ਗੁਰ ਪਰਸਾਦਿ ਸਹਜ ਘਰੁ ਪਾਇਆ

0
50

ਗੁਰ ਪਰਸਾਦਿ ਸਹਜ ਘਰੁ ਪਾਇਆ

ਪ੍ਰਿੰਸੀਪਲ ਹਰਭਜਨ ਸਿੰਘ (ਰੋਪੜ)

ਆਸਾ ਮਹਲਾ ਦੁਪਦਾ

ਸਾਧੂ ਸੰਗਿ ਸਿਖਾਇਓ ਨਾਮੁ ਸਰਬ ਮਨੋਰਥ ਪੂਰਨ ਕਾਮ

ਬੁਝਿ ਗਈ ਤ੍ਰਿਸਨਾ; ਹਰਿ ਜਸਹਿ ਅਘਾਨੇ ਜਪਿ ਜਪਿ ਜੀਵਾ, ਸਾਰਿਗਪਾਨੇ

ਕਰਨ ਕਰਾਵਨ ਸਰਨਿ ਪਰਿਆ ॥ ਗੁਰ ਪਰਸਾਦਿ ਸਹਜ ਘਰੁ ਪਾਇਆ; ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ ॥

ਲਾਲ ਜਵੇਹਰ ਭਰੇ ਭੰਡਾਰ ਤੋਟਿ ਆਵੈ; ਜਪਿ ਨਿਰੰਕਾਰ

ਅੰਮ੍ਰਿਤ ਸਬਦੁ ਪੀਵੈ; ਜਨੁ ਕੋਇ ਨਾਨਕ  ! ਤਾ ਕੀ ਪਰਮ ਗਤਿ ਹੋਇ (ਮਹਲਾ /੩੯੪)

ਵਿਚਾਰ ਅਧੀਨ ਇਹ ਪਵਿੱਤਰ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰ. 394 ’ਤੇ ਆਸਾ ਰਾਗ ਵਿਚ ਦਰਜ ਹੈ। ਸ਼ਬਦ ਦੀਆਂ ‘ਰਹਾਉ’ ਵਾਲੀ ਪੰਕਤੀ ਰਾਹੀਂ ਗੁਰਦੇਵ ਜੀ ਸਮਝਾਉਂਦੇ ਹਨ ਕਿ ਹੇ ਭਾਈ ! ਜਿਹੜਾ ਵੀ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪ੍ਰਮਾਤਮਾ ਦੀ ਸ਼ਰਨ ਪੈ ਜਾਂਦਾ ਹੈ, ਜੋ ਸਭ ਕੁਝ ਕਰਨ ਤੇ ਕਰਾਉਣ ਦੀ ਤਾਕਤ ਰੱਖਦਾ ਹੈ, ਉਹ ਮਨੁੱਖ ਐਸਾ ਆਤਮਕ ਟਿਕਾਣਾ ਲੱਭ ਲੈਂਦਾ ਹੈ, ਜਿੱਥੇ ਸਦਾ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ। ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨ੍ਹੇਰਾ ਦੂਰ ਹੋ ਜਾਂਦਾ ਹੈ ਤੇ ਉਸ ਦੇ ਅੰਦਰ ਮਾਨੋ ਚੰਦ ਚੜ੍ਹ ਪੈਂਦਾ ਹੈ ਭਾਵ ਆਤਮਕ ਜੀਵਨ ਦੀ ਰੌਸ਼ਨੀ ਹੋ ਜਾਂਦੀ ਹੈ। ‘ਰਹਾਉ’ ਵਾਲੀ ਪੰਕਤੀ ਹੈ, ‘‘ਕਰਨ ਕਰਾਵਨ ਸਰਨਿ ਪਰਿਆ ਗੁਰ ਪਰਸਾਦਿ ਸਹਜ ਘਰੁ ਪਾਇਆ; ਮਿਟਿਆ ਅੰਧੇਰਾ ਚੰਦੁ ਚੜਿਆ ਰਹਾਉ ’’

ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਗ੍ਰੰਥ ਦੇ ਪੰਨਾ ਨੰਬਰ 137 ਉੱਪਰ ‘ਸਹਜ’ ਸ਼ਬਦ ਦੇ ਕਈ ਅਰਥ ਲਿਖੇ ਹਨ, ਜੋ ਕਿ ਪ੍ਰਕਰਣ ਅਨੁਸਾਰ ਕਰਨੇ ਠੀਕ ਹਨ, ਪਰ ਵਿਚਾਰ ਅਧੀਨ ਸ਼ਬਦ ਵਿਚ ‘ਸਹਜ’ ਦੇ ਅਰਥ ‘ਅਨੰਦ’ ਜਾਂ ‘ਆਤਮਕ ਅਡੋਲਤਾ’ ਹੀ ਢੁੱਕਦੇ ਹਨ। ਸੰਸਾਰ ਵਿਚ ਹਰ ਮਨੁੱਖ ਇਹ ਚਾਹੁੰਦਾ ਹੈ ਕਿ ਮੈਨੂੰ ਅਨੰਦ ਦੀ ਪ੍ਰਾਪਤੀ ਹੋ ਜਾਵੇ ਜਾਂ ਮੇਰੇ ਜੀਵਨ ਵਿਚ ਸਹਜ ਆ ਜਾਵੇ, ਪਰ ਸਵਾਲ ਇਹ ਹੈ ਕਿ ‘ਸਹਜ’ ਜਾਂ ‘ਅਨੰਦ’ ਮਿਲੇਗਾ ਕਿੱਥੋਂ ? ਜਿਹੜਾ ਜਗਿਆਸੂ ਬਣ ਕੇ ਇਸ ਦੀ ਖੋਜ ਵਿਚ ਨਿਕਲ ਪੈਂਦਾ ਹੈ, ਇਕ ਨ ਇਕ ਦਿਨ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦਾ ਹੈ। ਬਾਬਾ ਅਮਰਦਾਸ ਜੀ ਦਾ ਗੁਰੂ ਮਿਲਾਪ ਤੋਂ ਪਹਿਲਾਂ ਜੀਵਿਆ ਹੋਇਆ ਜੀਵਨ ਬੇਸ਼ਕ ਕਰਮਕਾਂਡੀ ਸੀ, ਪਰ ਮਨ ਵਿੱਚ ਤਾਂਘ ਸੀ ਕਿ ਕਦੀਂ ਤਾਂ ਅਨੰਦ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਅਕਾਲ ਪੁਰਖ ਦੀ ਕਿਰਪਾ ਸਦਕਾ ਉਹ ਸਮਾਂ ਆਇਆ ਜਦੋਂ ਪੂਰੇ ਗੁਰੂ, ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਹੋਇਆ। ਇਹ ਮਿਲਾਪ ਕੇਵਲ ਬਾਹਰਮੁਖੀ ਨਹੀਂ ਬਲਕਿ ਅੰਤਰਮੁਖੀ ਸੀ। ਸਤਿਗੁਰੂ ਜੀ ਦੇ ਮਿਲਾਪ ਦਾ ਅਸਰ, ਜੋ ਬਾਬਾ ਅਮਰਦਾਸ ਜੀ ਦੇ ਜੀਵਨ ’ਤੇ ਹੋਇਆ, ਉਹ ਸੱਚ-ਮੁੱਚ ਆਪਣੇ ਆਪ ਵਿਚ ਇਕ ਕਰਾਮਾਤ ਹੀ ਹੈ। ਆਏ ਤਾਂ ਇਸ ਲਈ ਸਨ ਕਿ ਗੁਰੂ ਦੀ ਕਿਰਪਾ ਸਦਕਾ ਮੇਰੇ ਜੀਵਨ ਵਿੱਚ ਆਤਮਕ ਅਡੋਲਤਾ ਬਣ ਜਾਏ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਸਤਿਗੁਰੂ ਜੀ ਨੇ ਮੈਨੂੰ ਇਸ ਯੋਗ ਬਣਾ ਦੇਣਾ ਹੈ ਕਿ ਮੇਰੇ ਦੁਆਰਾ ਕਈਆਂ ਦਾ ਜੀਵਨ ਸੰਵਰ ਜਾਣਾ ਹੈ। ਜਦ ਆਪ ਜੀ ਗੁਰਗੱਦੀ ’ਤੇ ਵਿਰਾਜਮਾਨ ਹੋਏ ਤਾਂ ‘ਧੁਰ ਕੀ ਬਾਣੀ’ ਰਾਹੀਂ ਗੁਰੂ ਦੀ ਬਖ਼ਸ਼ਸ਼ ਦਾ ਇਸ ਤਰ੍ਹਾਂ ਵਰਣਨ ਕੀਤਾ, ‘‘ਗਿਆਨ ਰਤਨਿ; ਸਭ ਸੋਝੀ ਹੋਇ ਗੁਰ ਪਰਸਾਦਿ ਅਗਿਆਨੁ ਬਿਨਾਸੈ; ਅਨਦਿਨੁ ਜਾਗੈ, ਵੇਖੈ ਸਚੁ ਸੋਇ ਰਹਾਉ (ਮਹਲਾ /੩੬੪), ਸਬਦਿ ਮਰੈ; ਤਿਸੁ ਸਦਾ ਅਨੰਦ ਸਤਿਗੁਰ ਭੇਟੇ ਗੁਰ ਗੋਬਿੰਦ ਨਾ ਫਿਰਿ ਮਰੈ; ਆਵੈ ਜਾਇ ਪੂਰੇ ਗੁਰ ਤੇ ਸਾਚਿ ਸਮਾਇ (ਮਹਲਾ /੩੬੪), ਸਤਿਗੁਰ ਵਿਚਿ ਵਡੀ ਵਡਿਆਈ ਚਿਰੀ ਵਿਛੁੰਨੇ ਮੇਲਿ ਮਿਲਾਈ ’’ (ਮਹਲਾ /੩੬੧), ਆਦਿ। ਗੁਰਬਾਣੀ ਦੀਆਂ ਇਨ੍ਹਾਂ ਪੰਕਤੀਆਂ ਨੂੰ ਪੜ੍ਹ ਕੇ, ਵਿਚਾਰਦਿਆਂ ਬੋਧ ਹੁੰਦਾ ਹੈ ਕਿ ਗੁਰੂ ਦੀ ਕਿਰਪਾ ਤੋਂ ਬਗ਼ੈਰ ਜੀਵਨ ਵਿਚ ਸਹਜ ਨਹੀਂ ਆ ਸਕਦਾ। ਰਾਮਕਲੀ ਰਾਗ ਵਿੱਚ ਉਚਾਰਨ ਕੀਤੀ ਹੋਈ ਆਪ ਜੀ ਦੀ ‘ਅਨੰਦੁ’ ਬਾਣੀ, ਜੋ ਕਿ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਲੱਗਿਆਂ ਪੜ੍ਹੀ ਜਾਂਦੀ ਹੈ। ਉਸ ਵਿਚ ਵੀ ਆਪ ਜੀ ਨੇ ਵਿਸਥਾਰ ਸਹਿਤ 40 ਪਉੜੀਆਂ ਦੁਆਰਾ ਇਹ ਸਮਝਾਇਆ ਕਿ ‘ਅਨੰਦ’ ਜਾਂ ‘ਸਹਜ’ ਕਿਸ ਨੂੰ ਆਖਦੇ ਹਨ ਅਤੇ ਇਸ ਨੂੰ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਨਾ ਤਾਂ ਕੇਵਲ ਕਹਿਣ ਨਾਲ ਮਿਲ ਸਕਦਾ ਹੈ ਅਤੇ ਨਾ ਹੀ ਕਰਮਕਾਂਡਾਂ ਨਾਲ; ਜਿਵੇਂ ਕਿ ਬਚਨ ਹਨ, ‘‘ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆ ’’ (ਮਹਲਾ /੯੧੭), ਸਹਿਜ ਬਾਰੇ ਆਪ ਜੀ ਨੇ ਫ਼ੁਰਮਾਇਆ ਕਿ ‘‘ਕਰਮੀ ਸਹਜੁ ਊਪਜੈ; ਵਿਣੁ ਸਹਜੈ, ਸਹਸਾ ਜਾਇ ਨਹ ਜਾਇ ਸਹਸਾ, ਕਿਤੈ ਸੰਜਮਿ; ਰਹੇ ਕਰਮ ਕਮਾਏ ’’ (ਮਹਲਾ /੯੧੯), ਇਸੇ ਪਉੜੀ ਦੇ ਅਖੀਰ ਵਿੱਚ ਬਚਨ ਹਨ, ‘‘ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ; ਇਹੁ ਸਹਸਾ ਇਵ ਜਾਇ ੧੮’’ (ਮਹਲਾ /੯੧੯)

