ਗਿਰਿਓ ਜਾਇ ਰਸਾਤਲਿ

0
77

ਗਿਰਿਓ ਜਾਇ ਰਸਾਤਲਿ

ਕੁਲਦੀਪ ਸਿੰਘ, ਦੀਪ ਨਗਰ (ਪਟਿਆਲਾ)-90412-63401

ਪਿਛਲੇ ਦਿਨੀਂ ਸਾਡੇ ਇਕ ਨਜ਼ਦੀਕੀ ਸੱਜਣ ਦੀ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਅਚਨਚੇਤ ਮੌਤ ਹੋ ਜਾਣ ਦੀ ਸੂਚਨਾ ਮਿਲੀ। ਅਜੇ ਉਨ੍ਹਾਂ ਨੇ ਉਮਰ ਦੇ ਛੇ ਦਹਾਕੇ ਵੀ ਨਹੀਂ ਸਨ ਹੰਡਾਏ। ਬਹੁਤ ਨੇੜੇ ਦੀ ਰਿਸ਼ਤੇਦਾਰੀ ਹੋਣ ਕਾਰਨ ਸਾਡੇ ਪਰਵਾਰ ਲਈ ਇਹ ਕਾਫ਼ੀ ਵੱਡਾ ਝਟਕਾ ਸੀ। ਖ਼ੈਰ ! ਇਹ ਤਾਂ ਕਾਦਰ ਦਾ ਨਿਜ਼ਾਮ ਹੈ, ‘‘ਕਉਣੁ ਮੂਆ; ਕਉਣੁ ਮਰਸੀ ’’ (ਮਹਲਾ /੧੦੨੨) ਭਾਵ ਨਾ ਕੋਈ ਮਰਿਆ ਹੈ, ਨਾ ਮਰ ਸਕਦਾ ਹੈ। ਇਹ ਰੂਹਾਨੀਅਤ ਗਿਆਨ ਹੈ ਕਿਉਂਕਿ ਇੱਥੇ ਆਤਮਾ ਨੂੰ ਅਮਰ ਕਿਹਾ ਹੈ, ਜੋ ਕਦੇ ਨਹੀਂ ਮਰਦਾ, ਨਾ ਜੰਮਦਾ। ਸਰੀਰ; ਜੰਮਦਾ ਤੇ ਮਰਦਾ ਹੁੰਦਾ ਹੈ।

ਕਿਸੇ ਕਾਰਨ ਵਸ਼ ਮੈਂ ਸਸਕਾਰ ’ਤੇ ਤਾਂ ਨਹੀਂ ਸੀ ਗਿਆ। ਭੋਗ ਤੇ ਜਾਂਦਿਆਂ ਹੋਇਆਂ ਮੇਰਾ ਅਚੇਤ ਮਨ ਮੈਨੂੰ ਅਤੀਤ ਦੀਆਂ ਗਲ਼ੀਆਂ ਦੇ ਰਾਹੀਂ 90-91 ਦੇ ਦੌਰ ਵਿਚ ਲੈ ਵੜਿਆ। ਓਦੋਂ ਇਸ ਸੱਜਣ ਦੇ ਪਿਤਾ ਜੀ ਦਿੱਲੀ ਦੇ ਕਿਸੇ ਗੁਰਦੁਆਰੇ ਵਿਚ ਗ੍ਰੰਥੀ ਦੀ ਸੇਵਾ ਨਿਭਾਉਂਦੇ ਸਨ ਤੇ ਉਨ੍ਹਾਂ ਨੂੰ ਗਿਆਨੀ ਜੀ ਆਖਿਆ ਜਾਂਦਾ ਸੀ।

