ਗੁਰੂ ਨਾਨਕ ਸਾਹਿਬ ਜੀ ਦੇ ਜਨਮ ਬਾਰੇ ਕੀਤਾ ਜਾਂਦਾ ਝੂਠਾ ਪ੍ਰਚਾਰ
ਪੰਜਾਬ ਟਾਈਮਜ਼, 28 ਜੂਨ 2025 ਈ: (ਅੰਕ 26) ’ਚ ਛਪੇ ਲੇਖ ‘ਗੁਰੂ ਪਰਿਵਾਰਾਂ ਦੀਆਂ ਬੀਬੀਆਂ’ (ਪੰਨਾ 13) ’ਚ ਡਾ. ਹਰਜਿੰਦਰ ਸਿੰਘ ਜੀ ਦਿਲਗੀਰ ਲਿਖਦੇ ਹਨ ਕਿ ‘ਗੁਰੂ ਨਾਨਕ ਸਾਹਿਬ ਦਾ ਜਨਮ 20 ਅਕਤੂਬਰ 1469 ਦੇ ਦਿਨ ਹੋਇਆ ਸੀ। ਗੁਰੂ ਨਾਨਕ ਸਾਹਿਬ ਦੇ ਜਨਮ ਬਾਰੇ ਇਕ ਹੋਰ ਤਾਰੀਖ 15 ਅਪਰੈਲ 1469 ਵੀ ਲਿਖੀ ਜਾਂਦੀ ਹੈ। ਇਹ ਭੁਲੇਖਾ ਜਨਮ ਸਾਖੀਆਂ ਵਿੱਚ ਵੱਖ-ਵੱਖ ਤਾਰੀਖਾਂ ਲਿਖਣ ਕਰਕੇ ਹੋਇਆ ਹੋਵੇਗਾ। ਵਿਸਾਖ (ਅਪਰੈਲ) ਵਾਲੀ ਗ਼ਲਤ ਤਾਰੀਖ ਸਭ ਤੋਂ ਪਹਿਲਾ ਪ੍ਰਿਥੀ ਚੰਦ ਮੀਣਾ ਦੇ ਪੁੱਤਰ ਮਿਹਰਬਾਨ ਨੇ ਲਿਖੀ ਸੀ। ਉਹ ਸਿੱਖ ਹਿਸਰਟੀ ਵਿਗਾੜਨ ਵਾਲਾ ਪਹਿਲਾ ਸਿੱਖ ਦੋਖੀ ਸੀ’।
ਇਹ ਠੀਕ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਤਾਰੀਖ ਸਬੰਧੀ ਵਾਦ-ਵਿਵਾਦ ਹੈ, ਪਰ ਵਿਦਵਾਨ ਲੇਖਕ ਨੇ ਬਿਨਾਂ ਕੋਈ ਠੋਸ ਸਬੂਤ ਦਿੱਤੇ, 20 ਅਕਤੂਬਰ 1469 ਈ: ਨੂੰ ਸਹੀ ਤੇ 15 ਅਪ੍ਰੈਲ 1469 ਈ: ਨੂੰ ਗ਼ਲਤ ਕਰਾਰ ਦੇ ਦਿੱਤਾ ਹੈ। ਡਾ. ਦਿਲਗੀਰ ਦਾ ਇਹ ਲਿਖਣਾ ਤਾਂ ਠੀਕ ਹੈ ਕਿ ਪ੍ਰਿਥੀ ਚੰਦ ਮੀਣਾ, ਗੁਰੂ ਘਰ ਦਾ ਵਿਰੋਧੀ ਸੀ, ਪਰ ਇਹ ਲਿਖਣਾ ਕਿ ਉਸ ਦਾ ਪੁੱਤਰ ਮਿਹਰਬਾਨ, ‘ਸਿੱਖ ਹਿਸਰਟੀ ਵਿਗਾੜਨ ਵਾਲਾ ਪਹਿਲਾ ਸਿੱਖ ਦੋਖੀ ਸੀ’, ਸਹੀ ਨਹੀਂ ਜਾਪਦਾ। ਮਿਹਰਬਾਨ ਵਾਲੀ ਜਨਮ ਸਾਖੀ ਪੋਥੀ ਸਚਖੰਡ ਬਾਰੇ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ 1619 ਈ: ’ਚ ਲਿਖੀ ਗਈ ਸੀ। ਜਦੋਂ ਕਿ ਦੋ ਹੋਰ ਜਨਮ ਸਾਖੀਆਂ ਇਸ ਤੋਂ ਪਹਿਲਾਂ ਲਿਖੀਆਂ ਜਾ ਚੁੱਕੀਆਂ ਸਨ। ਸੀਹਾਂ ਉਪਲ ਦੀ ‘ਸਾਖੀ ਮਹਲ ਪਹਿਲੇ ਕੀ’ ਦਾ ਲਿਖਣ ਸਮਾਂ 1570-74 ਈ: ਮੰਨਿਆ ਜਾਂਦਾ ਹੈ ਤੇ ਭਾਈ ਬੂਲਾ ਵਾਲੀ ਜਨਮ ਸਾਖੀ ‘ਜਨਮ ਪਤ੍ਰੀ ਬਾਬੇ ਜੀ’ ਕੀ ਦੇ ਲਿਖਣ ਦਾ ਸਮਾਂ 1597-1600 ਈ: ਮੰਨਿਆ ਜਾਂਦਾ ਹੈ। ਇਨ੍ਹਾਂ ਦੋਵਾਂ ਜਨਮ ਸਾਖੀਆਂ ’ਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਵੈਸਾਖ ਦਾ ਹੀ ਲਿਖਿਆ ਹੋਇਆ ਹੈ। ਸੋ ਮਿਹਰਬਾਨ, ਪਹਿਲਾ ਨਹੀਂ ਸਗੋਂ ਤੀਜਾ ਵਿਅਕਤੀ ਸੀ, ਜਿਸ ਨੇ ‘ਵੈਸਾਖ’ ਲਿਖਿਆ ਸੀ।
ਗੁਰੂ ਜੀ ਦੇ ਜਨਮ ਦੀ ਤਾਰੀਖ, ਕੱਤਕ ਦੀ ਪੁੰਨਿਆ ਸੰਮਤ ੧੫੨੬ ਬਿ: (20 ਅਕਤੂਬਰ 1469 ਈ:) ਕੇਵਲ ਭਾਈ ਬਾਲੇ ਦੇ ਨਾਂ ਨਾਲ ਜਾਣੀ ਜਾਂਦੀ ਜਨਮ ਸਾਖੀ ’ਚ ਦਰਜ ਹੈ। ਇਸ ਜਨਮ ਸਾਖੀ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ’ਚ ਲਿਖੀ ਗਈ ਸੀ। ਜੇ ਇਹ ਸੱਚ ਹੈ ਤਾਂ ਇਹ ਜਨਮ ਸਾਖੀ ਸੰਮਤ ੧੫੯੬ ਬਿਕ੍ਰਮੀ ਦੇ ਅਖੀਰ (1540 ਈ: ਦਾ ਆਰੰਭ) ਤੀਕ ਲਿਖੀ ਜਾ ਚੁੱਕੀ ਹੋਵੇਗੀ। ਇਸ ਹਿਸਾਬ ਨਾਲ ਇਹ ਜਨਮ ਸਾਖੀ ਸਭ ਤੋਂ ਵੱਧ ਭਰੋਸੇ ਯੋਗ ਲਿਖਤ ਹੋਣੀ ਚਾਹੀਦੀ ਹੈ, ਪਰ ਅਜਿਹਾ ਨਹੀਂ ਹੈ। ਭਾਈ ਬਾਲੇ ਦੇ ਨਾਂ ਨਾਲ ਜਾਣੀ ਜਾਂਦੀ ਜਨਮ ਸਾਖੀ ਦੀ ਸਭ ਤੋਂ ਪੁਰਾਣੀ ਹੱਥ ਲਿਖਤ ‘ਸੰਮਤ 1715 ਬਿਕ੍ਰਮੀ (1658 ਈ:)’ ’ਚ ਲਿਖੀ ਹੋਈ ਮਿਲਦੀ ਹੈ, ਜੋ ਹੰਦਾਲੀਆਂ ਵੱਲੋਂ ਲਿਖਵਾਈ ਗਈ ਸੀ।
ਡਾ. ਹਰਜਿੰਦਰ ਸਿੰਘ ਜੀ ਦਿਲਗੀਰ ਨੂੰ ਬੇਨਤੀ ਹੈ ਕਿ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ’ਚ ਲਿਖੀ ਗਈ ਭਾਈ ਬਾਲੇ ਵਾਲੀ ਹੱਥ ਲਿਖਤ ਜਨਮ ਸਾਖੀ (ਸੰਮਤ 1596 ਬਿਕ੍ਰਮੀ); ਇਨ੍ਹਾਂ ਪਾਸ ਹੈ ਜਾਂ ਇਨ੍ਹਾਂ ਨੇ ਕਿਸੇ ਲਾਇਬਰੇਰੀ ’ਚ ਵੇਖੀ ਹੈ ਤਾਂ ਇਹ ਜਾਣਕਾਰੀ, ਜ਼ਰੂਰ ਜਨਤਕ ਕੀਤੀ ਜਾਵੇ। ਜੇ ਅਜਿਹੀ ਕੋਈ ਜਨਮ ਸਾਖੀ ਨਹੀਂ ਹੈ ਤਾਂ ਗੁਰੂ ਜੀ ਦਾ ਜਨਮ ਦਿਹਾੜਾ ‘ਕੱਤਕ ਦੀ ਪੁੰਨਿਆ’ ਮੰਨਣ ਦਾ ਕੀ ਆਧਾਰ ਹੈ, ਸਪਸ਼ਟ ਕੀਤਾ ਜਾਵੇ। ਆਸ ਕਰਦੇ ਹਾਂ ਕਿ ਡਾ. ਦਿਲਗੀਰ ਜੀ, ਬੇਨਤੀ ਪ੍ਰਵਾਨ ਕਰਨਗੇ। ਧੰਨਵਾਦ