ਗਾਵਹਿ, ਖੰਡ ਮੰਡਲ ਵਰਭੰਡਾ.. ॥

0
831

ਗਾਵਹਿ, ਖੰਡ ਮੰਡਲ ਵਰਭੰਡਾ.. ॥

ਗਿਆਨੀ ਅਵਤਾਰ ਸਿੰਘ-94650-40032

ਵਿਚਾਰ ਅਧੀਨ ਤੁਕ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’, ‘ਜਪੁ’ ਬਾਣੀ ਦੀ 27ਵੀਂ ਪਉੜੀ ਤੋਂ ਇਲਾਵਾ ‘ਸੋ ਦਰੁ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 9 ਅਤੇ 347 ਉੱਤੇ ‘‘ਗਾਵਨਿ ਤੁਧ ਨੋ, ਖੰਡ ਮੰਡਲ ਬ੍ਰਹਮੰਡਾ.. ॥ (ਸੋ ਦਰੁ/ ਆਸਾ/੯), ਗਾਵਨਿ੍ ਤੁਧ ਨੋ, ਖੰਡ ਮੰਡਲ ਬ੍ਰਹਮੰਡਾ.. ॥’’ (ਰਾਗ ਆਸਾ/ਸੋ ਦਰੁ/੩੪੭) ਉੱਤੇ ਵੀ ਸੁਸ਼ੋਭਿਤ ਹੈ। ਲਗਭਗ ਸਾਰੇ ਹੀ ਟੀਕਾਕਾਰਾਂ ਨੇ ਇਨ੍ਹਾਂ ਪਾਵਨ ਪੰਕਤੀਆਂ ਦੇ ਅਰਥ ਕੀਤੇ ਹਨ ਕਿ ‘ਖੰਡ, ਮੰਡਲ, ਬ੍ਰਹਿਮੰਡ’ ਅਕਾਲ ਪੁਰਖ ਨੂੰ ਗਾਉਂਦੇ ਹਨ ਭਾਵ ਉਸ ਦੇ ਹੁਕਮ ਵਿੱਚ ਚੱਲਦੇ ਹਨ।

ਹਥਲੇ ਵਿਸ਼ੇ ਦੀ ਵਿਚਾਰ ਲਈ ‘ਜਪੁ’ ਬਾਣੀ ਦੀ ਇਸ ਮੁਕੰਮਲ ਪਉੜੀ ਦੇ ਸ਼ਬਦਾਰਥਾਂ ਨੂੰ ਤਿੰਨ ਭਾਗਾਂ ’ਚ ਵੰਡਣਾ ਲਾਭਕਾਰੀ ਰਹੇਗੀ, ਜੋ ਕਿ ਇਸ ਪ੍ਰਕਾਰ ਹੈ :

(1). (ੳ). ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ; ਕੇਤੇ ਵਾਵਣਹਾਰੇ ॥ ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥

ਭਾਵ ਹੇ ਅਕਾਲ ਪੁਰਖ ! ਤੇਰਾ ਉਹ ਘਰ (ਸਥਾਈ ਨਿਵਾਸ) ਤੇ ਉਸ ਦਾ ਦਰਵਾਜ਼ਾ ਕਿਹੋ ਜਿਹਾ ਅਦਭੁਤ ਹੈ, ਜਿੱਥੇ ਬੈਠ ਕਰ ਤੂੰ ਕੁਦਰਤ ਦੀ ਸੰਭਾਲ਼ ਕਰਦਾ ਹੈਂ ! (ਮਹਿਸੂਸ ਹੁੰਦਾ ਹੈ ਕਿ ਉੱਥੇ) ਅਣਗਿਣਤ ਸੰਗੀਤ ਰਸ ਤੇ ਉਨ੍ਹਾਂ ਨੂੰ ਪ੍ਰਗਟ ਕਰਨ ਵਾਲ਼ੇ ਕਈ ਸਾਜ਼ ਹਨ, ਜਿਨ੍ਹਾਂ ਨੂੰ ਵਜਾਉਣ ਵਾਲ਼ੇ (ਆਗਿਆਕਾਰੀ ਭਗਤ-ਜਨ) ਵੀ ਬੇਅੰਤ ਹਨ। ਕਿਤਨੇ ਹੀ ਗਵੱਈਏ; ਇਨ੍ਹਾਂ ਰਾਗ, ਰਾਗਣੀਆਂ ਰਾਹੀਂ ਤੇਰੀ ਉਸਤਤ ਕਰਦੇ ਹਨ (ਭਾਵ ਬੇਗ਼ਮਪੁਰਾ ਜਾਂ ਸਚ ਖੰਡਿ ਅਵਸਥਾ ਵਿੱਚ ਸੰਗੀਤ ਧੁਨੀ ਵਾਲ਼ਾ ਅਨੰਦ ਹੀ ਅਨੰਦ ਹੈ, ਮਾਨੋ ਇਸ ਅਨੰਦ ਨੂੰ ਅਣਗਿਣਤ ਭਗਤ-ਜਨ ਮਾਣ ਰਹੇ ਹਨ)।

(ਅ). ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਨ ਕਰਣਾ ਜਾਈ ॥

ਭਾਵ ਕੇਵਲ ਉਹੀ ਸਦਾ ਸਥਿਰ ਜਗਤ ਦਾ ਅਸਲ ਮਾਲਕ ਹੈ ਤੇ ਉਸ ਦੀ ਵਡਿਆਈ ਵੀ ਇਕ ਸਮਾਨ ਸਥਿਰ ਹੈ, ਉਹ ਹੁਣ (ਵਰਤਮਾਨ) ’ਚ ਵੀ ਹੈ ਕਿਉਂਕਿ ਨਾ ਜੰਮਦਾ, ਨਾ ਮਰਦਾ ਹੈ, ਜਿਸ ਨੇ ਜਗਤ ਰਚਨਾ ਰਚੀ ਹੈ। ਰੰਗਾਂ-ਰੰਗਾਂ ਦੀ, ਭਾਂਤ-ਭਾਂਤ ਦੀ, ਕਈ ਕਿਸਮਾਂ ਦੀ ਬਣਾ ਕੇ ਜਿਸ ਨੇ ਮਾਇਆ ਵੀ ਪੈਦਾ ਕੀਤੀ ਹੈ। ਜਿਸ ਤਰ੍ਹਾਂ ਦੀ ਉਸ ਦੀ ਪ੍ਰਸਿੱਧੀ (ਸੁਭਾਅ, ਆਚਰਣ) ਹੈ, ਵੈਸਾ ਹੀ ਇਸ ਰਚੇ ਹੋਏ ਆਪਣੇ ਪਸਾਰੇ (ਪਰਵਾਰ) ਨੂੰ ਬਣਾ ਬਣਾ ਕੇ ਸੰਭਾਲ਼ਦਾ ਹੈ। ਜੋ ਉਸ ਨੂੰ ਪਸੰਦ ਹੈ, ਉਹੀ (ਜਗਤ ’ਚ) ਹੋਏਗਾ, (ਇਸ ਸਥਾਈ ਪਰੰਪਰਾ ਵਿਰੁਧ ਕੋਈ ਰੁਕਾਵਟ ਜਾਂ) ਆਦੇਸ਼ ਨਹੀਂ ਕੀਤਾ ਜਾ ਸਕਦਾ।

(2). ਗਾਵਹਿ ਤੁਹ ਨੋ, ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥ ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥ ਗਾਵਹਿ ਸਿਧ ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ; ਗਾਵਹਿ ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ॥ ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥.. .. . ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ  ?॥

ਭਾਵ ਹੇ ਸਥਾਈ ਅਕਾਲ ਪੁਰਖ ! (ਤੇਰੀ ਰਚੀ ਹੋਈ ਇਸ ਚਲਾਇਮਾਨ ਰਚਨਾ ’ਚ ਪੂਜਨੀਕ ਮੰਨੇ ਜਾਂਦੇ, ਜਿਵੇਂ ਕਿ) ਹਵਾ, ਪਾਣੀ, ਅੱਗ, ਧਰਮਰਾਜ, ਚਿੱਤਰ-ਗੁਪਤ, ਸ਼ਿਵ ਜੀ, ਬ੍ਰਹਮਾ, ਦੇਵੀਆਂ, ਆਪਣੇ ਦੇਵਤਿਆਂ ਸਮੇਤ ਸਿੰਘਾਸਣ ’ਤੇ ਬਿਰਾਜਮਾਨ ਇੰਦ੍ਰ, ਸਮਾਧੀ ਲੀਨ ਜੋਗੀ, ਜਤੀ, ਸਤੀ (ਦਾਨੀ), ਸਬਰ-ਸੰਤੋਖੀ, ਤਕੜੇ ਯੋਧੇ, ਵੇਦਾਂ ਰਾਹੀਂ ਬਣੇ ਵਿਦਵਾਨ ਪੰਡਿਤ, ਸੁਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ ਦੀਆਂ ਸੁੰਦਰ ਇਸਤ੍ਰੀਆਂ, 68 ਤੀਰਥਾਂ ਸਮੇਤ 14 ਰਤਨ, ਮਹਾਂਬਲੀ ਸੂਰਮੇ, ਆਦਿ ਸਭ ਤੇਰੇ ਹੀ ਗੁਣ ਗਾਉਂਦੇ ਹਨ। ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ ਤੋਂ ਪੈਦਾ ਹੋਣ ਵਾਲ਼ੇ ਜੀਵ), ਖੰਡ, ਮੰਡਲ, ਵਰਭੰਡ, ਆਦਿ ਸਾਰੇ ਹੀ ਤੇਰੀ ਸਿਫ਼ਤ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਅਣਗਿਣਤ ਤੈਨੂੰ ਗਾਉਂਦੇ ਹਨ, ਜੋ ਮੇਰੇ ਖ਼ਿਆਲ ਵਿੱਚ ਨਹੀਂ ਆ ਰਹੇ, ਨਾਨਕ (ਤੇਰੇ ਵਿਸ਼ਾਲ ਪਸਾਰੇ ਦੀ ਹੋਰ) ਕਿੰਨੀ ਕੁ ਵਿਚਾਰ ਕਰ ਸਕਦਾ ਹੈ ?