 ਜਿਸ ਹਿਰਦੇ ਵਿੱਚ ‘ਸਹਜ’ ਹੈ, ਉੱਥੇ ਅਗਿਆਨਤਾ ਦਾ ਹਨ੍ਹੇਰਾ ਹੋ ਹੀ ਨਹੀਂ ਸਕਦਾ; ਜਿਵੇਂ ਪੂਰਨਮਾਸ਼ੀ ਦਾ ਚੰਦ੍ਰਮਾ, ਰਾਤ ਦੇ ਹਨ੍ਹੇਰੇ ਨੂੰ ਦੂਰ ਕਰ ਦੇਂਦਾ ਹੈ; ਤਿਵੇਂ ਗੁਰੂ ਦੀ ਕਿਰਪਾ ਜਿਸ ਮਨੁੱਖ ’ਤੇ ਹੋ ਜਾਏ, ਉਸ ਦੇ ਅੰਦਰ ਆਤਮਕ ਪ੍ਰਕਾਸ਼ ਹੋ ਜਾਂਦਾ ਹੈ। ਮਨੁੱਖ ਡੋਲਦਾ ਜਾਂ ਡਿੱਗਦਾ ਹਨ੍ਹੇਰੇ ਸਦਕਾ ਹੀ ਹੈ, ਇਸੇ ਲਈ ਸਤਿਗੁਰੂ ਜੀ ਸ਼ਬਦ ਦੇ ਪਹਿਲੇ ਪਦੇ ਦੁਆਰਾ ਫ਼ੁਰਮਾ ਰਹੇ ਹਨ, ‘‘ਸਾਧੂ ਸੰਗਿ ਸਿਖਾਇਓ ਨਾਮੁ ਸਰਬ ਮਨੋਰਥ ਪੂਰਨ ਕਾਮ ਬੁਝਿ ਗਈ ਤ੍ਰਿਸਨਾ; ਹਰਿ ਜਸਹਿ ਅਘਾਨੇ ਜਪਿ ਜਪਿ ਜੀਵਾ; ਸਾਰਿਗਪਾਨੇ ’’ ਭਾਵ ਹੇ ਭਾਈ ! ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਜੀ ਆਪਣੀ ਸੰਗਤ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸਿਮਰਨਾ ਸਿਖਾਉਂਦੇ ਹਨ, ਉਨ੍ਹਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਉਹ ਪਰਮਾਤਮਾ ਦੀ ਸਿਫਤਿ ਸਲਾਹ ਵਿਚ ਟਿਕ ਕੇ ਮਾਇਆ ਵੱਲੋਂ ਰੱਜੇ ਰਹਿੰਦੇ ਹਨ। ਹੇ ਭਾਈ ! ਮੈਂ ਵੀ ਜਿਉਂ ਜਿਉਂ ਪਰਮਾਤਮਾ ਦਾ ਨਾਮ ਜਪਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਆਤਮਕ ਅਡੋਲਤਾ ਵਾਲਾ ਜੀਵਨ ਜਾਂ ਸਹਜ ਵਾਲ਼ਾ ਹਿਰਦਾ ਜਦੋਂ ਕਿਸੇ ਜਗਿਆਸੂ ਨੂੰ ਪ੍ਰਾਪਤ ਹੁੰਦਾ ਹੈ ਤਾਂ ਉਸ ਵਿੱਚ ਕਿਸੇ ਕਿਸਮ ਦੀ ਭਟਕਣਾ ਅਤੇ ਤ੍ਰਿਸ਼ਨਾ ਨਹੀਂ ਰਹਿੰਦੀ ਕਿਉਂਕਿ ਗੁਰੂ ਦੀ ਬਖ਼ਸ਼ਸ਼ ਦੁਆਰਾ ਪ੍ਰਾਪਤ ਹੋਇਆ ਪਰਮੇਸ਼ਰ ਦਾ ਨਾਮ, ਉਸ ਦੇ ਹਿਰਦੇ ਵਿੱਚ ਟਿਕ ਜਾਂਦਾ ਹੈ।

ਆਸਾ ਰਾਗ ਵਿੱਚ ਹੀ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ਕਿ ਹੇ ਭਾਈ ! ਉਸ ਮਾਲਕ ਪ੍ਰਭੂ ਦੇ ਨਾਮ ਨੂੰ ਸਦਾ ਜਪਣਾ ਚਾਹੀਦਾ ਹੈ, ਜੋ ਸਾਰੇ ਗੁਣਾਂ ਦਾ ਖ਼ਖ਼ਾਨਾ ਹੈ, ਜੋ ਸਦਾ ਅਨੰਦ ਦਾ ਸੋਮਾ ਹੈ। ਹੇ ਭਾਈ ! ਉਸ ਪਿਆਰੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ, ਜਿਸ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਨ ਵਿਚ ਵਸਾ ਹੁੰਦਾ ਹੈ। ਆਪ ਜੀ ਦਾ ਫ਼ੁਰਮਾਨ ਹੈ, ‘‘ਸਦਾ ਅਨੰਦ ਅਨੰਦੀ ਸਾਹਿਬੁ; ਗੁਨ ਨਿਧਾਨ ਨਿਤ ਨਿਤ ਜਾਪੀਐ ਬਲਿਹਾਰੀ ਤਿਸੁ ਸੰਤ ਪਿਆਰੇ; ਜਿਸੁ ਪ੍ਰਸਾਦਿ, ਪ੍ਰਭੁ ਮਨਿ ਵਾਸੀਐ ਰਹਾਉ ’’ (ਮਹਲਾ /੩੯੫)

