ਲੋਕ ਤੰਤ੍ਰ ਦੇ ਸਿਰਜਣਹਾਰ ਹਨ ਗੁਰੂ ਗੋਬਿੰਦ ਸਿੰਘ ਜੀ

0
765

ਲੋਕ ਤੰਤ੍ਰ ਦੇ ਸਿਰਜਣਹਾਰ ਹਨ ਗੁਰੂ ਗੋਬਿੰਦ ਸਿੰਘ ਜੀ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆੱਫ ਐਜੁਕੇਸ਼ਨ)

ਭਾਰਤ ਵਾਸੀ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਪਏ ਸਨ ਇਸ ਲਈ ਹੌਲ਼ੀ-ਹੌਲ਼ੀ ਇੱਥੋਂ ਦੀ ਪਰਜਾ ਉੱਤੇ ਵਿਅਕਤੀਵਾਦ ਦਾ ਪ੍ਰਭਾਵ ਪੈਂਦਾ ਗਿਆ ਜਿਸ ਕਰਕੇ ਇਹ ਦੇਸ਼ ਵਿਅਕਤੀਵਾਦ ਦਾ ਹੀ ਹਾਮੀ ਬਣ ਗਿਆ। ਇਕ ਪਾਸੇ ਧਾਰਮਿਕ ਆਗੂਆਂ ਵੱਲੋਂ ਪੁਜਾਰੀਵਾਦ ਅਧੀਨ ਤੇ ਦੂਸਰੇ ਪਾਸੇ ਇਕ ਪੁਰਖੀ ਰਾਜ ਦੀ ਰਾਜਸੀ ਗੁਲਾਮੀ ਇਹਨਾਂ ਨੂੰ ਸਹਿਨ ਕਰਨੀ ਪੈ ਗਈ। ਜਿਸ ਦੇ ਸਿੱਟੇ ਵਜੋਂ ਇੱਥੋਂ ਦੇ ਵਸਨੀਕ ਅਨੇਕਾਂ ਫਿਰਕੇ ਜਾਤਾਂ ਵਿੱਚ ਵੰਡੇ ਗਏ।  ਲਾਲਾ ਦੌਲਤ ਰਾਏ ਲਿਖਦੇ ਹਨ:-‘ਨ ਖੁਰਾਕ ਏਕ, ਨ ਲਿਬਾਸ ਏਕ, ਨ ਖੁਸ਼ੀ ਏਕ, ਨ ਗ਼ਮੀ ਏਕ, ਨ ਜ਼ੁਬਾਨ ਏਕ, ਨ ਇਖਲਾਕ ਏਕ।’

ਇਕ ਥਾਂ ਬੈਠ ਕੇ ਭੋਜਨ ਛਕਣਾ ਵੀ ਇਨ੍ਹਾਂ ਲਈ ਧਰਮ ਤੋਂ ਹੀਣੀ ਗੱਲ ਸੀ/ਹੈ।  ਭਾਰਤ ਵਰਸ਼ ਵਿੱਚੋਂ ਕੌਮੀਅਤ ਦਾ ਜਜ਼ਬਾ ਖੰਭ ਲਾ ਕੇ ਉੱਡ ਚੁੱਕਾ ਸੀ। ਗੁਰਮਤਿ ਨੇ ਅਜਿਹੇ ਵਿਅਕਤੀਵਾਦ ਧਾਰਮਿਕ ਪ੍ਰਬੰਧ (ਰਾਜ) ਦਾ ਖੰਡਨ ਕੀਤਾ ਤੇ ਇਸ ਵਿਰੁਧ ਧਾਰਮਿਕ ਤੇ ਰਾਜਸੀ ਤੌਰ ’ਤੇ ਆਵਾਜ਼ ਬੁਲੰਦ ਕੀਤੀ: ‘‘ਮਾਣਸ ਖਾਣੇ ਕਰਹਿ ਨਿਵਾਜ॥  ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥  ਉਨ੍ਾ ਭਿ ਆਵਹਿ ਓਈ ਸਾਦ॥ ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ! ਕੂੜੁ ਰਹਿਆ ਭਰਪੂਰਿ॥  (ਮ:੧/੪੭੧), ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ, ਬਹਿ ਬਹਿ ਕਰੇ ਬੀਚਾਰੁ॥’’  (ਮ:੧/੪੬੮), ਆਦਿ।

