ਗੁਰਮਤਿ ਦਾ ਗ੍ਰਹਿਸਤ ਧਰਮ (ਚਾਰ ਲਾਵਾਂ)

0
978

ਗੁਰਮਤਿ ਦਾ ਗ੍ਰਹਿਸਤ ਧਰਮ

ਗਿਆਨੀ ਅਵਤਾਰ ਸਿੰਘ

ਗ੍ਰਹਿਸਤ ਜੀਵਨ, ਕੁਦਰਤ ਦੇ ਵਿਕਾਸ ਵਿੱਚ ਜਿੱਥੇ ਆਪਣਾ ਬਣਦਾ ਯੋਗਦਾਨ ਪਾਉਂਦਾ ਹੈ ਉੱਥੇ ਸਮਾਜਿਕ ਸੰਘਰਸ਼ਮਈ ਜੀਵਨ ਦੀ ਬੁਨਿਆਦ ਵੀ ਰੱਖਦਾ ਹੈ।  ਗ੍ਰਹਿਸਤ ਵਿਹੂਣਾ (ਤਿਆਗੀ) ਮਨੁੱਖਾ ਜੀਵਨ; ਸਮਾਜਿਕ ਜ਼ਿੰਮੇਵਾਰੀਆਂ ਤੋਂ ਭਗੌੜਾ ਤੇ ਕਿਰਤ ਵਿਹੂਣਾ ਹੋਣ ਕਾਰਨ ਕਿਸੇ ਸਮਾਜਿਕ ਸੰਘਰਸ਼ ’ਚ ਆਪਣਾ ਬਣਦਾ ਯੋਗਦਾਨ ਨਹੀਂ ਪਾਉਂਦਾ ਕਿਉਂਕਿ ਮਨ ’ਚ ਸਦਾ ਡਰਪੋਕਤਾ ਜਨਮ ਲੈਂਦੀ ਰਹਿੰਦੀ ਹੈ ਭਾਵੇਂ ਕਿ ਗ੍ਰਹਿਸਤ ਦਾ ਤਿਆਗ ਕਰਨ ਵਾਲ਼ਾ, ਆਪ ਵੀ ਭੁੱਖ ਨੂੰ ਸ਼ਾਂਤ ਕਰਨ ਲਈ ਤੇ ਤਨ ਨੂੰ ਢੱਕਣ ਲਈ ਗ੍ਰਹਿਸਤੀ, ਕਿਰਤੀ ਤੇ ਸੰਘਰਸ਼ਮਈ ਕਿਰਦਾਰਾਂ (ਪਰਵਾਰਾਂ) ’ਤੇ ਹੀ ਨਿਰਭਰ ਹੁੰਦਾ ਹੈ, ‘‘ਹੋਇ ਅਤੀਤੁ (ਸੰਨਿਆਸੀ), ਗ੍ਰਿਹਸਤਿ ਤਜਿ (ਕੇ); ਫਿਰਿ ਉਨਹੁ ਕੇ ਘਰਿ, ਮੰਗਣਿ ਜਾਈ।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੦)

ਗੁਰਮਤਿ ਨੇ ਗ੍ਰਹਿਸਤ ਜੀਵਨ ਨੂੰ ਧਰਮ ਦਾ ਅਟੁੱਟ ਅੰਗ ਮੰਨਿਆ ਹੈ ਤਾਂ ਜੋ ਇਨਸਾਫ਼ (ਹੱਕ-ਹਲਾਲ), ਮਿਹਨਤ, ਸਵੈਮਾਣ, ਪਰਉਪਕਾਰੀ ਆਦਿ ਗੁਣ ਪੈਦਾ ਹੁੰਦੇ ਰਹਿਣ।  ਪਤੀ-ਪਤਨੀ ਦੇ ਮਜ਼ਬੂਤ ਸਬੰਧ ਹੀ ਸੁਚੱਜੇ ਗ੍ਰਹਿਸਤ ਜੀਵਨ ਦਾ ਆਧਾਰ ਬਣਦੇ ਹਨ। ਗੁਰਬਾਣੀ ਨੇ ਰੱਬ ਨੂੰ ਪਤੀ ਅਤੇ ਜੀਵਾਤਮਾ ਨੂੰ ਔਰਤ ਮੰਨ ਕੇ ਭਗਤੀ ਰਾਹੀਂ ਬਣਦੇ ਆਪਸੀ ਦ੍ਰਿੜ੍ਹ ਸਬੰਧਾਂ ਦੀ ਮਿਸਾਲ ਨਾਲ਼ ਪਤੀ-ਪਤਨੀ ਦੇ ਸਮਾਜਿਕ ਰਿਸ਼ਤੇ ਨੂੰ ਮਜ਼ਬੂਤੀ ਬਖ਼ਸ਼ੀ ਹੈ।  ਰੱਬ ਤੇ ਜੀਵਾਤਮਾ ਦਾ ਸਬੰਧ ਆਦਿ ਤੋਂ ਅੰਤ ਕਾਲ ਤੱਕ ਨਿਭਦਾ ਹੋਣ ਕਾਰਨ ਪਤੀ-ਪਤਨੀ ਦੇ ਸਬੰਧਾਂ ਨੂੰ ਵੀ ਇਸ ਦੇ ਤੁਲ ਰੱਖਿਆ ਗਿਆ ਹੈ।

ਸਿੱਖ ਰਹਿਤ ਮਰਿਆਦਾ ਦੇ ਸ਼ਖ਼ਸੀ ਰਹਿਣੀ ’ਚ ‘ਗੁਰਮਤਿ ਦੀ ਰਹਿਣੀ’  (ਭਾਗ 2) ਅੰਦਰ ਤਿੰਨ ਸੰਸਕਾਰ (1). ਜਨਮ ਤੇ ਨਾਮ ਸੰਸਕਾਰ (2). ਅਨੰਦ ਸੰਸਕਾਰ (3). ਮਿਰਤਕ ਸੰਸਕਾਰ, ਦਰਜ ਹਨ।  ਕਿਸੇ ਅਨੁਭਵੀ ਗ੍ਰਹਿਸਤੀ ਗੁਰਸਿੱਖ ਪਾਸੋਂ ਇੱਕ ਬੀਬੀ ਨੇ ਸਵਾਲ ਪੁੱਛਿਆ ਕਿ ਅੰਮ੍ਰਿਤਪਾਨ ਕਦੋਂ ਕਰਨਾ ਚਾਹੀਦਾ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਬੱਚਾ ਪੈਦਾ ਹੋਣ ਤੋਂ 20 ਕੁ ਸਾਲ ਪਹਿਲਾਂ।  ਇਹ ਇਸ਼ਾਰਾ ਲੜਕਾ ਲੜਕੀ ਦੇ ਵਿਆਹ ਤੋਂ ਕਈ ਸਾਲ ਪਹਿਲਾਂ ਅੰਮ੍ਰਿਤਧਾਰੀ ਹੋਣ ਵੱਲ ਸੀ ਤਾਂ ਜੋ ਆਪਣੇ ਪਹਿਲੇ ਬੱਚੇ ਦੇ ਜਨਮ ਸਮੇਂ; ਨਾਮ ਸੰਸਕਾਰ ਰੀਤੀ ਵੀ ਗੁਰਮਤਿ ਅਨੁਸਾਰ ਨਿਭਾਈ ਜਾ ਸਕੇ, ਇਸ ਲਈ ਸਿੱਖ ਰਹਿਤ ਮਰਿਆਦਾ ’ਚ ‘ਜਨਮ ਤੇ ਨਾਮ ਸੰਸਕਾਰ’ ਨੂੰ ਬਚਪਨ ਦਾ ਸੰਯੁਕਤ (ਸਾਂਝਾ) ਸੰਸਕਾਰ ਮੰਨਿਆ ਗਿਆ ਹੈ।

