ਮਹਾਨ ਇਨਕਲਾਬੀ : ਸ਼ਹੀਦ ਭਗਤ ਸਿੰਘ
(ਵਿਸ਼ੇਸ਼ : ੨੩ ਮਾਰਚ ਸ਼ਹੀਦੀ ਦਿਵਸ )
ਅਮਨਜੋਤ ਸਿੰਘ ਸਢੌਰਾ (ਜਮਾਤ-8), ਗਲੀ ਨੰਬਰ 4, ਅਜਾਦ ਨਗਰ, ਨੀਅਰ ਸਵੇਰਾ ਆਇਸਕਰੀਮਸ,
ਯਮੁਨਾ ਨਗਰ (ਹਰਿਆਣਾ) 135001 ਮੋਬਾਈਲ ਨੰਬਰ- 9416276357
ਅੰਗ੍ਰੇਜ਼ਾਂ ਨੇ ਭਾਰਤ ਦੇਸ਼ ’ਤੇ ਤਕਰੀਬਨ 300 ਸਾਲ ਰਾਜ ਕੀਤਾ। ਅੰਗਰੇਜ਼ੀ ਰਾਜ ਖ਼ਤਮ ਕਰਨ ਲਈ ਮਹਾਨ ਇਨਕਲਾਬੀ, ਨਿਡਰ, ਕੌਮੀ ਜਜ਼ਬੇ ਨਾਲ ਭਰੇ ਹੋਏ, ਵਿਗਿਆਨਿਕ ਸੋਚ ਨਾਲ ਭਰਪੂਰ ਦੇਸ਼ ਭਗਤ ਦੀ ਲੋੜ ਸੀ। ਇਹ ਸਭ ਗੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਿੱਚ ਮੌਜੂਦ ਸਨ।
ਭਗਤ ਸਿੰਘ ਦਾ ਜਨਮ 28 ਸਤੰਬਰ 1907 ਈ. ਨੂੰ ਪਿੰਡ ਬੰਗਾ, ਜ਼ਿਲ੍ਹਾ ਫੈਸਲਾਬਾਦ (ਅਜੋਕਾ ਨਵਾਂ ਸ਼ਹਿਰ) ਵਿਖੇ ਕਿਸ਼ਨ ਸਿੰਘ ਦੇ ਘਰ ਹੋਇਆ। ਆਪ ਦੇ ਜਨਮ ਸਮੇਂ ਆਪ ਦੇ ਪਿਤਾ ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਤੇ ਚਾਚਾ ਸਵਰਨ ਸਿੰਘ ਜੇਲ੍ਹ ਵਿੱਚੋਂ ਛੁਟ ਕੇ ਆਏ ਸਨ। ਇਸ ਲਈ ਆਪ ਦੀ ਦਾਦੀ ਨੇ ਆਪ ਦਾ ਨਾਂ ਭਾਗਾਂਵਾਲਾ ਰੱਖਿਆ ਸੀ। ਆਪ ਦੀ ਮਾਤਾ ਜੀ ਦਾ ਨਾਂ ਵਿਦਿਆਵਤੀ ਸੀ। ਬਚਪਨ ਤੋਂ ਹੀ ਆਪ ਦੇ ਦਾਦਾ ਅਰਜਨ ਸਿੰਘ ਆਪ ਨੂੰ ਲੋਕਾਂ ਪ੍ਰਤੀ ਪਿਆਰ ਤੇ ਮੁਕਤੀ ਦੀਆਂ ਕਹਾਣੀਆਂ ਸੁਣਾਉਂਦੇ ਸਨ। ਆਪ ਲੋਕਾਂ ਦੀ ਹਮੇਸ਼ਾ ਮਦਦ ਕਰਦੇ ਸਨ। ਭਗਤ ਸਿੰਘ ਦੀਆਂ ਖੇਡਾਂ ਬੜੀਆਂ ਅਨੋਖੀਆਂ ਸਨ। ਇੱਕ ਦਿਨ ਆਪ ਦੇ ਪਿਤਾ ਆਪ ਨੂੰ ਲੈ ਕੇ ਉੱਘੇ ਦੇਸ਼ ਭਗਤ ਨੰਦ ਕਿਸ਼ੋਰ ਮਹਿਤਾ ਦੇ ਘਰ ਗਏ। ਉੱਥੇ ਆਪ ਤੇ ਮਹਿਤਾ ਜੀ ਦੀ ਗੱਲ-ਬਾਤ ਬਾਅਦ ਮਹਿਤਾ ਜੀ ਕ੍ਰਿਸ਼ਨ ਸਿੰਘ ਨੂੰ ਕਹਿਣ ਲੱਗੇ, ‘ਇਹ ਮੁੰਡਾ ਤਾਂ ਵੱਡਾ ਹੋ ਕੇ ਚਾਰ ਚੰਨ ਲਗਾਵੇਗਾ।’
