿਲਾਂ ਵਿੱਚ ਪ੍ਰਵੇਸ਼ ਕਰ ਸਕਣ।

੨੩.  ਵਾਰ ਸਤ:- ਸੱਤ ਦਿਨਾਂ ਦੇ ਆਧਾਰ ’ਤੇ ਸ਼ੁਭ ਉਪਦੇਸ਼ ਪ੍ਰਗਟ ਕਰਨ ਲਈ ਕੀਤੀ ਰਚਨਾ ‘ਵਾਰ ਸਤ’ ਜਾਂ ‘ਸਤਵਾਰ’ ਹੈ, ਇਸ ਵਿੱਚ ਆਮ ਤੌਰ ’ਤੇ ਹਰੇਕ ਵਾਰ ਦੇ ਨਾਂ ਦੇ ਪਹਿਲੇ ਅੱਖਰ ਤੋਂ ਕੋਈ ਸ਼ਬਦ ਵਰਤ ਕੇ ਸਿੱਖਿਆ ਦੇਣੀ ਆਰੰਭ ਕੀਤੀ ਜਾਂਦੀ ਹੈ। ਗਉੜੀ ਰਾਗ ਵਿੱਚ ਕਬੀਰ ਜੀ ਨੇ ‘ਵਾਰ’ ਤੇ ਬਿਲਾਵਲ ਰਾਗ ਵਿੱਚ ਗੁਰੂ ਅਮਰਦਾਸ ਜੀ ਨੇ ‘ਵਾਰ ਸਤ’ ਦੀ ਰਚਨਾ ਕੀਤੀ ਹੈ।