ਗੁਰਸਿੱਖ ਪ੍ਰਾਣੀ ਦਾ ਸਰੀਰ ਆਪਣੇ ਤਿੰਨੇ ਸੰਸਕਾਰਾਂ ’ਚ ਸ਼ਾਮਲ ਜ਼ਰੂਰ ਹੁੰਦਾ ਹੈ ਪਰ ਆਪਣੇ ਦੋ ਸੰਸਕਾਰਾਂ (ਪਹਿਲੇ ਤੇ ਤੀਸਰੇ) ’ਚ ਆਪਣੀ ਸੋਚ ਮੁਤਾਬਕ ਕੋਈ ਸੁਝਾਅ ਨਹੀਂ ਦੇ ਸਕਦਾ ਭਾਵ ਪਹਿਲੇ (ਜਨਮ ਤੇ ਨਾਮ) ਸੰਸਕਾਰ ਅਤੇ ਤੀਸਰੇ (ਮਿਰਤਕ) ਸੰਸਕਾਰ ਨੂੰ ਪਰਵਾਰਿਕ ਮਾਹੌਲ (ਸੋਚ) ਨੇ ਨਿਭਾਉਣਾ ਹੁੰਦਾ ਹੈ।  ਅਗਰ ਪਰਵਾਰ ਗੁਰੂ ਸਿੱਖਿਆ ਤੋਂ ਸੱਖਣਾ ਹੈ ਤਾਂ ਹਰ ਸਿੱਖ ਬੱਚੇ ਦਾ ਅਰੰਭਕ ਤੇ ਅੰਤਮ ਸਮਾਂ ਗ਼ੈਰ ਸਿੱਖ ਰਸਮਾਂ ’ਚ ਉਲਝ ਕੇ ਰਹਿ ਜਾਏਗਾ ਭਾਵੇਂ ਕਿ ਉਹ ਬਾਕੀ ਪੂਰੀ ਜ਼ਿੰਦਗੀ ’ਚ ਕਿੰਨਾ ਵੀ ਗੁਰਮਤਿ ਅਨੁਸਾਰੀ ਜੀਵਨ ਭੋਗਣ ’ਚ ਸਫਲ ਰਿਹਾ ਹੋਵੇ, ਪਰ ਹਾਂ ਅਗਰ ਅਨੰਦ ਸੰਸਕਾਰ, ਜਿਸ ਵਿੱਚ ਬੰਦਾ ਖ਼ੁਦ ਆਪਣੇ ਸੁਝਾਅ ਦੇ ਸਕਦਾ ਹੈ, ਨੂੰ ਸੋਚ-ਵਿਚਾਰ ਕੇ ਅਨੰਦ ਸੰਸਕਾਰ ਅਧੀਨ ਆਉਂਦੇ ਸਿਧਾਂਤ ਨੂੰ ਅਪਣਾਅ ਲਏ ਤਾਂ ਅਗਾਂਹ ਆਪਣੀ ਔਲਾਦ ਦਾ ਨਾਮ ਸੰਸਕਾਰ ਤੇ ਆਪਣਾ ਮਿਰਤਕ ਸੰਸਕਾਰ ਗੁਰਮਤਿ ਅਨੁਸਾਰੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਅਜੋਕੇ ਸਮਾਜਿਕ ਜੀਵਨ ’ਚੋਂ ਗੁਰਸਿੱਖ ਜੀਵਨ (ਪਰਵਾਰ) ਲੱਭਣਾ ਤੇ ਉਸ ਦੀ ਸੋਚ ਨੂੰ ਗੁਰਮਤਿ ਅਨੁਸਾਰੀ ਪਰਖਣਾ; ਰੇਤ ਦੇ ਟਿੱਲੇ ’ਚੋਂ ਸੂਈ ਤਲਾਸ਼ਣ ਵਾਙ ਮੁਸ਼ਕਲ ਹੈ। ਇਸ ਦੇ ਕਈ ਕਾਰਨ ਹੋਣਗੇ, ਪਰ ਕੁਝ ਕੁ ਇਹ ਹਨ :

(1). ਮਾਤਾ-ਪਿਤਾ ਵੱਲੋਂ ਪਰਵਾਰਿਕ ਮਾਹੌਲ ਗੁਰਮਤਿ ਅਨੁਸਾਰੀ ਨਾ ਸਿਰਜਣਾ।

(2). ਬੱਚਿਆਂ ਨੂੰ ਪਰਵਾਰ, ਸੰਗਤ ਤੇ ਸਮਾਜ ’ਚੋਂ ਲਾਭਕਾਰੀ ਸੰਸਕਾਰ ਨਾ ਮਿਲਣੇ।

(3). ਬੱਚਿਆਂ ਅੰਦਰ ਕੁਝ ਸੁਚੱਜਾ ਕਰ ਸਕਣ ਦੇ ਮਾਦੇ ਦੀ ਘਾਟ, ਆਦਿ।

ਬੱਚੇ ਦੇ ਰਿਸ਼ਤੇ ਦੀ ਤਲਾਸ਼ ਕਰਦਿਆਂ ਇਹ ਪੱਖ ਵਾਚਣੇ ਬੜੇ ਮਹੱਤਵ ਪੂਰਨ ਹੁੰਦੇ ਹਨ :