(3). ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥…… ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ; ਨਾਨਕ ! ਰਹਣੁ ਰਜਾਈ ॥੨੭॥ (ਜਪੁ)

ਭਾਵ ਹੇ ਨਾਨਕ ! ਆਖ, ਕਿ ਹੇ ਅਕਾਲ ਪੁਰਖ ! (ਅਸਲ ’ਚ) ਉਹੀ ਭਗਤ-ਜਨ ਤੈਨੂੰ ਗਾਉਂਦੇ ਹਨ, ਜੋ ਤੈਨੂੰ ਪਸੰਦ ਆ ਜਾਂਦੇ ਹਨ ਭਾਵ (ਜੋ ਰਾਗ ਰਾਗਣੀਆਂ ਸਮੇਤ) ਤੇਰੇ ਸੰਗੀਤ ਰਸ ਵਿੱਚ ਰੰਗੇ ਰਹਿੰਦੇ ਹਨ। ਜੋ ਤੇਰੀ ਰਜ਼ਾ ਵਿੱਚ ਰਹਿਣਾ ਸਮਝ ਲੈਂਦੇ ਹਨ, ਉਹ ਪਾਤਿਸ਼ਾਹਾਂ ਦੇ ਅਸਲ ਪਾਤਿਸ਼ਾਹ (ਭਾਵ ਲੋਕਾਂ ਦੇ ਦਿਲਾਂ ’ਤੇ ਦੀਰਘ ਕਾਲ ਤੱਕ ਪ੍ਰਭਾਵ ਪਾਉਣ ਵਾਲ਼ੇ) ਬਣ ਜਾਂਦੇ ਹਨ।

ਉਕਤ ਕੀਤੇ ਗਏ ਸੰਖੇਪ ਸ਼ਬਦਾਰਥਾਂ ’ਚ ਪ੍ਰਚਲਿਤ ਟੀਕਾਕਾਰਾਂ ਨੇ ‘ਗਾਵਹਿ’ ਜਾਂ ‘ਗਾਵਨਿ’ ਸ਼ਬਦਾਂ ਦਾ ਭਾਵਾਰਥ ‘ਤੇਰੇ ਹੁਕਮ ਵਿੱਚ ਚੱਲਦੇ ਹਨ।’, ਮੰਨ ਲਿਆ ਗਿਆ ਹੈ ਕਿਉਂਕਿ ‘ਖੰਡ, ਮੰਡਲ, ਵਰਭੰਡਾ’, ਆਦਿ ਨਿਰਜਿੰਦ (ਪੱਥਰ) ਹਨ ਤੇ ‘ਹਵਾ, ਪਾਣੀ, ਅੱਗ’, ਆਦਿ ਤੱਤ ਵੀ ਨਹੀਂ ਗਾ ਸਕਦੇ। ਆਪੂੰ ਬਣੇ ਰੱਬ, ‘ਬ੍ਰਹਮਾ (ਸਭ ਨੂੰ ਪੈਦਾ ਕਰਨ ਵਾਲ਼ਾ), ਵਿਸ਼ਨੂੰ (ਸਭ ਨੂੰ ਰਿਜ਼ਕ ਦੇਣ ਵਾਲ਼ਾ), ਸ਼ਿਵਜੀ (ਸਭ ਨੂੰ ਨਾਸ਼ ਕਰਨ ਵਾਲ਼ਾ)’, ਆਦਿ ਵੀ ਗੁਰਬਾਣੀ ਤੋਂ ਇਲਾਵਾ ਕਿਸੇ ਸਨਾਤਨੀ ਗ੍ਰੰਥ ਵਿੱਚ ਕਿਸੇ ਅਦ੍ਰਿਸ਼ ਰੱਬੀ ਸ਼ਕਤੀ ਨੂੰ ਆਪਣੇ ਤੋਂ ਉੱਪਰ ਨਹੀਂ ਮੰਨਦੇ ਤਾਂ ਜੋ ਉਸ ਦੇ ਗੁਣ ਗਾਉਂਦੇ ਹੋਣ, ਆਦਿ।

ਦਰਅਸਲ, ਸਵਾਲ ਪੈਦਾ ਹੁੰਦਾ ਹੈ ਕਿ ਹਰ ਗੁਰੂ ਘਰ ਵਿੱਚ ਅੰਮ੍ਰਿਤ ਵੇਲ਼ੇ ਤੋਂ ਲੈ ਕੇ ਦੇਰ ਰਾਤ ਤੱਕ ਸੰਗਤਾਂ ਗੁਰਬਾਣੀ ਨੂੰ ਭਿੰਨ-ਭਿੰਨ ਰਚਨਾਵਾਂ ਰਾਹੀਂ ਗਾਉਂਦੀਆਂ ਹਨ, ਬਾਣੀ ਨੂੰ ਉਚਾਰਦੀਆਂ ਹਨ, ਜੋ ਕਿ ਕਰਤਾਰ ਦੀ ਉਸਤਤ ਕਰਨਾ ਹੈ। ਕੀ ਇਸ (ਗਾਉਣ) ਦਾ ਮਤਲਬ ਵੀ ਇਹ ਮੰਨ ਲਿਆ ਜਾਏ ਕਿ ਉਹ ਸਾਰੇ ਹੀ ਹੁਕਮ ਵਿੱਚ ਚੱਲਦੇ ਹਨ ਕਿਉਂਕਿ ਵਿਚਾਰ ਅਧੀਨ ਤੁਕ ’ਚ ‘ਗਾਉਣ’ ਤੋਂ ਭਾਵ ‘ਹੁਕਮ ਵਿੱਚ ਚੱਲਣਾ’ ਕੀਤਾ ਜਾਂਦਾ ਹੈ ? ਮੇਰੇ ਕਹਿਣ ਦਾ ਮਤਲਬ ਹੈ ਕਿ ‘ਗਾਉਣਾ’ ਰੂਹਾਨੀਅਤ ਜੀਵਨ ਦਾ ਪਹਿਲਾ ਪੜਾਅ ਹੈ ਜਦ ਕਿ ‘ਹੁਕਮ ਵਿੱਚ ਚੱਲਣਾ’ ਅੰਤਿਮ ਪੜਾਅ ਜਾਂ ਮੰਜ਼ਿਲ ਪ੍ਰਾਪਤੀ, ਇਸ ਲਈ ‘ਪਹਿਲੇ ਪੜਾਅ’ ਦਾ ਭਾਵਾਰਥ ‘ਅੰਤਲੇ ਪੜਾਅ’ ਵੱਲ ਕਿਵੇਂ ਕੀਤਾ ਜਾ ਸਕਦਾ ਹੈ ?

‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸਵਾਲ ਹੈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ  ?॥’’, ਜਿਸ ਦਾ ਜਵਾਬ ਵੀ ਨਾਲ਼ ਹੀ ਦਿੱਤਾ ਗਿਆ ਕਿ ‘‘ਹੁਕਮਿ ਰਜਾਈ ਚਲਣਾ.. ॥’’ ਭਾਵ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਕੇ ‘ਕੂੜ ਦੀ ਕੰਧ’ ਢਹਿ ਜਾਂਦੀ ਹੈ ਤੇ ‘ਸਚਿਆਰ ਜੀਵਨ’ ਬਣ ਜਾਂਦਾ ਹੈ।

ਅਗਰ ਹੁਕਮ ਵਿੱਚ ਚੱਲ ਕੇ ‘ਸਚਿਆਰ’ ਜੀਵਨ ਬਣਦਾ ਹੈ ਤਾਂ ਹੁਕਮ ਵਿੱਚ ਚੱਲਣ ਵਾਲ਼ਿਆਂ (ਸਚਿਆਰਾਂ) ਦਾ ਸਤਿਕਾਰ ਵੀ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਕੁਝ ਅਜਿਹਾ ਹੀ ਬਿਆਨ ਕਰ ਰਹੇ ਹਨ ‘‘ਹਉ ਤਿਨ ਕੈ ਬਲਿਹਾਰਣੈ; ਦਰਿ+ਸਚੈ (’ਤੇ) ਸਚਿਆਰ ॥’’ (ਮ: ੧/੫੫) ਭਾਵ ਜੋ ਅਕਾਲ ਪੁਰਖ ਦੇ ਪਰਖ ਨਿਰਣੇ ਉੱਤੇ ਸਚਿਆਰ ਹੁੰਦੇ ਹਨ, ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹੈ ਕਿਉਂਕਿ ਇਸੇ ਜੀਵਨ ਮਨੋਰਥ ਦੀ ਵਿਆਖਿਆ ਕਰਨ ਅਤੇ ਪ੍ਰਾਪਤੀ ਕਰਵਾਉਣ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਮਨੁੱਖਾ ਜੀਵਨ ਧਾਰਨ ਕਰਨਾ ਪਿਆ ਹੈ।