ਕਲਗੀਧਰ ਪਾਤਿਸ਼ਾਹ ਜੀ ਨੇ ਵੀ ਇਸ ਧਾਰਮਿਕ ਗੁਲਾਮੀ ਤੇ ਰਾਜਨੀਤਿਕ ਜੰਜੀਰਾਂ ਨੂੰ ਤੋੜਨ ਲਈ ਸੰਸਾਰ ਸਾਹਮਣੇ ਇਨ੍ਹਾਂ ਸ਼ਬਦਾਂ ਰਾਹੀਂ ਚਾਨਣ ਬਖ਼ਸ਼ਸ਼ ਕੀਤਾ: ‘‘ਸ੍ਰਾਵਗ ਸੁਧ ਸਮੂਹ ਸਿਧਾਨ ਕੇ, ਦੇਖਿ ਫਿਰਿਓ ਘਰਿ ਜੋਗਿ ਜਤੀ ਕੇ॥ ਸੂਰ ਸੁਰਾਰਦਨ ਸੁਧ ਸੁਧਾਦਿਕ, ਸੰਤ ਸਮੂਹ, ਅਨੇਕ ਮਤੀ ਕੇ॥ ਸਾਰੇ ਹੀ ਦੇਸ ਕੋ ਦੇਖਿ ਰਹਿਯੋ ਮਤ, ਕੋਊ ਨ ਦੇਖੀਅਤ ਪ੍ਰਾਨ ਪਤੀ ਕੇ॥  ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ, ਏਕ ਰਤੀ ਬਿਨੁ, ਏਕ ਰਤੀ ਕੇ॥… ਜੀਤ ਫਿਰੇ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ॥ ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹਯ ਰਾਜ ਹਜਾਰੇ॥  ਭੂਤ ਭਵਿਖ ਭਵਾਨ ਕੇ ਭੂਪਤਿ, ਕਉਨ ਗਨੈ ਨਹੀ ਜਾਤ ਬਿਚਾਰੇ॥  ਸ੍ਰੀਪਤਿ ਸ੍ਰੀ ਭਗਵਾਨ ਭਜੇ ਬਿਨੁ, ਅੰਤ ਕੋ ਅੰਤ ਕੇ ਧਾਮ ਸਿਧਾਰੇ॥’’ (ਅਕਾਲ ਉਸਤਤਿ)

‘ਪੰਥ’ ਸ਼ਬਦ ਦਾ ਅਰਥ ਹੈ: ‘ਅਸੀਂ ਸਾਰੇ’, ਪਹਿਲਾਂ ਇਹ ਸ਼ਬਦ ਕਿਸੇ ਦੇ ਮੁਖੋਂ ਕਹਿਣ ਸੁਣਨ ਨੂੰ ਨਹੀਂ ਮਿਲਿਆ ਸੀ ਕਿ ਇਹ ਘਰ ਕਿਸ ਦਾ ?  ਪੰਥ ਦਾ।  ਇਹ ਜ਼ਿੰਦਗੀ ਕਿਸ ਦੀ ?  ਪੰਥ ਦੀ।  ਇਹ ਹੁਕਮ ਕਿਸ ਦਾ ?  ਪੰਥ ਦਾ, ਆਦਿ। 

ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਸਿਧਾਂਤਾਂ ਰਾਹੀਂ ‘‘ਸਾਧ ਸਮੂਹ ਪ੍ਰਸੰਨ ਫਿਰੈ ਜਗਿ, ਸਤ੍ਰ ਸਬੈ ਅਵਿਲੋਕ ਚਪੈਂਗੇ॥’’ ਅਨੁਸਾਰ ਨਿੱਜੀ ਅਧਿਕਾਰ ਨੂੰ ਕੁਰਬਾਨ ਕਰਕੇ ਸਮੁੱਚੇ ਅਧਿਕਾਰਾਂ ਸਾਂਝੀਵਾਲਤਾ ਉੱਤੇ ਜ਼ੋਰ ਦਿੱਤਾ। ਇਸ ਸਾਂਝੀਵਾਲਤਾ ਵਿੱਚੋਂ ਕੌਮੀਅਤ ਦਾ ਜਜ਼ਬਾ ਪੈਦਾ ਹੋਇਆ। ਇਸ ‘ਪੰਥ’ ਸ਼ਬਦ ਨੇ ਸਾਡੀ ਮਨੋਵਿਗਿਆਨਕ ਦਸ਼ਾ ਹੀ ਬਦਲ ਦਿੱਤੀ ਤੇ ਸਾਡੇ ਵਿੱਚ ਉਹ ਤਾਕਤ ਆ ਗਈ ਜੋ ਹਿੰਦੁਸਤਾਨ ਵਿੱਚ ਕਦੇ ਦੇਖਣ ਵਿੱਚ ਵੀ ਨਹੀਂ ਮਿਲਦੀ ਸੀ। ਕਲਗੀਧਰ ਜੀ ਨੇ ਇਸ ਪੰਥ ਉੱਤੇ ਇੰਨ੍ਹਾ ਮਾਣ ਕੀਤਾ ਕਿ ਆਪ ਜੀ ਨੇ ਇਸ ਦੀ ਉਸਤਤੀ ਇਨ੍ਹਾਂ ਸ਼ਬਦਾਂ ਰਾਹੀਂ ਕੀਤੀ: ‘‘ਜੁਧ ਜਿਤੇ ਇਨਹੀ ਕੇ ਪਰਸਾਦਿ, ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ। ਅਘ ਅਉਘ ਟਰੇ ਇਨਹੀ ਕੇ ਪਰਸਾਦਿ, ਇਨ ਹੀ ਕਿ ਕਿਰਪਾ, ਸਭ ਸਤ੍ਰ ਮਰੇ॥’’ ਸਤ੍ਯ ਇਹ ਹੈ ਕਿ ਸਤਿਗੁਰੂ ਜੀ ਨੇ ਇੱਥੋਂ ਤੱਕ ਆਖ ਦਿੱਤਾ: ‘‘ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈਂ, ਨਹੀਂ ਮੋ ਸੋ ਗਰੀਬ ਕਰੋਰ ਪਰੇ॥’’

