ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 136-139)

0
636

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 136-139)

  ੴ ਸਤਿ ਗੁਰ ਪ੍ਰਸਾਦਿ ॥                              ਮਾਝ, ਮਹਲਾ ੫, ਦਿਨ ਰੈਣਿ

(ਨੋਟ : ਗੁਰਬਾਣੀ ਦੇ ਇਸ ਪਾਠ ਬੋਧ ਵਿੱਚ, ਜਿਨ੍ਹਾਂ  ਸ਼ਬਦਾਂ ਦਾ ਥੋੜ੍ਹਾ ਰੰਗ ਬਦਲੀ ਕੀਤਾ ਗਿਆ ਹੈ, ਉਹ ਗੁਰਬਾਣੀ ਜਾਂ ਕਿਸੇ ਸ਼ਬਦ ਦਾ ਸ਼ੁੱਧ ਉਚਾਰਨ ਨਹੀਂ ਬਲਕਿ ਸ਼ਬਦਾਰਥਾਂ ਦੀ ਸਪਸ਼ਟਤਾ ਲਈ ਸੰਕੇਤ ਮਾਤਰ (ਕਾਰਕੀ ਚਿੰਨ੍ਹ ਜਾਂ ਭਾਵਾਰਥ) ਹਨ, ਇਸ ਲਈ ਸ਼ਬਦ ਦਾ ਉਚਾਰਨ ਓਹੀ ਮੰਨਣਾ ਉਚਿਤ ਹੈ, ਜੋ ਸ਼ਬਦ ਕੇਵਲ ਕਾਲ਼ੇ ਰੰਗ ਵਿੱਚ ਰੱਖੇ ਗਏ ਹਨ। ਇਨ੍ਹਾਂ ਸੰਕੇਤਾਂ ਵਿੱਚ ‘ਚ/ਕੇ ਰਾਹੀਂ ਵੀ ਕੁਝ ਸੰਕੇਤ ਦਿੱਤੇ ਗਏ ਹਨ, ਜਿਨ੍ਹਾਂ ਦਾ ਮਤਲਬ, ਸ਼ਬਦ ਦੀ ਅੰਤਮ ਸਿਹਾਰੀ ਜਾਂ ਅੰਤਮ ਦੁਲਾਵਾਂ ਵਿਚੋਂ ਮਿਲਦਾ ਕਾਰਕੀ ਚਿੰਨ੍ਹ ਹੈ; ਜਿਵੇਂ ਕਿ “ਮੁਖਿ (ਤੋਂ) ਬੋਲੀ (ਬੋਲੀਂ), ਮਿਠੜੇ ਵੈਣ ॥, ਖੋਜਿ (ਕੇ) ਡਿਠੇ ਸਭਿ ‘ਗੈਣ’ (ਭਾਵ ਬ੍ਰਹਿਮੰਡ), ਛਿਵੈ (ਛਿਵੈਂ ’ਚ), ਕਾਮੁ ਨ ਪੁਛੈ ਜਾਤਿ ॥” ਆਦਿ ਤੁਕਾਂ ਵਿੱਚ “ਤੋਂ, ਕੇ” ਚਿੰਨ੍ਹ, ਸ਼ਬਦ “ਮੁਖਿ, ਖੋਜਿ” ਦੀ ਅੰਤਮ ਸਿਹਾਰੀ ਵਿੱਚੋਂ ਨਿਕਲਦੇ ਹਨ ਅਤੇ ਸ਼ਬਦ “ਛਿਵੈ” ਦੀਆਂ ਅੰਤਮ ਦੁਲਾਵਾਂ ਵਿੱਚੋਂ ਅਧਿਕਰਣ ਕਾਰਕ ਚਿੰਨ੍ਹ ‘ਚ ਮਿਲਦਾ ਹੈ, ਇਸ ਲਈ ਇਹ ਚਿੰਨ੍ਹ ਕੁਝ ਬਦਲਵੇਂ ਰੰਗ ਵਿੱਚ ਰੱਖੇ ਗਏ ਹਨ ਤਾਂ ਜੋ ਉਚਾਰਨ ਸੰਕੇਤ ਅਤੇ ਕਾਰਕੀ ਚਿੰਨ੍ਹ ਜਾਂ ਭਾਵਾਰਥਾਂ ਵਿੱਚ ਅੰਤਰ ਬਣਿਆ ਰਹੇ।

ਕੁਝ ਸ਼ਬਦਾਂ ਵਿਚਕਾਰ ਪਲੱਸ + ਦਾ ਨਿਸ਼ਾਨ ਹੈ ਜਿਸ ਦਾ ਮਤਲਬ ਦੋਵੇਂ ਸ਼ਬਦਾਂ ਦਾ ਕਾਰਕ ਇੱਕ ਹੋਣਾ ਹੈ, ਜਿਨ੍ਹਾਂ ਦੀ ਅੰਤਮ ਲਗ ਵਿੱਚੋਂ ਕਾਰਕੀ ਅਰਥ ਕੱਢ ਕੇ ਵਿਖਾਇਆ ਵੀ ਗਿਆ ਹੈ। )