   ਵਿਚਾਰ ਅਧੀਨ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿਚ ਸਤਿਗੁਰੂ ਜੀ ਫ਼ੁਰਮਾਉਂਦੇ ਹਨ, ‘‘ਲਾਲ ਜਵੇਹਰ ਭਰੇ ਭੰਡਾਰ ਤੋਟਿ ਆਵੈ; ਜਪਿ ਨਿਰੰਕਾਰ ਅੰਮ੍ਰਿਤ ਸਬਦੁ ਪੀਵੈ; ਜਨੁ ਕੋਇ ਨਾਨਕ  ! ਤਾ ਕੀ ਪਰਮ ਗਤਿ ਹੋਇ ’’ ਭਾਵ ਹੇ ਨਾਨਕ ! ਉੱਚੇ ਆਤਮਕ ਜੀਵਨ ਵਾਲੇ ਗੁਣ ਮਾਨੋਂ ਹੀਰੇ ਜਵਾਹਰ ਹਨ। ਪਰਮਾਤਮਾ ਦਾ ਨਾਮ ਜਪ ਕੇ ਮਨੁੱਖ ਦੇ ਅੰਦਰ ਇਨ੍ਹਾਂ ਦੇ ਖ਼ਜ਼ਾਨੇ ਭਰ ਜਾਂਦੇ ਹਨ ਤੇ ਕਦੇ ਥੁੜ ਨਹੀਂ ਹੁੰਦੀ। ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਜਲ ਹੈ, ਜੋ ਵੀ ਮਨੁੱਖ ਇਹ ਨਾਮ-ਜਲ ਪੀਂਦਾ ਹੈ, ਉਸ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। ਇਸੇ ਅਵਸਥਾ ਦਾ ਨਾਮ ‘ਸਹਜ ਘਰ’ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਕਥਨ ਹੈ, ‘‘ਗੁਰਮੁਖਿ ਸਚਾ ਪੰਥੁ ਹੈ; ਸਿਖੁ ਸਹਜ ਘਰਿ ਜਾਇ ਖਲੋਵੈ’’ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ )

ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਵੀ ਜ਼ਿੰਦਗੀ ਨਾਮਹ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਜੇਕਰ ਤੈਂ ਜੀਵਨ ਦੇ ਨਿਸ਼ਾਨੇ ’ਤੇ ਪੁੱਜਣਾ ਹੈਂ ਤਾਂ ਤੇਰੇ ਲਈ ਰੱਬ ਦੀ ਬੰਦਗੀ ਕਰਨਾ ਹੀ ਉਚਿਤ ਹੈ, ‘‘ਗਰ ਨਿਸ਼ਾਨਿ ਜ਼ਿੰਦਗੀ ਮੀਬਾਇਦਤ ਬੰਦਗੀਇ ਹੱਕ ਤੁਰਾ ਮੀਸ਼ਾਇਦਤ੪੭੬’’