ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਪੱਖੀ ਵਿਚਾਰਧਾਰਾ
-ਕਥਾਵਾਚਕ ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ।
ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣ ਲਈ ਤਿੰਨ ਗੱਲਾਂ ਨੂੰ ਧਿਆਨ ਵਿਚ ਰੱਖਣਾ ਪਵੇਗਾ ਕਿ ਇਹ ਵਿਚਾਰਧਾਰਾ ਸਰਬ ਸਾਂਝੀ, ਸਰਬ ਦੇਸ਼ੀ ਤੇ ਸਰਬ ਕਾਲੀ ਹੈ।
ਸਰਬ ਸਾਂਝੀ: ਸਰਬ ਸਾਂਝੀ ਦਾ ਭਾਵ ਕਿਸੇ ਵੀ ਧਰਮ, ਮਜ਼ਹਬ, ਵਰਨ, ਮੱਤ ਜਾਂ ਸੰਪਰਦਾ ਦਾ ਜਾਂ ਆਮ ਮਨੁੱਖ ਇਸ ਨੂੰ ਅਪਣਾ ਸਕਦਾ ਹੈ: ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥’’ (ਪੰਨਾ ੭੪੭)
ਸਰਬ ਦੇਸ਼ੀ: ਸਰਬ ਦੇਸ਼ੀ ਦਾ ਭਾਵ ਹੈ ਕਿ ਦੁਨੀਆਂ ਦੇ ਹਰ ਕੋਨੇ ’ਤੇ ਇਸ ਦੇ ਸਿਧਾਂਤ ਲਾਗੂ ਕੀਤੇ ਜਾ ਸਕਦੇ ਹਨ। ਜੇ ਕਿਸੇ ਹੋਰ ਗ੍ਰਹਿ ’ਤੇ ਵੀ ਦੁਨੀਆਂ ਮਿਲਦੀ ਹੈ ਜਾਂ ਮਨੁੱਖ ਕਿਸੇ ਹੋਰ ਗ੍ਰਹਿ ’ਤੇ ਵੀ ਜਾ ਕੇ ਵੱਸਦਾ ਹੈ ਤਾਂ ਉੱਥੇ ਵੀ ਇਸ ਦੇ ਸਿਧਾਂਤ ਲਾਗੂ ਹੋ ਸਕਦੇ ਹਨ: ‘‘ਗੁਰਬਾਣੀ ਚਹੁ ਕੁੰਡੀ ਸੁਣੀਐ; ਸਾਚੈ ਨਾਮਿ ਸਮਾਇਦਾ ॥’’ (ਪੰਨਾ ੧੦੬੫)
ਸਰਬ ਕਾਲੀ: ਸਰਬ ਕਾਲੀ ਦਾ ਭਾਵ ਹੈ ਕਿ ਇਸ ਦੇ ਸਿਧਾਂਤ ਦੁਨੀਆਂ ਦੀ ਸ਼ੁਰੂਆਤ ਵੇਲੇ ਵੀ ਸੱਚ ਸਨ, ਹੁਣ ਵੀ ਸੱਚ ਹਨ ਤੇ ਦੁਨੀਆਂ ਦੇ ਅੰਤ ਤੱਕ ਵੀ ਸੱਚ ਹੀ ਰਹਿਣਗੇ: ‘‘ਬਾਣੀ ਵਜੀ ਚਹੁ ਜੁਗੀ; ਸਚੋ ਸਚੁ ਸੁਣਾਇ ॥’’ (ਪੰਨਾ ੩੫)
ਇਸੇ ਕਰਕੇ ਹੀ ਦੁਨੀਆਂ ਵਿਚ ਕੇਵਲ ਇਸੇ ਗ੍ਰੰਥ ਨੂੰ ਹੀ ਗੁਰੂ ਹੋਣ ਦਾ ਰੁਤਬਾ ਪ੍ਰਾਪਤ ਹੈ।
ਕਿਸੇ ਵੀ ਵਿਚਾਰਧਾਰਾ ਨੂੰ ਸਮਝਣ ਲਈ ਉਸ ਦੇ ਅੱਠ ਪ੍ਰਮੁੱਖ ਪੱਖਾਂ ਨੂੰ ਸਮਝਣਾ ਜ਼ਰੂਰੀ ਹੈ।
1. ਧਾਰਮਿਕ 2. ਸਮਾਜਿਕ 3. ਰਾਜਨੀਤਿਕ 4. ਆਰਥਿਕ 5. ਸਰੀਰਕ 6. ਬੌਧਿਕ 7. ਮਾਨਸਿਕ 8. ਆਤਮਿਕ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਅੱਠਾਂ ਹੀ ਪੱਖਾਂ ’ਤੇ ਬਾਖੂਬੀ ਮਨੁੱਖਤਾ ਦੀ ਅਗਵਾਈ ਕੀਤੀ ਹੈ। ਆਓ, ਇਸ ਦੇ ਇੱਕ-ਇੱਕ ਕਰਕੇ ਸਾਰੇ ਪੱਖਾਂ ਦੀ ਵਿਚਾਰ ਕਰੀਏ:
1. ਧਾਰਮਿਕ ਪੱਖ:ਅੱਜ ਸੰਸਾਰ ਅੰਦਰ ਕਈ ਧਰਮ ਇੱਕ-ਦੂਜੇ ਨਾਲ ਸਿਧਾਂਤਕ ਤੌਕ ’ਤੇ ਟਕਰਾ ਰਹੇ ਹਨ। ਇੱਕ-ਇੱਕ ਧਰਮ ਅੰਦਰ ਵੀ ਕਈ-ਕਈ ਸੰਪਰਦਾਵਾਂ ਦਾ ਟਕਰਾਅ ਹੋ ਰਿਹਾ ਹੈ। ਹਿੰਦੁਸਤਾਨ ਅੰਦਰ ਤਾਂ ਜੋਗੀ ਦਾ ਧਰਮ ਗਿਆਨ ਇੱਕਠਾ ਕਰਨਾ ਬਣ ਗਿਆ। ਬ੍ਰਾਹਮਣ ਦਾ ਧਰਮ ਵੇਦਾਂ ਦਾ ਪਾਠ ਕਰਨਾ ਬਣ ਗਿਆ। ਖੱਤਰੀ ਦਾ ਧਰਮ ਸੂਰਮਤਾਈ ਤੇ ਸ਼ੂਦਰ ਦਾ ਧਰਮ ਦੂਜਿਆਂ ਦੀ ਸੇਵਾ ਕਰਨਾ ਬਣ ਗਿਆ ਹੈ। ਜੇਕਰ ਰੱਬ ਇੱਕ ਹੈ ਤਾਂ ਉਸ ਦੇ 100 ਜਾਂ 200 ਧਰਮ ਕਿਵੇਂ ਹੋ ਸਕਦੇ ਹਨ। ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਹਰ ਕਿਸੇ ਦਾ ਵੱਖੋ-ਵੱਖਰਾ ਧਰਮ ਨਹੀਂ ਬਲਕਿ ਸਭ ਦਾ ਸਾਂਝਾ ਧਰਮ ਇੱਕ ਅਕਾਲ ਪੁਰਖ ਨਾਲ ਸਾਂਝ ਪਾਉਣੀ ਹੈ। ਜੇ ਕੋਈ ਇਸ ਭੇਦ ਨੂੰ ਸਮਝ ਲਵੇ ਤੇ ਉਹ ਹੀ ਰੱਬ ਵਰਗਾ ਹੈ ਤੇ ਮੈਂ ਉਸੇ ਦਾ ਹੀ ਦਾਸ ਬਣਨ ਨੂੰ ਤਿਆਰ ਹਾਂ: ‘‘ਜੋਗ ਸਬਦੰ, ਗਿਆਨ ਸਬਦੰ; ਬੇਦ ਸਬਦੰ ਤ ਬ੍ਰਾਹਮਣਹ ॥ ਖ੍ਹਤ੍ਰੀ ਸਬਦੰ, ਸੂਰ ਸਬਦੰ; ਸੂਦ੍ਰ ਸਬਦੰ ਪਰਾ ਕ੍ਰਿਤਹ ॥ ਸਰਬ ਸਬਦੰ ਤ ਏਕ ਸਬਦੰ; ਜੇ ਕੋ ਜਾਨਸਿ ਭੇਉ ॥ ਨਾਨਕ ! ਤਾ ਕੋ ਦਾਸੁ ਹੈ; ਸੋਈ ਨਿਰੰਜਨ ਦੇਉ ॥’’ (ਪੰਨਾ ੧੩੫੩)
ਗੁਰੂ ਸਾਹਿਬ ਨੇ ਇੱਕ ਸੱਚ ਨਾਲ ਜੁੜਨਾ ਹੀ ਇੱਕੋ ਇੱਕ ਧਰਮ ਦੱਸਿਆ ਹੈ: ‘‘ਏਕੋ ਧਰਮੁ ਦ੍ਰਿੜੈ ਸਚੁ ਕੋਈ ॥’’ (ਪੰਨਾ ੧੧੮੮) ਜਾਂ ‘‘ਬਲਿਓ ਚਰਾਗੁ ਅੰਧ੍ਹਾਰ ਮਹਿ; ਸਭ ਕਲਿ ਉਧਰੀ ਇਕ ਨਾਮ ਧਰਮ ॥’’ (ਪੰਨਾ ੧੩੮੬)
ਗੁਰਬਾਣੀ ਮੁਤਾਬਕ ਤਾਂ ਰੱਬ ਨੂੰ ਯਾਦ ਕਰਦਿਆਂ ਜੀਵਨ ਵਿਚ ਸ਼ੁਭ ਕੰਮ ਕਰਨੇ ਹੀ ਸਭ ਤੋਂ ਸ੍ਰੇਸ਼ਟ ਧਰਮ ਹੈ: ‘‘ਸਰਬ ਧਰਮ ਮਹਿ, ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥’’ (ਪੰਨਾ ੨੬੬)
ਧਰਮ ਨਾਲ ਜੁੜਨ ਦਾ ਤਾਂ ਸਾਧਨ ਵੀ ਇਹੀ ਹੈ ਕਿ ਜੇ ਸੰਸਾਰ ਦੇ ਲੋਕ ਇੱਕ ਰੱਬ ਨੂੰ ਯਾਦ ਕਰਦਿਆਂ ਜੀਵਨ ਵਿਚ ਸ਼ੁਭ ਕੰਮ ਕਰਨੇ ਸ਼ੁਰੂ ਕਰ ਦੇਣ ਤਾਂ ਸਾਰਾ ਸੰਸਾਰ ਹੀ ਧਾਰਮਿਕ ਹੋ ਜਾਵੇਗਾ।
2. ਸਮਾਜਿਕ ਪੱਖ:ਪਰਿਵਾਰਕ ਪੱਖ ਨੂੰ ਵੱਖਰੇ ਤੌਰ ’ਤੇ ਲੈਣ ਦੀ ਲੋੜ ਨਹੀਂ ਕਿਉਂਕਿ ਗੁਰਬਾਣੀ ਅਨੁਸਾਰ ਸਾਰਾ ਸਮਾਜ ਹੀ ਇੱਕ ਸਾਡਾ ਵੱਡਾ ਪਰਿਵਾਰ ਹੈ, ਜਿਸ ਦਾ ਮੁਖੀ ਅਕਾਲ ਪੁਰਖ ਹੈ: ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ ॥ (ਪੰਨਾ ੬੧੧) ਜਾਂ ਮੋਹਨ ! ਤੂੰ ਸੁਫਲੁ ਫਲਿਆ; ਸਣੁ ਪਰਵਾਰੇ ॥ (ਪੰਨਾ ੨੪੮) ਜਾਂ ਗ੍ਰਸਤਨ ਮਹਿ; ਤੂੰ ਬਡੋ ਗ੍ਰਿਹਸਤੀ॥’’ (ਪੰਨਾ ੫੦੭)
ਅੱਜ ਸਾਡੇ ਸਮਾਜ ਵਿਚ ਊਚ-ਨੀਚ, ਮੇਰ-ਤੇਰ, ਆਪਣੇ-ਪਰਾਏ, ਵੈਰੀ-ਮਿੱਤਰ ਦੇ ਵਿਤਕਰੇ ਪੈਦਾ ਹੋ ਚੁੱਕੇ ਹਨ। ਗੁਰਬਾਣੀ ਦੇ ਗਿਆਨ ਨੇ ਸਮਾਜਿਕ ਜੀਵਨ ਨੂੰ ਸੁੰਦਰ ਬਣਾਉਣ ਲਈ ਅਨੇਕਤਾ ਵਿਚ ਏਕਤਾ ਦਾ ਸਿਧਾਂਤ ਦਿੱਤਾ ਕਿ ਇੱਕ ਅਕਾਲ ਪੁਰਖ ਹੀ ਸਾਰਿਆਂ ਵਿਚ ਸਮਾਇਆ ਹੋਇਆ ਹੈ। ਇੱਥੇ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੈ ਸਾਰੇ ਹੀ ਰੱਬ ਦਾ ਰੂਪ ਹਨ। ਜੇ ਸੰਸਾਰ ਇਸ ਸਿਧਾਂਤ ਨੂੰ ਮੰਨ ਲਵੇ ਤਾਂ ਜਾਤੀਵਾਦ, ਛੂਆ-ਛੂਤ, ਭੇਦਭਾਵ, ਰੰਗ, ਨਸਲ ਆਦਿ ਦੇ ਵਿਤਕਰੇ ਹੀ ਖਤਮ ਹੋ ਜਾਣਗੇ: ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ ? ॥ (ਪੰਨਾ ੧੩੪੯) ਜਾਂ ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ; ਜਾਂ ਤਿਸੁ ਬਿਨੁ ਕੋਈ ਨਾਹਿ ॥’’ (ਪੰਨਾ ੧੩੮੧)
