ਜ਼ਾਤ-ਰਹਿਤ, ਜਮਾਤ-ਰਹਿਤ ਸਮਾਜ ਦੇ ਬਾਨੀ ਗੁਰੂ ਗੋਬਿੰਦ ਸਿੰਘ ਜੀ

0
581

ਜ਼ਾਤ-ਰਹਿਤ, ਜਮਾਤ-ਰਹਿਤ ਸਮਾਜ ਦੇ ਬਾਨੀ ਗੁਰੂ ਗੋਬਿੰਦ ਸਿੰਘ ਜੀ

– ਪ੍ਰੋ. ਹਮਦਰਦਵੀਰ ਨੌਸ਼ਹਿਰਵੀ

351 ਸਾਲ ਬੀਤ ਚੁੱਕੇ ਹਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖਿਆ ਸੀ। ਗੁਰੂ ਜੀ ਦੇ ਪਿਆਰ, ਸਦਭਾਵਨਾ, ਸਾਂਝੀਵਾਲਤਾ, ਕੁਰਬਾਨੀ, ਸਵਾਰਥਹੀਣਤਾ ਦੇ ਪਾਕਿ ਪਵਿੱਤਰ ਵਿਚਾਰ ਅੱਜ ਵੀ ਸਾਡਾ ਮਾਰਗ-ਦਰਸ਼ਨ ਕਰ ਰਹੇ ਹਨ ਭਾਵੇਂ ਕਿ ਕੌਮ ਦੇ ਆਗੂ ਇਨ੍ਹਾਂ ਵਿਚਾਰਾਂ ਤੋਂ ਕੋਹਾਂ ਦੂਰ ਚਲੇ ਗਏ ਹਨ। ਗੁਰੂ ਜੀ ਨੇ ਆਪਣੇ ਚਾਰੇ ਪੁੱਤਰ ਦੇਸ਼, ਕੌਮ ਖ਼ਾਤਰ ਵਾਰ ਦਿੱਤੇ ਪਰ ਫਿਰ ਵੀ ਸੀਅ ਨਾ ਕੀਤੀ ਤੇ ਕਿਹਾ ‘ਚਾਰ ਮੂਏ ਤੋ ਕਿਆ ਹੂਆ ? ਜੀਵਤ ਕਈ ਹਜ਼ਾਰ…….।’ ਅੱਜ ਦੇਸ਼ ਕੌਮ ਦੇ ਆਗੂਆਂ ਦੀ ਪਹਿਲੀ ਫ਼ਿਕਰ ਅਪਣੇ ਪੁੱਤਰਾਂ ਨੂੰ ਸਥਾਪਤ ਕਰਨਾ ਹੁੰਦਾ ਹੈ। ਆਪਣਾ ਘਰ ਬਾਰ ਭਰਨਾ ਹੁੰਦਾ ਹੈ। ਹਰ ਤਰ੍ਹਾਂ ਦੇ ਖ਼ਤਰਿਆਂ ਤੋਂ ਮੀਲਾਂ ਦੂਰ, ਅਜੋਕੇ ਸਿਆਸੀ ਧਾਰਮਕ ਆਗੂ ਆਪਣੇ ਪੁੱਤਰਾਂ, ਜਵਾਈਆਂ ਨੂੰ ਸਿਆਸਤ ਅਤੇ ਧਰਮ ਦੇ ਮੋਟੇ ਕਿੱਤੇ ਵਿੱਚ ਫ਼ਿੱਟ ਕਰਦੇ ਹਨ ਜਿੱਥੇ ਚੌਧਰ ਹੁੰਦੀ ਹੈ, ਤਾਕਤ ਹੁੰਦੀ ਹੈ, ਮਣਾਂ-ਮੂੰਹੀਂ ਮਾਇਆ ਹੁੰਦੀ ਹੈ, ਜ਼ਿੰਮੇਵਾਰੀ ਕੋਈ ਨਹੀਂ। ਕਿਸੇ ਸਾਹਮਣੇ ਜਵਾਬਦੇਹੀ ਦੀ ਕੋਈ ਲੋੜ ਨਹੀਂ ਹੁੰਦੀ।

ਗੁਰੂ ਗੋਬਿੰਦ ਸਿੰਘ ਜੀ ਸਿਰਫ਼ 9 ਸਾਲ ਦੇ ਸਨ ਜਦੋਂ ਮੁਸਲਮਾਨ ਅਧਿਕਾਰੀ ਸ਼ੇਰ ਅਫ਼ਗਾਨ ਖ਼ਾਂ ਦੇ ਸਤਾਏ ਹੋਏ ਕਸ਼ਮੀਰੀ ਪੰਡਤ, ਕ੍ਰਿਪਾ ਰਾਮ ਦੀ ਅਗਵਾਈ ਹੇਠ, ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਆ ਕੇ ਮਿਲੇ ਅਤੇ ਫ਼ਰਿਆਦ ਕੀਤੀ। ਬਾਲ ਗੋਬਿੰਦ ਨੇ ਗੁਰੂ ਪਿਤਾ ਜੀ ਨੂੰ ਮਜ਼ਲੂਮਾਂ ਦੀ ਸਹਾਇਤਾ ਕਰਨ ਦੀ ਬੇਨਤੀ ਕੀਤੀ ਤੇ ਫਿਰ ਅਨੰਦਪੁਰ ਸਾਹਿਬ ਤੋਂ ਲਲਕਾਰ ਉੱਠੀ ‘ਜਾਓ, ਜਾ ਕੇ ਆਪਣੇ ਬਾਦਸ਼ਾਹ ਨੂੰ ਕਹਿ ਦਿਉ ਕਿ ਪਹਿਲਾਂ ਉਹ ਤੇਗ ਬਹਾਦਰ ਨੂੰ ਮੁਸਲਮਾਨ ਬਣਾਏ।’ ਜਮਹੂਰੀਅਤ ਦੇ ਹੱਕ ਵਿੱਚ, ਇਨਸਾਫ਼ ਦੀ ਖ਼ਾਤਰ, ਮਜ਼ਲੂਮਾਂ ਨਾਲ ਖਲੋਣ ਲਈ ਬਾਲ ਗੋਬਿਦ ਨੇ ਆਪਣੇ ਗੁਰੂ ਪਿਤਾ ਨੂੰ ਬੇਨਤੀ ਕੀਤੀ। ਇਹ ਗੁਰੂ ਗੋਬਿਦ ਸਿੰਘ ਜੀ ਦੀ ਮਨੁੱਖਤਾਵਾਦੀ ਸੋਚ ਦਾ ਪਹਿਲਾ ਬੁਲੰਦ ਪ੍ਰਮਾਣ ਸੀ। ਪ੍ਰਜਾਤੰਤਰ ਵਿੱਚ ਹਰ ਵਿਅਕਤੀ ਨੂੰ, ਆਪਣੇ ਧਾਰਮਿਕ ਅਕੀਦੇ ਅਨੁਸਾਰ, ਜ਼ਿੰਦਗੀ ਜੀਊਣ ਦਾ ਪੂਰਾ ਅਧਿਕਾਰ ਹੈ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਲੋਕਵਾਦੀ ਅਸੂਲਾਂ ਉੱਤੇ ਪਹਿਰਾ ਦੇਂਦੇ ਹੋਏ, 1675 ਵਿੱਚ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ। ‘ਹਿੰਦ ਦੀ ਚਾਦਰ’ ਨੇ ਹਿੰਦ ਦੀ ਪੱਤ ਨੰਗੀ ਨਹੀਂ ਹੋਣ ਦਿੱਤੀ। ਭਾਈ ਜੈਤਾ ਜੀ ਨੇ ਰਾਜਸ਼ਾਹੀ ਸੰਗੀਨਾਂ ਦੀ ਛਾਂ ਹੇਠੋਂ ਗੁਰੂ ਜੀ ਦਾ ਸੀਸ ਬਾਇੱਜ਼ਤ ਕੱਢ ਕੇ ਲੈ ਆਂਦਾ। ਔਰੰਗਜ਼ੇਬੀ ਫ਼ੌਜਾਂ ਦੀਆਂ ਭੀੜੀਆਂ ਲਾਈਨਾਂ ਵਿਚੋਂ ਬਹਾਦਰੀ ਨਾਲ ਲੰਘਦਿਆਂ ਹੋਇਆਂ ਭਾਈ ਜੈਤਾ ਜੀ ਨੇ ਗੁਰੂ ਜੀ ਦਾ ਸੀਸ ਅਨੰਦਪੁਰ ਲੈ ਆਂਦਾ। ਪਿੱਛੇ ਆ ਰਹੀ ਜ਼ਾਲਮ ਦੀ ਪੈੜਚਾਲ ਨੂੰ ਪਛਾਣਦਿਆਂ, ਕਿਤੇ ਦੇਰ ਨਾ ਹੋ ਜਾਵੇ, ਭਾਈ ਲੱਖੀ ਰਾਏ ਨੇ ਗੁਰੂ ਜੀ ਦੀ ਮ੍ਰਿਤਕ ਦੇਹ ਆਪਣੇ ਘਰ ਅੰਦਰ ਰੱਖ ਕੇ, ਆਪਣੇ ਘਰ ਨੂੰ ਅੱਗ ਲਗਾ ਕੇ ਸ਼ਰਧਾਪੂਰਨ ਗੁਰੂ ਜੀ ਦੇ ਸਰੀਰ ਦਾ ਅੰਤਮ ਸਸਕਾਰ ਕੀਤਾ। ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਜਿਹੇ ਬਹਾਦਰ ਮਨੁੱਖਾਂ ਵਿਚੋਂ ਹੀ ਪੰਜ ਪਿਆਰੇ ਸਾਜੇ।