ਬਚਪਨ ਤੋਂ ਹੀ ਆਪ ਆਪਣੇ ਪਿਤਾ ਨਾਲ ਗਦਰ ਪਾਰਟੀ ਦੀ ਬੈਠਕ ਵਿੱਚ ਜਾਂਦੇ ਸਨ। ਆਪ ਅਜੇ ਨੌਵੀਂ ਜਮਾਤ ਵਿੱਚ ਹੀ ਪੜ੍ਹਦੇ ਸਨ ਉਦੋਂ ਹੀ ਆਪ ਕੌਮੀ ਲਹਿਰ ਵਿੱਚ ਕੁੱਦ ਗਏ ਸਨ।
1914-15 ਵਿੱਚ ਗਦਰੀਆਂ ਅਤੇ ਕਰਤਾਰ ਸਿੰਘ ਸਰਾਭਾ ਦਾ ਆਪ ਦੇ ਘਰ ਆਣਾ-ਜਾਣਾ ਸ਼ੁਰੂ ਹੋ ਗਿਆ। ਆਪ ਸਰਾਭਾ ਦੀ ਫੋਟੋ ਹਰ ਸਮੇਂ ਅਪਣੇ ਨਾਲ ਰੱਖਦੇ ਸਨ। 16 ਨਵੰਬਰ 1915 ਦੇ ਦਿਨ ਸਰਾਭਾ ਨੂੰ ਫਾਂਸੀ ਦੀ ਸਜ਼ਾ ਮਿਲਣ ’ਤੇ ਉਹ ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਸਰਾਭਾ ਦਾ ਦੇਸ਼ ਲਈ ਕੁਰਬਾਨ ਹੋਣਾ ਭਗਤ ਸਿੰਘ ਦੇ ਮਨ ’ਤੇ ਗਹਿਰੀ ਛਾਪ ਪਾ ਗਿਆ। ਜਦੋਂ ਭਗਤ ਸਿੰਘ ਗ੍ਰਿਫ਼ਤਾਰ ਹੋਏ ਤਾਂ ਉਸ ਸਮੇਂ ਤਲਾਸ਼ੀ ਲਏ ਜਾਣ ਸਮੇਂ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਨਿਕਲੀ ਸੀ।
1919 ਈਸਵੀ ਵਿੱਚ ਅੰਗਰੇਜ਼ਾਂ ਨੇ ਭਾਰਤ ’ਤੇ ਭਾਰੀ ਜੁਲਮ ਕਰਨਾ ਸ਼ੁਰੂ ਕਰ ਦਿੱਤਾ। 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ ’ਤੇ ਹਮਲਾ ਕਰਵਾਇਆ। ਉਸ ਸਮੇਂ ਆਪ ਸਾਢੇ ਗਿਆਰ੍ਹਾਂ ਸਾਲਾਂ ਦੇ ਸਨ। ਆਪ ਖ਼ੂਨੀ ਸਾਕਾ ਅੱਖੀਂ ਵੇਖਣ ਲਈ ਅੰਮ੍ਰਿਤਸਰ ਗਏ। ਆਪ ਉਥੋਂ ਨਿਰਦੋਸ਼ੀ ਲੋਕਾਂ ਦੇ ਲਹੂ ਨਾਲ ਭਿੱਜੀ ਮਿੱਟੀ ਆਪਣੇ ਨਾਲ ਵੀ ਲੈ ਕੇ ਆਏ। ਆਪ ਨੇ ਉਸ ਮਿੱਟੀ ਨੂੰ ਸੰਭਾਲ ਕੇ ਰੱਖਿਆ ਤੇ ਅੰਗ੍ਰੇਜ਼ਾਂ ਦੇ ਅਤਿਆਚਾਰਾਂ ਨੂੰ ਖ਼ਤਮ ਕਰਨ ਦੀ ਕਸਮ ਖਾ ਲਈ ਸੀ।