ਅਸੀਂ ਗੁਰਬਾਣੀ ਵਿਚ ‘‘ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ, ਤੂੰ ਮੇਰਾ ਭ੍ਰਾਤਾ ॥’’ (ਪੰਨਾ ੧੦੩) ਦਾ ਸਿਧਾਂਤ ਪੜ੍ਹਦੇ ਹਾਂ। ਜੇਕਰ ਇਹੀ ਸਿਧਾਂਤ ਸੰਸਾਰ ਵਿਚ ਲਾਗੂ ਕਰ ਲਈਏ ਭਾਵ ਮਾਤਾ, ਪਿਤਾ, ਭੈਣ, ਭਰਾ, ਰਿਸ਼ਤੇਦਾਰ, ਮਿੱਤਰਾਂ, ਗੁਆਂਢੀਆਂ ਤੇ ਸਾਰੀ ਦੁਨੀਆਂ ਵਿੱਚੋਂ ਰੱਬ ਦੇਖਣ ਲੱਗ ਜਾਈਏ ਤਾਂ ਪਿਤਾ-ਪੁੱਤਰ, ਮਾਂ-ਧੀ, ਭੈਣ-ਭਰਾ, ਪਤੀ-ਪਤਨੀ ਵਿਚ ਪਿਆਰ ਵਧੇਗਾ। ਕੋਈ ਸੱਸ ਨੂੰਹ ਨੂੰ ਸਾੜਨ ਦਾ ਯਤਨ ਨਹੀਂ ਕਰੇਗੀ। ਕੋਈ ਨੂੰਹ ਆਪਣੀ ਸੱਸ ਨੂੰ ਬੁਰਾ ਨਹੀਂ ਕਹੇਗੀ। ਪਤੀ-ਪਤਨੀ ਵਿਚ ਰੱਬ ਵਰਗਾ ਰਿਸ਼ਤਾ ਪੈਦਾ ਹੋ ਜਾਵੇ ਤਾਂ ਕਦੀ ਵੀ ਤਲਾਕ ਦੀ ਨੌਬਤ ਨਹੀਂ ਆਵੇਗੀ। ਸਾਰੇ ਝਗੜੇ ਮੁੱਕ ਜਾਣਗੇ। ਸੰਸਾਰ ਵਿਚ ਕੋਈ ਕਿਸੇ ਦਾ ਦੁਸ਼ਮਣ ਨਹੀਂ ਰਹੇਗਾ : ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥’’ (ਪੰਨਾ ੧੨੯੯) ਵਾਲਾ ਸਿਧਾਂਤ ਪਰਗਟ ਹੋ ਜਾਵੇਗਾ।
ਗੁਰਬਾਣੀ ਅਨੁਸਾਰ ਜੀਵਿਆਂ ਤਾਂ ਸਮਾਜ ’ਚ ਮਨੁੱਖ ਦੀ ਲੁੱਟ-ਖਸੁੱਟ ਤੇ ਉਸ ਉੱਪਰ ਹੋ ਰਹੇ ਜ਼ੁਲਮ ਵੀ ਖਤਮ ਹੋ ਜਾਣਗੇ। ਬਾਲ ਵਿਆਹ, ਵਿਆਹ ਸਮੇਂ ਦਾਜ-ਦਹੇਜ ਦੀ ਲਾਹਨਤ, ਜਿਸ ਦਾ ਨਤੀਜਾ ਮਾਦਾ ਭਰੂਣ-ਹੱਤਿਆ ਹੈ, ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਵਿਰੁਧ ਵੀ ਗੁਰਬਾਣੀ ਨੇ ਅਵਾਜ਼ ਉਠਾਈ ਹੈ। ਹੁਣ ਤਾਂ ਪੰਜਾਬ ਵਿਚ ਵੀ 1000 ਮੁੰਡਿਆਂ ਪਿੱਛੇ ਪੌਣੇ ਕੁ ਅੱਠ ਸੌ ਕੁੜੀਆਂ ਰਹਿ ਗਈਆਂ ਹਨ। ਪੰਜਾਬ ਵਿਚ ਨਸ਼ੇ ਇੰਨੇ ਵਧ ਗਏ ਹਨ ਕਿ ਇਹ ਕਾਲਜ਼ਾਂ ਤੇ ਯੂਨੀਵਰਸਿਟੀਆਂ ਦੇ ਨਾਲ-ਨਾਲ ਛੋਟੇ ਤੋਂ ਛੋਟੇ ਸਕੂਲਾਂ ਵਿਚ ਵੀ ਪਹੁੰਚ ਰਹੇ ਹਨ। ਅੱਜ ਪੰਜਾਬ ਵਿਚ ਇੰਨੀ ਜ਼ਿਆਦਾ ਸ਼ਰਾਬ ਹੈ ਕਿ ਜੰਮਦੇ ਬੱਚੇ ਤੋਂ ਲੈ ਕੇ ਮਰਨ ਕਿਨਾਰੇ ਪਏ ਬਜ਼ੁਰਗ ਤੱਕ ਦੇ ਹਿੱਸੇ ਵੀ ਸੱਤ-ਸੱਤ ਬੋਤਲਾਂ ਸ਼ਰਾਬ ਦੀਆਂ ਆਉਂਦੀਆਂ ਹਨ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਛੇਵਾਂ ਦਰਿਆ ਸ਼ਰਾਬ ਦਾ ਹੀ ਵਗਦਾ ਹੋਵੇ। ਗੁਰਬਾਣੀ ਨੇ ਮਨੁੱਖਤਾ ਨੂੰ ਖੋਖਲਾ ਕਰਨ ਵਾਲੇ ਨਸ਼ਿਆਂ, ਵੱਸਦੇ ਘਰਾਂ ਨੂੰ ਉਜਾੜਨ ਵਾਲੇ ਜੂਏ ਤੇ ਵੱਸਦੇ ਘਰਾਂ ਨੂੰ ਤੋੜਨ ਵਾਲੇ ਵਿਭਚਾਰ ਤੋਂ ਵੀ ਦੂਰ ਰਹਿਣ ਦੀ ਤਾਕੀਦ ਕੀਤੀ ਜਿਸ ਦੇ ਗੁਰਬਾਣੀ ਵਿਚ ਅਨੇਕਾਂ ਪ੍ਰਮਾਣ ਲੇਖ ਦੇ ਵਿਸਥਾਰ ਦੇ ਡਰੋਂ ਨਹੀਂ ਦਿੱਤੇ ਜਾ ਰਹੇ। ਗੁਰਬਾਣੀ ਅਨੁਸਾਰ ਤਾਂ ਗੁਣਾਂ ਨਾਲ ਭਰਪੂਰ ਸਮਾਜਿਕ ਜੀਵਨ ਜਿਉਂਦਿਆਂ ਹੀ ਗ੍ਰਿਹਸਤ ਧਰਮ ਬਣ ਜਾਂਦਾ ਹੈ। ਸੰਸਾਰ ’ਚੋਂ ਨਿਰੰਕਾਰ ਦੇਖਦਿਆਂ ਇੱਕ ਦਿਨ ਭਾਈ ਘੱਨਈਆ ਜੀ ਵਾਲੀ ਅਵਸਥਾ ਬਣ ਜਾਂਦੀ ਹੈ ਜੋ ਬਗੈਰ ਕਿਸੇ ਵੈਰੀ-ਮਿੱਤਰ ਦੇ ਵਿਤਕਰੇ ਤੋਂ ਸਭ ਦਾ ਭਲਾ ਲੋਚਦੇ ਹਨ ਤੇ ਗੁਰਬਾਣੀ ਮੁਤਾਬਕ ਅਜਿਹਾ ਆਦਰਸ਼ ਹੀ ਇਨਸਾਨ ਹੁੰਦਾ ਹੈ।