ਸੇਵੀ (ਸੇਵੀਂ ਭਾਵ ਸਿਮਰਦਾ ਹਾਂ, ਉੱਤਮ ਪੁਰਖ ਇੱਕ ਵਚਨ) ਸਤਿਗੁਰੁ ਆਪਣਾ ; ਹਰਿ ਸਿਮਰੀ (ਸਿਮਰੀਂ) ਦਿਨ ਸਭਿ ‘ਰੈਣ’ (ਭਾਵ ਰਾਤ)॥ ਆਪੁ ਤਿਆਗਿ (ਭਾਵ ਹੰਕਾਰ ਛੱਡ ਕੇ), ਸਰਣੀ ਪਵਾਂ ; ਮੁਖਿ (ਤੋਂ) ਬੋਲੀ (ਬੋਲੀਂ), ਮਿਠੜੇ ਵੈਣ ॥ ਜਨਮ-ਜਨਮ ਕਾ ਵਿਛੁੜਿਆ (‘ਛੁ’ ਦਾ ਔਕੜ ਉਚਾਰਨਾ ਹੈ); ਹਰਿ ਮੇਲਹੁ ਸਜਣੁ ‘ਸੈਣ’ (ਭਾਵ ਸਬੰਧੀ-ਰਿਸ਼ਤੇਦਾਰ)॥ ਜੋ ‘ਜੀਅ’ (ਭਾਵ ਜੀਵ), ਹਰਿ ਤੇ (ਤੋਂ) ਵਿਛੁੜੇ ; ਸੇ, ਸੁਖਿ (’ਚ) ਨ ਵਸਨਿ, ਭੈਣ  ! ॥ ਹਰਿ+ਪਿਰ ਬਿਨੁ, ਚੈਨੁ ਨ ਪਾਈਐ ; ਖੋਜਿ (ਕੇ) ਡਿਠੇ ਸਭਿ ‘ਗੈਣ’ (ਭਾਵ ਬ੍ਰਹਿਮੰਡ) ॥ ਆਪ ਕਮਾਣੈ (ਭਾਵ ਆਪ ਕੀਤੇ ਕੰਮਾਂ ਕਾਰਨ) ਵਿਛੁੜੀ (ਇਸ ਲਈ); ਦੋਸੁ (ਦੋਸ਼) ਨ ਕਾਹੂ ਦੇਣ ॥ ਕਰਿ ਕਿਰਪਾ ਪ੍ਰਭ  ! ਰਾਖਿ ਲੇਹੁ; ਹੋਰੁ ਨਾਹੀ (ਨਾਹੀਂ) ਕਰਣ ਕਰੇਣ (ਭਾਵ ਕਰਨਯੋਗ, ਕੋਈ ਇਹ ਮਿਹਰ ਕਰਨਯੋਗਾ ਨਹੀਂ)॥ ਹਰਿ  ! ਤੁਧੁ ਵਿਣੁ ਖਾਕੂ ਰੂਲਣਾ (ਖ਼ਾਕੂ ਰੂਲ਼ਣਾ); ਕਹੀਐ ਕਿਥੈ (ਕਿੱਥੇ) ਵੈਣ (ਭਾਵ ਵਚਨ, ਫ਼ਰਿਆਦ) ? ॥ ਨਾਨਕ ਕੀ ਬੇਨੰਤੀਆ (ਬੇਨੰਤੀ+ਆ); ਹਰਿ ਸੁਰ+ਜਨੁ ਦੇਖਾ (ਦੇਖਾਂ) ਨੈਣ ॥੧॥ ‘ਜੀਅ’ ਕੀ ਬਿਰਥਾ, ਸੋ ਸੁਣੇ ; ਹਰਿ ਸੰਮ੍ਰਿਥ (‘ਮ੍ਰਿ’ ’ਚ ਸਿਹਾਰੀ ‘ਰ’ ਨੂੰ ਹੈ) ਪੁਰਖੁ ਅਪਾਰੁ ॥ ਮਰਣਿ+ਜੀਵਣਿ ਆਰਾਧਣਾ ; ਸਭਨਾ ਕਾ ਆਧਾਰੁ ॥ ਸਸੁਰੈ+ਪੇਈਐ (ਸਹੁਰੇ+ਪੇਕੇ ’ਚ, ਜੀਵ ਇਸਤ੍ਰੀ), ਤਿਸੁ ਕੰਤ ਕੀ ; ਵਡਾ ਜਿਸੁ ਪਰਵਾਰੁ ॥ ਊਚਾ ਅਗਮ (ਅਗੰਮ) ਅਗਾਧਿ ਬੋਧ ; ਕਿਛੁ ਅੰਤੁ ਨ ਪਾਰਾਵਾਰੁ ॥ ਸੇਵਾ ਸਾ, ਤਿਸੁ ਭਾਵਸੀ (ਭਾਵ ਜੋ ਉਸ ਨੂੰ ਪਸੰਦ); ਸੰਤਾ (ਸੰਤਾਂ) ਕੀ ਹੋਇ ਛਾਰੁ (ਚਰਨ ਧੂੜ)॥ ਦੀਨਾ (ਦੀਨਾਂ ਦਾ) ਨਾਥ ਦੈਆਲ ਦੇਵ ; ਪਤਿਤ ਉਧਾਰਣਹਾਰੁ ॥ ਆਦਿ ਜੁਗਾਦੀ ਰਖਦਾ (ਰੱਖਦਾ) ; ਸਚੁ ਨਾਮੁ ਕਰਤਾਰੁ ॥ ਕੀਮਤਿ ਕੋਇ ਨ ਜਾਣਈ (ਜਾਣ+ਈ), ਕੋ ਨਾਹੀ (ਨਾਹੀਂ) ਤੋਲਣਹਾਰੁ ॥ ਮਨ ਤਨ ਅੰਤਰਿ ਵਸਿ ਰਹੇ ; ਨਾਨਕ  ! ਨਹੀ ਸੁਮਾਰੁ (ਨਹੀਂ ਸ਼ੁਮਾਰ)॥ ਦਿਨੁ ਰੈਣਿ, ਜਿ (ਜਿਹੜੇ) ਪ੍ਰਭ ਕੰਉ ਸੇਵਦੇ ; ਤਿਨ ਕੈ, ਸਦ ਬਲਿਹਾਰ ॥੨॥ ਸੰਤ ਅਰਾਧਨਿ ਸਦ ਸਦਾ ; ਸਭਨਾ ਕਾ ਬਖਸਿੰਦੁ (ਬਖ਼ਸ਼ਿੰਦ)॥ ਜੀਉ ਪਿੰਡੁ (ਭਾਵ ਜਿੰਦ ਤੇ ਸਰੀਰ), ਜਿਨਿ (ਜਿਨ੍) ਸਾਜਿਆ ; ਕਰਿ ਕਿਰਪਾ ਦਿਤੀਨੁ (ਉਸ ਨੇ ਦਿੱਤੀ) ਜਿੰਦੁ ॥ (ਉਸ ਨੂੰ) ਗੁਰ ਸਬਦੀ ਆਰਾਧੀਐ ; ਜਪੀਐ ਨਿਰਮਲ ਮੰਤੁ (ਉਪਦੇਸ਼)॥ ਕੀਮਤਿ ਕਹਣੁ ਨ ਜਾਈਐ ; ਪਰਮੇਸੁਰੁ (ਪਰਮੇਸ਼ੁਰ) ਬੇਅੰਤੁ ॥ ਜਿਸੁ ਮਨਿ ਵਸੈ ਨਰਾਇਣੋ ; ਸੋ ਕਹੀਐ ਭਗਵੰਤੁ (ਭਾਗਾਂ ਵਾਲ਼ਾ)॥ ‘ਜੀਅ’ ਕੀ ਲੋਚਾ ਪੂਰੀਐ (ਦਿਲ ਦੀ ਤਾਂਘ ਪੂਰੀ ਹੋ ਜਾਂਦੀ), ਮਿਲੈ ਸੁਆਮੀ ਕੰਤੁ ॥ ਨਾਨਕੁ ਜੀਵੈ, ਜਪਿ (ਕੇ) ਹਰੀ ; ਦੋਖ ਸਭੇ ਹੀ ਹੰਤੁ (ਨਾਸ) ॥ ਦਿਨੁ ਰੈਣਿ, ਜਿਸੁ ਨ ਵਿਸਰੈ ; ਸੋ, ਹਰਿਆ ਹੋਵੈ ਜੰਤੁ (ਜੀਵ)॥੩॥ ਸਰਬ ਕਲਾ ਪ੍ਰਭ ਪੂਰਣੋ ; ਮੰਞੁ ਨਿਮਾਣੀ ਥਾਉ (ਥਾਉਂ, ਭਾਵ ਮੇਰੀ ਨਿਮਾਣੀ ਦਾ ਵੀ ਆਸਰਾ)॥ ਹਰਿ ਓਟ ਗਹੀ, ਮਨ ਅੰਦਰੇ ; ਜਪਿ+ਜਪਿ (ਕੇ) ਜੀਵਾਂ ਨਾਉ (ਨਾਉਂ)॥ ਕਰਿ ਕਿਰਪਾ, ਪ੍ਰਭ  ! ਆਪਣੀ ; ਜਨ ਧੂੜੀ ਸੰਗਿ ਸਮਾਉ (ਸਮਾਉਂ)॥ ਜਿਉ ਤੂੰ ਰਾਖਹਿ (ਜਿਉਂ ਤੂੰ ਰਾਖਹਿਂ), ਤਿਉ ਰਹਾ (ਤਿਉਂ ਰਹਾਂ) ; ਤੇਰਾ ਦਿਤਾ ਪੈਨਾ ਖਾਉ (ਦਿੱਤਾ ਪੈਨ੍ਾ ਖਾਉਂ)॥ ਉਦਮੁ ਸੋਈ ਕਰਾਇ, ਪ੍ਰਭ  ! ਮਿਲਿ (ਕੇ) ਸਾਧੂ, ਗੁਣ ਗਾਉ (ਗਾਉਂ)॥ ਦੂਜੀ ਜਾਇ (ਜਗ੍ਹਾ) ਨ ਸੁਝਈ (ਸੁਝ+ਈ), ਕਿਥੈ ਕੂਕਣ ਜਾਉ (ਕਿੱਥੈ ਕੂਕਣ ਜਾਉਂ) ? ॥ ਅਗਿਆਨ ਬਿਨਾਸਨ, ਤਮ ਹਰਣ (ਹਨੇਰਾ ਮਿਟਾਉਣ ਵਾਲ਼ਾ) ; ਊਚੇ ਅਗਮ (ਅਗੰਮ) ਅਮਾਉ (ਭਾਵ ਅਮਾਪ, ਅਮਿੱਤ)॥ ਮਨੁ ਵਿਛੁੜਿਆ, ਹਰਿ  ! ਮੇਲੀਐ ; ਨਾਨਕ  ! ਏਹੁ ਸੁਆਉ (ਸੁਆਰਥ, ਮਨੋਰਥ)॥ ਸਰਬ ਕਲਿਆਣਾ, ਤਿਤੁ+ਦਿਨਿ (ਉਸ ਦਿਨ ’ਚ) ; ਹਰਿ  ! ਪਰਸੀ (ਪਰਸੀਂ, ਛੂਹਾਂ) ਗੁਰ ਕੇ ਪਾਉ ॥੪॥੧॥

(ਨੋਟ : ਉਕਤ ਚਾਰ ਬੰਦਾਂ ਵਾਲ਼ੇ ਸ਼ਬਦ ਦੇ ਪਹਿਲੇ ਤਿੰਨ ਬੰਦਾਂ ’ਚ ਤਿੰਨ ਵਾਰ ‘ਜੀਅ’ ਸ਼ਬਦ ਦਰਜ ਹੈ; ਜਿਵੇਂ ਕਿ 

(1). ਜੋ ‘ਜੀਅ’ (ਭਾਵ ਜੀਵ), ਹਰਿ ਤੇ (ਤੋਂ) ਵਿਛੁੜੇ ; ਸੇ, ਸੁਖਿ (’ਚ) ਨ ਵਸਨਿ, ਭੈਣ  ! ॥੧॥

(2). ‘ਜੀਅ’ ਕੀ ਬਿਰਥਾ, ਸੋ ਸੁਣੇ ; ਹਰਿ ਸੰਮ੍ਰਿਥ ਪੁਰਖੁ ਅਪਾਰੁ ॥੨॥

(3). ‘ਜੀਅ’ ਕੀ ਲੋਚਾ ਪੂਰੀਐ (ਦਿਲ ਦੀ ਤਾਂਘ ਪੂਰੀ ਹੋ ਜਾਂਦੀ), ਮਿਲੈ ਸੁਆਮੀ ਕੰਤੁ ॥੩॥

ਧਿਆਨ ਦੇਣ ਯੋਗ ਹੈ ਕਿ ਪਹਿਲੇ ਬੰਦ ’ਚ ‘ਜੀਅ’ ਨਾਲ਼ ਕੋਈ ਸਬੰਧਕੀ ‘ਕਾ, ਕੇ, ਕੀ, ਕੀਆ, ਦਾ, ਦੀ, ਬਿਨੁ, ਸੰਗਿ’ ਆਦਿ ਨਹੀਂ ਜਦਕਿ ਦੂਸਰੇ ਤੇ ਤੀਸਰੇ ਬੰਦ ’ਚ ‘ਜੀਅ ਕੀ’ ਭਾਵ ਸਬੰਧਕੀ ਸਮੇਤ ਹੈ। ਅਗਰ ਇਨ੍ਹਾਂ ਦੋਵੇਂ ਅੰਤਮ ਬੰਦਾਂ (1,2) ’ਚ ‘ਜੀਅ’ ਉਪਰੰਤ ‘ਕੀ’ ਨਾ ਹੁੰਦਾ ਤਾਂ ਇੱਥੇ ਸ਼ਬਦ ਬਣਤਰ ‘ਜੀਉ’ ਹੋਣੀ ਸੀ ਕਿਉਂਕਿ ਇਸ ਦਾ ਅਰਥ ਹੈ ‘ਜਿੰਦ, ਰੂਹ, ਆਤਮਾ’, ਜਦਕਿ ਨੰਬਰ ਇੱਕ ’ਚ ‘ਜੀਅ’ ਬਹੁ ਵਚਨ ਹੈ, ਜਿਸ ਦਾ ਅਰਥ ਹੈ ‘ਜੀਵ’(ਸਰੀਰ), ਨਾ ਕਿ ‘ਰੂਹ ਜਾਂ ਆਤਮਾ’। ਗੁਰਬਾਣੀ ’ਚ ‘ਜੀਅ’ ਸ਼ਬਦ 410 ਵਾਰ ਦਰਜ ਹੈ, ਜਿੱਥੇ ਸਬੰਧਕੀ ਚਿੰਨ੍ਹ ਨਾ ਹੋਵੇ ਉੱਥੇ ਅਰਥ ਹੁੰਦਾ ਹੈ ‘ਜੀਵ’ (ਬਹੁ ਵਚਨ)।