ਨਾ-ਮਿਲਵਰਤਨ ਲਹਿਰ ਸਮੇਂ ਆਪ ਡੀ. ਏ. ਵੀ. ਸਕੂਲ ਲਾਹੌਰ ਤੋਂ ਹਟ ਗਏ ਸਨ। ਹੋਰ ਵੀ ਜਿਤਨੇ ਇਨਕਲਾਬੀ ਸਨ, ਜੋ ਸਕੂਲਾਂ-ਕਾਲਜਾਂ ਤੋਂ ਹਟ ਗਏ ਸਨ, ਉਹ ਲਾਹੌਰ ਨੈਸ਼ਨਲ ਕਾਲਜ ਵਿੱਚ ਦਾਖ਼ਲ ਹੋ ਗਏ ਸਨ। ਜਿਸ ਵਿੱਚ ਦੇਸ਼ ਭਗਤੀ ਤੇ ਇਨਕਲਾਬੀ ਵਿਦਿਆ ਦਿੱਤੀ ਜਾਂਦੀ ਸੀ। ਲਾਹੌਰ ਨੈਸ਼ਨਲ ਕਾਲਜ ਵਿੱਚ ਆਪ ਦੀ ਮੁਲਾਕਾਤ ਭਗਵੰਤ ਚਰਣ ਵੋਹਰਾ ਨਾਲ ਹੋਈ। ਇੱਥੇ ਹੀ ਆਪ ਦੀ ਮੁਲਾਕਾਤ ਸੁਖਦੇਵ, ਰਾਜਗੁਰੂ ਤੇ ਹੋਰ ਇਨਕਲਾਬੀਆਂ ਨਾਲ ਹੋਈ।
1923-24 ਵਿਚ ਆਪ ਦੇ ਮਾਪੇ ਆਪ ਦਾ ਵਿਆਹ ਕਰਨਾ ਚਾਹੁੰਦੇ ਸਨ, ਪਰ ਆਪ ਨੇ ਕਿਹਾ – ‘ਅੱਜ ਦੇਸ਼ ਨੂੰ ਮੇਰੀ ਲੋੜ ਹੈ। ਮੈਂ ਉਸ ਦੀ ਤਨ-ਮਨ ਨਾਲ ਸੇਵਾ ਕਰਾਂਗਾ।’ ਆਪ ਕਾਨਪੁਰ ਦੇ ਗਨੇਸ਼ ਸ਼ੰਕਰ ਵਿਦਿਆਰਥੀ ਕੋਲ ਚਲੇ ਗਏ। ਇੱਥੇ ਆਪ ਨੇ ਦੂਜੇ ਦੇਸ਼ਾਂ ਦਾ ਇਨਕਲਾਬੀ ਸਾਹਿਤ ਪੜ੍ਹਿਆ। ਇੱਥੇ ਹੀ ਆਪ ਨੇ ਇਨਕਲਾਬੀ ਵਿਚ ਵਿਸ਼ਵਾਸ ਰੱਖਣ ਵਾਲੇ ਨੋਜਵਾਨਾਂ ਨਾਲ ਸਾਥ ਵਧਾਇਆ। ਹਥਿਆਰਬੰਦ ਇਨਕਲਾਬ ਦੀ ਤਿਆਰੀ ਕਰਨ ਲਈ ਇਨਕਲਾਬ ਦੀ ਪ੍ਰੇਰਣਾ ਦੇ ਪਰਚੇ ਛਾਪ ਕੇ ਵੰਡੇ। ਜਦ ਆਪ ਇਨਕਲਾਬੀ ਸਾਹਿਤ ਲੋਕਾਂ ਵਿੱਚ ਵੰਡ ਰਹੇ ਸਨ ਤਾਂ ਪੁਲਿਸ ਨੇ ਆਪ ਦੇ ਦੋ ਸਾਥੀਆਂ ਨੂੰ ਫੜ ਲਿਆ। ਗਨੇਸ਼ ਸ਼ੰਕਰ ਵਿਦਿਆਰਥੀ ਨੇ ਆਪ ਨੂੰ ਕੌਮੀ ਸਕੂਲ ਵਿੱਚ ਅਧਿਆਪਕ ਲਗਵਾ ਦਿੱਤਾ।
ਆਪ ਨੇ ਮਾਰਚ 1926 ਵਿਚ ‘ਨੌਜਵਾਨ ਭਾਰਤ ਸਭਾ’ ਬਣਾਈ, ਜਿਸ ਦੇ ਆਪ ਜਿੰਦ-ਜਾਨ ਸਨ। ਆਪ ਇਨਕਲਾਬੀਆਂ ਦੇ ਕਾਰਨਾਮੇ ਅਤੇ ਦੇਸ਼ ਦੀ ਆਜ਼ਾਦੀ ’ਤੇ ਵਿਸਥਾਰ ਨਾਲ ਚਾਨਣ ਪਾਉਂਦੇ ਸਨ। ਆਪ ਨੇ ਆਜ਼ਾਦੀ ਦੀਆਂ ਲਹਿਰਾਂ ਨੂੰ ਸਿਲਸਿਲੇ ਵਾਰ ਲਿਖਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ।