ਸੋ ਇਸ ‘ਖਾਲਸਾ ਪੰਥ’ ਦਾ ਸਿੱਖ ਸਭਿਆਚਾਰ, ਵਿਅਕਤੀ ਵਾਦ (ਭਾਵੇਂ ਉਹ ਕਿਸੇ ਰੂਪ ਵਿੱਚ ਹੋਵੇ) ਨੂੰ ਖੰਡਨ ਕਰਦਾ ਹੈ। ਇਸ ਦਾ ਆਦਰਸ਼ ਸਰਬੱਤ ਦਾ ਭਲਾ ਮੰਗਣਾ ਹੈ।  ਗੁਰਮਤਿ ਸਿਧਾਂਤਾਂ ਨੂੰ ਇਕ ਫਿਕਰੇ ਵਿੱਚ ਹੀ ਅੰਕਿਤ ਕੀਤਾ ਜਾ ਸਕਦਾ ਹੈ; ਜਿਵੇਂ ਕਿ ‘ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ।’

ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਇਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸਦੀਆਂ ਤੋਂ ਚਲੀਆਂ ਆ ਰਹੀਆਂ ਊਚ ਨੀਚਤਾ ਦੀਆਂ ਜੜ੍ਹਾਂ ਸਿੱਖ ਸਮਾਜ ਜਾਂ ਮਨੁੱਖਤਾ ਵਿੱਚੋਂ ਪੁੱਟ ਦਿੱਤੀਆ। ਇੱਥੇ ਹੀ ਬੱਸ ਨਹੀਂ ਕੀਤਾ ਫਿਰ ਉਨ੍ਹਾਂ ਹੀ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛੱਕ ਕੇ ‘ਗੁਰੂ’ ਤੇ ‘ਚੇਲੇ’ ਦੇ ਵਿਤਕਰੇ ਨੂੰ ਹੀ ਮਿਟਾ ਕੇ ਖਾਲਸੇ ਨਾਲ ਅਭੇਦ ਹੋ ਗਏ। ਪੰਥ ਅਤੇ ਸੰਗਤ ਨੂੰ ਆਪਣੇ ਤੋਂ ਉੱਚਾ ਦਰਜਾ ਦਿੱਤਾ ਗਿਆ।  ਸੰਗਤ ਦੀ ਉੱਚ ਪਦਵੀ ਹੇਠਾਂ ਅੰਕਿਤ ਸਵਈਏ ਤੋਂ ਪ੍ਰਤੀਤ ਹੋ ਜਾਂਦੀ ਹੈ: ‘‘ਸੇਵ ਕਰੀ ਇਨਹੀ ਕੀ ਭਾਵਤ, ਅਉਰ ਕੀ ਸੇਵ ਸੁਹਾਤ ਨ ਜੀਕੋ॥  ਦਾਨ ਦਯੋ ਇਨਹੀ ਕੋ ਭਲੋ, ਅਰੁ ਆਨ ਕੋ ਦਾਨ ਨ ਲਾਗਤ ਨੀਕੋ॥  ਆਗੈ ਫਲੈ ਇਨਹੀ ਕੋ ਦਯੋ, ਜਗ ਮੈ ਜਸੁ ਅਉਰ ਦਯੋ ਸਭ ਫੀਕੋ॥ ਮੋ ਗ੍ਰਿਹ ਮੈ ਤਨ ਤੇ ਮਨ ਤੇ, ਸਿਰ ਲਉ ਧਨ ਹੈ ਸਬ ਹੀ ਇਨਹੀ ਕੋ॥ ੩॥’’ (ਖਾਲਸਾ ਮਹਿਮਾ) ਇਸ ਦਾ ਭਾਵ ਬੜਾ ਸਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਸੇ ਤਰ੍ਹਾਂ ਵੀ ਵਿਅਕਤੀਵਾਦ ਨੂੰ ਨਹੀਂ ਚਾਹੁੰਦੇ ਸਨ।  ਉਨ੍ਹਾਂ ਮੁਤਾਬਕ ਰਾਜਸੀ ਤੇ ਧਾਰਮਿਕ ਤਾਕਤ ਲੋਕਾਂ ਹੱਥ ਹੀ ਹੋਣੀ ਚਾਹੀਦੀ ਹੈ।  ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਲੋਕਤੰਤ੍ਰ ਦੇ ਹਾਮੀ ਅਤੇ ਇਕ ਪੁਰਖੀ ਰਾਜ ਦੇ ਵਿਰੋਧੀ ਰਹੇ ਹਨ।

ਸੋ ਗੁਰੂ ਗੋਬਿੰਦ ਸਿੰਘ ਜੀ ਦੀ ਵੀਚਾਰਧਾਰਾ ਅਨੁਸਾਰ ਇਹ ਸਿੱਟਾ ਸਾਹਮਣੇ ਆਉਂਦਾ ਹੈ ਕਿ ਲੋਕਤੰਤ੍ਰ ਜਾਂ ਰਾਜ ਸ਼ਕਤੀ ਉਦੋਂ ਤੱਕ ਆਪਣੇ ਆਦਰਸ਼ ਵਿੱਚ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਆਮ ਇਨਸਾਨ ਦਾ ਆਚਰਨ ਉੱਚਾ ਕਰਨ ਦਾ ਇਹ ਪ੍ਰਣਾਲੀ ਪ੍ਰਬੰਧ ਨਹੀਂ ਕਰਦੀ। ਇਸ ਲਈ ਮਨੁੱਖੀ ਆਚਰਨ ਨੂੰ ਉੱਚਾ ਕਰਨ ਲਈ ਧਰਮ ਜ਼ਰੂਰੀ ਹੈ।

ਆਧੁਨਿਕ ਸਮੇਂ ਵਿੱਚ ਦੂਸਰਾ ਸਿਧਾਂਤ ਰਾਸ਼ਟਰੀਵਾਦ ਹੈ ਇਸ ਵਿੱਚ ਗੁਣ ਤੇ ਔਗੁਣ ਦੋਨੋਂ ਹਨ। ਰਾਸ਼ਟਰਵਾਦ ਦਾ ਭਾਵ ਹੈ, ਕੌਮ ਦੇਸ਼ ਦੀ ਸਾਂਝੇ ਹਿਤਾਂ ਲਈ ਆਪਣੇ ਜਾਤੀ ਹਿਤ ਕੁਰਬਾਨ ਕਰ ਦੇਣਾ ਅਤੇ ਦੇਸ਼ ਰੱਖਿਆ ਲਈ ਆਪਾ ਵਾਰਨਾ।  ਰਾਸ਼ਟਰਵਾਦੀ ਬਣਨਾ ਚੰਗੀ ਗੱਲ ਹੈ ਪਰ ਇਸ ਨਾਲ ਵੀ ਕੁਰਾਹੇ ਪਿਆ ਜਾ ਸਕਦਾ ਹੈ, ਇਸ ਨਾਲ ਬੰਦੇ ਦਾ ਝੁਕਾਅ ਕਿਸੇ ਇਕ ਦੇਸ਼ ਵੱਲ ਜਾਂ ਕਿਸੇ ਇੱਕ ਵਿਸ਼ੇਸ਼ ਧੜੇ ਵੱਲ ਹੋ ਸਕਦਾ ਹੈ, ਪਰ ਗੁਰੂ ਜੀ ‘‘ਦੇਸ ਔਰ ਨ ਭੇਸ ਜਾਕਰ, ਰੂਪ ਰੇਖ ਨ ਰਾਗ॥ ਜਤ੍ਰ ਤਤ੍ਰ ਦਿਸਾ ਵਿਸਾ, ਹੋਇ ਫੈਲਿਉ ਅਨੁਰਾਗ॥’’ ਦਾ ਸਿਧਾਂਤ ਮਨੁੱਖਤਾ ਨੂੰ ਦਰਸਾ ਕੇ ਰਾਸ਼ਟਰਵਾਦ ਤੋਂ ਵੀ ਉੱਪਰ ਮਾਨਵਤਾ ਦੇ ਭਲੇ ਵਾਲੀ ਗੱਲ ਬੜੀ ਉਦਾਰਤਾ ਨਾਲ ਕਰਦੇ ਹਨ।  ਹਰ ਇੱਕ ਸਮਾਜ ਕੁਝ ਸੰਗਠਨਾਂ ਦਾ ਸੰਗ੍ਰਹਿ ਹੁੰਦਾ ਹੈ; ਜਿਵੇਂ ਕਿ ਪਰਿਵਾਰ, ਕਿਰਤੀ ਸੰਘ, ਧਾਰਮਿਕ ਸੰਪ੍ਰਦਾਵਾਂ ਆਦਿ।  ਹਰ ਆਦਮੀ ਇਨ੍ਹਾਂ ਸੰਗਠਨਾਂ ਦਾ ਮੈਂਬਰ ਹੁੰਦਾ ਹੈ ਅਤੇ ਇਨ੍ਹਾਂ ਸੰਗਠਨਾਂ ਦੇ ਨਿਯਮਾਂ ਅਨੁਸਾਰ ਚੱਲਦਾ ਹੈ। ਇਸ ਤਰ੍ਹਾਂ ਉਹ ਆਪਣੇ ਗਰੁੱਪ ਦੀ ਵਫਾਦਾਰੀ ਪਾਲ਼ਦਾ ਹੈ ਫਿਰ ਉਸ ਲਈ ਰਾਜ ਸ਼ਕਤੀ ਦਾ ਵਫ਼ਾਦਾਰ ਹੋਣਾ ਵੀ ਜ਼ਰੂਰੀ ਹੈ, ਪਰ ਇਸ ਤੋਂ ਉੱਪਰ ਫ਼ਰਜ਼ ਮਨੁੱਖਤਾ ਦੀ ਲੁੱਟ ਹੁੰਦਾ ਹੈ ਕਿਉਂਕਿ ਜਦੋਂ ਇਕ ਦੇਸ਼ ਦੂਜੇ ਦੇਸ਼ ’ਤੇ ਹਮਲਾ ਕਰਦਾ ਹੈ, ਅਤਿਆਚਾਰ ਕਰਦਾ ਹੈ ਤਾਂ ਅਜਿਹੇ ਰਾਸ਼ਟਰਵਾਦ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ ਹੈ, ਇਸ ਲਈ ਇਕ ਤਰ੍ਹਾਂ ਨਾਲ ਇਹ ਵੀ ਮਨੁੱਖਤਾ ਦਾ ਵੈਰੀ ਹੋ ਨਿਬੜਦਾ ਹੈ। ਇਹ ਵੀ ਬਹੁਤ ਲੋਕਾਂ ਦੀ ਅੰਦਰੂਨੀ ਅਜ਼ਾਦੀ ਖੋਹਦਾ ਹੈ। ਇਸ ਕਾਰਨ ਇਸ ਨੂੰ ਵੀ ਜ਼ੁਲਮ ਰਾਜ ਕਹਿਣਾ ਪਏਗਾ।