ਜਦ ਹੁਕਮ ਵਿੱਚ ਚੱਲਣ ਵਾਲ਼ਾ ‘ਸਚਿਆਰ’ ਹੈ ਤਾਂ ‘ਖੰਡ, ਮੰਡਲ, ਵਰਭੰਡ’ ਦਾ ਪ੍ਰਚਲਿਤ ਭਾਵਾਰਥ ‘ਹੁਕਮ ਵਿੱਚ ਚੱਲਣਾ’, ਸਵੀਕਾਰ ਕਰ ਕੇ ਇਨ੍ਹਾਂ (ਖੰਡ, ਮੰਡਲ, ਵਰਭੰਡਾ) ਨੂੰ ਵੀ ‘ਸਚਿਆਰ’ ਮੰਨਣਾ ਪਵੇਗਾ, ਜਿਸ ਕਾਰਨ ਇਨ੍ਹਾਂ ਦਾ ਸਤਿਕਾਰ ਕਰਨਾ ਬਣਦਾ ਹੈ ਭਾਵ ਇਨ੍ਹਾਂ ਦੇ ਰੁਤਬੇ ਤੋਂ ਮਨੁੱਖ ਨੂੰ ਪ੍ਰਭਾਵਤ ਹੋਣਾ ਚਾਹੀਦਾ ਹੈ ਜਦ ਕਿ ‘ਸੋ ਦਰੁ’ ਸ਼ਬਦ ਨੂੰ ਗੁਰਬਾਣੀ ਵਿੱਚ ਤਿੰਨ ਵਾਰ ਦਰਜ ਕਰਨਾ ਅਤੇ ਸੁਬ੍ਹਾ-ਸ਼ਾਮ (ਜਪੁ ਤੇ ਰਹਰਾਸਿ) ਰਾਹੀਂ ਨਿਤਨੇਮ ਦਾ ਭਾਗ ਬਣਾਉਣ ਦਾ ਮਨੋਰਥ, ਲੁਕਾਈ ਨੂੰ ਇਨ੍ਹਾਂ ਦੇ ਕਾਲਪਨਿਕ ਪ੍ਰਭਾਵ ਤੋਂ ਮੁਕਤ ਕਰਵਾਉਣਾ ਸੀ, ਜੋ ਆਦਿ ਕਾਲ ਤੋਂ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ’ਚ ਪੂਜਦੇ ਆ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਕਾਲਪਨਿਕ ਸ਼ਕਤੀਆਂ ਦੇ ਮੁਕਾਬਲੇ ਵੱਡੀ ਲਕੀਰ ਖਿੱਚੀ ਹੈ ਕਿ ਅਕਾਲ ਪੁਰਖ ਹੀ ਸਿ੍ਰਸ਼ਟੀ ਨੂੰ ਬਣਾਉਣ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਨਾਸ਼ ਕਰਨ ਵਾਲ਼ਾ ਹੈ, ਜਿਸ ਦੇ ਅਧੀਨ ਇਹ ਸਭ ਵਿਚਰਦੇ ਵਿਖਾਏ ਗਏ ਹਨ; ਜਿਵੇਂ ਕਿ ‘‘ਗਾਵਹਿ ਤੁਹ ਨੋ ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ-ਧਰਮੁ, ਦੁਆਰੇ ॥, ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥, ਗਾਵਹਿ ਈਸਰੁ ਬਰਮਾ ਦੇਵੀ.. ॥, ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥, ਗਾਵਹਿ ਸਿਧ ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥, ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ ॥, ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥’’, ਆਦਿ; ਤਾਂ ’ਤੇ ਇਨ੍ਹਾਂ ਸਭ ਪੰਕਤੀਆਂ ਦਾ ਭਾਵਾਰਥ ਇਉਂ ਲੈਂਣਾ ਚਾਹੀਦਾ ਹੈ ਕਿ ‘ਹਵਾ, ਪਾਣੀ, ਅੱਗ, ਆਦਿ ਤੱਤ, ਧਰਮਰਾਜ, ਚਿੱਤ੍ਰ-ਗੁਪਤ, ਸ਼ਿਵ, ਬ੍ਰਹਮਾ, ਸਭ ਦੇਵੀਆਂ, ਦੇਵਤਿਆਂ ਸਮੇਤ ਇੰਦਰ, ਪੂਰਨ ਕਰਾਮਾਤੀ ਯੋਗੀ, ਸੂਰਮੇ ਰਾਜੇ-ਯੋਧੇ, ਆਦਿਕ, ਧਰਤੀ ਦੀ ਰਚਨਾ (ਚਾਰੇ ਖਾਣੀਆਂ), ਬ੍ਰਹਿਮੰਡ ’ਚ ਖੰਡ, ਮੰਡਲ ਤੇ ਵਰਭੰਡਾ, ਆਦਿ ਸਾਰੇ ਹੀ ਕਰਤਾਰ ਦੀ ਸ਼ਕਤੀ ਨੂੰ ਵੱਡਾ ਮੰਨਦੇ ਹਨ, ਇਸ ਲਈ ਇਨ੍ਹਾਂ ਕਾਲਪਨਿਕ ਕੁਦਰਤੀ ਸ਼ਕਤੀਆਂ ਨੂੰ ਮੂਲ ਸ਼ਕਤੀ (ਰੱਬ) ਮੰਨ ਕੇ ਇਨ੍ਹਾਂ ਤੋਂ ਪ੍ਰਭਾਵਤ ਹੋਣਾ ਵਿਅਰਥ ਹੈ।

ਉਕਤ ਬਣਾਏ ਗਏ ਭਾਵਾਰਥਾਂ ਦੀ ਬਜਾਇ ‘ਗਾਉਣ’ ਦਾ ਪ੍ਰਚਲਿਤ ਭਾਵਾਰਥ ਕਿ ‘ਹੁਕਮ ਵਿੱਚ ਚੱਲਦੇ ਹਨ’, ਆਮ ਸ਼ਰਧਾਲੂ ਲਈ ਦੁਬਿਧਾ ਪੈਦਾ ਕਰ ਸਕਦਾ ਹੈ ਕਿਉਂਕਿ ‘‘ਕਿਵ ਕੂੜੈ ਤੁਟੈ ਪਾਲਿ  ?॥’’ ਸਵਾਲ ਦਾ ਵੀ ਜਵਾਬ ਹੈ ਕਿ ‘‘ਹੁਕਮਿ ਰਜਾਈ ਚਲਣਾ.. ॥’’ ਭਾਵ ‘ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲਣ ਨਾਲ਼’ ਕੂੜੈ ਪਾਲਿ (ਝੂਠ ਦਾ ਪਰਦਾ ਜਾਂ ਕੰਧ, ਅਰਥਹੀਣ ਦੀ ਲਈ ਗਈ ਟੇਕ) ਢਹਿ ਜਾਂਦੀ ਹੈ। ਆਮ ਸ਼ਰਧਾਲੂ ਸਮਝਦਾ ਹੋਏਗਾ ਕਿ ਹੁਕਮ ਵਿੱਚ ਚੱਲਣ ਵਾਲ਼ੇ ‘ਖੰਡ, ਮੰਡਲ, ਵਰਭੰਡ’ ਦੀ ‘ਕੂੜੈ ਪਾਲਿ’ ਟੁੱਟ ਗਈ ਹੋਏਗੀ, ਇਸ ਲਈ ਉਹ ਪੂਜਨੀਕ ਹਨ।

ਦੂਸਰਾ ਪੱਖ ਵੀ ਵਿਚਾਰਨਯੋਗ ਹੈ ਕਿ ਜਦ ਸਾਰੀ ਕਾਇਨਾਤ (ਬ੍ਰਹਿਮੰਡ), ਹੁਕਮ ਵਿੱਚ ਵਿਚਰਦੀ ਹੈ ਤਾਂ ਇਨ੍ਹਾਂ ਨੂੰ ਹੁਕਮ ਵਿੱਚ ਚੱਲਦੇ, ਨਾ ਮੰਨਣਾ ਕਿੱਥੋਂ ਤੱਕ ਸਹੀ ਹੈ ? ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਰਾਹੀਂ ਫ਼ੁਰਮਾ ਰਹੇ ਹਨ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’

ਅਜੋਕੇ ਕੁਝ ਸਿੱਖ ਪ੍ਰਚਾਰਕ ਮਨਮੁਖ ਤੇ ਕਰਮਕਾਂਡੀ ਦਾ ਕਿਰਦਾਰ ਵੇਖ ਇਨ੍ਹਾਂ ਨੂੰ ਰੱਬੀ ਹੁਕਮ ਵਿੱਚ ਚੱਲਦਾ ਨਹੀਂ ਸਵੀਕਾਰਦੇ, ਜਿਸ ਕਾਰਨ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦੇ ਭਾਵਾਰਥ ਕਰਦੇ ਹਨ ਕਿ ‘ਰੱਬੀ ਹੁਕਮ ਵਿੱਚ ਚੱਲਣ ਵਾਲ਼ਾ ਸੁੱਖੀ ਜੀਵਨ ਬਤੀਤ ਕਰਦਾ ਹੈ ਜਦ ਕਿ ‘ਬਾਹਰਿ ਹੁਕਮ’ ਵਾਲ਼ਾ ਮਨਮੁਖੀ ਤੇ ਕਰਮਕਾਂਡੀ ਦੁੱਖੀ ਰਹਿੰਦਾ ਹੈ।’ ਇਨ੍ਹਾਂ ਸੱਜਣਾਂ ਨੇ ‘ਦੁਖੀ-ਸੁਖੀ’ ਸ਼ਬਦ ਆਪਣੇ ਵੱਲੋਂ ਨਿਰਧਾਰਿਤ ਕੀਤੇ ਹਨ, ਜੋ ਕਿ ਸੰਬੰਧਿਤ ਤੁਕ ਵਿੱਚ ਨਹੀਂ ਅਤੇ ਇਸੇ ਪਉੜੀ ਦੀ ਪੰਕਤੀ ‘‘ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥’’ ਭਾਵ ਹੁਕਮ ਵਿੱਚ ਦੁੱਖ-ਸੁੱਖ ਪ੍ਰਾਪਤ ਹੁੰਦੇ ਹਨ, ਦਾ ਖੰਡਨ-ਮੰਡਨ ਕਰ ਆਪ ਹੀ ਮਨਮਤ ਦੇ ਧਾਰਨੀ ਹੋਣ ਦਾ ਸਬੂਤ ਦੇ ਜਾਂਦੇ ਹਨ।

ਚੱਲਦੇ ਵਿਸ਼ੇ ਪ੍ਰਸੰਗ ਦੀ ਮਦਦ ਲਈ ਗੁਰਬਾਣੀ ’ਚੋਂ ਮਨਮੁਖ ਤੇ ਕਰਮਕਾਂਡੀ ਸਮੇਤ ਹਰ ਵਸਤੂ ਰੱਬੀ ਹੁਕਮ ’ਚ ਚੱਲਦੀ ਹੈ, ਬਾਰੇ ਕੁਝ ਪ੍ਰਮਾਣ ਇਸ ਤਰ੍ਹਾਂ ਦਰਜ ਹਨ :

(ੳ). ਸਭਿ ਆਏ ਹੁਕਮਿ (’ਚ) ਖਸਮਾਹੁ (ਖ਼ਸਮ ਦਰ ਤੋਂ); ਹੁਕਮਿ (’ਚ) ਸਭ ਵਰਤਨੀ ॥ (ਮ: ੪/੭੨੩) ਭਾਵ ਮਾਲਕ ਦੇ ਦਰ ਤੋਂ ਸਾਰੇ ਉਸੇ ਦੇ ਹੁਕਮ ’ਚ ਆਏ (ਜੰਮੇ) ਹਨ ਤੇ ਹੁਕਮ ਵਿੱਚ ਹੀ ਵਿਚਰਦੇ ਹਨ।

(ਅ). ਸਭੇ ਸੁਰਤੀ ਜੋਗ ਸਭਿ; ਸਭੇ ਬੇਦ ਪੁਰਾਣ ॥ ਸਭੇ ਕਰਣੇ ਤਪ ਸਭਿ; ਸਭੇ ਗੀਤ ਗਿਆਨ ॥ ਸਭੇ ਬੁਧੀ ਸੁਧਿ ਸਭਿ; ਸਭਿ ਤੀਰਥ ਸਭਿ ਥਾਨ ॥ ਸਭਿ ਪਾਤਿਸਾਹੀਆ ਅਮਰ ਸਭਿ; ਸਭਿ ਖੁਸੀਆ ਸਭਿ ਖਾਨ ॥ ਸਭੇ ਮਾਣਸ ਦੇਵ ਸਭਿ; ਸਭੇ ਜੋਗ ਧਿਆਨ ॥ ਸਭੇ ਪੁਰੀਆ ਖੰਡ ਸਭਿ; ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ ; ਕਰਮੀ ਵਹੈ ਕਲਾਮ ॥ ਨਾਨਕ ! ਸਚਾ ਸਚਿ+ਨਾਇ; ਸਚੁ ਸਭਾ ਦੀਬਾਨੁ ॥ (ਮ: ੧/੧੨੪੧) ਅਖ਼ੀਰਲੀਆਂ ਦੋ ਤੁਕਾਂ ਦਾ ਅਰਥ ਹੈ ਕਿ ‘ਸਭ ਨੂੰ (ਮਾਲਕ) ਆਪਣੇ ਹੁਕਮ ਵਿੱਚ ਚਲਾਉਂਦਾ ਹੈ ਤੇ (ਹੁਕਮ ਵਿੱਚ ਚੱਲ ਰਹੇ ਜੀਵਾਂ ਦੇ ਕੀਤੇ) ਕੰਮਾਂ ਮੁਤਾਬਕ (ਉਨ੍ਹਾਂ ਦੀ ਮੁੜ ਤਕਦੀਰ (ਨਸੀਬ) ਲਿਖਣ ਲਈ, ਰੱਬੀ) ਕਲਮ ਚੱਲਦੀ ਹੈ। ਹੇ ਨਾਨਕ ! ਆਖ ਕਿ ਸੱਚ ਨੂੰ ਖ਼ਰੀਦਣ ਵਾਲ਼ੀ ਸੰਗਤ (ਸਭਾ) ’ਚ ਕੇਵਲ ਸੱਚੇ ਨਾਮ ਦੀ ਰਾਹੀਂ ਹੀ ਸੱਚਾ ਦਰਬਾਰ (ਸੋ ਦਰੁ) ਮਿਲਦਾ ਹੈ (ਸਤਸੰਗਤਿ ਕੈਸੀ ਜਾਣੀਐ  ? ॥ ਜਿਥੈ, ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ, ਨਾਨਕ ! ਸਤਿਗੁਰਿ (ਨੇ) ਦੀਆ ਬੁਝਾਇ ਜੀਉ ॥ (ਮ: ੧/੭੨), ਆਦਿ।

ਸੋ, ਅਸਾਂ ਨੂੰ ‘‘ਹੁਕਮਿ ਰਜਾਈ ਜੋ ਚਲੈ; ਸੋ ਪਵੈ ਖਜਾਨੈ ॥ ਖੋਟੇ ਠਵਰ ਨ ਪਾਇਨੀ; ਰਲੇ ਜੂਠਾਨੈ (ਝੂਠ ’ਚ)॥’’ (ਮ: ੧/੪੨੧) ਜਾਂ ‘‘ਹੁਕਮੀ ਆਇਆ, ਹੁਕਮੁ ਨ ਬੂਝੈ; ਹੁਕਮਿ (ਰਾਹੀਂ) ਸਵਾਰਣਹਾਰਾ ॥ (ਮ: ੧/੬੮੮), ਆਦਿ ਤੁਕਾਂ ਦਾ ਭਾਵਾਰਥ ਵਿਚਾਰਨਾ ਪਏਗਾ ਤਾਂ ਜੋ ਸਭ ਦਾ ਹੁਕਮ ਵਿੱਚ ਚੱਲਣਾ ਅਤੇ ‘‘ਕਿਵ ਸਚਿਆਰਾ ਹੋਈਐ ? ॥’’ ਦਾ ਜਵਾਬ ‘‘ਹੁਕਮਿ ਰਜਾਈ ਚਲਣਾ.. ॥’’ ਦੇ ਭਾਵਾਰਥ ’ਚ ਅੰਤਰ ਸਮਝ ਆ ਜਾਏ, ਜੋ ਕਿ ‘‘ਗਾਵਹਿ ਖੰਡ ਮੰਡਲ ਵਰਭੰਡਾ..॥’’ ਦੇ ਪ੍ਰਚਲਿਤ ਭਾਵਾਰਥ ਤੋਂ ਭਿੰਨ ਹੋਵੇਗਾ।

