ਭੁਚਾਲ ਹੜ੍ਹ ਜਾਂ ਸੁਨਾਮੀ : ਕੁਦਰਤੀ ਕਰੋਪੀ ਬਨਾਮ ਮਨੁੱਖੀ ਵਰਤਾਰਾ

0
1261

ਭੁਚਾਲ ਹੜ੍ਹ ਜਾਂ ਸੁਨਾਮੀ : ਕੁਦਰਤੀ ਕਰੋਪੀ ਬਨਾਮ ਮਨੁੱਖੀ ਵਰਤਾਰਾ

ਗੁਰਮੀਤ ਸਿੰਘ ਮੁਕਤਸਰ ਮੋ:95925-00452

ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਭੁਚਾਲ, ਬਾਰਸ਼ ਦਾ ਆਉਣਾ ਜਾਂ ਜਬਰਦਸਤ ਹਵਾਵਾਂ ਦਾ ਪਰਲੋ ਰੂਪ ਹੋ ਕੇ ਸਾਹਮਣੇ ਆਣ ਦਾ ਕੁਦਰਤੀ ਜਾਂ ਗੈਰ ਕੁਦਰਤੀ ਰੁਝਾਨ ਦਿਨੋ ਦਿਨ ਵੱਧ ਰਿਹਾ ਹੈ। ਜਦ ਕਿੱਧਰੇ ਵੀ ਧਰਤੀ ’ਤੇ ਭੁਚਾਲ ਆਉਂਦਾ ਹੈ, ਬੇਮੌਸਮੀ ਬਰਸਾਤਾਂ ਜਾਂ ਹੜ੍ਹਾਂ ਦਾ ਦੌਰ ਚੱਲਦਾ ਹੈ, ਬਰਬਾਦੀ ਹੁੰਦੀ ਹੈ ਤਾਂ ਅਸੀਂ ਅਕਸਰ ਪਹਿਲੀ ਨਜ਼ਰੇ ਇਸ ਨੂੰ ਕੁਦਰਤ ਦੀ ਕਰੋਪੀ ਕਹਿ ਕੇ ਟਾਲ ਦਿੰਦੇ ਹਾਂ। ਕੁਦਰਤੀ ਆਫਤਾਂ ਕਾਰਨ ਹੋਈ ਅੰਤਾਂ ਦੀ ਤਬਾਹੀ, ਮਨੁੱਖੀ ਜਾਨਾਂ ਦੇ ਹੋਏ ਨੁਕਸਾਨ ਲਈ ਅਸੀਂ ਹਰ ਸੰਭਵ ਸਹਾਇਤਾ ਵੀ ਕਰਦੇ ਹਾਂ, ਆਪਣੀ ਸੰਵੇਦਨਾਂ ਵੀ ਪ੍ਰਗਟ ਕਰਦੇ ਹਾਂ ਲੇਕਿਨ ਇਹ ਸਭ ਥੋੜ ਚਿਰਾ ਹੁੰਦਾ ਹੈ। ਕਦੇ ਕਦਾਈਂ ਹੀ ਅਸੀਂ ਇਹ ਪ੍ਰਵਾਨ ਕਰਦੇ ਹਾਂ ਕਿ ਇਸ ਸਭ ਕੁਝ ਦੇ ਜ਼ਿੰਮੇਵਾਰ ਅਸੀਂ ਮਨੁੱਖ ਹੀ ਹਾਂ। ਕੁਦਰਤੀ ਆਫਤਾਂ ਦੀ ਹਕੀਕਤ ਨੂੰ ਪ੍ਰਵਾਨ ਕਰਨ ਦਾ ਸਾਡਾ ਇਹ ਵਰਤਾਰਾ ਕੁਝ ਮਿੰਟਾਂ ਸਕਿੰਟਾਂ ਜਾਂ ਪਲਾਂ ਲਈ ਹੁੰਦਾ ਹੈ ਅਤੇ ਉਸੇ ਰਫ਼ਤਾਰ ਨਾਲ ਹੀ ਅਸੀਂ ਸਵੀਕਾਰੀ ਹੋਈ ਗ਼ਲਤੀ ਨੂੰ ਭੁੱਲ ਜਾਂਦੇ ਹਾਂ ਜਿਤਨੀ ਰਫ਼ਤਾਰ ਨਾਲ ਮੰਨੀ ਸੀ। ਜਿਉਂ ਹੀ ਅਸੀਂ ਕਿਸੇ ਆਏ ਭੁਚਾਲ, ਸੁਨਾਮੀ ਜਾਂ ਹੜ੍ਹ ਵਰਗੀ ਸਥਿਤੀ ਨਾਲ ਨਿਪਟ ਕੇ ਹੱਟਦੇ ਹਾਂ, ਪੱਲਾ ਝਾੜ ਦਿੰਦੇ ਹਾਂ ‘ਚੱਲ ਐਹ ਵੀ ਨਿਪਟ ਗਿਆ ਸੁੱਖੀ ਸਾਂਦੀ’। ਲੇਕਿਨ ਅਸੀਂ ਇਹ ਅਕਸਰ ਭੁੱਲ ਜਾਂਦੇ ਹਾਂ ਕਿ ਹੋਏ ਆਰਥਿਕ ਨੁਕਸਾਨ ਦੀ ਭਰ ਪੂਰਤੀ ਤਾਂ ਅਸੀਂ ਕਰ ਦਿੱਤੀ, ਜਿਹੜੀਆਂ ਬੇਸ਼ਕੀਮਤੀ ਜਾਨਾਂ ਚਲੀਆਂ ਗਈਆਂ ਹਨ ਉਨ੍ਹਾਂ ਦੀ ਪੂਰਤੀ ਕੌਣ ਕਰੇਗਾ। ਇਨ੍ਹਾਂ ਆਫਤਾਂ ਨੂੰ ਮੁੜ ਵਾਪਰਨ ਤੋਂ ਰੋਕਣ ਬਾਰੇ ਅਸੀਂ ਸ਼ਾਇਦ ਹੀ ਕਦੇ ਸੋਚਿਆ ਹੋਵੇ, ਅਜੇਹਾ ਕਰਨ ਦੀ ਸਾਰੀ ਜ਼ਿੰਮੇਵਾਰੀ ਅਸੀਂ ਸਬੰਧਤ ਵਿਭਾਗਾਂ ਅਤੇ ਸਰਕਾਰਾਂ ਸਿਰ ਹੀ ਸੁੱਟ ਦਿੱਤੀ ਹੋਈ ਹੈ।

ਕੁਦਰਤ ਅਤੇ ਮਨੁੱਖ ਦਰਮਿਆਨ ਰਿਸ਼ਤੇ ਨੂੰ ਅਗਰ ਗੰਭੀਰਤਾ ਨਾਲ ਵਿਚਾਰਿਆ ਜਾਏ ਤਾਂ ਨਿਸਚੈ ਹੀ ਇਹ ਹਕੀਕਤ ਸਾਹਮਣੇ ਆ ਜਾਵੇਗੀ ਕਿ ਆਪਣੇ ਚੌਗਿਰਦੇ ਭਾਵ ਵਾਤਾਵਰਣ (ਹਵਾ, ਪਾਣੀ ਅਤੇ ਧਰਤੀ) ਦੇ ਸਮਤੋਲ ਨੂੰ ਵਿਗਾੜਣ ਅਤੇ ਅਜੇਹੀਆਂ ਕੁਦਰਤੀ ਅਲਾਮਤਾਂ/ਆਫਤਾਂ ਨੂੰ ਸੱਦਾ ਦੇਣ ਲਈ ਅਸੀਂ ਹੀ ਦੋਸ਼ੀ ਹਾਂ। ਅਸੀਂ ਤਾਂ ਇਹ ਵੀ ਭੁੱਲ ਚੁੱਕੇ ਹਾਂ ਕਿ ਸਾਡਾ ਵੀ ਸਾਡੇ ਆਲੇ ਦੁਆਲੇ ਨਾਲ ਕੋਈ ਰਿਸ਼ਤਾ ਹੈ। ਹਰ ਸਕੂਲੀ ਬੱਚੇ ਨੂੰ ਇਹ ਪੜਾਇਆ ਜਾ ਰਿਹਾ ਹੈ ਕਿ ਸਾਫ ਪੀਣ ਵਾਲਾ ਪਾਣੀ ਤੇ ਸਾਫ ਹਵਾ ਹਰ ਮਨੁੱਖ ਲਈ ਅਤੀ ਜ਼ਰੂਰੀ ਹਨ ਤੇ ਇਹ ਗੱਲ ਕਾਲਜ ਤੇ ਯੂਨੀਵਰਸਿਟੀਆਂ ਵਿੱਚ ਹਰ ਸਾਲ ਤੇ ਵਿਸ਼ੇਸ਼ ਕਰਕੇ ਵਾਤਾਵਰਣ ਦਿਸਵ ਮੌਕੇ ਕਰਵਾਏ ਜਾਂਦੇ ਸੈਮੀਨਾਰਾਂ ਵਿੱਚ ਦੁਹਰਾਈ ਵੀ ਜਾਂਦੀ ਹੈ। ਬਾਰ ਬਾਰ ਦੱਸਿਆ ਤੇ ਯਾਦ ਕਰਵਾਇਆ ਜਾਂਦਾ ਹੈ ਕਿ ਰੁੱਖ ਕੁਦਰਤੀ ਪਾਣੀ (ਬਾਰਸ਼ਾਂ) ਦੇ ਮੁੱਖ ਸਰੋਤ ਹਨ, ਸ਼ੁੱਧ ਤੇ ਸਾਫ ਹਵਾ ਹੀ ਜੀਵਨ ਲਈ ਲਾਹੇਵੰਦ ਹੈ ਲੇਕਿਨ ਜਿਉਂ ਹੀ ਪੜਾਈ ਦਾ ਦੌਰ ਖ਼ਤਮ ਹੁੰਦਾ ਹੈ ਹਰ ਮਨੁੱਖ ਆਪਣੀ ਰੋਜੀ ਰੋਟੀ ਦੇ ਚੱਕਰ ਵਿੱਚ ਯਤਨਸ਼ੀਲ ਹੋ ਜਾਂਦਾ ਹੈ ਫਿਰ ਭਾਵੇਂ ਉਹ ਰੋਟੀ ਹਰੇ ਭਰੇ ਰੁੱਖਾਂ ਦੀ ਨਜਾਇਜ ਕਟਵਾਈ ਨਾਲ ਹਾਸਿਲ ਹੋਵੇ ਜਾਂ ਕਿਸੇ ਫੈਕਟਰੀ ਦੇ ਮਾਧਿਅਮ ਨੇੜਲੇ ਨਾਲੇ, ਨਦੀ ਜਾਂ ਦਰਿਆ ਦੇ ਪਾਣੀ ਨੂੰ ਕੈਮੀਕਲ ਅਤੇ ਹਵਾ ਨੂੰ ਕਾਰਖਾਨਿਆਂ ਅਤੇ ਵਾਹਨਾਂ ਦੇ ਧੂੰਏ ਤੇ ਜ਼ਹਿਰੀਲੀਆਂ ਗੈਸਾਂ ਨਾਲ ਗੰਦਲਾ ਕਰਨ ਨਾਲ ਨਸੀਬ ਹੋਵੇ। ਆਪਣੇ ਚੌਗਿਰਦੇ ਨੂੰ ਗੰਦਲਾ ਕਰਨ ਦਾ ਇਕ ਹੋਰ ਰੁਝਾਨ ਜੋ ਅੱਜ ਕੱਲ੍ਹ ਹੀ ਵੇਖਿਆ ਜਾ ਸਕਦਾ ਹੈ ਉਹ ਹੈ ਕਣਕ ਦੀ ਕਟਾਈ ਬਾਅਦ ਉਸ ਦੀ ਨਾੜ ਨੂੰ ਸ਼ਰੇਆਮ ਅੱਗ ਲਗਾ ਕੇ ਖ਼ਤਮ ਕਰ ਦੇਣ ਦਾ। ਨਾੜ ਨੂੰ ਲਗਾਈ ਇਹ ਅੱਗ ਕਈ ਵਾਰ, ਨਾਲ ਦੇ ਖੇਤ ਦੀ ਕਣਕ ਨੂੰ ਨੁਕਸਾਨ ਪਹੁੰਚਾ ਜਾਂਦੀ ਹੈ ਤੇ ਜੋ ਨੁਕਸਾਨ ਇਹ ਵਾਯੂਮੰਡਲ ਦਾ ਕਰਦੀ ਹੈ ਉਸ ਦਾ ਲੇਖਾ ਜੋਖਾ ਸ਼ਾਇਦ ਹੀ ਕਦੇ ਕਿਸੇ ਕੀਤਾ ਹੋਵੇ। ਇਸ ਨਵੇਂ ਪੈਦਾ ਹੋ ਰਹੇ ਪ੍ਰਦੂਸ਼ਣ ਖ਼ਤਰੇ ਕਾਰਨ ਮਨੁੱਖ ਸਾਹ ਤੇ ਦਮੇ ਦੇ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ।