(1). ਬੱਚੇ ਦੀ ਸੋਚ ਸਕਾਰਾਤਮਕ ਹੋਵੇ।

(2). ਬੱਚੇ ਅੰਦਰ ਕੁਝ ਚੰਗਾ ਕਰਨ ਦਾ ਜਜ਼ਬਾ ਛੁਪਿਆ ਹੋਵੇ।

(3). ਬੱਚਾ ਪੜ੍ਹਿਆ ਤੇ ਸਭਿਅਕ ਹੋਵੇ।

(4). ਪਰਵਾਰਿਕ ਜੀਵਨ ਗੁਰਸਿੱਖੀ ਸਰੂਪ ’ਚ ਹੋਵੇ।

(5). ਬੱਚੇ ਅਤੇ ਪਰਵਾਰ ਦੇ ਸਮਾਜਿਕ ਸਬੰਧ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਵਾਚਣਾ ਜ਼ਰੂਰੀ।

(6). ਨਸ਼ਾ ਰਹਿਤ ਤੇ ਤੰਦਰੁਸਤ ਸਰੀਰ ਹੋਵੇ।

(7). ਜਦੋਂ ਬੱਚੇ; ਸਰੀਰ, ਮਨ ਤੇ ਆਚਾਰ ਪੱਧਰ ’ਤੇ ਵਿਆਹ ਜੀ ਜ਼ਿੰਮੇਵਾਰੀ ਨਿਭਾਉਣ ਯੋਗ ਹੋ ਜਾਣ ਤਾਂ ਹੀ ਰਿਸ਼ਤਾ ਲੱਭਣਾ ਚਾਹੀਦਾ ਹੈ ਤਾਂ ਜੋ ਜੀਵਨ ਸਾਥੀ ਦੀ ਤਲਾਸ਼ ਕਰਦਿਆਂ ਬੱਚੇ ਵੀ ਆਪਣਾ ਬਣਦਾ ਯੋਗਦਾਨ ਪਾ ਸਕਣ।

(8).  ਉਕਤ ਜੀਵਨਸ਼ੈਲੀ ਤੇ ਸਮਾਜਿਕ ਸਬੰਧਾਂ ਦੀ ਪਰਖ ਕਰਨ ਲਈ ਖ਼ੁਦ ਪਾਸ ਲਿਆਕਤ ਹੋਵੇ, ਆਦਿ।

ਗੁਰਬਾਣੀ ਅਨੁਸਾਰ ਅਨੰਦ ਕਾਰਜ; ਗੁਰੂ ਰਾਮਦਾਸ ਜੀ ਦੁਆਰਾ ਸੂਹੀ ਰਾਗ ’ਚ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਪੜ੍ਹ ਕੇ ਸੰਪੂਰਨ ਹੁੰਦਾ ਹੈ, ਜੋ ਰੱਬ ਨਾਲ਼ ਭਗਤ ਦੇ ਨਿਤਾ-ਪ੍ਰਤਿ ਬਣਦੇ ਮਜ਼ਬੂਤ ਸਬੰਧਾਂ ਵਾਙ ਪੇਕੇ ਘਰੋਂ ਲੜਕੀ ਦੇ ਵਿਦਾ ਹੋਣ ਉਪਰੰਤ ਸਹੁਰੇ ਘਰ ’ਚ ਅਨੰਦਮਈ ਸਬੰਧ ਜੋੜਨ ’ਚ ਸਹਾਇਕ ਬਣਦੀਆਂ ਹਨ, ਇਨ੍ਹਾਂ ਦਾ ਸਾਰਾਂਸ਼ ਇਸ ਪ੍ਰਕਾਰ ਹੈ :

(1). ਪਹਿਲੀ ਲਾਵ ’ਚ ਪੂਰਨ ਸਤਿਗੁਰੂ (ਵਿਚੋਲੇ) ਨੂੰ ਯਾਦ ਕਰੋ ਕਿਉਂਕਿ ਉਨ੍ਹਾਂ ਨੇ ਹੀ ਸਿੱਖ ਨੂੰ ਰੱਬੀ ਨਾਮ ਜਪਣ ਦੇ ਕਾਰਜ ’ਚ ਸਦਾ ਰੁੱਝੇ ਰਹਿਣ ਲਈ ਤਤਪਰ ਕਰਨਾ ਹੁੰਦਾ ਹੈ, ਰੱਬੀ ਨਾਮ ਨੂੰ ਹਿਰਦੇ ’ਚ ਦ੍ਰਿੜ੍ਹਾਏਗਾ, ਉਨ੍ਹਾਂ ਦਾ ਸੰਦੇਸ਼ (ਬਾਣੀ) ਹੀ ਅਸਲ ਧਰਮ ਹੈ, ਜੋ ਪਾਪਾਂ ਦਾ ਨਾਸ਼ ਕਰਦਾ ਹੈ, ਅਸਲ ਵਿੱਚ ਬ੍ਰਹਮਾ ਦਾ ਵੇਦ ਤੇ ਸਿਮ੍ਰਿਤੀ ਆਦਿ ਹੈ। ਵੱਡੇ ਭਾਗਾਂ ਨਾਲ਼ ਗੁਰੂ ਰਾਹੀਂ ਜਦ ਹਰੀ ਨਾਮ, ਮਨ ’ਚ ਪਿਆਰਾ ਲੱਗਣ ਲੱਗ ਜਾਏ ਤਾਂ ਅੰਦਰ ਅਨੰਦ, ਸਹਿਜ ਆਦਿ ਗੁਣ ਪੈਦਾ ਹੁੰਦਾ ਹੈ, ਜੋ ਸਹੁਰੇ ਘਰ ਲਈ ਅਰੰਭਕ ਕਾਰਜ (ਦਾਜ, ਪੜਾਅ) ਹੈ, ‘‘ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ !॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ; ਪਾਪ ਤਜਾਇਆ, ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ, ਹਰਿ ਨਾਮੁ ਧਿਆਵਹੁ; ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ; ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ; ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ; ਆਰੰਭੁ ਕਾਜੁ ਰਚਾਇਆ ॥੧॥’’ (ਸੂਹੀ, ਮ: ੪, ਪੰਨਾ ੭੭੪)

(2). ਦੂਜੇ ਪੜਾਅ ’ਚ ਗੁਰੂ ਮਿਲਾਪ ਉਪਰੰਤ ਮਨ ਨਿਡਰ ਹੋ ਕੇ ਮੈਂ-ਮੇਰੀ ਤਿਆਗਦਾ ਹੈ। ਰੱਬੀ ਡਰ-ਅਦਬ ਧਾਰਨ ਕਰਦਾ ਹੈ।, ਅੰਗ-ਸੰਗ ਮਹਿਸੂਸ ਕਰ ਉਸ ਦੇ ਗੁਣ ਗਾਉਂਦਾ ਹੈ।, ਗੁਰੂ ਤੇ ਸੰਗਤੀ ਮਿਲਾਪ ਨਾਲ਼ ਸਰਬ ਵਿਆਪਕ ਦੇ ਦਰਸ਼ਨ ਕਰ ਅੰਦਰੋਂ ਦ੍ਵੈਤ ਮਾਰ ਕੇ ਖ਼ੁਸ਼ੀ ਦੇ ਗੀਤ ਗਾਉਂਦਾ ਹੈ, ਰੱਬੀ ਉਸਤਤ ਦੇ ਨਿਰੰਤਰ ਵਾਜੇ ਵਜਾਉਂਦਾ ਹੈ, ‘‘ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ ॥ ਨਿਰਭਉ ਭੈ ਮਨੁ ਹੋਇ; ਹਉਮੈ ਮੈਲੁ ਗਵਾਇਆ, ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ, ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ; ਸਰਬ ਰਹਿਆ ਭਰਪੂਰੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ; ਮਿਲਿ ਹਰਿ ਜਨ ਮੰਗਲ ਗਾਏ ॥ ਜਨ ਨਾਨਕ ਦੂਜੀ ਲਾਵ ਚਲਾਈ; ਅਨਹਦ ਸਬਦ ਵਜਾਏ ॥੨॥’’ (ਸੂਹੀ, ਮ: ੪, ਪੰਨਾ ੭੭੪)

(3). ਤੀਸਰੇ ਪੜਾਅ ’ਚ ਮਾਯਾ ਤੋਂ ਉਦਾਸੀਨ ਹੋ ਕੇ ਰੱਬੀ ਮਿਲਾਪ ਲਈ ਉਤੇਜਨਾ ਪੈਦਾ ਹੋ ਜਾਂਦੀ ਹੈ । ਚੰਗੇ ਨਸੀਬਾਂ ਨਾਲ਼ ਸੰਤ-ਜਨਾਂ ਦੀ ਸੰਗਤ ਕਰ ਨਿਰਮਲ ਹਰੀ ਨੂੰ ਪਾ ਲੈਂਦਾ ਹੈ।, ਵਖਿਆਨ ਰਹਿਤ ਹਰੀ ਨੂੰ ਬਿਆਨ ਕਰਨ ਲੱਗਦਾ ਹੈ।  ਉਸ ਦੇ ਬੋਲ, ਉਸ ਦੇ ਗੁਣ ਮੁੱਖੋਂ ਅਲਾਪਦਾ ਹੈ।, ਹਿਰਦੇ ’ਚ ਰੱਬੀ ਲੋਅ-ਧੁਨ ਪ੍ਰਗਟ ਹੋ ਜਾਂਦੀ ਹੈ।, ਮੱਥੇ ਦੇ ਨਸੀਬ ਉੱਘੜਨ ਨਾਲ਼ ਇਹ ਰੱਬੀ ਨਾਮ ਜਪਿਆ ਜਾਂਦਾ ਹੈ, ਜਿਸ ਨੇ ਜਪਿਆ ਉਸ ਦੇ ਮਨ ’ਚ ਹਰੀ ਮਿਲਾਪ ਲਈ ਤੜਫ ਪੈਦਾ ਹੋ ਜਾਂਦੀ ਹੈ, ‘‘ਹਰਿ ਤੀਜੜੀ ਲਾਵ, ਮਨਿ ਚਾਉ ਭਇਆ; ਬੈਰਾਗੀਆ, ਬਲਿ ਰਾਮ ਜੀਉ ॥ ਸੰਤ ਜਨਾ ਹਰਿ ਮੇਲੁ, ਹਰਿ ਪਾਇਆ ਵਡਭਾਗੀਆ; ਬਲਿ ਰਾਮ ਜੀਉ ॥  ਨਿਰਮਲੁ ਹਰਿ ਪਾਇਆ, ਹਰਿ ਗੁਣ ਗਾਇਆ; ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ; ਹਰਿ ਕਥੀਐ ਅਕਥ ਕਹਾਣੀ ॥  ਹਿਰਦੈ ਹਰਿ ਹਰਿ, ਹਰਿ ਧੁਨਿ ਉਪਜੀ; ਹਰਿ ਜਪੀਐ ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ ਤੀਜੀ ਲਾਵੈ; ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥’’ (ਸੂਹੀ, ਮ: ੪, ਪੰਨਾ ੭੭੪)

(4). ਚੌਥੇ ਪੜਾਅ ’ਚ ਗੁਰਮੁਖ ਨੂੰ ਅਚਨਚੇਤ ਹਰੀ ਮਿਲਿਆ, ਪ੍ਰਤੀਤ ਹੋਇਆ ਭਾਵ ਆਪਣੀ ਘਾਲਣਾ ਨੂੰ ਬਹੁਤਾ ਮਹੱਤਵ ਨਹੀਂ ਦਿੰਦਾ, ਮਨ ’ਚ ਅਡੋਲਤਾ ਆ ਗਈ, ਰੱਬੀ ਪਿਆਰ ਜਾਗ ਪਿਆ, ਪ੍ਰਭੂ ਪ੍ਰਸੰਨ ਹੋ ਗਿਆ, ਮਨ-ਇੱਛਤ ਫਲ਼ ਪਾ ਲਿਆ, ਅੰਦਰੋਂ ਵਧਾਈ ਮਿਲਣ ਲੱਗੀ, ਇਉਂ ਜਾਪਿਆ ਕਿ ਇਹ ਖੇਡ ਮਾਲਕ-ਪ੍ਰਭੂ ਨੇ ਆਪ ਰਚੀ ਹੈ।, ਨਾਮ ਜਪਣ ਨਾਲ਼ ਜੀਵ-ਇਸਤ੍ਰੀ ਹਿਰਦੇ ’ਚ ਸਦਾ ਖਿੜਾਉ ਪੈਦਾ ਹੋ ਗਿਆ ਕਿਉਂਕਿ ਨਾਸ਼ ਰਹਿਤ ਪਤੀ ਮਿਲਾਪ ਹੋ ਗਿਆ, ਜੋ ਸਦੀਵੀ ਹੈ, ‘‘ਹਰਿ ਚਉਥੜੀ ਲਾਵ, ਮਨਿ ਸਹਜੁ ਭਇਆ; ਹਰਿ ਪਾਇਆ, ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ; ਹਰਿ ਮਨਿ ਤਨਿ ਮੀਠਾ ਲਾਇਆ, ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ, ਮੇਰੇ ਪ੍ਰਭ ਭਾਇਆ; ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ; ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ+ਠਾਕੁਰਿ (ਨੇ) ਕਾਜੁ ਰਚਾਇਆ; ਧਨ (ਇਸਤ੍ਰੀ) ਹਿਰਦੈ ਨਾਮਿ ਵਿਗਾਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥’’ (ਸੂਹੀ, ਮ: ੪, ਪੰਨਾ ੭੭੪)

