ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ
ਗਿਆਨੀ ਅਵਤਾਰ ਸਿੰਘ
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਗੁਪਾਲਾ ਜੀ ਤੋਂ ‘ਜਪੁ’ ਬਾਣੀ ਦਾ ਸ਼ੁੱਧ ਪਾਠ ਸੁਣ ਕੇ ਕੀਮਤੀ ਘੋੜਾ ਤੇ ਖ਼ਿਲਅਤ (ਸਨਮਾਨ ਵਜੋਂ ਮਿਲ਼ੀ ਪੁਸ਼ਾਕ) ਬਖ਼ਸ਼ੀ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ‘‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥’’ (ਮਹਲਾ ੧/੯੩੦) ਵਿੱਚ ਦਰਜ ‘ਕੈ’ ਸ਼ਬਦ ਨੂੰ ‘ਕੇ’ ਪੜ੍ਹਨ ਬਦਲੇ ਇੱਕ ਗੁਰਸਿੱਖ ਨੂੰ (ਅਨੰਦਪੁਰ ਸਾਹਿਬ ਵਿਖੇ) ਸਖ਼ਤ ਤਾੜਨਾ ਕੀਤੀ ਸੀ। ਪਾਠ ਕਰਦਿਆਂ ਪਾਠੀ ਤੋਂ ਭਾਵੇਂ ਕਈ ਗ਼ਲਤੀਆਂ ਹੋ ਜਾਂਦੀਆਂ ਹਨ ਪਰ ਦਸਮੇਸ਼ ਪਿਤਾ ਨੇ ‘ਕੈ’ ਦੇ ਉਚਾਰਨ ਵੱਲ ਵਿਸ਼ੇਸ਼ ਧਿਆਨ ਕਿਉਂ ਦਿੱਤਾ ? ਇਸ ਸਵਾਲ ਦਾ ਜਵਾਬ ਲੱਭਦਿਆਂ ਸਾਹਮਣੇ ਆਇਆ ਕਿ ਇਕੱਲਾ ‘ਕੈ’ ਸ਼ਬਦ ਹੀ ਗੁਰਬਾਣੀ ਲਿਖਤ ਦੇ ਲਗਭਗ 25% ਨਿਯਮਾਂ ਨੂੰ ਆਪਣੇ ’ਚ ਸਮੋਈ ਬੈਠਾ ਹੈ, ਜਿਨ੍ਹਾਂ ਨੂੰ ਵਿਚਾਰਨਾ ਬੜਾ ਜ਼ਰੂਰੀ ਹੈ।
ਗੁਰਬਾਣੀ ’ਚ ‘ਕੈ’ ਸ਼ਬਦ 1794 ਵਾਰ ਹੈ ਅਤੇ ‘ਕੇ’ 1271 ਵਾਰ ਦਰਜ ਹੈ ਭਾਵ ‘ਕੇ’ ਤੋਂ ਜ਼ਿਆਦਾ ਵਾਰ ‘ਕੈ’ ਸ਼ਬਦ ਆਇਆ ਹੈ। ਅਜੋਕੀ ਪੰਜਾਬੀ ’ਚ ਇਸ ‘ਕੈ’ ਦੀ ਵਰਤੋਂ ਨਹੀਂ ਹੁੰਦੀ ਤੇ ਇਸ ਦੀ ਜਗ੍ਹਾ ‘ਕੇ’ ਨੇ ਲੈ ਲਈ ਹੈ, ਇਸ ਕਾਰਨ ਇਸ ਨੂੰ ਸਮਝਣਾ ਹੋਰ ਵੀ ਜ਼ਰੂਰੀ ਹੈ।
‘ਕੈ’ ਅਤੇ ‘ਕੇ’ ਦੇ ਲਿਖਤ ਨਿਯਮ : ਗੁਰਬਾਣੀ ’ਚ ਜਦ ‘ਕੈ’ ਜਾਂ ‘ਕੇ’ ਸ਼ਬਦ ਸੰਬੰਧਕੀ ਰੂਪ ਵਿੱਚ ਹੋਣ ਭਾਵ ‘ਦੇ’ ਅਰਥ ਦਿੰਦੇ ਹੋਣ ਤਾਂ ‘ਕੈ’ ਅਤੇ ‘ਕੇ’ ਸ਼ਬਦਾਂ ਦੀ ਵਰਤੋਂ; ਇਨ੍ਹਾਂ ਤੋਂ ਪਹਿਲਾਂ ਦਰਜ ਸ਼ਬਦਾਂ ਨੂੰ ਵੇਖ ਕੇ ਨਹੀਂ ਕੀਤੀ ਜਾਂਦੀ ਬਲਕਿ ਇਨ੍ਹਾਂ ਤੋਂ ਬਾਅਦ ਵਾਲ਼ੇ ਸ਼ਬਦਾਂ ਨੂੰ ਵੇਖ ਕੇ ਕੀਤੀ ਜਾਂਦੀ ਹੈ; ਜਿਵੇਂ ਕਿ ‘‘ਤਿਨ ਕੈ ਸਦ ਬਲਿਹਾਰੈ, ਜਾਉ ॥, ਨਾਨਕ ਕੈ ਮਨਿ, ਇਹੁ ਪੁਰਖਾਰਥੁ (ਭਾਵ ਇਹ ਹੌਸਲਾ)॥, ਸੁਰਤੀ ਕੈ ਮਾਰਗਿ, ਚਲਿ ਕੈ; ਉਲਟੀ ਨਦਰਿ ਪ੍ਰਗਾਸੀ ॥’’ ਇਨ੍ਹਾਂ ਤਿੰਨੇ ਵਾਕਾਂ ’ਚ ‘ਕੈ’ ਤੋਂ ਪਹਿਲਾਂ ‘ਤਿਨ’ ਬਹੁ ਵਚਨ ਪੜਨਾਂਵ ਹੈ, ‘ਨਾਨਕ’ ਇੱਕ ਵਚਨ ਪੁਲਿੰਗ ਨਾਂਵ ਹੈ ਅਤੇ ‘ਸੁਰਤਿ’ ਇਸਤ੍ਰੀ ਲਿੰਗ ਨਾਂਵ ਹੈ ਭਾਵ ‘ਕੈ’ ਤੋਂ ਪਹਿਲਾਂ ਕੋਈ ਇੱਕ ਵਚਨ ਨਾਂਵ ਹੋਵੇ ਜਾਂ ਪੜਨਾਂਵ, ਇਸਤਰੀ ਲਿੰਗ ਹੋਵੇ ਜਾਂ ਬਹੁ ਵਚਨ ਪੁਲਿੰਗ ਹੋਵੇ; ‘ਕੈ’ ਦੀ ਬਣਤਰ ’ਚ ਫ਼ਰਕ ਨਹੀਂ ਪੈਂਦਾ ਜਦਕਿ ਇਨ੍ਹਾਂ ਵਾਕਾਂ ’ਚ ਹੀ ‘ਕੈ’ ਤੋਂ ਬਾਅਦ ਆਏ ਸ਼ਬਦ ‘ਕੈ ਬਲਿਹਾਰੈ’ ਨੂੰ ਦੁਲਾਵਾਂ ਅੰਤ, ‘ਕੈ ਮਨਿ’ ਅਤੇ ‘ਕੈ ਮਾਰਗਿ’ ਨੂੰ ਸਿਹਾਰੀ ਅੰਤ ਹੈ ਭਾਵ ‘ਕੈ’ ਤੋਂ ਬਾਅਦ ਵਾਲ਼ਾ ਸ਼ਬਦ; ਮੁਕਤਾ ਅੰਤ ਜਾਂ ਔਂਕੜ ਅੰਤ ਨਹੀਂ ਹੋ ਸਕਦਾ। ‘ਕੈ’ ਤੋਂ ਬਾਅਦ ਸਿਹਾਰੀ ਅੰਤ ਜਾਂ ਦੁਲਾਵਾਂ ਅੰਤ ਵਾਲ਼ਾ ਸ਼ਬਦ ਹੋਣਾ ਬੜਾ ਜ਼ਰੂਰੀ ਹੈ, ਪਰ ‘ਕੇ’ ਤੋਂ ਬਾਅਦ ਕਿਸੇ ਸ਼ਬਦ ਦੇ ਸਿਹਾਰੀ ਅੰਤ ਜਾਂ ਦੁਲਾਵਾਂ ਅੰਤ ਨਹੀਂ ਹੋ ਸਕਦੀਆਂ; ਜਿਵੇਂ ਕਿ ‘‘ਤਿਨ ਕੇ ਨਾਮ, ਅਨੇਕ ਅਨੰਤ ॥, ਗੁਰ ਕੇ ਚਰਣ ਸਰੇਵਣੇ, ਤੀਰਥ ਹਰਿ ਕਾ ਨਾਉ ॥, ਸੰਗਤਿ ਕੇ ਮੁਖ, ਊਜਲ ਭਏ ॥’’ ਇਨ੍ਹਾਂ ਤਿੰਨੇ ਵਾਕਾਂ ’ਚ ‘ਕੇ’ ਤੋਂ ਬਾਅਦ ਵਾਲ਼ੇ ਨਾਂਵ ਹਨ ‘ਕੇ ਨਾਮ, ਕੇ ਚਰਣ, ਕੇ ਮੁਖ’ ਭਾਵ ਮੁਕਤਾ ਅੰਤ, ਜੋ ਕਿ ਬਹੁ ਵਚਨ ਹਨ। ਭਾਵੇਂ ਕਿ ਇਸ ‘ਕੇ’ ਤੋਂ ਪਹਿਲਾਂ ਆਏ ਸ਼ਬਦ ਭੀ ‘ਤਿਨ ਕੇ’ ਬਹੁ ਵਚਨ ਪੜਨਾਂਵ ਹੈ, ‘ਗੁਰ ਕੇ’ ਇੱਕ ਵਚਨ ਪੁਲਿੰਗ ਨਾਂਵ ਹੈ ਅਤੇ ‘ਸੰਗਤਿ ਕੇ’ ਇਸਤ੍ਰੀ ਲਿੰਗ ਨਾਂਵ ਹਨ; ਜਿਵੇਂ ਕਿ ‘ਕੈ’ ਤੋਂ ਪਹਿਲਾਂ ਵੀ ਬਹੁ ਵਚਨ ਪੜਨਾਂਵ, ਇੱਕ ਵਚਨ ਨਾਂਵ ਜਾਂ ਇਸਤਰੀ ਲਿੰਗ ਸ਼ਬਦ ਆਏ ਸਨ।
ਸੋ ਸੰਬੰਧਕੀ ਰੂਪ ’ਚ ‘ਕੈ’ ਸ਼ਬਦ ਵਾਙ ‘ਕੇ’ ਨੂੰ ਵੀ ਆਪਣੇ ਤੋਂ ਪਹਿਲਾਂ ਆਏ ਸ਼ਬਦਾਂ ਨਾਲ਼ ਕੋਈ ਸਰੋਕਾਰ ਨਹੀਂ ਭਾਵੇਂ ਕਿ ਉਹ ਇੱਕ ਵਚਨ ਹੋਣ ਜਾਂ ਬਹੁ ਵਚਨ, ਇਸਤ੍ਰੀ ਲਿੰਗ ਹੋਣ ਜਾਂ ਪੁਲਿੰਗ, ਪੜਨਾਂਵ ਹੋਣ ਜਾਂ ਨਾਂਵ।
ਉਕਤ ਤਿੰਨੇ ਵਾਕਾਂ ’ਚ ਦਰਜ ‘ਕੈ’ ਅਤੇ ਤਿੰਨੇ ਵਾਕਾਂ ’ਚ ਦਰਜ ‘ਕੇ’ ਦੇ ਅੰਤਰ ਨੂੰ ਇਉਂ ਵੀ ਵਾਚਿਆ ਜਾ ਸਕਦਾ ਹੈ :
(ੳ). ਤਿਨ ਕੈ ਬਲਿਹਾਰੈ/ਤਿਨ ਕੇ ਨਾਮ॥ ਭਾਵ ‘ਕੈ’ ਤੋਂ ਬਾਅਦ ਦੁਲਾਵਾਂ ਅੰਤ (ਇੱਕ ਵਚਨ) ਹੈ ਅਤੇ ‘ਕੇ’ ਤੋਂ ਬਾਅਦ ਮੁਕਤਾ ਅੰਤ (ਬਹੁ ਵਚਨ)।
(ਅ). ਨਾਨਕ ਕੈ ਮਨਿ/ਗੁਰ ਕੇ ਚਰਣ॥ ਭਾਵ ‘ਕੈ’ ਤੋਂ ਬਾਅਦ ਸਿਹਾਰੀ ਅੰਤ (ਇੱਕ ਵਚਨ) ਹੈ ਅਤੇ ‘ਕੇ’ ਤੋਂ ਬਾਅਦ ਮੁਕਤਾ ਅੰਤ (ਬਹੁ ਵਚਨ)।
(ੲ). ਸੁਰਤਿ ਕੈ ਮਾਰਗਿ/ਸੰਗਤਿ ਕੇ ਮੁਖ॥ ਭਾਵ ‘ਕੈ’ ਤੋਂ ਬਾਅਦ ਸਿਹਾਰੀ ਅੰਤ (ਇੱਕ ਵਚਨ) ਹੈ ਅਤੇ ‘ਕੇ’ ਤੋਂ ਬਾਅਦ ਮੁਕਤਾ ਅੰਤ (ਬਹੁ ਵਚਨ)।
ਹੇਠਾਂ ਤਿੰਨ ਤੁਕਾਂ ’ਚ ‘ਕੈ’ ਨਾਲ਼ ਸੰਬੰਧਿਤ 6 ਵਿਆਕਰਨਿਕ ਨਿਯਮ ਸਪਸ਼ਟ ਹੁੰਦੇ ਹਨ :