ਗੁਰਬਾਣੀ ਲਿਖਤ ਨਿਯਮ ਅਨੁਸਾਰ ਇੱਕ ਵਚਨ ਪੁਲਿੰਗ ਨਾਂਵ, ਜੋ ਅੰਤ ਔਕੜ ਹੁੰਦੇ ਹਨ, ‘ਨਾਮੁ, ਗੁਰੁ, ਪ੍ਰਭੁ, ਨਾਨਕੁ’ ਆਦਿ ਨਾਲ਼ ਸਬੰਧਕੀ ਚਿੰਨ੍ਹ ਆਇਆਂ ਇਹ ਸਭ ਸ਼ਬਦ ਅੰਤ ਮੁਕਤ ਹੋ ਜਾਂਦੇ ਹਨ, ਪਰ ਜਿਨ੍ਹਾਂ ਇੱਕ ਵਚਨ ਪੁਲਿੰਗ ਨਾਂਵ ਸ਼ਬਦਾਂ ਦੇ ਅੰਤ ’ਚ ‘ਉ’ ਹੋਵੇ; ਜਿਵੇਂ ਕਿ ‘ਭਉ (ਡਰ, 296 ਵਾਰ ਦਰਜ ਹੈ), ਭਾਉ (ਪਿਆਰ, 195 ਵਾਰ), ਜੀਉ (ਜਿੰਦ, 1462 ਵਾਰ, ਜਿਨ੍ਹਾਂ ’ਚ ਅਰਥ ‘ਜੀ’ ਸਤਿਕਾਰ ਵਜੋਂ ਵੀ ਹਨ)’ ਆਦਿ ਤਾਂ ਇਨ੍ਹਾਂ ਨਾਲ਼ ਸਬੰਧਕੀ ਚਿੰਨ੍ਹ (ਕਾ, ਕੇ, ਕੀ, ਕੀਆ, ਬਿਨੁ, ਸੰਗਿ, ਨਾਲਿ ਆਦਿ) ਆਇਆਂ ਇਨ੍ਹਾਂ ਦਾ ਅੰਤ ਔਕੜ ਨਹੀਂ ਹਟਦਾ ਕਿਉਂਕਿ ‘ਉ’ ਔਕੜ ਰਹਿਤ (ੳ) ਲਿਖਿਆ ਨਹੀਂ ਜਾਂਦਾ, ਇਸ ਲਈ ਇਨ੍ਹਾਂ ਦਾ ਸਰੂਪ ‘ਭਉ ਤੋਂ ਭੈ, ਭਾਉ ਤੋਂ ਭਾਵ, ਜੀਉ ਤੋਂ ਜੀਅ’ ਬਣ ਜਾਂਦਾ ਹੈ (ਧਿਆਨ ਰਹੇ ਕਿ ‘ਭੈ, ਭਾਵ, ਜੀਅ’ ਸ਼ਬਦ ਬਣਤਰ ਵੈਸੇ ਬਹੁ ਵਚਨ ਵਾਲ਼ੀ ਹੈ, ਪਰ ਸਬੰਧਕੀ ਸਮੇਤ ਨਿਯਮ ਦੌਰਾਨ ਇਹ ਇੱਕ ਵਚਨ ਹੀ ਰਹਿੰਦੇ ਹਨ); ਜਿਵੇਂ ਕਿ

‘ਭੈ ਕੇ’ ਚਰਣ, ਕਰ (ਭਾਵ ਹੱਥ) ‘ਭਾਵ ਕੇ’ (ਪਿਆਰ ਕੇ) ; ਲੋਇਣ ਸੁਰਤਿ ਕਰੇਇ ॥ (ਮ: ੨/੧੩੯) ਭਾਵ ਰੱਬੀ ਡਰ ਦੇ ਪੈਰ ਬਣਾ (ਹਰ ਸਮੇਂ ਰੱਬੀ ਡਰ ’ਚ ਰਹਿ), ਪਿਆਰ ਰੂਪ ਹੱਥ ਬਣਾ ਤੇ ਅਕਲ ਭਰਪੂਰ ਅੱਖਾਂ ਕਰ ਲੈ। 

‘ਭੈ ਕੀਆ’ ਦੇਹਿ ਸਲਾਈਆ ਨੈਣੀ; ‘ਭਾਵ ਕਾ’ (ਪਿਆਰ ਦਾ) ਕਰਿ ਸੀਗਾਰੋ ॥ (ਮ: ੧/੭੨੨)  (ਇਨ੍ਹਾਂ ਦੋਵੇਂ ਤੁਕਾਂ ’ਚ ‘ਭਉ’ ਤੋਂ ‘ਭੈ’ ਅਤੇ ‘ਭਾਉ’ ਤੋਂ ‘ਭਾਵ ਬਣ ਗਿਆ ਹੈ ਕਿਉਂਕਿ ਸਬੰਧਕੀ ਚਿੰਨ੍ਹ ਵੀ ਹਨ।)

ਤੋਸਾ ਬੰਧਹੁ ‘ਜੀਅ ਕਾ’; ਐਥੈ ਓਥੈ ਨਾਲਿ ॥ (ਮ: ੫/੪੯) (ਜੀਉ ਤੋਂ ‘ਜੀਅ’ ਕਿਉਂਕਿ ‘ਕੀ’ ਆ ਗਿਆ।)

ਤਿਉ ਸਤਿਗੁਰ (ਕੀ ਤੇ) ਸਿਖ (ਸਿੱਖਾਂ ਕੀ) ਪ੍ਰੀਤਿ ਹਰਿ ਹਰਿ ਕੀ; ਗੁਰੁ, ਸਿਖ (ਸਿੱਖਾਂ ਨੂੰ) ਰਖੈ ‘ਜੀਅ ਨਾਲੀ’ (ਜਿੰਦ ਨਾਲ਼, ਜੀਉ ਤੋਂ ਜੀਅ) ॥ (ਮ: ੪/੧੬੮)

ਗੁਰ ਕਾ ਬਚਨੁ; ‘ਜੀਅ ਕੈ ਸੰਗਿ’ (ਜਿੰਦ ਦੇ ਨਾਲ਼, ਜੀਉ ਤੋਂ ਜੀਅ)॥ (ਮ: ੫/੧੭੭)

ਸਤਿਗੁਰ ਕੇ ‘ਜੀਅ ਕੀ’ ਸਾਰ (ਦਿਲ ਦੀ ਸੀਮਾ, ਜੀਉ ਤੋਂ ਜੀਅ) ਨ ਜਾਪੈ; ਕਿ ਪੂਰੈ ਸਤਿਗੁਰ ਭਾਵੈ  ?॥ (ਮ: ੪/੩੧੭)

ਦਇਆ ਜਾਣੈ ‘ਜੀਅ ਕੀ’ (ਦਿਲ ਦੀ, ਜੀਉ ਤੋਂ ਜੀਅ); ਕਿਛੁ ਪੁੰਨੁ ਦਾਨੁ ਕਰੇਇ ॥ (ਮ: ੧/੪੬੮)

ਏਹੁ ਜਨੇਊ ‘ਜੀਅ ਕਾ’ (ਰੂਹ ਦਾ, ਜੀਉ ਤੋਂ ਜੀਅ); ਹਈ, ਤ ਪਾਡੇ  ! ਘਤੁ ॥ (ਮ: ੧/੪੭੧)

ਇਹ ਵੀ ਧਿਆਨ ਰਹੇ ਕਿ ਹੇਠਲੀ ਤੁਕ ’ਚ ਸਬੰਧਕੀ ਚਿੰਨ੍ਹ ਨਾ ਆਉਣ ਕਾਰਨ ਇਸ ਦੇ ਅਰਥ ਉਕਤ ਵਾਲ਼ੇ ਨਹੀਂ ਰਹਿਣਗੇ; ਜਿਵੇਂ ਕਿ

ਨਾਨਕ  ! ‘ਜੀਅ’ (ਜੀਵ) ਉਪਾਇ ਕੈ; ਲਿਖਿ ਨਾਵੈ ਧਰਮੁ ਬਹਾਲਿਆ ॥ (ਮ: ੧/੪੬੩) (ਇੱਥੇ ਜੀਉ ਤੋਂ ਜੀਅ ਨਹੀਂ ਬਣਿਆ)

‘ਜੀਅ ਜੰਤ’ ਸਭਿ ਤੇਰਾ ਖੇਲੁ ॥ (ਸੋ ਪੁਰਖੁ ਆਸਾ/ਮ: ੪/੧੧) (ਇੱਥੇ ਜੀਉ ਤੋਂ ਜੀਅ ਨਹੀਂ ਬਣਿਆ)

