(ਭਾਗ-2)
ਗੁਰਬਾਣੀ ਲਿਖਤ ਅਨੁਸਾਰ ਲਗਭਗ 22 ਪੰਕਤੀਆਂ (ਤੁਕਾਂ) ਅਜਿਹੀਆਂ ਹਨ ਜਿਨ੍ਹਾਂ ਵਿੱਚ ਪ੍ਰਸ਼ਨ-ਵਾਚਕ ਪੜਨਾਂਵ ਸ਼ਬਦ ਦੀ ਬਣਤਰ ‘ਕੈ’ ਅੱਖਰ ਦੇ ਰੂਪ ਵਿੱਚ ਦਰਜ ਹੈ, ਜਿਸ ਦਾ ਅਰਥ ਹੈ ‘ਕਿਸ, ਕਿਹੜਾ, ਕੌਣ’ ਆਦਿ। ਗੁਰਬਾਣੀ ਵਿੱਚ ਇਨ੍ਹਾਂ ਸ਼ਬਦਾਂ ਹੀ ਪਹਿਚਾਣ, ਇਸ ਬੋਧ ਤੋਂ ਕੀਤੀ ਜਾ ਸਕਦੀ ਹੈ ਕਿ ਇਸ ਪ੍ਰਸ਼ਨ-ਵਾਚਕ ਪੜਨਾਂਵ ‘ਕੈ’ (ਅੱਖਰ) ਤੋਂ ਪਹਿਲਾਂ ਕੋਈ ਵੀ ਨਾਂਵ ਜਾਂ ਪੜਨਾਂਵ ਸ਼ਬਦ ਦਰਜ ਨਹੀਂ ਹੋਵੇਗਾ।
ਯਾਦ ਰਹੇ ਕਿ ਇਸ ਨਿਯਮ ਅਨੁਸਾਰ ‘ਕੈ’ ਅੱਖਰ ਤੋਂ ਪਹਿਲਾਂ ‘ਵਿਸਰਾਮ’ (ਠਹਿਰਾਓ) ਦੇਣਾ ਅਤਿ ਜ਼ਰੂਰੀ ਹੁੰਦਾ ਹੈ ਤਾਂ ਜੋ ਉਚਾਰਨ ਕਰਦਿਆਂ ਹੀ ਸਰਲਾਰਥ ਸਪੱਸ਼ਟ ਹੋ ਜਾਣ ਅਤੇ ਇਨ੍ਹਾਂ ਤੁਕਾਂ ਦੇ ਅਖ਼ੀਰ ਵਿੱਚ ਪ੍ਰਸ਼ਨ ਵਾਚਕ ਚਿੰਨ੍ਹ (? ) ਜ਼ਰੂਰ ਵਰਤਿਆ ਜਾਵੇਗਾ; ਜਿਵੇਂ:
ਏਤੇ ਰਸ ਸਰੀਰ ਕੇ, ‘ਕੈ ਘਟਿ’ ਨਾਮ ਨਿਵਾਸੁ? ॥ (ਮ: ੧/੧੫) (ਭਾਵ ਕਿਸ ਘਰ ਵਿੱਚ)
ਬਿਆ ਦਰੁ ਨਾਹੀ, ‘ਕੈ ਦਰਿ’ ਜਾਉ ? ॥ (ਮ: ੧/੨੫) (ਭਾਵ ਕਿਸ ਦਰ ਉੱਤੇ)
ਇਕਿ ਪਿਰੁ ਰਾਵਹਿ ਆਪਣਾ; ਹਉ, ‘ਕੈ ਦਰਿ’ ਪੂਛਉ ਜਾਇ ? ॥ (ਮ: ੩/੩੮) (ਭਾਵ ਕਿਸ ਦਰ ਉੱਤੇ)
‘ਕੈ ਪਹਿ’ ਕਰਉ ਅਰਦਾਸਿ ਬੇਨਤੀ, ਜਉ ਸੁਨਤੋ ਹੈ ਰਘੁਰਾਇਓ ? ॥ (ਮ: ੫/੨੦੫) (ਭਾਵ ਕਿਸ ਕੋਲ)
ਕਹੁ ਮੀਤਾ! ਹਉ, ‘ਕੈ ਪਹਿ’, ਜਾਈ ? ॥ (ਮ: ੫/੩੭੧) (ਭਾਵ ਕਿਸ ਕੋਲ)
ਏਕੁ ਦਾਤਾਰੁ, ਸਗਲ ਹੈ ਜਾਚਿਕ; ਦੂਸਰ, ‘ਕੈ ਪਹਿ’ ਜਾਵਉ ? ॥ (ਮ: ੫/੪੦੧) (ਭਾਵ ਕਿਸ ਕੋਲ)
ਦਰੁ ਬੀਭਾ ਮੈ ਨੀਮਿ੍ ਕੋ; ‘ਕੈ’ ਕਰੀ ਸਲਾਮੁ ? ॥ (ਮ: ੧/੪੧੮) (‘ਕੈ ’ ਭਾਵ ਕਿਸ (ਦਰ) ਉੱਪਰ ਕਰਾਂ ਸਲਾਮ?)
ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉ’ ਕਰੀ ਪੁਕਾਰ ? ॥ (ਮ: ੧/੪੭੫) (ਭਾਵ ਕਿਸ ਨਾਲ ਜਾਂ ਕੋਲ)
ਸਭਿ ਸਹੀਆ ਸਹੁ ਰਾਵਣਿ ਗਈਆ; ਹਉ ਦਾਧੀ, ‘ਕੈ ਦਰਿ’ ਜਾਵਾ? ॥ (ਮ: ੧/੫੫੮) (ਭਾਵ ਕਿਸ ਦਰ ਉੱਤੇ)
ਜੀਉ ਡਰਤੁ ਹੈ ਆਪਣਾ, ‘ਕੈ ਸਿਉ’ ਕਰੀ ਪੁਕਾਰ ? ॥ (ਮ: ੧/੬੬੦) (ਭਾਵ ਕਿਸ ਨਾਲ ਜਾਂ ਕੋਲ)
ਸੇ ਗੁਣ ਮੁਝੈ ਨ ਆਵਨੀ; ‘ਕੈ’ ਜੀ ਦੋਸੁ ਧਰੇਹ ? ॥ (ਮ: ੧/੭੨੫) (ਭਾਵ ਕਿਸ ਉੱਤੇ)
ਕਉਣੁ ਗੁਰੂ, ਕੈ ਪਹਿ ਦੀਖਿਆ ਲੇਵਾ; ‘ਕੈ ਪਹਿ’ ਮੁਲੁ ਕਰਾਵਾ ? ॥ (ਮ: ੧/੭੩੦) (ਭਾਵ ਕਿਸ ਕੋਲ)
ਸੇ ਗੁਣ ਮੰਞੁ ਨ ਆਵਨੀ; ਹਉ, ‘ਕੈ’ ਜੀ! ਦੋਸ ਧਰੇਉ ਜੀਉ ? ॥ (ਮ: ੧/੭੬੨) (ਭਾਵ ਕਿਸ ਉੱਤੇ)
ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ; ਕੈਸੇ, ‘ਕੈ’ ਬਨਹਿ ? ॥ (ਭਗਤ ਕਬੀਰ/੯੭੦) (ਭਾਵ ਕਿਸ ਤਰ੍ਹਾਂ)
ਜੀਅ ਕੀ, ‘ਕੈ ਪਹਿ’ ਬਾਤ ਕਹਾ ? ॥ (ਮ: ੫/੧੦੦੩) (ਭਾਵ ਕਿਸ ਕੋਲ)
ਦੁਰਜਨ ਸੇਤੀ ਨੇਹੁ; ਤੂ, ‘ਕੈ ਗੁਣਿ’ ਹਰਿ ਰੰਗੁ ਮਾਣਹੀ ? ॥ (ਮ: ੫/੧੦੯੭) (ਭਾਵ ਕਿਸ ਗੁਣ ਦੀ ਬਰਕਤ ਕਾਰਨ)
ਰੇ ਜਨ! ‘ਕੈ ਸਿਉ’ ਕਰਹੁ ਪੁਕਾਰਾ ? ॥ (ਮ: ੩/੧੧੨੮) (ਭਾਵ ਕਿਸ ਨਾਲ ਜਾਂ ਕੋਲ)
ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉ’ ਕਰੀ ਪੁਕਾਰ ? ॥ (ਮ: ੧/੧੨੮੨) (ਭਾਵ ਕਿਸ ਨਾਲ ਜਾਂ ਕੋਲ)
‘ਕੈ ਦੋਖੜੈ’ ਸੜਿਓਹਿ, ਕਾਲੀ ਹੋਈਆ ਦੇਹੁਰੀ; ਨਾਨਕ! ਮੈ ਤਨਿ ਭੰਗੁ ? ॥ (ਮ: ੧/੧੪੧੨) (ਭਾਵ ਕਿਸ ਦੋਸ਼ ਨਾਲ (ਕਾਰਨ) ਸੜ ਰਿਹਾ ਹੈਂ)
ਅਜਰਾਈਲੁ ਫਰੇਸਤਾ; ‘ਕੈ ਘਰਿ’ ਨਾਠੀ ਅਜੁ ? ॥ (ਭਗਤ ਫਰੀਦ/੧੩੮੧) (ਭਾਵ ਕਿਸ ਘਰ ਵਿੱਚ)
ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ‘ਕੈ ਦਰਿ’ ਸਰਨਿ ਪਰਉ ? ॥ (ਮ: ੫/੧੩੨੨) (ਭਾਵ ਕਿਸ ਦਰ ਉੱਤੇ)
ਆਪਣ ਹਥੀ ਜੋਲਿ ਕੈ, ‘ਕੈ ਗਲਿ’ ਲਗੈ ਧਾਇ ॥ (ਭਗਤ ਫਰੀਦ/੧੩੭੭) (ਭਾਵ ਕਿਸ ਦੇ ਗਲ ਨਾਲ)