3. ਰਾਜਨੀਤਿਕ ਪੱਖ:ਗੁਰਬਾਣੀ ਮਨੁੱਖਤਾ ਦੀ ਰਾਜਨੀਤਿਕ ਪੱਖੋਂ ਵੀ ਸੁਯੋਗ ਅਗਵਾਈ ਕਰਦੀ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਭਾਰਤ ਵਿਚ ਜ਼ੁਲਮ ਦਾ ਰਾਜ ਸੀ। ਰਾਜੇ ਸ਼ੇਰਾਂ ਦਾ ਰੂਪ ਧਾਰ ਕੇ ਪਰਜਾ ਦਾ ਖੂਨ ਪੀ ਰਹੇ ਸਨ। ਗੁਰਬਾਣੀ ਨੇ ਉਹਨਾਂ ਜ਼ਾਲਮ ਰਾਜਿਆਂ ਨੂੰ ਉਪਦੇਸ਼ ਦਿੱਤਾ ਕਿ ਰਾਜੇ ਦਾ ਕੰਮ ਹੈ ਇਨਸਾਫ਼ ਕਰਨਾ: ‘‘ਰਾਜੇ ਚੁਲੀ ਨਿਆਵ ਕੀ; ਪੜਿਆ ਸਚੁ ਧਿਆਨੁ ॥’’ (ਪੰਨਾ ੧੨੪੦)
ਜਦੋਂ ਫਿਰ ਵੀ ਰਾਜਿਆਂ ਨੇ ਜ਼ੁਲਮ ਕਰਨਾ ਨਾ ਛੱਡਿਆ ਤਾਂ ਗੁਰੂ ਸਾਹਿਬਾਨਾਂ ਨੇ ਜ਼ੁਲਮ ਵਿਰੁੱਧ ਇੱਕ ਬੁਲੰਦ ਅਵਾਜ਼ ਕਾਇਮ ਕੀਤੀ, ਜੰਗਾਂ ਲੜੀਆਂ, ਸ਼ਹਾਦਤਾਂ ਵੀ ਦਿੱਤੀਆਂ ਤੇ ਜ਼ੁਲਮੀ ਰਾਜ ਨੂੰ ਪਛਾੜਿਆ। ਗੁਰੂ ਨਾਨਕ ਸਾਹਿਬ ਨੇ ਉਹ ਰਾਜ ਕਾਇਮ ਕੀਤਾ, ਜਿਸ ਦੀ ਨੀਂਹ ਸੱਚ ’ਤੇ ਰੱਖੀ ਗਈ: ‘‘ਨਾਨਕਿ ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ॥’’ (ਪੰਨਾ ੯੬੬)
ਇਸ ਰਾਜ ਨੂੰ ਹਲੇਮੀ ਰਾਜ ਦਾ ਨਾਂ ਦਿੱਤਾ, ਜਿਸ ਵਿਚ ਸਾਰੇ ਹੀ ਸੁਖੀ ਵੱਸਦੇ ਹੋਣ: ‘‘ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥’’ (ਪੰਨਾ ੭੪)
ਇਸੇ ਨੂੰ ਗੁਰਬਾਣੀ ਨੇ ਭਗਤ ਰਵਿਦਾਸ ਜੀ ਦੇ ਸ਼ਬਦਾਂ ਵਿਚ ਬੇਗਮਪੁਰਾ ਕਿਹਾ ਜਿਸ ਰਾਜ ਵਿਚ ਕੋਈ ਵੀ ਗਮ, ਦੁਖ, ਤਕਲੀਫ ਤੇ ਜ਼ੁਲਮ ਆਦਿ ਨਾ ਹੋਵੇ: ‘‘ਬੇਗਮ ਪੁਰਾ, ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ; ਤਿਹਿ ਠਾਉ ॥’’ (ਪੰਨਾ ੩੪੫)
ਜੇਕਰ ਰਾਜਨੀਤਿਕ ਆਗੂ ਸੱਚੇ ਦਿਲੋਂ ਆਪਣਾ ਫਰਜ਼ ਸਮਝ ਕੇ ਸੱਚਾ ਇਨਸਾਫ਼ ਕਰਨ ਲੱਗ ਜਾਣ ਤਾਂ ਇਹ ਸੰਸਾਰ ਹੀ ਬੇਗਮਪੁਰਾ ਜਾਂ ਹਲੇਮੀ ਰਾਜ ਬਣ ਜਾਵੇਗਾ।
4. ਆਰਥਿਕ ਪੱਖ:ਅੱਜ ਸੰਸਾਰ ਵਿਚ ਦਿਨੋ-ਦਿਨ ਅਮੀਰ ਤੇ ਗਰੀਬ ਵਿਚਕਾਰ ਪਾੜਾ ਵੱਧ ਰਿਹਾ ਹੈ। ਗੁਰਬਾਣੀ ਮੁਤਾਬਕ ਇਹ ਸੱਚ ਹੈ ਕਿ ਜਿਸ ਕੋਲ ਜ਼ਿਆਦਾ ਧਨ ਹੈ ਉਹ ਚੈਨ ਨਾਲ ਨਹੀਂ ਜਿਉਂ ਸਕਦਾ ਕਿਉਂਕਿ ਉਸ ਨੂੰ ਚਿੰਤਾ ਜਾਪਦਾ ਕਿ ਕੋਈ ਉਸ ਦਾ ਧਨ ਖੋਹ ਨਾ ਲਵੇ। ਜਿਸ ਕੋਲ ਧਨ ਨਹੀਂ ਉਹ ਵੀ ਜੀਵਨ ਵਿਚ ਰੋਟੀ ਦੀ ਖਾਤਰ ਭਟਕਦਾ ਫਿਰਦਾ ਹੈ। ਜਿਸ ਕੋਲ ਲੋੜ ਮੁਤਾਬਕ ਧਨ ਹੈ ਤੇ ਉਹ ਰੱਬੀ ਸ਼ੁਕਰ ਵਿਚ ਜ਼ਿੰਦਗੀ ਗੁਜ਼ਾਰਦਾ ਹੈ ਤਾਂ ਉਹ ਸੁਖੀ ਹੈ: ‘‘ਜਿਸੁ ਗ੍ਰਿਹਿ ਬਹੁਤੁ; ਤਿਸੈ ਗ੍ਰਿਹਿ ਚਿੰਤਾ ॥ ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ॥ ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ॥’’ (ਪੰਨਾ ੧੦੧੯)