ਗੁਰਬਾਣੀ ਦੇ ਸਿਧਾਂਤ ਮੁਤਾਬਕ ਕਰਤਾਰ ਦੀ ਰਚਨਾ (ਭਾਵ ਕੁਦਰਤ) ਇੱਕ ਖੇਡ ਹੈ, ਇਸ ‘ਖੇਡ’ ਦੇ ਅਰਥ ਬੱਚੇ ਤੋਂ ਵਧ ਕੇ ਕੋਈ ਨਹੀਂ ਜਾਣਦਾ, ਜੋ ਆਪਣੀ ਖੇਡ ਰਾਹੀਂ ਦੋ ਨਕਲੀ ਪਾਤਰ ਬਣਾ ਯੁੱਧ ਕਰਦਾ-ਕਰਾਉਂਦਾ ਆਪਣੀ ਖੇਡ ਦੀ ਸਮਾਪਤੀ ਉਪਰੰਤ ਦੋਵੇਂ ਦੁਸ਼ਮਣ ਪਾਤਰਾਂ ਨੂੰ ਆਪਣੀ ਅਗਲੀ ਖੇਡ ਤੱਕ ਆਪਣੇ ਪਾਸ ਹੀ ਸੰਭਾਲ਼ ਕੇ ਰੱਖਦਾ ਹੈ। ਕੁਦਰਤ ਦਾ ਹਰ ਸੁਭਾਅ, ਇਸ ਦੇ ਮਾਲਕ (ਕਰਤਾਰ) ਦਾ ਸੁਭਾਅ ਹੁੰਦਾ ਹੈ, ਜਿਸ ਨੂੰ ਕਰਤਾਰ ਦੇ ਭਗਤ ਹੀ ਸਮਝ ਸਕਦੇ ਹਨ। ਮਨਮੁਖਤਾ ਤੇ ਗੁਰਮੁਖਤਾ ਭਾਸ਼ਾਈ ਦ੍ਰਿਸ਼ਟੀ ਤੋਂ ਕੇਵਲ ਮਨੁੱਖਾ ਸੋਚ ਦੀ ਉਪਜ (ਪੈਦਾਇਸ਼) ਹਨ, ਨਾ ਕਿ (ਬੱਚੇ ਦੀ ਸੋਚ ਵਾਙ) ਕਰਤਾਰ ਦੀ ਸੋਚ ਵਿੱਚ ਅਜਿਹਾ ਕੋਈ ਅੰਤਰ ਹੈ ਕਿਉਂਕਿ ਉਹ ਗੁਰਮੁਖਤਾ ਦੇ ‘ਗਾਵਹਿ’ ਕਾਰਨ ‘‘ਵਡਾ ਨ ਹੋਵੈ..॥’’ ਅਤੇ ਮਨਮੁਖਤਾ ਦੇ ‘ਨਾ ਗਾਵਹਿ’ ਕਾਰਨ ‘‘ਘਾਟਿ ਨ ਜਾਇ ॥’’ (ਸੋ ਦਰੁ, ਆਸਾ/ਮ: ੧/੯) ਅਜਿਹੀ ਬਾਲ ਅਵਸਥਾ (ਭਾਵ ਦਵੈਤ ਰਹਿਤ ਬਚਪਨ ਬਿਰਤੀ) ਦੇ ਹੀ ਗੁਰੂ ਜੀ ਹਮਾਇਤੀ ਬਣਦੇ ਹਨ; ਜਿਵੇਂ ਕਿ ਭਾਈ ਗੁਰਦਾਸ ਜੀ ਦੇ ਵਚਨ ਹਨ, ‘‘ਸਿਖ ਸੰਤ ਬਾਲਕ, ਸ੍ਰੀ ਗੁਰ ਪ੍ਰਤਿਪਾਲਕ ਹੁਇ; ਜੀਵਨ ਮੁਕਤਿ ਗਤਿ, ਬ੍ਰਹਮ ਬਿਚਾਰੀ ਹੈ ॥੪੪੮॥’’ (ਕਬਿੱਤ ੪੪੮)

ਗੁਰੂ ਨਾਨਕ ਸਾਹਿਬ ਜੀ ਇਸ ਬਾਲਕ ਅਵਸਥਾ ਨੂੰ ਜਿੰਦਗੀ ਦੇ ਪਹਿਲੇ ਪੜਾਅ (ਦਵੈਤ ਰਹਿਤ) ’ਚ ਵਿਚਰਦੇ ਜੀਵਨ ਦੀ ਮਿਸਾਲ ਰਾਹੀਂ) ਸਮਝਾਉਂਦੇ ਹਨ, ‘‘ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਬਾਲਕ ਬੁਧਿ ਅਚੇਤੁ ॥’’ (ਮ: ੧/੭੫) ਅਜਿਹੀ ਬਾਲਕ ਅਵਸਥਾ ਭੋਗਣ ਉਪਰੰਤ ਨੌਜਵਾਨ ਹਰ ਕਾਰਜ ਦਾ ਮਹੱਤਵ ਆਪਣੀ ਯੋਗਤਾ ਉੱਪਰ ਲੈਣ ਲੱਗ ਜਾਂਦਾ ਹੈ। ਭਾਈ ਗੁਰਦਾਸ ਜੀ ਵੀ ਇਹੀ ਸਮਝਾਉਂਦੇ ਹਨ ਕਿ ਬਾਲਕ ਦੀ ਅਵਸਥਾ, ਦਵੈਤ ਰਹਿਤ ਖੇਡਦੀ ਲੰਘ ਜਾਣ ਉਪਰੰਤ, ਮਨੁੱਖ ਆਪਣੀ ਸੁਰਤ ਦੀ ਦੁਰਵਰਤੋਂ (ਮਾਣ, ਹਉਮੈ) ਕਰਨ ਲੱਗ ਜਾਂਦਾ ਹੈ ਭਾਵ ਰੱਬੀ ਹੁਕਮ ਵਿੱਚ ਵਿਚਰ ਕੇ ਕੀਤੇ ਜਾਣ ਵਾਲ਼ੇ ਸਾਰੇ ਗੁਣਕਾਰੀ ਕੰਮਾਂ ਦਾ ਮਹੱਤਵ ਆਪ ਲੈ ਰਿਹਾ ਹੁੰਦਾ ਹੈ, ‘‘ਬਾਲਕ ਅਚੇਤ ਜੈਸੇ ਕਰਤ ਅਨੇਕ ਲੀਲਾ (ਖੇਡ); ਸੁਰਤ ਸਮਾਰ (ਸੰਭਾਲਦਿਆਂ), ਬਾਲ ਬੁਧਿ ਬਿਸਰਾਤ ਹੈ (ਬਚਪਨ ਭੁੱਲਾ ਦਿੰਦਾ ਹੈ)।’’ (ਕਬਿੱਤ ੬੦੪) ਗੁਰੂ ਨਾਨਕ ਸਾਹਿਬ ਜੀ ਵੀ ਅਜਿਹੀ ਸੋਚ ਦੀ ਪੁਸ਼ਟੀ ਕਰਦੇ ਹਨ ਕਿ ਇਹ ਗੱਲ ਕਿਸ (ਮਨਮੱਤੀਏ) ਨੂੰ ਸਮਝਾਈਏ ਕਿ ਕਰਤਾਰ ਸਭ ਨੂੰ ਆਪਣੇ ਹੁਕਮ ਵਿੱਚ ਰੱਖਦਾ ਹੈ ਪਰ ਇਸ ਸਚਾਈ ਦੇ ਵਿਪਰੀਤ ਮੂਰਖ ਆਪਣੇ ਆਪ ਨੂੰ ਹੀ ਸਰਬੋਤਮ ਮੰਨਦਾ ਹੈ, ‘‘ਕਿਸ ਨੋ ਕਹੀਐ ਨਾਨਕਾ! ਕਿਸ ਨੋ ਕਰਤਾ (ਮੂਰਖ ਮੱਤ) ਦੇਇ  ? ॥ ਹੁਕਮਿ ਰਹਾਏ ਆਪਣੈ; ਮੂਰਖੁ ਆਪੁ ਗਣੇਇ ॥’’ (ਮ: ੧/੧੨੪੧) ਅਖ਼ੀਰਲੀ ਤੁਕ ਦੇ ਅਰਥ ਹਨ ਕਿ ‘ਕੁਦਰਤ ਦਾ ਰਚੇਤਾ, ਆਪਣੇ ਹੁਕਮ ਵਿੱਚ ਸਭ ਨੂੰ ਰੱਖਦਾ ਹੈ ਪਰ ਫਿਰ ਵੀ ਹਰ ਥਾਂ ਆਪਣਾ ਮੂੰਹ ਰੱਖਣ ਵਾਲ਼ਾ (ਮੂਰਖ) ਆਪਣੇ ਆਪ ਨੂੰ ਹੀ ਵੱਡਾ ਗਿਣਦਾ ਹੈ ਕਿ ਆ ਮੈਂ ਕੀਤਾ, ਓਹ ਮੈਂ ਕੀਤਾ (ਨਾ ਕਿ ਇਹ ਮੈਥੋਂ ਕਰਵਾਇਆ ਓਹ ਮੈਥੋਂ ਕਰਵਾਇਆ, ਆਖਦਾ ਹੈ), ਆਦਿ ਜਦ ਕਿ ਅਜਿਹੀ ਮੂਰਖ ਭਾਵਨਾ, ਬਾਲਕ ਬਿਰਤੀ ’ਚ ਨਹੀਂ ਹੁੰਦੀ, ਇਸ ਲਈ ਕਬੀਰ ਜੀ ਬਾਲਕ ਭਾਵਨਾ ਜਾਂ ਬੱਚਾ ਬਿਰਤੀ ਨੂੰ ‘ਭੋਲੇ ਭਾਇ’ ਸ਼ਬਦਾਂ ’ਚ ਪ੍ਰਗਟ ਕਰ ਅਕਾਲ ਪੁਰਖ ਦਾ ਮਿਲਾਪ ਕਰਵਾਉਂਦੇ ਹਨ, ‘‘ਕਹੁ ਕਬੀਰ ! ਭਗਤਿ ਕਰਿ ਪਾਇਆ ॥ ‘ਭੋਲੇ ਭਾਇ’ ਮਿਲੇ ਰਘੁਰਾਇਆ ॥’’ (ਭਗਤ ਕਬੀਰ/੩੨੪)

