ਇਤਿਹਾਸ ਦਾ ਪਹੀਆ
ਗੁਰਦੇਵ ਸਿੰਘ ਸੱਧੇਵਾਲੀਆ
ਜਦ ਅਸੀਂ ਗੁਰਦਾਸ ਨੰਗਲ ਦੀ ਗੜੀ ਦੇਖਣ ਗਏ ਤਾਂ ਉੱਥੇ ਕੋਈ ਇਤਿਹਾਸਕ ਨਿਸ਼ਾਨ ਨਾ ਦੇਖ ਕੇ ਉਥੋਂ ਦੇ ਭਾਈ ਨੂੰ ਪੁੱਛਿਆ ਕਿ ਇੱਥੇ ਕੋਈ ਗੜੀ ਦੀ ਕੰਧ ਹੀ ਬਚਾਅ ਰੱਖਦੇ ਇਤਿਹਾਸਕ ਨਿਸ਼ਾਨੀ ਵੱਜੋਂ ਤਾਂ ਉਸ ਦਾ ਜਵਾਬ ਬੜਾ ਬੇਲਿਹਾਜਾ ਸੀ,
ਓ ਦੋ ਤਿੰਨ ਸੌ ਸਾਲ ਦੀਆਂ ਗੱਲਾਂ ਨੇ ਕਿਹੜੀਆਂ ਕੰਧਾਂ ਰਹਿੰਦੀਆਂ ਇੱਥੇ ?
ਸਿੱਖ ਇਤਿਹਾਸ ਦਾ ਪਹੀਆ ਖੜੋਅ ਗਿਆ ਹੈ। ਬਾਬਿਆਂ ਦੀਆਂ ਕੱਚੀਆਂ ਪਿੱਲੀਆਂ ਕਹਾਣੀਆਂ ਦੇ ਗਾਰੇ ਵਿੱਚ ਫਸ ਕੇ ਰਹਿ ਗਿਆ ਹੈ। ਦੁਕਾਨਦਾਰੀਆਂ ਦੀਆਂ ਰੇਤਾਵਾਂ ਵਿੱਚੋਂ ਇਤਿਹਾਸ ਦੀ ਖੰਡ ਦੇ ਦਾਣੇ ਚੁੱਗਣੇ ਹੁਣ ਇੰਨੇ ਸੌਖੇ ਨਹੀਂ। ਇਤਿਹਾਸ; ਸੁੱਖਣਾ, ਅਰਦਾਸਾਂ, ਸਿਮਰਨਾਂ ਅਤੇ ਮਨੋਕਾਮਨਾਵਾਂ ਵਿੱਚ ਉਲਝ ਗਿਆ ਹੈ। ਬੰਦਾ ਕਹਿੰਦਾ ਮਿਲੂ ਕੀ ਮੈਨੂੰ ਇਤਿਹਾਸ ਜਾਣ ਕੇ ! ਇਤਿਹਾਸ ਸਿੱਖ ਕੌਮ ਲਈ ਬੜਾ ਰੁੱਖਾ ਵਿਸ਼ਾ ਹੈ। ਅਲੂਣੀ ਸਿੱਲ ਦੀ ਤਰ੍ਹਾਂ। ਇਸ ਨੂੰ ਕੋਈ ਵੀ ਚੱਟਣ ਲਈ ਤਿਆਰ ਨਹੀਂ।
ਬਾਬਿਆਂ ਦੀਆਂ ਚਟਪਟੇ ਲੱਡੂ ਕਰਾਰਿਆਂ ਵਰਗੀਆਂ ਕਹਾਣੀਆਂ ਸੁਣ ਸੁਣ ਇਤਿਹਾਸ ਵਰਗੇ ਵਿਸ਼ੇ ਵੰਨੀ ਕਿਹੜਾ ਦੇਖੇ। ਦਰਬਾਰ ਸਾਹਬ ਨੇੜੇ ਅਸੀਂ ਇਤਿਹਾਸ ਨਾਲ ਸਬੰਧਿਤ ਪੂਰੀਆਂ ਦੁਕਾਨਾਂ ਫੋਲ ਮਾਰੀਆਂ ਪਰ ਸਾਨੂੰ ਕਿਤੇ ਵੀ ਇਤਿਹਾਸ ਨਾਲ ਸਬੰਧਿਤ ਪੋਸਟਰ ਨਹੀਂ ਮਿਲੇ। ਜਦ ਇੱਕ ਦੁਕਾਨ ਵਾਲੇ ਨੂੰ ਕਾਰਨ ਪੁੱਛਿਆ ਤਾਂ ਉਹ ਕਹਿੰਦਾ ਖਰੀਦਾਰ ਹੀ ਕੋਈ ਨਹੀਂ ਰੱਖੀਏ ਕਿਸ ਖਾਤਰ ?