ਸਤਿਗੁਰੂ ਜੀ ਨੇ ‘‘ਗਰਬ ਗੰਜਨ ਦੁਸਟ ਭੰਜਨ, ਮੁਕਤਿ ਦਾਇਕ ਕਾਮ॥’’ ਨਿਯਮ ਅਨੁਸਾਰ ਆਪਣੀ ਪਹਿਲੀ ਜ਼ਿੰਮੇਵਾਰੀ ਮਨੁੱਖਤਾ ਦੀ ਸੇਵਾ ਵੱਲ ਹਮਦਰਦੀ ਜਤਾਈ ਹੈ।  ਗੁਰੂ ਜੀ ਨੇ ‘‘ਦੁਸਟ ਸਭਨ ਕੋ ਮੂਲਿ ਉਪਾੜਨ॥’’ ਦਾ ਨਾਅਰਾ ਲਾ ਕੇ ਹਰ ਤਰ੍ਹਾਂ ਦੇ ਅਤਿਆਚਾਰ ਦੀ ਵਿਰੋਧਤਾ ਕੀਤੀ ਹੈ।

ਗੁਰਮਤਿ ਨੇ ਪਹਿਲਾ ਹੀ ‘‘ਏਕ ਪਿਤਾ ਏਕਸ ਕੇ ਹਮ ਬਾਰਿਕ॥’’ ਜਾਂ ‘‘ਬਿਸਰਿ ਗਈ, ਸਭ ਤਾਤਿ ਪਰਾਈ ॥  ਜਬ ਤੇ, ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥  ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥’’ (ਮ: ੫/੧੨੯੯) ਸ਼ਬਦਾਂ ਰਾਹੀਂ ਮਨੁੱਖੀ ਭਾਈਚਾਰੇ ਨੂੰ ਇਕ ਸੰਗਤ ਅਤੇ ਇੱਕ ਪੰਗਤ ਵਿੱਚ ਜੋੜਿਆ। ਇਨ੍ਹਾਂ ਸਿਧਾਂਤਾਂ ਨੂੰ ਹੀ ਪਰਪੱਕ ਕਰਨ ਲਈ ਕਲਗੀਧਰ ਜੀ ਨੇ ‘‘ਕੋਊ ਭਇਓ ਮੁੰਡੀਆ ਸੰਨਿਆਸੀ, ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ, ਕੋਊ ਜਤੀ ਅਨੁਮਾਨਬੋ॥ ਹਿੰਦੂ ਤੁਰਕ ਕੋਊ ਰਾਫਿਜੀ ਇਮਾਮ ਸਾਫੀ, ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ॥ ਕਰਤਾ ਕਰੀਮ ਸੋਈ, ਰਾਜਿਕ ਰਹੀਮ ਓਈ, ਦੂਸਰੋ ਨ ਭੇਦ ਕੋਈ, ਭੂਲਿ ਭ੍ਰਮ ਮਾਨਬੋ॥ ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਬੈ ਏਕੈ ਜੋਤਿ ਜਾਨਬੋ ॥੧੫॥ (ਅਕਾਲ ਉਸਤਤਿ) ਵਾਲੀ ਉੱਚੀ-ਸੁੱਚੀ ਨਸੀਹਤ ਬਖ਼ਸ਼ੀ।

