ਵਾਤਾਵਰਣ ਪ੍ਰਦੂਸ਼ਣ: ਰਸਮਾਂ ਨਿਭਾਈਏ ਜਾਂ ਫਰਜ਼

0
1277

ਵਾਤਾਵਰਣ ਪ੍ਰਦੂਸ਼ਣ: ਰਸਮਾਂ ਨਿਭਾਈਏ ਜਾਂ ਫਰਜ਼

ਨਰਿੰਦਰ ਪਾਲ ਸਿੰਘ – ਮੋ:98553-13236

ਵਾਤਾਵਰਣ ਅਤੇ ਕੁਦਰਤੀ ਆਫਤਾਂ ਕਾਰਣ ਬਦਲ ਰਹੇ ਭਗੌਲਿਕ ਹਾਲਾਤਾਂ ਨੂੰ ਲੈ ਕੇ ਵਿਗਿਆਨਕ, ਵਾਤਾਵਰਣ ਮਾਹਿਰ, ਵਾਤਾਵਰਣ ਪ੍ਰੇਮੀ ਅਤੇ ਆਮ ਲੋਕ ਬਰਾਬਰ ਦੀ ਚਿੰਤਾ ਜਾਹਿਰ ਕਰ ਰਹੇ ਹਨ ਇਸ ਵਿੱਚ ਕੋਈ ਦੋ ਰਾਵਾਂ ਨਹੀ ਹਨ। ਇਨ੍ਹਾਂ ਸਭ ਦੀ ਚਿੰਤਾ ਕਿਸੇ ਕੁਦਰਤੀ ਆਫਤ ਕਾਰਣ ਪੈਦਾ ਹੋਣ ਵਾਲੇ ਹਾਲਾਤਾਂ ਵਿੱਚ ਪੀੜਤਾਂ ਦੀ ਯਥਾਸ਼ਕਤ ਮਦਦ ਕਰਕੇ ਸ਼ੁਕਰ ਕਰਨਾ ਨਹੀ ਹੈ ਬਲਕਿ ਅਜੇਹੀਆਂ ਤਰਾਸਦੀਆਂ ਮੁੜ ਵਾਪਰਣ ਨੂੰ ਰੋਕਣ ਪ੍ਰਤੀ ਹੋਣ ਵਾਲੇ ਉਪਰਾਲਿਆਂ ਪ੍ਰਤੀ ਵਰਤੀ ਜਾ ਰਹੀ ਢਿੱਲ ਮੱਠ ਹੈ। ਚਿੰਤਾ ਸਾਡੇ ਚੌਗਿਰਦੇ, ਇਸ ਧਰਤੀ ਤੇ ਵਹਿ ਰਹੀਆਂ ਨਦੀਆਂ, ਨਾਲਿਆਂ, ਦਰਿਆਵਾਂ ਅਤੇ ਵਾਤਾਵਰਣ ਵਿੱਚ ਨਿਰੰਤਰ ਵੱਧ ਰਹੀ ਗੰਦਗੀ ਅਤੇ ਘਾਤਕ ਗੈਸਾਂ ਦੇ ਅਨੁਪਾਤ ਦੀ ਵੀ ਹੈ। ਲੇਕਿਨ ਦੇਸ਼, ਸੂਬੇ, ਸ਼ਹਿਰ ਜਾਂ ਨਗਰ ਦੇ ਪ੍ਰਬੰਧਕ ਅਤੇ ਆਮ ਲੋਕਾਂ ਦੀ ਇਹ ਚਿੰਤਾ ਵੀ ਅਕਸਰ ਮਜ਼ਾਕ ਲੱਗਦੀ ਹੈ ਕਿਉਂਕਿ ਜਿੱਥੇ ਆਮ ਲੋਕ ਆਪਣੇ ਘਰ ਦਾ ਕੂੜਾ -ਕਰਕੱਟ ਗੁਆਂਢੀ ਦੇ ਦਰਵਾਜ਼ੇ ਵੱਲ ਕਰਕੇ ਹੀ ਆਪਣੀ ਚਿੰਤਾ ਦਾ ਨਿਵਾਰਣ ਕਰ ਲੈਂਦੇ ਹਨ ਉੱਥੇ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਦੀਆਂ ਪੰਚਾਇਤਾਂ, ਨਗਰ ਕੌਂਸਲਾਂ ਅਤੇ ਮਿਉਂਸਪਲ ਕਾਰਪੋਰੇਸ਼ਨਾਂ, ਸ਼ਹਿਰ ਭਰ ਦਾ ਕੂੜਾ ਇੱਕਠਾ ਕਰ, ਸ਼ਹਿਰ ਦੇ ਕਿਸੇ ਹੋਰ ਕੋਨੇ ਵਿੱਚ ਸੁੱਟ ਦਿੰਦੀਆਂ ਹਨ ਜਾਂ ਡੰਪ ਕਰ (ਦੱਬ) ਦਿੰਦੀਆਂ ਹਨ। ਫ਼ਰਕ ਸਿਰਫ ਇਤਨਾ ਹੀ ਹੈ ਕਿ ਕਾਰਪੋਰੇਸ਼ਨਾਂ ਜਾਂ ਪੰਚਾਇਤਾਂ ਇਹ ਸਭ ਕਾਰਜ ਕੋਈ ਮੁਫ਼ਤ ਵਿੱਚ ਨਹੀ ਕਰਦੀਆਂ ਬਲਕਿ ਜਨਤਾ ਕੋਲੋਂ ਟੈਕਸਾਂ ਦੇ ਰੂਪ ਵਿੱਚ ਇਕੱਤਰ ਕੀਤੀ ਮਾਇਆ ਨਾਲ ਕਰਦੀਆਂ ਹਨ ਅਤੇ ਫਿਰ ਡੰਪ ਕੀਤੇ ਇਸ ਕੂੜੇ ਨੂੰ ਮੱੱਖੀਆਂ, ਮੱਛਰ, ਕੀੜਿਆਂ ਮਕੋੜਿਆਂ ਅਤੇ ਚੂਹਿਆਂ ਦੀ ਪਨਾਹਗਾਹ ਬਨਣ ਦਿੰਦੀਆਂ ਹਨ। ਇਸ ਗੰਦਗੀ ਨੂੰ ਨੇਪਰੇ ਚਾੜ੍ਹਨ ਲਈ ਅਕਸਰ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਲਾਉਣ ਦੇ ਸਰਕਾਰੀ ਐਲਾਨ ਜ਼ਰੂਰ ਕੀਤੇ ਜਾਂਦੇ ਹਨ ਲੇਕਿਨ ਇਸ ਪ੍ਰੋਜੈਕਟ ਦੀਆਂ ਧੂੜ ਭਰੀਆਂ ਫਾਈਲਾਂ ਵੀ ਅਕਸਰ ਦਫਤਰਾਂ ਵਿੱਚ ਪ੍ਰਦੂਸ਼ਣ ਫੈਲਾਉਂਦੀਆਂ ਹੀ ਨਜਰ ਆਉਂਦੀਆਂ ਹਨ।

ਨਦੀਆਂ ਨਾਲਿਆਂ ਅਤੇ ਦਰਿਆਵਾਂ ਵਿੱਚ ਵਧ ਰਹੀ ਗੰਦਗੀ ਨੂੰ ਰੋਕਣ ਲਈ ਕੀਤੇ ਉਪਰਾਲਿਆਂ ਅਤੇ ਖ਼ਰਚ ਕੀਤੇ ਗਏ ਪੈਸਿਆਂ ਦਾ ਲੇਖਾ, ਸਰਕਾਰੀ ਫਾਈਲਾਂ ਵਿੱਚ ਤਾਂ ਜ਼ਰੂਰ ਹੋਵੇਗਾ ਲੇਕਿਨ ਐਨੀ ਗੰਦਗੀ ਖ਼ਤਮ ਕਰ ਦੇਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਸਾਫ ਕਰਨ ਲਈ ਰਾਸ਼ਟਰੀ ਪੱਧਰ ਦੀ ਰਾਜਨੀਤਕ ਸਰਕਾਰੀ ਸਰਪ੍ਰਸਤੀ ਦੀ ਜਰੂਰਤ ਕਿਉਂ ਪੈ ਗਈ ਇਸ ਦੀ ਚਿੰਤਾ ਵੀ ਆਮ ਲੋਕ ਹੀ ਕਰ ਰਹੇ ਹਨ। ਧਾਰਮਿਕ ਮਹੱਤਤਾ ਵਾਲੇ ਇਸ਼ਨਾਨ ਲਈ ਪ੍ਰਸਿੱਧ ਸਨਾਤਨੀ ਮੱਤ ਦੇ ਮਹਾਨ ਤੀਰਥ ਅਸਥਾਨ ਗੰਗਾ ਦਰਿਆ ਨੂੰ ਗੰਦਗੀ ਮੁਕਤ ਕਰਨ ਲਈ ਕੀਤੇ ਬਹੁ ਕਰੋੜੀ ਸਰਕਾਰੀ ਉਪਰਾਲਿਆਂ ’ਤੇ ਤਲਖ ਟਿਪਣੀਆਂ ਤਾਂ ਦੇਸ਼ ਦੀਆਂ ਮਾਨਯੋਗ ਅਦਾਲਤਾਂ ਵੀ ਕਰ ਚੁੱਕੀਆਂ ਹਨ। ਦੂਸਰੇ ਪਾਸੇ ਸਿੱਖ ਧਰਮ ਪੰਧ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਚਰਨਛੋਹ ਪ੍ਰਾਪਤ ਸੁਲਤਾਨ ਪੁਰ ਲੋਧੀ ਸਥਿਤ ਇਤਿਹਾਸਕ ਵੇਈਂ ਦੀ ਸੇਵਾ ਕਰਨ ਲਈ ਇੱਕ ਸ਼ਰਧਾਵਾਨ ਦੁਨਿਆਵੀ ਸਖਸ਼ ਹੀ ਮੈਦਾਨ ਵਿੱਚ ਨਿਤਰਦਾ ਹੈ ਤੇ ਸਰਕਾਰਾਂ ਉਸ ਦੇ ਨਕਸ਼ੇ ਕਦਮ ’ਤੇ ਚੱਲਣ ਦਾ ਉਪਦੇਸ਼ ਦੇਣ ਤੀਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਹਨ ਅਮਲ ਨਹੀ ਕਰਦੀਆਂ।

ਦਿਨੋ ਦਿਨ ਵੱਧ ਰਹੀ ਡੀਜ਼ਲ ਤੇ ਪੈਟਰੋਲ ਗੱਡੀਆਂ ਦੀ ਵਰਤੋਂ, ਕਾਰਖਾਨਿਆਂ ਤੇ ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲ ਰਹੀਆਂ ਜ਼ਹਿਰੀਲ਼ੀਆ ਗੈਸਾਂ ’ਤੇ ਆਪਣੀ ਨਾਰਾਜਗੀ ਅਤੇ ਚਿੰਤਾ ਜਾਹਿਰ ਕਰਨ ਲਈ ਹਰ ਕੋਈ ਮੋਹਰੀ ਹੈ। ਕਿਸੇ ਨੂੰ ਇਹ ਜਹਿਰੀਲੀਆਂ ਗੈਸਾਂ, ਦਮੇ ਅਤੇ ਹੋਰ ਸਾਹ ਰੋਗਾਂ ਦੀਆਂ ਸਹਾਇਕ ਨਜ਼ਰ ਆਉਂਦੀਆਂ ਹਨ ਤੇ ਕੋਈ ਇਸ ਨੂੰ ਜਾਨਵਰਾਂ ਲਈ ਵੀ ਘਾਤਕ ਦੱਸ ਕੇ ਆਪਣੀ ਹਾਜ਼ਰੀ ਦਰਜ ਕਰਾਉਣਾ ਚਾਹੁੰਦਾ ਹੈ ਲੇਕਿਨ ਇਹ ਫੈਕਟਰੀਆਂ ਅਤੇ ਕਾਰਖ਼ਾਨੇ ਕਿਸ ਦੀ ਸ਼ਹਿ ਅਤੇ ਪ੍ਰਵਾਨਗੀ ਨਾਲ ਮਨੁੱਖੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ ਇਸ ਬਾਰੇ ਅਜੇ ਸਿਰਫ਼ ਚਿੰਤਾ ਪ੍ਰਤੀ ‘ਸਬੰਦਤਾਂ ਖਿਲਾਫ ਸਖ਼ਤ ਕਾਰਵਾਈ’ ਕੀਤੇ ਜਾਣ ਦੇ ਅਖਬਾਰੀ ਬਿਆਨ ਹੀ ਪ੍ਰਾਪਤ ਹੋ ਸਕੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇੱਕ ਦਿਨ ਵਿੱਚ 40 ਸਿਗਰਟਾਂ ਪੀਣ ਵਾਲੇ ਵਿਅਕਤੀ ਨੂੰ ਜੋ ਨੁਕਸਾਨ ਹੁੰਦਾ ਹੈ ਓਨਾ ਹੀ ਨੁਕਸਾਨ ਇੱਕ ਸਾਧਾਰਣ ਮਨੁੱਖ ਨੂੰ ਵੱਡੇ ਵੱਡੇ ਸ਼ਹਿਰਾਂ ਵਿੱਚ ਸਾਹ ਲੈਣ ਨਾਲ ਹੁੰਦਾ ਹੈ। ਇੱਕ ਅੰਦਾਜੇ ਮੁਤਾਬਿਕ ਇੱਕ ਰੁੱਖ ਵਿੱਚ 130 ਲਿਟਰ ਪੈਟਰੋਲ ਤੋਂ ਪੈਦਾ ਹੋਣ ਵਾਲੀ ਗੰਦੀ ਹਵਾ ਵਿੱਚ ਫੈਲੇ ਜ਼ਹਿਰੀਲੇ ਤੱਤਾਂ ਨੂੰ ਸਮਾਪਿਤ ਕਰਨ ਦੀ ਸਮਰੱਥਾ ਹੁੰਦੀ ਹੈ। ਮਨੁੱਖਾਂ ਵਿੱਚ ਵੱਧ ਰਹੇ ਖੂੁਨ ਦਬਾਓ (ਰੋਗ) ਬਲੱਡ-ਪ੍ਰੈਸ਼ਰ ਰੋਗ ਦਾ ਕਾਰਣ ਵੀ ਪੈਟਰੋਲ ਦੀ ਵੱਧ ਰਹੀ ਖਪਤ ਹੀ ਹੈ। ਇੱਕ ਪਾਸੇ ਤਾਂ ਵਿਕਾਸ ਦੇ ਨਾਮ ’ਤੇ ਦਰਖਤਾਂ ਦੀ ਅੰਨ੍ਹੇ ਵਾਹ ਕੀਤੀ ਜਾ ਰਹੀ ਕਟਾਈ ਲਈ ਸਰਕਾਰਾਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਲੇਕਿਨ ਦੂਸਰੇ ਪਾਸੇ ਕਾਰਖਾਨਿਆਂ ’ਤੇ ਫੈਕਟਰੀਆਂ ਵਿੱਚੋਂ ਧੂੰਏ ਦੇ ਮਾਧਿਅਮ ਨਿਕਲ ਰਹੀ ਸਲਫਰ ਡਾਇਆਕਸਾਈਡ ਗੈਸ, ਦਰੱਖਤਾਂ ਦੇ ਪੱਤੇ ਝਾੜਨ ਅਤੇ ਹਵਾ ਦਾ ਤਾਪਮਾਨ ਵਧਾਉਣ ਲਈ ਦੋਸ਼ੀ ਹੈ। ਹਵਾ ਪ੍ਰਦੂਸ਼ਣ ਤੋਂ ਵੀ ਕਿਤੇ ਵੱਧ ਰੋਲਾ, ਅਵਾਜ ਪ੍ਰਦੂਸ਼ਣ ਦਾ ਪਾਇਆ ਜਾਂਦਾ ਹੈ ਲੇਕਿਨ ਹਰ ਸ਼ਹਿਰ ਪਿੰਡ ਵਿੱਚ ਵੱਜਣ ਵਾਲੇ ਉੱਚੀ ਅਵਾਜ਼ ਵਾਲੇ ਲਾਊਡ ਸਪੀਕਰਾਂ, ਡੀਜੇ ਅਤੇ ਪ੍ਰੈਸ਼ਰ ਹਾਰਨਾਂ (ਵਿਸ਼ੇਸ਼ ਕਰਕੇ ਸਰਕਾਰੀ ਤੇ ਰਾਜਸੀ ਆਗੂਆਂ ਦੀਆਂ ਗੱਡੀਆਂ ਦੇ) ਨੂੰ ਰੋਕਣ ਦੀ ਹਿਮਾਕਤ ਕੋਈ ਨਹੀ ਕਰ ਰਿਹਾ।

ਹੁਣੇ ਹੁਣੇ ਕਣਕ ਦੀ ਕਟਾਈ ਹੋਈ ਹੈ ਤੇ ਕੁਝ ਥਾਵਾਂ ’ਤੇ ਹੋ ਵੀ ਰਹੀ ਹੈ। ਕਣਕ ਕੱਟੇ ਜਾਣ ਬਾਅਦ ਖੜੀ ਨਾੜ ਨੂੰ ਖ਼ਤਮ ਕਰਨ ਲਈ ਅੱਗ ਲਾਉਣ ਦਾ ਰੁਝਾਨ ਸਿਖਰਾਂ ’ਤੇ ਹੈ। ਇਸ ਤਰ੍ਹਾਂ ਨਾੜ ਸਾੜੇ ਜਾਣ ਦੇ ਨੁਕਸਾਨ ਤਾਂ ਹਰੇਕ ਸਰਕਾਰੀ ਤੇ ਗੈਰ ਸਰਕਾਰੀ ਵਿਭਾਗ ਸੁਨਾਉਣ ਨੂੰ ਤਿਆਰ ਹੈ ਲੇਕਿਨ ਬਿੱਲੀ ਦੇ ਗੱਲ ਘੰਟੀ ਬੰਨਣ ਦੀ ਜ਼ੁਰਅਤ ਕੋਈ ਨਹੀ ਵਿਖਾ ਰਿਹਾ। ਰੁੱਖ, ਜੰਗਲ, ਬੇਲੇ, ਬੀੜ ਅਤੇ ਰੁੱਖਾਂ ਨਾਲ ਜੁੜੇ ਅਨਗਿਣਤ ਕਹਾਣੀਆਂ ਕਿੱਸਿਆਂ ਦਾ ਵਰਨਣ ਸਾਡੇ ਅਮੀਰ ਸਭਿਆਚਾਰ ਅਤੇ ਪ੍ਰੰਪਰਾਵਾਂ ਵਿੱਚ ਆਮ ਮਿਲਦਾ ਹੈ ਲੇਕਿਨ ਇਨ੍ਹਾਂ ਰੁੱਖਾਂ ਪ੍ਰਤੀ ਸਾਡੀ ਨੀਤੀ ਸਪਸ਼ਟ ਨਾ ਹੋ ਕੇ ਦੋਗਲੀ ਹੈ। ਇੱਕ ਪਾਸੇ ਤਾਂ ਸਾਲ 2008 ਵਿੱਚ ਰੁੱਖ ਅਤੇ ਕੁੱਖ ਸੰਭਾਲੇ ਜਾਣ ਦੇ ਨਾਮ ਹੇਠ ‘ਨੰਨੀ ਛਾਂ’ ਪ੍ਰੋਗਰਾਮ ਦਾ ਅਗਾਜ਼ ਕੀਤਾ ਗਿਆ। ਲੇਕਿਨ ਇਹ ਮੁਹਿੰਮ ਸਿਰਫ ਇੱਕ ਪ੍ਰੀਵਾਰ ਦੇ ਰਾਜਸੀ ਹਿੱਤਾਂ ਦੀ ਪੂਰਤੀ ਕਰਦੀ ਸਾਬਤ ਹੋਈ ਹੈ। ਸਪਸ਼ਟ ਸੰਕੇਤ ਮਿਲ ਰਹੇ ਹਨ ਕਿ ਨਵੇਂ ਬੂਟੇ ਲਗਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਤੀ ਸਾਧਨ ਵਰਤੇ ਜਾ ਰਹੇ ਹਨ ਅਤੇ ਪੁਰਾਣੇ ਦਰਖਤਾਂ ਦੀ ਬੇਲੋੜੀ ਕਟਾਈ ਕਰਵਾ ਕੇ ਸਰਕਾਰੀ ਘਾਟੇ ਪੂਰੇ ਕੀਤੇ ਜਾ ਰਹੇ ਹਨ। ਸਰਕਾਰੀ ਚੈਨਲ ਪੀ.