ਅਨੰਦਪੁਰ ਸਾਹਿਬ ਵਿਖੇ, 1699 ਈ. ਦੀ ਵਿਸਾਖੀ ਵਾਲੇ ਦਿਨ, ਇਕ ਨਵੇਂ ਕਰਮਯੋਗੀ ਖ਼ਾਲਸਾ ਮਨੁੱਖ ਨੇ ਜਨਮ ਲਿਆ। ਸਿੰਘ ਸ਼ੇਰ ਜਨਮਿਆਂ। ਲੋਹੇ ਦੇ ਭਾਰੇ ਮਜ਼ਬੂਤ ਬਾਟੇ ਵਿਚੋਂ ਅੰਮ੍ਰਿਤ ਛਕ ਕੇ ਪੰਜ ਪਿਆਰੇ ਸਾਜੇ। ਭਾਈ ਦਇਆ ਰਾਮ (ਖਤਰੀ), ਭਾਈ ਧਰਮ ਦਾਸ (ਜੱਟ), ਭਾਈ ਮੋਹਕਮ ਚੰਦ (ਧੋਬੀ), ਭਾਈ ਸਾਹਿਬ ਚੰਦ (ਨਾਈ) ਅਤੇ ਭਾੲ ਹਿੰਮਤ ਰਾਏ (ਕੁਹਾਰ), ਪੰਜ ਤੋਂ ਪੰਜ ਹਜ਼ਾਰ ਤੇ ਪੰਜ ਤੋਂ ਲੱਖਾਂ ਲੋਹ-ਪੁਰਸ਼ ਬਣੇ। ਪੰਚ ਪ੍ਰਧਾਨ, ਖ਼ਾਲਸ, ਸਾਫ਼, ਸ਼ੁੱਧ ਮਨੁੱਖਾਂ ਨੂੰ ਸਰਵ-ਕਲਿਆਣਕਾਰੀ ਰੰਗ ਵਿਚ ਰੰਗ ਕੇ ਉਨ੍ਹਾਂ ਦੀ ਜਮਹੂਰੀ ਫੌਜ ਤਿਆਰ ਕੀਤੀ।