ਗੁਰਬਾਣੀ ਨੇ ਸਿਖ ਨੂੰ ਵਿਹਲੜ ਨਹੀਂ ਬਣਾਇਆ ਬਲਕਿ ਨੇਕ ਕਿਰਤ ਕਰਨ ਦਾ ਉਪਦੇਸ਼ ਦਿੱਤਾ: ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥’’ (ਪੰਨਾ ੫੨੨)
ਨੇਕ ਕਿਰਤ ਨਾਲ ਲੋੜਾਂ ਵੀ ਪੂਰੀਆਂ ਹੋ ਜਾਣਗੀਆਂ ਤੇ ਪਾਪਾਂ ਤੋਂ ਬਿਨਾਂ ਵੱਧ ਧਨ ਵੀ ਨਹੀਂ ਜੁੜੇਗਾ।
ਕੋਈ ਪਿਤਾ ਕਿਵੇਂ ਚਾਹੇਗਾ ਕਿ ਉਸ ਦੇ ਇੱਕ ਪੁੱਤਰ ਦੇ ਘਰ ਦੌਲਤ ਦੇ ਅੰਬਾਰ ਲੱਗੇ ਹੋਣ ਤੇ ਦੂਜਾ ਰੋਟੀ ਦੀ ਖਾਤਰ ਤੜਫਦਾ ਹੋਵੇ। ਰੱਬ ਵੀ ਆਪਣੇ ਪਰਿਵਾਰ ਲਈ ਇਸ ਤਰ੍ਹਾਂ ਨਹੀਂ ਚਾਹੁੰਦਾ। ਇਸੇ ਲਈ ਗੁਰਬਾਣੀ ਨੇ ਆਰਥਿਕ ਪੱਧਰ ਬਰਾਬਰ ਕਰਨ ਲਈ ਵੰਡ ਕੇ ਛਕਣ ਦਾ ਸਿਧਾਂਤ ਦਿੱਤਾ, ਦਾਨ ਦਾ ਨਹੀਂ। ਦਾਨ ਦੇਣ ਵਾਲਾ ਹੰਕਾਰੀ ਤੇ ਲੈਣ ਵਾਲਾ ਹੀਣ ਭਾਵਨਾ ਨਾਲ ਭਰ ਸਕਦਾ ਹੈ ਪਰ ਭੈਣ-ਭਰਾਵਾਂ ਵਿਚ ਵੰਡ ਕੇ ਛਕਿਆ ਜਾਂਦਾ ਹੈ ਜਿਸ ਨਾਲ ਪਿਆਰ ਵੀ ਵੱਧਦਾ ਹੈ: ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥’’ (ਪੰਨਾ ੧੨੪੫)
ਇਸੇ ਕਾਰਨ ਸਿੱਖ ਆਪਣੀ ਕਮਾਈ ਵਿਚੋਂ ਦਸਵੰਧ ਕੱਢਦਾ ਹੈ ਤਾਂ ਕਿ ਲੋੜਵੰਦ ਦੀ ਮਦਦ ਹੋ ਸਕੇ। ਧਾਰਮਿਕ ਉਪਦੇਸ਼ ਦੇ ਨਾਲ-ਨਾਲ ਗੁਰਦੁਆਰਿਆਂ ਵਿਚ ਇਸੇ ਦਸਵੰਧ ਨਾਲ ਭੁੱਖੇ ਲਈ ਲੰਗਰ, ਰੋਗੀ ਲਈ ਇਲਾਜ, ਮੁਸਾਫਰ ਲਈ ਰਿਹਾਇਸ਼ ਤੇ ਪੜ੍ਹਾਈ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਹਰ ਕਿਸੇ ਦੀ ਲੋੜ ਪੂਰੀ ਹੋ ਸਕੇ। ਸਾਰੀ ਦੁਨੀਆਂ ਵੰਡ ਛਕਣ ਦੇ ਸਿਧਾਂਤ ਨੂੰ ਅਪਣਾ ਕੇ ਆਰਥਿਕ ਸਮੱਸਿਆ ਨੂੰ ਹੱਲ ਕਰ ਸਕਦੀ ਹੈ।
5. ਸਰੀਰਕ ਪੱਖ:ਤੰਦਰੁਸਤ ਜੀਵਨ ਲਈ ਤੰਦਰੁਸਤ ਸਰੀਰ ਦਾ ਹੋਣਾ ਵੀ ਜ਼ਰੂਰੀ ਹੈ। ਗੁਰਬਾਣੀ ਨੇ ਸਰੀਰ ’ਤੇ ਸਵਾਹ-ਮਿੱਟੀ ਮਲ ਕੇ ਮੈਲਾ ਬਣਨਾ ਨਹੀਂ ਸਿਖਾਇਆ, ਜਿਸ ਵਿੱਚੋਂ ਮੈਲ ਕਾਰਨ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਬਲਕਿ ਰੁਜ਼ਾਨਾ ਇਸ਼ਨਾਨ ਕਰਕੇ ਸਫਾਈ ਰੱਖਣੀ ਸਿਖਾਈ: ‘‘ਕਰਿ ਇਸਨਾਨੁ, ਸਿਮਰਿ ਪ੍ਰਭੁ ਅਪਨਾ; ਮਨ ਤਨ ਭਏ ਅਰੋਗਾ ॥’’ (ਪੰਨਾ ੬੧੧)
ਤਪੀਆਂ ਵਾਂਗ ਤੱਪ ਕਰਕੇ ਸਰੀਰ ਨੂੰ ਕਸ਼ਟ ਦੇਣੇ; ਜਿਵੇਂ ਅੱਗ ਬਾਲ ਕੇ ਸਰੀਰ ਸਾੜਨਾ, ਠੰਡੇ ਪਾਣੀ ਵਿਚ ਬੈਠਣਾ, ਬਰਫ਼ਾਂ ਵਿਚ ਤਪ ਕਰਨੇ, ਪੁੱਠੇ ਲਟਕਣਾ ਜਾਂ ਵਰਤ ਆਦਿ ਰੱਖਣੇ ਆਦਿ ਕੰਮਾਂ ਤੋਂ ਵਰਜਿਆ, ਨਾਲ ਹੀ ਨਸ਼ਿਆਂ ਤੋਂ ਵੀ ਤਾੜਨਾ ਕੀਤੀ, ਬਲਕਿ ਇਹ ਕਿਹਾ ਕਿ ਇਸ ਸਰੀਰ ਨੇ ਤੇਰਾ ਕੀ ਵਿਗਾੜਿਆ ਹੈ ਇਹ ਤਾਂ ਅਕਾਲ ਪੁਰਖ ਦੇ ਰਹਿਣ ਦਾ ਸੁੰਦਰ ਘਰ ਹੈ: ‘‘ਤਨੁ ਨ ਤਪਾਇ ਤਨੂਰ ਜਿਉ; ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ ? ਅੰਦਰਿ ਪਿਰੀ ਨਿਹਾਲਿ ॥’’ (ਪੰਨਾ ੧੩੮੪)