ਅੱਜ ਦੀ ਨਵੀਂ ਦੁਨੀਆਂ ਦਾ ਤੀਜਾ ਪੱਖ ਜਾਂ ਸਿਧਾਂਤ ਹੈ: ‘ਸਮਾਜਵਾਦ’, ਅੱਜ ਦੇ ਪ੍ਰਚਲਿਤ ਸਮਾਜਵਾਦ ਦੇ ਬਾਨੀ ਕਾਰਲ ਮਾਰਕਸ (Karl marx) ਹਨ ਇਸ ਦੇ ਦੋ ਵੱਡੇ ਨਿਸ਼ਾਨੇ ਹਨ ਇਕ ‘ਕਿਰਤੀ ਨਾਲ ਇਨਸਾਫ਼’ ਦੂਜਾ ‘ਦੌਲਤ ਦੀ ਸਮਾਨ ਵੰਡ’। ਕਾਰਲ ਮਾਰਕਸ ਨਾਲੋਂ ਬਹੁਤ ਸਮਾਂ ਪਹਿਲਾਂ ਇਸ ਨਾਲੋਂ ਵਧੀਆ ਸਮਾਜਵਾਦ ਗੁਰਮਤਿ ਨੇ ਅਰੰਭਿਆ ਤੇ ਪਰਚਾਰਿਆ: ‘‘ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ॥ ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੇ॥ .. ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬਤ ਦਾ ਭਲਾ॥’’