ਆਪਣੇ ਚੌਗਿਰਦੇ ਬਾਰੇ, ਧਰਤੀ ਹਵਾ ਪਾਣੀ ਬਾਰੇ ਜੋ ਵੀ ਜਾਣਕਾਰੀ ਵਿਦਿਆਰਥੀ ਪੱਧਰ ’ਤੇ ਮੁਹੱਈਆ ਕਰਵਾਈ ਜਾਂਦੀ ਹੈ ਉਹ ਮਨੁੱਖ, ਕੁਦਰਤ ਅਤੇ ਉਸ ਦੇ ਕੁਦਰਤੀ ਸਰੋਤਾਂ ਦੇ ਬਚਾਅ ਹਿੱਤ ਦਿੱਤੀ ਜਾਂਦੀ ਹੈ, ਕੁਦਰਤ ਦੇ ਨਿਯਮਾਂ ਨੂੰ ਸਮਝਣ ਲਈ ਹੁੰਦੀ ਹੈ। ਜ਼ਰੂਰੀ ਨਹੀ ਕਿ ਕੁਦਰਤ ਬਾਰੇ ਇਹ ਸਾਰੀ ਜਾਣਕਾਰੀ ਕਿਸੇ ਵਿਗਿਆਨ ਦੀ ਕਿਤਾਬ ਵਿੱਚੋਂ ਹੀ ਮਿਲੇ, ਇਸ ਦੇ ਤੈਅ ਸ਼ੁਦਾ ਨਿਯਮਾਂ ਦੀ ਮੂਲ ਜਾਣਕਾਰੀ ਹਾਸਿਲ ਕਰਨ ਲਈ ਸਿੱਖ ਨੂੰ ਕਿਤੇ ਬਾਹਰ ਨਹੀ ਜਾਣਾ ਪੈਂਦਾ ਬਲਕਿ ਸਿੱਖ ਗੁਰੂ ਸਾਹਿਬਾਨ ਦੁਆਰਾ ਉਚਾਰੀ ਇਲਾਹੀ ਬਾਣੀ ਦਾ ਦੀਰਘ ਅਧਿਐਨ ਹੀ ਇਹ ਸਭ ਸਪਸ਼ਟ ਕਰ ਦਿੰਦਾ ਹੈ। ਸਿੱਖ ਕੌਮ ਨਾ ਤਾਂ ਇਸ ਗੱਲ ਦਾ ਫਖ਼ਰ ਹੋਣਾ ਚਾਹੀਦੈ ਕਿ ਸਮੁੱਚੀ ਸਿ੍ਰਸ਼ਟੀ (ਧਰਤੀ, ਜਲ, ਅਕਾਸ਼) ਦੇ ਮੁਕੰਮਲ ਵਰਤਾਰੇ ਦੀ ਜੋ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ, ਤੋਂ ਸੇਧ ਲੈ ਕੇ ਅਰਬਾਂ ਖਰਬਾਂ ਰੁਪਏ ਖ਼ਰਚ ਅਤੇ ਸਾਲਾਂ ਬੱਧੀ ਮਿਹਨਤ ਬਾਅਦ ਵਿਗਿਆਨੀ ਕੁਦਰਤ ਦੇ ਅਨਗਿਣਤ ਭੇਦ ਪ੍ਰਗਟ ਕਰ ਰਹੇ ਹਨ। ਧਰਤੀ ਉਪਰ ਪੈਦਾ ਹੋਣ ਅਤੇ ਇਸ ’ਤੇ ਪਲਣ ਵਾਲੀ ਬਨਸਪਤੀ ਅਤੇ ਵਿਚਰਨ ਵਾਲੇ ਜੀਵਾਂ ਲਈ ਧਰਤੀ, ਹਵਾ ਅਤੇ ਪਾਣੀ ਦੀ ਤੁਲਨਾ ਤਾਂ ਮਾਤਾ ਪਿਤਾ ਅਤੇ ਗੁਰੂ ਦੇ ਬਰਾਬਰ ਕੀਤੀ ਗਈ ਹੈ।