ਉਕਤ ਗੁਰੂ ਸਿੱਖਿਆ, ਦੁਲਹਨ ਜੀਵ ਇਸਤ੍ਰੀ ਨੂੰ ਜਿੱਥੇ ਸਹੁਰੇ ਘਰ ਲਈ ਸੁਚੱਜੀ ਜੀਵਨ ਸੇਧ ਬਖ਼ਸ਼ਦੀ ਹੈ, ਓਥੇ ਅਬਿਨਾਸ਼ੀ ਰੱਬ ਨਾਲ਼ ਵੀ ਮਿਲਾਪ ਕਰਵਾਉਂਦੀ ਹੈ।,  ਸ਼ੁੱਭ ਗੁਣਾਂ ਭਰਪੂਰ ਦਾਜ ਨਾਲ਼ ਨਿਵਾਜਦੀ ਹੈ, ‘‘ਹਰਿ ਪ੍ਰਭੁ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ ॥ ਹਰਿ ਕਪੜੋ, ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ ॥ ਹਰਿ ਹਰਿ ਭਗਤੀ ਕਾਜੁ ਸੁਹੇਲਾ; ਗੁਰਿ+ਸਤਿਗੁਰਿ (ਨੇ) ਦਾਨੁ ਦਿਵਾਇਆ ॥ ਖੰਡਿ ਵਰਭੰਡਿ ਹਰਿ ਸੋਭਾ ਹੋਈ; ਇਹੁ ਦਾਨੁ, ਨ ਰਲੈ ਰਲਾਇਆ ॥’’ (ਸਿਰੀ ਰਾਗੁ, ਮ: ੪, ਪੰਨਾ ੭੯) ਅਤੇ ਦੁਨਿਆਵੀ ਦਹੇਜ ਪ੍ਰਥਾ ਨੂੰ ਮੂਲੋਂ ਹੀ ਰੱਦ ਕਰਦੀ ਹੈ, ‘‘ਹੋਰਿ ਮਨਮੁਖ ਦਾਜੁ ਜਿ ਰਖਿ (ਕੇ) ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥ ਹਰਿ ਪ੍ਰਭ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ ॥’’ (ਸਿਰੀਰਾਗੁ, ਮ: ੪, ਪੰਨਾ ੭੯)

ਭਾਵੇਂ ਕਿ ਸਾਡੇ ਆਤਮਕ ਅੰਨ੍ਹਿਆਂ ਪਾਸ ਉਕਤ ਗੁਰੂ ਉਪਦੇਸ਼ ਚਸ਼ਮਾ ਮੌਜੂਦ ਹੈ ਪਰ ਫਿਰ ਵੀ ਅਸੀਂ ਬੱਚਿਆਂ ਦੇ ਰਿਸ਼ਤਿਆਂ ’ਚ ਬਾਹਰੀ ਸੁੰਦਰਤਾ (ਸ਼ਿੰਗਾਰ), ਜਾਤ-ਪਾਤ ਤੇ ਦਹੇਜ-ਪ੍ਰਥਾ ਨੂੰ ਪ੍ਰਮੁੱਖਤਾ ਦਿੰਦੇ ਆ ਰਹੇ ਹਾਂ, ਜਿਸ ਨੂੰ ਨਿਖਾਰਨ ਲਈ ਸ਼ਰਾਬ ਤੇ ਅਡੰਬਰ (ਫੋਕੀ ਸ਼ੋਸ਼ੇਬਾਜ਼ੀ) ਪਰੋਸੀ ਜਾਂਦੀ ਹੈ, ਇਸ ਦੀ ਖ਼ੁਸ਼ੀ ’ਚ ਕਦੇ ਭੰਗੜੇ ਪੈਂਦੇ ਹਨ ਤੇ ਕਦੇ ਮਨ-ਇੱਛਤ ਮੁਰਾਦ ਪੂਰੀ ਨਾ ਹੁੰਦੀ ਵੇਖ ਰੋਣ-ਪਿੱਟਣ (ਮੌਤਾਂ) ਜਾਂ ਅਦਾਲਤੀ ਸਾਹਮਣਾ ਕਰਨਾ ਪੈਂਦਾ ਹੈ, ‘‘ਕਬਹੂ ਜੀਅੜਾ ਊਭਿ ਚੜਤੁ ਹੈ; ਕਬਹੂ ਜਾਇ ਪਇਆਲੇ ॥’’ (ਰਾਮਕਲੀ, ਮ: ੧, ਪੰਨਾ ੮੭੬)  ਕੁਝ ਸਮੇਂ ਬਾਅਦ ਜਦ ਝੂਠੇ ਰਚੇ ਅਡੰਬਰ ਦੀ ਹਵਾ ਨਿਕਲਣੀ ਸ਼ੁਰੂ ਹੁੰਦੀ ਹੈ ਤਾਂ ਘਰ ਦਾ ਹਰ ਮੈਂਬਰ ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੁੰਦਾ ਹੈ।  ਸੱਸ ਆਖਦੀ ਹੈ ਕਿ ਨੂੰਹ ਵਡਿਆਂ ਦਾ ਸਤਿਕਾਰ ਨਹੀਂ ਕਰਦੀ, ਨੂੰਹ ਕਹਿੰਦੀ ਹੈ ਕਿ ਬਜ਼ੁਰਗ ਮੈਨੂੰ ਆਪਣੀ ਧੀ ਦਾ ਦਰਜਾ ਨਹੀਂ ਦਿੰਦੇ।  ਮਾਤਾ, ਆਪਣੇ ਪੁੱਤਰ ਨੂੰ ਸਮਝਾਉਂਦੀ ਹੈ ਕਿ ਆਪਣੀ ਵਹੁਟੀ ਨੂੰ ਮੇਰੇ ਵਾਲ਼ੀ ਅਕਲ ਸਮਝਾ।, ਪਿਤਾ ਕਹਿੰਦਾ ਹੈ ਕਿ ਤੂੰ ਇਸ ਨੂੰ ਲੈ ਕੇ ਅਲੱਗ ਹੋ ਜਾਹ।  ਭਲਾ ਕੋਈ ਪੁੱਛੇ ਕਿ ਰਿਸ਼ਤੇ ਦੀ ਭਾਲ ਦੌਰਾਨ ਇਨ੍ਹਾਂ ਲੜਕੇ-ਲੜਕੀ ਦਾ ਕਿੰਨਾ ਕੁ ਰੋਲ ਸੀ ?  ਸਬੰਧ ਬਣਾਉਣ ’ਚ ਤਾਂ ਮਾਤਾ-ਪਿਤਾ ਅੱਗੇ ਸਨ।  ਅਗਰ ਹੁਣ ਕੋਈ ਊਣਤਾਈ ਨਜ਼ਰ ਆਉਂਦੀ ਹੈ ਤਾਂ ਇਸ ਲਈ ਕੇਵਲ ਲੜਕਾ ਜਾਂ ਲੜਕੀ ਜ਼ਿੰਮੇਵਾਰ ਕਿਵੇਂ ?  ਜੋ ਵੇਖਿਆ ਗਿਆ ਉਹੀ ਫਲ਼ ਮਿਲਿਆ ਹੁਣ ਉਸੇ ਫਲ਼ ਦਾ ਸੁਆਦ ਲਓ!  ਅਜਿਹੀ ਅਸ਼ਾਂਤੀ ’ਚ ਜੋ ਬੱਚਾ ਪੈਦਾ ਹੋਏਗਾ ਉਹ ਬੁਢੇਪੇ ਦਾ ਕਿੰਨਾ ਕੁ ਸਹਾਰਾ ਬਣੇਗਾ, ਇਹ ਸਚਾਈ ਜਾਣਨ ਲਈ ਪੰਜਾਬ ’ਚ ਬਣੇ ਬਿਰਧ ਆਸ਼ਰਮਾਂ ’ਚ ਜਾ ਕੇ ਵੇਖਿਆ ਜਾ ਸਕਦਾ ਹੈ। ਬਹੁਤੇ ਪਰਵਾਰ ਇਸ ਪੀੜਾ ਤੋਂ ਮੁਕਤੀ ਲਈ ਹੀ ਚੌਪਈ, ਸੁਖਮਨੀ ਤੇ ਦੁੱਖ ਭੰਜਨੀ ਦੇ ਪਾਠ ਕਰਦੇ ਮਿਲਣਗੇ ਜਦਕਿ ਗੁਰਬਾਣੀ ਦਾ ਅਟੁੱਟ ਫ਼ੁਰਮਾਨ ਹੈ ਕਿ ਜ਼ਹਿਰ ਬੀਜ ਕੇ ਅੰਮ੍ਰਿਤ ਫਲ਼ ਦੀ ਉਮੀਦ ਕਰਨੀ ਮੂਰਖਤਾ ਹੈ, ‘‘ਬੀਜੇ ਬਿਖੁ, ਮੰਗੈ ਅੰਮ੍ਰਿਤੁ; ਵੇਖਹੁ ਏਹੁ ਨਿਆਉ ’’ (ਆਸਾ ਕੀ ਵਾਰ, : , ਪੰਨਾ ੪੭੪)