ਸੋ, ਰੱਬੀ ਹੁਕਮ ਵਿੱਚ ਸਾਰਾ ਬ੍ਰਹਿਮੰਡ ਵਿਚਰਦਾ ਹੈ, ਪਰ ਇਸ ਦੀ ਸਮਝ ਕੇਵਲ ਉਸ ਦੇ ਭਗਤ ਨੂੰ ਹੀ ਹੁੰਦੀ ਹੈ, ਜੋ ਹਰ ਕੰਮ ਦਾ ਮਹੱਤਵ ਜਿਸ ਦੇ ਹੁਕਮ ’ਚ ਵਿਚਰਦਾ ਹੈ, ਉਸ ਨੂੰ ਦੇਣਾ ਆਰੰਭ ਕਰ ਦਿੰਦਾ ਹੈ, ਇਹੀ ‘‘ਹੁਕਮਿ ਰਜਾਈ ਚਲਣਾ.. ॥’’ ਦਾ ਅਸਲ ਭਾਵਾਰਥ ਹੈ, ਜਦ ਮਨੁੱਖ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਨਹੀਂ ਲਏਗਾ ਤੇ ਜਿਸ ਦੇ ਹੁਕਮ ’ਚ ਵਿਚਰਦਾ ਹੈ, ਉਸ ਨੂੰ ਦੇਵੇਗਾ ਤਾਂ ‘‘ਕੂੜੈ ਪਾਲਿ ॥’’ ਤੁੱਟ ਜਾਂਦੀ ਹੈ ਤੇ ਜੀਵਨ ‘‘ਸਚਿਆਰਾ’’ ਬਣ ਜਾਂਦਾ ਹੈ। ਅਜਿਹੇ ਹੀ ਜੀਵਨ ਤੋਂ ਗੁਰੂ ਨਾਨਕ ਪਾਤਿਸ਼ਾਹ ਕੁਰਬਾਨ ਜਾਂਦੇ ਹਨ, ਪਰ ਇਹ ਅਵਸਥਾ ਜਾਂ ਹੁਕਮ ’ਚ ਚੱਲ ਰਹੇ ਹਾਂ, ਦੀ ਸਮਝ ‘‘ਖੰਡ ਮੰਡਲ ਵਰਭੰਡਾ’’ ਨੂੰ ਕਦਾਚਿਤ (ਉੱਕਾ ਹੀ) ਨਹੀਂ ਆ ਸਕਦੀ ਕਿਉਂਕਿ ਇਹ ਰਾਜ਼ (ਭੇਤ, ਰਹੱਸ) ਸਮਝਾਉਣ ਵਾਲ਼ਾ ਗੁਰੂ ਇਨ੍ਹਾਂ ਨਿਰਜਿੰਦਾਂ ਦੀ ਅਗਵਾਈ ਨਹੀਂ ਕਰਦਾ। ‘ਨਿਰਜਿੰਦ’ ਸ਼ਬਦ ਦੀ ਵਰਤੋਂ, ਬਾਬਾ ਕਬੀਰ ਜੀ ਦੇ ਉਸ ਵਚਨ ਤੋਂ ਲਈ ਗਈ ਜਿਸ ਅਨੁਸਾਰ ਮਾਲਨੀ, ਜਿੰਦ ਵਾਲ਼ੇ ਪੌਦੇ ਦੇ ਪੱਤੇ ਤੋੜ ਕੇ ਖ਼ੁਸ਼ ਕਰਨ ਲਈ ਨਿਰਜਿੰਦ ਪੱਥਰ ਉੱਪਰ ਚੜਾਉਂਦੀ ਹੈ, ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ॥’’ (ਭਗਤ ਕਬੀਰ/੪੭੯) ਇਸ ਲਈ ਪੱਥਰ ਰੂਪ ’ਚ ‘ਖੰਡ, ਮੰਡਲ, ਵਰਭੰਡ’ ਨਿਰਜਿੰਦ ਹਨ।

ਉਕਤ ਸਾਰੀ ਵਿਚਾਰ ਦਾ ਸਾਰ ਇਹੀ ਹੈ ਕਿ (ਮਨਮੁਖ, ਕਰਮਕਾਂਡੀ ਸਮੇਤ) ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਦੇ ਪ੍ਰਚਲਿਤ ਭਾਵਾਰਥ ਅਤੇ ‘‘ਹੁਕਮਿ ਰਜਾਈ ਚਲਣਾ.. ॥’’ ਦਾ ਅਸਲ ਭਾਵਾਰਥ ਇੱਕ ਸਮਾਨ ਨਹੀਂ ਹੈ ਤਾਂ ਜੋ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦੇ ਪ੍ਰਚਲਿਤ ਸ਼ਬਦਾਰਥ ਬਦਲਣ ਦੀ ਨੌਬਤ ਆ ਜਾਵੇ।

ਗੁਰਬਾਣੀ ਲਿਖਤ ਦਾ ਇਹ ਅੰਦਾਜ਼ ਵੀ ਵਿਚਾਰਨਯੋਗ ਹੈ ਕਿ ਨਿਰਜਿੰਦ ਪਦਾਰਥਾਂ (ਪੱਥਰ, ਖੰਡ, ਮੰਡਲ, ਵਰਭੰਡ) ਵਾਙ ਮਨਮੁਖ ਜਾਂ ਕਰਮਕਾਂਡੀ ਵੀ ਹੁਕਮ ਵਿੱਚ ਹੀ ਚੱਲਦਾ ਹੈ ਪਰ ਹੁਕਮ ਵਿੱਚ ਜੀਵਨ ਬਤੀਤ ਹੁੰਦਾ ਜਾ ਰਿਹਾ ਹੈ, ਇਹ ਰਾਜ਼ ਗੁਰੂ ਦੀ ਰਾਹੀਂ ਕੇਵਲ ਅਕਾਲ ਪੁਰਖ ਦਾ ਜਿੰਦ-ਜਾਨ ਵਾਲ਼ਾ ਸੇਵਕ (ਭਗਤ) ਹੀ ਸਮਝਦਾ ਹੈ। ਬਾਲਕ ਦੁਆਰਾ ਆਪਣੀ ਖੇਡ ਸਮੇਟਣ ਵਾਙ ਗੁਰੂ ਜੀ ਨੇ ਵੀ ਗੁਰਬਾਣੀ ’ਚ ਮਨਮੁਖ ਤੇ ਗੁਰਮੁਖ ਵਾਲ਼ੇ ‘‘ਰਾਹ ਦੋਵੈ (ਦਾ); ਖਸਮੁ ਏਕੋ ਜਾਣੁ ॥’’ (ਮ: ੧/੨੨੩) ਵਿਸ਼ੇ ਨੂੰ ਹਰ ਲੰਮੀ ਰਚਨਾ ਦੇ ਅੰਤ ’ਚ ਕੁਝ ਇਉਂ ਬਿਆਨ (ਸਪਸ਼ਟ) ਕੀਤਾ ਹੈ :

(1). ਆਖਣਿ ਜੋਰੁ; ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ; ਦੇਣਿ ਨ ਜੋਰੁ ॥ ਜੋਰੁ ਨ ਜੀਵਣਿ; ਮਰਣਿ ਨਹ ਜੋਰੁ ॥… ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥ ਭਾਵ ਮਨਮੁਖ ਹੋਵੇ ਜਾਂ ਗੁਰਮੁਖ, ਕਿਸੇ ਦੇ ਹੱਥ ਵਿੱਚ ਕੁਝ ਨਹੀਂ, ਜਿਸ ਦੇ ਹੱਥ ’ਚ ਇਹ ਸਭ ਸ਼ਕਤੀ ਹੈ ਉਹੀ ਇਨ੍ਹਾਂ ਨੂੰ ਪ੍ਰੇਰਦਾ (ਦਿਸ਼ਾ ਦਿੰਦਾ) ਹੈ, ਆਪਣੇ ਆਪ ’ਚ ਕੋਈ ਉੱਚਾ-ਨੀਵਾਂ ਨਹੀਂ ਹੈ, ‘‘ਨਕਿ ਨਥ, ਖਸਮ ਹਥ; ਕਿਰਤੁ ਧਕੇ ਦੇ ॥ ਜਹਾ ਦਾਣੇ, ਤਹਾਂ ਖਾਣੇ; ਨਾਨਕਾ ! ਸਚੁ ਹੇ ॥’’ (ਮ: ੨/੬੫੩)

(ਨੋਟ: ਧਿਆਨ ਰਹੇ ਕਿ ‘ਜਪੁ’ ਬਾਣੀ ਦੀ 33ਵੀਂ ਪਉੜੀ ’ਚ ਇਹ ਭਾਵ (ਰਚਨਾ ਦੀ ਸਮਾਪਤੀ ਤੋਂ ਕੁਝ ਪਹਿਲਾਂ) ਇਸ ਲਈ ਦਰਜ ਕੀਤਾ ਗਿਆ ਕਿਉਂਕਿ ਅਗਲੀਆਂ ਪਉੜੀਆਂ ’ਚ ਪਿਛਲੇ ਪੜਾਅ ਤੋਂ ਅਗਲੇ ਪੜਾਅ (ਰੂਹਾਨੀਅਤ ਨਾਲ਼ ਸਬੰਧਿਤ ਵਿਸ਼ਾ) ‘ਧਰਮ ਖੰਡ’ ਤੋਂ ‘ਸਚ ਖੰਡਿ’ ਵੱਲ ਆਰੰਭ ਹੁੰਦਾ ਹੈ।)

(2). ਵਡੇ ਕੀਆ ਵਡਿਆਈਆ (ਭਾਵ ਖੇਡਾਂ, ਜਿਨ੍ਹਾਂ ਬਾਰੇ); ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥(ਜੀਵਾਂ ਨੇ ਤਾਂ) ਸਾਈ (ਉਹੀ) ਕਾਰ ਕਮਾਵਣੀ; (ਜੋ) ਧੁਰਿ (ਤੋਂ) ਛੋਡੀ ਤਿੰਨੈ (ਉਸ ਰੱਬ ਨੇ) ਪਾਇ (ਪਾ ਕੇ)॥ ਨਾਨਕ ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ (ਭਾਵ ਥਾਂ, ਟਿਕਾਣਾ)॥ ਸੋ ਕਰੇ; ਜਿ ਤਿਸੈ ਰਜਾਇ ॥੨੪॥੧॥ ਸੁਧੁ (ਆਸਾ ਕੀ ਵਾਰ/ਮ: ੧/੪੭੫)

(3). ਆਪੇ ਹਰਿ ਇਕ ਰੰਗੁ ਹੈ; ਆਪੇ ਬਹੁ ਰੰਗੀ ॥ (ਜੀਵਾਂ ਲਈ ਤਾਂ) ਜੋ ਤਿਸੁ ਭਾਵੈ ਨਾਨਕਾ! ਸਾਈ ਗਲ ਚੰਗੀ ॥੨੨॥੨॥ (ਮ: ੪/੭੨੬)

(4). ਆਪੇ ਕੀਤੋ ਰਚਨੁ (ਪਸਾਰਾ); ਆਪੇ ਹੀ ਰਤਿਆ (ਮਾਇਆਧਾਰੀ)॥ ਆਪੇ ਹੋਇਓ ਇਕੁ; ਆਪੇ ਬਹੁ ਭਤਿਆ (ਭਾਵ ਕਈ ਭਾਂਤ ’ਚ ਮਾਇਆਵੀ)॥ ਆਪੇ ਸਭਨਾ ਮੰਝਿ (ਵਿੱਚ); ਆਪੇ ਬਾਹਰਾ ॥ (ਮਨਮੁਖ ਬਣ) ਆਪੇ ਜਾਣਹਿ ਦੂਰਿ; ਆਪੇ ਹੀ ਜਾਹਰਾ (ਰੱਬ ਨੂੰ ਅੰਗ-ਸੰਗ ਜਾਣਹਿ)॥ ਆਪੇ ਹੋਵਹਿ ਗੁਪਤੁ (ਭਾਵ ਮਨਮੁਖ ਲਈ ਅਣਡਿੱਠ); ਆਪੇ ਪਰਗਟੀਐ (ਭਾਵ ਭਗਤ ਲਈ ਪ੍ਰਤੱਖ)॥ ਕੀਮਤਿ ਕਿਸੈ ਨ ਪਾਇ; ਤੇਰੀ ਥਟੀਐ (ਤੇਰੀ ਕੁਦਰਤ ਦੀ)॥ ਗਹਿਰ ਗੰਭੀਰੁ ਅਥਾਹੁ; ਅਪਾਰੁ ਅਗਣਤੁ ਤੂੰ ॥ ਨਾਨਕ ! ਵਰਤੈ ਇਕੁ; ਇਕੋ ਇਕੁ ਤੂੰ (ਭਾਵ ਮਨਮੁਖ ਤੇ ਗੁਰਮੁਖ ਵਿੱਚ ਕੇਵਲ ਇੱਕ ਤੂੰ ਹੀ ਵਿਚਰਦਾ ਹੈਂ।)॥੨੨॥੧॥੨॥ ਸੁਧੁ ॥ (ਰਾਮਕਲੀ ਕੀ ਵਾਰ:੨/ਮ: ੫/੯੬੬)

(5). ਕਿਥਹੁ ਉਪਜੈ  ? ਕਹ ਰਹੈ  ? ਕਹ ਮਾਹਿ ਸਮਾਵੈ  ? ॥ ਜੀਅ ਜੰਤ ਸਭਿ ਖਸਮ ਕੇ; ਕਉਣੁ ਕੀਮਤਿ ਪਾਵੈ  ?॥..॥੩॥੧॥ (ਬਸੰਤੁ ਕੀ ਵਾਰ/ਮ: ੫/੧੧੯੩) ਭਾਵ ਮਨੁੱਖ ਕਿਸੇ ਵੀ ਹੋਰ ਥਾਂ ਤੋਂ ਪੈਦਾ ਨਹੀਂ ਹੁੰਦਾ ਕੇਵਲ ਕਰਤਾਰ ’ਚੋਂ ਬਣਿਆ ਉਸੇ ’ਚ ਲੀਨ ਹੋ ਗਿਆ, ਇਸ ਲਈ ਸਾਰੇ ਜੀਵ ਉਸੇ ਦੇ ਹਨ ਅਜਿਹੀ ਸਮਝ (ਰਵਾਇਤ) ਉੱਤੇ ਕੌਣ ਕਿੰਤੂ-ਪਰੰਤੂ ਕਰ ਸਕਦਾ ਹੈ ? ਜਾਂ ਕੀਮਤ ਪਾ ਸਕਦਾ ਹੈ ?

(6). ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ (ਭਾਵ ਖੇਡ) ॥ ਗੁਰ ਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ ॥ ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ !॥ ਆਪਿ ਨਾਥੁ, ਸਭ ਨਥੀਅਨੁ (ਉਸ ਨੇ ਨੱਥੀ); ਸਭ ਹੁਕਮਿ (’ਚ) ਚਲਾਈ ॥ ਨਾਨਕ ! ਹਰਿ ਭਾਵੈ, ਸੋ ਕਰੇ; ਸਭ ਚਲੈ ਰਜਾਈ ॥੩੬॥੧॥ ਸੁਧੁ ॥ (ਸਾਰੰਗ ਕੀ ਵਾਰ/ਮ: ੪/੧੨੫੧)

(ਨੋਟ: ਇਸ ਤੁਕ ਦੇ ਅੰਤ ’ਚ ਦਰਜ ਹੈ ‘ਸਭ ਚਲੈ ਰਜਾਈ’ ਤਾਂ ਫਿਰ ਮਨਮੁਖ ਲਈ ‘‘ਕਿਵ ਕੂੜੈ ਤੁਟੈ ਪਾਲਿ  ?॥’’ ਦਾ ਜਵਾਬ ‘‘ਹੁਕਮਿ ਰਜਾਈ ਚਲਣਾ.. ॥’’ ਭੁਲੇਖਾ ਹੀ ਪਾਏਗਾ ਭਾਵ ਉਸ ਨੂੰ ਜਾਪੇਗਾ ਕਿ ਸਾਰੇ ਹੁਕਮ ਵਿੱਚ ਚੱਲਦੇ ਹਨ ਤਾਂ ਸਾਡੇ ਹੱਥ ’ਚ ਕੀ ਹੈ ਕਿ ਅਸੀਂ ਇੱਧਰ ਤੋਂ ਓਧਰ ਚੱਲ ਸਕੀਏ ?।)

(7). ਸਿਰਿ ਸਿਰਿ ਹੋਇ ਨਿਬੇੜੁ; ਹੁਕਮਿ ਚਲਾਇਆ ॥ ਤੇਰੈ ਹਥਿ ਨਿਬੇੜੁ; ਤੂਹੈ ਮਨਿ ਭਾਇਆ ॥.. .. ਫਾਥਾ ਚੁਗੈ ਚੋਗ; ਹੁਕਮੀ ਛੁਟਸੀ ॥ ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ (ਖ਼ਤਮ ਹੋਏਗਾ)॥੨੬॥ (ਮਲਾਰ ਕੀ ਵਾਰ (ਮ: ੧/੧੨੯੦)

(ਨੋਟ: ‘ਮਲਾਰ ਕੀ ਵਾਰ’ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ਗਈ ਹੈ, ਜਿਸ ਦੇ ਅੰਤ ’ਚ ਉਕਤ ਵਿਸ਼ਾ ਸਪਸ਼ਟ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਨੇ ‘‘ਪਉੜੀ ਨਵੀ ਮ: ੫ ॥’’ ਸਿਰਲੇਖ ਵਿੱਚ ਦਰਜ ਕਰ ਕੇ ਵਾਰ ਦੀ ਸਮਾਪਤੀ ਆਪਣੀ ਇਸ ਪਉੜੀ ਉਪਰੰਤ ਕੀਤੀ :

ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ ॥ ਜਿਤੁ, ਤੂ ਲਾਇਹਿ ਸਚਿਆ ! ਤਿਤੁ, ਕੋ ਲਗੈ; ਨਾਨਕ ! ਗੁਣ ਗਾਈ ॥੨੮॥੧॥ ਸੁਧੁ (ਮਲਾਰ ਕੀ ਵਾਰ/ਮ: ੧/੧੨੯੧), ਆਦਿ।