ਡੇਰਿਆਂ ਅਤੇ ਕਾਰਸੇਵੀਆਂ ਇਤਿਹਾਸ ਦੀ ਤਬਾਹੀ ਤਾਂ ਜੋ ਕੀਤੀ, ਸੋ ਕੀਤੀ, ਪਰ ਲੋਕਾਂ ਦੀ ਖੁਦ ਦੀ ਵੀ ਤਾਂ ਕੋਈ ਰੁਚੀ ਨਹੀਂ ਰਹੀ। ਉਹ ਪੜ੍ਹਨਾ ਹੀ ਨਹੀਂ ਚਾਹੁੰਦੇ। ਪੜ੍ਹਨ ਦਾ ਸ਼ੌਕ ਹੀ ਖਤਮ। ਉਹ ਕਹਿੰਦੇ ਨਿਆਣੇ ਅੰਗਰੇਜ਼ੀ ਪੜ੍ਹ ਜਾਣ, ਪੰਜਾਬੀ ਨੂੰ ਕੌਣ ਪੁੱਛਦੈ ! ਮਾਈਆਂ ਦੀ ਪੰਜਾਬੀ, ਡਰਾਮਿਆਂ ਦੀ ਹਮਕੋ ਤੁਮਕੋ ਨੇ ਖਾ ਲਈ ਤੇ ਭਾਈਆਂ ਦੀ ਭਈਆਂ ਨਾਲ ਕਿੱਲ ਕੇ ਬੋਲੀ ਹਿੰਦੀ ਨੇ ! ਹੋਰ ਹੈਰਾਨੀ ਦੀ ਗੱਲ ਕਿ ਹਿੰਦੀ ਦੀ ਮੁਝਕੋ ਤੁਝਕੋ ਵਾਲੀ ਕੌੜੀ ਵੇਲ ਤੁਹਾਡੇ ਆਹ ਚੋਲਿਆਂ ਵਾਲਿਆਂ ਭਗਵੀਆਂ ਲੂੰਗੀਆਂ ਰਾਹੀਂ ਤੁਹਾਡੀਆਂ ਧਾਰਮਿਕ ਸਟੇਜਾਂ ਉਪਰ ਚਾਹੜ ਛੱਡੀ ਹੋਈ ! ਪਤਾ ਹੀ ਨਹੀਂ ਲੱਗਦਾ ਕਿ ਇਹ ‘ਕਥਾ’ ਮੰਦਰ ਵਿਚ ਹੋ ਰਹੀ ਹੈ ਜਾਂ ਕਿਸੇ ਗੁਰਦੁਆਰੇ ਦੀ ਸਟੇਜ ਤੇ ! ਬੋਲੀ ਹੀ ਨਾ ਰਹੀ ਤਾਂ ਇਤਿਹਾਸ ਟਿੱਕੂ ਕਾਹਦੇ ਤੇ ?
ਪੰਜਾਬ ਗਏ ਨੇ ਘਰ ਵਿਚ ਤੁਰੇ ਫਿਰਦੇ ਪੇਡੂੰ ਨਿਆਣਿਆਂ ਵਿਚੋਂ ਇੱਕ ਨੂੰ ਮੈਂ ਕਿਹਾ ਪੁੱਤਰ ਸਤਿ ਸ੍ਰੀ ਅਕਾਲ। ਉਹ ਪਤਾ ਕੀ ਕਹਿੰਦਾ ?
ਅੰਕਲ ਸਵੇਰੇ ਸਵੇਰ ਗੁੱਡ ਮਾਰਨਿੰਗ ਕਹੀਦੀ ? ?
ਕਸੂਰ ਕਿਸ ਦਾ ?