ਕਲਗੀਧਰ ਸਾਹਿਬ ਇਕ ਵਿਹਲੜ ਜਾਂ ਕਿਰਤ ਵਿਹੂਣੇ ਮਨੁੱਖ ਹੱਥੋਂ ਪਾਣੀ ਪੀਣਾ ਵੀ ਮਨ ਨੂੰ ਅਸ਼ਾਂਤ ਕਰ ਦੇਣ ਵਾਲਾ ਕਾਰਜ ਸਮਝਦੇ ਸਨ। ਗੁਰਮਤਿ ਦੇ ਸਮਾਜਵਾਦ ਵਿੱਚ ਉਹ ਦੋਨੋਂ ਆਦਰਸ਼ ਪ੍ਰਾਪਤ ਹਨ, ਜੋ ਕਾਰਲ ਮਾਰਕਸ ਨੇ ਦਿੱਤੇ ਹਨ, ਪਰ ਇਨ੍ਹਾਂ ਤੋਂ ਇਲਾਵਾ ਇਕ ਹੋਰ ਉੱਚਾ ਆਦਰਸ਼ ਨਾਮ ਜਪਣਾ ਹੈ। ਇਹ ਨਾਮ ਦਾ ਜਾਪ ਹੀ ਹੈ ਜੋ ਮਨੁੱਖੀ ਜੀਵਨ ਵਿੱਚੋਂ ਹਰ ਤਰ੍ਹਾਂ ਦੀ ਮੈਲ਼ ਤੇ ਹਉਮੈ ਕੱਢਦਾ ਹੈ: ‘‘ਹਉਮੈ ਬੂਝੈ, ਤਾ ਦਰਿ ਸੂਝੈ॥’’ ਅਤੇ ‘‘ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ॥ ਕੋਟਿ ਤੁਰੰਗ ਕੁਰੰਗ ਸੇ ਕੂਦਤ, ਪਉਨ ਕੇ ਗਉਨ ਕੋ ਜਾਤ ਨਿਵਾਰੇ॥  ਭਾਰੀ ਭੁਜਾਨ ਕੇ ਭੂਪ ਭਲੀ ਬਿਧਿ, ਨਿਆਵਤ ਸੀਸ, ਨ ਜਾਤ ਬਿਚਾਰੇ॥ ਏਤੇ ਭਏ ਤੋ ਕਹਾ ਭਏ ਭੂਪਤਿ ? ਅੰਤ ਕੋ ਨਾਗੇ  ਹੀ ਪਾਇ ਪਧਾਰੇ ॥੨॥੨੨॥ (ਅਕਾਲ ਉਸਤਤਿ) ਵਾਲੀ ਬਿਬੇਕਤਾ ਬਖਸ਼ਸ਼ ਕਰਦੇ ਹਨ।  ਇਸ ਤਰ੍ਹਾਂ ਮਨੁੱਖ ਉੱਚੀ ਜੀਵਨ ਪਦਵੀ ਪ੍ਰਾਪਤ ਕਰਦਾ ਹੋਇਆ ‘ਕਿਰਤ ਕਰਨੀ, ਵੰਡ ਛਕਣ’ ਵਾਲੀ ਪ੍ਰੇਰਨਾ ‘ਨਾਮ ਜਪਣ’ ਤੋਂ ਹੀ ਪ੍ਰਾਪਤ ਕਰਦਾ ਹੈ।  ‘ਨਾਮ ਜਪਣ’ ਨਾਲ ਆਤਮਿਕ ਉੱਨਤੀ ਵੀ ਹੁੰਦੀ ਹੈ। ਇਸ ਦਾ ਭਾਵ ਇਹ ਹੈ ਕਿ ਰਾਜ (State) ਨੂੰ ਸਿਰਫ ਸ਼ਕਤੀ ਦੀ ਪ੍ਰਣਾਲੀ (Power System) ਹੀ ਨਾ ਮੰਨ ਲਿਆ ਜਾਏ ਬਲਕਿ ਇਖ਼ਲਾਕ ਨੂੰ ਹਮੇਸ਼ਾ ਮੁੱਖ ਰੱਖਿਆ ਜਾਏ। ਅੱਜ ਕਲ੍ਹ ਦੀ ਰਾਜਸੀ ਪ੍ਰਣਾਲੀ ਅਤੇ ਆਰਥਿਕ ਢਾਂਚੇ ਵਿੱਚ ਇਹੋ ਵੱਡੀ ਖਾਮੀ ਹੈ ਕਿ ਸਿਆਸਤ ਅਤੇ ਆਰਥਿਕ ਧੰਦਿਆਂ ਦਾ ਸੰਬੰਧ ਇਖ਼ਲਾਕ ਨਾਲੋਂ ਤੋੜ ਲਿਆ ਗਿਆ ਹੈ। ਇਸ ਲਈ ਅਜੋਕੇ ਲੋਕ ਰਾਜ ਦੇ ਹੁੰਦਿਆਂ ਵੀ ਅਤਿਆਚਾਰ ਲੁੱਟ-ਖਸੁੱਟ ਖ਼ਤਮ ਨਹੀਂ ਹੋਈ।  Business is Business ਕਹਿ ਕੇ ਹਰ ਇਕ ਤਰ੍ਹਾਂ ਦੀ ਆਰਥਿਕ ਲੁਟ ਨੂੰ ਜਾਇਜ਼ ਬਣਾ ਲਿਆ ਜਾਂਦਾ ਹੈ। ਸਿਆਸਤ ਜਾਂ ਰਾਜ ਪ੍ਰਬੰਧ ਨੂੰ ‘ਧਰਮ’ ਤੋਂ ਵੱਖਰਾ ਕਰਕੇ ਰਾਜ ਪ੍ਰਬੰਧ ਵਾਲੀ ਹਰ ਤਰ੍ਹਾਂ ਦੀ ਸ਼ਕਤੀ ਨੂੰ ਜਾਇਜ਼ ਸਮਝਿਆ ਜਾਂਦਾ ਹੈ। ਰਾਜਨੀਤਿਕ ਲੋਕ ਬਿਨਾਂ ਕਿਸੇ ਸ਼ਰਮ ਦੇ ਹਰ ਰੋਜ਼ ਆਪਣੇ ਅਸੂਲ ਬਦਲਦੇ ਰਹਿੰਦੇ ਹਨ ਅਤੇ ਕਿਸੇ ਵੀ ਕਿਸਮ ਦਾ ਜ਼ੁਲਮ ਕਰਦਿਆਂ ਡਰਦੇ ਨਹੀਂ।  ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੰਗੀ ਲੁੱਟ-ਖਸੁੱਟ ਵਿਰੁੱਧ ਆਵਾਜ਼ ਬੁਲੰਦ ਕੀਤੀ, ‘‘ਰਾਜੇ ਚੁਲੀ ਨਿਆਵ ਕੀ..॥’’ ਵਾਲੇ ਬੁਨਿਆਦੀ ਸਿਧਾਂਤ ਨੂੰ ਅਮਲੀ ਰੂਪ ਵਿੱਚ ਸਮਝਾਇਆ ਅਤੇ ‘‘ਇਨ ਹੀ ਸੇ ਰਾਜੇ ਉਪਜਾਉ॥’’ ਵਾਲੇ ਸਿਧਾਂਤ ਅਨੁਸਾਰ ਰਾਜਸੀ ਸ਼ਕਤੀ ਪ੍ਰਾਪਤ ਕਰਨੀ ਜ਼ਰੂਰੀ ਸਮਝੀ ਤਾਂ ਕਿ ਸਦਾਚਾਰਕ ਗੁਣਾਂ ਦੀ ਰਾਖੀ ਕੀਤੀ ਜਾ ਸਕੇ।  ਆਪਣੇ ਧਰਮ ਤੇ ਸਭਿਆਚਾਰ ਦੀ ਰਾਖੀ ਲਈ ਤਲਵਾਰ ਚੁੱਕਣੀ ਇਕ ਆਦਰਸ਼ ਹੈ। ਕਲਗੀਧਰ ਜੀ ਦਾ ਫ਼ੁਰਮਾਨ ਹੈ: ‘‘ਬ-ਲਾਚਾਰਗੀ ਦਰ ਮਿਯਾਂ ਆਮਦਮ॥ ਬ-ਤਦਬੀਰਿ ਤੀਰੋ ਤੁਫ਼ੰਗ ਆਮਦਮ॥’’ (ਜਫ਼ਰਨਾਮਾ) ਭਾਵ ਹੇ ਔਰੰਗਜ਼ੇਬ ਮੈਨੂੰ ਮਜਬੂਰਨ ਜੰਗ ਦੇ ਮੈਦਾਨ ਵਿੱਚ ਆਉਣਾ ਪਿਆ, ਤੀਰ ਕਮਾਨਾਂ (ਬੰਦੂਕਾਂ) ਆਦਿ ਸ਼ਸਤਰ ਵਰਤਣੇ ਪਏ ਕਿਉਂਕਿ ‘‘ਚੂੰ ਕਾਰ ਅਜ ਹਮਾ ਹੀਲਤੇ ਦਰਿ ਗੁਜਸਤ॥ ਹਲਾਲ ਅਸਤ ਬੁਰਦਨ ਬ-ਸ਼ਮਸ਼ੀਰਿ ਦਸਤ॥’’ ਭਾਵ ਜਦੋਂ ਕੋਈ ਅਨਿਆਇ (ਅਤਿਆਚਾਰ) ਸਾਰੇ ਹੀਲੇ ਉਪਾਵਾਂ ਤੋਂ ਲੰਘ ਜਾਣ ਤਾਂ ਹੱਥ ਵਿੱਚ ਤਲਵਾਰ ਲੈਣਾ ਜਾਇਜ਼ ਹੀ ਹੁੰਦਾ ਹੈ ਕਿਉਂਕਿ ਹਰ ਇਕ ਆਦਮੀ ਨੂੰ ਪੂਰੀ ਧਾਰਮਿਕ ਅਜ਼ਾਦੀ ਹੋਣੀ ਚਾਹੀਦੀ ਹੈ। ਇਸ ਲਈ ਕਲਗੀਧਰ ਪਾਤਿਸ਼ਾਹ ਜੀ ਵੱਲੋਂ ਦਿੱਤਾ ਲੋਕਤੰਤ੍ਰੀ ਖਾਲਸਾ; ਪੁਜਾਰੀਵਾਦ ਤੇ ਵਿਅਕਤੀਵਾਦ ਭਾਵ ਇਕ ਪੁਰਖੀ ਰਾਜ ਦਾ ਵਿਰੋਧੀ ਹੈ ਅਤੇ ਕਿਰਤੀ, ਨਾਮ-ਜਪਣਾ ਤੇ ਵੰਡ ਛਕਣ ਵਾਲੇ ਸਮਾਜਵਾਦ ਦਾ ਹਾਮੀ ਹੈ। ਅਜਿਹੇ ਲੋਕਤੰਤ੍ਰ ਦਾ ਹਮਾਇਤੀ ਬੰਦਾ ਮਨੁੱਖਤਾ ਦੇ ਸਾਂਝੇ ਹਿੱਤਾਂ ਲਈ ਪੂਰਾ ਪਰਿਵਾਰ ਤੱਕ ਕੁਰਬਾਨ ਕਰ ਦੇਣ ਨੂੰ ਤੁੱਛ ਜਿਹੀ ਗੱਲ ਸਮਝਦਾ ਹੈ ਇਸ ਲਈ ਅੱਜ ਵੀ ਲੋਕਤੰਤ੍ਰੀ-ਢਾਂਚੇ ਜਾਂ ਰਾਜ ਪ੍ਰਬੰਧ ਵਿੱਚ ਇੱਕ ਪੁਰਖੀ ਰਾਜ ਨਹੀਂ ਹੋਣਾ ਚਾਹੀਦਾ।  ਸਿਆਸਤ ਜਾਂ ਰਾਜਨੀਤੀ ਦੀ ਬੁਨਿਆਦ ਜਹੀਰੀ ਇਖ਼ਲਾਖ (ਸ਼ਕਤੀਸ਼ਾਲੀ ਕਿਰਦਾਰ) ’ਤੇ ਹੋਣੀ ਚਾਹੀਦੀ ਹੈ, ਨਹੀਂ ਤਾਂ ‘‘ਕੂੜ ਦੀ ਪਾਲਿ॥’’ ਨੂੰ ਨਹੀਂ ਤੋੜਿਆ ਜਾ ਸਕਦਾ ਹੈ।