ਜਮਹੂਰੀਅਤ ਦੀ ਸਭ ਤੋਂ ਉੱਚੀ ਮਿਸਾਲ ਦੇਂਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਆਪਣੇ ਆਪ ਨੂੰ ਉਨ੍ਹਾਂ ਦਾ ਚੇਲਾ ਆਖਿਆ। ਲੋਕ ਸ਼ਕਤੀ ਨੂੰ ਪਹਿਲ ਦਿੱਤੀ। ਗੁਰੂ ਜੀ ਨੇ ਪੰਚ ਪ੍ਰਧਾਨਾਂ ਬਾਰੇ ਸੋਹਣਾ ਕਿਹਾ ਹੈ:

ਇਨਹੀ ਕੇ ਪ੍ਰਸਾਦਿ, ਸੁ ਬਿਦਿਆ ਲਈ; ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ ॥

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ; ਨਹੀ ਮੋ ਸੇ ਗਰੀਬ ਕਰੋਰ ਪਰੇ ॥੨॥ (ਖਾਲਸਾ ਮਹਿਮਾ)

ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਜਾਤੰਤਰ ਦੀ ਲੀਹ ਤੋਰੀ। ਆਪਸ ਵਿੱਚ ਸਾਰੇ ਭਰਾ ਭਰਾ। ਗੁਰਮਤਿ ਅਨੁਸਾਰ ਫ਼ੈਸਲੇ ਹੋਣ ਲੱਗੇ। ਹਉਮੈ ਕਾਫ਼ੂਰ ਹੋ ਗਈ। ਨਿੱਜੀ ਸਵਾਰਥ ਖ਼ਤਮ ਹੋਇਆ, ਪੂਜਾ ਤੇ ਨਮਾਜ਼ ਵਿਚੋਂ ਫ਼ਰਕ ਮਿਟ ਗਿਆ:

ਦੇਹੁਰਾ ਮਸੀਤ ਸੋਈ, ਪੂਜਾ ਆ ਨਿਵਾਜ ਓਈ; ਮਾਨਸ ਸਬੈ ਏਕ ਪੈ, ਅਨੇਕ ਕੋ ਭ੍ਰਮਾਉ ਹੈ ॥ (ਅਕਾਲ ਉਸਤਤਿ)

ਜਮਹੂਰੀ ਏਕਤਾ, ਸਾਂਝੀਵਾਲਤਾ, ਭਰਾਤਰੀ ਭਾਵ ਤੇ ਸਮਾਜਵਾਦ ਦਾ ਸੰਦੇਸ਼ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ। ਜੱਟ, ਖੱਤਰੀ, ਧੋਬੀ, ਨਾਈ, ਕੁਹਾਰ, ਚਮਾਰ, ਮੋਚੀ, ਛੀਂਬੇ ਸਭ ਇਕੋ ਥਾਂ ਬੈਠਣ ਲੱਗੇ। ਸਭ ਦੇ ਦੁੱਖ ਸੁੱਖ ਸਾਂਝੇ ਹੋਣ ਲੱਗੇ। ਭਿੱਟ ਭਾਵ, ਛੂਤ-ਛਾਤ ਦੀਆਂ ਨੀਹਾਂ ਹਿਲ ਗਈਆਂ। ‘ਮਾਨਸ ਸਭੈ ਏਕ’ ਦੀ ਆਵਾਜ਼ ਘਰ ਘਰ ਵਿਚੋਂ ਬੁਲੰਦ ਹੋਣ ਲੱਗੀ। ਬ੍ਰਾਹਮਣਵਾਦੀ ਅਜੋੜ ਕੱਟੜਤਾ ਤੋਂ ਛੁਟਕਾਰਾ ਮਿਲਿਆ। ਬਾਣੀਆਵਾਦੀ ਸੂਦਖੋਰੀ ਰੁਚੀ ਨੂੰ ਭਾਂਜ ਦਿੱਤੀ ਗਈ। ਪਿਆਰ ਦੀ ਬਹਾਰ ਚਾਰੇ ਪਾਸੇ ਗਾਉਣ ਲੱਗੀ:

ਸਾਚੁ ਕਹੌ, ਸੁਨ ਲੇਹੁ ਸਭੈ; ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭੁ ਪਾਇਓ ॥ (ਅਕਾਲ ਉਸਤਤਿ)

ਵਹਿਮਾਂ, ਭਰਮਾਂ, ਜਾਤਾਂ-ਪਾਤਾਂ ਤੋਂ ਨਿਜਾਤ ਮਿਲੀ। ਮਨੁੱਖੀ ਸਾਂਝ ਦੀ ਜਮਹੂਰੀ ਭਾਵਨਾ ਪੰਜਾਬੀ ਸਮਾਜ ਦਾ ਸਭਿਆਚਾਰਕ ਅੰਗ ਬਣ ਗਈ। ਗੁਰੂ ਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਅਨੰਦਪੁਰ ਸਾਹਿਬ ਦਾ ਸੰਦੇਸ਼ ਅਫਿਰਕੂਪੁਣੇ ਦਾ ਸੰਦੇਸ਼ ਸੀ, ਅਸੰਪ੍ਰਦਾਇਕਤਾ ਦਾ ਸੰਦੇਸ਼ ਸੀ। ਅਨੰਦਪੁਰ ਦੀ ਧਰਤੀ ਰਣਭੂਮੀ ਦਾ ਮੈਦਾਨ ਸੀ। ਅਨੰਦਪੁਰ ਸਾਹਿਬ ਦੀ ਲੜਾਈ ਮੁਸਲਮਾਨਾਂ ਦੇ ਵਿਰੁਧ ਨਹੀਂ ਸੀ। ਇਹ ਤਾਂ ਇਨਸਾਫ਼ ਦੀਆਂ ਲੜਾਈਆਂ ਸਨ। ਇਨਸਾਫ਼ ਪਸੰਦਾਂ ਦੇ ਅੱਤਿਆਚਾਰਾਂ ਦੇ ਵਿਰੁਧ ਇਹ ਲੜਾਈਆਂ ਔਰੰਗਜ਼ੇਬ ਦੇ ਜ਼ੁਲਮਾਂ ਵਿਰੁਧ ਵੀ ਸਨ ਤੇ ਪਹਾੜੀ ਹਿੰਦੂ ਰਾਜਿਆਂ ਦੇ ਜ਼ੁਲਮਾਂ ਵਿਰੁਧ ਵੀ। ਪਹਾੜੀ ਹਿੰਦੂ ਰਾਜੇ ਮੁਗ਼ਲ ਸਾਮਰਾਜਸ਼ਾਹੀ ਦੀ ਜੀ ਹਜ਼ੂਰੀ ਕਰ ਕੇ, ਈਨ ਮੰਨ ਕੇ, ਆਪਣੇ ਸਲਤਨਤੀ ਐਸ਼ ਆਰਾਮ ਕਾਇਮ ਰੱਖਣ ਲਈ ਅਨੰਦਪੁਰ ਸਾਹਿਬ ਤੋਂ ਉੱਠੀ ਸੱਚ, ਹੱਕ ਤੇ ਜਮਹੂਰੀਅਤ ਦੀ ਲੋਕ ਲਹਿਰ ਤੋਂ ਭੈਅ ਖਾਂਦੇ ਸਨ ਅਤੇ ਇਸ ਲਹਿਰ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਸਨ। ਰਾਜਾ ਭੀਮ ਚੰਦ ਨੇ ਔਰੰਗਜ਼ੇਬ ਦੀਆਂ ਫ਼ੌਜਾਂ ਨਾਲ ਮਿਲ ਕੇ ਅਨੰਦਪੁਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਸੱਚੇ ਸੁੱਚੇ ਮੁਸਲਮਾਨ ਪੀਰ ਬੁੱਧੂਸ਼ਾਹ ਤੇ ਉਸ ਦੇ ਪੈਰੋਕਾਰਾਂ ਨੇ ਗੁਰੂ ਜੀ ਦੀ ਹੱਕ, ਸੱਚ ਲਈ ਲੜ ਰਹੀ ਖ਼ਾਲਸਾ ਫ਼ੌਜ ਦਾ ਸਾਥ ਦਿੱਤਾ। ਚੰਦੂ-ਗੰਗੂ ਨੇ ਗੁਰੂ ਜੀ ਨਾਲ ਧਰੋਹ ਕਮਾਇਆ। ਪਰ ਗਨੀ ਖ਼ਾਂ, ਨਬੀ ਖ਼ਾਂ ਭਰਾਵਾਂ ਨੇ ਅਤਿ ਮੁਸ਼ਕਲ ਵੇਲੇ ਗੁਰੂ ਜੀ ਨੂੰ ‘ਉੱਚ ਦਾ ਪੀਰ’ ਬਣਾ ਕੇ, ਮੋਢਿਆਂ ਉੱਤੇ ਚੁੱਕ ਕੇ ਮਾਛੀਵਾੜੇ ਦੇ ਮੁਗਲੀਆ ਘੇਰੇ ਵਿਚੋਂ ਪਾਰ ਕੀਤਾ ਸੀ। ਧਰਮ ਦਾ ਸਵਾਲ ਨਹੀਂ ਸੀ। ਲੁੱਟਣ ਵਾਲੇ, ਜ਼ੁਲਮ ਕਰਨ ਵਾਲੇ, ਇੱਕ ਪਾਸੇ ਸਨ ਅਤੇ ਲੁੱਟੇ ਜਾਣ ਵਾਲੇ, ਮਜ਼ਲੂਮ ਦੂਜੇ ਪਾਸੇ ਸਨ। ਇਹ ਵਰਗ ਜੰਗ ਅੱਜ ਵੀ ਜਾਰੀ ਹੈ।

