ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ

0
332

ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ

ਜਸਵੰਤ ਸਿੰਘ ਕਾਲਾ ਅਫ਼ਗਾਨਾ

ਕੀ ਗੁਰਦੁਆਰੇ ਵਾਕਿਆ ਹੀ ਦੁਕਾਨਦਾਰੀਆਂ ਬਣ ਚੁੱਕੇ ਹਨ ? ਜੇਕਰ ਇਹ ਗੱਲ ਸਹੀ ਹੈ ਤਾਂ ਫਿਰ ਇਸ ਦੇ ਜ਼ਿੰਮੇਵਾਰ ਕੌਣ ਹਨ ?

ਮਨੁੱਖਾ ਜੂਨੀ ਦਾ ਮੁੱਖ ਮਕਸਦ ਹੈ ਮੁਕਤੀ ਪ੍ਰਾਪਤ ਕਰਨਾ ਭਾਵ ਕਿ ਜਨਮ ਮਰਨ ਤੋਂ ਮੁਕਤ ਹੋ ਜਾਣਾ। ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਕੇਵਲ ਇੱਕ ਹੀ ਰਸਤਾ ਦਸਿਆ ਹੈ ਕਿ ਇਮਾਨਦਾਰੀ ਦੀ ਕਿਰਤ ਕਰਨੀ ਅਤੇ ਉਸ ਆਮਦਨ ਦੇ ਨਾਲ ਹੀ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਹਨ ਅਤੇ ਉਸ ਆਮਦਨ ਦੇ ਵਿੱਚੋਂ ਕੁਝ ਹਿਸਾ ਬਚਾ ਕੇ ਜ਼ਰੂਰਤ ਮੰਦ ਲੋਕਾਂ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਕੁਝ ਹੱਥੋ ਦੇਣਾ। ਬੇਈਮਾਨੀ ਨਹੀਂ ਕਰਨੀ, ਮੰਗ ਕੇ ਨਹੀਂ ਖਾਣਾ, ਠੱਗ ਕੇ ਨਹੀਂ ਖਾਣਾ, ਕਿਸੇ ਨੂੰ ਧੋਖਾ ਨਹੀਂ ਦੇਣਾ, ਕਿਸੇ ਨਾਲ ਹੇਰਾ ਫੇਰੀ ਨਹੀਂ ਕਰਨੀ । ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥  ਨਾਨਕ  ! ਰਾਹੁ ਪਛਾਣਹਿ ਸੇਇ ॥’’ (ਮ: ੧/੧੨੪੫) ਭਾਈ ਗੁਰਦਾਸ ਜੀ ਲਿਖਦੇ ਹਨ ਕਿ ‘‘ਕਿਰਤਿ ਵਿਰਤਿ ਕਰਿ ਧਰਮ ਦੀ, ਹਥਹੁ ਦੇਕੈ ਭਲਾ ਮਨਾਵੈ।’’ (ਵਾਰ ੬ ਪਉੜੀ ੧੨) ਜ਼ਰੂਰਤ ਹੈ ਮਨੁੱਖ ਨੂੰ ਨੇਕ ਇਨਸਾਨ ਬਣਨ ਦੀ ਇਸ ਵਾਸਤੇ ਮਨੁੱਖ ਨੂੰ ਸੋਝੀ ਮਿਲਦੀ ਹੈ ਗੁਰਦੁਆਰਾ ਸਾਹਿਬ  ਤੋਂ ‘‘ਗੁਰੂ ਦੁਆਰੈ ਹੋਇ, ਸੋਝੀ ਪਾਇਸੀ ॥’’ (ਮ: ੧/੭੩੦) ਗੁਰਦੁਆਰਿਆਂ ਵਿੱਚੋਂ ਇੱਕ ਇਹ ਵੀ ਸਿਧਾਂਤ ਮਿਲਦਾ ਹੈ ਕਿ ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ਭਾਵ ਕਿ ਆਪਣੀ ਨੇਕ ਕਮਾਈ ਵਿੱਚੋਂ ਕਿਸੇ ਗ਼ਰੀਬ ਦੀ ਮਦਦ ਕਰ ਦੇਣੀ, ਮਾਇਆ ਨੂੰ ਗੁਰੂ ਲੇਖੇ ਲਾਉਣਾ ਹੈ, ਪਰ ਇਹ ਸਭ ਕੁਝ ਵੇਖਣ ਨੂੰ ਘੱਟ ਹੀ ਮਿਲਦਾ ਹੈ । ਇਸ ਦੇ ਕੀ ਕਾਰਨ ਹਨ ? ਗੁਰੂ ਸਾਹਿਬਾਨਾਂ ਨੇ ਇਸ ਪ੍ਰਬੰਧ ਨੂੰ ਚਲਾਉਣ ਵਾਸਤੇ ਕੁਝ ਸਿਧਾਂਤ ਬਖ਼ਸ਼ਸ਼ ਕੀਤੇ ਸਨ ਜਿਨ੍ਹਾਂ ਉੱਪਰ ਪਹਿਰਾ ਦੇਣਾ ਹਰ ਗੁਰਸਿੱਖ ਲਈ ਬਹੁਤ ਜ਼ਰੂਰੀ ਹੈ ।

ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪੁਜਾਰੀਆਂ ਵੱਲੋਂ ਇਹ ਪ੍ਰਚਾਰਿਆ ਜਾਂਦਾ ਰਿਹਾ ਸੀ ਕਿ ਪੁਜਾਰੀ ਨੂੰ ਦਿੱਤਾ ਦਾਨ ਅਗਲੀ ਦਰਗਾਹ ਵਿੱਚ ਦਸ ਗੁਣਾਂ ਵਧ ਮਿਲਦਾ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਪੁਜਾਰੀਆਂ ਨੂੰ ਦਿੱਤਾ ਦਾਨ ਅਗਲੀ ਦਰਗਾਹ ਵਿੱਚ ਦਸ ਗੁਣਾਂ ਵਧ ਕੇ ਨਹੀਂ ਮਿਲਦਾ, ਇਸ ਲਈ ਕਿਸੇ ਵੀ ਪੁਜਾਰੀ ਨੂੰ ਦਾਨ ਨਾ ਦਿਓ ਸਗੋਂ ਇਸ ਦੀ ਜਗ੍ਹਾ ਕਿਸੇ ਜ਼ਰੂਰਤਮੰਦ ਗ਼ਰੀਬ ਦੀ ਮਦਦ ਕਰ ਦੇਣਾ ਲਖ ਗੁਣਾਂ ਚੰਗਾ ਹੈ, ਇਸ ਲਈ ਪੁਜਾਰੀ ਦੀ ਥਾਂ ਹੀ ‘ਗ਼ਰੀਬ ਦਾ ਮੂੰਹ, ਗੁਰੂ ਦੀ ਗੋਲਕ’ ਵਚਨ ਕੀਤੇ ਗਏ।

ਜਦੋਂ ਤੋਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੋਂਦ ਵਿੱਚ ਆਈ ਹੈਂ ਪੁਜਾਰੀ ਵਰਗ ਉਸ ਸਮੇਂ ਦਾ ਹੀ ਪਰੇਸ਼ਾਨ ਹੋ ਰਿਹਾ ਹੈ, ਹੋਵੇ ਵੀ ਕਿਉਂ ਨਾ ? ਆਮਦਨ ਜੁ ਘਟਦੀ ਗਈ, ਇਸ ਲਈ ਇਸ ਨੇ ਉਸ ਸਮੇਂ ਤੋਂ ਹੀ ਕੋਸ਼ਿਸ਼ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਖ਼ਤਮ ਹੋ ਜਾਵੇ । ਯਾਦ ਰਹੇ ਕਿ ਪੁਜਾਰੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਕੋਈ ਖ਼ਤਰਾ ਨਹੀਂ ਹੈ, ਕੋਈ ਘਾਟਾਂ ਨਹੀਂ ਹੈ, ਬਸ ਫ਼ਾਇਦਾ ਹੀ ਫ਼ਾਇਦਾ ਹੈ ।