ਟੀ.ਸੀ. ’ਤੇ ਰੁੱਖ ਅਤੇ ਕੁੱਖ ਬਚਾਉਣ ਦਾ ਇਕੋ ਮਾਡਲ, ਬਾਦਲ ਪ੍ਰੀਵਾਰ ਦੀ ਨੂੰਹ ਦੇ ਰੂਪ ਵਿੱਚ ਵੇਖਣ ਨੂੰ ਮਿਲਦਾ ਹੈ ਲੇਕਿਨ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ, ਰੁੱਖ ਲਗਾਉਣ ਲਈ ਕਈ ਦਹਾਕੇ ਅਮਲੀ ਤੌਰ ’ਤੇ ਕੰਮ ਕਰਨ ਤੇ ਹੋਕਾ ਦੇਣ ਵਾਲੇ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਰੋਲ ਮਾਡਲ ਕਿਉਂ ਨਹੀ? ਕੁਝ ਦਹਾਕਿਆਂ ਤੋਂ ਛਾਂ ਦਾਰ ਰੁੱਖ ਲਗਾਕੇ ਮਨੁੱਖਤਾ ਦੀ ਸੇਵਾ ਕਰ ਰਹੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਯਾਦ ਰੱਖਣਾ ਤੇ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਣਾ ਸਾਡਾ ਫਰਜ ਨਹੀ?

ਕੁਝ ਸਾਲ ਪਹਿਲਾਂ ਇਹ ਸਵਾਲ ਜ਼ਰੂਰ ਉੱਠਿਆ ਸੀ ਕਿ ਸਾਡੇ ਪਾਸ ਵੀ ਆਪਣਾ ਵਾਤਾਵਰਣ ਦਿਵਸ ਹੋਵੇ, ਇੱਕ ਅਜੇਹਾ ਦਿਵਸ, ਜੋ ਸਾਲ ਦੇ 365 ਦਿਨ ਲਾਗੂ ਰਹੇ, ਅਸੀਂ ਵੀ ਆਪਣੇ ਘਰਾਂ, ਵਿਹੜਿਆਂ, ਗਲੀਆਂ, ਮੁਹੱਲਿਆਂ ਤੇ ਮੁਖ ਸੜਕਾਂ ਦੇ ਨਾਲ ਨਾਲ ਘੱਟੋ ਘੱਟ ਇਕ ਦਰਖਤ ਲਾਉਣ ਦੀ ਸ਼ੁਰੂਆਤ ਕਰੀਏ, ਫਿਰ ਉਸ ਦੇ ਵੱਡੇ ਹੋਣ ਤੀਕ ਉਸ ਦੀ ਸੰਭਾਲ ਕਰੀਏ। ਹਰ ਸਾਲ ਬਰਸਾਤਾਂ ਦੇ ਦਿਨਾਂ ਵਿੱਚ ਜੰਗਲਾਤ ਅਤੇ ਖੇਤੀਬਾੜੀ ਵਿਭਾਗ ਦੀ ਮਦਦ ਨਾਲ ਜਿਲ੍ਹਾ ਪ੍ਰਸ਼ਾਸ਼ਨ ਅਕਸਰ ਸਕੂਲੀ ਵਿਦਿਆਰਥੀਆਂ ਪਾਸੋਂ ਇਹ ਨੇਕ ਕਾਰਜ ਕਰਵਾਉਂਦਾ ਵੀ ਹੈ ਲੇਕਿਨ ਸਿਰਫ ਇੱਕ ਦਿਨ ਲਈ। ਬੀਤੇ ਕੁਝ ਸਾਲਾਂ ਤੋਂ ਸਤਵੇਂ ਪਾਤਿਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਵਿਸ਼ਵ ਵਾਤਾਵਰਣ ਦਿਵਸ ਵਜੋਂ ਮਨਾਏ ਜਾਣ ਦੀ ਕਵਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਕੀਤੀ ਹੈ ਲੇਕਿਨ ਇਸ ਦਿਨ ਨੂੰ ਮਨਾਉਣਾ ਵੀ ਮਹਿਜ ਇਕ ਰਸਮ ਬਣ ਕੇ ਰਹਿ ਗਿਆ ਹੈ। ਸ਼੍ਰੋਮਣੀ ਕਮੇਟੀ ਦਾ ਇਹ ਵਾਤਾਵਰਣ ਦਿਵਸ ਸਿਰਫ ਕਮੇਟੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਅਤੇ ਅਦਾਰਿਆਂ ਤੀਕ ਸੀਮਤ ਹੋ ਕੇ ਰਹਿ ਗਿਆ ਹੈ। ਕੀ ਮਹਿਜ ਰਸਮਾਂ ਪੂਰੀਆਂ ਕਰਨ ਨਾਲ ਅਸੀਂ ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਤੇ ਪ੍ਰਦੁਸ਼ਣ ਮੁਕਤ ਰੱਖ ਸਕਾਂਗੇ? ਯਾਦ ਰੱਖਣਾ ਪਵੇਗਾ ਕਿ ਅਧੁਨਿਕ ਵਿਕਾਸ ਦੇ ਨਾਮ ਹੇਠ ਵਿਨਾਸ਼ ਜਿਆਦਾ ਹੋਇਆ ਹੈ। ਆਪਣੀਆਂ ਜੜ੍ਹਾ ਵੱਲ ਮੁੜਨਾ ਪਵੇਗਾ, ਆਪਣੀ ਹਵਾ, ਪਾਣੀ ਅਤੇ ਮਿੱਟੀ ਦੀ ਸੰਭਾਲ ਆਪਣੇ ਚਿੰਤਨ ਮੁਤਾਬਿਕ ਕਰਨੀ ਪਵੇਗੀ। ਜੇ ਹਰ ਘਰ ਨਹੀ ਤਾਂ ਹਰ ਸ਼ਹਿਰ, ਹਰ ਕਸਬੇ, ਹਰ ਜਿਲ੍ਹੇ ਵਿੱਚ ਇੱਕ ਹੋਰ ਭਗਤ ਪੂਰਨ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਬਲਬੀਰ ਸਿੰਘ ਸੀਚੇਵਾਲ ਪੈਦਾ ਕਰਨਾ ਪਵੇਗਾ, ਤਾਂ ਹੀ ਚਿੰਤਾ ਮੁਕਤ ਹੋਵਾਂਗੇ, ਵਰਨਾ ਚਿੰਤਤ ਤਾਂ ਅਸੀਂ ਹਾਂ ਹੀ।