ਸਰੀਰਕ ਕਮਜ਼ੋਰੀ ਨੇ ਭਾਰਤ ਨੂੰ ਸੈਂਕੜੇ ਸਾਲ ਗੁਲਾਮ ਬਣਾਈ ਰੱਖਿਆ। ਗੁਰੂ ਸਾਹਿਬਾਨਾਂ ਨੇ ਸਰੀਰ ਨੂੰ ਤਕੜਿਆਂ ਕਰਨ ਲਈ ਮੱਲ-ਅਖਾੜੇ ਤਿਆਰ ਕਰਵਾਏ। ਖੇਡਾਂ, ਘੋਲ, ਕੁਸ਼ਤੀਆਂ, ਘੋੜ ਸਵਾਰੀ, ਹਥਿਆਰ ਚਲਾਉਣੇ ਸਿਖਾਏ। ਗੁਰਬਾਣੀ ਨੇ ਇਸ ਸਰੀਰ ਨੂੰ ਬਲਵਾਨ ਬਣਾਉਣ ਲਈ ਕਿਹਾ ਤਾਂ ਕਿ ਜ਼ਾਲਮ ਸਾਹਮਣੇ ਬੇਇੱਜ਼ਤ ਹੋਣ ਦੀ ਬਜਾਇ ਤਕੜੇ ਹੋ ਕੇ ਜ਼ਾਲਮ ਦਾ ਮੁਕਾਬਲਾ ਕੀਤਾ ਜਾ ਸਕੇ: ‘‘ਜੇ ਜੀਵੈ; ਪਤਿ ਲਥੀ ਜਾਇ ॥ ਸਭੁ ਹਰਾਮੁ; ਜੇਤਾ ਕਿਛੁ ਖਾਇ ॥ (ਪੰਨਾ ੧੪੨) ਅਤੇ ਨਾਨਕ ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ਪਾਲਿ ॥’’ (ਪੰਨਾ ੫੫੪)
6. ਬੌਧਿਕ ਪੱਖ:ਬੌਧਿਕ ਪੱਖੋਂ ਕਮਜ਼ੋਰ ਮਨੁੱਖ ਜੀਵਨ ਦੇ ਹਰ ਖੇਤਰ ਵਿਚ ਮਾਰ ਖਾ ਜਾਂਦਾ ਹੈ। ਗੁਰਬਾਣੀ ਹੈ ਹੀ ਗਿਆਨ, ਜਿਹੜਾ ਸਾਡੇ ਬੌਧਿਕ ਪੱਖ ਨੂੰ ਮਜ਼ਬੂਤ ਕਰਦਾ ਹੈ। ਹਰ ਵਹਿਮ, ਭਰਮ, ਪਾਖੰਡ ਪਿੱਛੇ ਅੱਖਾਂ ਮੀਟ ਕੇ ਅੰਧ ਵਿਸ਼ਵਾਸੀ ਬਣ ਕੇ ਲਾਈ-ਲੱਗ ਬਣਨ ਦੀ ਬਜਾਇ ਗੁਰਬਾਣੀ ਨੇ ਹਰ ਚੀਜ਼ ਨੂੰ ਪਰਖਣ ਦੀ ਹਦਾਇਤ ਕੀਤੀ। ਖੋਟਾ ਸਮਾਨ ਖਰੀਦ ਕੇ, ਘਰ ਲਿਆ ਕੇ, ਪਰਖ ਕੇ ਪਛੁਤਾਉਣ ਨਾਲੋਂ ਪਹਿਲਾਂ ਹੀ ਪਰਖ ਕੇ ਖਰਾ ਸਮਾਨ ਖਰੀਦਣ ਦੀ ਹਦਾਇਤ ਕੀਤੀ ਭਾਵ ਮਨੁੱਖਾ ਜ਼ਿੰਦਗੀ ਵਿਚ ਹਰ ਕਰਮ ਪਰਖ ਕੇ ਕਰੇ ਤਾਂ ਕਿ ਉਸ ਦਾ ਹਰ ਕਰਮ, ਸੁਕਰਮ ਹੋ ਜਾਏ, ਨਾ ਕਿ ਵਿਅਰਥ ਦਾ ਕਰਮਕਾਂਡ: ‘‘ਸੁਣਿ ਮੁੰਧੇ ਹਰਣਾਖੀਏ ! ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ॥’’ (ਪੰਨਾ ੧੪੧੦)
ਮਨੁੱਖ ਐਸਾ ਕੰਮ ਕਰੇ ਹੀ ਨਾ, ਜਿਸ ਨਾਲ਼ ਅਕਾਲ ਪੁਰਖ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ। ਉਹ ਆਪਣੀ ਦੂਰ ਦ੍ਰਿਸ਼ਟੀ ਵਰਤ ਕੇ ਹੀ ਬੌਧਿਕ ਪੱਧਰ ’ਤੇ ਉੱਚਾ ਹੋ ਸਕਦਾ ਹੈ: ‘‘ਫਰੀਦਾ ! ਜਿਨ੍ੀ ਕੰਮੀ ਨਾਹਿ ਗੁਣ; ਤੇ ਕੰਮੜੇ ਵਿਸਾਰਿ ॥ ਮਤੁ ਸਰਮਿੰਦਾ ਥੀਵਹੀ; ਸਾਂਈ ਦੈ ਦਰਬਾਰਿ ॥ (ਪੰਨਾ ੧੩੮੧) ਜਾਂ ਐਸਾ ਕੰਮੁ ਮੂਲੇ ਨ ਕੀਚੈ; ਜਿਤੁ ਅੰਤਿ ਪਛੋਤਾਈਐ ॥ (ਪੰਨਾ ੯੧੮) ਜਾਂ ਮੰਦਾ ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥’’ (ਪੰਨਾ ੪੭੪)