ਗੁਰੂ ਸਾਹਿਬਾਨ ਨੇ ਮੀਰੀ ਪੀਰੀ ਦਾ ਸਿਧਾਂਤ ਲਾਗੂ ਕਰਨ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਤਿਆਰ ਕਰਵਾਇਆ, ਜੋ ਉਚਾਈ ਵਿੱਚ ਦਰਬਾਰ ਸਾਹਿਬ ਨਾਲੋਂ ਉੱਚਾ ਹੈ। ਇੱਥੇ ਕੁਝ ਇਸ਼ਾਰੇ ਸਮਝਣ ਦੀ ਲੋੜ ਹੈ । ਦਰਬਾਰ ਸਾਹਿਬ ਪੀਰੀ ਅਤੇ ਅਕਾਲ ਤਖਤ ਸਾਹਿਬ ਮੀਰੀ (ਰਾਜਨੀਤੀ) ਦਾ ਪ੍ਰਤੀਕ ਹੈ। ਦਰਬਾਰ ਸਾਹਿਬ ਦਾ ਨੀਵਾਂ ਹੋਣਾ ਇਹ ਦਰਸਾਉਂਦਾ ਹੈ ਕਿ ਮਨ ਦਾ ਨੀਵਾਂ ਹੋਣਾ ਜ਼ਰੂਰੀ ਹੈ । ਅਕਾਲ ਤਖ਼ਤ ਸਾਹਿਬ ਦੇ ਨਜਦੀਕ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਹਨ ਇੱਕ ਉੱਚਾ ਤੇ ਇੱਕ ਨੀਵਾਂ, ਜੋ ਇਸ ਗੱਲ ਦਾ ਪਰਤੀਕ ਹਨ ਕਿ ਧਰਮ, ਰਾਜਨੀਤੀ ਨਾਲੋਂ ਉੱਚਾ ਹੀ ਚੰਗਾ ਹੁੰਦਾ ਹੈ। ਦਰਬਾਰ ਸਾਹਿਬ ਵਿੱਚੋਂ ਅਕਾਲ ਤਖ਼ਤ ਸਾਹਿਬ ਦਿਖਾਈ ਨਹੀਂ ਦੇਂਦਾ ਪਰ ਅਕਾਲ ਤਖ਼ਤ ਸਾਹਿਬ ਤੋਂ ਦਰਬਾਰ ਸਾਹਿਬ ਦਿਖਾਈ ਦੇਂਦਾ ਹੈ ਇਹ ਇਸ ਗੱਲ ਦਾ ਪਰਤੀਕ ਹੈ ਕਿ ਧਰਮ ’ਤੇ ਚਲਦੇ ਸਮੇਂ ਕਦੇ ਵੀ ਤਖ਼ਤਾਂ ਦੀ ਲਾਲਸਾ ਨਹੀਂ ਰੱਖਣੀ ਭਾਵ ਕਿ ਤੇਰੀ ਮੰਜਲ ਤਖ਼ਤ ’ਤੇ ਬੈਠਣਾ ਨਹੀਂ ਹੋਣੀ ਚਾਹੀਦੀ ਅਤੇ ਜੇਕਰ ਕਿਤੇ ਤੈਨੂੰ ਤਖ਼ਤ ਨਸੀਬ ਹੋ ਵੀ ਜਾਵੇ ਤਾਂ ਤੈਨੂੰ ਕਦੇ ਆਪਣਾ ਗੁਰੂ ਨਹੀਂ ਭੁੱਲਣਾ ਚਾਹੀਦਾ ।

ਗੁਰੂ ਪਿਆਰਿਓ ! ਗੁਰਦੁਆਰਿਆਂ ਦੇ ਪਰਬੰਧ ਵਿੱਚ ਵਿਗਾੜ ਕਿਵੇਂ ਆਇਆ ? ਗੁਰੂ ਸਾਹਿਬਾਨ ਨੇ ਹਰੇਕ ਸਿੱਖ ਨੂੰ ਕਿਰਤ ਕਰਨ ਤੇ ਜੋਰ ਦਿੱਤਾ ਹੈ। ਯਾਦ ਰਹੇ ਕਿ ਸਿੱਖ ਇਤਿਹਾਸ ਮੁਤਾਬਕ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਘਰ ਦੇ ਚੜ੍ਹਾਵੇ ਨੂੰ ਤੰਦਰੁਸਤ ਵਿਅਕਤੀਆਂ ਲਈ ਜ਼ਹਿਰ ਆਖਿਆ ਹੈ ਇਸ ਲਈ ਹਰੇਕ ਸਿੱਖ ਗ੍ਰੰਥੀ ਵੀ ਗੁਰੂ ਘਰ ਦੇ ਚੜ੍ਹਾਵੇ ਨੂੰ ਉਹ ਜ਼ਹਿਰ ਹੀ ਸਮਝਦੇ ਹਨ ਪਰ ਅਨਧਰਮੀਏ ਭਾਵ ਕਿ ਦੂਜੇ ਧਰਮਾਂ ਦੇ ਪੁਜਾਰੀ ਚੜ੍ਹਾਵੇ ਨੂੰ ਜਾਇਜ਼ ਮੰਨਦੇ ਹਨ ।

ਸਤਿਗੁਰ ਨੇ ਮੀਰੀ ਪੀਰੀ ਦਾ ਸਿਧਾਂਤ ਲਾਗੂ ਕਰਨ ਵੇਲੇ ਇਹ ਆਖਿਆ ਸੀ ਕਿ ਧਰਮ ਰਾਜਨੀਤੀ ਨਾਲੋਂ ਉੱਪਰ ਹੈ ਭਾਵ ਕਿ ਰਾਜਨੀਤੀ ਕਦੇ ਵੀ ਧਰਮ ਦੇ ਉੱਪਰ ਨਹੀਂ ਹੋਣੀ ਚਾਹੀਦੀ ।