(1). ਜਿਸ ਕੈ ਹੁਕਮਿ, ਇੰਦੁ ਵਰਸਦਾ; ਤਿਸ ਕੈ ਸਦ ਬਲਿਹਾਰੈ ਜਾਂਉ ॥ (ਮਹਲਾ ੩/੧੨੮੫)
ਇਸ ਤੁਕ ’ਚ ਦੋ ਵਾਰ ‘ਕੈ’ ਹੈ। ‘ਕੈ ਹੁਕਮਿ’ ’ਚ ਸਿਹਾਰੀ ਅੰਤ ਵੀ ਹੈ ਅਤੇ ‘ਕੈ ਬਲਿਹਾਰੈ’ ’ਚ ਦੁਲਾਵਾਂ ਅੰਤ ਵੀ ਹਨ ਜਦ ਕਿ ਦੋਵੇਂ ਜਗ੍ਹਾ ‘ਕੈ’ ਦਾ ਅਰਥ : ‘ਦੇ’ (ਸੰਬੰਧਕ ਹੀ) ਹੈ।
(2). ਆਪਣ ਹਥੀ ਜੋਲਿ+ਕੈ; ਕੈ+ਗਲਿ ਲਗੈ ਧਾਇ ॥ (ਬਾਬਾ ਫਰੀਦ ਜੀ/੧੩੭੭)
ਇਸ ਤੁਕ ’ਚ ਦੋ ਵਾਰ ‘ਕੈ’ ਹੈ। ਦੋਵੇਂ ਜਗ੍ਹਾ ਸੰਬੰਧਕੀ ਬਣ ਕੇ ‘ਦੇ’ ਅਰਥ ਨਹੀਂ ਦਿੰਦਾ। ‘ਜੋਲਿ ਕੈ’ ਦਾ ਅਰਥ ਹੈ ‘ਤੋਰ ਕੇ’ (ਕਿਰਿਆ ਵਿਸ਼ੇਸ਼ਣ) ਅਤੇ ‘ਕੈ ਗਲਿ’ ਦਾ ਅਰਥ ਹੈ ‘ਕਿਸ ਗਲ਼ ਨਾਲ਼’ ? (ਪ੍ਰਸ਼ਨ ਵਾਚਕ ਪੜਨਾਂਵੀ ਵਿਸ਼ੇਸ਼ਣ) ਧਿਆਨ ਰਹੇ ਕਿ ਦੋਵੇਂ ਜਗ੍ਹਾ ‘ਕੈ’ ਨਾਲ਼ ਸੰਧੀ ਹੋ ਕੇ ਆਏ ‘ਜੋਲਿ’ ਅਤੇ ‘ਗਲਿ’ ਨੂੰ ਵੀ ਸਿਹਾਰੀ ਅੰਤ ਹੈ ਭਾਵ ‘ਕੈ’ ਨਾਲ਼ ਸੰਧੀ ਹੋਣ ਵਾਲੇ ਸ਼ਬਦ ਵੀ ਮੁਕਤ ਅੰਤ ਜਾਂ ਔਂਕੜ ਅੰਤ ਨਹੀਂ ਹੋਣਗੇ।
(3). ਗੁਰਬਾਣੀ ’ਚ ਕਿਰਿਆ ਵਿਸ਼ੇਸ਼ਣ ‘ਸੁਣਿ’ ਦਾ ਅਰਥ ਹੈ : ‘ਸੁਣ ਕੇ’, ਪਰ ਜੇ ਕਾਵਿ ਤੋਲ ਪੂਰਾ ਕਰਨ ਲਈ ‘ਸੁਣਿ’ ਅਤੇ ‘ਕੇ’ ਦੋਵੇਂ ਹੀ ਲਿਖਣੇ ਪੈ ਜਾਣ ਤਾਂ ‘ਸੁਣਿ ਕੇ’ ਦੀ ਥਾਂ ‘ਸੁਣਿ ਕੈ’ ਲਿਖਿਆ ਜਾਂਦਾ ਹੈ; ਜਿਵੇਂ ਕਿ ‘‘ਪਾਂਚਉ ਲਰਿਕੇ ਮਾਰਿ ਕੈ; ਰਹੈ ਰਾਮ ਲਿਉ ਲਾਇ ॥’’ (ਭਗਤ ਕਬੀਰ/੧੩੬੮)
ਇਸ ਤੁਕ ’ਚ ‘ਲਰਿਕੇ’ ਨੂੰ ‘ਲਰਿ ਕੇ’ (ਅਲੱਗ-ਅਲੱਗ) ਨਹੀਂ ਕੀਤਾ ਕਿਉਂਕਿ ‘ਲਰਿ’ ਦੇ ਨਾਲ਼ ‘ਕੇ’ ਹੈ, ‘ਕੈ’ ਨਹੀਂ ਅਤੇ ‘ਮਾਰਿ ਕੈ’ ਨੂੰ ‘ਮਾਰਿਕੈ’ (ਇਕੱਠਾ) ਨਹੀਂ ਕੀਤਾ ਕਿਉਂਕਿ ਜੇ ‘ਸੁਣਿ’ ਵਾਙ ‘ਲਰਿ’ ਵੀ ਕਿਰਿਆ ਵਿਸ਼ੇਸ਼ਣ ਹੁੰਦਾ ਤਾਂ ਇਸ ਨਾਲ ‘ਕੇ’ ਨਹੀਂ, ‘ਕੈ’ ਹੁੰਦਾ ਤੇ ਪਦ-ਛੇਦ ‘ਲਰਿ ਕੈ’ ਕੀਤਾ ਜਾਂਦਾ। ਇੱਥੇ ‘ਲਰਿਕੇ’ ਦਾ ਅਰਥ ‘ਲੜਕੇ/ਪੰਜ ਕਾਮਾਦਿਕ-ਵਿਕਾਰ’ (ਨਾਂਵ) ਹੈ, ਨਾ ਕਿ ਕਿਰਿਆ ਵਿਸ਼ੇਸ਼ਣ।
ਭਾਗ ਪਹਿਲਾ
ਪੜਨਾਂਵੀ ਵਿਸ਼ੇਸ਼ਣ : ਨਾਂਵ ਦੀ ਥਾਂ ’ਤੇ ਵਰਤੇ ਜਾਣ ਵਾਲ਼ੇ ਸ਼ਬਦ ਨੂੰ ਪੜਨਾਂਵ ਆਖਦੇ ਹਨ; ਜਿਵੇਂ ‘ਮੈਂ, ਅਸੀਂ, ਤੂੰ, ਤੁਸੀਂ, ਇਹ, ਓਹ, ਕਿਹੜਾ, ਕੌਣ, ਜਿਹੜਾ, ਇਨ੍ਹਾਂ, ਜਿਨ੍ਹਾਂ, ਕਿਨ੍ਹਾਂ, ਕੀ, ਕਿਸ ਆਦਿ, ਪਰ ਜੇ ਇਨ੍ਹਾਂ ਨਾਲ਼ ਕੋਈ ਨਾਂਵ ਸ਼ਬਦ ਵੀ ਆ ਜਾਵੇ ਤਾਂ ਇਹ ਪੜਨਾਂਵੀ ਵਿਸ਼ੇਸ਼ਣ (ਜਾਂ ਪ੍ਰਸ਼ਨ ਵਾਚਕ ਪੜਨਾਂਵੀ ਵਿਸ਼ੇਸ਼ਣ) ਅਖਵਾਉਂਦੇ ਹਨ; ਜਿਵੇਂ ਇਹ ਗੇਟ, ਉਹ ਸਾਈਕਲ, ਕਿਹੜੀ ਕਾਰ ? ਕੀ ਗੱਲ ?, ਕਿਸ ਕੰਮ ? ਆਦਿ।
ਹੇਠਲੀਆਂ 22 ਕੁ ਤੁਕਾਂ ਨਾਲ਼ ਹੀ ਸਪਸ਼ਟ ਹੋ ਜਾਣਾ ਹੈ ਕਿ ਜਦੋਂ ‘ਕੈ’ ਨਾਲ਼ ਕੋਈ ਨਾਂਵ ਸ਼ਬਦ (ਸਿਹਾਰੀ ਅੰਤ ਜਾਂ ਦੁਲਾਵਾਂ ਅੰਤ) ਆਉਂਦਾ ਹੈ ਤਾਂ ‘ਕੈ’ ਪ੍ਰਸ਼ਨਬੋਧਕ ਪੜਨਾਂਵੀ ਵਿਸ਼ੇਸ਼ਣ ਹੁੰਦਾ ਹੈ। ਜੇ ‘ਕੈ’ ਨਾਲ਼ ਕੋਈ ਸੰਬੰਧਕੀ ਸ਼ਬਦ (ਪਹਿ, ਨਾਲਿ, ਮਹਿ) ਆਉਂਦਾ ਹੈ ਤਾਂ ਇਹ ਪੜਨਾਂਵ ਹੁੰਦਾ ਹੈ ਅਤੇ ਜੇ ‘ਕੈ’ ਨਾਲ਼ ਕੋਈ ਨਾਂਵ ਜਾਂ ਸੰਬੰਧਕੀ ਸ਼ਬਦ ਵੀ ਨਾ ਹੋਵੇ ਤਾਂ ‘ਕੈ’ ਆਪਣੀਆਂ ਦੁਲਾਵਾਂ ’ਚੋਂ ਹੀ ਲੁਪਤ ਸੰਬੰਧਕੀ ਚਿੰਨ੍ਹ ‘ਉੱਤੇ, ਨੂੰ, ਨਾਲ਼, ਰਾਹੀਂ, ਵਿੱਚ’ ਵਗ਼ੈਰਾ ਅਰਥ ਦਿੰਦਾ ਹੈ। ਇਨ੍ਹਾਂ ਵਾਕਾਂ ’ਚ ‘ਕੈ’ ਤੋਂ ਪਹਿਲਾਂ ਥੋੜ੍ਹਾ ਠਹਿਰਾਓ ਦੇਣ ਨਾਲ਼ ਵਾਕ ਦੇ ਭਾਵਾਰਥ ਜ਼ਿਆਦਾ ਸਪਸ਼ਟ ਹੋ ਜਾਂਦੇ ਹਨ; ਜਿਵੇਂ ਕਿ
ਏਤੇ ਰਸ ਸਰੀਰ ਕੇ, ‘ਕੈ ਘਟਿ’ ਨਾਮ ਨਿਵਾਸੁ ? ॥ (ਮਹਲਾ ੧/੧੫) ਭਾਵ ਜਦ ਇੰਨੇ ਸਰੀਰਕ ਚਸਕੇ (ਸੁਆਦ) ਹੋਣ (ਫਿਰ) ਕਿਸ ਹਿਰਦੇ ਵਿੱਚ ਨਾਮ ਦਾ ਟਿਕਾਅ ਹੋ ਸਕਦੈ ? ਕੈ ਘਟਿ- ਕਿਸ ਹਿਰਦੇ ਵਿੱਚ।
ਬਿਆ ਦਰੁ ਨਾਹੀ, ‘ਕੈ ਦਰਿ’ ਜਾਉ ? ॥ (ਮਹਲਾ ੧/੨੫) ਭਾਵ (ਰੱਬ ਤੋਂ ਬਿਨਾਂ) ਹੋਰ ਆਸਰਾ ਨਹੀਂ, ਕਿਸ ਦਰ ਉੱਤੇ ਜਾਵਾਂ ? ਕੈ ਦਰਿ- ਕਿਸ ਦਰ ਉੱਤੇ।
ਇਕਿ ਪਿਰੁ ਰਾਵਹਿ ਆਪਣਾ; ਹਉ, ‘ਕੈ ਦਰਿ’ ਪੂਛਉ ਜਾਇ ? ॥ (ਮਹਲਾ ੩/੩੮) ਭਾਵ ਕਈ ਆਪਣੇ ਪਤੀ ਨੂੰ ਮਾਣਦੀਆਂ ਹਨ (ਪਰ ਮੈਂ ਦੁਹਾਗਣ) ਕਿਸ ਦਰ ਉੱਤੇ ਜਾ ਕੇ (ਅਨੰਦ ਬਾਰੇ) ਪੁੱਛਾਂ ?
‘ਕੈ ਪਹਿ’ ਕਰਉ ਅਰਦਾਸਿ ਬੇਨਤੀ, ਜਉ ਸੁਨਤੋ ਹੈ ਰਘੁਰਾਇਓ ? ॥ (ਮਹਲਾ ੫/੨੦੫) ਭਾਵ ਮੈਂ (ਹੋਰ) ਕਿਸ ਕੋਲ਼ ਬੇਨਤੀ ਕਰਾਂ ? ਜਦ ਮਾਲਕ ਆਪ ਹੀ ਬੇਨਤੀ ਸੁਣ ਰਿਹਾ ਹੋਵੇ। ਕੈ ਪਹਿ- ਕਿਸ ਕੋਲ਼। ਚੇਤੇ ਰਹੇ ਕਿ ਇੱਥੇ ਵੀ ‘ਪਹਿ’ ਨੂੰ ਸਿਹਾਰੀ ਅੰਤ ਹੈ। ਗੁਰਬਾਣੀ ਲਿਖਤ ਮੁਤਾਬਕ ‘ਸਿਹਾਰੀ ਅੰਤ’ ਅਤੇ ‘ਦੁਲਾਵਾਂ ਅੰਤ’ ਨਾਂਵ-ਸ਼ਬਦਾਂ ਦੇ ਨਿਯਮ ਇੱਕ ਸਮਾਨ ਹਨ, ਇਸ ਲਈ ‘ਸਿਹਾਰੀ’ ਅਤੇ ‘ਦੁਲਾਵਾਂ’ ਸੰਯੁਕਤ ਆਉਂਦੇ ਹਨ।
ਕਹੁ ਮੀਤਾ ! ਹਉ, ‘ਕੈ ਪਹਿ’, ਜਾਈ ? ॥ (ਮਹਲਾ ੫/੩੭੧) ਭਾਵ ਹੇ ਮਿੱਤਰ ! ਦੱਸ (ਮਾਯਾ ਤੋਂ ਮੁਕਤ ਹੋਣ ਲਈ) ਮੈਂ ਕਿਸ ਕੋਲ਼ ਜਾਵਾਂ ?
ਏਕੁ ਦਾਤਾਰੁ, ਸਗਲ ਹੈ ਜਾਚਿਕ; ਦੂਸਰ, ‘ਕੈ ਪਹਿ’ ਜਾਵਉ ? ॥ (ਮਹਲਾ ੫/੪੦੧) ਭਾਵ ਇੱਕ ਦਾਤਾ ਹੈ, ਬਾਕੀ ਸਾਰੇ ਮੰਗਤੇ ਹਨ ਫਿਰ ਮੈਂ ਕਿਸ ਕੋਲ਼ ਜਾਵਾਂ ?