ਆਓ, ਸਿਆਸਤ ਤੇ ਪਦਾਰਥਵਾਦ ਦੀ ਅੱਗ ਵਿੱਚ ਸੜ ਰਹੀ ਮਨੁੱਖਤਾ ਦੇ ਭਲੇ ਨੂੰ ਲੋਚਦਿਆਂ ਪਰਮਾਤਮਾ ਅੱਗੇ ਜੋਦੜੀ ਕਰੀਏ ਤੇ ਕਲਗੀਧਰ ਜੀ ਵੱਲੋਂ ਦ੍ਰਿੜ੍ਹਾਈ ਗਈ ਸਾਂਝੀਵਾਲਤਾ ਵਾਲੇ ਨਿਯਮ ’ਤੇ ਪਹਿਰਾ ਦੇਂਦੇ ਹੋਏ ਆਵਾਜ਼ ਬੁਲੰਦ ਕਰੀਏ: ‘‘ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ; ਖਾਕ ਬਾਦ ਆਤਿਸ, ਔ ਆਬ ਕੋ ਰਲਾਉ ਹੈ॥’’ (ਅਕਾਲ ਉਸਤਤਿ) ਭਾਵ ਸਭ ਦੀਆਂ ਅੱਖਾਂ, ਕੰਨ, ਸਰੀਰ ਤੇ ਬੋਲਣ ਸ਼ਕਤੀ ਇੱਕ ਸਮਾਨ ਹਨ (ਕਿਉਂਕਿ ਸਭ ਦੀ ਰਚਨਾ) ਮਿੱਟੀ (ਧਰਤੀ), ਹਵਾ, ਅੱਗ ਤੇ ਜਲ ਆਦਿ ਤੱਤਾਂ ਤੋਂ ਬਣੀ ਹੋਈ ਹੈ।