ਸੁਨਹੁ ਬਿਨੰਤੀ ਠਾਕੁਰ ਮੇਰੇ  ! ‘ਜੀਅ ਜੰਤ’ ਤੇਰੇ ਧਾਰੇ ॥ (ਮ: ੫/੬੩੧) (ਇੱਥੇ ਜੀਉ ਤੋਂ ਜੀਅ ਨਹੀਂ ਬਣਿਆ)

ਉਕਤ ਅੰਤਮ ਦੋਵੇਂ ਤੁਕਾਂ ’ਚ ‘ਜੀਅ’ ਦੇ ਨਾਲ਼ ‘ਜੰਤ’ ਅੰਤ ਮੁਕਤ ਬਹੁ ਵਚਨ ਦਾ ਸੂਚਕ ਵੀ ਹੈ, ਇਸ ਲਈ ‘ਜੀਅ’ ਇੱਕ ਵਚਨ ਕਿਵੇਂ ਹੋ ਸਕਦਾ ਹੈ ?  ਭਾਵ ਸਬੰਧਕੀ ਰਹਿਤ ‘ਜੀਅ’ ਸਰੂਪ ਸਦਾ ਬਹੁ ਵਚਨ ਹੀ ਹੁੰਦਾ ਹੈ।)

ੴ  ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ਵਾਰ, ਮਾਝ ਕੀ ‘ਤਥਾ’ (ਭਾਵ ਅਤੇ) ਸਲੋਕ, ਮਹਲਾ ੧

ਮਲਕ ਮੁਰੀਦ ‘ਤਥਾ’ (ਅਤੇ) ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥

(ਨੋਟ: ਉਕਤ ਸਿਰਲੇਖ ’ਚ ਦੋ ਵਾਰ ਦਰਜ ਹੋਣ ਤੋਂ ਇਲਾਵਾ ਗੁਰਬਾਣੀ ’ਚ ‘ਤਥਾ’ ਸ਼ਬਦ 8 ਵਾਰ ਦਰਜ ਹੈ, ਜਿਨ੍ਹਾਂ ’ਚੋਂ ਸਿਰਲੇਖ ’ਚ ਦਰਜ 6 ਵਾਰ ਦਾ ਅਰਥ ‘ਅਤੇ’ ਹੈ ਅਤੇ 2 ਵਾਰ ਗੁਰਬਾਣੀ ਤੁਕ ’ਚ ਇਸ ਦਾ ਅਰਥ ‘ਤਿਵੇਂ/ਇਸੇ ਤਰ੍ਹਾਂ’ ਹੈ; ਜਿਵੇਂ ਕਿ

ਵਾਰ ਮਾਝ ਕੀ ‘ਤਥਾ’ ਸਲੋਕ, ਮਹਲਾ ੧

ਮਲਕ ਮੁਰੀਦ ‘ਤਥਾ’ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥ (ਮ: ੧/੧੩੭)

ਬਾਈਸ ਚਉਪਦੇ ‘ਤਥਾ’ ਪੰਚਪਦੇ

ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ‘ਤਥਾ’ ਸਭਨਾ ਭਗਤਾ ਕੀ ॥ ਕਬੀਰ ਕੇ (ਭਗਤ ਕਬੀਰ ਜੀ/੪੮੧)

ਰਾਮਕਲੀ ਕੀ ਵਾਰ ਰਾਇ ਬਲਵੰਡਿ ‘ਤਥਾ’ ਸਤੈ ਡੂਮਿ ਆਖੀ (ਸਤਾ ਬਲਵੰਡ/੯੬੬)

ਰਾਣੇ ਕੈਲਾਸ ‘ਤਥਾ’ ਮਾਲਦੇ ਕੀ ਧੁਨਿ ॥ (ਮ: ੧/੧੨੭੮)   (ਪਰ ਅਗਾਂਹ ‘ਤਥਾ’ ਦਾ ਅਰਥ ਹੈ ‘ਤਿਉਂ, ਤਿਵੇਂ’)

(ਜਿਵੇਂ) ਪਿਰ ਸੇਤੀ ਧਨ (ਇਸਤ੍ਰੀ) ਪ੍ਰੇਮੁ ਰਚਾਏ ॥ (ਭਗਤ) ਗੁਰ ਕੈ ਸਬਦਿ ‘ਤਥਾ’ (ਤਿਵੇਂ) ਚਿਤੁ ਲਾਏ ॥ (ਮ: ੧/੯੯੩)

ਆਵਧ ਹੀਣੰ ਜਥਾ ਸੂਰਾ (ਸ਼ਸਤਰ ਤੋਂ ਬਿਨਾਂ ਜਿਵੇਂ ਸੂਰਮਾ), ਨਾਨਕ  ! ਧਰਮ ਹੀਣੰ ‘ਤਥਾ’ (ਤਿਵੇਂ) ਬੈਸ੍ਨਵਹ ॥ ਮ: ੫/੧੩੫੯)

ਸਲੋਕੁ, ਮ : ੧ ॥ ਗੁਰੁ ਦਾਤਾ, ਗੁਰੁ ਹਿਵੈ ਘਰੁ ; ਗੁਰੁ ਦੀਪਕੁ ਤਿਹ (ਤਿਹਂ) ਲੋਇ (ਭਾਵ ਤਿੰਨੇ ਲੋਕਾਂ ’ਚ)॥ ਅਮਰ ਪਦਾਰਥੁ, ਨਾਨਕਾ  ! ਮਨਿ+ਮਾਨਿਐ (ਨਾਲ਼), ਸੁਖੁ ਹੋਇ ॥੧॥ ਮ : ੧ ॥ ਪਹਿਲੈ (ਉਮਰ ਦੇ ਪਹਿਲੇ ਪੜਾਅ ’ਚ, ਬਚਪਨ ’ਚ), ਪਿਆਰਿ ਲਗਾ ਥਣ ਦੁਧਿ ॥ ਦੂਜੈ (’ਚ), ਮਾਇ ਬਾਪ ਕੀ ਸੁਧਿ ॥ ਤੀਜੈ (’ਚ), ਭਯਾ (ਭਈਆ) ਭਾਭੀ ਬੇਬ (ਭਾਵ ਬੇਬੇ)॥ ਚਉਥੈ (’ਚ), ਪਿਆਰਿ ਉਪੰਨੀ ਖੇਡ ॥ ਪੰਜਵੈ (ਪੰਜਵੈਂ ’ਚ), ਖਾਣ ਪੀਅਣ ਕੀ ਧਾਤੁ ॥ ਛਿਵੈ (ਛਿਵੈਂ ’ਚ), ਕਾਮੁ ਨ ਪੁਛੈ ਜਾਤਿ ॥ ਸਤਵੈ (ਸਤਵੈਂ ’ਚ), ਸੰਜਿ (ਮਾਯਾ ਇਕੱਠੀ ਕਰ ਕੇ) ਕੀਆ ਘਰ ਵਾਸੁ ॥ ਅਠਵੈ (ਅਠਵੈਂ ’ਚ), ਕ੍ਰੋਧੁ ਹੋਆ ਤਨ ਨਾਸੁ ॥ ਨਾਵੈ (ਨਾਵੈਂ ’ਚ), ਧਉਲੇ ਉਭੇ ਸਾਹ ॥ ਦਸਵੈ (ਦਸਵੈਂ ’ਚ), ਦਧਾ (ਸੜ) ਹੋਆ ਸੁਆਹ ॥ ਗਏ ਸਿਗੀਤ (ਸਾਥੀ), ਪੁਕਾਰੀ ਧਾਹ ॥ ਉਡਿਆ ਹੰਸੁ (ਰੂਹ, ਆਤਮਾ), ਦਸਾਏ ਰਾਹ ॥ ਆਇਆ ਗਇਆ, ਮੁਇਆ ਨਾਉ (ਨਾਉਂ)॥ ਪਿਛੈ, ਪਤਲਿ ਸਦਿਹੁ ਕਾਵ (ਕਾਂਵ)॥ ਨਾਨਕ  ! ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ, ਡੁਬਾ ਸੰਸਾਰੁ ॥੨॥ ਮ : ੧ ॥ ਦਸ ਬਾਲਤਣਿ (10 ਸਾਲ ਦਾ ਬੱਚਾ), ਬੀਸ ਰਵਣਿ (20 ਦਾ ਕਾਮੀ) ; ਤੀਸਾ (ਤੀਸਾਂ) ਕਾ ਸੁੰਦਰੁ ਕਹਾਵੈ ॥ ਚਾਲੀਸੀ (ਚਾਲੀਸੀਂ) ਪੁਰੁ (ਭਰ ਜੁਆਨ) ਹੋਇ, ਪਚਾਸੀ (ਪਚਾਸੀਂ) ਪਗੁ ਖਿਸੈ ; ਸਠੀ (ਸੱਠੀਂ) ਕੇ ਬੋਢੇਪਾ ਆਵੈ ॥ ਸਤਰਿ ਕਾ ਮਤਿਹੀਣੁ, ਅਸੀਹਾਂ ਕਾ ਵਿਉਹਾਰੁ ਨ ਪਾਵੈ ॥ ਨਵੈ (ਨੱਵੈਂ) ਕਾ ਸਿਹਜਾਸਣੀ (ਸਿਹਜਾੱਸਣੀ, ਕੇਵਲ ਮੰਜੇ ਤੱਕ), ਮੂਲਿ ਨ ਜਾਣੈ ਅਪ ਬਲੁ (ਨਿੱਜੀ ਜੋਸ਼)॥ ਢੰਢੋਲਿਮੁ ਢੂਢਿਮੁ ਡਿਠੁ ਮੈ ; ਨਾਨਕ  ! ਜਗੁ ਧੂਏ (ਧੂਏਂ) ਕਾ ਧਵਲਹਰੁ (ਸਫ਼ੈਦ ਘਰ)॥੩॥ ਪਉੜੀ ॥ ਤੂੰ ਕਰਤਾ ਪੁਰਖੁ ਅਗੰਮੁ ਹੈ (ਹੈਂ); ਆਪਿ ਸ੍ਰਿਸਟਿ (ਸ੍ਰਿਸ਼ਟਿ) ਉਪਾਤੀ ॥ ਰੰਗ ਪਰੰਗ ਉਪਾਰਜਨਾ  ; ਬਹੁ ਬਹੁ ਬਿਧਿ ਭਾਤੀ (ਭਾਂਤੀ) ॥ ਤੂੰ ਜਾਣਹਿ (ਜਾਣਹਿਂ), ਜਿਨਿ (ਜਿਨ੍) ਉਪਾਈਐ ; ਸਭੁ ਖੇਲੁ ਤੁਮਾਤੀ (ਤੁਮ੍ਹਾਤੀ) ॥ ਇਕਿ ਆਵਹਿ (ਆਵਹਿਂ), ਇਕਿ ਜਾਹਿ ਉਠਿ (ਜਾਹਿਂ ਉੱਠ) ; ਬਿਨੁ ਨਾਵੈ (ਨਾਵੈਂ), ਮਰਿ ਜਾਤੀ ॥ ਗੁਰਮੁਖਿ ਰੰਗਿ ਚਲੂਲਿਆ ; ਰੰਗਿ ਹਰਿ ਰੰਗਿ ਰਾਤੀ (ਰਾੱਤੀ)॥ ਸੋ ਸੇਵਹੁ ਸਤਿ ਨਿਰੰਜਨੋ ; ਹਰਿ ਪੁਰਖੁ ਬਿਧਾਤੀ ॥ ਤੂੰ ਆਪੇ ਆਪਿ ਸੁਜਾਣੁ ਹੈ (ਹੈਂ); ਵਡ ਪੁਰਖੁ ਵਡਾਤੀ ॥ ਜੋ ਮਨਿ+ਚਿਤਿ (ਤੋਂ), ਤੁਧੁ ਧਿਆਇਦੇ (ਧਿਆਇੰਦੇ); ਮੇਰੇ ਸਚਿਆ  ! ਬਲਿ ਬਲਿ ਹਉ ਤਿਨ (ਹਉਂ ਤਿਨ੍) ਜਾਤੀ ॥੧॥ ਸਲੋਕ, ਮ : ੧ ॥ ਜੀਉ ਪਾਇ (ਕੇ), ਤਨੁ ਸਾਜਿਆ ; ਰਖਿਆ ਬਣਤ ਬਣਾਇ (ਕੇ)॥ ਅਖੀ (ਅੱਖੀਂ) ਦੇਖੈ, ਜਿਹਵਾ ਬੋਲੈ ; ਕੰਨੀ (ਕੰਨੀਂ) ਸੁਰਤਿ ਸਮਾਇ ॥ ਪੈਰੀ ਚਲੈ (ਪੈਰੀਂ ਚੱਲੈ), ਹਥੀ (ਹੱਥੀਂ) ਕਰਣਾ ; ਦਿਤਾ ਪੈਨੈ ਖਾਇ (ਦਿੱਤਾ ਪੈਨ੍ਹੈ ਖਾਇ) ॥ ਜਿਨਿ (ਜਿਨ੍) ਰਚਿ ਰਚਿਆ, ਤਿਸਹਿ (ਤਿਸੈ) ਨ ਜਾਣੈ ; ਅੰਧਾ ਅੰਧੁ ਕਮਾਇ ॥ ਜਾ (ਜਾਂ) ਭਜੈ, ਤਾ (ਤਾਂ) ਠੀਕਰੁ ਹੋਵੈ ; ਘਾੜਤ ਘੜੀ ਨ ਜਾਇ ॥ ਨਾਨਕ  ! ਗੁਰ ਬਿਨੁ ਨਾਹਿ (ਨਾਹਿਂ) ਪਤਿ ; ਪਤਿ ਵਿਣੁ, ਪਾਰਿ ਨ ਪਾਇ ॥੧॥ ਮ : ੨ ॥ ਦੇਂਦੇ ਥਾਵਹੁ (ਭਾਵ ਦਾਤਾਰ ਨਾਲੋਂ), ਦਿਤਾ (ਦਿੱਤਾ, ਪਦਾਰਥ) ਚੰਗਾ ; ਮਨਮੁਖਿ ਐਸਾ ਜਾਣੀਐ ॥ ਸੁਰਤਿ ਮਤਿ ਚਤੁਰਾਈ ਤਾ ਕੀ ; ਕਿਆ ਕਰਿ, ਆਖਿ ਵਖਾਣੀਐ  ?॥ ਅੰਤਰਿ ਬਹਿ ਕੈ ਕਰਮ ਕਮਾਵੈ ; ਸੋ, ਚਹੁ ਕੁੰਡੀ (ਚਹੁਂ ਕੁੰਡੀਂ) ਜਾਣੀਐ ॥ ਜੋ ਧਰਮੁ ਕਮਾਵੈ, ਤਿਸੁ ਧਰਮ ਨਾਉ (ਨਾਉਂ) ਹੋਵੈ ; ਪਾਪਿ ਕਮਾਣੈ, ਪਾਪੀ ਜਾਣੀਐ ॥ ਤੂੰ ਆਪੇ ਖੇਲ ਕਰਹਿ (ਕਰਹਿਂ) ਸਭਿ, ਕਰਤੇ  !  ਕਿਆ ਦੂਜਾ ਆਖਿ ਵਖਾਣੀਐ  ? ॥ ਜਿਚਰੁ ਤੇਰੀ ਜੋਤਿ, ਤਿਚਰੁ ਜੋਤੀ ਵਿਚਿ ਤੂੰ ਬੋਲਹਿ (ਬੋਲਹਿਂ) ; ਵਿਣੁ ਜੋਤੀ, ਕੋਈ ਕਿਛੁ ਕਰਿਹੁ ਦਿਖਾ (ਕਰ ਕੇ ਦਿਖਾਵੇ) ? ਸਿਆਣੀਐ ॥ ਨਾਨਕ  ! ਗੁਰਮੁਖਿ ਨਦਰੀ ਆਇਆ ; ਹਰਿ ਇਕੋ ਸੁਘੜੁ (ਸੁ+ਘੜ) ਸੁਜਾਣੀਐ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ; ਤੁਧੁ ਆਪੇ ਧੰਧੈ (’ਚ) ਲਾਇਆ ॥ ਮੋਹ ਠਗਉਲੀ ਪਾਇ ਕੈ ; ਤੁਧੁ ਆਪਹੁ (ਆਪਹੁਂ, ਆਪਣੇ ਆਪ ਤੋਂ) ਜਗਤੁ ਖੁਆਇਆ (ਭਾਵ ਕੁਰਾਹੇ ਪਾਇਆ)॥ ਤਿਸਨਾ (ਤਿਸ਼ਨਾ), ਅੰਦਰਿ ਅਗਨਿ ਹੈ ; ਨਹ ਤਿਪਤੈ, ਭੁਖਾ ਤਿਹਾਇਆ ॥ ਸਹਸਾ ਇਹੁ (ਇਹ) ਸੰਸਾਰੁ ਹੈ ; ਮਰਿ (ਕੇ) ਜੰਮੈ ਆਇਆ ਜਾਇਆ ॥ ਬਿਨੁ ਸਤਿਗੁਰ, ਮੋਹੁ (ਮੋਹ) ਨ ਤੁਟਈ (ਤੁਟ+ਈ) ; ਸਭਿ ਥਕੇ ਕਰਮ ਕਮਾਇਆ ॥ ਗੁਰਮਤੀ ਨਾਮੁ ਧਿਆਈਐ ; ਸੁਖਿ (ਨਾਲ਼) ਰਜਾ (ਰੱਜਾਂ), ਜਾ (ਜਾਂ) ਤੁਧੁ ਭਾਇਆ ॥ ਕੁਲੁ ਉਧਾਰੇ ਆਪਣਾ ; ਧੰਨੁ ਜਣੇਦੀ ਮਾਇਆ (ਮਾਂ)॥ ਸੋਭਾ (ਸ਼ੋਭਾ) ਸੁਰਤਿ ਸੁਹਾਵਣੀ ; ਜਿਨਿ (ਜਿਨ੍), ਹਰਿ ਸੇਤੀ ਚਿਤੁ ਲਾਇਆ ॥੨॥ ਸਲੋਕੁ, ਮ : ੨ ॥ ਅਖੀ (ਅੱਖੀਂ) ਬਾਝਹੁ ਵੇਖਣਾ ; ਵਿਣੁ ਕੰਨਾ (ਕੰਨਾਂ) ਸੁਨਣਾ ॥ ਪੈਰਾ (ਪੈਰਾਂ) ਬਾਝਹੁ ਚਲਣਾ ; ਵਿਣੁ ਹਥਾ (ਹੱਥਾਂ) ਕਰਣਾ ॥ ਜੀਭੈ ਬਾਝਹੁ ਬੋਲਣਾ ; ਇਉ (ਇਉਂ), ਜੀਵਤ ਮਰਣਾ ॥ ਨਾਨਕ  ! ਹੁਕਮੁ ਪਛਾਣਿ ਕੈ ; ਤਉ ਖਸਮੈ (ਨੂੰ) ਮਿਲਣਾ ॥੧॥ ਮ : ੨ ॥ ਦਿਸੈ, ਸੁਣੀਐ, ਜਾਣੀਐ ; ਸਾਉ (ਭਾਵ ਸੁਆਦ) ਨ ਪਾਇਆ ਜਾਇ ॥ ਰੁਹਲਾ (ਲੂਲ੍ਹਾ) ਟੁੰਡਾ ਅੰਧੁਲਾ ; ਕਿਉ (ਕਿਉਂ) ਗਲਿ (ਨਾਲ਼) ਲਗੈ ਧਾਇ (ਦੌੜ ਕੇ) ? ॥ ‘ਭੈ ਕੇ’ ਚਰਣ, ਕਰ (ਭਾਵ ਹੱਥ) ‘ਭਾਵ ਕੇ’ ; ਲੋਇਣ ਸੁਰਤਿ ਕਰੇਇ (ਕਰੇ+ਇ)॥ ਨਾਨਕੁ ਕਹੈ ਸਿਆਣੀਏ ! ਇਵ, ਕੰਤ ਮਿਲਾਵਾ ਹੋਇ ॥੨॥ ਪਉੜੀ ॥ ਸਦਾ ਸਦਾ ਤੂੰ ਏਕੁ ਹੈ (ਹੈਂ); ਤੁਧੁ, ਦੂਜਾ ਖੇਲੁ ਰਚਾਇਆ ॥ ਹਉਮੈ ਗਰਬੁ ਉਪਾਇ ਕੈ ; ਲੋਭੁ, ਅੰਤਰਿ ਜੰਤਾ (ਜੰਤਾਂ) ਪਾਇਆ ॥ ਜਿਉ (ਜਿਉਂ) ਭਾਵੈ, ਤਿਉ ਰਖੁ ਤੂ (ਤਿਉਂ ਰੱਖ ਤੂੰ); ਸਭ ਕਰੇ, ਤੇਰਾ ਕਰਾਇਆ ॥ ਇਕਨਾ ਬਖਸਹਿ ਮੇਲਿ ਲੈਹਿ (ਇਕਨ੍ਾ ਬਖ਼ਸ਼ਹਿਂ ਮੇਲ ਲੈਹਿਂ) ; ਗੁਰਮਤੀ ਤੁਧੈ (ਨੇ) ਲਾਇਆ ॥ ਇਕਿ, ਖੜੇ ਕਰਹਿ (ਖੜ੍ਹੇ ਕਰਹਿਂ) ਤੇਰੀ ਚਾਕਰੀ ; ਵਿਣੁ ਨਾਵੈ (ਨਾਵੈਂ), ਹੋਰੁ ਨ ਭਾਇਆ ॥ ਹੋਰੁ ਕਾਰ ਵੇਕਾਰ ਹੈ ; ਇਕਿ, ਸਚੀ ਕਾਰੈ (’ਚ) ਲਾਇਆ ॥ ਪੁਤੁ ਕਲਤੁ ਕੁਟੰਬੁ ਹੈ ; ਇਕਿ ਅਲਿਪਤੁ (ਅ+ਲਿਪਤ) ਰਹੇ, ਜੋ ਤੁਧੁ ਭਾਇਆ ॥ ਓਹਿ ਅੰਦਰਹੁ ਬਾਹਰਹੁ (ਓਹ ਅੰਦਰੋਂ ਬਾਹਰੋਂ) ਨਿਰਮਲੇ ; ਸਚੈ+ਨਾਇ (’ਚ) ਸਮਾਇਆ ॥੩॥ ਸਲੋਕੁ, ਮ : ੧ ॥ ਸੁਇਨੇ ਕੈ ਪਰਬਤਿ ਗੁਫਾ ਕਰੀ (ਗੁਫ਼ਾ ਕਰੀਂ, ਕਰਾਂ) ਕੈ (ਭਾਵ ਜਾਂ) ਪਾਣੀ ਪਇਆਲਿ (’ਚ, ਨਿਵਾਸ) ॥ ਕੈ (ਜਾਂ) ਵਿਚਿ ਧਰਤੀ, ਕੈ ਆਕਾਸੀ (ਆਕਾਸ਼ੀਂ); ਉਰਧਿ ਰਹਾ (ਰਹਾਂ, ਉਲਟਾ ਰਹਾਂ), ਸਿਰਿ ਭਾਰਿ (ਹੋ ਕੇ) ॥ ਪੁਰੁ ਕਰਿ (ਭਾਵ ਪੂਰਨ ਤੌਰ ’ਤੇ) ਕਾਇਆ ਕਪੜੁ ਪਹਿਰਾ (ਕਾਇਆਂ ਕੱਪੜ ਪਹਿਰਾਂ ਭਾਵ ਨੰਗਾ ਰਹਾਂ/ਸਰੀਰ ਨੂੰ ਹੀ ਕੱਪੜਾ ਮੰਨ ਲਵਾਂ) ; ਧੋਵਾ (ਧੋਵਾਂ) ਸਦਾ ਕਾਰਿ (ਭਾਵ ਸਦਾ ਹੀ)॥ ਬਗਾ, ਰਤਾ, ਪੀਅਲਾ, ਕਾਲਾ (ਬੱਗਾ, ਰੱਤਾ, ਪੀਅਲ਼ਾ, ਕਾਲ਼ਾ); ਬੇਦਾ ਕਰੀ ਪੁਕਾਰ (ਬੇਦਾਂ ਕਰੀਂ ਪੁਕਾਰ)॥ ਹੋਇ ਕੁਚੀਲੁ, ਰਹਾ ਮਲੁ (ਰਹਾਂ ਮਲ਼) ਧਾਰੀ ; ਦੁਰਮਤਿ ਮਤਿ ਵਿਕਾਰ ॥ ਨਾ ਹਉ (ਹਉਂ), ਨਾ ਮੈ (ਮੈਂ), ਨਾ ਹਉ ਹੋਵਾ (ਹਉਂ ਹੋਵਾਂ) ; ਨਾਨਕ  ! ਸਬਦੁ ਵੀਚਾਰਿ ॥੧॥ ਮ : ੧ ॥ ਵਸਤ੍ਰ ਪਖਾਲਿ, ਪਖਾਲੇ ਕਾਇਆ (ਕਾਇਆਂ) ; ਆਪੇ ਸੰਜਮਿ ਹੋਵੈ ॥ ਅੰਤਰਿ ਮੈਲੁ (ਮੈਲ਼) ਲਗੀ, ਨਹੀ (ਨਹੀਂ) ਜਾਣੈ ; ਬਾਹਰਹੁ ਮਲਿ ਮਲਿ (ਬਾਹਰੋਂ ਮਲ਼ ਮਲ਼) ਧੋਵੈ ॥ ਅੰਧਾ, ਭੂਲਿ ਪਇਆ ਜਮ ਜਾਲੇ ॥ ਵਸਤੁ ਪਰਾਈ ਅਪੁਨੀ ਕਰਿ ਜਾਨੈ ; ਹਉਮੈ ਵਿਚਿ ਦੁਖੁ ਘਾਲੇ ॥ ਨਾਨਕ  ! ਗੁਰਮੁਖਿ ਹਉਮੈ ਤੁਟੈ ; ਤਾ (ਤਾਂ), ਹਰਿ ਹਰਿ ਨਾਮੁ ਧਿਆਵੈ ॥ ਨਾਮੁ ਜਪੇ, ਨਾਮੋ ਆਰਾਧੇ ; ਨਾਮੇ ਸੁਖਿ (’ਚ) ਸਮਾਵੈ ॥੨॥ ਪਵੜੀ ॥ ਕਾਇਆ (ਕਾਇਆਂ) ਹੰਸਿ (ਭਾਵ ਆਤਮਾ) ਸੰਜੋਗੁ, ਮੇਲਿ ਮਿਲਾਇਆ ॥ ਤਿਨ (ਤਿਨ੍) ਹੀ ਕੀਆ ਵਿਜੋਗੁ (ਭਾਵ ਮੌਤ/ ਆਤਮਾ ਤੇ ਸਰੀਰ ਦਾ ਵਿਛੋੜਾ), ਜਿਨਿ (ਜਿਨ੍) ਉਪਾਇਆ ॥ ਮੂਰਖੁ ਭੋਗੇ ਭੋਗੁ, ਦੁਖ ਸਬਾਇਆ (ਭਾਵ ਸਾਰੇ ਹੀ)॥ ਸੁਖਹੁ ਉਠੇ ਰੋਗ (ਸੁਖੋਂ ਉੱਠੇ ਰੋਗ), ਪਾਪ ਕਮਾਇਆ ॥ ਹਰਖਹੁ (ਹਰਖੋਂ, ਭਾਵ ਖ਼ੁਸ਼ੀ ਤੋਂ) ਸੋਗੁ ਵਿਜੋਗੁ, ਉਪਾਇ ਖਪਾਇਆ ॥ ਮੂਰਖ ਗਣਤ ਗਣਾਇ; ਝਗੜਾ ਪਾਇਆ ॥ ਸਤਿਗੁਰ ਹਥਿ (’ਚ) ਨਿਬੇੜੁ, ਝਗੜੁ ਚੁਕਾਇਆ ॥ ਕਰਤਾ ਕਰੇ, ਸੁ ਹੋਗੁ ; ਨ ਚਲੈ ਚਲਾਇਆ ॥੪॥