ਦਰੁ ਬੀਭਾ ਮੈ ਨੀਮਿ੍ ਕੋ; ‘ਕੈ’ ਕਰੀ ਸਲਾਮੁ ? ॥ (ਮਹਲਾ ੧/੪੧੮) ਭਾਵ ਦਰ ਦੂਜਾ ਮੈਨੂੰ ਨਹੀਂ ਕੋਈ (ਢੋਹ ਦਿੰਦਾ) ‘ਕੈ ’ ਭਾਵ ‘ਕਿਸ ਨੂੰ’ ਜਾਂ ‘ਕਿਸ ਅੱਗੇ’ ਕਰਾਂ ਸਲਾਮ ?
ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉ’ ਕਰੀ ਪੁਕਾਰ ? ॥ (ਮਹਲਾ ੧/੪੭੫) ਭਾਵ ਰੱਬ ਸਭ ਕੁਝ ਆਪ ਕਰਦਾ ਤੇ ਕਰਾਉਂਦਾ ਹੈ (ਤਾਂ ਫਿਰ) ਮੈਂ ਕਿਸ ਨਾਲ/ਕਿਸ ਅੱਗੇ ਪੁਕਾਰ ਕਰਾਂ ?
ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉ’ ਕਰੀ ਪੁਕਾਰ ? ॥ (ਮਹਲਾ ੧/੧੨੮੨)
ਸਭਿ ਸਹੀਆ ਸਹੁ ਰਾਵਣਿ ਗਈਆ; ਹਉ ਦਾਧੀ, ‘ਕੈ ਦਰਿ’ ਜਾਵਾ ? ॥ (ਮਹਲਾ ੧/੫੫੮) ਭਾਵ ਸਾਰੀਆਂ ਸਤਸੰਗੀਆਂ ਪਤੀ ਨੂੰ ਭੋਗਣ ਗਈਆਂ, ਪਰ ਮੈਂ (ਵਿਕਾਰਾਂ ਕਾਰਨ) ਸੜੀ ਹੋਈ ਕਿਸ ਦਰ ਉੱਤੇ ਜਾਵਾਂ ?
ਜੀਉ ਡਰਤੁ ਹੈ ਆਪਣਾ, ‘ਕੈ ਸਿਉ’ ਕਰੀ ਪੁਕਾਰ ? ॥ (ਮਹਲਾ ੧/੬੬੦) ਭਾਵ (ਦੁੱਖਾਂ ਨੂੰ ਵੇਖ) ਆਪਣੀ ਰੂਪ ਕੰਬਦੀ ਪਈ ਹੈ, ਕਿਸ ਅੱਗੇ ਬੇਨਤੀ ਕਰਾਂ ?
ਸੇ ਗੁਣ ਮੁਝੈ ਨ ਆਵਨੀ; ‘ਕੈ’ ਜੀ ਦੋਸੁ ਧਰੇਹ ? ॥ (ਮਹਲਾ ੧/੭੨੫) ਭਾਵ ਉਹ (ਰੱਬੀ) ਗੁਣ ਮੇਰੇ ’ਚ ਨਹੀਂ ਆਏ, ਕਿਸ ਨੂੰ ਦੋਸ਼ ਦੇਈਏ ?
ਸੇ ਗੁਣ ਮੰਞੁ ਨ ਆਵਨੀ; ਹਉ, ‘ਕੈ’ ਜੀ ! ਦੋਸ ਧਰੇਉ ਜੀਉ ? ॥ (ਮਹਲਾ ੧/੭੬੨) ਭਾਵ ਉਹ ਗੁਣ ਮੇਰੇ ਅੰਦਰ ਨਾ ਆ ਸਕੇ, ਕਿਸ ਉੱਤੇ ਦੋਸ਼ ਲਾਵਾਂ ਜੀ ?
ਕਉਣੁ ਗੁਰੂ, ਕੈ ਪਹਿ ਦੀਖਿਆ ਲੇਵਾ; ‘ਕੈ ਪਹਿ’ ਮੁਲੁ ਕਰਾਵਾ ? ॥ (ਮਹਲਾ ੧/੭੩੦) ਭਾਵ ਹੇ ਪ੍ਰਭੂ ! ਕੌਣ ਗੁਰੂ ਹੈ ? ਕਿਸ ਕੋਲ਼ੋਂ (ਤੇਰੀ) ਸਿੱਖਿਆ ਲਵਾਂ, ਕਿਸ ਪਾਸੋਂ (ਤੇਰੀ) ਕੀਮਤ ਪਵਾਵਾਂ ?
ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ; ਕੈਸੇ, ‘ਕੈ’ ਬਨਹਿ ? ॥ (ਭਗਤ ਕਬੀਰ/੯੭੦) ਭਾਵ ਹੇ ਪੰਡਿਤ ! ਤੂੰ ਉੱਚੀ ਜਾਤ ਦਾ, ਮੈਂ ਬਨਾਰਸ ਦਾ (ਗ਼ਰੀਬ) ਜੁਲਾਹਾ; ਮੇਰੀ ਤੇਰੀ ਬਰਾਬਰੀ ਕਿਵੇਂ ਤੇ ਕਿਸ ਤਰ੍ਹਾਂ ਬਣੇ ? ਕੈ- ਕਿਸ ਤਰ੍ਹਾਂ ?
ਜੀਅ ਕੀ, ‘ਕੈ ਪਹਿ’ ਬਾਤ ਕਹਾ ? ॥ (ਮਹਲਾ ੫/੧੦੦੩) ਭਾਵ ਜਿੰਦ ਦੀ ਪੁਕਾਰ ਕਿਸ ਕੋਲ਼ ਕਹਾਂ ?
ਦੁਰਜਨ ਸੇਤੀ ਨੇਹੁ; ਤੂ, ‘ਕੈ ਗੁਣਿ’ ਹਰਿ ਰੰਗੁ ਮਾਣਹੀ ? ॥ (ਮਹਲਾ ੫/੧੦੯੭) ਭਾਵ (ਹੇ ਕਾਇਆਂ !) ਭੈੜੇ ਐਬਾਂ ਨਾਲ਼ ਤੇਰਾ ਪਿਆਰ ਹੈ, ਤੂੰ ਕਿਹੜੇ ਗੁਣ ਕਾਰਨ ਹਰੀ ਪ੍ਰੇਮ-ਰੰਗ ਮਾਣੇ ? ਕੈ ਗੁਣਿ- ਕਿਸ ਗੁਣ ਕਾਰਨ। ਚੇਤੇ ਰਹੇ ਕਿ ਇਸ ਦਾ ਅਰਥ ‘ਕਿਹੜੇ ਗੁਣਾਂ ਕਾਰਨ’ (ਬਹੁ ਵਚਨ) ਨਹੀਂ ਹੋ ਸਕਦਾ ਕਿਉਂਕਿ ‘ਕੈ’ ਅਤੇ ‘ਗੁਣਿ’ ਇੱਕ ਵਚਨ ਦੇ ਸੂਚਕ ਹਨ।
ਰੇ ਜਨ ! ‘ਕੈ ਸਿਉ’ ਕਰਹੁ ਪੁਕਾਰਾ ? ॥ (ਮਹਲਾ ੩/੧੧੨੮) ਭਾਵ ਹੇ ਜੀਵ-ਜੰਤੋ ! (ਰੱਬ ਨੂੰ ਛੱਡ ਕੇ) ਕਿਸ ਅੱਗੇ ਪੁਕਾਰ ਕਰੋਗੇ ?