ਦਰਅਸਲ, ਗੁਰ ਸਾਹਿਬਾਨ ਨੇ ਬੰਦੇ ਅੰਦਰ ਸਾਦਗੀ, ਸੰਜੀਦਗੀ (ਗੰਭੀਰਤਾ), ਸੰਜਮ, ਸੰਤੋਖ ਆਦਿ ਗੁਣ ਧਾਰਨ ਕਰਵਾਉਣ ਲਈ ਰੱਬੀ ਬੰਦਗੀ ਕਰਨ ਨੂੰ ਜ਼ਰੂਰੀ ਮੰਨਿਆ ਤਾਂ ਜੋ ਰੱਬੀ ਵਿਸ਼ਾਲ ਗੁਣਾਂ ਦੇ ਮੁਕਾਬਲੇ ਬੰਦਾ ਆਪਣੀ ਤੁੱਛਤਾ ਨੂੰ ਵੇਖ ਸਕੇ, ਪਰ ਸੁਆਰਥ ਤੇ ਦੇਖਾ-ਦੇਖੀ ’ਚ ਅੰਨ੍ਹਾ ਹੋਇਆ ਬੰਦਾ; ਇਨ੍ਹਾਂ ਅੰਮ੍ਰਿਤਮਈ ਵਚਨਾਂ ਤੋਂ ਲਾਭ ਨਹੀਂ ਉਠਾ ਸਕਦਾ।  ਬਾਬਾ ਫ਼ਰੀਦ ਜੀ ਦੁਆਰਾ ਬੰਦੇ ਤੋਂ ਅੰਮ੍ਰਿਤ ਵੇਲ਼ੇ ਖ਼ੁਦਾ ਦੀ ਬੰਦਗੀ ਕਰਵਾਉਣ ਬਾਬਤ ਕੀਤੇ ਗਏ ਕਟਾਖਸ਼ (ਵਿਅੰਗ), ‘‘ਫਰੀਦਾ !  ਪਿਛਲ ਰਾਤਿ ਨ ਜਾਗਿਓਹਿ; ਜੀਵਦੜੋ ਮੁਇਓਹਿ ॥ ਜੇ ਤੈ ਰਬੁ ਵਿਸਾਰਿਆ; ਤ ਰਬਿ (ਨੇ, ਤੈਨੂੰ) ਨ ਵਿਸਰਿਓਹਿ (ਨ ਭੁਲਾਇਆ)॥੧੦੭॥’’ (ਸਲੋਕ, ਬਾਬਾ ਫਰੀਦ ਜੀ, ਪੰਨਾ ੧੩੮੩) ਦੇ ਸ਼ਬਦਾਰਥਾਂ ’ਚ ਛੁਪੇ ਗਹਿਰੇ ਰਾਜ਼ ਨੂੰ ਕੁਝ ਹੋਰ ਖੋਲ੍ਹਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਫ਼ੁਰਮਾਇਆ ਕਿ ਦੁਨੀਆ ਦੇਖਾ-ਦੇਖੀ ਤੋਂ ਪੀੜਤ ਹੈ, ‘‘ਫਰੀਦਾ ! ਦੁਨੀ ਵਜਾਈ ਵਜਦੀ; ਤੂੰ ਭੀ ਵਜਹਿ ਨਾਲਿ ॥’’ (ਮ: ੫, ਪੰਨਾ ੧੩੮੩)