ਬਾਬਾ ਜੀ ਆਪਣੇ ਜੋਗੀ ਨੂੰ ਕਹਿੰਦੇ ਤੇਰਾ ਕਸੂਰ ਨਹੀ ਤੇਰੀ ਮਾਂ ਹੀ ਕੁਚੱਜੀ ਸੀ, ਜਿਸ ਨੇ ਤੇਰਾ ਭਾਡਾਂ ਹੀ ਨਹੀਂ ਧੋਤਾ। ਸਾਡੀਆਂ ਮਾਵਾਂ ਭਾਵੇਂ ਅਨਪੜ੍ਹ ਸਨ ਪਰ ਉਹ ਰਾਤੀਂ ਗੋਦੀ ਲੈ ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਦੀਆਂ ਗਥਾਵਾਂ ਤੋਤੇ ਦੀ ਤਰਾਂ ਰਟਾਅ ਦਿੰਦੀਆਂ ਸਨ ਪਰ ਹੁਣ ਵਾਲੀ ਮਾਂ ਜੰਮਦੇ ਬੱਚੇ ਨੂੰ ਗੋਦੀ ਲੈ ਵਡਭਾਗੀਆਂ ਦੇ ਭੂਤਾਂ ਦੀ ਤਰਾਂ ਸਿਰ ਮਾਰ ਮਾਰ ਏ. ਬੀ. ਸੀ ਦਾ ਘੋਟਾ ਲਵਾਉਂਦੀ ਹੈ ਕਿ ਇਸ ਵਿਚਲੇ ਅੰਗੇਰਜ਼ੀ ਦੇ ਜਿੰਨ ਇਸ ਦੇ ਤੁਰਨ ਤੱਕ ਬੋਲਣ ਕਿਉਂ ਨਾ ਲੱਗ ਜਾਣ !
ਸਾਡੇ ਨਿਆਣੇ ਕੈਨੇਡਾ ਤੋਂ ਜਾ ਕੇ ਵੀ ‘ਦੇਸੀ’ ਜਾਪਣ ਅਤੇ ਸ਼ੁਧ ਪੰਜਾਬੀ ਬੋਲਣ ਪਰ ਉਥੇ ਵਾਲੇ ? ਖੇਤਾਂ ਦੇ ਸੰਦਾਂ ਨਾਲ ਪੰਗੇ ਲੈਂਦੇ ਨਿਆਣਿਆਂ ਚੋਂ ਇੱਕ ਨੂੰ ਬੇਟਾ ਮੇਰਾ ਕਹਿੰਦਾ ਓ ਕਹੀ ਦਾ ਦਸਤਾ ਨਾ ਤੋੜ ਦਈਂ। ਕਿਸਾਨ ਦਾ ਜਵਾਨ ਹੋ ਰਿਹਾ ਤੇ ਪਿੰਡ ਰਹਿ ਰਿਹਾ ਮੁੰਡਾ ਪਤਾ ਕੀ ਕਹਿੰਦਾ ?
ਏਹ ਦਸਤਾ ਕੀ ਹੁੰਦਾ ?
ਇੱਕ ਦੀ ਭੂਆ ਕਹਿੰਦੀ ਹੈਥੋਂ ਬਜਾਰੋਂ ਮਖਾਣੇ ਫੜੀ ਖਾਣ ਨੂੰ ਦਿੱਲ ਕਰਦੈ,
ਉਹ ਕਹਿੰਦਾ ਮਖਾਣੇ ਕੀ ਹੁੰਦੇ ?
ਬੋਲੀ ਦੀਆਂ ਨੀਹਾਂ ਉਪਰ ਇਤਿਹਾਸ ਟਿੱਕਦੇ ਤੇ ਜਾਣੇ ਜਾਂਦੇ ਨੇ ਪਰ ਇੱਥੇ ਤਾਂ ਨੀਹਾਂ ਹੀ ਪੁੱਟ ਮਾਰੀਆਂ !
ਇਤਿਹਾਸਕ ਥਾਵਾਂ ਦਾ ਮਲੀਆਮੇਟ ਕਰ ਕੇ ਕਾਰਸੇਵੀਆਂ ਪਹਿਲਾਂ ਉਨਾਂ ਨੂੰ ਗੁਰਦੁਆਰੇ ਬਣਾ ਮਾਰਿਆ ਤੇ ਹੁਣ ਅੱਗਿਓਂ ਗੁਰਦੁਆਰੇ ਸੈਲਫੀਆਂ ਲੈਣ ਵਾਲੇ ਟੂਰਿਜ਼ਮ ਥਾਵਾਂ ਬਣ ਕੇ ਰਹਿ ਗਏ।
ਅਨੰਦਪੁਰ ਸਾਹਬ ਜਾਣ ਵਾਲੇ ਹੁਣ ਗੁਰੂ ਬਾਜਾਂ ਵਾਲੇ ਨੂੰ ਲੱਭਣ ਥੋੜੋਂ ਜਾਂਦੇ ਉਹ ਤਾਂ ਉਥੇ ਖੰਡਾ ਦੇਖਣ ਜਾਂਦੇ ਤੇ ਉਸ ਦੇ ਅੰਦਰ ਜੋ ਵਿਖਾਇਆ ਤੇ ਪੜ੍ਹਾਇਆ ਜਾਂਦਾ ? ਮਿਊਜੀਅਮ ਦੇ ਨਾਂ ਤੇ ਪੂਰੇ ਅਨੰਦਪੁਰ ਸਾਹਿਬ ਦੀ ਆਭਾ ਹੀ ਖਤਮ ਕਰ ਮਾਰੀ ਖੰਡੇ ਵਾਲਿਆਂ।
ਦਰਬਾਰ ਸਾਹਿਬ ਦੀਆਂ ਪਉੜੀਆਂ ਉਤਰਦਿਆਂ ਹੀ ਸੈਲਫੀਆਂ ਲੈਣ ਵਾਲੇ ਕੀ ਜਾਣਨ ਕਿ ਇੱਥੇ ਇੱਕ ਇੱਕ ਸਿੱਲ ਹੇਠ ਪਤਾ ਨਹੀਂ ਕਿੰਨੇ ਸੂਰਬੀਰਾਂ ਦੇ ਸਿਰ ਲੱਗੇ ਹੋਏ ਨੇ ਅਤੇ ਲਹੂਆਂ ਦੇ ਦਰਿਆ ਵਹਿ ਚੁੱਕੇ ਨੇ। ਤੇ ਹਾਲੇ ਕੱਲ 84 ਲੰਘ ਕੇ ਗਈ ਜਦ ਦਿੱਲੀ ਵਾਲਿਆਂ ਸਾਡੇ ਲਹੂ ਨਾਲ ਪ੍ਰਕਰਮਾ ਧੋਤੀਆਂ ਤੇ ਟੈਂਕ ਡਾਹ ਡਾਹ ਸਾਡੀਆਂ ਹਿੱਕਾਂ ਲਿਤਾੜੀਆਂ ਪਰ ਚੜ੍ਹ ਕੇ ਆਏ ਕੱਟਕ ਉਗਲਾਂ ਤੇ ਗਿਣਨ ਜੋਗਿਆਂ ਟਰੱਕਾਂ ਵਿਚ ਲੱਦ ਲੱਦ ਤੋਰੇ ਦਿੱਲੀ ਨੂੰ ! ਇਹ ਦਰਦਨਾਕ ਗਾਥਾ ਉਥੇ ਦੀ ਹੀ ਹੈ ਜਿੱਥੇ ਸੈਲਫੀਆਂ ਦਾ ਇੱਕ ਨਵਾਂ ਦੌਰ ਜਨਮ ਲੈ ਚੁੱਕਾ ਹੋਇਆ ਤੇ ਇਤਿਹਾਸ ਉਥੇ ਖੁਰਦਬੀਨ ਲਾਇਆਂ ਵੀ ਨਹੀ ਲੱਭਦਾ !
ਵਕਤੀ ਉਬਾਲਾਂ ਨਾਲ ਕੌਮਾਂ ਨੂੰ ਜਿਆਦਾ ਚਿਰ ਸਥਿਰ ਨਹੀਂ ਰੱਖਿਆ ਜਾ ਸਕਦਾ ਉਹ ਤਾਂ ਸੁੱਕੀ ਪਰਾਲੀ ਦੀ ਤਰ੍ਹਾਂ ਹੁੰਦਾ ਮੱਚੀ ਤੇ ਬੁੱਝ ਗਈ। ਪੁਰਾਣੇ ਤੇ ਭਾਰੇ ਮੁੱਢਾਂ ਦੀ ਅੱਗ ਹੀ ਸਥਿਰ ਤੇ ਠੋਸ ਹੁੰਦੀ ਜੋ ਇਤਿਹਾਸ ਤੋਂ ਬਿਨਾਂ ਕਿਤੋਂ ਨਹੀਂ ਮਿਲਦੀ ਤੇ ਇਸ ਤੋਂ ਬਿਨਾਂ ਕੌਮਾਂ ਨੂੰ ਗਰਮ ਯਾਣੀ ਜਿਉਂਦਾ ਨਹੀਂ ਰੱਖਿਆ ਜਾ ਸਕਦਾ ! ਕਿ ਜਾ ਸਕਦਾ ?