‘ਕੈ ਦੋਖੜੈ’ ਸੜਿਓਹਿ, ਕਾਲੀ ਹੋਈਆ ਦੇਹੁਰੀ; ਨਾਨਕ ! ਮੈ ਤਨਿ ਭੰਗੁ ? ॥ (ਮਹਲਾ ੧/੧੪੧੨) ਭਾਵ ਹੇ ਸਰੋਵਰ ! ਕਿਸ ਦੋਸ਼ ਕਰਕੇ ਸੜ ਰਿਹਾ ਹੈਂ ? ਕਾਲ਼ੀ ਦੇਹ ਹੋ ਗਈ। ਜਵਾਬ : ਮੇਰੇ ਸਰੀਰ ਵਿੱਚ ਘਾਟ ਹੈ। ਕੈ ਦੋਖੜੈ- ‘ਕਿਹੜੇ ਦੁੱਖ ਨਾਲ਼’, ਨਾ ਕਿ ‘ਕਿਹੜੇ ਦੁੱਖਾਂ ਨਾਲ਼’।
ਅਜਰਾਈਲੁ ਫਰੇਸਤਾ; ‘ਕੈ ਘਰਿ’ ਨਾਠੀ ਅਜੁ ? ॥ (ਭਗਤ ਫਰੀਦ/੧੩੮੧) ਭਾਵ (ਮੌਤ ਦਾ) ਫ਼ਰਿਸਤਾ ਅਜ਼ਰਾਈਲ; ਕਿਸ ਘਰ ਵਿੱਚ ਅੱਜ ਪ੍ਰਾਹੁਣਾ ਬਣਿਐ ?
ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ‘ਕੈ ਦਰਿ’ ਸਰਨਿ ਪਰਉ ? ॥ (ਮਹਲਾ ੫/੧੩੨੨) ਭਾਵ ਵਰ ਦੇਣ ਵਾਲ਼ੇ ਵਿਸ਼ਨੂੰ, ਸ਼ਿਵ, ਸਿੱਧ, ਰਿਸ਼ੀ ਮੁਨੀ, ਇੰਦਰ ਵਰਗੇ ਸੁਣੀਦੇ ਹਨ, ਮੈਂ ਕਿਸ-ਕਿਸ ਦਰ ਉੱਤੇ ਡਿੱਗਾਂ, ਸ਼ਰਨ ਪਵਾਂ ?
ਆਪਣ ਹਥੀ ਜੋਲਿ ਕੈ, ‘ਕੈ ਗਲਿ’ ਲਗੈ ਧਾਇ ॥ (ਭਗਤ ਫਰੀਦ/੧੩੭੭) ਭਾਵ ਕਾਇਆਂ; ਜਿੰਦ ਵਹੁਟੀ ਨੂੰ ਤੋਰ ਕੇ ਕਿਸ ਦੇ ਗਲ਼ ਨਾਲ ਦੌੜ ਕੇ ਲੱਗੇਗੀ ? (ਕਿਉਂਕਿ ਤਦ ਤਾਂ ਉਹ ਮਰ ਗਈ ਹੈ ਹੁਣ ਉੱਠਣਯੋਗੀ ਨਹੀਂ ਰਹੀ।)
ਭਾਗ ਦੂਜਾ
ਯੋਜਕ : ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਜੋੜਨ ਵਾਲ਼ੇ ਸ਼ਬਦ ਨੂੰ ਯੋਜਕ ਆਖਦੇ ਹਨ; ਜਿਵੇਂ ਗੁਰਮੁਖ ਸਿੰਘ ‘ਅਤੇ’ ਕਰਤਾਰ ਸਿੰਘ।, ਮਾਲਕ ਨੇ ਕਿਹਾ ‘ਕਿ’ ਨੌਕਰ ਨੂੰ ਖੇਤ ਭੇਜੋ। ਇਨ੍ਹਾਂ ਦੋਵੇਂ ਵਾਕਾਂ ’ਚ ‘ਅਤੇ, ਕਿ’ ਦੋਵੇਂ ਯੋਜਕ ਹਨ। ‘ਅਤੇ’ ਦੋ ਸ਼ਬਦਾਂ ਨੂੰ ਜੋੜਦਾ ਹੈ ਜਦਕਿ ‘ਕਿ’ ਦੋ ਵਾਕਾਂ ਨੂੰ ਜੋੜਦਾ ਹੈ। ਗੁਰਬਾਣੀ ’ਚ ਯੋਜਕ ਵਜੋਂ ‘ਅਤੈ, ਜਿਵੇਂ, ਤਿਵੇਂ, ਜਾਂ, ਤਾਂ, ਕੈ, ਜੇ, ਕਿ ਆਦਿਕ ਸ਼ਬਦ ਹਨ। ਹੇਠਲੀਆਂ 13 ਕੁ ਤੁਕਾਂ ਵਿੱਚ ‘ਕੈ’ ਸ਼ਬਦ ਯੋਜਕ ਹੈ, ਜਿਸ ਦਾ ਅਰਥ ਹੈ ‘ਜਾਂ, ਭਾਵੇਂ’, ਇਸ ਦੇ ਅਗੇਤਰ ਤੇ ਪਿਛੇਤਰ ਠਹਿਰਾਓ ਨਹੀਂ ਦੇਣਾ ਕਿਉਂਕਿ ਦੋ ਕਮਰਿਆਂ ਵਿਚਕਾਰ ਰੱਖੇ ਦੀਵੇ ਵਾਙ ਇਹ ਦੋਵੇਂ ਪਾਸਿਓਂ ਵਾਕ ਨੂੰ ਜੋੜਦਾ ਹੁੰਦਾ ਹੈ। ਧਿਆਨ ਰਹੇ ਕਿ ਹੇਠਲੇ ਵਾਕਾਂ ’ਚ ਉਸੇ ‘ਕੈ’ ਵੱਲ ਧਿਆਨ ਦੇਣਾ ਹੈ, ਜੋ ਦੋ ਕੌਮਿਆਂ ’ਚ ਬੰਦ ਕੀਤਾ ਹੈ :
ਸੁਇਨੇ ਕੈ ਪਰਬਤਿ ਗੁਫਾ ਕਰੀ ‘ਕੈ’ ਪਾਣੀ ਪਇਆਲਿ ॥ (ਮਹਲਾ ੧/੧੩੯)
ਅਰਥ : ਸੋਨੇ ਦੇ ਪਰਬਤ ਵਿੱਚ ਗੁਫ਼ਾ ਕਰਾਂ ‘ਚਾਹੇ’ ਹੇਠਾਂ ਪਾਤਾਲ ਵਿੱਚ।
‘ਕੈ’ ਵਿਚਿ ਧਰਤੀ ‘ਕੈ’ ਆਕਾਸੀ; ਉਰਧਿ ਰਹਾ ਸਿਰਿ ਭਾਰਿ ॥ (ਮਹਲਾ ੧/੧੩੯)
ਅਰਥ : ਜਾਂ ਧਰਤੀ ਵਿੱਚ ਜਾਂ ਆਕਾਸ ਵਿੱਚ ਜਾਂ ਉਲਟਾ ਹੋ ਕੇ ਸਿਰ ਭਾਰ ਰਹਾਂ।
ਰਾਤਿ ਦਿਹੈ ‘ਕੈ’ ਵਾਰ, ਧੁਰਹੁ ਫੁਰਮਾਇਆ ॥ (ਮਹਲਾ ੧/੧੫੦)
ਅਰਥ : ਭਾਵੇਂ ਰਾਤ ਹੋਵੇ ਜਾਂ ਦਿਨ (ਰੱਬੀ ਸਿਫ਼ਤ ਕਰਨੀ) ਧੁਰੋਂ ਹੁਕਮ ਹੈ।
‘ਕੈ’ ਬੰਧੈ ‘ਕੈ’ ਡਾਨਿ ਲੇਇ ‘ਕੈ’ ਨਰਪਤਿ ਮਰਿ ਜਾਇਆ ॥ (ਮਹਲਾ ੪/੧੬੬)
ਅਰਥ : ਰਾਜਾ ਆਪਣੇ ਨੌਕਰ ਨੂੰ ਭਾਵੇਂ ਬੰਨ ਲਵੇ ਜਾਂ ਸਜ਼ਾ ਦੇਵੇ ਜਾਂ ਰਾਜਾ ਹੀ ਮਰ ਜਾਵੇ (ਜਿਸ ਕਾਰਨ ਉਸ ਦੀ ਨੌਕਰੀ ਚਲੀ ਜਾਵੇ, ਦੁੱਖ ਨੌਕਰ ਨੂੰ ਹੀ ਹੁੰਦਾ ਹੈ)।
ਰਾਮੁ ਬਡਾ ‘ਕੈ’ ਰਾਮਹਿ ਜਾਨਿਆ ?॥ (ਭਗਤ ਕਬੀਰ/੩੩੧)
ਅਰਥ : (ਦਸਰਥ ਪੁੱਤਰ) ਰਾਮ ਵੱਡਾ (ਆਦਰਯੋਗ) ਹੈ ਜਾਂ ਜਿਸ ਨੇ ਰਾਮ (ਸਰਬ ਵਿਆਪਕ ਪ੍ਰਭੂ) ਨੂੰ ਜਾਣ ਲਿਆ ?