ਸੰਸਾਰਕ ਗਿਆਨ ਨਾਲ਼ ‘ਕੌਣ ਬਣੇਗਾ ਕਰੋੜਪਤੀ’ ਸੀਰੀਅਲ ਚਲਾਉਣ ਵਾਲ਼ੇ ਵੀ ਆਪਣੇ ਬੇਟੇ ਦੀ ਸ਼ਾਦੀ ਲਈ ਬ੍ਰਾਹਮਣ ਗੁਰੂ ਤੋਂ ਮਹੂਰਤ ਕਢਵਾਉਂਦੇ ਵੇਖੇ ਗਏ ਤਾਂ ਜੋ ਪਤੀ-ਪਤਨੀ ਸਬੰਧਾਂ ’ਚ ਕੋਈ ਰੁਕਾਵਟ ਨਾ ਆਵੇ ਫਿਰ ਪਾਂਡਾ, ਭਾਵੇਂ ਹੋਣ ਵਾਲ਼ੀ ਬਹੂ ਰਾਣੀ ਦੀ ਪਹਿਲਾਂ ਪਿੱਪਲ ਨਾਲ਼ ਸ਼ਾਦੀ ਕਰਾ ਕੇ ਸ਼ੁੱਧੀ ਕਰੇ ਤਾਂ ਜੋ ਲੜਕੀ; ਲੜਕੇ ਨਾਲ਼ ਸ਼ਾਦੀ ਕਰਨਯੋਗ ਹੋ ਜਾਵੇ।  ਸਾਨੂੰ ਅਜਿਹੀਆਂ ਰਸਮਾਂ ’ਚੋਂ ਪਾਖੰਡ (ਝੂਠ) ਨਜ਼ਰ ਨਹੀਂ ਆਉਂਦਾ।  ਅੰਨ੍ਹੇ ਉਹ ਨਹੀਂ ਹੁੰਦੇ ਜਿਨ੍ਹਾਂ ਦੇ ਸਰੀਰਕ ਅੱਖਾਂ ਨਾ ਹੋਣ ਬਲਕਿ ਅਸਲ ਅੰਨ੍ਹੇ ਉਹ ਹਨ, ਜੋ ਰੱਬ ’ਤੇ ਭਰੋਸਾ ਕਰ ਕੇ ਆਪਣੇ ਅੰਦਰ ਦ੍ਰਿੜ੍ਹ ਇੱਛਾ ਸ਼ਕਤੀ ਪੈਦਾ ਨਾ ਕਰ ਸਕੇ, ‘‘ਅੰਧੇ ਏਹਿ ਨ ਆਖੀਅਨਿ; ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ; ਖਸਮਹੁ ਘੁਥੇ ਜਾਹਿ ॥’’  (ਰਾਮਕਲੀ ਕੀ ਵਾਰ:੧, ਮ: ੨, ਪੰਨਾ ੯੫੪) ਇੱਥੇ ਇਹ ਵਿਚਾਰ ਵੀ ਜ਼ਰੂਰੀ ਸੀ ਕਿ ‘‘ਅੰਧੇ ਕੈ ਰਾਹਿ ਦਸਿਐ; ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ! ਸੋ ਕਿਉ ਉਝੜਿ ਪਾਇ ?’’ (ਰਾਮਕਲੀ ਕੀ ਵਾਰ:੧, ਮ: ੨, ਪੰਨਾ ੯੫੪)  ਬਾਬਾ ਕਬੀਰ ਜੀ ਤਾਂ ਇਹ ਵੀ ਕਹਿ ਗਏ ਕਿ ਅਗਰ ਕੋਈ ਝੂਠ ਨੂੰ ਪਛਾਣਦਾ ਹੈ ਪਰ ਦੇਖਾ-ਦੇਖੀ ’ਚ ਉਸ ਨੂੰ ਦਰਕਿਨਾਰ ਕਰ ਕੇ ਖ਼ੁਸ਼ੀ ਭਾਲੇ ਤਾਂ ਇਹ ਹੱਥ ’ਚ ਗਿਆਨ-ਦੀਵਾ ਹੋਣ ਦੇ ਬਾਵਜੂਦ ਖੂਹ ’ਚ ਡਿੱਗ ਕੇ ਅੰਨ੍ਹੇਪਣ ਦਾ ਸਬੂਤ ਦੇਣ ਦੀ ਨਿਸ਼ਾਨੀ ਹੁੰਦੀ ਹੈ, ‘‘ਕਬੀਰ !  ਮਨੁ ਜਾਨੈ ਸਭ ਬਾਤ; ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ (ਕੁਸ਼ਲਤਾ, ਖ਼ੁਸ਼ੀ); ਹਾਥਿ ਦੀਪੁ, ਕੂਏ ਪਰੈ ॥’’ (ਸਲੋਕ, ਪੰਨਾ ੧੩੭੬) ਮਤਾਂ ਕੋਈ ਸੋਚੇ ਕਿ ਇਹ ਮਿਸਾਲਾਂ ਕੇਵਲ ਬ੍ਰਾਹਮਣ ਜਾਂ ਉਸ ਦੇ ਜਜਮਾਨ ਲਈ ਹਨ।  ਪੰਜਾਬ ’ਚ ਟੀ. ਵੀ. ਚੈਨਲਾਂ ’ਤੇ ਨਿਰੰਤਰ ਚੱਲਦੇ ਜੋਤਸ਼ ਪ੍ਰੋਗਰਾਮ, ਅੰਨ੍ਹੇਪਣ ਦੀ ਨਫ਼ਰੀ ਨੂੰ ਦਰਸਾਉਂਦੇ ਹਨ, ਜਿਨ੍ਹਾਂ ’ਚ ਬਹੁਤਾਤ ਸਿੱਖ ਪਰਵਾਰ ਹਨ।