ਗੁਰੂ ਗੋਬਿੰਦ ਸਿੰਘ ਜੀ ਹਰ ਤਰ੍ਹਾਂ ਦੇ ਵਹਿਮਾਂ, ਭਰਮਾਂ, ਜ਼ਾਤਾਂ, ਗੋਤਾਂ ਦੇ ਵਿਰੁਧ ਸਨ:

ਨ ਜਟਾ ਮੁੰਡਿ ਧਾਰੌ ॥ ਨ ਮੁੰਦ੍ਰਕਾ ਸਵਾਰੌ ॥

ਜਪੋ ਤਾਸ ਨਾਮੰ ॥ ਸਰੈ ਸਰਬ ਕਾਮੰ ॥

ਜਟਾਜੂਟ, ਸਵਾਹਧਾਰੀ, ਮੌਨਧਾਰੀ ਆਦਿ ਹਰ ਤਰ੍ਹਾਂ ਦੇ ਭੇਖਾਂ ਵਿਰੁਧ ਸਨ:

ਜੇ ਜੇ ਭੇਖ ਸੁ ਤਨ ਮੈ ਧਾਰੈ ॥ ਤੇ ਪ੍ਰਭ ਜਨ ਕਛੁ ਕੈ ਨ ਬਿਚਾਰੈ ॥

ਸਮਝ ਲੇਹੁ ਸਭ ਜਨ ਮਨ ਮਾਹੀ ॥ ਡਿੰਭਨ ਮੈ ਪਰਮੇਸੁਰ ਨਾਹੀ ॥

ਗੁਰੂ ਜੀ ਫੋਕੇ ਧਰਮ ਕਰਮ ਕਾਂਢਾ ਦੇ ਵਿਰੁੱਧ ਸਨ :-

ਕੋਈ ਪੜਤਿ ਕੁਰਾਨ ਕੋ; ਕੋਈ ਪੜਤ ਪੁਰਾਨ ॥

ਕਾਲ ਨ ਸਕਤ ਬਚਾਇਕੈ; ਫੋਕਟ ਧਰਮ ਨਿਦਾਨ ॥

ਸੰਗਤ, ਪੰਗਤ ਤੇ ਸਾਂਝੇ ਲੰਗਰ ਦੀ ਪ੍ਰੰਪਰਾ ਨੇ ਭਾਰਤ ਵਿੱਚ ਜਮਹੂਰੀਅਤ ਦੀ ਨੀਂਹ ਪੱਕੀ ਕੀਤੀ। ਸਾਂਝੇ ਲੰਗਰ ਦੀ ਪ੍ਰੰਪਰਾ ਗੁਰੂ ਨਾਨਕ ਦੇਵ ਜੀ ਤੋਂ, ਕਰਤਾਰਪੁਰ ਤੋਂ ਅਰੰਭ ਹੋਈ ਸੀ। ਅਨੰਦਪੁਰ ਤੱਕ ਪਹੁੰਚਦਿਆਂ ਇਸ ਪ੍ਰੰਪਰਾ ਦੇ ਸਮਾਜਵਾਦੀ ਜਮਹੂਰੀ ਅਰਥ ਹੋਰ ਵੀ ਪ੍ਰਪੱਕ ਹੋ ਚੁੱਕੇ ਸਨ। ਇੱਥੇ ਆ ਕੇ ਇਸ ਪ੍ਰੰਪਰਾ ਵਿਚ ਮਾਰਸ਼ਲ ਸਪਿਰਟ ਪ੍ਰਵੇਸ਼ ਕਰ ਚੁੱਕੀ ਸੀ। ਕਿਰਤ ਕਰਨਾ, ਵੰਡ ਛੱਕਣਾ, ਇਕੱਠੇ ਬੈਠ ਕੇ ਸੰਗਤ ਦੇ ਸੰਗਮ ਵਿਚ ਰਹਿਣਾ ਅਤੇ ਸੰਗਤ ਨੂੰ ਗੁਰੂ ਦਾ ਦਰਜਾ ਦੇਣ, ਪੰਜਾਬੀ ਸਮਾਜ ਦੇ ਅੰਗ ਸੰਗ ਰਹਿਣਾ।

ਗੁਰੂ ਗੋਬਿੰਦ ਸਿੰਘ ਜੀ ਕਰਮਯੋਗੀ ਸਨ ‘ਸੁਭ ਕਰਮਨ ਤੇ ਕਬਹੂੰ ਨ ਟਰੋ ॥’ ਉਨ੍ਹਾਂ ਦਾ ਅਕੀਦਾ ਸੀ। ਨਾਮ, ਦਾਨ, ਇਸ਼ਨਾਨ, ਕਿਰਤ ਕਰਨਾ, ਵੰਡ ਛੱਕਣਾ ਮਨੁੱਖੀ ਅਮਲ ਹੋਣ, ਮਨੁੱਖ ਨਾਲ ਪਿਆਰ ਕਰਨਾ ਚਾਹੀਦਾ ਹੈ- ਬੇਜਾਨ ਬੁੱਤਾਂ ਨਾਲ ਨਹੀਂ।

ਕੋਊ ਬੁਤਾਨ ਕੌ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੌ ਪੂਜਨ ਧਾਇਓ ॥

ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੌ ਭੇਦੁ ਨ ਪਾਇਓ ॥ (ਅਕਾਲ ਉਸਤਤਿ)

ਉਹ ਸ਼ਖ਼ਸੀ ਪੂਜਾ ਦੇ ਵਿਰੁਧ ਸਨ। ਦੇਹਧਾਰੀ ਗੁਰੂ ਪਰੰਪਰਾ ਨੂੰ ਸ਼ਬਦ ਗੁਰੂ ’ਚ ਤਬਦੀਲ ਕਰਨਾ ਚਾਹੁੰਦੇ ਸਨ। ਗੁਰੂ ਤਾ ਜੱਦੀ ਪੁਸ਼ਤੀ ਨਹੀਂਉਂ, ਪ੍ਰਭੂਸੱਤਾ ਲੋਕਾਂ ਕੋਲ ਹੈ, ਸੰਗਤ ਕੋਲ ਹੈ।