ਭਾਵੈ ਜੀਵਉ ‘ਕੈ’ ਮਰਉ; ਦੂਰਹੁ ਹੀ ਭਜਿ ਜਾਹਿ ॥ (ਮਹਲਾ ੩/੭੮੭)
ਅਰਥ : (ਬਦਚਲਨ ਔਰਤਾਂ ਲਈ ਪਤੀ) ਭਾਵੇਂ ਜਿਉਂਦਾ ਰਹੇ ਜਾਂ ਮਰ ਜਾਵੇ (ਮੁਸੀਬਤ ’ਚ ਉਹ) ਦੂਰੋਂ ਹੀ ਭੱਜ ਜਾਂਦੀਆਂ ਹਨ।
ਕਰਤੇ ਕੀ ਮਿਤਿ ਕਰਤਾ ਜਾਣੈ ‘ਕੈ’ ਜਾਣੈ ਗੁਰੁ ਸੂਰਾ ॥ (ਮਹਲਾ ੧/੯੩੦)
ਅਰਥ : ਕਰਤਾਰ ਦਾ ਵਡੱਪਣ ਕਰਤਾਰ ਆਪ ਜਾਣਦਾ ਹੈ ਜਾਂ ਗੁਰੂ ਸੂਰਮਾ ਜਾਣਦਾ ਹੈ। ਇੱਥੇ ‘ਸੂਰਮੇ’ ਤੋਂ ਭਾਵ ਵਿਕਾਰਾਂ ਨੂੰ ਕਾਬੂ ਕਰ ਚੁੱਕਿਆ ਹੈ।
ਕਹਤ ਕਬੀਰੁ, ਜੀਤਿ ‘ਕੈ’ ਹਾਰਿ ॥ (ਭਗਤ ਕਬੀਰ/੧੧੫੯)
ਅਰਥ : ਕਬੀਰ ਆਖਦਾ ਹੈ ਕਿ (ਹੇ ਮਨੁੱਖ, ਤੂੰ ਆਪਣੀ ਬਾਜ਼ੀ) ਜਿੱਤ ਭਾਵੇਂ ਹਾਰ।
ਜਿਨਿ ਏਹ ਪ੍ਰੀਤਿ ਲਾਈ, ਸੋ ਜਾਨੈ ‘ਕੈ’ ਜਾਨੈ ਜਿਸੁ ਮਨਿ ਧਰੈ ॥ (ਮਹਲਾ ੪/੧੨੬੩)
ਅਰਥ : ਜਿਸ (ਰੱਬ) ਨੇ (ਮਨੁੱਖ ਅੰਦਰ) ਇਹ ਪ੍ਰੀਤ ਲਾਈ (ਰੱਬੀ ਭੇਦ/ਗੁਪਤ ਰਾਜ਼ ਨੂੰ) ਉਹ ਜਾਣਦਾ ਹੈ ਜਾਂ ਜਿਸ ਦੇ ਮਨ ’ਚ (ਆਪਣੇ ਆਪ ਨੂੰ) ਟਿਕਾ ਦਿੰਦਾ ਹੈ (ਉਹ) ਜਾਣਦਾ ਹੈ।
ਜੋ ਉਪਜਿਓ ਸੋ ਬਿਨਸਿ ਹੈ, ਪਰੋ ਆਜੁ ‘ਕੈ’ ਕਾਲਿ ॥ (ਮਹਲਾ ੯/੧੪੨੯)
ਅਰਥ : ਜੋ ਜਨਮਿਆ ਹੈ ਉਹ ਮਰੇਗਾ ਅੱਜ ਜਾਂ ਕੱਲ੍ਹ ਨਾਸ਼ ਹੋਵੇਗਾ।
‘ਕੈ’ ਜਾਨੈ ਆਪਨ ਧਨੀ ‘ਕੈ’ ਦਾਸੁ ਦੀਵਾਨੀ ਹੋਇ ॥ (ਭਗਤ ਕਬੀਰ/੧੩੭੩)
ਅਰਥ : ਰੱਬੀ ਭੇਤ ਨੂੰ ਜਾਂ ਖੁਦ (ਰੱਬ) ਜਾਣਦਾ ਹੈ ਜਾਂ ਉਸ ਦਾ ਦਰਬਾਰੀ ਸੇਵਕ (ਭਗਤ); ਉਸ ਦੀ ਹਜ਼ੂਰੀ ਵਿੱਚ ਰਹਿਣ ਵਾਲਾ (ਜਾਣਦਾ ਹੈ)।
‘ਕੈ’ ਸੰਗਤਿ ਕਰਿ ਸਾਧ ਕੀ ‘ਕੈ’ ਹਰਿ ਕੇ ਗੁਨ ਗਾਇ ॥ (ਭਗਤ ਕਬੀਰ/੧੩੬੫)
ਅਰਥ : ਭਾਵੇਂ ਗੁਰੂ ਦੀ ਸੰਗਤ ਕਰ ਜਾਂ ਰੱਬ ਦੇ ਗੁਣ ਗਾ (ਅਨੰਦਿਤ ਹੋ ਜਾਏਂਗਾ)।
ਮਨ ਕੀ ਬਿਰਥਾ, ਮਨੁ ਹੀ ਜਾਨੈ ‘ਕੈ’ ਬੂਝਲ ਆਗੈ ਕਹੀਐ ॥ (ਭਗਤ ਨਾਮਦੇਵ/੧੩੫੦)
ਅਰਥ : ਮਨ ਦੀ ਪੀੜਾ ਮਨ ਹੀ ਜਾਣਦਾ ਹੈ ਜਾਂ ਮਨ ਦੀ ਪੀੜਾ ਨੂੰ ਬੁਝਣ ਵਾਲੇ (ਗੁਰੂ) ਅੱਗੇ ਬਿਆਨ ਕਰਨਾ ਬਣਦਾ ਹੈ (ਨਾ ਕਿ ਐਰੇ-ਗੈਰੇ ਕੋਲ਼)।
ਸੋ ਉਕਤ ਸਮੁੱਚੀ ਵਿਚਾਰ ਦਾ ਤੱਤ-ਸਾਰ ਇਹ ਮਿਲਦਾ ਹੈ :