ਵਿਗਿਆਨਕਾਂ ਅਨੁਸਾਰ ਧਰਤੀ ਦਾ ਕੁਲ 95% ਫੀਸਦੀ ਹਿੱਸਾ ਪਾਣੀ ਹੈ ਲੇਕਿਨ ਫਿਰ ਵੀ ਅਸੀਂ ਪੀਣ ਵਾਲੇ ਸਾਫ ਪਾਣੀ ਨੂੰ ਤਰਸ ਰਹੇ ਹਾਂ, ਜਮੀਨ ਹੇਠਲਾ ਪਾਣੀ ਮਾਰੂ ਧਾਤਾਂ ਦੀ ਸ਼ਮੂਲੀਅਤ ਕਾਰਨ ਕੈਂਸਰ ਵਰਗੀਆਂ ਲਾਇਲਾਜ ਬੀਮਾਰੀਆਂ ਦਾ ਕਾਰਨ ਬਣਿਆ ਹੋਇਆ ਹੈ। ਨਹਿਰਾਂ, ਨਾਲਿਆਂ, ਦਰਿਆਵਾਂ ਅਤੇ ਸਮੁੰਦਰਾਂ ਵਿੱਚ ਮਨੁੱਖਾਂ ਦੁਆਰਾ ਸੁੱਟੀ ਗਈ ਗੰਦਗੀ ਨੂੰ ਸਾਫ ਕਰਨ ਲਈ ਅੱਜ ਸਰਕਾਰ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ ਲੇਕਿਨ ਕੋਈ ਵੀ ਇਸ ਕੁਦਰਤੀ ਅਤੇ ਸਰਕਾਰੀ ਕਾਨੂੰਨ ਨੂੰ ਮੰਨਣ ਨੂੰ ਤਿਆਰ ਨਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ’ਤੇ ਕਿਸੇ ਸਰਕਾਰ ਵੱਲੋਂ ਕਿਸੇ ਵਿਅਕਤੀ ਨੂੰ ਦਿੱਤੀ ਗਈ ਸਜਾ ਤਾਂ ਸ਼ਾਇਦ ਕੁਦਰਤ ਵੱਲੋਂ ਦਿੱਤੀ ਉਸ ਸਜਾ ਦੇ ਬਰਾਬਰ ਕੁਝ ਵੀ ਨਾ ਹੋਵੇ ਕਿਉਂਕਿ ਕੁਦਰਤ ਵੱਲੋਂ ਦਿੱਤੀ ਸਜਾ ਅਕਸਰ ਕਈ ਪੀੜ੍ਹੀਆਂ ਨੂੰ ਭੁਗਤਣੀ ਪੈਂਦੀ ਹੈ ਤੇ ਇਹ ਸਭ ਸਾਹਮਣੇ ਆਇਆ ਹੈ ਹਵਾਂ, ਪਾਣੀ ਅਤੇ ਵਾਤਾਵਰਣ ਦੇ ਗੰਧਲੇਪਣ ਅਤੇ ਭੁਚਾਲ ਅਤੇ ਹੜ੍ਹਾਂ ਦੀ ਮਾਰ ਝੇਲ ਚੁਕੇ ਪ੍ਰੀਵਾਰਾਂ ਅਤੇ ਵਿਅਕਤੀਆਂ ਦੀ ਦਸ਼ਾ ਤੋਂ। ਨਦੀਆਂ ਤੇ ਦਰਿਆਵਾਂ ਦੇ ਪਾਣੀ ਜੋ ਖੇਤਾਂ ਲਈ ਸਿੰਜਾਈ ਦੇ ਸਰੋਤ ਸਨ ਹੁਣ ਨਹੀ ਰਹੇ, ਖੇਤੀ ਲਈ ਪਾਣੀ ਦੀ ਨਿਰੰਤਰ ਵੱਧ ਰਹੀ ਮੰਗ ਕਾਰਨ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਜਾਈ ਜਾ ਰਿਹਾ ਹੈ, ਖੂਹ ਤਾਂ ਤਕਰੀਬਨ ਖ਼ਤਮ ਹੀ ਹੋ ਚੁੱਕੇ ਹਨ। ਅਜੇਹੇ ਵਿੱਚ ਅਸੀਂ ਇਸ ਧਰਤੀ ਉਪਰਲੇ ਤੇ ਹੇਠਲੇ ਪਾਣੀ ਨੂੰ ਸੰਭਾਲਣ ਦੀ ਬਜਾਏ ਗੰਦਲਾ ਕਰਕੇ ਪ੍ਰੀਵਾਰ ਦੇ ਇਕ ਬਜੁਰਗ ਦਾ ਘੋਰ ਨਿਰਦਾਰ ਕਰਨ ਦੇ ਦੋਸ਼ੀ ਹਾਂ।