ਪੁਜਾਰੀਆਂ ਨੇ RSS ਦੇ ਰੂਪ ਵਿੱਚ ਐਸੀ ਸ਼ਤਰੰਜ ਦੀ ਖੇਡ ਖੇਡੀ ਕਿ ਹਰੇਕ ਜਥੇਬੰਦੀਆਂ ਵਿੱਚ ਅਤੇ ਹਰੇਕ ਸਿਆਸੀ ਪਾਰਟੀਆਂ ਦੇ ਵਿੱਚ ਇਸ ਨੇ ਆਪਣੇ ਪ੍ਰਚਾਰਕ ਸੈਟ ਕਰ ਲਏ ਹਨ । ਹੁਣ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੇ ਪੁਜਾਰੀਆਂ ਦੇ ਵਿੱਚ ਚੜ੍ਹਾਵੇ ਦੀ ਸੋਚ ਵੱਲੋਂ ਕੋਈ ਫ਼ਰਕ ਨਹੀਂ ਰਿਹਾ । ਇਹਨਾਂ ਦੇ ਕੇਵਲ ਪਹਿਰਾਵੇ ਹੀ ਅਲੱਗ-ਅਲੱਗ ਲੱਗਦੇ ਹਨ ਇਕ ਨੇ ਧੋਤੀ ਟੋਪੀ ਪਹਿਨੀ ਹੁੰਦੀ ਹੈ ਤੇ ਦੂਜੇ ਨੇ ਕੁੜਤਾ ਪਜਾਮਾ ਪਰ ਚੜ੍ਹਾਵੇ ਵੱਲੋਂ ਸੋਚ ਦੋਵਾਂ ਦੀ ਇੱਕ ਹੀ ਹੈ, ਇਹਨਾਂ ਵਿੱਚੋਂ ਕੋਈ ਵੀ ਚੜ੍ਹਾਵੇ ਨੂੰ ਜ਼ਹਿਰ ਸਮਝਣ ਲਈ ਤਿਆਰ ਨਹੀਂ ਹੈ ਸਗੋਂ ਦੋਨੋਂ ਹੀ ਚੜ੍ਹਾਵੇ ਨੂੰ ਖਾਣਾ ਜਾਇਜ਼ ਸਮਝਦੇ ਹਨ। ਰਾਜਨੀਤਕ ਲੋਕਾਂ ਨੇ ਵੀ ਧਰਮ ਦੇ ਉੱਪਰ ਆਪਣਾ ਪੂਰਾ ਕਬਜ਼ਾ ਜਮਾਇਆ ਹੋਇਆ ਹੈ ਰਾਜਨੀਤਕ ਲੋਕਾਂ ਨੇ ਧਰਮ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ। ਗੋਲਕਾਂ ਦੀ ਦੁਰਵਰਤੋਂ ਸਿਆਸੀ ਪਾਰਟੀਆਂ ਦੇ ਕਹਿਣ ’ਤੇ ਧਰਮ ਪ੍ਰਚਾਰ ’ਤੇ ਘੱਟ, ਸਿਆਸੀ ਪਰਚਾਰ ’ਤੇ ਜ਼ਿਆਦਾ ਹੁੰਦੀ ਹੈ । ਸਿੱਖੀ ਦੇ ਉਪਰੋਕਤ ਦੋਵੇਂ ਸਿਧਾਂਤ ਹੀ ਗੁਰਦੁਆਰਿਆਂ ਵਿੱਚੋਂ ਅਲੋਪ ਹੋ ਗਏ ਹਨ । ਇਹਨਾਂ ਦਾ ਸੁਧਾਰ ਕੇਵਲ ਇੱਕ ਹੀ ਹੈ ਕਿ ਸੰਗਤਾਂ ਜਾਗਰੂਕ ਹੋਣ ਅਤੇ ਗੁਰਦੁਆਰਿਆਂ ਵਿੱਚ ਗੁਰਮਤਿ ਵਿਦਿਆਲਿਆ ’ਚੋਂ ਪੜ੍ਹੇ ਹੋਏ ਪ੍ਰਚਾਰਕਾਂ ਨੂੰ ਹਰੇਕ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਨਿਯੁਕਤ ਕਰਨ ਤਾਂ ਜੋ ਇਨ੍ਹਾਂ ਰਾਹੀਂ ਸਿੱਖ ਕੌਮ ’ਚ ਜਾਗਰੂਤਾ ਆ ਸਕੇ ਅਤੇ ਗੁਰਦੁਆਰਿਆਂ ਵਿੱਚ ਗੁਰਮਤਿ ਦੀ ਪੜ੍ਹਾਈ ਸੁਚੱਜੇ ਢੰਗ ਨਾਲ ਕਰਵਾਈ ਜਾ ਸਕੇ।