ਗਿਆਨੀ ਜੀ ਤਾਂ ਅੰਤਲੇ ਸੁਆਸਾਂ ਤੱਕ ਸਿੱਖੀ ਲਈ ਨਿਸ਼ਠਾਵਾਨ ਰਹੇ, ਪਰ ਉਨ੍ਹਾਂ ਦੇ ਪਰਵਾਰ ਨੂੰ ਉਨ੍ਹਾਂ ਦੇ ਜੀਂਦੇ ਜੀਅ ਹੀ ਪੱਛਮੀ ਸਭਿਅਤਾ ਦੀ ਰੰਗਣ ਚੜ੍ਹਨੀ ਸ਼ੁਰੂ ਹੋ ਚੁੱਕੀ ਸੀ। ਜਿਵੇਂ ਵੀ ਸੀ ਉਨ੍ਹਾਂ ਦੇ ਹੁੰਦਿਆਂ ਸ਼ਰਮੋਂ ਕੁਸ਼ਰਮੀ ਸਾਰਾ ਟੱਬਰ ਰਸਮੀ ਸਿੱਖੀ ਨਿਭਾਉਂਦਾ ਹੀ ਰਿਹਾ, ਪਰ ਉਨ੍ਹਾਂ ਦੇ ਚਲਾਣੇ ਤੋਂ ਬਾਅਦ ਤਾਂ ਇਨ੍ਹਾਂ ਨੂੰ ਆਧੁਨਿਕਤਾ ਦੀ ਅਜਿਹੀ ਹਵਾ ਲੱਗੀ ਕਿ ਰਸਮੀ ਸਿੱਖੀ ਦਾ ਪੈਂਡਾ ਵੀ ਬਿਖੜਾ ਲੱਗਣ ਲੱਗ ਪਿਆ। ਪਹਿਲਾਂ ਗਿਆਨੀ ਜੀ ਦੇ ਡਰੋਂ ਹਰੇਕ ਜੀ ਨੂੰ ਗੁਰਦੁਆਰੇ ਹਾਜ਼ਰੀ ਭਰਨੀ ਲਾਜ਼ਮੀ ਸੀ, ਪਰ ਹੁਣ ਉਹ ਬੰਦਿਸ਼ ਮੁੱਕ ਗਈ। ਬਾਣੀ ਪੜ੍ਹਨ ਸੁਣਨ ਦੇ ਨੇਮ ਤੋਂ ਵੀ ਛੁਟਕਾਰਾ ਮਿਲ ਗਿਆ। ਕ੍ਰਿਕੇਟ ਦੇ ਮੈਚ, ਫ਼ਿਲਮਾਂ ਤੇ ਸੀਰੀਅਲਾਂ ਨੇ ਅਜਿਹੀ ਘੁਸਪੈਠ ਕੀਤੀ ਕਿ ਕਥਾ ਕੀਰਤਨ ਦਾ ਸਮਾਂ ਚੋਰੀ ਕਰ ਕੇ ਲੈ ਗਏ। ਆਲੇ ਦੁਆਲੇ ਤਾਂ ਪਹਿਲਾਂ ਹੀ ਸਭ ਪਾਸੇ ਅਨਮਤੀਆਂ ਦੀਆਂ ਢਾਣੀਆਂ ਸਨ, ਹੁਣ ਗੁਰ ਪੁਰਬਾਂ ਨਾਲੋਂ ਉਨ੍ਹਾਂ ਦੇ ਤਿਉਹਾਰ ਜ਼ਿਆਦਾ ਉਤਸਾਹ ਨਾਲ ਮਨਾਏ ਜਾਣ ਲੱਗੇ। ਸਹਜੇ ਸਹਜੇ ਉਹ ਸਾਰੇ ਰਾਹ ਬੰਦ ਹੁੰਦੇ ਗਏ, ਜਿਨ੍ਹਾਂ ਰਾਹੀਂ ਕਦੇ ਘਰ ਵਿੱਚ ਸਿੱਖੀ ਸਰੂਪ, ਕਿਰਦਾਰ, ਸਦਾਚਾਰ ਅਤੇ ਸਿੱਖੀ ਦੀ ਵਿਲਖਣਤਾ ਦੀਆਂ ਬਾਤਾਂ ਸੁਣੀਦੀਆਂ ਸਨ।

ਕੁਦਰਤ ਦਾ ਅਟੱਲ ਅਸੂਲ ਹੈ ਕਿ ਜੇਕਰ ਕਿਸੇ ਬਾਗ਼ ਦਾ ਰਾਖਾ ਅਵੇਸਲਾ ਹੋ ਜਾਵੇ ਤਾਂ ਉਸ ਦੇ ਫੁੱਲਾਂ ਨੂੰ ਮੁਰਝਾਉਂਦਿਆਂ ਬਹੁਤਾ ਚਿਰ ਨਹੀਂ ਲੱਗਦਾ। ਇਸ ਪਰਵਾਰ ਦੀ ਵੱਡੀ ਲੜਕੀ ਬਚਪਨ ਤੋਂ ਅੰਮ੍ਰਿਤਧਾਰੀ ਸੀ, ਦਾਦੇ ਦੇ ਪ੍ਰਭਾਵ ਸਦਕਾ ਕੀਰਤਨ ਵਿਚ ਵੀ ਨਿਪੁੰਨ ਸੀ। ਗਿਆਨੀ ਜੀ ਦੇ ਚਲਾਣੇ ਪਿੱਛੋਂ ਪਰਵਾਰ ਆਰਥਕ ਤੌਰ ’ਤੇ ਡਾਵਾਂ-ਡੋਲ ਹੋ ਗਿਆ ਤਾਂ ਇਸ ਨੂੰ ਕਿਸੇ ਕੰਪਨੀ ਵਿਚ ਨੌਕਰੀ ਕਰਨੀ ਪੈ ਗਈ। ਕੁਦਰਤੀ ਗੱਲ ਸੀ ਕਿ ਵਰਕ ਪਲੇਸ ’ਤੇ ਵੀ ਹਰ ਕਿਸਮ ਦੀ ਵਿਚਾਰਧਾਰਾ ਵਾਲਿਆਂ ਨਾਲ ਵਾਹ ਵਾਸਤਾ ਪੈਣਾ ਹੀ ਸੀ। ਅੰਦਰੋਂ ਸਿੱਖੀ ਵਾਲੀਆਂ ਜੜ੍ਹਾਂ ਕਮਜ਼ੋਰ ਹੋ ਹੀ ਗਈਆਂ ਸਨ। ਜ਼ਮਾਨੇ ਦੀ ਚੰਦਰੀ ‘ਵਾ’ ਦਾ ਸ਼ਿਕਾਰ ਹੁੰਦਿਆਂ ਬਹੁਤਾ ਚਿਰ ਨਾ ਲੱਗਾ। ਛੇਤੀ ਹੀ ਸ਼ਰਮ ਧਰਮ ਨੂੰ ਛਿੱਕੇ ’ਤੇ ਟੰਗ ਕੇ ਗ਼ੈਰ ਸਿੱਖ ਲੜਕੇ ਨਾਲ ਵਿਆਹ ਕਰਵਾਉਣ ਲਈ ਅੜ ਗਈ। ਮਾਪਿਆਂ ਨੇ ਵੀ ਖ਼ੁਦ ਨੂੰ ਨਵੇਂ ਜ਼ਮਾਨੇ ਦੇ ਹਾਣੀ ਅਤੇ ਖੁੱਲ੍ਹ-ਦਿਲੇ ਸਿੱਖ ਅਖਵਾਉਣ ਦੇ ਚੱਕਰ ਵਿਚ ਬਗੈਰ ਹੀਲ ਹੁੱਜਤ ਕੀਤੇ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ।

ਕੁਝ ਕੁ ਨਿਕਟ ਵਰਤੀ ਸੱਜਣਾਂ ਨੇ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ ਸਿੱਖਾਂ ਦੀ ਬੱਚੀ ਸਿੱਖੀ ਤੋਂ ਬਾਗ਼ੀ ਹੋ ਕੇ ਕੱਲੀ ਨਹੀਂ ਡੁਬਦੀ ਬਲਕਿ ਨਾਨਕਿਆਂ, ਦਾਦਕਿਆਂ ਦੀਆਂ ਆਉਣ ਵਾਲੀਆਂ ਕਈ ਨਸਲਾਂ ’ਚੋਂ ਸਿੱਖੀ ਦੇ ਬੀਜ ਨੂੰ ਮਾਰ ਦਿੰਦੀ ਹੈ, ਪਰ ਪਰਵਾਰ ਨੇ ਕੰਨਾਂ ਵਿਚ ਰੂੰ ਦਿੱਤੀ ਹੋਈ ਸੀ ਤੇ ਦਿੱਤੀ ਹੀ ਰੱਖੀ। ਸਿੱਖੀ ਸਿਦਕ, ਸਰੂਪ, ਸਿਧਾਂਤ ਵਿਚ ਕਾਇਮ ਰਹਿਣ ਦੀਆਂ ਦਲੀਲਾਂ ਨੂੰ ਪਿਛਾਂਹ ਖਿੱਚੂ ਸੋਚ ਕਹਿ ਕੇ ਸਾਰਾ ਟੱਬਰ ਅਖੌਤੀ ਆਧੁਨਿਕਤਾ ਦੀ ਬਲੀ ਚੜ੍ਹ ਗਿਆ। ਕੁੜੀ ਵਿਆਹ ਕੇ ਚਲੀ ਗਈ ਤੇ ਬਾਕੀਆਂ ਨੇ ਇਸ ਨੂੰ ਆਮ ਵਰਤਾਰਾ ਕਹਿ ਕੇ ਬਹੁਤਾ ਨਾ ਗੌਲਿਆ। ਇਹ ਸੀ ‘ਉਹ ਪਹਿਲੀ ਖੱਟੀ, ਜੋ ਅਖੌਤੀ ਖੁੱਲ੍ਹ-ਦਿਲੀ ਦੇ ਮਖੌਟੇ ਨੇ ਇਸ ਪਰਵਾਰ ਨੂੰ ਖੱਟ ਕੇ ਦਿੱਤੀ ਸੀ’।

ਹੁਣ ਇਸੇ ਲੜਕੀ ਦੇ ਪਿਤਾ ਯਾਨੀ ਗਿਆਨੀ ਜੀ ਦੇ ਬੇਟੇ ਦੀ ਹੀ ਮੌਤ ਹੋਈ ਸੀ। ਭੋਗ ਲਈ ਮਿੱਥਿਆ ਗਿਆ ਸਥਾਨ ਸੀ ‘ਗੁਰੂ ਗ੍ਰੰਥ ਸਾਹਿਬ ਭਵਨ’ ਛਤਰਪੁਰ, ਜੋ ਕਿ ਕੁਤਬ ਮੀਨਾਰ ਦੇ ਨੇੜੇ ਹੈ। ਅਤੀਤ ਦੀ ਇਸ ਉਧੇੜ ਬੁਣ ਵਿਚ ਹੀ ਛਤਰਪੁਰ ਮੈਟਰੋ ਸਟੇਸ਼ਨ ਆ ਗਿਆ। ਵਰਤਮਾਨ ਵਿਚ ਪਰਤ ਕੇ ਮੈਂ ਸਟੇਸ਼ਨ ਦੀਆਂ ਪੌੜੀਆਂ ਉਤਰੀਆਂ ਤੇ ਆਪਣੇ ਦੋ ਸਾਥੀਆਂ ਸਮੇਤ ਗੁਰਦਵਾਰੇ ਦੇ ਦੀਵਾਨ ਹਾਲ ਵਿਚ ਦਾਖ਼ਲ ਹੋ ਗਿਆ। ਨੌਜਵਾਨ ਸਿੰਘਾਂ ਦਾ ਜਥਾ ਬੜਾ ਸੋਹਣਾ ਤੇ ਅਨੰਦਮਈ ਕੀਰਤਨ ਕਰ ਰਿਹਾ ਸੀ, ਪਰ ਇਕ ਗੱਲ ਜਿਹੜੀ ਸਭ ਤੋਂ ਵੱਧ ਚੁਭਣ ਵਾਲੀ ਸੀ ਕਿ ਸੰਗਤ ਵਿਚ ਚਾਰੇ ਪਾਸੇ ਰੁਮਾਲਾਂ ਨਾਲ ਸਿਰ ਕੱਜੇ ਹੋਏ ਗੈਰ ਸਿੱਖ ਹੀ ਦਿਸ ਰਹੇ ਸਨ। ਇਕ ਅਜੀਬ ਗੱਲ ਇਹ ਹੋਈ ਕਿ ਦੋ ਸ਼ਬਦ ਪੜ੍ਹਨ ਤੋਂ ਬਾਅਦ ਹੀ ਕਿਸੇ ਪਰਵਾਰਕ ਵਿਅਕਤੀ ਵੱਲੋਂ ਕੀਰਤਨੀ ਜੱਥੇ ਨੂੰ ਸਟੇਜ ਤੋਂ ਉਤਰਨ ਲਈ ਹਿਦਾਇਤ ਕਰ ਦਿੱਤੀ ਗਈ। ਸ਼ਾਇਦ ਇਹ ਪਹਿਲਾਂ ਹੀ ਗਿਣਿਆ ਮਿੱਥਿਆ ਪ੍ਰੋਗਰਾਮ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿਰ ਤੇ ਰੁਮਾਲ ਬੰਨ੍ਹੀ ਇਕ ਸਫ਼ਾਚਟ ਵਿਅਕਤੀ ਨੂੰ ਕੀਰਤਨ ਵਾਲੀ ਸਟੇਜ ’ਤੇ ਬਿਠਾ ਦਿੱਤਾ। ਉਸ ਨੇ ਗਾਇਕੀ ਦੀ ਤਰਜ਼ ਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਇਕ ਤਾਂ ਉਸ ਦੇ ਉਚਾਰਨ ਦਾ ਲਹਿਜਾ ਹਿੰਦੀ ਦੀ ਪੁੱਠ ਵਾਲਾ ਸੀ ਤੇ ਨਾਲ ਹੀ ਉਹ ਕੀਰਤਨ ਵਿਚ ਸੱਜੇ ਖੱਬੇ ਦੀਆਂ ਤੁਕਾਂ ਵੀ ਰਲਾਈ ਜਾਂਦਾ ਸੀ। ਕੀਰਤਨੀ ਜੱਥਾ ਸ਼ਾਇਦ ਇਸ ਨੂੰ ਆਪਣੀ ਹੇਠੀ ਸਮਝ ਕੇ ਉੱਥੋਂ ਉੱਠ ਕੇ ਚਲਾ ਗਿਆ। ਸਾਬਤ ਸੂਰਤ ਸਿੱਖੀ ਸਰੂਪ ਵਾਲਿਆਂ ਦੀ ਸ਼ਮੂਲੀਅਤ ਪਹਿਲਾਂ ਹੀ ਉਂਗਲਾਂ ’ਤੇ ਗਿਣਨ ਜੋਗੀ ਸੀ। ਜਥੇ ਦੇ ਚਲੇ ਜਾਣ ਨਾਲ ਤਾਬਿਆ ਬੈਠੇ ਭਾਈ ਜੀ ਤੇ ਅਰਦਾਸੀਏ ਤੋਂ ਇਲਾਵਾ ਸਾਡੇ ਸਣੇ ਮਸਾਂ ਦਸ ਕੁ ਬੰਦੇ ਹੀ ਪਗੜੀਆਂ ਵਾਲੇ ਰਹਿ ਗਏ ਸਨ। ਅਸੀਂ ਸਾਰੇ ਸੁਆਲੀਆ ਨਜ਼ਰਾਂ ਨਾਲ ਸ਼ਾਇਦ ਇਕ ਦੂਜੇ ਕੋਲੋਂ ਇਹੀ ਪੁੱਛਣ ਦੀ ਕੋਸ਼ਿਸ਼ ਕਰ ਰਹੇ ਸਾਂ ਕਿ ਜਿਹੜੇ ਦਰਸ਼ਨੀ ਗੁਰਸਿੱਖ ਦੀ ਫੋਟੋ ਦੀਵਾਨ ਅਸਥਾਨ ਦੇ ਬਾਹਰ ਰੱਖੀ ਹੋਈ ਹੈ, ਇਹ ਉਸੇ ਦਾ ਭੋਗ ਸਮਾਗਮ ਹੈ ਜਾਂ ਕਿਸੇ ਗੈਰ ਸਿੱਖ ਦਾ ? ਮੇਰੀ ਜਾਚੇ ਇਹ ਸੀ ‘ਦੂਜੀ ਖੱਟੀ, ਜਿਹੜੀ ਆਧੁਨਿਕਤਾ ਨੇ ਇਨ੍ਹਾਂ ਨੂੰ ਖੱਟ ਕੇ ਦਿੱਤੀ ਸੀ’।