ਪਰ ਅੱਜ ਕੱਲ ਥਾਂ-ਥਾਂ ਧਾਰਮਿਕ ਸਥਾਨ ਉੱਗ ਰਹੇ ਹਨ। ਵਿੱਦਿਆ ਦੇ ਅਸਲ ਮੰਦਰ-ਸਰਕਾਰੀ ਸਕੂਲ ਢੱਠੇ ਪਏ ਹਨ। ਚੋਂਦੀਆਂ ਛੱਤਾਂ, ਟੁੱਟੀਆਂ ਖਿੜਕੀਆਂ, ਪਰ ਧਾਰਮਿਕ ਅਸਥਾਨਾਂ ਉੱਤੇ ਕਰੋੜਾਂ ਰੁਪਇਆ ਖ਼ਰਚਿਆ ਜਾ ਰਿਹਾ ਹੈ। ਹਰ ਸਰਕਾਰੀ ਜਨਤਕ ਥਾਂ ਉੱਤੇ ਵੱਖ ਵੱਖ ਰੰਗਾਂ ਦੇ ਦੇਹਧਾਰੀ ਸਾਧਾਂ, ਸੰਤਾਂ, ਤਾਂਤਰਿਕਾਂ ਦਾ ਕਬਜ਼ਾ ਪੱਕਾ ਹੋ ਰਿਹਾ ਹੈ। ਡੇਰਿਆਂ ਅਖਾੜਿਆਂ, ਸਤਿਸੰਗਾਂ, ਮੱਠਾਂ, ਸਮਾਧ-ਅਸਥਾਨਾਂ ਨੇ ਕਾਫ਼ੀ ਸਾਰੀ ਉਪਜਾਊ ਜ਼ਮੀਨ ਮੱਲ ਲਈ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਾਦੂ, ਟੂਣਿਆਂ, ਰਿਧੀਆਂ-ਸਿਧੀਆਂ, ਰਸਮੀ ਵਰਤਾਂ, ਸੰਜਮਾਂ, ਮੜ੍ਹੀ-ਮਸਾਣੀ, ਮੰਤਰਾਂ-ਤੰਤਰਾਂ, ਦੇਹਧਾਰੀ ਗੁਰੂਆਂ ਦੀਆਂ ਚਰਨ ਧੂੜਾਂ ਦੀ ਸਖ਼ਤ ਮਨਾਹੀ ਕੀਤੀ ਸੀ, ਪਰ ਅੱਜ ਤਕ ਸ਼ਕਲੋਂ ਦਿਸਦੇ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਵੀ ਡੇਰਿਆਂ ਵਿਚ ਜਾ ਕੇ ਪਾਖੰਡੀ ਦੇਹਧਾਰੀਆਂ, ਗੁਰੂ ਬਾਬਿਆਂ ਦੇ ਪੈਰੀਂ ਡਿੱਗ ਰਹੇ ਹਨ, ਵੋਟਾਂ ਦੀ ਭੀਖ ਮੰਗ ਰਹੇ ਹਨ। ਐਸੇ ਆਗੂ ਬਾਰੇ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤੇ ਹਨ:

ਅੰਧਾ ਆਗੂ ਜੇ ਥੀਐ; ਕਿਉ ਪਾਧਰੁ ਜਾਣੈ ॥ ਆਪਿ ਮੁਸੈ, ਮਤਿ ਹੋਛੀਐ; ਕਿਉ ਰਾਹੁ ਪਛਾਣੈ ॥ (ਮ: ੧/੭੬੭)

– ਕਵਿਤਾ ਭਵਨ, ਮਾਛੀਵਾੜਾ ਰੋਡ, ਸਮਰਾਲਾ

ਮੋਬਾਈਲ: 94638-08697