ਅਗਰ ਗੁਰਸਿੱਖ ਪਰਵਾਰ; ਆਪਣੇ ਬੱਚੇ ਦੇ ਜੀਵਨ ਸਾਥੀ ਦੀ ਤਲਾਸ਼ ਅਤੇ ਅਨੰਦ ਸੰਸਕਾਰ ਸਮੇਂ ਦਾ ਅਨੁਸ਼ਾਸਨ ਜੀਵਨ ’ਚ ਧਾਰਨ ਕਰ ਲਵੇ ਤਾਂ ਸ਼ਾਦੀ ਤੋਂ ਬਾਅਦ ਪਤੀ-ਪਤਨੀ ’ਚੋਂ ਇੱਕ ਦਾ ਅੰਮ੍ਰਿਤਧਾਰੀ ਹੋਣਾ ਤੇ ਦੂਸਰੇ ਦੁਆਰਾ ਉਸ ਦਾ ਵਿਰੋਧ ਕਰਨਾ, ਖ਼ਤਮ ਹੋ ਸਕਦਾ ਹੈ ਕਿਉਂਕਿ ਇਸ ਵਿਚਾਰਕ ਮਤਭੇਦ ਦਾ ਅਸਰ ਔਲਾਦ ’ਤੇ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ।  ਇੱਕ ਕੌਮੀ ਸਿੱਖ ਰਹਿਤ ਮਰਿਆਦਾ ਦੇ ਧਾਰਨੀ ਨਾ ਹੋਣ ਕਾਰਨ ਵੀ ਪਤੀ-ਪਤਨੀ ਵਿਵਾਦ ਜਨਮ ਲੈਂਦੇ ਆ ਰਹੇ ਹਨ।  ਸਾਰੇ ਗੁਰੂ ਸਾਹਿਬਾਨ ਵਾਙ ਗ੍ਰਹਿਸਤ ਧਰਮ ਨੂੰ ਜਿਊਣ ਵਾਲ਼ੇ ਗੁਰੂ ਅਮਰਦਾਸ ਜੀ ਨੇ ਪਤੀ-ਪਤਨੀ ਦੇ ਸਬੰਧ ਨੂੰ ਕੇਵਲ ਇੱਕ ਛੱਤ ਹੇਠ ਇਕੱਤਰ ਹੋਣ ਨੂੰ ਨਹੀਂ ਮੰਨਿਆ ਬਲਕਿ ਉਨ੍ਹਾਂ ਦੀ ਵਿਚਾਰਕ ਸਾਂਝ ਨੂੰ ਪ੍ਰਮੁਖਤਾ ਦਿੱਤੀ ਹੈ ਕਿਉਂਕਿ ਉਹ ਵੇਖਣ ਨੂੰ ਭਾਵੇਂ ਦੋ ਸਰੀਰ ਜਾਪਣ ਪਰ ਇੱਕ ਨਾਲ਼ ਜੁੜੇ ਹੋਣ ਕਾਰਨ ਅੰਦਰੂਨੀ ਸਾਂਝ ਬਣੀ ਰਹਿੰਦੀ ਹੈ, ‘‘ਧਨ ਪਿਰੁ ਏਹਿ ਨ ਆਖੀਅਨਿ; ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਸੂਹੀ ਕੀ ਵਾਰ, ਮ: ੩, ਪੰਨਾ ੭੮੮)

ਗ੍ਰਹਿਸਤ ਧਰਮ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ ਭਾਈ ਗੁਰਦਾਸ ਜੀ ਸੰਸਾਰਕ ਮਿਸਾਲਾਂ ਇਉਂ ਦਿੰਦੇ ਹਨ ਕਿ ਜਿਵੇਂ ਸਰੋਵਰ ਤੇ ਨਦੀਆਂ ਤੋਂ ਸਮੁੰਦਰ ਵਿਸ਼ਾਲ, ਪਰਬਤਾਂ ’ਚੋਂ ਸੁਮੇਰ ਪਰਬਤ ਉੱਚਾ, ਬਿਰਖਾਂ ’ਚੋਂ ਚੰਦਨ ਸ੍ਰੇਸ਼ਟ, ਧਾਤਾਂ ’ਚੋਂ ਸੋਨਾ ਖ਼ਾਸ, ਪੰਛੀਆਂ ’ਚੋਂ ਹੰਸ, ਜਾਨਵਰਾਂ ’ਚੋਂ ਸ਼ੇਰ ਤਾਕਤਵਰ, ਰਾਗਾਂ ’ਚੋਂ ਸ੍ਰੀ ਰਾਗੁ ਸਿਰਮੌਰ (ਭਾਵ ਗੁਰਬਾਣੀ ’ਚ ‘ਸ੍ਰੀਰਾਗੁ’ ਨੂੰ ਪਹਿਲ ਦਿੱਤੀ ਗਈ), ਪੱਥਰਾਂ ’ਚੋਂ ਪਾਰਸ ਹੀਰਾ ਉੱਤਮ, ਦੁਨਿਆਵੀ ਗਿਆਨ ’ਚੋਂ ਗੁਰੂ ਗਿਆਨ ਵਧੇਰੇ ਲਾਭਕਾਰੀ, ਧਿਆਨ ਸਾਧਨਾਂ ’ਚੋਂ ਗੁਰੂ ਨਾਲ਼ ਲਾਈ ਇਕਾਗਰਤਾ ਸਰਬੋਤਮ ਇਉਂ ਹੀ ਸਭ ਧਰਮਾਂ ’ਚੋਂ ਗ੍ਰਹਿਸਤ ਧਰਮ ਪ੍ਰਧਾਨ ਹੁੰਦਾ ਹੈ : ‘‘ਜੈਸੇ ਸਰ ਸਰਤਾ ਮੈ ਸਮੁੰਦ ਬਡੋ; ਮੇਰਨ ਮੈ ਸੁਮੇਰ ਬਡੋ ਜਗਤੁ ਬਖਾਨ ਹੈ। ਤਰਵਰਨ ਬਿਖੈ ਜੈਸੇ ਚੰਦਨ ਬਿਰਖ ਬਡੋ; ਧਾਤਨ ਮੇਂ ਕਨਿਕ ਅਤਿ ਉਤਮ ਕੈ ਮਾਨ ਹੈ। ਪੰਛਿਨ ਮੇਂ ਹੰਸ, ਮ੍ਰਿਗਰਾਜਨ ਮੇਂ ਸ਼ਾਰਦੂਲ (ਸ਼ੇਰ); ਰਾਗਨ ਮੇਂ ਸ੍ਰੀ ਰਾਗੁ, ਪਾਰਸ ਪਖਾਨ ਹੈ। ਗਯਾਨਨ ਮੇਂ ਗਯਾਨ ਅਰ ਧਯਾਨਨ ਮੇਂ ਧਯਾਨ ਗੁਰ; ਸਗਲ ਧਰਮ ਮੇਂ ਗ੍ਰਹਿਸਤ ਪਰਧਾਨ ਹੈ।’’ ਕਿਉਂਕਿ ਗ੍ਰਹਿਸਤੀ ਬੰਦਾ ਰੱਬੀ ਬੰਦਗੀ ਕਰਦਾ, ਪਰਵਾਰਿਕ ਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਆਪਣੇ ਵੰਸ਼ਜ ਨੂੰ ਬੁਢੇਪੇ ਦਾ ਸਹਾਰਾ ਬਣਾ ਕੁਦਰਤ ਦੇ ਵਿਕਾਸ ’ਚ ਆਪਣਾ ਯੋਗਦਾਨ ਪਾ ਕੇ ਸੰਸਾਰ ਤੋਂ ਜਾਂਦਾ ਹੈ, ਨਾ ਕਿ ਗ੍ਰਹਿਸਤ ਜ਼ਿੰਮੇਵਾਰੀ ਤੋਂ ਭਗੌੜਾ ਤੇ ਸਮਾਜਿਕ ਪਿਆਰ ਨੂੰ ਤਿਆਗ ਕੇ ਸੰਨਿਆਸੀ ਬਣਦਾ ਹੈ ਤਾਂ ਜੋ ਮੁੜ ਉਨ੍ਹਾਂ ਪਾਸ ਹੀ ਮੰਗਣ ਆਉਣਾ ਪਵੇ।