(1). ‘ਕੈ’ ਤੋਂ ਅਗੇਤਰ ‘ਨਾਂਵ ਜਾਂ ਪੜਨਾਂਵ’ ਹੋਵੇ ਅਤੇ ਪਿਛੇਤਰ ਵੀ ਦੁਲਾਵਾਂ ਅੰਤ ਜਾਂ ਸਿਹਾਰੀ ਅੰਤ ਨਾਂਵ ਹੋਣ ਤਾਂ ‘ਕੈ’ ਸੰਬੰਧਕੀ ਚਿੰਨ੍ਹ ਵਜੋਂ ‘ਦੇ’ ਅਰਥ ਦਿੰਦਾ ਹੈ; ਜਿਵੇਂ ਕਿ ‘ਪ੍ਰਭ ਕੈ ਸਿਮਰਨਿ’। ਇੱਥੇ ‘ਕੈ’ ਤੋਂ ਅਗੇਤਰ (ਪ੍ਰਭ) ਅਤੇ ਪਿਛੇਤਰ (ਸਿਮਰਨਿ) ਦੋਵੇਂ ਨਾਂਵ ਹਨ।
(2). ਕਿਰਿਆ ਵਿਸ਼ੇਸ਼ਣ (ਸਿਹਾਰੀ ਅੰਤ) ’ਚੋ ਲੁਪਤਂ ‘ਕੇ’ ਅਰਥ ਮਿਲਣਾ ਹੁੰਦਾ ਹੈ; ਜਿਵੇਂ ‘ਸੁਣਿ’ (ਕੇ) ਵਡਾ ਆਖੈ ਸਭੁ ਕੋਇ ॥ (ਸੋ ਦਰੁ/ਮਹਲਾ ੧), ਪਰ ਕਾਵਿ ਤੋਲ ਪੂਰਾ ਕਰਨ ਲਈ ਪ੍ਰਗਟ ਰੂਪ ਵਿੱਚ ‘ਕੇ’ ਲਿਖਣਾ ਪਵੇ ਤਾਂ ‘ਕੇ’ ਦੀ ਥਾਂ ‘ਕੈ’ ਲਿਖਿਆ ਜਾਂਦਾ ਹੈ; ਜਿਵੇਂ ਕਿ ‘ਸੁਣਿ ਕੈ’, ਨਾ ਕਿ ‘ਸਣਿ ਕੇ’।
(3). ਕੈ ਦੇ ਅਗੇਤਰ ਕੋਈ ਸੰਯੁਕਤ ਸ਼ਬਦ ਨਾ ਹੋਵੇ ਪਰ ਪਿਛੇਤਰ ਸਿਹਾਰੀ ਅੰਤ ਨਾਂਵ ਹੋਵੇ ਤਾਂ ‘ਕੈ’; ਪ੍ਰਸ਼ਨ ਵਾਚਕ ਪੜਨਾਂਵੀ ਵਿਸ਼ੇਸ਼ਣ ਹੁੰਦਾ ਹੈ; ਜਿਵੇਂ ਕਿ ‘ਕੈ ਗਲਿ’ ਭਾਵ ਕਿਸ ਗਲ਼ ਨਾਲ ? ਇੱਥੇ ‘ਕੈ’ ਨੇ ਭੀ ਲੁਪਤ ‘ਨਾਲ਼’ ਸੰਬੰਧਕੀ ਅਰਥ ਦਿੱਤੇ ਹਨ ਅਤੇ ‘ਗਲਿ’ ਦੀ ਸਿਹਾਰੀ ਅੰਤ ਨੇ ਭੀ। ਇਸ ਲਈ ਇਨ੍ਹਾਂ ਦੋਵਾਂ ਦੀ ਸੰਧੀ ਹੋਈ ਹੈ।
(4). ਦੋ ਸ਼ਬਦਾਂ ਜਾਂ ਦੋ ਵਾਕਾਂ ਵਿਚਕਾਰ ਯੋਜਕ ਬਣ ਕੇ ‘ਕੈ’ ਸ਼ਬਦ ਆਉਂਦਾ ਹੈ; ਜਿਵੇਂ ਕਿ ‘ਆਜੁ ਕੈ ਕਾਲਿ’ ਭਾਵ ਅੱਜ ਜਾਂ ਕੱਲ੍ਹ। ਧਿਆਨ ਰਹੇ ਕਿ ਇਸ ਨਿਯਮ ’ਚ ‘ਕੈ’ ਦਾ ਸਿੱਧਾ ਸੰਬੰਧ ਅਗੇਤਰ ਜਾਂ ਪਿਛੇਤਰ ਕਿਸੇ ਖ਼ਾਸ ਨਾਂਵ/ਪੜਨਾਂਵ ਨਾਲ ਨਹੀਂ ਹੁੰਦਾ। ਇਹ ਕੇਵਲ ਵਾਕ ਨੂੰ ਜੋੜਦਾ ਹੁੰਦਾ ਹੈ, ਇਸ ਲਈ ‘ਆਜੁ’ ਦਾ ਔਂਕੜ ਅੰਤ ਅਤੇ ‘ਕਾਲਿ’ ਦੀ ਸਿਹਾਰੀ ਅੰਤ ਨਾਲ਼ ਇਸ ਦਾ ਕੋਈ ਭੀ ਵਿਆਕਰਨਿਕ ਸੰਬੰਧ ਨਹੀਂ ਤਾਹੀਓਂ ‘ਆਜੁ’ ਅਤੇ ‘ਕਾਲਿ’ ਦੀ ਬਣਤਰ ਆਪਣੇ ਅਸਲ ਰੂਪ ਵਿੱਚ ਹੈ ਭਾਵ ਜਿੱਥੇ ‘ਕੈ’ ਨਹੀਂ ਭੀ ਹੁੰਦਾ ਓਥੇ ਭੀ ਇਨ੍ਹਾਂ ਦੋਵਾਂ ਦਾ ਸਰੂਪ ਇਹੀ ਹੁੰਦਾ ਹੈ; ਜਿਵੇਂ ਕਿ ‘ਆਜੁ’ ਹਮਾਰੈ ਗ੍ਰਿਹਿ ਬਸੰਤ ॥ (ਮਹਲਾ ੫/੧੧੮੦), ਕਬੀਰ ! ‘ਕਾਲਿ’ ਕਰੰਤਾ ਅਬਹਿ ਕਰੁ; ਅਬ ਕਰਤਾ ਸੁਇ ਤਾਲ ॥ (ਭਗਤ ਕਬੀਰ/੧੩੭੧) ਆਦਿ।