1926 ਵਿਚ ਹੀ ਭਗਤ ਸਿੰਘ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਿਚ ਸ਼ਮੂਲੀਅਤ ਹੋ ਗਏ। ਜਿਸ ਵਿੱਚ ਆਪ ਦੀ ਮੁਲਾਕਾਤ ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ, ਸ਼ਾਹਿਦ ਅਸ਼ਫਾਕਲਾ ਖਾਨ ਤੇ ਹੋਰ ਉਘੇ ਨੇਤਾਵਾਂ ਨਾਲ ਹੋਈ।
17 ਨਵੰਬਰ 1928 ਦੇ ਦਿਨ ਲਾਠੀਚਾਰਜ ਰਾਹੀਂ ਪੰਜਾਬ ਕੇਸਰੀ ‘ਲਾਲਾ ਲਾਜਪਤ ਰਾਏ’ ਦੀ ਮੌਤ ਨਾਲ ਦੇਸ਼ ਭਰ ਵਿਚ ਉਦਾਸੀ ਛਾ ਗਈ। ਇਸ ਦਾ ਬਦਲਾ ਲੈਣ ਲਈ ਭਗਤ ਸਿੰਘ ਤੇ ਰਾਜਗੁਰੂ ਨੇ 17 ਦਿਸੰਬਰ 1928 ਨੂੰ ਅੰਗਰੇਜ਼ੀ ਪੁਲਿਸ ਅਧਿਕਾਰੀ ਜੌਨ ਸੈਂਡਰਸ ਨੂੰ ਗੋਲੀ ਮਾਰ ਦਿੱਤੀ ਤਾਂ ਕਿ ਲੋਕਾਂ ਦਾ ਮਾਨਸਿਕ ਡਰ ਖ਼ਤਮ ਹੋ ਸਕੇ।
ਕਾਲੇ ਕਾਨੂੰਨ ਦੇ ਵਿਰੋਧ ਵਿਚ 8 ਅਪ੍ਰੈਲ 1929 ਨੂੰ ਅੰਗਰੇਜ਼ਾਂ ਦੇ ਵਿਰੁੱਧ ਭਾਰਤੀ ਆਵਾਜ਼ ਬੁਲੰਦ ਕਰਨ ਲਈ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ ਅਸੈਂਬਲੀ ਹਾਲ ਵਿੱਚ ਬੰਬ ਸੁੱਟਿਆ। ਆਪ ਧੂਏਂ ਦੇ ਸਹਾਰੇ ਬਚ ਕੇ ਨਿਕਲ ਜਾਂਦੇ ਪਰ ਉਨ੍ਹਾਂ ਦਾ ਇਰਾਦਾ ਇਹ ਨਹੀਂ ਸੀ। ਧੂੰਆਂ ਹੱਟਿਆ, ਪੁਲਿਸ ਹਾਲ ਵੱਲ ਚਲੀ ਗਈ। ਦੋਹਾਂ ਨੇ ਗ੍ਰਿਫ਼ਤਾਰੀ ਦੇ ਦਿੱਤੀ।
23 ਮਾਰਚ 1931 ਦੀ ਰਾਤ ਭਗਤ ਸਿੰਘ ਨੂੰ ਉਸ ਦੇ ਸਾਥੀਆਂ (ਰਾਜਗੁਰੂ ਤੇ ਸੁਖਦੇਵ) ਸਮੇਤ ਫਾਂਸੀ ਚੜ੍ਹਾ ਦਿੱਤਾ। ਫਾਂਸੀ ’ਤੇ ਚੜ੍ਹਨ ਤੋਂ ਪਹਿਲਾਂ ਆਪ ਨੇ ਗੀਤ ਗਾਇਆ :-
‘ਦਿਲ ਸੇ ਨਿਕਲੇਗੀ ਨ ਮਰਕਰ ਭੀ ਵਤਨ ਕੀ ਉਲਫਤ,
ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਫ਼ਾ ਆਇਗੀ’
ਉਹ ‘ਇਨਕਲਾਬ ਜ਼ਿੰਦਾਬਾਦ’ ਤੇ ‘ਅੰਗਰੇਜੀ ਸਾਮਰਾਜ ਮੁਰਦਾਬਾਦ’ ਦੇ ਨਾਅਰੇ ਲਾਉਂਦੇ ਹੋਏ ਸ਼ਹੀਦ ਹੋ ਗਏ।