7. ਮਾਨਸਿਕ ਪੱਖ:ਅੱਜ ਦੁਨੀਆਂ ਦੀ ਰਫਤਾਰ ਏਨੀ ਤੇਜ਼ ਹੈ ਕਿ ਤੇਜ਼ ਰਫਤਾਰ ਜ਼ਿੰਦਗੀ ਵਿਚ ਮਨੁੱਖ ਘਰ ਦੇ ਫੋਨ ’ਤੇ ਨਹੀਂ ਮਿਲਦਾ ਇਸ ਨਾਲ ਮੋਬਾਇਲ ਫੋਨ ’ਤੇ ਹੀ ਗੱਲ ਕਰਨੀ ਪੈ ਰਹੀ ਹੈ। ਫਾਸਟ ਲਾਈਫ ਦੇ ਨਾਲ ਇਸ ਨੇ ਫਾਸਟ ਫੂਡ ਵਰਤਣਾ ਸ਼ੁਰੂ ਕਰ ਦਿੱਤਾ। ਇਸ ਦੌੜ-ਭੱਜ ਵਿਚ ਸ਼ਾਂਤੀ ਤੋਂ ਖੁੰਝ ਗਿਆ। ਮਾਨਸਿਕ ਦੁੱਖ ਸਿਰਫ ਏਨੀ ਗੱਲ ਦਾ ਹੈ ਕਿ ਉਹ ਜੋ ਚਾਹੁੰਦਾ ਹੈ ਉਹ ਹੁੰਦਾ ਨਹੀਂ, ਜੋ ਹੁੰਦਾ ਹੈ ਉਹ ਭਾਉਂਦਾ ਨਹੀਂ ਤੇ ਜੋ ਭਾਉਂਦਾ ਹੈ ਉਹ ਰਹਿੰਦਾ ਨਹੀਂ। ਪਦਾਰਥ ਦੀ ਚਾਹ ਨੇ ਇਸ ਦਾ ਸਹਿਜ ਵੀ ਖਤਮ ਕਰ ਦਿੱਤਾ। ਸੌਣ ਲੱਗਿਆਂ ਨੀਂਦ ਦੀ ਗੋਲੀ ਖਾਣੀ ਪੈਂਦੀ ਹੈ ਤੇ ਜਾਗਣ ਲਈ ਅਲਾਰਮ ਰੱਖਣੇ ਪੈਂਦੇ ਹਨ। ਇਸ ਦੇ ਵੱਡੇ ਸਾਰੇ ਪਲੰਘ ’ਤੇ ਪਏ ਡੰਨਲਪ ਦੇ ਸਿਰ੍ਹਾਣੇ ਥੱਲੇ ਦਵਾਈਆਂ ਦਾ ਢੇਰ ਲੱਗਾ ਹੁੰਦਾ ਹੈ। ਕਾਰਨ ਇਹ ਹੈ ਕਿ ਇਹ ਭਵਿੱਖ ਵਿਚ ਮਿਲਣ ਵਾਲੇ ਪਦਾਰਥ ਦੀ ਚਿੰਤਾ ਕਾਰਨ ਵਰਤਮਾਨ ਜ਼ਿੰਦਗੀ ਦੇ ਪਲ ਅਜਾਈਂ ਗੁਆ ਰਿਹਾ ਹੈ। ਗੁਰਬਾਣੀ ਨੇ ਇਹ ਸਿਧਾਂਤ ਦਿੱਤਾ ਕਿ ਜਿਹੜਾ ਅਕਾਲ ਪੁਰਖ ਧਰਤੀ (ਕੁਦਰਤ) ਚਲਾ ਰਿਹਾ ਹੈ, ਸੂਰਜ, ਚੰਦਰਮਾ, ਤਾਰੇ ਤੇ ਵੱਡੇ-ਵੱਡੇ ਗੈਸਾਂ ਦੇ ਗੋਲੇ ਚਲਾ ਰਿਹਾ ਹੈ ਕੀ ਉਹ ਤੇਰੀ ਛੋਟੀ ਜਿਹੀ ਜ਼ਿੰਦਗੀ ਨਹੀਂ ਚਲਾਏਗਾ ? ‘‘ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ; ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥’’ (ਪੰਨਾ ੬੧੨)
ਜੀਵ ਆਪਣੇ ਕੰਮ ਦੇ ਪ੍ਰਤੀ ਲਾਪਰਵਾਹ ਨਾ ਹੋਵੇ ਪਰ ਬੇਪਰਵਾਹ (ਨਿਰਮੋਹ, ਤਿਆਗੀ) ਜ਼ਰੂਰ ਹੋ ਜਾਵੇ। ਜੀਵ ਦਾ ਕੰਮ ਸਿਰਫ ਕਰਮ ਕਰਨਾ ਹੈ, ਫਲ ਦੇਣਾ ਤਾਂ ਰੱਬ ਦੇ ਹੱਥ ਵਿੱਚ ਹੈ। ਜੇ ਜੀਵ ਆਪਣੇ ਕੰਮ ਦਾ ਫਲ ਉਸ ਅਕਾਲ ਪੁਰਖ ’ਤੇ ਛੱਡ ਦੇਵੇ ਤਾਂ ਇਸ ਦੀ ਜ਼ਿੰਦਗੀ ਵਿੱਚੋਂ ਚਿੰਤਾਵਾਂ ਮੁੱਕ ਜਾਣਗੀਆਂ ਤੇ ਇਸ ਨੂੰ ਮਾਨਸਿਕ ਸੁਖ ਪ੍ਰਾਪਤ ਹੋ ਜਾਵੇਗਾ: ‘‘ਨਾ ਕਰਿ ਚਿੰਤ; ਚਿੰਤਾ ਹੈ ਕਰਤੇ ॥ ਹਰਿ ਦੇਵੈ; ਜਲਿ ਥਲਿ ਜੰਤਾ ਸਭਤੈ ॥ ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ ਕੀਟ ਪਖਾਣੀ ਹੇ ॥’’ (ਪੰਨਾ ੧੦੭੦)
ਜਦ ਕੋਈ ਵੀ ਰੱਬ ਨੂੰ ਸਹਾਰਾ ਬਣਾ ਕੇ ਮਾਨਸਿਕ ਤੌਰ ’ਤੇ ਮਜ਼ਬੂਤ ਹੋਵੇਗਾ ਤਾਂ ਉਹ ਕਹਿ ਸਕੇਗਾ: ‘‘ਧੁਰ ਕੀ ਬਾਣੀ ਆਈ ॥ ਤਿਨਿ, ਸਗਲੀ ਚਿੰਤ ਮਿਟਾਈ ॥’’ (ਪੰਨਾ ੬੨੮)
8, ਆਤਮਿਕ ਪੱਖ:ਇਹ ਪੱਖ ਥੋੜਾ ਗੁੰਝਲਦਾਰ ਹੈ। ਗੁਰਬਾਣੀ ਨੇ ਸਭ ਸਰੀਰਾਂ ਵਿਚ ਇਕ ਅਕਾਲ ਪੁਰਖ ਦਾ ਵਾਸ ਮੰਨਿਆ ਹੈ, ਜਿਸ ਨੂੰ ਆਤਮ ਰਾਮ ਵੀ ਕਿਹਾ ਜਾਂਦਾ ਹੈ। ਸਰੀਰ ਦੇ ਤਲ ’ਤੇ ਜੀਵਨ ਬਤੀਤ ਕਰਕੇ ਕੇਵਲ ਆਪਣੇ ਸਰੀਰ ਬਾਰੇ ਹੀ ਸੋਚਿਆ ਜਾ ਸਕਦਾ ਹੈ। ਕਿਸੇ ਦਾ ਤਲ ਥੋੜਾ ਉੱਚਾ ਹੋ ਜਾਂਦਾ ਹੈ ਤੇ ਉਹ ਪਰਿਵਾਰ ਦੀ ਭਲਾਈ ਬਾਰੇ ਸੋਚਦਾ ਹੈ। ਕੋਈ ਆਪਣੀ ਜਾਤ-ਬਰਾਦਰੀ ਅਤੇ ਜ਼ਿਆਦਾ ਤੋਂ ਜਿਆਦਾ ਦੇਸ਼ ਦੀ ਭਲਾਈ ਬਾਰੇ ਸੋਚ ਸਕਦਾ ਹੈ। ਦੇਸ਼ ਦੀ ਸੀਮਾ ’ਤੇ ਜਾ ਕੇ ਭਲਾਈ ਵੀ ਰੁੱਕ ਜਾਂਦੀ ਹੈ ਕਿਉਂਕਿ ਦੂਜੇ ਦੇਸ਼ ਦਾ ਵਾਸੀ ਵਿਰੋਧੀ ਹੈ, ਉਸ ਦਾ ਭਲਾ ਕਿਵੇਂ ਸੋਚਿਆ ਜਾ ਸਕਦਾ ਹੈ ? ਇਸੇ ਲਈ ਗੁਰਬਾਣੀ ਨੇ ਆਤਮ ਰਾਮ ਦੀ ਗੱਲ ਕੀਤੀ ਹੈ ਕਿ ਹਰ ਜੀਵ ਉਸ ਪ੍ਰਭੂ ਦਾ ਹੀ ਹਿੱਸਾ ਹੈ: ‘‘ਹਰਿ, ਆਤਮ ਰਾਮੁ ਪਸਾਰਿਆ ਸੁਆਮੀ; ਸਰਬ ਰਹਿਆ ਭਰਪੂਰੇ ॥’’ (ਪੰਨਾ ੭੭੪)
ਜੇਕਰ ਦੂਸਰੇ ਦੀ ਆਤਮਾ ਵੀ ਰੱਬ ਦਾ ਰੂਪ ਹੈ ਤਾਂ ਮੈ ਉਸ ਨੂੰ ਦੁੱਖ ਕਿਵੇਂ ਦਿਆਂ ? ਇਹ ਆਤਮ ਰਾਮ ਤਾਂ ਮੇਰੇ ਵਿਚ ਵੀ ਹੈ, ਮੇਰੇ ਪਰਿਵਾਰ ਵਿਚ ਵੀ ਹੈ, ਮੇਰੇ ਦੇਸ਼ ਦੇ ਲੋਕਾਂ ਵਿਚ ਵੀ ਹੈ ਤੇ ਮੇਰੇ ਦੇਸ਼ ਤੋਂ ਬਾਹਰ ਦੇ ਲੋਕਾਂ ਵਿਚ ਵੀ ਹੈ। ਇਹੀ ਆਤਮ ਰਾਮ ਦਾ ਸਿਧਾਂਤ ਪੂਰੀ ਮਨੁੱਖਤਾ ਨੂੰ ਆਪਸ ਵਿਚ ਜੋੜ ਸਕਦਾ ਹੈ। ਫਿਰ ਮਨੁੱਖ ਸਾਰਿਆਂ ਨੂੰ ਹੀ ਆਪਣਾ ਹਿੱਸਾ ਜਾਣ ਕੇ ਆਤਮਿਕ ਤੌਰ ’ਤੇ ਬਲਵਾਨ ਹੋ ਜਾਂਦਾ ਹੈ। ਉਸ ਦੀ ਸੋਚ ਵੀ ਸਰਬੱਤ ਦੇ ਭਲੇ ਵਾਲੀ ਬਣ ਜਾਂਦੀ ਹੈ। ਉਸ ਦੀ ਭਲੇ ਵਾਲੀ ਸੋਚ ਵਿੱਚੋਂ ਹੀ ਉਸ ਦਾ ਪਰਉਪਕਾਰੀ ਵਿਹਾਰ ਪੈਦਾ ਹੋ ਜਾਂਦਾ ਹੈ: ‘‘ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ, ਉਬਰੈ; ਤਿਤੈ ਲੈਹੁ ਉਬਾਰਿ ॥’’ (ਪੰਨਾ ੮੫੩)
ਇਸ ਤਰ੍ਹਾਂ ਅਨੇਕਤਾ ਵਿਚ ਵੀ ਏਕਤਾ ਨਜ਼ਰ ਆਵੇਗੀ। ਵੰਡੀਆਂ ਖਤਮ ਹੋ ਜਾਣਗੀਆਂ। ਜੇ ਕਦੀ ਦੁਨੀਆਂ ਵਿਚ ਇਹੋ ਜਿਹੇ ਨੇਕ ਮਨੁੱਖਾਂ ਦੀ ਸਾਂਝੀ ਸਰਕਾਰ ਬਣ ਜਾਏ ਤਾਂ ਦੇਸ਼, ਸੂਬਿਆਂ (ਸਟੇਟਸ) ਵਿਚ ਬਦਲ ਜਾਣਗੇ, ਕਰੰਸੀ ਇੱਕ ਹੋ ਜਾਵੇਗੀ, ਪਾਸਪੋਰਟ ਸਿਸਟਮ ਖਤਮ ਹੋ ਜਾਵੇਗਾ, 70% ਧਨ ਮਾਰੂ ਹਥਿਆਰਾਂ ’ਤੇ ਖਰਚਣ ਦੀ ਬਜਾਇ ਮਨੁੱਖੀ ਵਿਕਾਸ ਲਈ ਖਰਚਿਆ ਜਾਵੇਗਾ। ਫਿਰ ਗੁਰਬਾਣੀ ਦਾ ਇਹ ਸੱਚ ਪੂਰਨ ਤੌਰ ’ਤੇ ਪਰਗਟ ਹੋ ਜਾਵੇਗਾ: ‘‘ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥’’ (ਪੰਨਾ ੭੪)
ਅੱਜ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਮਹਾਨ ਗਿਆਨ ਨੂੰ ਘਰ-ਘਰ ਪਹੁੰਚਾਉਣ ਦੀ ਜੋ ਹਰ ਮਨੁੱਖ ਮਾਤਰ ਨੂੰ ਸੁਚੱਜੀ ਜੀਵਨ ਜਾਚ ਦੇ ਕੇ ਯੋਗ ਅਗਵਾਈ ਦੇ ਸਕੇ। ਅਜਿਹੇ ਵਿਸ਼ਿਆਂ ਰਾਹੀਂ ਸੰਸਾਰ ’ਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ, ਤਾਂ ਜੋ ਹਰ ਕੋਈ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥ ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ, ਨਿਸਤਾਰੇ ॥’’ (ਪੰਨਾ ੯੮੨) ਵਚਨਾਂ ਦਾ ਲਾਭ ਉੱਠਾ ਸਕੇ।