ਇਹ ਕਿਸੇ ਇਕ ਪਰਵਾਰ ਦੀ ਕਹਾਣੀ ਨਹੀਂ ਹੈ। ਇਹ ਮਰਜ਼ ਹਰ ਸਿੱਖ ਘਰਾਣੇ ਨੂੰ ਆਪਣੀ ਚਪੇਟ ਵਿਚ ਲੈ ਰਹੀ ਹੈ। ਬਾਕੀ ਕੌਮਾਂ ਦੇ ਮੁਕਾਬਲੇ ਸਿੱਖ ਆਰਥਕ ਤੌਰ ’ਤੇ ਵਧੇਰੇ ਖੁਸ਼ਹਾਲ ਮੰਨੇ ਜਾਂਦੇ ਹਨ। ਇਹ ਖ਼ੁਸ਼ਹਾਲੀ ਸਾਡੇ ਵਡੇਰਿਆਂ ਵੱਲੋਂ ਫੋਕਟ ਤੇ ਖਰਚੀਲੀਆਂ ਸਨਾਤਨੀ ਰੀਤਾਂ ਰਸਮਾਂ ਤੋਂ ਰਹਿਤ ਹੋ ਕੇ ਸਿੱਖ ਸਿਧਾਂਤ ਅਨੁਸਾਰ ਜਿਉਣ ਨਾਲ ਆਈ ਹੈ, ਪਰ ਹੁਣ ਇਸ ਖ਼ੁਸ਼ਹਾਲੀ ਨੇ ਸਾਡੇ ਵਿਚ ਅਫਰੇਵਾਂ ਲੈ ਆਂਦਾ ਹੈ। ਇਸ ਕਾਰਨ ਅਸੀਂ ਗੁਰਬਾਣੀ ਅਤੇ ਸਿੱਖ ਸਿਧਾਂਤਾਂ ਨੂੰ ਸਮਝਣ ਪ੍ਰਤੀ ਅਵੇਸਲੇ ਹੋ ਗਏ ਹਾਂ। ਸਿੱਟੇ ਵੱਜੋਂ ਜਿਨ੍ਹਾਂ ਫੋਕਟ ਰੀਤਾਂ ਰਸਮਾਂ ਵਿਚੋਂ ਸਾਨੂੰ ਗੁਰਬਾਣੀ ਦੇ ਗਿਆਨ ਨੇ ਕੱਢਿਆ ਸੀ, ਮੁੜ ਉਨ੍ਹਾਂ ਦੇ ਕੰਧਾੜੇ ਚੜ੍ਹ ਕੇ ਅਸੀਂ ਨਿੱਤ ਦਿਹਾੜੇ ਸਿੱਖੀ ਦੀ ਵਿਲਖਣਤਾ ਨੂੰ ਖੋਰਾ ਲਾ ਰਹੇ ਹਾਂ। ਸਾਡੀਆਂ ਮਾਵਾਂ, ਭੈਣਾਂ, ਬੀਬੀਆਂ ਟੀ.ਵੀ. ਸੀਰੀਅਲਾਂ ਦੇ ਪ੍ਰਭਾਵ ਹੇਠ ਆ ਕੇ ਫੈਸ਼ਨ ਦੇ ਰੋੜ੍ਹ ਵਿਚ ਰੁੜ੍ਹਦੀਆਂ ਜਾ ਰਹੀਆਂ ਹਨ। ਭੜਕੀਲੇ ਪਹਿਰਾਵੇ ਅਤੇ ਗਲੈਮਰ ਦੇ ਨਾਂ ਹੇਠ ਪਰੋਸੇ ਜਾ ਰਹੇ ਨੰਗੇਜ ਦੀ ਚਕਾਚੌਂਧ ਤੋਂ ਚੜ੍ਹਦੀ ਉਮਰ ਦੀਆਂ ਬੱਚੀਆਂ ਸਭ ਤੋਂ ਜ਼ਿਆਦਾ ਪ੍ਰਭਾਵਤ ਹੋ ਰਹੀਆਂ ਹਨ।  90ਫੀਸਦੀ ਸਿੱਖ ਘਰਾਣਿਆਂ ਦੀਆਂ ਬੱਚੀਆਂ ਬੇਝਿਜਕ ਹੋ ਕੇ ਰੋਮ ਨਾਸ਼ਕ ਕਰੀਮਾਂ ਦੀ ਵਰਤੋਂ ਕਰਨ ਲੱਗ ਪਈਆਂ ਹਨ। ਇੱਥੋਂ ਹੀ ਅਸਲ ਵਿਗਾੜ ਦੀ ਸ਼ੁਰੂਆਤ ਹੁੰਦੀ ਹੈ। ਜਿਨ੍ਹਾਂ ਬੱਚੀਆਂ ਨੂੰ ਕੁਦਰਤ ਵੱਲੋਂ ਉਨ੍ਹਾਂ ਦੇ ਕੋਮਲ ਅੰਗਾਂ ਦੀ ਰਾਖੀ ਲਈ ਦਿੱਤੇ ਗਏ ਨਿੱਕੇ ਨਿੱਕੇ ਰੋਮ ਸੁੰਦਰਤਾ ਵਿਚ ਅੜਿੱਕਾ ਲੱਗਣ ਲੱਗ ਪਏ, ਉਹ ਆਪਣੇ ਬੱਚਿਆਂ ਦੇ ਸਿਰ ਦੇ ਗਿੱਠ ਗਿੱਠ ਲੰਮੇ ਕੇਸਾਂ ਨੂੰ ਕਿਵੇਂ ਸਾਂਭਣਗੀਆਂ ? ਲੜਕੀਆਂ ਨੂੰ ਬਰਾਬਰੀ ਅਤੇ ਪੂਰੀ ਖੁੱਲ੍ਹ ਦੇਣ ਦੇ ਨਾਂ ’ਤੇ ਹੱਦੋਂ ਵੱਧ ਉਲਾਰ ਅਤੇ ਉਦਾਰ ਚਿੱਤ ਹੋ ਚੁੱਕੇ ਸਿੱਖ ਮਾਪੇ, ਅੱਜ ਉਨ੍ਹਾਂ ਨੂੰ ਸਿੱਖੀ ਦੇ ਮੁੱਢਲੇ ਫ਼ਰਜ਼ ਕੇਸਾਂ-ਰੋਮਾਂ ਦੇ ਸਤਿਕਾਰ ਪ੍ਰਤੀ ਸੁਚੇਤ ਰਹਿਣ ਲਈ ਵੀ ਪ੍ਰੇਰਨਾ ਦੇਣੋ ਹਟ ਗਏ ਹਨ। ਨਿੱਤ ਨਵੇਂ ਹੇਅਰ ਸਟਾਈਲ ਦੇ ਨਾਂ ਹੇਠ ਬਿਊਟੀ ਪਾਰਲਰ ਰੂਪ ਜਿੱਲ੍ਹਣ ਵਿਚ ਡਿੱਗਦੀਆਂ ਜਾ ਰਹੀਆਂ ਇਹ ਬੱਚੀਆਂ ਹੌਲੀ ਹੌਲੀ ਲਈ ਸਿੱਖ ਸਿਧਾਂਤਾਂ ਵੱਲ ਪਿੱਠ ਕਰ ਲੈਣ ਨੂੰ ਹੀ ਆਧੁਨਿਕ ਹੋਣ ਦੀ ਨਿਸ਼ਾਨੀ ਸਮਝਣ ਲੱਗ ਪੈਂਦੀਆਂ ਹਨ।

ਅਖੌਤੀ ਆਧੁਨਿਕਤਾ ਦੇ ਨਾਂ ਹੇਠ ਵਾਪਰ ਰਹੇ ਇਸ ਕੋਝੇ ਵਰਤਾਰੇ ਦਾ ਜ਼ਿਕਰ ਕਰਨ ਦਾ ਮੇਰਾ ਮਕਸਦ ਹਰਗਿਜ਼ ਵੀ ਕਿਸੇ ਦੇ ਨਿੱਜੀ ਜੀਵਨ ’ਤੇ ਟਿੱਪਣੀਆਂ ਕਰਨਾ ਨਹੀਂ ਹੈ। ਮੈਂ ਨਹੀਂ ਜਾਣਦਾ ਕਿ ਪਾਠਕ ਇਸ ਵਰਤਾਰੇ ਨੂੰ ਕਿਸ ਨਜ਼ਰੀਏ ਨਾਲ ਵੇਖਣਗੇ, ਪਰ ਜਦੋਂ ਮੈਂ ਆਪਣੇ ਆਪ ਨੂੰ ਇਸ ਵਰਤਾਰੇ ਦੇ ਕੇਂਦਰ ਬਿੰਦੂ ਵਿਚ ਰੱਖ ਕੇ ਵੇਖਦਾ ਹਾਂ ਤਾਂ ਮੇਰੀ ਰੂਹ ਕੰਬ ਜਾਂਦੀ ਹੈ। ਇਹ ਸੁਆਲ ਵਾਰ ਵਾਰ ਮੇਰੇ ਮਨ ਵਿਚ ਖਲਬਲੀ ਮਚਾਉਣ ਲੱਗ ਪੈਂਦਾ ਹੈ ਕਿ ਇਸ ਤਰ੍ਹਾਂ ਆਪਣੇ ਵਿਰਸੇ ਤੋਂ ਬੇਮੁੱਖ ਹੋ ਕੇ ਸਾਡੇ ਬੱਚੇ-ਬੱਚੀਆਂ ਸਿੱਖੀ ਦੀ ਧਰੋਹਰ ਨੂੰ ਸੰਭਾਲ ਵੀ ਸਕਣਗੇ ਕਿ ਨਹੀਂ ?