ਰੁੱਖਾਂ ਨੂੰ ਬਾਰਿਸ਼ ਦੇ ਰੂਪ ਵਿੱਚ ਪਾਣੀ ਦਾ ਕੁਦਰਤੀ ਸਰੋਤ ਮੰਨਿਆ ਜਾਂਦਾ ਹੈ ਲੇਕਿਨ ਰੁੱਖਾਂ ਦੀ ਅੰਨ੍ਹੇ ਵਾਹ ਕਟਾਈ ਨੇ ਪਹਾੜੀ ਖੇਤਰਾਂ ਵਿਚੋਂ ਵੀ ਹਰਿਆਵਲ ਖ਼ਤਮ ਕਰ ਦਿੱਤੀ ਹੈ, ਨਤੀਜਾ ਸਭਦੇ ਸਾਹਮਣੇ ਹੈ, ਹੁੰਮਸ ਘੱਟ ਰਿਹਾ ਹੈ, ਬਾਰਸ਼ਾਂ ਦਾ ਕੋਈ ਵਿਧੀ ਵਿਧਾਨ ਨਹੀ ਰਿਹਾ ਬੇਮੌਸਮੀ ਬਾਰਸ਼ਾਂ ਹੜ੍ਹਾਂ ਦਾ ਕਾਰਨ ਬਣ ਰਹੀਆਂ ਹਨ ਤੇ ਹੜ੍ਹ ਮਨੁੱਖ ਦੀ ਬਰਬਾਦੀ ਦਾ ਕਾਰਨ। ਇੱਕ ਅਧਿਐਨ ਮੁਤਾਬਿਕ ਭਾਰਤ ਦੀ ਧਰਤੀ ਦਾ ਕੁੱਲ ਰਕਬਾ 32 ਕਰੋੜ 9 ਲੱਖ ਹੈਕਟੇਅਰ ਹੈ। ਇਸ ਦੇਸ਼ ਦੀ ਧਰਤੀ ਨੂੰ ਹੀ ਹਨੇਰੀਆਂ ਅਤੇ ਪਾਣੀ ਦੇ ਹੜ੍ਹਾਂ ਨਾਲ ਖੁਰਨ ਤੋਂ ਬਚਾਉਣ ਲਈ 33 ਫੀਸਦੀ ਹਿੱਸੇ ਵਿੱਚ ਜੰਗਲ ਚਾਹੀਦੇ ਹਨ ਲੇਕਿਨ ਭਾਰਤ ਵਿੱਚ ਇਹ ਰਕਬਾ ਸਿਰਫ 6 ਕਰੋੜ 7 ਲੱਖ ਹੈਕਟੇਅਰ ਹੈ ਜੋ ਕਿ ਸਿਰਫ ਕੁੱਲ ਰਕਬੇ ਦਾ 20 ਫੀਸਦੀ ਬਣਦਾ ਹੈ। ਇਹ 20 ਫੀਸਦੀ ਵੀ ਸਿਰਫ ਸਰਕਾਰੀ ਕਾਗਜਾਂ ਵਿੱਚ ਹੈ ਜਦੋਂਕਿ ਗੈਰ ਸਰਕਾਰੀ ਅੰਕੜਿਆਂ ਅਨੁਸਾਰ ਸਿਰਫ 15 ਫੀਸਦੀ ਭਾਰਤੀ ਜਮੀਨ ਜੰਗਲ ਦੇ ਰਕਬੇ ਹੇਠ ਹੈ। ਇਸ ਦੇਸ਼ ਦੀ ਹਰ ਪ੍ਰਮੁਖ ਸੜਕ ਦੇ ਦੋਨੋ ਪਾਸੇ ਪਿੱਪਲ, ਬੇਰੀ, ਬੋਹੜ, ਨਿੰਮ, ਅੰਬ, ਟਾਹਲੀ, ਕਿੱਕਰ, ਸਰੀਂਹ ਤੇ ਤੂਤ ਦੇ ਦਰਖਤ ਮਨੁੱਖ ਨੂੰ ਜੀਉਣ ਲਈ ਹੁੰਦੇ ਸਨ ਜੋ ਸੜਕ ਦੀ ਮਿੱਟੀ ਨੂੰ ਬਾਰਸ਼ਾਂ ਨਾਲ ਖੁਰਨ ਅਤੇ ਸੂਰਜ ਦੀ ਤਿੱਖੀ ਰੋਸ਼ਨੀ ਆਪਣੇ ਪੱਤਿਆਂ ਵਿੱਚ ਖਪਾਕੇ ਅੰਨ੍ਹੇ ਹੋਣ ਤੋਂ ਬਚਾਉਂਦੇ ਸਨ ਲੇਕਿਨ ਇਹ ਸਭ ਦਰਖਤ 4 ਲੇਨ ਤੇ 6 ਲੇਨ ਮਾਰਗਾਂ ਦੀ ਭੇਟ ਚੜ੍ਹ ਗਏ ਹਨ, ਕਾਰਾਂ, ਮੋਟਰਾਂ, ਟਰੱਕਾਂ ਤੇ ਬੱਸਾਂ ਦੀ ਰਫਤਾਰ ਜਰੂਰ ਵੱਧ ਗਈ ਹੈ ਲੇਕਿਨ ਚੌਗਿਰਦੇ ਦੇ ਵਾਤਾਵਰਣ ਵਿੱਚ ਅਸਾਵਾਂਪਨ ਜਰੂਰ ਵਧਿਆ ਹੈ।

ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਆਣ ਵਾਲੇ ਭੁਚਾਲ ਦੇ ਕਾਰਨਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਜਾਏ ਤਾਂ ਧਰਤੀ ਦੀ ਉਪਰਲੀ ਪਰਤ ਜਿਸ ’ਤੇ ਅਸੀਂ ਰਹਿ ਰਹੇ ਹਾਂ ਉਹ ਤਾਂ ਇਕ ਠੋਸ ਪਰਤ ਹੈ ਜਿਸ ਦੇ ਹੇਠਲਾ ਭਾਗ ਗਰਮ ਤਰਲ ਗੈਸਾਂ ਅਤੇ ਖਣਿਜ ਪਦਾਰਥਾਂ ਦਾ ਸਮੂੰਹ ਹੈ ਜਾਂ ਇੰਝ ਕਹਿ ਲਿਆ ਜਾਵੇ ਕਿ ਕਿਸੇ ਗਰਮ ਤਰਲ ਪਦਾਰਥ ਉਪਰ ਤੈਰ ਰਹੀ ਸਖ਼ਤ ਪੇਪੜੀ ਦਾ ਨਾਮ ਧਰਤੀ ਹੈ ਤਾਂ ਕੋਈ ਅਤਿ ਕਥਨੀ ਨਹੀ ਹੋਵੇਗੀ। ਧਰਤੀ ਦੇ ਇਸ ਸਖ਼ਤ ਭਾਗ ਨੂੰ ਵਿਗਿਆਨਕ ਵੱਖ ਵੱਖ 7 ਪਲੇਟਾਂ ’ਤੇ ਨਿਰਧਾਰਤ ਕਰਦੇ ਹਨ। ਵਿਗਿਆਨਕ ਇਹ ਵੀ ਮੰਨਦੇ ਹਨ ਕਿ ਭੁਚਾਲ ਦੇ ਆਉਣ ਬਾਰੇ ਕੋਈ ਭਵਿੱਖ ਬਾਣੀ ਨਹੀ ਕੀਤੀ ਜਾ ਸਕਦੀ ਕਿਉਂਕਿ ਧਰਤੀ ਦੀ ਇਹ ਕੰਬਣੀ ਦਾ ਕਾਰਣ, ਵੱਖ ਵੱਖ ਪਲੇਟਾਂ ਦੇ ਹੋਏ ਆਪਸੀ ਟਕਰਾਅ ਕਾਰਨ ਪੈਦਾ ਹੁੰਦੀ ਹੈ। ਲੇਕਿਨ ਨਾਲ ਹੀ ਇਸ ਤੱਥ ਨੂੰ ਜ਼ਰੂਰ ਸਵੀਕਾਰਿਆ ਜਾਣਾ ਚਾਹੀਦਾ ਹੈ ਕਿ ਜ਼ਮੀਨਦੋਜ ਇਮਾਰਤਾਂ ਉਸਾਰਨ ਲਈ ਧਰਤੀ ਦੀ ਅੰਨੇਵਾਹ ਪੁਟਾਈ ਕਰਕੇ ਅਸੀਂ ਕਿਸੇ ਧਰਤੀ ਦੀ ਉਪਰਲੀ ਪਰਤ ਨੂੰ ਕਮਜੋਰ ਤਾਂ ਨਹੀਂ ਕਰ ਰਹੇ। ਅਜੇਹੇ ਵਿਚ ਇਹ ਵੀ ਵਿਚਾਰਨਾ ਜ਼ਰੂਰੀ ਹੋਵੇਗਾ ਕਿ ਵਿਗਿਆਨਕਾਂ ਨੇ ਤਾਂ ਇਸ ਬਾਰੇ ਕੋਈ ਰਾਏ ਆਪਣੀ ਸਾਲਾਂ ਬੱਧੀ ਖੋਜ ਬਾਅਦ ਦੇਣੀ ਹੈ ਲੇਕਿਨ ਉਸ ਵੇਲੇ ਤੀਕ ਅਸੀਂ ਆਪਣੀ ਆਫਤ ਨੂੰ ਸਦੀਵੀ ਸੱਦਾ ਦੇ ਚੁੱਕੇ ਹੋਵਾਂਗੇ।

ਕੁਦਰਤੀ ਆਫਤਾਂ ਦੇ ਵੱਧ ਰਹੇ ਰੁਝਾਨ ਅਤੇ ਚੌਗਿਰਦੇ ਨੂੰ ਦਰਪੇਸ਼ ਖਤਰਿਆਂ ਦੀ ਰੋਕਥਾਮ ਲਈ ਯਤਨਸ਼ੀਲ ਹੁੰਦਿਆਂ ਸਾਨੂੰ ਇਹ ਜਰੂਰ ਵਿਚਾਰਨਾ ਪਵੇਗਾ ਕਿ ਇਲਾਜ ਦੇ ਨਾਲ ਨਾਲ ਪ੍ਰਹੇਜ ਜਾਂ ਸਾਵਧਾਨੀਆਂ ਨੂੰ ਪ੍ਰਚਾਰਨਾ ਵੀ ਅਤੀ ਜ਼ਰੂਰੀ ਹੈ। ਮਨੁੱਖ ਨੂੰ ਕੁਦਰਤੀ ਆਫਤਾਂ ਅਤੇ ਵਾਤਾਵਰਣ ਤੋਂ ਦਰਪੇਸ਼ ਖਤਰਿਆਂ ਤੋਂ ਬਚਾਅ ਲਈ ਸਮੇਂ ਸਮੇਂ ਸਿਰਫ ਵਿਚਾਰ ਗੋਸ਼ਟੀਆਂ, ਭਾਸ਼ਣ ਤੇ ਚਰਚਾ ਤੀਕ ਹੀ ਸੀਮਤ ਨਾ ਹੋ ਕੇ ਆਪਣੇ ਬਚਾਅ ਦੀ ਜੰਗ ਆਪ ਲੜੀ ਜਾਣੀ ਚਾਹੀਦੀ ਹੈ। ਅਨਾਥਾਂ ਤੇ ਲਾਚਾਰਾਂ ਦੀ ਸੇਵਾ ਸੰਭਾਲ ਕਰਨ ਦੇ ਨਾਲ ਨਾਲ ਵਾਤਾਵਰਣ ਦੀ ਸੰਭਾਲ ਲਈ ਜਮੀਨੀ ਪੱਧਰ ’ਤੇ ਸਾਰਥਿਕ ਜੰਗ ਲੜਨ ਵਾਲੇ ਭਗਤ ਪੂਰਨ ਸਿੰਘ ਵਰਗੇ ਦਰਵੇਸ਼ ਪੁਰਸ਼ ਵਾਂਗ ਸੱਚੀ ਸੁਚੀ ਲਗਨ ਤੇ ਹਿੰਮਤ ਨਾਲ ਕੰਮ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਅੱਗੇ ਲਿਆਉਣਾ ਸਮੇਂ ਦੀ ਅਹਿਮ ਲੋੜ ਹੈ।