ਸੋ, ‘‘ਗਾਵਹਿ, ਖੰਡ ਮੰਡਲ ਵਰਭੰਡਾ ॥’’ ਦਾ ਭਾਵਾਰਥ ਗੁਰਮਤਿ ਅਨੁਸਾਰੀ ਤੇ ਭੁਲੇਖਾ ਰਹਿਤ ਇਹੀ ਹੋਏਗਾ ਕਿ (ਮਨਮੁਖ ਤੇ ਕਰਮਕਾਂਡੀ ਦੀ ਜੀਵਨ ਯਾਤਰਾ ਵਾਙ) ‘ਰੱਬੀ ਸ਼ਕਤੀ ਅਧੀਨ; ਖੰਡ, ਮੰਡਲ, ਬ੍ਰਹਿਮੰਡ ਚੱਲਦੇ ਹਨ’ ਅਤੇ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ॥੧॥’’ ਤੁਕ ਦਾ ਭਾਵਾਰਥ ‘ਮਾਲਕ ਦੇ ਹੁਕਮ ਵਿੱਚ ਚੱਲਣ ਨੂੰ ਸਦਾ ਚੇਤੇ ਰੱਖਣਾ, ਜੋ ਹਰ ਜੂਨੀ ਦੀ ਬੁਨਿਆਦ ਤੋਂ ਜੀਵਨ ਦੇ ਸਦਾ ਨਾਲ਼ ਚੱਲਦਾ ਹੈ’ ਭਾਵ ਅਸੀਂ ਪੈਦਾਇਸ਼ ਤੋਂ ਹੀ (ਮਨਮੁਖ, ਕਰਮਕਾਂਡੀ, ਖੰਡ, ਮੰਡਲ, ਵਰਭੰਡ ਵਾਙ) ਹੁਕਮ ਵਿੱਚ ਵਿਚਰ ਰਹੇ ਹਾਂ, ਨੂੰ ਯਾਦ ਰੱਖਣਾ।

ਮਨਮੁਖ ਤੇ ਕਰਮਕਾਂਡੀ ਦੇ ਜੀਵਨ ਨੂੰ ਰੱਬ ਦੇ ਹੁਕਮ ਤੋਂ ਆਕੀ ਮੰਨ ਕੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦੇ ਪ੍ਰਚਲਿਤ ਅਰਥ (ਕਿ ਹਰ ਕੋਈ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਕੋਈ ਨਹੀਂ) ਦਰੁਸਤ ਜਾਪਦੇ ਹਨ।

ਵਿਚਾਰ ਅਧੀਨ ਪਉੜੀ ’ਚ ‘ਗਾਵਹਿ’ ਸ਼ਬਦ ‘ਖੰਡ, ਮੰਡਲ, ਵਰਭੰਡਾ’ ਤੁਕ ’ਚ ਵੀ ਦਰਜ ਹੈ ਤੇ ‘‘ਸੇਈ ਤੁਧੁਨੋ ‘ਗਾਵਹਿ’, ਜੋ ਤੁਧੁ ਭਾਵਨਿ..॥’’ ਤੁਕ ’ਚ ਵੀ, ਇਸ ਲਈ ਇਨ੍ਹਾਂ ਦੇ ਭਾਵਾਰਥ ਇੱਕ ਸਮਾਨ ਕਿਵੇਂ ਹੋ ਸਕਦੇ ਹਨ ? ਉਕਤ ਪਉੜੀ ਵੰਡ ਦੇ ਨੰਬਰ (3). ਭਾਗ ’ਚ ਵਿਚਾਰੇ ਗਏ ਗੁਰੂ ਉਪਦੇਸ਼ ‘‘ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’, ਦੀ ਕਮਾਈ ਕਰਨ ਵਾਲ਼ਾ ਜੀਵਨ ਰੁਤਬਾ (ਆਚਰਣ, ਰੂਹਾਨੀਅਤ ਸਫ਼ਰ) ਅਤੇ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ॥੧॥’’ ਉਪਦੇਸ਼ ਨੂੰ ਕਮਾਉਣ ਵਾਲ਼ਾ ਜੀਵਨ ਇੱਕ ਸਮਾਨ ਹੈ ਕਿਉਂਕਿ ਉਹ ‘‘ਨਾਨਕ ! ਰਹਣੁ ਰਜਾਈ ॥੨੭॥’’ ਭਾਵ ਸਦਾ ਰੱਬੀ ਸ਼ਕਤੀ ਨੂੰ ਚੇਤੇ ਰੱਖਦਾ ਹੈ, ਇਸ ਲਈ ‘‘ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ..॥’’ ਬਣ ਜਾਂਦਾ ਹੈ।

ਦੂਸਰੇ ਪਾਸੇ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਦਾ ਭਾਵਾਰਥ ਅਤੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਦਾ ਭਾਵਾਰਥ ਇੱਕ ਸਮਾਨ ਹੈ। ‘ਰੱਬੀ ਹੁਕਮ ਵਿੱਚ ਇਸ ਦੀ ਸਮਝ ਤੋਂ ਬਿਨਾਂ ਚੱਲਣਾ ਅਤੇ ਹੁਕਮ ਨੂੰ ਸਮਝ ਕੇ ਅਤੇ ਕਰਤਾਰ ਦੇ ਮੁਕਾਬਲੇ ਆਪਣੀ ਹੈਸੀਅਤ ਨੂੰ ਨਾਪ ਕੇ (ਡਰ-ਅਦਬ ਵਿੱਚ ਰਹਿ ਕੇ) ਚੱਲਣ ਵਿੱਚ ਫ਼ਰਕ ਹੁੰਦਾ ਹੈ। ਆਮ ਗੁਰਸਿੱਖ ਨੂੰ ਇਸ ਸੂਖਮ ਅੰਤਰ ਦੀ ਸਮਝ ਨਾ ਹੋਣ ਕਾਰਨ ਉਸ ਲਈ ਕੋਈ ਦੁਬਿਧਾ ਨਾ ਬਣੇ, ਇਸ ਲਈ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਦਾ ਭਾਵ ‘ਖੰਡ, ਮੰਡਲ, ਵਰਭੰਡ, ਆਦਿ ਵੀ ਰੱਬੀ ਸ਼ਕਤੀ ਦੇ ਮੁਕਾਬਲੇ ਅਪੂਰਨ ਹਨ, ਕਰਨਾ ਵਧੇਰੇ ਯੋਗ ਹੈ, ਸਿਵਾਏ ਇਸ ਦੇ ਕਿ ‘ਖੰਡ, ਮੰਡਲ, ਵਰਭੰਡ’ ਹੁਕਮ ਵਿੱਚ ਚੱਲਦੇ ਹਨ।

ਰੱਬੀ ਡਰ-ਅਦਬ ਵਿੱਚ ਰਹਿ ਕੇ ਵਿਕਾਰ ਮੁਕਤ ਹੋਇਆ ਜੀਵਨ ਅਤੇ ਉਸ ਦੀ ਨਾ-ਸਮਝੀ ਜਾਂ ਵਿਸ਼ਵਾਸ ਨਾ ਧਾਰਨ ਵਾਲ਼ਾ ਜੀਵਨ ਜਾਂ ਵਸਤੂ; ਨਿਰੰਤਰ ਨਿਡਰ, ਚਲਾਕੀ, ਸੁਆਰਥ ਭਾਵਨਾ ਨੂੰ ਨਹੀਂ ਤਿਆਗ ਸਕਦੀ, ਜਿਸ ਕਾਰਨ ਬੁਰੇ ਵਕਤ ’ਚ ਹੱਦੋਂ ਵੱਧ ਪਰੇਸ਼ਾਨ ਰਹਿੰਦੀ ਹੈ, ‘‘ਸੋ ਡਰੈ, ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ ॥’’ (ਮ: ੪/੮੪) ਜਦ ਕਿ ਭਗਤ ਦੁੱਖ-ਤਕਲੀਫ਼ ਨੂੰ ‘‘ਏਹਿ ਭਿ ਦਾਤਿ ਤੇਰੀ; ਦਾਤਾਰ ! ॥’’ ਮੰਨਦਾ ਹੋਇਆ ਬੁਰੇ ਵਕਤ ਨੂੰ ਵੀ ਆਸਾਨੀ ਨਾਲ਼ ਲੰਘਾ ਲੈਂਦਾ ਹੈ।

ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ; ਮਨ ! ਹੋਇ ਨਿਚਿੰਦ, ਨਿਸਲੁ (ਬੇਫ਼ਿਕਰ) ਹੋਇ ਰਹੀਐ ॥’’ (ਮ: ੪/੫੯੪) ਉਪਦੇਸ਼ ਨੂੰ ਜੀਵਨ ਦਾ ਆਧਾਰ ਬਣਾਉਣ ਵਾਲ਼ਾ ਬੰਦਾ, ਕੇਵਲ ਸਰੀਰਕ ਦੁੱਖਾਂ ਦੀ ਨਿਵਿਰਤੀ ਲਈ ਗੁਰਬਾਣੀ ਪੜ੍ਹ ਕੇ ਹਾਲਾਤਾਂ ਨਾਲ਼ ਸਮਝੌਤਾ ਕਰ ਬੁਜ਼ਦਿਲ ਨਹੀਂ ਹੋਏਗਾ ਬਲਕਿ ਜੁਝਾਰੂ ਬਿਰਤੀ ਅਪਣਾਏਗਾ। ਬੱਚੇ ਦੀ ਖੇਡ ਵਾਲ਼ੇ ਸੰਘਰਸ਼ ਨੂੰ ਹੀ ਜਗਤ ਖੇਡ ਬਿਆਨਿਆ ਗਿਆ।

ਪਾਠਕਾਂ ਦੇ ਉਸਾਰੂ ਸੁਝਾਵਾਂ ਦਾ ਸਵਾਗਤ ਹੈ।