ਅਸੀਂ ਸਿੱਖ; ਗੁਰੂ ਸਾਹਿਬਾਨ ਦੀ ਉਸ ਘਾਲਣਾ ਦਾ ਮੁੱਲ ਨਹੀਂ ਪਾ ਸਕੇ ਜਿਹੜੀ ਉਨ੍ਹਾਂ ਨੇ 239 ਸਾਲ ਦਾ ਲੰਮਾ ਸਮਾਂ ਲਾ ਕੇ ਸਿੱਖੀ ਦੇ ਇਸ ਬਿਰਛ ਨੂੰ ਸਿੰਜਣ ਲਈ ਘਾਲ਼ੀ ਸੀ। ਕਿਹੋ ਜਿਹੇ ਸਨ ਉਹ ਸਿੰਘ, ਸਿੰਘਣੀਆਂ ਜਿਨ੍ਹਾਂ ਨੇ ਹਰ ਕਿਸਮ ਦਾ ਜ਼ੁਲਮ ਸਹਾਰ ਕੇ ਵੀ ਸਿਦਕ ਨਹੀਂ ਹਾਰਿਆ। ਸਿੱਖੀ ਸਰੂਪ ਤੇ ਸਿਧਾਂਤ ਦੀ ਰਾਖੀ ਲਈ ਅਸਹਿ ਤੇ ਅਕਹਿ ਕਸ਼ਟ ਝੱਲ ਕੇ ਵੀ ਸਿੱਖੀ ਦੇ ਸੋਹਣੇ ਬਿਰਛ ਨੂੰ ਮੁਰਝਾਉਣ ਨਹੀਂ ਦਿੱਤਾ।

ਅੱਜ ਆਧੁਨਿਕਤਾ ਦੀ ਖ਼ੁਮਾਰੀ ਵਿਚ ਮਸਤ ਹੋਇਆ ਸਿੱਖ ਸਮਾਜ ਜਿਵੇਂ ਨਿੱਕੀਆਂ ਨਿੱਕੀਆਂ ਗਰਜ਼ਾਂ ਦੀ ਖ਼ਾਤਰ ਸਿੱਖੀ ਦੇ ਬਿਰਛ ਦੀਆਂ ਡਾਲੀਆਂ ਨੂੰ ਵੱਢਣ ਲਈ ਤਤਪਰ ਹੋਇਆ ਪਿਆ ਹੈ, ਸੁਤੇ ਸਿੱਧ ਹੀ ਪੰਜਵੇਂ ਪਾਤਿਸ਼ਾਹ ਜੀ ਦੇ ਬਚਨ ਚੇਤੇ ਆ ਜਾਂਦੇ ਹਨ ‘‘ਕਾਟੈ ਪੇਡੁ, ਡਾਲ ਪਰਿ ਠਾਢੌ; ਖਾਇ ਖਾਇ ਮੁਸਕਾਰੈ ’’ (ਮਹਲਾ /੧੨੦੫) ਅਰਥ : ਬੰਦਾ ਟਹਿਣੀ ਉੱਤੇ ਖੜ੍ਹ ਕੇ ਉਸੇ ਪੇਡ ਨੂੰ ਵੱਢ ਰਿਹਾ ਹੈ। ਨਾਲ਼ੇ ਖਾਂਦਾ ਖਾਂਦਾ ਹੱਸ ਰਿਹਾ ਹੈ ਭਾਵ ਉਹ, ਇਹ ਭੀ ਨਹੀਂ ਸਮਝ ਰਿਹਾ ਕਿ ਪੇਡ ਡਿੱਗਣ ਨਾਲ਼ ਤੂੰ ਡਿੱਗ ਕੇ ਮਰਨਾ ਹੈ।

ਅਖੌਤੀ ਆਧੁਨਿਕਤਾ ਦੀ ਇਸ ਰਾਹ ’ਤੇ ਚਲਦੇ ਰਿਹਾਂ ਅਸੀਂ ਸਿੱਖ; ਜਿਹੜੀ ਖੱਟੀ ਹਾਸਲ ਕਰਾਂਗੇ ਉਸ ਬਾਰੇ ਪਾਤਿਸ਼ਾਹ ਜੀ ਜੋ ਚੇਤਾਵਨੀ ਦੇ ਰਹੇ ਹਨ, ਉਸ ਦੀ ਆਪਣੇ ਮਨ ਵਿਚ ਕਲਪਨਾ ਕਰਦਿਆਂ ਹੀ ਕਾਂਬਾ ਛਿੜਦਾ ਹੈ, ‘‘ਗਿਰਿਓ ਜਾਇ ਰਸਾਤਲਿ ਪਰਿਓ; ਛਿਟੀ ਛਿਟੀ ਸਿਰ ਭਾਰੈ ’’ (ਮਹਲਾ /੧੨੦੫) ਅਰਥ : ਦਰਖ਼ਤ ਡਿੱਗਣ ਨਾਲ਼ ਉਹ ਬੰਦਾ ਗਹਿਰੇ ਖੱਡੇ ’ਚ ਜਾ ਡਿੱਗਦਾ ਹੈ। ਸਿਰ ਭਾਰ ਡਿੱਗਿਆ ਹੱਡੀਆਂ ਤੁੜਵਾ ਬੈਠਦਾ ਹੈ।